ਸਾਊਦੀ ਅਰਬ ਵਿੱਚ ਮਾਰੇ ਗਏ ਨੌਜਵਾਨ ਦੀ ਲਾਸ਼ 70 ਦਿਨਾਂ ਬਾਅਦ ਪਿੰਡ ਪੁੱਜੀ
Posted on:- 15-03-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਇਸ ਸਾਲ ਜਨਵਰੀ ਮਹੀਨੇ ਦੀ ਚਾਰ ਤਰੀਖ ਨੂੰ ਸਾਊਦੀ ਅਰਬ ਵਿੱਚ ਆਪਣੇ ਅਤਿ ਦਰਜੇ ਦੇ ਗਰੀਬ ਪਰਿਵਾਰ ਦੀ ਗਰੀਬੀ ਦੂਰ ਕਰਨ ਗਏ ਪਰਿਵਾਰ ਦੇ ਇਕਲੌਤੇ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਬੀਤੇ ਦਿਨੀਂ 70 ਦਿਨਾਂ ਬਾਅਦ ਮਾਹਿਲਪੁਰ ਨਾਲ ਲਗਦੇ ਪਿੰਡ ਹਵੇਲੀ ਵਿਖੇ ਪੁੱਜੀ ਤਾਂ ਸਮੁੱਚੇ ਪਿੰਡ ਸੋਗ ਦੀ ਲਹਿਰ ਵਿੱਚ ਡੁੱਬ ਗਿਆ। ਪੀੜਤ ਲੜਕੇ ਦੇ ਪਰਿਵਾਰ ਅਤੇ ਮੈਂਬਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਅੱਜ ਪਿੰਡ ਹਵੇਲੀ ਵਿਖੇ ਜਦ ਨੌਜਵਾਨ ਦੀ ਲਾਸ਼ ਪਿੰਡ ਪੁੱਜੀ ਤਾਂ ਪਿੰਡ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਪੀੜਤ ਪਰਿਵਾਰ ਦੇ ਘਰ ਜਮ੍ਹਾਂ ਹੋ ਗਏ।
ਉਕਤ ਹਾਦਸਾ ਸਾਊਦੀ ਅਰਬ ਵਿੱਚ ਚਾਰ ਜਨਵਰੀ, 2014 ਨੂੰ ਵਾਪਰਿਆ ਸੀ। ਇਸ ਸਬੰਧ ਵਿੱਚ ਲੜਕੇ ਦੀ ਮਾਂ ਅਤੇ ਭੈਣਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਅੱਜ ਜਦ ਲੜਕੇ ਦੀ ਲਾਸ਼ ਘਰ ਪੁੱਜੀ ਤਾਂ ਪਤਾ ਲੱਗਣ ਤੇ ਮਾਂ ਅਤੇ ਭੈਣਾਂ ਦੇ ਵਰਲਾਪ ਨਾ ਸਹਿਣਯੋਗ ਸਨ। ਮਿ੍ਰਤਕ ਲੜਕੇ ਹਰਕੰਵਲ ਸਿੰਘ ਦੇ ਬਾਬੇ ਗੁਰਦੇਵ ਸਿੰਘ ਅਤੇ ਨਿਧਾਨ ਸਿੰਘ ਸਮੇਤ ਭੂਆ ਕੁਲਵਿੰਦਰ ਕੌਰ ਅਤੇ ਫੁੱਫੜ ਮੋਹਣ ਸਿੰਘ ਨੇ ਦੱਸਿਆ ਕਿ ਹਰਕੰਵਲ ਸਿੰਘ (23) ਨਵੰਬਰ 2013 ਵਿੱਚ ਮੌਤ ਤੋਂ ਤਿੰਨ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਰੋਜ਼ੀ ਰੋਟੀ ਲਈ ਗਿਆ ਸੀ । ਉਸਦੇ ਪਿਤਾ ਰਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰ ਦੀ ਹਾਲਤ ਗਰੀਬੀ ਕਾਰਨ ਬਹੁਤ ਹੀ ਤਰਸਯੋਗ ਸੀ।
ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹਨਾਂ ਰੌਂਦਿਆਂ ਹੋਇਆਂ ਦੱਸਿਆ ਕਿ 4 ਜਨਵਰੀ ਦੀ ਰਾਤ ਨੂੰ ਉਸਦੇ ਕਿਸੇ ਦੋਸਤ ਦਾ ਘਰ ਫੋਨ ਆਇਆ ਕਿ ਹਰਕੰਵਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ ਹੈ । ਉਹਨਾਂ ਉਕਤ ਖਬਰ ਨੂੰ ਉਸਦੇ ਪਰਿਵਾਰ ਨੂੰ ਬਿਨਾਂ ਦੱਸਿਆ ਲਾਸ਼ ਮੰਗਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ ਪ੍ਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਉਹਨਾਂ ਦੱਸਿਆ ਕਿ ਲਗਭਗ 70 ਦਿਨਾਂ ਬਾਅਦ ਉਹ ਮਿ੍ਰਤਕ ਲੜਕੇ ਦੇ ਦੋਸਤਾਂ ਦੀ ਸਹਾਇਤਾ ਨਾਲ ਉਸਦੀ ਲਾਸ਼ ਪਿੰਡ ਲਿਆਉਣ ਵਿੱਚ ਕਾਮਯਾਬ ਹੋ ਸਕੇ। ਉਹਨਾਂ ਦੱਸਿਆ ਕਿ ਹਰਕੰਵਲ ਸਿੰਘ ਉਥੇ ਪਾਣੀ ਵਾਲਾ ਟੈਂਕਰ ਚਲਾਉਣ ਦਾ ਕੰਮ ਕਰਦਾ ਸੀ ਤੇ 4 ਜਨਵਰੀ ਨੂੰ ਉਸਦਾ ਟੈਂਕਰ ਰੋਡ ਤੇ ਅਚਾਨਕ ਪਲਟ ਗਿਆ ਜਿਸ ਸਦਕਾ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।
ਉਸਦੀ ਭੂਆ ਦੀ ਲੜਕੀ ਅਮਨਦੀਪ ਕੌਰ ਨੇ ਉਸਦੇ ਸੜਕ ਹਾਦਸੇ ਵਾਲੀਆਂ ਫੋਟੋਆਂ ਦਿਖਾਉਂਦਿਆਂ ਦੱਸਿਆ ਕਿ ਉਕਤ ਹਾਦਸੇ ਦੀਆਂ ਫੋਟੋਆਂ ਹਰਕੰਵਲ ਸਿੰਘ ਦੇ ਦੋਸਤ ਵਲੋਂ ਉਸਦੇ ਕਹਿਣ ਤੇ ਮੇਲ ਕੀਤੀਆਂ ਗਈਆਂ ਸਨ। ਉਸਨੇ ਦੱਸਿਆ ਕਿ ਹਰਕੰਵਲ ਦੇ ਪਿਤਾ ਦੀ 15 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ । ਉਹ ਘਰ ਦੀ ਦਲਦਲ ਨੂੰ ਦੂਰ ਕਰਨ ਲਈ ਮੌਤ ਤੋਂ ਤਿੰਨ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਜਿਥੇ ਉਸਦੀ ਦਰਦਨਾਕ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੀ ਬਜ਼ੁਰਗ ਮਾਤਾ ਪਰਮਜੀਤ ਕੌਰ ਨੇ ਬੜੀ ਸਖਤ ਮਿਹਨਤ ਉਸਨੂੰ ਵਿਦੇਸ਼ ਭੇਜਿਆ ਸੀ।
ਉਸਦੀ ਭੂਆ ਕੁਲਵਿੰਦਰ ਕੌਰ ਨੇ ਦੱਸਿਆ ਕਿ ਖੁਦ ਕੁਆਰੇ ਹਰਕੰਵਲ ਸਿੰਘ ਦੀਆਂ ਤਿਨ ਭੈਣਾਂ ਵਿੱਚੋਂ ਹਾਲੇ ਇੱਕ ਦਾ ਹੀ ਵਿਆਹ ਕੀਤਾ ਗਿਆ ਹੈ। ਉਹਨਾਂ ਦੇ ਪਰਿਵਾਰ ਦੇ ਸਾਰੇ ਸਪਨੇ ਧਰੇ ਧਰਾਏ ਰਹਿ ਗਏ ਅਤੇ ਲਾਈਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਉਹਨਾਂ ਪੀੜਤ ਪਰਿਵਾਰ ਲਈ ਸਰਕਾਰ ਤੋਂ ਆਰਥਿਕ ਸਹਿਯੋਗ ਦੀ ਮੰਗ ਕੀਤੀ ਹੈ। ਮਿ੍ਰਤਕ ਹਰਕੰਵਲ ਸਿੰਘ ਦਾ ਅੱਜ ਪਿੰਡ ਹਵੇਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰ ਹਾਜ਼ਰ ਸਨ।