Sat, 12 October 2024
Your Visitor Number :-   7231819
SuhisaverSuhisaver Suhisaver

ਮਿਟਦੀ ਜਾ ਰਹੀ ਹੈ ‘ਪਛਾਣ’ ਸ਼ਹਿਰ ਸੰਗਰੂਰ ਦੀ -ਵਿਕਰਮ ਸਿੰਘ ਸੰਗਰੂਰ

Posted on:- 05-05-2012

suhisaver

‘ਪਛਾਣ’ ਨਾਂ ਦਾ ਲਫ਼ਜ਼ ਜਦ ਵੀ ਜ਼ਿਹਨ ’ਚ ਆਉਂਦਾ ਹੈ ਤਾਂ ਮੋਹਨ ਭੰਡਾਰੀ ਦੀ ਕਹਾਣੀ ‘ਦੋਸ਼ੀ’ ਵਿਚਲੇ ਪਾਤਰ ਦੇ ਕਹੇ ਲਫ਼ਜ਼ ਚੇਤੇ ਆ ਜਾਂਦੇ ਹਨ “ਮੈਂ ਸੜਕ ’ਤੇ ਮਰਨਾ ਪਸੰਦ ਕਰਦਾ ਹਾਂ।ਹਨੇਰੇ ‘ਚ ਮੇਰੀ ਲਾਸ਼ ਪਈ ਹੋਵੇ।ਲੋਕ ਮੇਰੇ ਮੂੰਹ ’ਤੇ ਬੈਟਰੀਆਂ ਦਾ ਚਾਨਣ ਸੁੱਟਣ ਤੇ ਪਛਾਣਨ ਦੀ ਕੋਸ਼ਿਸ਼ ਕਰਨ। ਡਰੇ ਤੇ ਚਿੰਤਾ ‘ਚ ਡੁੱਬੇ ਹੋਏ। ਮੇਰੀ ਖ਼ੁਸ਼ੀ ਇਸੇ 'ਚ ਹੈ। ਮਰਨ ਤੋਂ ਪਿੱਛੋਂ ਤਾਂ ਪਛਾਨਣਗੇ ਹੀ ਨਾ।" ਖ਼ੈਰ ਇਹ ਤਾਂ ਇੱਕ ਅਜਿਹੇ ਆਮ ਆਦਮੀ ਦੀ ਹੀ ਕਹਾਣੀ ਸੀ ਜਿਸ ਨੂੰ ਆਪਣੀ ਪਛਾਣ ਇਸ ਹੱਦ ਤੱਕ ਪਿਆਰੀ ਸੀ ਕਿ ਉਹ ਇਸ ਲਈ ਆਪਣੀ ਜਾਨ ਤੱਕ ਦੇਣ ਲਈ ਵੀ ਤਿਆਰ ਸੀ। ਪਰ ਜਦ ਕਹਾਣੀ ਸ਼ਹਿਰ ਸੰਗਰੂਰ ਵਾਲਿਆਂ ਦੀ ਪਛਾਣ ਦੀ ਤੁਰਦੀ ਹੈ ਤਾਂ ਇਸ ਦੀ ਸ਼ੁਰੂਆਤ ਬੇਸ਼ੱਕ ਰਾਜਾ ਰਘਬੀਰ ਸਿੰਘ ਦੀ ਰਹਿਨੁਮਾਈ ਹੇਠ ਬਣੇ ਵੱਡੇ-ਵੱਡੇ ਦਰਵਾਜ਼ਿਆਂ, ਖ਼ੂਬਸੂਰਤ ਸਰੋਵਰਾਂ, ਕਿਲ੍ਹਿਆਂ, ਡਿਊਢੀਆਂ, ਸ਼ਾਹੀ ਸਮਾਧਾਂ, ਸਕੂਲਾਂ, ਮਹਿਲਾਂ, ਬਾਗ਼ਾਂ ਤੇ ਉਨ੍ਹਾਂ ’ਚ ਲੱਗੇ ਦਿਲਕਸ਼ ਫੁਹਾਰਿਆਂ, ਫ਼ੁੱਲਾਂ ਦੀਆਂ ਸ਼ੋਖ਼ੀਆਂ ਤੇ ਖ਼ੁਸ਼ਬੂ ਨਾਲ ਹੁੰਦੀ ਹੈ, ਪਰ ਇਸ ਦਾ ਅੰਤ ਇਨ੍ਹਾਂ ਸਭ ਸ਼ਨਾਖ਼ਤਾਂ ਦੇ ਹੌਲੀ-ਹੌਲੀ ਮਿਟਨ ਨਾਲ ਹੁੰਦਾ ਹੈ।



ਜੇਕਰ ਸ਼ਹਿਰ ਸੰਗਰੂਰ ਦੇ ਇਤਿਹਾਸਕ ਵਰਕਿਆਂ ਨੂੰ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੰਗਰ ਨਾਂ ਦੇ ਇੱਕ ਵਿਅਕਤੀ ਨੇ ਇਸ ਸ਼ਹਿਰ ਨੂੰ ਅੱਜ ਤੋਂ ਲੱਗਭਗ 400 ਸਾਲ ਤੋਂ ਵੀ ਪਹਿਲਾਂ ਆਬਾਦ ਕੀਤਾ ਸੀ। ਮੇਰੇ ਸਤਿਕਾਰਯੋਗ ਅਧਿਆਪਕ ਅਤੇ ਉਰਦੂ ਦੇ ਪ੍ਰਸਿੱਧ ਕਹਾਣੀਕਾਰ ਜਨਾਬ ਕ੍ਰਿਸ਼ਨ ਬੇਤਾਬ ਜੀ ਦੇ ਅਨੁਸਾਰ ਇਸ ਇਲਾਕੇ ਦੀ ਜ਼ਮੀਨ ’ਚੋਂ ਸੰਗ ਭਾਵ ਪੱਥਰਾਂ ਵਰਗੇ ਰੋੜੇ ਨਿਕਲਦੇ ਹੁੰਦੇ ਸਨ ਜਿਸ ਤੋਂ ਇਸ ਇਲਾਕੇ ਦਾ ਨਾਂ ‘ਸੰਗਰੋੜ’ ਪ੍ਰਚੱਲਿਤ ਹੋ ਗਿਆ ਜੋ ਹੌਲੀ-ਹੌਲੀ ਸੰਗਰੋੜ ਤੋਂ ਸੰਗਰੂਰ ਬਣ ਗਿਆ।

ਸ਼ਹਿਰ ਸੰਗਰੂਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਲਈ ਰਾਜਾ ਰਘਬੀਰ ਸਿੰਘ ਦੇ ਕਹਿਣ ’ਤੇ ਉਸ ਦਾ ਦੀਵਾਨ ਉੱਤਮ ਸਿੰਘ 1860 ’ਚ ਜੈਪੁਰ ਦਾ ਨਕਸ਼ਾ ਲੈ ਕੇ ਆਇਆ। ਜਿਸ ਨੂੰ ਆਧਾਰ ਬਣਾ ਕੇ ਹੀ ਇਸ ਸ਼ਹਿਰ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ।ਸ਼ਹਿਰ ਦੀ ਹਿਫ਼ਾਜ਼ਤ ਲਈ ਇਸ ਨੂੰ ਡੱਬੀ ਵਾਂਗਰ ਬੰਦ ਕਰਨ ਵਾਸਤੇ ਚਾਰ ਵੱਡੇ-ਵੱਡੇ ਲੱਕੜ ਅਤੇ ਲੋਹੇ ਦੇ ਬਣੇ ਮਜ਼ਬੂਤ ਦਰਵਾਜ਼ਿਆਂ ਦੀ ਉਸਾਰੀ ਸ਼ਹਿਰ ‘ਚ ਬਣਾਈਆਂ ਸੜਕਾਂ ਦੀ ਮੁੱਕਦੀ ਹੱਦ ’ਤੇ ਕੀਤੀ ਗਈ।ਇਨ੍ਹਾਂ ਦਰਵਾਜ਼ਿਆਂ ਦੇ ਨਾਂ ਵੀ ਉਨ੍ਹਾਂ ਕਸਬਿਆਂ ਨੂੰ ਜਾਂਦੀਆਂ ਸੜਕਾਂ ਦੇ ਨਾਵਾਂ ’ਤੇ ਹੀ ਮੁਕੱਰਰ ਕੀਤੇ ਗਏ ਜਿਵੇਂ ਪਟਿਆਲਾ ਵੱਲ ਜਾਂਦੀ ਸੜਕ ਦਾ ਨਾਂ ਪਟਿਆਲਾ ਦਰਵਾਜ਼ਾ, ਨਾਭਾ ਵੱਲ ਜਾਂਦੀ ਸੜਕ ’ਤੇ ਬਣੇ ਦਰਵਾਜ਼ੇ ਦਾ ਨਾਂ ਨਾਭਾ ਦਰਵਾਜ਼ਾ ਅਤੇ ਧੂਰੀ ਤੇ ਸੁਨਾਮ ਵੱਲ ਜਾਂਦੀ ਸੜਕ ’ਤੇ ਬਣੇ ਦਰਵਾਜ਼ਿਆਂ ਦਾ ਨਾਂ ਧੂਰੀ ਦਰਵਾਜ਼ਾ ਤੇ ਸੁਨਾਮ ਦਰਵਾਜ਼ਾ।ਭਾਵੇਂ ਕਿ ਇਹ ਰਸਤੇ ਅੱਜ ਵੀ ਇਨ੍ਹਾਂ ਦਰਵਾਜ਼ਿਆਂ ਦੇ ਨਾਵਾਂ ਨਾਲ ਹੀ ਜਾਣੇ ਜਾਂਦੇ ਹਨ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਹ ਦਰਵਾਜ਼ੇ ਤਾਂ ਇੱਕ ਪਾਸੇ ਰਹੇ ਅੱਜ ਇਨ੍ਹਾਂ ਦਰਵਾਜ਼ਿਆਂ ਦੀਆਂ ਟੁੱਟੀਆਂ ਸੰਗੀਨਾਂ ਦੇ ਨਿਸ਼ਾਨ ਤੱਕ ਵੀ ਕਿੱਧਰੇ ਦੇਖਣ ਨੂੰ ਨਹੀਂ ਮਿਲਦੇ।ਇਨ੍ਹਾਂ ਚਾਰ ਦਰਵਾਜ਼ਿਆਂ ਤੋਂ ਬਿਨਾਂ ਸ਼ਹਿਰ ’ਚ ਤਿੰਨ ਹੋਰ ਦਰਵਾਜ਼ੇ ਵੀ ਸਨ ਜਿਨ੍ਹਾਂ ’ਚੋਂ ਦੋ ਦਰਵਾਜ਼ਿਆਂ ਦੀਆਂ ਗੁਮਨਾਮ ਦੀਵਾਰਾਂ ਮੰਡੀ ਗਲੀ ’ਚ ਅੱਜ ਆਖ਼ਰੀ ਸਾਹ ਲੈ ਰਹੀਆਂ ਹਨ।ਤੀਸਰਾ ਫਿਰਨੀ ਰੋਡ ’ਤੇ ਸਥਿਤ ਇੱਕ ਅਜਿਹਾ ਦਰਵਾਜ਼ਾ ਸੀ ਜੋ ਸਿਰਫ਼ ਸੰਕਟਕਾਲੀ ਸਥਿਤੀ ’ਚ ਹੀ ਖੁੱਲ੍ਹਦਾ ਸੀ, ਪਰ ਅੱਜ ਉੱਚੇ ਮਕਾਨਾਂ ’ਚ ਲੁੱਕੀਆਂ ਹੋਈਆਂ ਉਸ ਦੀਆਂ ਕੰਧਾਂ ਖ਼ੁਦ ਆਪਣੀ ਹਿਫ਼ਾਜ਼ਤ ਨੂੰ ਤਰਸ ਰਹੀਆਂ ਹਨ।ਘਰ ਦੀ ਪਛਾਣ ਤੇ ਉਸ ਦੀ ਹਿਫ਼ਾਜਤ ਤਾਂ ਉਸ ਦੇ ਬਾਹਰ ਲੱਗੇ ਦਰਵਾਜ਼ਿਆਂ ਨਾਲ ਹੀ ਹੁੰਦੀ ਹੈ ਜੇਕਰ ਇਹ ਦਰਵਾਜ਼ੇ ਹੀ ਤੋੜ ਦਿੱਤੇ ਜਾਣ ਤਾਂ ਇਸ ਦੀ ਹਿਫ਼ਾਜ਼ਤ ਤੇ ਪਛਾਣ ਦੀ ਸੰਭਾਵਨਾ ਵੀ ਕਿਵੇਂ ਕੀਤੀ ਜਾ ਸਕਦੀ ਹੈ?

ਇਨ੍ਹਾਂ ਚਾਰ ਦਰਵਾਜ਼ਿਆਂ ਨਾਲ ਹੀ ਮਹਾਰਾਜਾ ਰਘਬੀਰ ਸਿੰਘ ਨੇ ਚਾਰ ਗੁਰਦੁਆਰਿਆਂ, ਖ਼ੂਬਸੂਰਤ ਗੁੰਬਦਾਂ ਵਾਲੇ ਮੰਦਰਾਂ ਅਤੇ ਚਾਰ ਸਰੋਵਰਾਂ ਦਾ ਨਿਰਮਾਣ ਵੀ ਕਰਵਾਇਆ। ਗੁਰਦੁਆਰੇ ਅਤੇ ਮੰਦਰ ਤਾਂ ਅਜੇ ਵੀ ਸਲਾਮਤ ਹਨ ਪਰ ਉਹ ਸਰੋਵਰ ਜਿਨ੍ਹਾਂ ਚ ਕਦੇ ਸ਼ੀਸ਼ੇ ਵਰਗਾ ਸਾਫ਼ ਪਾਣੀ ਹੁੰਦਾ ਸੀ, ਜੋ ਸੂਰਜ ਨਿਕਲਣ ਵੇਲੇ ਬਨਾਰਸ ਦੀ ਸਵੇਰ ਦਾ ਭੁਲੇਖਾ ਪਾਉਂਦੇ ਸਨ ਅੱਜ ਉਹ ਫ਼ਕਤ ਕੂੜਾ ਸਾਂਭਣ ਵਾਲੇ ਟੋਏ ਬਣ ਕੇ ਰਹਿ ਗਏ ਹਨ। ਅੱਜ ਤੋਂ 109 ਸਾਲ ਪਹਿਲਾਂ ਮਹਾਰਾਜਾ ਰਘਬੀਰ ਸਿੰਘ ਨੇ ਸ਼ਹਿਰ ਦੇ ਬੜੇ ਚੌਂਕਚ ਜਿਹੜੇ ਕਾਊਟੈਂਸ ਮਿੰਟੋ ਗਰਲਜ਼ ਸਕੂਲ ਦੀ ਆਲੀਸ਼ਾਨ ਇਮਾਰਤ ਨੂੰ ਬਣਵਾਉਣ ਲਈ ਕਈ ਸਾਲ ਲਗਾ ਦਿੱਤੇ ਸਨ ਉਸ ਨੂੰ ਕੁਝ ਹੀ ਵਰ੍ਹੇ ਪਹਿਲਾਂ ਮਾਲ ਦੇ ਰੂਪ ਚ ਤਬਦੀਲ ਕਰਨ ਦੀ ਸੋਚ ਨੇ ਸ਼ਰੇ ਬਾਜ਼ਾਰ ਢਾਹ ਕੇ ਕੁਝ ਹੀ ਦਿਨਾਂ ਚ ਪੱਧਰਾ ਮੈਦਾਨ ਬਣਾ ਦਿੱਤਾ ਤੇ ਕਿਸੇ ਨੇ ਹਾਅ ਦਾ ਨਾਅਰਾਤੱਕ ਨਾ ਮਾਰਿਆ।



ਸ਼ਹਿਰ ਸੰਗਰੂਰ ਚ ਨਾਭਾ ਦਰਵਾਜ਼ੇ ਦੇ ਬਾਹਰ ਤੇ ਮਨਸਾ ਦੇਵੀ ਮੰਦਰ ਦੇ ਬਿਲਕੁੱਲ ਨੇੜੇ ਮਹਾਰਾਜਾ ਰਘਬੀਰ ਸਿੰਘ ਨੇ ਸ਼ਾਹੀ ਸਮਾਧਾਂ ਦਾ ਨਿਰਮਾਣ ਵੀ ਕਰਵਾਇਆ ਜਿੱਥੇ ਸ਼ਾਹੀ ਮ੍ਰਿਤਕ ਸਰੀਰਾਂ ਦਾ ਸੰਸਕਾਰ ਬੜੇ ਹੀ ਅਦਬ ਨਾਲ ਕੀਤਾ ਜਾਂਦਾ ਸੀ। ਮਹਾਰਾਜਾ ਨੇ ਇਸ ਥਾਂ ਨੂੰ ਅਤਿ ਦਰਜੇ ਦਾ ਸੁੰਦਰ ਬਣਾਉਣ ਲਈ ਕਸਰ ਤੱਕ ਨਾ ਛੱਡੀ। ਇਨ੍ਹਾਂ ਸਮਾਧਾਂ ਦੇ ਅੰਦਰ ਕੀਤੀ ਗਈ ਸੂਖ਼ਮ ਮੀਨਾਕਾਰੀ ਮਿਸਰ ਚ ਬਣੇ ਮਕਬਰਿਆਂ ਦੀ ਯਾਦ ਦਵਾਉਂਦੀ ਹੈ। ਉਹ ਸ਼ਾਹੀ ਸਮਾਧਾਂ ਜਿੱਥੇ ਕਦੀ ਸ਼ਾਹੀ ਮ੍ਰਿਤਕ ਸਰੀਰਾਂ ਦੀ ਯਾਦ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ ਅੱਜ ਉਸ ਜਗ੍ਹਾ ਦਾ ਤਰਸਣਯੋਗ ਮੰਜ਼ਰ ਦੇਖ ਕੇ ਅੱਖਾਂ ਚੋਂ ਹੰਝੂ ਮੱਲੋ-ਮੱਲੀ ਕਿਰ ਆਉਂਦੇ ਹਨ। ਸੰਗਮਰਮਰ ਦੇ ਬਣੇ ਉਹ ਬੋਰਡ ਜਿਨ੍ਹਾਂ ਤੇ ਉਕਰੇ ਲਫ਼ਜ਼ ਮਹਾਰਾਜਿਆਂ ਦੇ ਜਨਮ ਮਰਨ ਦੀ ਜਾਣਕਾਰੀ ਦਿੰਦੇ ਸਨ ਉਹ ਮਲਵੇ ਦੇ ਢੇਰ ਚ ਹੀ ਗੁਆਚ ਗਏ ਹਨ। ਸ਼ਾਹੀ ਸਮਾਧਾਂ ਦੀਆਂ ਕੰਧਾਂ ਤੇ ਕੀਤੀ ਹਸਤਕਲਾ ਚ ਤਰੇੜਾਂ ਆ ਗਈਆਂ ਹਨ। ਸ਼ਾਹੀ ਰੂਹਾਂ ਤਾਂ ਇੱਥੇ ਉੱਗੇ ਲੰਮੇ ਘਾਹ ਚ ਹੀ ਕਿੱਧਰੇ ਗੁੰਮ ਹੋ ਕੇ ਰਹਿ ਗਈਆਂ ਹਨ। ਸਮਾਧਾਂਚ ਦਫ਼ਨ ਮੋਹਰਾਂ ਦੇ ਲਾਲਚ ਸਦਕਾ ਚੋਰਾਂ ਨੇ ਇਸ ਨੂੰ ਜਾਨਵਰਾਂ ਦੀ ਤਰ੍ਹਾਂ ਪੁੱਟ ਕੇ ਘੋਰਨੇ ਬਣਾ ਦਿੱਤੇ ਹਨ। ਉਹ ਮਹਾਰਾਜੇ ਜਿਨ੍ਹਾਂ ਦੇ ਨਾਂ ਦਾ ਸਿੱਕਾ ਕਦੀ ਸਾਰੀ ਰਿਆਸਤੇ ਜੀਂਦ ਚ ਚਲਦਾ ਸੀ ਅੱਜ ਉਨ੍ਹਾਂ ਦੀ ਪਛਾਣ ਇਸ ਸ਼ਹਿਰ ਦੇ ਇੱਕ ਕੋਨੇ ਚ ਕਿਸੇ ਗ਼ਰੀਬ ਦੇ ਹੱਕਾਂ ਵਾਂਗਰ ਦੱਬ ਕੇ ਰਹਿ ਗਈ ਹੈ।


ਕਿਸੇ ਵੇਲੇ ਸ਼ਹਿਰ ਸੰਗਰੂਰ ਨੂੰ ਬਾਗ਼ਾਂ ਦੇ ਸ਼ਹਿਰਦੇ ਨਾਂ ਨਾਲ ਜਾਣਿਆਂ ਜਾਂਦਾ ਸੀ। ਸੂਰਜ ਦੀ ਨਿਕਲਦੀ ਪਹਿਲੀ ਕਿਰਨ ਜਦੋਂ ਇੱਥੋਂ ਦੇ ਲਾਲ ਬਾਗ਼, ਸ਼ੀਰੀ ਬਾਗ਼, ਮਹਿਤਾਬ ਬਾਗ਼, ਕਿਸ਼ਨ ਬਾਗ਼, ਆਫ਼ਤਾਬ ਬਾਗ਼ ਤੇ ਬਨਾਸਰ ਬਾਗ਼ ਤੇ ਪੈਂਦੀ ਸੀ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਟਿਕੀਆਂ ਹੀ ਰਹਿ ਜਾਂਦੀਆਂ ਸਨ। ਪਰ ਇਹ ਤਾਂ ਗੱਲ ਕਿਸੇ ਵੇਲੇਦੀ ਸੀ ਅੱਜ ਤਾਂ ਸਿਵਾਏ ਬਨਾਸਰ ਬਾਗ਼ ਦੇ ਇਨ੍ਹਾਂ ਸਾਰੇ ਬਾਗ਼ਾਂ ਦਾ ਨਾਮ ਓ ਨਿਸ਼ਾਨ ਇਸ ਤਰ੍ਹਾਂ ਮਿਟਾ ਦਿੱਤਾ ਗਿਆ ਹੈ ਕਿ ਇਹ ਸਿਰਫ ਬਜ਼ੁਰਗਾਂ ਦੀਆਂ ਦਿਲ ਪਰਚਾਉ ਕਹਾਣੀਆਂ ਦਾ ਹੀ ਹਿੱਸਾ ਬਣ ਕੇ ਰਹਿ ਗਏ ਹਨ। ਬਚ ਬਚਾ ਕੇ ਇਸ ਬਾਗ਼ਾਂ ਦੇ ਸ਼ਹਿਰਦੀ ਆਖ਼ਰੀ ਪਛਾਣ ਦਾ ਚਿੰਨ੍ਹ ਬਨਾਸਰ ਬਾਗ਼ ਹੀ ਬਚਦਾ ਹੈ ਜਿਸ ਦੀ ਨੁਹਾਰ ਵੀ ਹੁਣ ਦਿਨੋਂ ਦਿਨ ਫਿੱਕੀ ਪੈਂਦੀ ਜਾ ਰਹੀ ਹੈ। ਸ਼ਹਿਰ ਵਿੱਚ ਰਹਿੰਦੇ ਲੋਕਾਂ ਘਰ ਜਦੋਂ ਵੀ ਕੋਈ ਮਹਿਮਾਨ ਆਉਂਦਾ ਸੀ ਤਾਂ ਉਹ ਇਸ ਬਾਗ਼ ਵਿਚ ਲੱਗੇ ਫ਼ੁਹਾਰਿਆਂ, ਫੁੱਲਾਂ ਤੇ ਸੰਗਮਰਮਰ ਦੀ ਬਣੀ ਬਾਰਾਂਦਰੀ ਦਾ ਚਰਚਾ ਕਰਦੇ ਨਹੀਂ ਸਨ ਥੱਕਦੇ। ਇਸ ਬਾਗ਼ ਦੇ ਨਾਂ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਪਹਿਲਾਂ ਬਨ ਸੀ ਜਿਸ ਦੇ ਨਾਲ-ਨਾਲ ਇੱਕ ਸਰ ਭਾਵ ਤਲਾਅ ਵਗਦਾ ਹੁੰਦਾ ਸੀ ਪਰ ਇਸ ਦੀ ਅਜੋਕੀ ਹਾਲਤ ਨੇ ਤਾਂ ਇਸ ਦੇ ਨਾਂ ਦੇ ਮਾਅਨੇ ਹੀ ਬਦਲ ਕੇ ਰੱਖ ਦਿੱਤੇ ਹਨ। ਬਾਗ਼ ਚ ਲੱਗੇ ਇਟਲੀ ਅਤੇ ਫ਼ਰਾਂਸ ਤੋਂ ਲਿਆਂਦੇ ਫ਼ੁਹਾਰਿਆਂ ਚੋਂ ਨਿਕਲਦਾ ਪਾਣੀ ਕਿਸੇ ਵੇਲੇ ਵੇਖਣ ਵਾਲਿਆਂ ਦੇ ਮਨਾਂ ਨੂੰ ਮੱਲੋ-ਮੱਲੀ ਹੋਰ ਵੀ ਪਿਆਸਾ ਕਰ ਦਿੰਦਾ ਸੀ ਪਰ ਅੱਜ ਉਹ ਫ਼ੁਹਾਰੇ ਖ਼ੁਦ ਪਿਆਸੇ ਦਮ ਤੋੜ ਰਹੇ ਹਨ।




ਬਾਗ਼ ਚ ਵੜਦਿਆਂ ਹੀ ਕਿਸੇ ਸਮੇਂ ਜਿਹੜੇ ਲੰਮੇ ਤਾੜ ਦੇ ਦਰਖ਼ਤ ਹਰ ਆਉਣ ਵਾਲੇ ਨੂੰ ਝੁੱਕ ਕੇ ਸਜਦਾ ਕਰਦੇ ਪ੍ਰਤੀਤ ਹੁੰਦੇ ਸਨ ਅੱਜ ਉਨ੍ਹਾਂ ਦਾ ਇਹ ਅਦਬੀ ਕਾਰਜ ਜਿਵੇਂ ਕੰਡਿਆਂ ਦੇ ਸੁੱਕੇ ਝਾੜਾਂ ਦੇ ਜਿੰਮੇ ਆ ਗਿਆ ਹੈ। ਉਹ ਚਿੜੀਆਂ ਦਾ ਚਹਿਚਹਾਉਣਾ ਤੇ ਕਾਲੀ ਦੇਵੀ ਦੇ ਮੰਦਰ ਚ ਵੱਜਦੀਆਂ ਘੰਟੀਆਂ ਦਾ ਸੰਗੀਤ ਜੋ ਇੱਥੋਂ ਦੇ ਦਰਖ਼ਤਾਂ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਇਸ ਤਰ੍ਹਾਂ ਮਸਤ ਕਰ ਦਿੰਦਾ ਸੀ ਕਿ ਉਹ ਸ਼ਾਮ ਦਾ ਵੇਲਾ ਵੀ ਸੱਜਰੀ ਸਵੇਰ ਦਾ ਅਹਿਸਾਸ ਕਰਵਾਉਂਦਾ ਸੀ, ਪਰ ਅੱਜ ਉਹ ਸੰਗੀਤ ਇਸ ਉੱਚੀਆਂ ਆਵਾਜ਼ਾਂ ਵਾਲੇ ਸ਼ਹਿਰ ਚ ਕਿੱਧਰੇ ਗੁੰਮ ਹੋ ਗਿਆ ਜਾਪਦਾ ਹੈ। ਟਾਹਣੀਆਂ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗੇ ਸੁੱਕੇ ਫੁੱਲ ਵੀ ਜਿਵੇਂ ਅੱਜ ਆਖ਼ਰੀ ਦੁਹਾਈ ਦਿੰਦੇ ਕਹਿ ਰਹੇ ਹੋਣ ਡਾਲੀ ਨਾਲੋਂ ਨਾ ਤੋੜ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਕਿੱਥੇ ਗਈਆਂ ਉਹ ਮਹਿਕਾਂ ਵੰਡਦੀਆਂ ਹੱਟਾਂ? ਸ਼ਾਇਦ ਬਾਗ਼ ਚ ਫੈਲੇ ਸਿਗਰਟਾਂ ਦੇ ਧੂੰਏ ਨੇ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਜੰਦਰੇ ਲੱਗਾ ਦਿੱਤੇ ਹਨ।




ਬਾਗ਼ ਦੇ ਬਿਲਕੁੱਲ ਵਿਚਕਾਰ ਬਣੀ ਸੰਗਮਰਮਰ ਦੀ ਬਾਰਾਂਦਰੀ ਮੁਗ਼ਲ ਇਮਾਰਤੀ ਕਲਾ ਦਾ ਅਜਿਹਾ ਬੇਹਤਰੀਨ ਨਮੂਨਾ ਹੈ ਜੋ ਰਾਤ ਨੂੰ ਚੰਨ ਦੀ ਰੌਸ਼ਨੀ ਚ ਤਾਜ ਮਹਿਲ ਦਾ ਭੁਲੇਖਾ ਪਾਉਂਦੀ ਹੈ ਪਰ ਸੰਭਾਲ ਦੀ ਅਣਹੋਂਦ ਦਾ ਖ਼ਮਿਆਜ਼ਾ ਇਸ ਸੂਖ਼ਮ ਕਲਾ ਨੂੰ ਵੀ ਭੋਗਣਾ ਪੈ ਰਿਹਾ ਹੈ।ਇਸ ਚ ਬਣੀਆਂ ਬੁਰਜੀਆਂ, ਜਾਲੀਆਂ, ਗੁੰਬਦਾਂ ਦੀ ਸ਼ਾਨ ਦਿਨੋਂ ਦਿਨ ਤਹਿਸ ਨਹਿਸ ਹੋ ਰਹੀ ਹੈ। ਆਖ਼ਿਰ ਕੀ ਸੁਨੇਹਾ ਦੇ ਰਹੀਆਂ ਹਨ ਇਸ ਦੇ ਗੁੰਬਦਾਂ ਹੇਠਾਂ ਟੁੱਟੀਆਂ ਪਈਆਂ ਮੂਰਤਾਂ? ਇੱਕ ਮਾਂ ਦੀ ਮੂਰਤ ਨੂੰ ਉਸ ਦੇ ਦੁੱਧ ਪੀਂਦੇ ਬੱਚੇ ਦੀ ਮੂਰਤ ਨਾਲੋਂ ਤੋੜ ਕੇ ਅਲੱਗ ਕਰਨਾ ਦੁੱਧ ਰਿੜਕਦੀ ਮੁਟਿਆਰ ਦੀ ਮੂਰਤ ਦੇ ਨੇਤਰੇ ਦਾ ਟੁੱਟਿਆ ਹੋਣਾਸ਼ਇਦ ਮਿਟਦੀ ਤਹਿਜ਼ੀਬ ਦੀ ਆਖ਼ਰੀ ਨਿਸ਼ਾਨੀ ਦੇ ਨਵੇਂ ਅਰਥਾਂ ਨੂੰ ਬਿਆਨ ਕਰਦੀ ਹੈ ਤਸਵੀਰ ਇਸ ਬਾਰਾਂਦਰੀ ਦੀ।




20 ਅਗਸਤ, 1995 ਦਾ ਉਹ ਦਿਨ ਜਦੋਂ ਕਾਲੂ ਤੇ ਮੰਨਾ ਨਾਂ ਦੇ ਐਥਲੀਟ ਆਪਣੇ ਕੋਚ ਬਲਵੰਤ ਨਾਲ ਨੈਸ਼ਨਲ ਕੈਂਪ ਟਾਟਾ ਨਗਰ ਜਮਸ਼ੇਦਪੁਰ ਚ ਸ਼ਹਿਰ ਸੰਗਰੂਰ ਦੀ ਵੱਖਰੀ ਪਛਾਣ ਬਣਾ ਕੇ ਪਰਤ ਰਹੇ ਸਨ ਤਾਂ ਫ਼ਿਰੋਜ਼ਾਬਾਦ ਕੋਲ ਹੋਏ ਇਕ ਰੇਲ ਹਾਦਸੇ ਦੌਰਾਨ ਉਹ ਸ਼ਹੀਦੀ ਪਾ ਗਏ। ਉਨ੍ਹਾਂ ਦੀ ਯਾਦ ਨੂੰ ਬਰਕਰਾਰ ਰੱਖਦਿਆਂ ਬਨਾਸਰ ਬਾਗ਼ ਚ ਬਣੇ ਸਟੇਡੀਅਮ ਨਾਲ ਇੱਕ ਸਮਾਰਕ ਬਣਾਇਆ ਗਿਆ।ਇਨ੍ਹਾਂ ਸ਼ਹੀਦਾਂ ਦੇ ਮਾਪਿਆਂ ਦੀਆਂ ਭਾਵਨਾਵਾਂ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਹੋਣੇ ਕਿ ਲੋਕਾਂ ਨੇ ਇਸ ਸਮਾਰਕ ਨੂੰ ਕ੍ਰਿਕਟ ਦੀਆਂ ਵੀਕਟਾਂ ਦਾ ਰੂਪ ਦੇ ਦਿੱਤਾ।ਗੇਂਦਾਂ ਦੇ ਪੈ ਰਹੇ ਦਾਗ਼ਾਂ ਨੇ ਸਮਾਰਕ ਦੇ ਨਾਲ-ਨਾਲ ਸ਼ਹੀਦਾਂ ਦੀ ਪਛਾਣ ਨੂੰ ਵੀ ਮਲੀਨ ਕਰ ਕੇ ਰੱਖ ਦਿੱਤਾ ਹੈ।



ਸ਼ਹਿਰ ਸੰਗਰੂਰ ਵਾਲਿਆਂ ਦੀ ਮਿਟਦੀ ਪਛਾਣ ਦੀ ਕਹਾਣੀ ਦਾ ਅੰਤ ਸਿਰਫ਼ ਇੱਥੋਂ ਦੇ ਬਾਗ਼ਾਂ, ਮਹਿਲਾਂ ,ਸਕੂਲਾਂ, ਦਰਵਾਜ਼ਿਆਂ ਦੇ ਮਿਟਨ ਤੱਕ ਹੀ ਮਹਦੂਦ ਨਹੀਂ ਰਿਹਾ ਸਗੋਂ ਇਹ ਵਿਰਾਸਤੀ ਪਛਾਣ ਦਾ ਅੰਤ ਅੱਜ ਕੱਲ੍ਹ ਇੱਥੋਂ ਦੀ ਜ਼ਿਲ੍ਹਾ ਲਾਇਬ੍ਰੇਰੀ ਨੂੰ ਵੀ ਘੇਰ ਕੇ ਬੈਠਾ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਲਾਇਬ੍ਰੇਰੀਅਨ ਦੀ ਅਣਹੋਂਦ ਕਾਰਨ ਇੱਥੋਂ ਦਾ ਕਿਤਾਬੀ ਵਿਭਾਗ ਮੈਂਬਰਾਂ ਦੇ ਹੱਥਾਂ ਦੀ ਛੋਹ ਤੱਕ ਨੂੰ ਤਰਸ ਰਿਹਾ ਹੈ। ਇਸ ਲਾਇਬ੍ਰੇਰੀ ਚ ਕਈ ਹਜ਼ਾਰਾਂ ਦੁਰਲੱਭ ਤੇ ਕੀਮਤੀ ਕਿਤਾਬਾਂ ਦਾ ਖ਼ਜ਼ਾਨਾ ਸਾਂਭਿਆ ਪਿਆ ਹੈ ਜੋ ਦਿਨੋਂ ਦਿਨ ਧੂੜ ਮਿੱਟੀ ਕਾਰਨ ਖ਼ਤਮ ਹੋਣ ਦੇ ਕੰਢੇ ਤੇ ਹੈ। ਉਹ ਦਿਨ ਸ਼ਾਇਦ ਹੁਣ ਦੂਰ ਨਹੀਂ ਹੈ ਜਿਸ ਦਿਨ ਸ਼ਹਿਰ ਸੰਗਰੂਰ ਦੀ ਇਨ੍ਹਾਂ ਕਿਤਾਬਾਂ ਚ ਲਿਖੀ ਪਛਾਣ ਦੇ ਅੱਖਰ ਵੀ ਮਿਟ ਜਾਣਗੇ।

ਰਿਆਸਤੇ ਜੀਂਦ ਦੀ ਰਾਜਧਾਨੀ ਸੰਗਰੂਰ ਜਿਸ ਚ ਬਣੇ ਕਿਲ੍ਹਿਆਂ ਤੇ ਮਹਿਲਾਂ ਦੀਆਂ ਬੁਰਜੀਆਂ ਤੇ ਕਦੀ ਮਹਾਰਾਜਾ ਰਘਬੀਰ ਸਿੰਘ ਦੀ ਹਕੂਮਤ ਦਾ ਝੰਡਾ ਝੁਲਦਾ ਸੀ ਅੱਜ ਉਸ ਜਗ੍ਹਾ ਸਿਵਾਏ ਖੰਡਰਾਂ ਦੇ ਕੁਝ ਵੀ ਨਹੀਂ ਮਿਲਦਾ।ਸੰਗਰੂਰ ਦੀ ਤਾਂ ਪਛਾਣ ਹੀ ਮਿਟਾ ਦਿੱਤੀ ਗਈ ਹੈ।




(ਲੇਖਕ 'ਸੂਹੀ ਸਵੇਰ' ਦੇ ਉੱਪ ਸੰਪਾਦਕ ਹਨ।)


ਈਮੇਲ: [email protected]

Comments

hardev

{puratan vibag walea nu muft de tankah milde e , lok he bachaun is nu hun}

jagjot

vikram gud aaaaaaaaaa

Ricky

vikram bai ji tusi taan great ho sahi gal hai bai ji sare hi lok puranian cheezan nu bhulde ja rahe ha

n s sidhu

ਬਣਾਉਣ ਵਾਲੇ ਨੇ ਇਹ ਸਭ ਕੁਛ ਆਪਣੀ ਖ੍ਸ਼ੀ ਲਈ ਕੀਤਾ ਸੀ, ਜੇ ਆਉਣ ਵਾਲੇ ਸਮੇ ਦੀ ਪਹਿਚਾਨ ਰਖੀ ਹੁਦੀ ਤਾ ਇਹਨਾ ਦੀ ਥਾ ਪੜਾਈ ਤੇ ਖਰਚ ਕੀਤਾ ਹੁੰਦਾ ਤਾ ਓਹ ਬਾਗ ਕਦੀ ਉਝ੍ੜਨਾ ਨਹੀ ਸੀ|

ਰਾਜੀ ਸਿੰਘ

ਕੱਚੀ ਸਿਆਹੀ ਨਾਲ ਲਿਖੀ ਹੋਊ

gagan

punjab de har virasti shehhr da haal eho e jiii

Ricky

Gagan pa ji par sudharan wala koi taanhona cahida hai pher vi chodo lokan nu ehsas karwana vi boht wadi gal hai

g.preet saini preet(pbi. poetess)

veer ji sagrur shahir lai ena jaankari bhrpoor lekh zindgi ch pahili var padhan nu milia.jio.. krishan betaab uncle nu mera aadaab kahina..preet

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ