23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ
Posted on:- 17-03-2014
ਬਰਨਾਲਾ: ਬੀਤੇ ਦਿਨੀਂ ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ ਵਿਦਿਆਰਾਥੀ ਮੰਚ ਪੰਜਾਬ ਵੱਲੋਂ ਸਾਂਝੇ ਤੌਰ ਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਬਰਨਾਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ। ਜਿਸ ਵਿਚ ਮੰਚ ਦੇ ਸੂਬਾ ਆਗੂ ਮਨਦੀਪ ਸੱਦੋਵਾਲ ਨੇ ਕੌਮੀ ਮੁਕਤੀ ਲਹਿਰ ਦੇ ਨੌਜਵਾਨ ਸ਼ਹੀਦਾਂ ਦੀ ਲੋਕਪੱਖੀ ਵਿਚਾਰਧਾਰਾ ਦੀ ਲੋੜ ਤੇ ਮਹੱਤਤਾ ਨੂੰ ਉਭਾਰਿਆ । ਮੌਜੂਦਾ ਰਾਜ ਪ੍ਰਬੰਧ ਦੇ ਘੋਰ ਆਰਥਿਕ ਸਿਆਸੀ ਸੰਕਟ ‘ਚ ਫਸੇ ਹੋਣ ਕਾਰਨ ਇਹ ਲੋੜ ਹੋਰ ਵੀ ਵੱਧ ਮਹੱਤਤਾ ਰੱਖਦੀ ਹੈ ਕਿ ਲੋਕ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਨੇ ਬਸਤੀਵਾਦੀ ਲੁਟੇਰੇ ਹਾਕਮਾਂ ਦੁਆਰਾ ਮਿਹਨਤਕਸ਼ ਭਾਰਤੀ ਲੋਕਾਂ ਦੀ ਕੀਤੀ ਜਾਂਦੀ ਲੁੱਟ ਤੇ ਜਬਰ ਖਿਲਾਫ ਇਨਕਲਾਬੀ ਲੋਕ ਲਹਿਰ ਲਾਮਬੰਦ ਕਰਦਿਆਂ ਲੋਕਪੱਖੀ ਸਮਾਜ ਸਿਰਜਣ ਲਈ ਲੋਕਪੱਖੀ ਸਿਧਾਂਤ ਤੇ ਲੋਕ ਜੱਦੋ ਜਹਿਦ ਦਾ ਰਾਹ ਪੇਸ਼ ਕੀਤਾ ਸੀ। ਸ਼ਹੀਦਾਂ ਦੁਆਰਾ 83 ਸਾਲ ਪਹਿਲਾਂ ਪੇਸ਼ ਕੀਤਾ ਲੋਕ ਮੁਕਤੀ ਦਾ ਇਨਕਲਾਬੀ ਰਾਹ ਅੱਜ ਵੀ ਸਾਰਥਿਕ ਬਣਿਆ ਹੋਇਆ ਹੈ। ਅੱਜ ਦੇਸ਼ ਦੇ ਕਰੋੜਾਂ-ਕਰੋੜ ਮਿਹਨਤਕਸ਼ ਤਬਕਿਆਂ ਦੀ ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਵੱਲੋਂ ਸਸਤੀ ਕਿਰਤ ਸ਼ਕਤੀ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਮੋੜਵੇਂ ਰੂਪ ‘ਚ ਹਾਕਮਾਂ ਦੀਆਂ ਲੋਕਮਾਰੂ ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਹੱਕੀ ਅਵਾਜ਼ ਨੂੰ ਜਬਰੀ ਬਲ ਅਤੇ ਛਲ ਦੀ ਨੀਤੀ ਨਾਲ ਕੁਚਲਿਆ ਜਾ ਰਿਹਾ ਹੈ।
ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਜਬਰੀ ਲੋਕਾਂ ਉਪਰ ਥੋਪਣ ਲਈ ਮੋਦੀ ਵਰਗੇ ਫਾਸ਼ੀਵਾਦੀ ਚਿਹਰੇ ਨੂੰ ਸ਼ਿੰਗਾਰਿਆ ਜਾ ਰਿਹਾ ਹੈ। ਚੋਣਾਂ ਦੇ ਸ਼ੋਰਗੁੱਲ ‘ਚ ਲੋਕਾਂ ਦੇ ਅਸਲੀ ਬੁਨਿਆਦੀ ਮੁੱਦਿਆਂ ਨੂੰ ਮਿੱਟੀ ਘੱਟ ਰੋਲਿਆ ਜਾ ਰਿਹਾ ਹੈ। ਰੁਜ਼ਗਾਰ, ਸਿੱਖਿਆ, ਸਿਹਤ, ਔਰਤਾਂ ਦੀ ਸੁਰੱਖਿਆ, ਕਿਸਾਨ ਖੁਦਕਸ਼ੀਆਂ, ਕਰਜ਼ਾ, ਮਜ਼ਦੂਰਾਂ ਦੀਆਂ ਛਾਂਟੀਆਂ, ਘੱਟ ਉਜਰਤਾਂ ਆਦਿ ਮਸਲਿਆਂ ਨੂੰ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ। ਮੌਜੂਦਾ ਪ੍ਰਬੰਧ ਭਿ੍ਰਸ਼ਟਾਚਾਰ, ਨਸ਼ਾਖੌਰੀ, ਫਿਰਕਾਪ੍ਰਤੀ ਤੇ ਭਾਈ ਭਤੀਜਾਵਾਦ ਆਸਰੇ ਸਾਹ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਤਬਕੇ ਤੇ ਖਾਸਕਰ ਨੌਜਵਾਨਾਂ ਨੂੰ ਮੌਜੂਦਾ ਰਾਜ ਨੂੰ ਬਦਲ ਕੇ ਨਵੇਂ ਸਮਾਜ ਦੀ ਉਸਾਰੀ ਵੱਲ ਲੱਗਣਾ ਚਾਹੀਦਾ ਹੈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚੋਣਾਂ ਧੋਖੇ ਦੀ ਇਕ ਖੇਡ ਹਨ, ਜਿਸ ਰਾਹੀ ਇਹ ਚੋਣਾ ਵੱਡੇ ਕਾਰਪੋਰੇਟ ਘਰਾਣਿਆਂ ਤੇ ਹੋਰ ਲੁਟੇਰੇ ਵਰਗਾਂ ਵਲੋਂ ਕਿਰਤੀ ਵਰਗ ਦੀ ਕੀਤੀ ਜਾਂਦੀ ਲੁੱਟ ਉਪਰ ਪਰਦਾਪੋਸ਼ੀ ਕਰਨ ਦਾ ਸਾਧਨ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਵੋਟ ਪ੍ਰਣਾਲੀ ਹਾਕਮ ਜਮਾਤਾਂ ਦੁਆਰਾ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਇਕ ਹਥਿਆਰ ਵਜੋਂ ਕੰਮ ਕਰਦੀ ਹੈ।
ਹਾਕਮ ਜਿਸ ਲੋਕਤੰਤਰ ਤੇ ਜਮਹੂਰੀਅਤ ਦਾ ਦਾਅਵਾ ਕਰਦੇ ਹਨ ਅਸਲ ਵਿਚ ਇਹ ਜਮਹੂਰੀਅਤ ਹਾਕਮ ਜਮਾਤਾਂ ‘ਚੋਂ ਕੋਈ ਇਕ ਲੁਟੇਰਾ ਚੁਣਨ ਦੀ ਜਮਹੂਰੀਅਤ ਹੀ ਹੈ। ਵਰਗਾਂ ਵਿਚ ਵੰਡੇ ਸਮਾਜ ਵਿਚ ਕਦੇ ਵੀ ਸੱਚੀ ਲੋਕ ਜਮਹੂਰੀਅਤ ਹਾਸਲ ਨਹੀਂ ਕੀਤੀ ਜਾ ਸਕਦੀ। ਇਸ ਲਈ ਲੋੜ ਹੈ ਕਿ ਲੋਕ ਇਸ ਚੋਣ ਧੋਖੇ ਦੀ ਖੇਡ ‘ਚੋਂ ਬਾਹਰ ਨਿਕਲਕੇ ਸ਼ਹੀਦਾਂ ਦੀ ਵਿਚਾਰਧਾਰਾਂ ਉਪਰ ਪਹਿਰਾ ਦੇਕੇ ਬਦਲਵਾਂ ਲੋਕਪੱਖੀ ਸਮਾਜ ਸਿਰਜਣ। ਉਨ੍ਹਾਂ 23 ਮਾਰਚ ਨੂੰ ਪੰਜਾਬ ਦੇ ਬਰਨਾਲਾ, ਲੁਧਿਆਣਾ, ਲਹਿਰਾਗਾਗਾ, ਬਠਿੰਡਾ, ਬਰੇਟਾ, ਜਗਰਾਓਂ, ਮੁਲਾਂਪੁਰ ਤੇ ਹੋਰ ਥਾਂਵਾਂ ਉਪਰ ਰੈਲੀ ਤੇ ਕਾਫਲਾ ਮਾਰਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ 23 ਮਾਰਚ ਨੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਤੇ ਕਾਫਲਾ ਮਾਰਚ ਵਿਚ ਲੋਕਾਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।