ਮਈ ਦਿਵਸ ਨੂੰ ਮਜ਼ਦੂਰ ਜਮਾਤ ਦੀ ਮੁਕਤੀ ਦੇ ਦਿਨ ਵਜੋਂ ਮਨਾਓ:ਖੰਨਾ
Posted on:- 02-05-2014
ਬੀਤੇ ਦਿਨੀਂ ਵੱਖ-ਵੱਖ ਇਨਕਲਾਬੀ ਤੇ ਜਨਤਕ ਜੱਥੇਬੰਦੀਆਂ ਵੱਲੋਂ ਜਗਰਾਓਂ ਦੇ ਕਮੇਟੀ ਦਫਤਰ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਤੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਉਨੀਵੀਂ ਸਦੀ ਦੇ ਅੱਧ ਵਿਚ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੰਘਰਸ਼ ਜੱਥੇਬੰਦ ਹੋਣ ਲੱਗੇ ਸਨ। ਉਸ ਸਮੇਂ ਮਜ਼ਦੂਰਾਂ ਨੂੰ 14-14, 15-15 ਘੰਟੇ ਸਖਤ ਮਿਹਨਤ ਕਰਨੀ ਪੈਂਦੀ ਸੀ। ਕੰਮ ਦੇ ਅਨਿਸਚਿਤ ਸਮੇਂ ਤੇ ਮਾੜੀਆਂ ਕੰਮ ਹਾਲਤਾਂ ਵਿਰੁੱਧ ਇਸ ਦੌਰਾਨ ਹੇਅ ਮਾਰਕਿਟ ਸਕਵੇਅਰ ‘ਚ ਹੋ ਰਹੀ ਸਭਾ ਉੱਪਰ ਪੁਲਿਸ ਨੇ ਮਜ਼ਦੂਰਾਂ ਉੱਪਰ ਹਮਲਾ ਕਰ ਦਿੱਤਾ ਤੇ ਮਜ਼ਦੂਰ ਆਗੂਆਂ ਉੱਪਰ ਝੂਠੇ ਕੇਸ ਪਾਏ ਗਏ।
ਮੁਕੱਦਮੇ ਦੌਰਾਨ ਝੂਠੀਆਂ ਗਵਾਹੀਆਂ ਤੇ ਬਿਆਨਾਂ ਦੇ ਚੱਲੇ ਸਿਆਸੀ ਡਰਾਮੇ ਤੋਂ ਬਾਅਦ 11 ਨਵੰਬਰ 1889 ਨੂੰ ‘ਸ਼ੁੱਕਰਵਾਰ ਦੇ ਕਾਲੇ ਦਿਨ’ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ੳਮਪ ਫ਼ਿਸ਼ਰ ਤੇ ਜਾਰਜ ਏਂਜਲ ਵਰਗੇ ਆਗੂ ਮਜ਼ਦੂਰਾਂ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮਈ ਦਿਨ ਦੇ ਅਮਰ ਸ਼ਹੀਦਾਂ ਦੀ ਯਾਦ ‘ਚ ਅੱਜ ਵੀ ਉਨ੍ਹਾਂ ਦੇ ਮਜ਼ਦੂਰ ਮੁਕਤੀ ਦੇ ਮਿਸ਼ਨ ਨੂੰ ਅੱਗੇ ਲਿਜਾਣ ਦੀ ਇਤਿਹਾਸਕ ਜਿੰਮੇਵਾਰੀ ਲੋਕਪੱਖੀ ਤਾਕਤਾਂ ਸਿਰ ਖੜੀ ਹੈ ਜਿਸਨੂੰ ਪੂਰੀ ਤਨਦੇਹੀ ਨਾਲ ਸਿਰੇ ਚਾੜਣਾ ਚਾਹੀਦਾ ਹੈ। ਅੱਜ ਦੇ ਸਮੇਂ ‘ਚ ਮਈ ਦਿਨ ਦੇ ਸ਼ਹੀਦਾਂ ਨੂੰ ਯਾਦ ਕਰਨ ਦੇ ਅਰਥ ਮਜ਼ਦੂਰ ਜਮਾਤ ਦੀ ਮੁਕਤੀ ਦੀ ਜੱਦੋਜਹਿਦ ਨੂੰ ਹੋਰ ਵੱਧ ਤਿੱਖਾ ਕਰਨਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸੰਧੂ ਨੇ ਕਿਹਾ ਕਿ ਦੇਸ਼ ਦੇ ਕਿਰਤੀ ਕਿਸਾਨ-ਮਜ਼ਦੂਰ ਘੋਰ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਹਨ। ਉਨ੍ਹਾਂ ਨੂੰ ਆਪਣੀ ਮੁਕਤੀ ਲਈ ਲਾਜ਼ਮੀ ਜੱਥੇਬੰਦ ਹੋਣਾ ਪਵੇਗਾ।
ਡੀ ਟੀ ਐਫ ਦੇ ਆਗੂ ਧਰਮ ਸੂਜਾਪੁਰ ਨੇ ਕਿਹਾ ਕਿ ਸਾਨੂੰ ਸਾਡੇ ਅਮਰ ਸ਼ਹੀਦਾਂ ਦੀ ਵਿਰਾਸਤ ਨੂੰ ਇਕਜੁੱਟ ਹੋ ਕੇ ਬੁਲੰਦ ਕਰਨਾ ਚਾਹੀਦਾ ਹੈ। ਉਨਾਂ ਨੇ ਕਾਨਫਰੰਸ ‘ਚ ਹਾਜਰ ਮਜ਼ਦੂਰਾਂ ਨੂੰ ਪਹਿਲੀ ਮਈ ਰਾਤ ਨੂੰ ਪਲਸ ਮੰਚ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੇ ਜਾ ਰਹੇ ਸਮਾਗਮ ‘ਚ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੌਰਾਨ ਇਨਕਲਾਬੀ ਜਥਾ ਰਸੂਲਪੁਰ ਨੇ ਸ਼ਹੀਦਾਂ ਦੀ ਯਾਦ ‘ਚ ਇਨਕਲਾਬੀ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਕਾਨਫਰੰਸ ਵਿੱਚ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਬਾਰਦਾਨਾ ਮਜ਼ਦੂਰ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਤੇ ਡੀ ਟੀ ਐਫ ਦੇ ਆਗੂ ਤੇ ਕਾਰਕੁੰਨ ਸ਼ਾਮਲ ਸਨ