Thu, 21 November 2024
Your Visitor Number :-   7255951
SuhisaverSuhisaver Suhisaver

ਬਸਪਾ ਤੇ ਆਪ ਦੇ ਉਮੀਦਵਾਰ ਕਾਂਗਰਸ ਅਤੇ ਅਕਾਲੀ ਦਲ ਲਈ ਬਣੇ ਸਖਤ ਚੁਣੋਤੀ

Posted on:- 20-04-2014

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿੱਚ ਸੀ ਪੀ ਆਈ (ਐਮ) ਦੇ ਕਾਮਰੇਡ ਬਲਬੀਰ ਸਿੰਘ ਜਾਡਲਾ, ਬਹੁਜਨ ਸਮਾਜ ਪਾਰਟੀ ਦੇ ਪੰਜਾਬੀ ਗਾਇਕ ਉਮੀਦਵਾਰ ਕੇ ਐਸ ਮੱਖਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੀ ਸਰਗਰਮ ਚੋਣ ਮੁਹਿੰਮ ਕਾਰਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਲੋਂ ਚੋਣ ਮੈਦਾਨ ਵਿੱਚ ਉਤਾਰੀ ਕੇਂਦਰੀ ਮੰਤਰੀ ਬੀਬੀ ਅੰਬਿਕਾ ਸੋਨੀ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਲਈ ਵੱਡੀ ਮੁਸੀਬਤ ਖੜ੍ਹੀ ਕਰਕੇ ਰੱਖ ਦਿੱਤੀ ਹੈ। ਭਾਵੇਂ ਮੁੱਖ ਮੁਕਾਬਲਾ ਇਥੇ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿੱਚ ਹੀ ਹੋਵੇਗਾ ਪ੍ਰੰਤੂ ਦੋਵਾਂ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਬਸਪਾ , ਆਪ ਅਤੇ ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਭੁਗਤਣ ਵਾਲੀਆਂ ਵੋਟਾ ’ਤੇ ਨਿਰਭਰ ਬਣ ਚੁੱਕਾ ਹੈ।

ਤਾਜ਼ਾ ਸਮੀਕਰਨ ਮੁਤਾਬਬਿਕ ਇਥੇ ਜਿੰਨੀਆਂ ਵੋਟਾਂ ਬਸਪਾ ਦਾ ਉਮੀਦਵਾਰ ਵੱਧ ਲੈ ਕੇ ਜਾਵੇਗਾ ਉਸਦਾ ਸਿੱਧਾ ਲਾਭ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲਣ ਦੀ ਸੰਭਾਵਨਾ ਹੈ। ਇਸ ਦੇ ਉਲਟ ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਬਲਬੀਰ ਸਿੰਘ ਜਾਡਲਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਜਿੰਨੀਆਂ ਵੱਧ ਵੋਟਾਂ ਪ੍ਰਾਪਤ ਕਰਨਗੇ ਉਸਦਾ ਸਿੱਧਾ ਨੁਕਸਾਨ ਕਾਂਗਰਸ ਦੀ ਬੀਬੀ ਅੰਬਿਕਾ ਸੋਨੀ ਨੂੰ ਹੋਣ ਦਾ ਖਤਰਾ ਬਣ ਚੁੱਕਾ ਹੈ। ਅਕਾਲੀ ਦਲ ਅੰਮਿ੍ਰਤਸਰ ਅਤੇ ਹੋਰ ਪਾਰਟੀਆਂ ਸਮੇਤ ਅਜ਼ਾਦ ਉਮੀਦਵਾਰ ਵੀ ਇਥੋਂ ਚੋਣ ਲੜ ਰਹੇ ਹਨ ਪ੍ਰੰਤੂ ਉਹਨਾਂ ਦੇ ਉਮੀਦਵਾਰ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਨੂੰ ਪ੍ਰਭਾਵਿਤ ਕਰਨ ਦੀ ਸਥਿੱਤੀ ਵਿੱਚ ਨਹੀਂ ਹਨ। ਆਪ, ਖੱਬੇਪੱਖੀ ਅਤੇ ਬਸਪਾ ਆਦਿ ਤਿੰਨ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਜਾਂ ਅਕਾਲੀ ਭਾਜਪਾ ਗਠਜੋੜ ਦੇ ਜੜ੍ਹੀਂ ਤੇਲ ਪਾਉਣ ਲਈ ਅਹਿਮ ਸਥਿੱਤੀ ਵਿੱਚ ਹਨ।

ਹਲਕੇ ਦੀ ਦਿੱਖ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਸ ਹਲਕੇ ਵਿੱਚ ਹਿੰਦੂ ,ਗੁੱਜ਼ਰ ਅਤੇ ਦਲਿਤ ਵੋਟਰਾਂ ਦੀ ਭਰਮਾਰ ਹੈ। ਇਸ ਤੋਂ ਇਲਾਵਾ ਸੈਣੀ ਅਤੇ ਜੱਟ ਭਾਈਚਾਰੇ ਦੀਆਂ ਵੋਟਾਂ ਵੀ ਵੱਡੀ ਗਿਣਤੀ ਵਿੱਚ ਹਨ ਜੋ ਅਕਸਰ ਹੀ ਹਮੇਸ਼ਾਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਪੱਕਾ ਵੋਟ ਬੈਂਕ ਹੋਣ ਕਾਰਨ ਆਪਸ ਵਿੱਚ ਵੰਡੀਆਂ ਜਾਂਦੀਆਂ ਹਨ। ਬਸਪਾ ਵਲੋਂ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗਾਇਕ ਕੇ ਐਸ ਮੱਖਣ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ । ਉਕਤ ਉਮੀਦਵਾਰ ਜਿਥੇ ਅੰਮਿ੍ਰਤਧਾਰੀ ਹੈ ਉਥੇ ਜੱਟ ਭਾਈਚਾਰੇ ਨਾਲ ਸਬੰਧਤ ਅਤੇ ਪੰਜਾਬੀ ਦਾ ਉਘਾ ਗਾਇਕ ਹੋਣ ਕਾਰਨ ਹਲਕੇ ਦੇ ਸਿੱਖ ਪਰਿਵਾਰਾਂ ਸਮੇਤ ਨੌਜ਼ਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਕਈ ਲੋਕ ਉਸਦਾ ਬਸਪਾ ਵਲੋਂ ਚੋਣ ਲੜਨਾ ਪਸੰਦ ਨਹੀਂ ਕਰਦੇ ਪ੍ਰੰਤੂ ਫਿਰ ਵੀ ਉਸਨੂੰ ਸਿੱਖ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਮੇਤ ਸਮਾਜਿਕ ਸੰਸਥਾਵਾਂ , ਖੇਡ ਕਲੱਬਾਂ ਤੋਂ ਇਲਾਵਾ ਸੱਭਿਆਚਾਰਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਅੰਦਰਖਾਤੇ ਅਕਾਲੀ ਦਲ ਦੇ ਸਰਗਰਮ ਆਗੂਆਂ ਦੀ ਡੱਟਕੇ ਹਮਾਇਤ ਮਿਲਣ ਦੀਆਂ ਖਬਰਾਂ ਹਨ। ਪ੍ਰੋ ਚੰਦੂਮਾਜਰਾ ਦਾ ਅੰਦਰ ਖਾਤੇ ਵਿਰੋਧ ਕਰਨ ਵਾਲੇ ਸਮੂਹ ਅਕਾਲੀ ਆਗੂ ਬਸਪਾ ਦੇ ਉਕਤ ਉਮੀਦਵਾਰ ਦੀ ਜਿਥੇ ਧੰਨ ਨਾਲ ਸੇਵਾ ਕਰ ਰਹੇ ਹਨ ਉਥੇ ਉਹ ਆਪਣੇ ਹਮਾਇਤੀਆਂ ਦੀ ਇੱਕ ਇਕ ਵੋਟ ਉਸਨੂੰ ਭੁਗਤਾਉਣ ਲਈ ਪਿੰਡਾ ਵਿੱਚ ਸਰਗਰਮ ਹਨ।

ਇਹਨਾਂ ਕਨਸੋਅ ਬਾਰੇ ਜਦ 16 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਵਿਖੇ ਅਕਾਲੀ ਦਲ ਦੀ ਮੁੱਖ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਾ ਤਾਂ ਉਹ ਇਹ ਸੁਣਕੇ ਦੰਗ ਰਹਿ ਗਏ । ਉਹ ਆਪਣੀ ਪਾਰਟੀ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਥਾਂ ਕਿਰਨਬੀਰ ਸਿੰਘ ਕੰਗ ਨੂੰ ਵੋਟ ਪਾਕੇ ਜਿਤਾਉਣ ਬਾਰੇ ਕਹਿਣ ਲੱਗ ਪਏ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਅਤੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਨਾਂਅ ਚੇਤੇ ਕਰਵਾਉਂਦਿਆਂ ਜਦ ਕੁੱਝ ਅਕਾਲੀ ਆਗੂਆਂ ਨੇ ਉਹਨਾਂ ਨੂੰ ਦੱਸਿਆ ਕਿ ਇਥੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਦੇ ਉਮੀਦਵਾਰ ਹਨ ਤਾਂ ਉਹਨਾਂ ਆਪਣੀ ਗਲਤੀ ਨੂੰ ਸੁਧਾਰਦਿਆਂ ਕੇਂਦਰ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਖਿੱਲੀ ਉਡਾਉਣੀ ਸ਼ੁਰੂ ਕਰਦਿਆਂ ਕੇਂਦਰ ਵਿੱਚ ਸੱਤਾ ਤਬਦੀਲੀ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰੋ ਚੰਦੂਮਾਜਰਾ ਨੂੰ ਜਿਤਾਉਣ ਦੀ ਅਪੀਲ ਕੀਤੀ। ਬਾਦਲ ਦਾ ਭਾਸ਼ਨ ਸੁਣਕੇ ਅਕਾਲੀ ਭਾਜਪਾ ਆਗੂਆਂ ਵਿੱਚ ਇੱਕ ਨਵੀਂ ਕਿਸਮ ਦੀ ਚਰਚਾ ਸ਼ਰੂ ਹੋ ਗਈ ਅਤੇ ਅੰਦਰਖਾਤੇ ਪ੍ਰੋ ਦਾ ਵਿਰੋਧ ਕਰਨ ਵਾਲੇ ਫੁੱਲੇ ਨਹੀਂ ਸਮਾ ਰਹੇ ਸਨ।

ਕਾਂਗਰਸ ਪਾਰਟੀ ਦੀ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਉਸ ਵਕਤ ਤੇਜ਼ੀ ਆਈ ਜਦ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਉਸਦੇ ਹੱਕ ਵਿੱਚ ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਸੱਤ ਸਾਲਾ ਕਾਰਜ ਪ੍ਰਣਾਲੀ ਦਾ ਲੇਖਾ ਜੋਖਾ ਕਰਕੇ ਗਏ। ਬੀਬੀ ਸੋਨੀ ਤੇ ਹਲਕੇ ਦੇ ਲੋਕਾਂ ਦਾ ਮੁੱਖ ਰੋਸ ਇਹੋ ਹੈ ਕਿ ਉਸਨੇ ਕੇਂਦਰ ਵਿੱਚ ਰਹਿਕੇ ਪਹਾੜੀ ਖਿੱਤੇ ਸਮੇਤ ਪੰਜਾਬ ਦੇ ਵਿਕਾਸ ਲਈ ਕਦੇ ਕੁੱਝ ਨਹੀਂ ਕੀਤਾ ਅਤੇ ਨਾ ਹੀ ਉਹ ਪੰਜਾਬੋ ਗਏ ਉਸ ਕੋਲ ਕੰਮ ਲਈ ਕਿਸੇ ਦਾ ਕੋਈ ਕੰਮ ਤਾਂ ਕੀ ਕਰਨਾ ਸਗੋਂ ਮਿਲਦੀ ਹੀ ਨਹੀਂ। ਹਲਕੇ ਦੇ ਲੋਕ ਵਿਰੋਧੀਆਂ ਦੀ ਉਕਤ ਦਲੀਲ ਨੂੰ ਬੜੇ ਧਿਆਨ ਨਾਲ ਸੁਣਦੇ ਹਨ ਪ੍ਰੰਤੂ ਫਿਰ ਵੀ ਮੁੱਖ ਪਾਰਟੀ ਦੀ ਕੇਂਦਰੀ ਆਗੂ ਹੋਣ ਕਰਕੇ ਸਾਰੇ ਕਾਂਗਰਸੀ ਉਸਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਹੀ ਨਹੀਂ ਲਾ ਰਹੇ ਸਗੋਂ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਹੀਲਾ ਵਰਤ ਰਹੇ ਹਨ। ਬੀਬੀ ਨੂੰ ਹਲਕੇ ਦੇ ਧਾਰਮਿਕ ਡੇਰਿਆਂ ਨਾਲ ਸਬੰਧਤ ਸੰਗਤ ਦਾ ਭਰਪੂਰ ਸਹਿਯੋਗ ਮਿਲਣ ਦੀ ਸੰਭਾਵਨਾ ਹੈ। ਇਥੇ ਕਾਂਗਰਸ ਦੀ ਉਕਤ ਉਮੀਦਵਾਰ ਨੂੰ ਪਾਰਟੀ ਅੰਦਰੋਂ ਕਿਸੇ ਵੀ ਗੁੱਟ ਦੇ ਆਗੂ ਦੇ ਵਿਰੋਧ ਦਾ ਕੋਈ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਗੋਂ ਹਲਕੇ ਦੇ ਸਾਰੇ ਇੱਕ ਦੂਸਰੇ ਦੇ ਹਰ ਚੋਣ ਮੌਕੇ ਪਰ ਕੁਤਰਨ ਵਾਲੇ ਆਗੂ ਇਥੇ ਆਪੋ ਆਪਣੇ ਨੰਬਰ ਬਣਾਉਣ ਲਈ ਇੱਕ ਦੂਸਰੇ ਨਾਲੋਂ ਅੱਗੇ ਹੋਕੇ ਸੋਨੀ ਦੀ ਚੋਣ ਮੁਹਿੰਮ ਇਮਾਨਦਾਰੀ ਨਾਲ ਚਲਾ ਰਹੇ ਹਨ।

ਬੀਬੀ ਸੋਨੀ ਨੂੰ ਇਥੋਂ ਪਹਿਲਾਂ ਚੋਣ ਜਿੱਤਕੇ ਗਏ ਰਵਨੀਤ ਸਿੰਘ ਬਿੱਟੂ ਵਲੋਂ ਹਲਕੇ ਦੇ ਲੋਕਾਂ ਵਿੱਚ ਬਣਾਈ ਆਪਣੀ ਨਿਵੇਕਲੀ ਛਾਪ ਦਾ ਵੀ ਲਾਭ ਮਿਲ ਰਿਹਾ ਹੈ। ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੋਕ ਬਾਹਰਲਾ ਉਮੀਦਵਾਰ ਮੰਨਦੇ ਹਨ। ਉਸਦੀ ਚੋਣ ਮੁਹਿੰਮ ਨੂੰ ਉਸਦੇ ਆਪਣੇ ਹੀ ਪਾਰਟੀ ਦੇ ਆਗੂ ਖੁੰਢਾ ਕਰ ਰਹੇ ਹਨ। ਉਸ ਵਲੋਂ ਬੀਬੀ ਅੰਬਿਕਾ ਸੋਨੀ ਵਿਰੁੱਧ ਬੋਲੀ ਅਪਸ਼ਬਦਾਵਲੀ ਅਤੇ ਪਾਰਟੀ ਦੇ ਪ੍ਰਧਾਨ ਵਲੋਂ ਮੁੱਖ ਰੈਲੀ ਵਿੱਚ ਬੋਲਦਿਆਂ ਉਸਦਾ ਨਾਂਅ ਹੀ ਭੁੱਲ ਜਾਣਾ ਹੁਣ ਤੱਕ ਗਲੇ ਦੀ ਹੱਡੀ ਬਣੇ ਹੋਏ ਹਨ। ਉਸਦੀ ਚੋਣ ਮੁਹਿੰਮ ਨੂੰ ਕੋਈ ਵੀ ਪਾਰਟੀ ਆਗੂ ਦਿਲਚਸਪੀ ਨਾਲ ਚਲਾਉਂਦਾ ਨਜ਼ਰ ਨਹੀਂ ਆ ਰਿਹਾ। ਦੂਸਰੇ ਪਾਸੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਭੱਖੀ ਹੈ ਜਿਸ ਸਦਕਾ ਇਥੇ ਦਾ ਚੋਣ ਮਾਹੌਲ ਰੰਗੀਨ ਅਤੇ ਦਿਲਚਸਪ ਬਣ ਚੁੱਕਾ ਹੈ। ਹਲਕੇ ਦੇ ਹਿਸਾਬ ਨਾਲ ਹਿੰਮਤ ਸਿੰਘ ਸ਼ੇਰਗਿੱਲ ਅਤੇ ਬਸਪਾ ਦੇ ਕੇ ਐਸ ਮੱਖਣ ਨੂੰ ਲੋਕ ਪੂਰਨ ਗੁਰਸਿੱਖ ਹੋਣ ਕਾਰਨ ਪਸੰਦ ਕਰਦੇ ਹਨ ਪ੍ਰੰਤੂ ਉਹਨਾਂ ਦੇ ਬਹੁਤੇ ਸਮਰਥੱਕਾਂ ਨੂੰ ਉਹਨਾਂ ਦੀਆਂ ਪਾਰਟੀਆਂ ਪਸੰਦ ਨਹੀਂ ਹਨ।
ਸੀ ਪੀ ਆਈ (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਬਲਬੀਰ ਸਿੰਘ ਜਾਡਲਾ ਉਪ੍ਰੋਕਤ ਸਾਰੇ ਉਮੀਦਵਾਰਾਂ ਨਾਲੋਂ ਹਲਕੇ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਉਹਨਾਂ ਦੇ ਚੋਣ ਜਲਸਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵਾਂ ਹੂੰਗਾਰਾ ਮਿਲ ਰਿਹਾ ਹੈ । ਲੋਕਾਂ ਵਿੱਚ ਪੈਦਾ ਹੋਈ ਰਾਜਸੀ ਪਾਰਟੀਆਂ ਦੇ ਆਗੂਆਂ ਪ੍ਰਤੀ ਚੇਤਨਾ 30 ਅਪ੍ਰੈਲ ਨੂੰ ਕਿਹੜਾ ਕਰਵਟ ਲੈਂਦੀ ਹੈ ਉਹ ਤਾਂ 16 ਮਈ ਨੂੰ ਹੀ ਪਤਾ ਲੱਗੇਗਾ ਪ੍ਰੰਤੂ ਹਾਲ ਦੀ ਘੜੀ ਖੱਬੇਪੱਖੀ, ਬਸਪਾ ਅਤੇ ਆਪ ਦੇ ਉਕਤ ਉਮੀਦਵਾਰਾਂ ਦੀ ਸਰਗਰਮ ਚੋਣ ਮੁਹਿੰਮ ਅਤੇ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੰਗਾਰੇ ਕਾਰਨ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਭਾਜਪਾ ਗਠਜੋੜ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਲਈ ਵੱਡਾ ਖਤਰਾ ਬਣੇ ਹੋਏ ਹਨ। ਪਿੱਛਲੀ ਵਾਰ ਇਥੋਂ ਕਾਂਗਰਸ ਦੇ ਨੌਜ਼ਵਾਨ ਆਗੂ ਰਵਨੀਤ ਬਿੱਟੂ ਵਲੋਂ ਅਕਾਲੀ ਦਲ ਦੇ ਸੀਨੀਅਰ ਅਤੇ ਬਾਦਲਾਂ ਦੇ ਕਰੀਬੀ ਆਗੂ ਡਾ ਦਲਜੀਤ ਸਿੰਘ ਚੀਮਾਂ ਨੂੰ ਲੱਗਭਗ 60 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਂਝੇ ਮੌਰਚੇ ਦੀ ਇਸ ਹਲਕੇ ਵਿੱਚ ਪਿੱਛਲੇ ਰਿਕਾਰਡ ਮੁਤਾਬਿਕ 70 ਹਜ਼ਾਰ ਤੋਂ ਵੱਧ ਵੋਟਾਂ ਹਨ। ਸੀ ਪੀ ਆਈ (ਐਮ) ਦਾ ਤਹਿਸੀਲ ਗੜ੍ਹਸ਼ੰਕਰ, ਬਲਾਚੋਰ , ਨਵਾਂਸ਼ਹਿਰ , ਨੰਗਲ, ਅਨੰਦਪੁਰ ਸਾਹਿਬ ਅਤੇ ਫਗਵਾੜਾ ਵਿੱਚ ਤਕੜਾ ਜਨ ਅਧਾਰ ਹੈ ।ਇਸੇ ਤਰ੍ਹਾਂ ਬਸਪਾ ਉਮੀਦਵਾਰਾਂ ਵਲੋਂ ਸਾਲ 2012 ’ ਚ ਵਿਧਾਨ ਸਭਾ ਚੋਣਾ ਦੌਰਾਨ ਉਪ੍ਰੋਕਤ ਹਲਕਿਆਂ ਵਿੱਚੋਂ 18 ਤੋਂ ਲੈ ਕੇ 27 ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਸਨ। ਲੋਕ ਸੋਚ ਦਾ ਹੁਣ ਨਵਾਂ ਰੰਗ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੋਟਰ ਆਗੂਆਂ ਦੇ ਪੱਲੇ ਕੁੱਝ ਵੀ ਨਹੀਂ ਪਾ ਰਿਹਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ