ਆਪ ਅਤੇ ਖੱਬੇਪੱਖੀ ਉਮੀਦਵਾਰ ਕਾਂਗਰਸ ਅਤੇ ਸੱਤਾਧਾਰੀ ਗਠਜੋੜ ਲਈ ਬਣੇ ਮੁਸੀਬਤ
Posted on:- 29-04-2014
-ਸ਼ਿਵ ਕੁਮਾਰ ਬਾਵਾ
ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਇਕ ਦਮ ਉਪਰ ਜਾਣ ਅਤੇ ਅਨੰਦਪੁਰ ਸਾਹਿਬ ਵਿੱਚ ਸੀ ਪੀ ਆਈ (ਐਮ) ਦੇ ਕਾਮਰੇਡ ਬਲਬੀਰ ਸਿੰਘ ਜਾਡਲਾ ਨੂੰ ਸੀ ਪੀ ਆਈ ਦੀ ਖੁੱਲ੍ਹੀ ਹਮਾਇਤ ਮਿਲਣ ਕਾਰਨ ਦੋਵੇਂ ਲੋਕ ਸਭਾ ਹਲਕਿਆਂ ਵਿੱਚ ਚੋਣ ਸਰਗਰਮੀਆਂ ਤਬਦੀਲ ਹੋ ਗਈਆਂ ਹਨ। ਬਸਪਾ ਦੇ ਉਮੀਦਵਾਰ ਭਗਵਾਨ ਸਿੰਘ ਚੌਹਾਨ ਅਤੇ ਕੇ ਐਸ ਮੱਖਣ ਦੀਆਂ ਚੋਣ ਸਰਗਰਮੀਆਂ ਵਿੱਚ ਨਵਾਂ ਰੰਗ ਉਭਰਿਆ ਹੈ। ਬਸਪਾ ਨੂੰ ਬਾਬਾ ਰਾਮ ਦੇਵ ਵਲੋਂ ਦਲਿਤਾਂ ਵਿਰੁੱਧ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਤਕੜਾ ਹਲੂਣਾਂ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਅਤੇ ਯਮਨੀ ਗੋਮਰ ਦੀ ਸਰਗਰਮ ਚੋਣ ਮੁਹਿੰਮ ਕਾਰਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਲੋਂ ਚੋਣ ਮੈਦਾਨ ਵਿੱਚ ਉਤਾਰੀ ਕੇਂਦਰੀ ਮੰਤਰੀ ਬੀਬੀ ਅੰਬਿਕਾ ਸੋਨੀ , ਮਹਿੰਦਰ ਸਿੰਘ ਕੇ ਪੀ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਭਾਜਪਾ ਦੇ ਵਿਜੈ ਸਾਂਪਲਾ ਲਈ ਵੱਡੀ ਮੁਸੀਬਤ ਖੜ੍ਹੀ ਕਰਕੇ ਰੱਖ ਦਿੱਤੀ ਹੈ।
ਭਾਵੇਂ ਮੁੱਖ ਮੁਕਾਬਲਾ ਇਥੇ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿੱਚ ਹੀ ਹੋਵੇਗਾ ਪ੍ਰੰਤੂ ਚਾਰੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਬਸਪਾ , ਆਪ ਅਤੇ ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਭੁਗਤਣ ਵਾਲੀਆਂ ਵੋਟਾ ’ਤੇ ਨਿਰਭਰ ਬਣ ਚੁੱਕਾ ਹੈ। ਉਕਤ ਦੋਵਾਂ ਹਲਕਿਆਂ ਵਿੱਚ ਜਿੰਨੀਆਂ ਵੋਟਾਂ ਬਸਪਾ ਦੇ ਉਮੀਦਵਾਰ ਵੱਧ ਲੈ ਕੇ ਜਾਣਗੇ ਉਸਦਾ ਸਿੱਧਾ ਲਾਭ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਮਿਲਣ ਦੀ ਸੰਭਾਵਨਾ ਹੈ। ਅਨੰਦਪੁਰ ਸਾਹਿਬ ਵਿੱਚ ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਬਲਬੀਰ ਸਿੰਘ ਜਾਡਲਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੰਨੀਆਂ ਵੱਧ ਵੋਟਾਂ ਪ੍ਰਾਪਤ ਕਰਨਗੇ ਉਸਦਾ ਸਿੱਧਾ ਨੁਕਸਾਨ ਕਾਂਗਰਸ ਦੀ ਬੀਬੀ ਅੰਬਿਕਾ ਸੋਨੀ ਨੂੰ ਹੋਣ ਦੇ ਅਸਾਰ ਹਨ। ਆਪ, ਖੱਬੇਪੱਖੀ ਅਤੇ ਬਸਪਾ ਆਦਿ ਤਿੰਨ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਜਾਂ ਅਕਾਲੀ ਭਾਜਪਾ ਗਠਜੋੜ ਦੇ ਜੜ੍ਹੀਂ ਤੇਲ ਪਾਉਣ ਲਈ ਅਹਿਮ ਸਥਿੱਤੀ ਵਿੱਚ ਹਨ।
ਹਲਕਿਆਂ ਦੀ ਦਿੱਖ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹਨਾਂ ਹਲਕਿਆਂ ਵਿੱਚ ਹਿੰਦੂ ,ਗੁੱਜ਼ਰ ਅਤੇ ਦਲਿਤ ਵੋਟਰਾਂ ਦੀ ਭਰਮਾਰ ਹੈ। ਇਸ ਤੋਂ ਇਲਾਵਾ ਸੈਣੀ ਅਤੇ ਜੱਟ ਭਾਈਚਾਰੇ ਦੀਆਂ ਵੋਟਾਂ ਵੀ ਵੱਡੀ ਗਿਣਤੀ ਵਿੱਚ ਹਨ ਜੋ ਅਕਸਰ ਹੀ ਹਮੇਸ਼ਾਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਪੱਕਾ ਵੋਟ ਬੈਂਕ ਹੋਣ ਕਾਰਨ ਆਪਸ ਵਿੱਚ ਵੰਡੀਆਂ ਜਾਂਦੀਆਂ ਹਨ। ਬਸਪਾ ਦੇ ਦੋਵੇਂ ਉਮੀਦਵਾਰ ਦੋਵੇਂ ਹਲਕਿਆਂ ਵਿੱਚ ਲੋਕਾਂ ਵਲੋਂ ਪਿਆਰੇ ਅਤੇ ਸਤਿਕਾਰੇ ਜਾ ਰਹੇ ਹਨ। ਕੇ ਐਸ ਮੱਖਣ ਦਾ ਕਈ ਲੋਕ ਉਸਦਾ ਬਸਪਾ ਵਲੋਂ ਚੋਣ ਲੜਨਾ ਪਸੰਦ ਨਹੀਂ ਕਰਦੇ ਪ੍ਰੰਤੂ ਫਿਰ ਵੀ ਉਸਨੂੰ ਸਿੱਖ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਮੇਤ ਸਮਾਜਿਕ ਸੰਸਥਾਵਾਂ , ਖੇਡ ਕਲੱਬਾਂ ਤੋਂ ਇਲਾਵਾ ਸੱਭਿਆਚਾਰਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਅੰਦਰਖਾਤੇ ਅਕਾਲੀ ਦਲ ਦੇ ਸਰਗਰਮ ਆਗੂਆਂ ਦੀ ਡੱਟਕੇ ਹਮਾਇਤ ਮਿਲਣ ਦੀਆਂ ਖਬਰਾਂ ਹਨ। ਪ੍ਰੋ ਚੰਦੂਮਾਜਰਾ ਦਾ ਅੰਦਰ ਖਾਤੇ ਵਿਰੋਧ ਕਰਨ ਵਾਲੇ ਸਮੂਹ ਅਕਾਲੀ ਆਗੂ ਬਸਪਾ ਦੇ ਉਕਤ ਉਮੀਦਵਾਰ ਦੀ ਜਿਥੇ ਧੰਨ ਨਾਲ ਸੇਵਾ ਕਰ ਰਹੇ ਹਨ ਉਥੇ ਉਹ ਆਪਣੇ ਹਮਾਇਤੀਆਂ ਦੀ ਇੱਕ ਇਕ ਵੋਟ ਉਸਨੂੰ ਭੁਗਤਾਉਣ ਲਈ ਪਿੰਡਾ ਵਿੱਚ ਸਰਗਰਮ ਹਨ। ਆਮ ਆਦਮੀ ਦਾ ਆਪ ਮੁਹਾਰੇ ਚੜ੍ਹ੍ਾਅ ਅਤੇ ਕਾ ਜਾਡਲਾ ਨੂੰ ਸੀ ਪੀ ਆਈ ਦੀ ਮਿਲੀ ਹਮਾਇਤ ਕਾਰਨ ਕਾਂਗਰਸ ਅਤੇ ਸੱਤਾਧਾਰੀ ਗੱਠਜੋੜ ਵੀ ਅੰਦਰੋਂ ਹਿੱਲ ਚੁੱਕਾ ਹੈ।
ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਅਤੇ ਬੀਬੀ ਰਜਿੰਦਰ ਕੌਰ ਭੱਠਲ ਅਤੇ ਕੇਂਦਰ ਤੋਂ ਗੁੱਜ਼ਰ ਬਰਾਦਰੀ ਨਾਲ ਸਬੰਧ ਰੱਖਦੇ
ਸਚਿੰਨ ਪਾਇਲਟ ਜਿਸਦਾ ਬੀਤ ਅਤੇ ਕੰਢੀ ਇਲਾਕੇ ਵਿੱਚ ਚੌਖਾ ਪ੍ਰਭਾਵ ਹੈ ਉਸਦੇ ਹੱਕ ਵਿੱਚ
ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਸੱਤ ਸਾਲਾ
ਕਾਰਜ ਪ੍ਰਣਾਲੀ ਦਾ ਲੇਖਾ ਜੋਖਾ ਕਰਕੇ ਗਏ ਹਨ, ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਬੀਬੀ
ਅੰਬਿਕਾ ਸੋਨੀ ਕੁੱਝ ਅਖਬਾਰੀ ਆਗੂਆਂ ਦੇ ਅਜਿਹੇ ਮਕੜ ਜਾਲ ਵਿੱਚ ਫਸੀ ਕਿ ਉਹ ਹਲਕੇ ਦੇ ਕਈ
ਸ਼ਹਿਰਾਂ ਵਿੱਚ ਆਪਣੇ ਚੋਣ ਦਫਤਰ ਹੀ ਨਹੀਂ ਖੋਲ੍ਹ ਸਕੀ। ਮਾਹਿਲਪੁਰ ਵਰਗੇ ਸ਼ਹਿਰ ਵਿੱਚ
ਕਾਂਗਰਸ ਦਾ ਦਫਤਰ ਨਾ ਖੁੱਲਣਾਂ ਬਹੁਤ ਵੱਡੀ ਕਾਂਗਰਸ ਲਈ ਵੱਡੀ ਭੁੱਲ ਬਣਿਆਂ ਅਤੇ ਇਲਾਕੇ
ਦੇ ਪਿੰਡ ਅਤੇ ਸ਼ਹਿਰ ਵਾਸੀ ਆਪ ਮੁਹਾਰੇ ਹੀ ਆਪ ਪਾਰਟੀ ਵੱਲ ਝੁੱਕ ਗਏ। ਬੀਬੀ ਸੋਨੀ ਤੇ
ਹਲਕੇ ਦੇ ਲੋਕਾਂ ਦਾ ਮੁੱਖ ਰੋਸ ਇਹੋ ਹੈ ਕਿ ਉਸਨੇ ਕੇਂਦਰ ਵਿੱਚ ਰਹਿਕੇ ਪਹਾੜੀ ਖਿੱਤੇ
ਸਮੇਤ ਪੰਜਾਬ ਦੇ ਵਿਕਾਸ ਲਈ ਕਦੇ ਕੁੱਝ ਨਹੀਂ ਕੀਤਾ। ਮਹਿੰਦਰ ਸਿੰਘ ਕੇ ਪੀ ਵੀ ਕਈ
ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਤੋਂ ਰਹਿ ਗਏ ਹਨ ਪ੍ਰਤੂ ਹੁਸ਼ਿਆਰਪੁਰ ਹਲਕੇ ਵਿੱਚ
ਕਾਂਗਰਸ ਪਾਰਟੀ ਵਿੱਚ ਕੋਈ ਧੜੇਬੰਦੀ ਨਾ ਹੋਣ ਕਾਰਨ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਨਹੀਂ
ਕਰਨਾ ਪਿਆ।
ਅਨੰਦਪਰ ਸਾਹਿਬ ਵਿੱਚ ਬੀਬੀ ਸੋਨੀ ਨੂੰ ਇਥੋਂ ਪਹਿਲਾਂ ਚੋਣ ਜਿੱਤਕੇ ਗਏ
ਰਵਨੀਤ ਸਿੰਘ ਬਿੱਟੂ ਵਲੋਂ ਹਲਕੇ ਦੇ ਲੋਕਾਂ ਵਿੱਚ ਬਣਾਈ ਆਪਣੀ ਨਿਵੇਕਲੀ ਛਾਪ ਦਾ ਵੀ
ਲਾਭ ਮਿਲ ਰਿਹਾ ਹੈ। ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੋਕ ਬਾਹਰਲਾ
ਉਮੀਦਵਾਰ ਮੰਨਦੇ ਹਨ। ਉਸਦੀ ਚੋਣ ਮੁਹਿੰਮ ਨੂੰ ਉਸਦੇ ਆਪਣੇ ਹੀ ਪਾਰਟੀ ਦੇ ਆਗੂ ਖੁੰਢਾ ਕਰ
ਰਹੇ ਹਨ। ਉਸ ਵਲੋਂ ਬੀਬੀ ਅੰਬਿਕਾ ਸੋਨੀ ਵਿਰੁੱਧ ਬੋਲੀ ਅਪਸ਼ਬਦਾਵਲੀ ਅਤੇ ਪਾਰਟੀ ਦੇ
ਪ੍ਰਧਾਨ ਵਲੋਂ ਮੁੱਖ ਰੈਲੀ ਵਿੱਚ ਬੋਲਦਿਆਂ ਉਸਦਾ ਨਾਂਅ ਹੀ ਭੁੱਲ ਜਾਣਾ ਹੁਣ ਤੱਕ ਗਲੇ ਦੀ
ਹੱਡੀ ਬਣੇ ਹੋਏ ਹਨ। ਉਸਦੀ ਚੋਣ ਮੁਹਿੰਮ ਨੂੰ ਕੋਈ ਵੀ ਪਾਰਟੀ ਆਗੂ ਦਿਲਚਸਪੀ ਨਾਲ
ਚਲਾਉਂਦਾ ਨਜ਼ਰ ਨਹੀਂ ਆ ਰਿਹਾ। ਦੂਸਰੇ ਪਾਸੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ
ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਭੱਖੀ ਹੈ ਜਿਸ
ਸਦਕਾ ਇਥੇ ਦਾ ਚੋਣ ਮਾਹੌਲ ਰੰਗੀਨ ਅਤੇ ਦਿਲਚਸਪ ਬਣ ਚੁੱਕਾ ਹੈ। ਹਲਕੇ ਦੇ ਹਿਸਾਬ ਨਾਲ
ਹਿੰਮਤ ਸਿੰਘ ਸ਼ੇਰਗਿੱਲ ਅਤੇ ਬਸਪਾ ਦੇ ਕੇ ਐਸ ਮੱਖਣ ਨੂੰ ਲੋਕ ਪੂਰਨ ਗੁਰਸਿੱਖ ਹੋਣ ਕਾਰਨ
ਪਸੰਦ ਕਰਦੇ ਹਨ ਪ੍ਰੰਤੂ ਉਹਨਾਂ ਦੇ ਬਹੁਤੇ ਸਮਰਥੱਕਾਂ ਨੂੰ ਉਹਨਾਂ ਦੀਆਂ ਪਾਰਟੀਆਂ ਪਸੰਦ
ਨਹੀਂ ਹਨ। ਇਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਭਾਰਤੀ ਆਪੋ
ਆਪਣੇ ਪਰਿਵਾਰਾਂ ਨੂੰ ਜਿਥੇ ਇਸ ਵਾਰ ਵੋਟ ਆਪ ਪਾਰਟੀ ਨੂੰ ਪਾਉਣ ਦੇ ਫੋਨ ਕਰ ਰਹੇ ਹਨ ਉਥੇ
ਉਹ ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਤੋਂ ਖੜ੍ਹੇ ਉਮੀਦਵਾਰਾਂ ਨੂੰ ਆਰਥਿਕ ਸਹਾਇਤਾ ਵੀ
ਭੇਜ ਰਹੇ ਹਨ। ਪਰਵਾਸੀਆਂ ਦਾ ਉਕਤ ਰੁੱਖ ਕਾਂਗਰਸ ਅਤੇ ਸੱਤਾਧਾਰੀ ਗਠਜੋੜ ਲਈ ਖਤਰੇ ਦੀ
ਘੰਟੀ ਮੰਨਿਆਂ ਜਾ ਰਿਹਾ।
ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ
ਬਲਬੀਰ ਸਿੰਘ ਜਾਡਲਾ ਉਪ੍ਰੋਕਤ ਸਾਰੇ ਉਮੀਦਵਾਰਾਂ ਨਾਲੋਂ ਹਲਕੇ ਵਿੱਚ ਆਪਣੀ ਵੱਖਰੀ
ਪਹਿਚਾਣ ਰੱਖਦੇ ਹਨ। ਉਹਨਾਂ ਦੇ ਚੋਣ ਜਲਸਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵਾਂ
ਹੂੰਗਾਰਾ ਮਿਲ ਰਿਹਾ ਹੈ । ਸੀ ਪੀ ਆਈ ਦੀ ਖੁੱਲੀ ਹਮਾਇਤ ਉਸ ਲਈ ਸੋਨੇ ਤੇ ਸੁਹਾਗੇ ਵਾਲੀ
ਗੱਲ ਬਣ ਗਈ ਹੈ। ਪ੍ਰੋ ਚੰਦੂਮਾਜਰਾ ਅਤੇ ਵਿਜੈ ਸਾਂਪਲਾ ਨੂੰ ਬਾਬਾ ਰਾਮ ਦੇਵ ਵਲੋਂ ਹਾਲ
ਹੀ ਵਿੱਚ ਦਲਿਤਾਂ ਪ੍ਰਤੀ ਦਿੱਤਾ ਬਿਆਨ ਵੀ ਵੱਡੀ ਪੱਧਰ ’ਤੇ ਖੋਰਾ ਲਾ ਰਿਹਾ ਹੈ। ਦਲਿਤ
ਵੱਡੀ ਗਿਣਤੀ ਵਿੱਚ ਤਕੜੀ ਅਤੇ ਭਾਜਪਾ ਤੋਂ ਦੂਰ ਹੋ ਕੇ ਹਾਥੀ ਅਤੇ ਝਾੜੂ ਨਾਲ ਜੁੜ ਗਏ
ਹਨ। ਲੋਕਾਂ ਵਿੱਚ ਪੈਦਾ ਹੋਈ ਰਾਜਸੀ ਪਾਰਟੀਆਂ ਦੇ ਆਗੂਆਂ ਪ੍ਰਤੀ ਚੇਤਨਾ 30 ਅਪ੍ਰੈਲ ਨੂੰ
ਕਿਹੜਾ ਕਰਵਟ ਲੈਂਦੀ ਹੈ ਉਹ ਤਾਂ 16 ਮਈ ਨੂੰ ਹੀ ਪਤਾ ਲੱਗੇਗਾ ਪ੍ਰੰਤੂ ਹਾਲ ਦੀ ਘੜੀ
ਖੱਬੇਪੱਖੀ, ਬਸਪਾ ਅਤੇ ਆਪ ਦੇ ਉਕਤ ਉਮੀਦਵਾਰਾਂ ਦੀ ਸਰਗਰਮ ਚੋਣ ਮੁਹਿੰਮ ਅਤੇ ਹਲਕੇ ਦੇ
ਲੋਕਾਂ ਵਲੋਂ ਮਿਲ ਰਹੇ ਭਰਵੇਂ ਹੰਗਾਰੇ ਕਾਰਨ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ
ਭਾਜਪਾ ਗਠਜੋੜ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਲਈ ਵੱਡਾ ਖਤਰਾ ਬਣੇ ਹੋਏ ਹਨ। ਅਜਿਹੀ
ਹੀ ਸਥਿਤੀ ਦਾ ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਅਤੇ ਕਾਂਗਰਸ ਦੇ
ਮਹਿੰਦਰ ਸਿੰਘ ਕੇ ਪੀ ਸਾਹਮਣਾ ਕਰ ਰਹੇ ਹਨ।