ਕੈਂਸਰ ਜਾਗਰੂਕਤਾ ਵਿੱਚ ਮੀਡੀਆ ਦਾ ਯੋਗਦਾਨ - ਹਰਗੁਣਪ੍ਰੀਤ ਸਿੰਘ
Posted on:- 04-02-2014
ਅੱਜ ਵਿਸ਼ਵ ਕੈਂਸਰ ਦਿਵਸ ’ਤੇ ਵਿਸ਼ੇਸ਼
ਸਰੀਰ ਦੇ ਸੈੱਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ਕੈਂਸਰ ਕਿਹਾ ਜਾਂਦਾ ਹੈ।ਸਾਡੇ ਸਰੀਰ ਦੇ ਸੈਲ ਹਰ ਵੇਲੇ ਬਣਦੇ ਟੁੱਟਦੇ ਰਹਿੰਦੇ ਹਨ ਪਰ ਜਦੋਂ ਸਰੀਰ ਦੇ ਕਿਸੇ ਹਿੱਸੇ ਵਿਚ ਸੈੱਲ ਅਨਿਸ਼ਚਿਤ ਰੂਪ ਵਿਚ ਵਧਣ ਲੱਗ ਜਾਣ ਤਾਂ ਉਹ ਕੈਂਸਰ ਬਣ ਜਾਂਦਾ ਹੈ।ਭਾਵੇਂ ਕਿ ਵਿਗਿਆਨ ਹਲੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲਗਾ ਸਕਿਆ ਪਰੰਤੂ ਫੇਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵੱਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਯੂਰੇਨੀਅਮ ਅਤੇ ਥਰਮਲ ਪਲਾਂਟਾਂ ਦੀ ਸੁਆਹ, ਸਾਡਾ ਖਾਣ-ਪੀਣ ਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ।ਪੂਰੀ ਦੁਨੀਆ ਵਿਚ 12 ਫੀਸਦੀ ਮੌਤਾਂ ਕੇਵਲ ਕੈਂਸਰ ਨਾਲ ਹੁੰਦੀਆਂ ਹਨ ਅਤੇ 8 ਮੌਤਾਂ ਵਿਚੋਂ 1 ਮੌਤ ਪਿੱਛੇ ਕੈਂਸਰ ਦਾ ਹੀ ਹੱਥ ਹੁੰਦਾ ਹੈ।
ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਅਨੁਸਾਰ ਸਾਲ 2008 ਵਿਚ ਸੰਸਾਰ ਵਿਚ 12 ਕਰੋੜ 70 ਲੱਖ ਨਵੇਂ ਕੈਂਸਰ ਦੇ ਮਰੀਜ਼ ਆਏ ਜਿਨ੍ਹਾਂ ਦੀ ਗਿਣਤੀ ਸਾਲ 2030 ਤੱਕ ਦੁਗਣੀ ਹੋ ਕੇ 21 ਕਰੋੜ 40 ਲੱਖ ਤੱਕ ਪਹੁੰਚ ਜਾਵੇਗੀ।ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਿਕ ਕੈਂਸਰ ਦਾ ਪ੍ਰਭਾਵ ਅਮੀਰ ਦੇਸ਼ਾਂ ਦੇ ਮੁਕਾਬਲੇ ਗਰੀਬ ਦੇਸ਼ਾਂ ਉਤੇ ਵੱਧ ਇਸ ਕਰਕੇ ਪੈਂਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਕੈਂਸਰ ਦੇ ਸਹੀ ਡਾਕਟਰੀ ਇਲਾਜ ਅਤੇ ਜਾਗਰੂਕਤਾ ਲਈ ਯੋਗ ਪ੍ਰਬੰਧ ਨਹੀਂ ਹੁੰਦੇ।
ਜੇ ਇਹ ਕਿਹਾ ਜਾਵੇ ਕਿ ਪੰਜਾਬ ‘ਕੈਂਸਰ ਕੈਪੀਟਲ’ ਬਣ ਗਿਆ ਹੈ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਅਕਤੂਬਰ ਤੋਂ ਦਸੰਬਰ 2012 ਤੱਕ ਕਰਵਾਏ ਗਏ ਸਰਵੇ ਅਨੁਸਾਰ ਪੰਜਾਬ ਵਿਚ ਇਕ ਲੱਖ ਜਨਸੰਖਿਆ ਪਿੱਛੇ 90 ਕੈਂਸਰ ਦੇ ਮਰੀਜ਼ ਹਨ, ਜਦਕਿ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਜਨਸੰਖਿਆ ਪਿੱਛੇ ਘੱਟ ਕੇ 80 ਰਹਿ ਜਾਂਦੀ ਹੈ।ਇਹ ਸਰਵੇ ਪੰਜਾਬ ਦੇ 217 ਸ਼ਹਿਰਾਂ ਅਤੇ ਕਸਬਿਆਂ, 12,603 ਪਿੰਡਾਂ, 50,53,447 ਘਰਾਂ ਅਤੇ 2,64, 84,434 ਲੋਕਾਂ ਉਤੇ ਕੀਤਾ ਗਿਆ।ਇਹ ਸਰਵੇ ਪੰਜਾਬ ਦੇ ਲਗਭਗ 97.78 ਫੀਸਦੀ ਲੋਕਾਂ ਉਤੇ ਕੀਤਾ ਗਿਆ, ਜਿਸ ਵਿਚੋਂ 23,874 ਲੋਕ ਕੈਂਸਰ ਦੀ ਬੀਮਾਰੀ ਦੀ ਚਪੇਟ ਵਿਚ ਪਾਏ ਗਏ ਹਨ।ਸਰਵੇ ਅਨੁਸਾਰ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਕੈਂਸਰ ਨਾਲ 33,318 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ 14,682 ਮਰੀਜ਼ ਕੇਵਲ ਮਾਲਵਾ ਖੇਤਰ ਦੇ ਹੀ ਸਨ।
ਭਾਵੇਂ ਪੰਜਾਬ ਵਰਤਮਾਨ ਸਮੇਂ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰੰਤੂ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਅਤੇ ਜਾਨਲੇਵਾ ਬਿਮਾਰੀ ਹੈ ਜਿਹੜੀ ਬਹੁਤ ਜਲਦੀ ਫੈਲਦੀ ਹੈ ਅਤੇ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ।ਇਸ ਧਾਰਨਾ ਨੂੰ ਬਦਲਣ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮੀਡੀਆ ਬਹੁਤ ਵਧੀਆ ਰੋਲ ਅਦਾ ਕਰ ਸਕਦਾ ਹੈ।ਅਖਬਾਰਾਂ, ਰਸਾਲਿਆਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਬੁੱਧੀਜੀਵੀਆਂ ਦੇ ਉਪਯੋਗੀ ਲੇਖ, ਡਾਕਟਰਾਂ ਅਤੇ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਦੇ ਇੰਂਟਰਵਿਊ ਦਿਖਾਉਣ ਨਾਲ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਬਦਲੀ ਜਾ ਸਕਦੀ ਹੈ।ਅਸੀਂ ਅਕਸਰ ਦੇਖਦੇ ਹਾਂ ਕਿ ਕੈਂਸਰ ਤੋਂ ਠੀਕ ਹੋ ਚੁੱਕੇ ਬਹੁਤੇ ਲੋਕ ਇਹ ਦੱਸਦੇ ਹੀ ਨਹੀਂ ਕਿ ਉਨ੍ਹਾਂ ਨੂੰ ਕੈਂਸਰ ਸੀ ਅਤੇ ਉਨ੍ਹਾਂ ਕਿਸ ਤਰੀਕੇ ਨਾਲ ਤੇ ਕਿੱਥੋਂ ਇਸ ਦਾ ਇਲਾਜ ਕਰਵਾਇਆ।ਪਰੰਤੂ ਫੇਰ ਵੀ ਕੁਝ ਵਿਅਕਤੀਆਂ ਨੇ ਨਾ ਕੇਵਲ ਇਸ ਬਿਮਾਰੀ ਉਤੇ ਜਿੱਤ ਪ੍ਰਾਪਤ ਕੀਤੀ ਬਲਕਿ ਉਹ ਹੋਰਨਾਂ ਕੈਂਸਰ ਦੇ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਸਾਬਤ ਹੋਏ।ਮਸ਼ਹੂਰ ਹਸਤੀਆਂ ਜਿਵੇਂ ਕ੍ਰਿਕੇਟ ਸਟਾਰ ਯੁਵਰਾਜ ਸਿੰਘ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਡੀ. ਏ. ਵੀ. ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਲਖਬੀਰ ਸਿੰਘ, ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਵਿਦੇਸ਼ੀ ਕਲਾਕਾਰ ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਪੈਗੀ ਫਲੈਮਿੰਗ, ਸ਼ੈਰੋਨ ਓਸਬੌਰਨ, ਮੈਲੀਸਾ ਐਥਰਿਜ, ਓਲਿਵੀਆ ਨਿਊਟਨ ਜੌਹਨ, ਰਾਬਰਟ ਡੀ ਨੀਰੋ, ਸ਼ੈਰਿਲ ਕਰੋਅ, ਟਾਮ ਗਰੀਨ, ਐਡੀ ਫੈਲਕੋ ਆਦਿ ਨੇ ਕੈਂਸਰ ਜਾਗਰੂਕਤਾ ਲਈ ਨਾ ਕੇਵਲ ਮੀਡੀਆ ਦਾ ਸਹੀ ਉਪਯੋਗ ਕੀਤਾ ਬਲਕਿ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਮੁਫਤ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣਾਕੇ ਇਕ ਮਿਸਾਲ ਵੀ ਕਾਇਮ ਕੀਤੀ।
ਯੁਵਰਾਜ ਸਿੰਘ ਦੁਆਰਾ ਪਿਛਲੇ ਸਾਲ ਲਿਖੀ ਗਈ ਪੁਸਤਕ ‘ਦਿ ਟੈਸਟ ਆਫ ਮਾਈ ਲਾਈਫ’ ਉਸਦੇ ਬਿਮਾਰੀ ਦੌਰਾਨ ਕੀਤੇ ਗਏ ਸੰਘਰਸ਼ ਦੀ ਦਾਸਤਾਨ ਬਿਆਨ ਕਰਦੀ ਹੈ ਅਤੇ ਹੋਰਨਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਵੀ ਕੈਂਸਰ ਖਿਲਾਫ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ।ਇਸੇ ਤਰ੍ਹਾਂ ਹੀ ਕੈਂਸਰ ਉਤੇ ਫਤਹਿ ਪ੍ਰਾਪਤ ਕਰਨ ਵਾਲੀਆਂ ਕਈ ਹੋਰ ਸ਼ਖਸੀਅਤਾਂ ਨੇ ਵੀ ਕੈਂਸਰ ਜਾਗਰੂਕਤਾ ਸਬੰਧੀ ਪੁਸਤਕਾਂ ਲਿਖੀਆਂ, ਜਿਵੇਂ ਮਸ਼ਹੂਰ ਖਿਡਾਰੀ ਲਾਂਸ ਆਰਮਸਟਰਾਂਗ ਦੁਆਰਾ ਲਿਖੀ ਕਿਤਾਬ ‘ਇਟਸ ਨੌਟ ਅਬਾਊਟ ਦਾ ਬਾਈਕ:ਮਾਈ ਜਰਨੀ ਬੈਕ ਟੂ ਲਾਈਫ’, ਇਕ ਅੰਤਾਰਰਾਸ਼ਟਰੀ ਇਸ਼ਤਿਹਾਰੀ ਏਜੰਸੀ ਦੇ ਉਪ ਪ੍ਰਧਾਨ ਅਨੂਪ ਕੁਮਾਰ ਵੱਲੋਂ ਲਿਖੀ ਪੁਸਤਕ ‘ਦਿ ਜੌਏ ਆਫ ਕੈਂਸਰ’, ਲੇਖਿਕਾ ਮਿਨਾਕਸ਼ੀ ਚੌਧਰੀ ਵੱਲੋਂ ਲਿਖੀ ਪੁਸਤਕ ‘ਸਨਸ਼ਾਈਨ: ਮਾਈ ਇਨਕਾਊਂਟਰ ਵਿਦ ਕੈਂਸਰ’ ਅਤੇ ਰਾਸ਼ਟਰੀ ਪੱਧਰ ਦੀ ਖਿਡਾਰਨ ਅਤੇ ਲੇਖਿਕਾ ਪ੍ਰੇਰਨਾ ਵਰਮਾ ਦੀ ਪੁਸਤਕ ‘ਪ੍ਰੇਰਨਾ’ ਵੀ ਕੈਂਸਰ ਦੇ ਮਰੀਜ਼ਾਂ ਲਈ ਲਾਹੇਵੰਦ ਸਿੱਧ ਹੋ ਸਕਦੀਆਂ ਹਨ।ਇਨ੍ਹਾਂ ਤੋਂ ਇਲਾਵਾ ਕੁਝ ਵਿਦੇਸ਼ੀ ਲੇਖਕਾਂ ਜੈਕ ਕੈਨਫੀਲਡ, ਮਾਰਕ ਵਿਕਟਰ ਹੈਨਸਨ, ਪੈਟੀ ਔਬਰੀ, ਨੈਨਸੀ ਮਿਸ਼ੇਲ, ਆਰ. ਐਨ. ਅਤੇ ਬਿਵਰਲੀ ਕਿਰਖਾਰਟ ਦੁਆਰਾ ਸੰਪਾਦਿਤ ਅੰਤਰਰਾਸ਼ਟਰੀ ਪੱਧਰ ਦੀ ਮਸ਼ਹੂਰ ਪੁਸਤਕ ‘ਚਿਕਨ ਸੂਪ ਫਾਰ ਦਿ ਕੈਂਸਰ ਸਰਵਾਈਵਰਜ਼ ਸੋਲ’ ਜਿਸ ਵਿਚ 101 ਕੈਂਸਰ ਉਤੇ ਜਿੱਤ ਹਾਸਲ ਕਰਨ ਵਾਲੇ ਵਿਅਕਤੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਅਤੇ ਤਜਰਬੇ ਸ਼ਾਮਲ ਹਨ, ਪੜ੍ਹਨ ਨਾਲ ਇਸ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਦੇ ਮਨਾਂ ਵਿਚ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਣ ਲਈ ਨਵਾਂ ਉਤਸ਼ਾਹ ਪੈਦਾ ਹੋ ਸਕਦਾ ਹੈ।
ਸਾਲ 2012 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਤੋਂ ਐਮ.ਏ ਕਰਦੇ ਹੋਏ ਅਸਿਸਟੈਂਟ ਪ੍ਰੋਫੈਸਰ ਮੈਡਮ ਡਾ. ਹੈਪੀ ਜੇਜੀ ਦੀ ਨਿਗਰਾਨੀ ਹੇਠ ਮੈਂ ‘ਇਮਪੈਕਟ ਆਫ ਮੀਡੀਆ ਅਵੇਅਰਨੈਸ ਔਨ ਕੈਂਸਰ ਪੇਸ਼ੈਂਟਸ’ ਵਿਸ਼ੇ ਉੱਤੇ ਖੋਜ ਨਿਬੰਧ ਲਿਖਿਆ ਜਿਸ ਲਈ ਮੈਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਰੇਡੀਓਥਰੈਪੀ ਵਿਭਾਗ ਦੇ ਮੁਖੀ ਡਾ. ਹਰਜੋਤ ਕੌਰ ਬੱਗਾ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਪੰਜਾਹ ਕੈਂਸਰ ਦੇ ਮਰੀਜ਼ਾਂ ਉੱਤੇ ਸਰਵੇ ਕੀਤਾ ਅਤੇ ਉਨ੍ਹਾਂ ਉੱਤੇ ਵੱਖ-ਵੱਖ ਮੀਡੀਆ ਜਿਵੇਂ ਟੈਲੀਵੀਜ਼ਨ, ਅਖਬਾਰਾਂ, ਰੇਡੀਓ ਅਤੇ ਇੰਟਰਨੈੱਟ ਵੱਲੋਂ ਕੈਂਸਰ ਸਬੰਧੀ ਜਾਗਰੂਕਤਾ ਕਾਰਨ ਪੈ ਰਹੇ ਪ੍ਰਭਾਵਾਂ ਦੀ ਅਹਿਮ ਭੂਮਿਕਾ ਬਾਰੇ ਪਤਾ ਲਗਾਇਆ।ਉਸ ਤੋਂ ਕੁਝ ਅਹਿਮ ਅੰਕੜੇ ਸਾਹਮਣੇ ਆਏ ਜਿਸ ਤੋਂ ਇਹ ਪਤਾ ਚੱਲਿਆ ਕਿ ਜਿੱਥੇ ਪਹਿਲਾਂ ਲੋਕ ਕੈਂਸਰ ਨੂੰ ਨਿਰੀ ਮੌਤ ਸਮਝਦੇ ਸਨ ਉਥੇ ਅਜੋਕੇ ਸਮੇਂ ਵਿਚ ਮੀਡੀਆ ਵੱਲੋਂ ਕੈਂਸਰ ਸਬੰਧੀ ਫੈਲਾਈ ਜਾਗਰੂਕਤਾ ਦੇ ਪ੍ਰਭਾਵ ਸਦਕਾ ਹੁਣ ਕੈਂਸਰ ਦਾ ਇਲਾਜ ਕਰਵਾ ਰਹੇ 96 ਫੀਸਦੀ ਮਰੀਜ਼ ਇਹ ਸੋਚਦੇ ਹਨ ਕਿ ਸਹੀ ਸਮੇਂ ਉਤੇ ਸਹੀ ਡਾਕਟਰੀ ਇਲਾਜ ਕਰਵਾਉਣ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਖੋਜ ਕਾਰਜ ਦੌਰਾਨ ਪ੍ਰਾਪਤ ਹੋਏ ਹੋਰਨਾਂ ਮਹੱਤਵਪੂਰਨ ਅੰਕੜਿਆਂ ਵਿਚ 50 ਫੀਸਦੀ ਕੈਂਸਰ ਪੀੜਤਾਂ ਨੇ ਬਾਕੀ ਮੀਡੀਆ ਦੇ ਸਾਧਨਾਂ ਦੇ ਮੁਕਾਬਲੇ ਅਖਬਾਰਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਨੂੰ ਉੱਤਮ ਮੰਨਿਆ।ਇਸ ਤੋਂ ਇਲਾਵਾ 88 ਫੀਸਦੀ ਮਰੀਜ਼ਾਂ ਨੇ ਮੰਨਿਆ ਕਿ ਕ੍ਰਿਕਟਰ ਯੁਵਰਾਜ ਸਿੰਘ ਦੀ ਕੈਂਸਰ ਉਤੇ ਪਾਈ ਜਿੱਤ ਨੇ ਲੋਕਾਂ ਦੀ ਕੈਂਸਰ ਪ੍ਰਤੀ ਨਕਾਰਾਤਮਕ ਸੋਚ ਨੂੰ ਜ਼ਰੂਰ ਬਦਲਿਆ ਹੋਏਗਾ।ਇਸ ਦੇ ਨਾਲ ਹੀ 72 ਫੀਸਦੀ ਮਰੀਜ਼ਾਂ ਨੇ ਕਿਹਾ ਕਿ ਉਹ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰਕੇ ਮੀਡੀਆ ਦੀ ਸਹਾਇਤਾ ਨਾਲ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਅੱਗੇ ਆਉਣਗੇ।
ਜਦੋਂ ਅਸੀਂ ਆਪਣੇ ਸਾਹਮਣੇ ਕੈਂਸਰ ਤੋਂ ਠੀਕ ਹੋ ਚੁੱਕੇ ਕਿਸੇ ਵਿਅਕਤੀ ਨੂੰ ਮਿਲਦੇ ਹਾਂ ਜਾਂ ਉਸ ਬਾਰੇ ਕਿਸੇ ਅਖਬਾਰ, ਰੇਡੀਓ, ਟੈਲੀਵੀਜ਼ਨ ਜਾਂ ਇੰਟਰਨੈਟ ਉਤੇ ਪੜ੍ਹਦੇ, ਸੁਣਦੇ ਜਾਂ ਦੇਖਦੇ ਹਾਂ ਤਾਂ ਸਾਡੀ ਸੋਚ ਆਪ ਮੁਹਾਰੇ ਹੀ ਸਕਾਰਾਤਮਕ ਹੋ ਜਾਂਦੀ ਹੈ।ਜੇ ਮੈਂ ਆਪਣਾ ਤਜਰਬਾ ਸਾਂਝਾ ਕਰਾਂ ਤਾਂ ਅਪ੍ਰੈਲ 2003 ਨੂੰ ਜਦੋਂ ਮੈਂ ਦਸਵੀਂ ਜਮਾਤ ਵਿਚ ਕਦਮ ਰੱਖਿਆ ਤਾਂ ਮੇਰੇ ਸਕੂਲ ਵੱਲ ਜਾਂਦੇ ਹੋਏ ਕਦਮ ਆਪਣਾ ਮੂੰਹ ਪੀ. ਜੀ. ਆਈ. ਚੰਡੀਗੜ੍ਹ ਵੱਲ ਮੋੜਨ ਲਈ ਮਜਬੂਰ ਹੋ ਗਏ, ਕਿਉਂਕਿ ਡਾਕਟਰੀ ਜਾਂਚ ਅਨੁਸਾਰ ਮੇਰਾ ਸਰੀਰ ਪੂਰੀ ਤਰ੍ਹਾਂ ਬਲੱਡ ਕੈਂਸਰ ਜੈਸੀ ਭਿਅੰਕਰ ਬਿਮਾਰੀ ਦੀ ਲਪੇਟ ਵਿਚ ਆ ਚੁੱਕਾ ਸੀ।ਕੈਮੋਥਰੈਪੀ ਅਤੇ ਰੇਡੀਓਥਰੈਪੀ ਦੇ ਲਗਭਗ ਸਾਢੇ ਤਿੰਨ ਸਾਲ ਚੱਲੇ ਲੰਬੇ ਇਲਾਜ ਦੌਰਾਨ ਤੇਜ਼ ਦਵਾਈਆਂ ਦੇ ਪ੍ਰਭਾਵ ਕਾਰਨ ਜਿੱਥੇ ਮੇਰਾ ਪੜ੍ਹਾਈ ਦਾ ਇਕ ਸਾਲ ਖਰਾਬ ਹੋ ਗਿਆ ਸੀ ਉਥੇ ਮੈਂ ਬਾਕੀ ਦੇ ਤਿੰਨ ਸਾਲ ਵੀ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਿਆ।ਇਲਾਜ ਦੇ ਪਹਿਲੇ ਸਾਲ ਦੌਰਾਨ ਤਾਂ ਮੇਰੇ ਅਤੇ ਮੇਰੇ ਪਰਿਵਾਰ ਲਈ ਦਿਨ ਤੇ ਰਾਤ ਦਾ ਅੰਤਰ ਹੀ ਮੁੱਕ ਗਿਆ ਸੀ।ਸਾਡਾ ਇਕ ਪੈਰ ਪਟਿਆਲੇ ਹੁੰਦਾ ਸੀ ਤੇ ਦੂਜਾ ਚੰਡੀਗੜ੍ਹ।ਇਸ ਉਲਝੇਵਿਆਂ ਭਰੇ ਰੁਝੇਵੇਂ ਕਾਰਨ ਮੈਂ ਮਾਰਚ 2004 ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਨਹੀਂ ਸੀ ਬੈਠ ਸਕਿਆ।ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਇਲਾਜ ਦੇ ਪੂਰੇ ਸਮੇਂ ਦੌਰਾਨ ਪੜ੍ਹਾਈ ਦਾ ਖਿਆਲ ਆਪਣੇ ਦਿਮਾਗ ਵਿਚੋਂ ਕੱਢ ਕੇ ਪੂਰੀ ਤਰ੍ਹਾਂ ਆਰਾਮ ਕਰਾਂ, ਪਰੰਤੂ ਮੈਨੂੰ ਪਹਿਲਾਂ ਖਰਾਬ ਹੋਇਆ ਸਾਲ ਹੀ ਚੁੱਭ ਰਿਹਾ ਸੀ।ਉਸ ਸਮੇਂ ਮੈਨੂੰ ਇਉਂ ਲੱਗ ਰਿਹਾ ਸੀ ਕਿ ਮੈਂ ਸ਼ਾਇਦ ਇਸ ਤੋਂ ਅੱਗੇ ਨਹੀਂ ਪੜ੍ਹ ਪਾਵਾਂਗਾ।ਪਰੰਤੂ 28 ਮਈ 2004 ਨੂੰ ਇਕ ਅਖਬਾਰ ਵਿਚ ਛਪੀ ਖਬਰ ਨੇ ਮੈਨੂੰ ਵਿਸ਼ੇਸ਼ ਤੌਰ ਉਤੇ ਉਤਸ਼ਾਹਿਤ ਕੀਤਾ, ਜਿਸ ਵਿਚ ਚੰਡੀਗੜ੍ਹ ਦੇ ਇਕ ਵਿਦਿਆਰਥੀ ਗਗਨ ਈਸ਼ਵਰ ਸਿੰਘ ਨੇ ਹੱਡੀਆਂ ਦਾ ਕੈਂਸਰ ਹੋਣ ਦੇ ਬਾਵਜੂਦ ਵੀ ਦਸਵੀਂ ਜਮਾਤ ਵਿਚ 65 ਫੀਸਦੀ ਅੰਕ ਲਏ ਸਨ।ਮੈਂ ਸੋਚਿਆ ਕਿ ਜੇ ਇਹ ਬੱਚਾ ਇੰਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਪੜ੍ਹਾਈ ਜਾਰੀ ਰੱਖਦਾ ਹੋਇਆ ਇੰਨੇ ਅੰਕ ਪ੍ਰਾਪਤ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਅੱਗੇ ਪੜ੍ਹਾਈ ਕਰ ਸਕਦਾ।
ਇਸ ਖਬਰ ਤੋਂ ਮਿਲੀ ਪ੍ਰੇਰਨਾ ਸਦਕਾ ਮੈਂ ਜ਼ਿੱਦ ਕਰਕੇ ਦੁਬਾਰਾ ਸਕੂਲ ਵਿਚ ਦਾਖਲਾ ਲੈ ਲਿਆ।ਸਰੀਰਕ ਕਮਜ਼ੋਰੀ ਅਤੇ ਸਖਤ ਦਵਾਈਆਂ ਦੇ ਪ੍ਰਭਾਵ ਕਾਰਨ ਭਾਵੇਂ ਮੈਂ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਦਾ, ਪ੍ਰੰਤੂ ਜਦੋਂ ਵੀ ਸਿਹਤ ਆਗਿਆ ਦਿੰਦੀ ਸੀ, ਸਕੂਲ ਜਾ ਕੇ ਅਧਿਆਪਕ ਸਾਹਿਬਾਨ ਦੇ ਖਾਲੀ ਪੀਰੀਅਡਾਂ ਵਿਚ ਉਨ੍ਹਾਂ ਤੋਂ ਲੋੜੀਂਦੀ ਅਗਵਾਈ ਹਾਸਲ ਕਰ ਲੈਂਦਾ ਸੀ।ਦੇਖਦੇ ਹੀ ਦੇਖਦੇ ਸਮਾਂ ਲੰਘਦਾ ਗਿਆ ਤੇ ਮਾਰਚ 2005 ਦੀ ਪ੍ਰੀਖਿਆ ਆਰੰਭ ਹੋ ਗਈ।ਪਰਮਾਤਮਾ ਦੀ ਕਿਰਪਾ ਅਤੇ ਆਪਣੇ ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਸਾਰੇ ਇਮਤਿਹਾਨ ਦਿੱਤੇ ਗਏ।ਜਦੋਂ ਨਤੀਜਾ ਆਇਆ ਤਾਂ ਸਾਡੇ ਘਰ ਅਤੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਦਾ ਕਾਰਨ ਇਹ ਸੀ ਕਿ ਮੈਂ ਬਹੁਤ ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਸਵੀਂ ਵਿਚ 78.46 ਫੀਸਦੀ ਅੰਕ ਪ੍ਰਾਪਤ ਕਰ ਲਏ ਸਨ।ਪੰਜਾਬ ਦੇ ਕਈ ਉੱਚ ਕੋਟੀ ਦੇ ਅਖਬਾਰਾਂ ਨੇ ਮੇਰੀ ਇਸ ਪ੍ਰਾਪਤੀ ਨੂੰ ਇਕ ਅਸਾਧਾਰਣ-ਪ੍ਰਾਪਤੀ ਦੀ ਸੰਗਿਆ ਦਿੱਤੀ ਸੀ।ਇਸ ਸਫ਼ੳਮਪ;ਲਤਾ ਨੇ ਮੇਰੇ ਵਿਚ ਇੰਨਾ ਆਤਮ ਵਿਸ਼ਵਾਸ ਅਤੇ ਹਿੰਮਤ ਭਰ ਦਿੱਤੀ ਕਿ ਮੈਂ ਗਿਆਰ੍ਹਵੀਂ ਜਮਾਤ ਤੋਂ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਤੱਕ ਲਗਾਤਾਰ ਫਸਟ ਆਉਣ ਦੇ ਨਾਲ-ਨਾਲ ਵੱਖ-ਵੱਖ ਰਾਜ, ਕੌਮੀ ਅਤੇ ਜ਼ਿਲਾ੍ਹ ਪੱਧਰ ਦੇ ਲੇਖ, ਸੁਲੇਖ, ਚਿੱਤਰਕਲਾ, ਦਸਤਾਰ ਸਜਾਉਣ ਅਤੇ ਗੁਰਮਤਿ ਸਬੰਧੀ ਮੁਕਾਬਲਿਆਂ ਵਿਚ ਲਗਭਗ ਪੰਜਾਹ ਉੱਚ ਦਰਜੇ ਦੇ ਇਨਾਮ ਜਿੱਤੇ।
ਇਸ ਤੋਂ ਇਲਾਵਾ ਮੈਂ ਪਿਛਲੇ ਦਸ ਸਾਲਾਂ ਦੌਰਾਨ ਵੱਖ-ਵੱਖ ਉੱਚ ਕੋਟੀ ਦੇ ਪੰਜਾਬੀ ਅਖ਼ਬਾਰਾਂ ਲਈ ਤਿੰਨ ਸੌ ਦੇ ਕਰੀਬ ਪ੍ਰੇਰਕ ਰਚਨਾਵਾਂ ਲਿਖੀਆਂ ਅਤੇ ਸਾਲ 2008 ਵਿਚ ਇਕ ਕਿਤਾਬ ‘ਮੁਸੀਬਤਾਂ ਤੋਂ ਨਾ ਘਬਰਾਓ’ ਵੀ ਲਿਖੀ ਜਿਸਨੂੰ ਮੈਂ ਵੱਖ ਵੱਖ ਖੇਤਰਾਂ ਦੀਆਂ ਲਗਭਗ 600 ਸ਼ਖਸੀਅਤਾਂ ਨੂੰ ਭੇਂਟ ਕਰਨ ਤੋਂ ਇਲਾਵਾ ਕਈ ਕੈਂਸਰ ਦੇ ਮਰੀਜ਼ਾਂ ਨੂੰ ਵੀ ਮੁਫਤ ਭੇਂਟ ਕਰ ਚੁੱਕਾ ਹਾਂ।ਮੈਂ ਜਿੱਥੇ ਸੋਸ਼ਲ ਨੈਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ, ਬਲਾਗ, ਵਟਸਅਪ ਆਦਿ ਉਤੇ ਅਕਸਰ ਆਪਣੀਆਂ ਕੈਂਸਰ ਜਾਗਰੂਕਤਾ ਸਬੰਧੀ ਰਚਨਾਵਾਂ ਛਾਪਦਾ ਰਹਿੰਦਾ ਹਾਂ ਉਥੇ ‘ਯੂ ਟਿਊਬ’ ਉਤੇ ਵੀ ਇਸ ਵਿਸ਼ੇ ਸਬੰਧੀ ਕਈ ਪ੍ਰੇਰਨਾਦਾਇਕ ਵੀਡੀਓ ਅਤੇ ਇੰਟਰਵਿਊ ਸਾਂਝੇ ਕਰਦਾ ਰਹਿੰਦਾ ਹਾਂ ਜਿਸਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ ਕੋਈ ਵੀ ਲੋੜਵੰਦ ਇਨਸਾਨ ਆਸਾਨੀ ਨਾਲ ਦੇਖ ਕੇ ਲਾਭ ਉਠਾ ਸਕਦਾ ਹੈ।ਇਸ ਸਭ ਨਾਲ ਜਿੱਥੇ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਿਮਾਰੀ ਨਾਲ ਲੜਨ ਦਾ ਹੌਂਸਲਾ ਮਿਲਦਾ ਹੈ ਉਥੇ ਆਮ ਲੋਕਾਂ ਵਿਚ ਵੀ ਇਹ ਜਾਗਰੂਕਤਾ ਆਉਂਦੀ ਹੈ ਕਿ ਜੇਕਰ ਸਹੀ ਡਾਕਟਰੀ ਇਲਾਜ ਅਤੇ ਸਕਾਰਾਤਮਕ ਸੋਚ ਨਾਲ ਕੈਂਸਰ ਦਾ ਮੁਕਾਬਲਾ ਕੀਤਾ ਜਾਵੇ ਤਾਂ ਇਸ ਬਿਮਾਰੀ ਨੂੰ ਜ਼ਰੂਰ ਹਰਾਇਆ ਜਾ ਸਕਦਾ ਹੈ।