Sun, 13 October 2024
Your Visitor Number :-   7232288
SuhisaverSuhisaver Suhisaver

ਆਰਕੈਸਟਰਾ ਕੁੜੀਆਂ ਦੀ ਅਣਕਹੀ ਦਾਸਤਾਨ - ਗੁਰਤੇਜ ਸਿੱਧੂ

Posted on:- 16-01-2016

suhisaver

ਪਿਛਲੇ ਦਿਨੀਂ ਇੱਕ ਮਸ਼ਹੂਰ ਡਾਕਟਰ ਦੋਸਤ ਦੀ ਸ਼ਾਦੀ ‘ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ।ਮੇਰਾ ਦਿਲ ਬਾਗੋ ਬਾਗ ਹੋ ਗਿਆ ਸੀ ਕਿ ਇਸ ਮਿੱਤਰ ਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੀ ਮੇਰੇ ਜਿਹੇ ਆਮ ਇਨਸਾਨ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਕਿਉਂਕਿ ਅਕਸਰ ਲੋਕ ਅਜਿਹੀ ਸਥਿਤੀ ਵਿੱਚ ਧਰਤੀ ਤੋਂ ਪੈਰ ਛੱਡ ਦਿੰਦੇ ਹਨ।ਖੈਰ ਸ਼ਾਦੀ ਬਹੁਤ ਧੂਮ ਧਾਮ ਨਾਲ ਹੋਈ, ਸ਼ਰਾਬ ਕਬਾਬ ਦੇ ਨਾਲ ਨਾਲ ਆਰਕੈਸਟਰਾ ਨੇ ਵੀ ਧੂਮ ਮਚਾ ਰੱਖੀ ਸੀ।ਸਟੇਜ ਉੱਤੇ ਆਰਕੈਸਟਰਾ ਕੁੜੀਆਂ ਦੇ ਨਾਲ ਬਰਾਤੀ ਸੱਜਣਾਂ ਦੀ ਬੜੀ ਭੀੜ ਉੱਮੜੀ ਹੋਈ ਸੀ ਜੋ ਵਿਆਹ ਦੇ ਜਸ਼ਨ ਨੂੰ ਬੜੀ ਖੁੱਲ ਦਿਲੀ ਨਾਲ ਮਨਾ ਰਹੇ ਸਨ।ਆਰਕੈਸਟਰਾ ਕੁੜੀਆਂ ਦਾ ਹੱਥ ਫੜ ਕੇ ਨੱਚਣਾ ਤੇ ਪੈਸਿਆਂ ਦੀ ਬਰਸਾਤ ਬੇਰੋਕ ਹੋ ਰਹੀ ਸੀ।ਮੈਨੂੰ ਵੀਆਈਪੀ ਕੁਰਸੀ ਬਖਸ਼ੀ ਗਈ ਅਤੇ ਕੁਝ ਸਮੇਂ ਬਾਅਦ ਦੋਸਤ ਦੀ ਰਿਸ਼ਤੇਦਾਰੀ ‘ਚੋਂ ਕੁਝ ਮੁੰਡੇ ਮੈਨੂੰ ਜ਼ਬਰਦਸਤੀ ਸਟੇਜ ‘ਤੇ ਚੜਾਉਣ ਲਈ ਖਿੱਚ ਧੂਹ ਕਰਨ ਲੱਗੇ।ਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਮੈਂ ਸਟੇਜ ਉੱਪਰ ਚੰਦ ਪਲਾਂ ਲਈ ਜਾਣ ਵਾਸਤੇ ਰਾਜ਼ੀ ਤਾਂ ਹੋ ਗਿਆ, ਪਰ ਮੈਂ ਕਿਹਾ ਕਿ ਮੈਂ ਕਿਸੇ ਕੁੜੀ ਦਾ ਹੱਥ ਫੜ ਕੇ ਨਹੀਂ ਨੱਚਾਂਗਾ, ਅਗਰ ਨੱਚਣਾ ਹੈ ਤਾਂ ਸਟੇਜ ਦੇ ਸਾਹਮਣੇ ਨੱਚ ਲਵਾਂਗਾ।

ਸਟੇਜ ‘ਤੇ ਧੱਕੇ ਨਾਲ ਮੈਂਨੂੰ ਲੈ ਹੀ ਗਏ ਤੇ ਉਨ੍ਹਾਂ ਨੇ ਇੱਕ ਆਰਕੈਸਟਰਾ ਲੜਕੀ ਦੇ ਕੰਨ ‘ਚ ਕੁਝ ਕਿਹਾ।ਉਸ ਕੁੜੀ ਨੇ ਅੱਖਾਂ ਨਾਲ ਇਸ਼ਾਰਾ ਕੀਤਾ ਕਿ ਇੱਥੇ ਆਕੇ ਨੱਚ ਲਉ।ਜਲਦੀ ਜਲਦੀ ਮੈਂ ਹੇਠਾਂ ਉੱਤਰ ਆਇਆ ਤੇ ਕੁਰਸੀ ‘ਤੇ ਬੈਠ ਗਿਆ।ਹੁਣ ਸਾਹਮਣੇ ਜੋ ਕੁਝ ਮੈਂ ਦੇਖਿਆ ਤਾਂ ਮੇਰੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ।

ਇੱਕ 60-65 ਸਾਲ ਦਾ ਆਦਮੀ ਆਰਕੈਸਟਰਾ ਲੜਕੀ ਜਿਸ ਦੀ ਉਮਰ 20-22 ਸਾਲ ਹੋਵੇਗੀ,ਉਸਦਾ ਹੱਥ ਫੜਨ ਲਈ ਬੇਤਾਬ ਸੀ ਅਤੇ ਅਸ਼ਲੀਲ ਗਾਲ੍ਹਾਂ ਕੱਢ ਰਿਹਾ ਸੀ।ਜਿਸ ਗੀਤ ‘ਤੇ ਸਾਰੇ ਨੱਚ ਰਹੇ ਸਨ ਉਸਦੀ ਸ਼ਬਦਾਵਲੀ ਦਾ ਕਹਿਣਾ ਹੀ ਕੀ ਸੀ “ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜਲੀ ਡਾਕਾ ਤਾਂ ਨਹੀਂ ਮਾਰਿਆ”।ਸਾਹਮਣੇ ਬੈਠੀਆਂ ਔਰਤਾਂ ਵਿੱਚ ਉਨ੍ਹਾਂ ਦੀਆਂ ਮਾਵਾਂ ਭੈਣਾਂ ਵੀ ਹੋਣਗੀਆਂ ਤੇ ਸ਼ਾਇਦ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਹੋਣਗੀਆਂ ਕਿ ਸਾਡੇ ਬੱਚੇ ਆਹ ਕੀ ਕਰ ਰਹੇ ਹਨ।

ਮੈਂ ਸੋਚ ਰਿਹਾ ਸੀ ਕਿ ਜੋ ਲੋਕ ਆਪਣਿਆਂ ਸਾਹਮਣੇ ਔਰਤਾਂ ਨਾਲ ਅਜਿਹੀਆਂ ਹਰਕਤਾਂ ਕਰ ਰਹੇ ਹਨ, ਉਨ੍ਹਾਂ ਦੀ ਗੈਰ ਮੌਜੂਦਗੀ ‘ਚ ਤਾਂ ਪਤਾ ਨਹੀਂ ਕੀ ਕਰਦੇ ਹੋਣਗੇ।ਗਾਇਕ,ਗੀਤਕਾਰ ਅਤੇ ਆਰਕੈਸਟਰਾ ਵਾਲਿਆਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ, ਪਰ ਇਸ ਚਿੱਟੀ ਦਾਹੜੀ ਵਾਲੇ ਨੂੰ ਤਾਂ ਸ਼ਰਮ ਚਾਹੀਦੀ ਸੀ, ਜੋ ਆਪਣੀ ਪੋਤੀ ਦੀ ਉਮਰ ਦੀ ਲੜਕੀ ਨਾਲ ਘਟੀਆ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ।ਇਹ ਸਭ ਦੇਖ ਕੇ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਕਿ ਲੋਕ ਕਿਹੋ ਜਿਹੇ ਕੰਮਾਂ ‘ਤੇ ਉੱਤਰ ਆਏ ਹਨ।ਸਾਡੇ ਪੁਰਖਿਆਂ ਨੇ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਲਲਕਾਰ ਕੇ ਦੂਜਿਆਂ ਦੀਆਂ ਬੇਪੱਤ ਕਰੀਆਂ ਜਾ ਰਹੀਆਂ ਧੀਆਂ ਭੈਣਾਂ ਨੂੰ ਉਸਦੇ ਚੁੰਗਲ ‘ਚੋਂ ਛੁਡਾਇਆ ਸੀ।ਅੱਜ ਉਹ ਬਜ਼ੁਰਗ ਮੈਨੂੰ ਅਬਦਾਲ਼ੀ ਅਤੇ ਉਹ ਸਾਰੇ ਲੜਕੇ ਉਸਦੀ ਫੌਜ ਜਾਪ ਰਹੇ ਸਨ ਜੋ ਉਨ੍ਹਾਂ ਆਰਕੈਸਟਰਾ ਕੁੜੀਆਂ ਨੂੰ ਸ਼ਰੇਆਮ ਬੇਪੱਤ ਕਰਨ ਦੀ ਤਾਕ ਵਿੱਚ ਸਨ।

ਉਦੋਂ ਤਾਂ ਸਾਡੇ ਬਹਾਦਰ ਪੁਰਖੇ ਉਨ੍ਹਾਂ ਮਜਲੂਮ ਔਰਤਾਂ ਦੇ ਹੱਕ ਵਿੱਚ ਪਹਾੜ ਵਾਂਗ ਅੜੇ ਹੋਏ ਸਨ ਪਰ ਅੱਜ ਇਨ੍ਹਾਂ ਦੇ ਹੱਕ ਵਿੱਚ ਖੜਾ ਮੈਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਉਹ ਬੇਸਹਾਰਾ ਬੱਚਿਆਂ ਦੀ ਤਰ੍ਹਾਂ ਜਾਪ ਰਹੀਆਂ ਸਨ।ਪਤਾ ਨਹੀਂ ਕਿਉਂ ਮੈਂਨੂੰ ਉਸ ਕੁੜੀ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਸਨੇ ਇਹ ਕੰਮ ਸ਼ੌਂਕ ਨਾਲ ਨਹੀਂ ਕਿਸੇ ਮਜਬੂਰੀ ਕਰਕੇ ਅਪਣਾਇਆ ਹੈ।ਆਖਿਰ ‘ਚ ਮੈਂ ਉਸ ਆਰਕੈਸਟਰਾ ਕੁੜੀ ਨੂੰ ਪੁੱਛ ਹੀ ਲਿਆ ਇਸ ਲਾਚਾਰੀ ਦੀ ਕੀ ਵਜ੍ਹਾ ਰਹੀ ਹੈ।ਪਹਿਲਾਂ ਤਾਂ ਉਸਨੇ ਹੱਸ ਕੇ ਗੱਲ ਟਾਲ ਦਿੱਤੀ ਜਦ ਮੈਂ ਉਸਨੂੰ ਭੈਣ ਕਿਹਾ ਤਾਂ ਉਸਦੀਆਂ ਅੱਖਾਂ ਭਰ ਆਈਆਂ।ਉਸਨੇ ਰੋਂਦੇ ਹੋਏ ਦੱਸਿਆ ਵੀਰ ਜੀ ਮੇਰਾ ਬਾਪ ਕਾਫੀ ਸਮਾਂ ਪਹਿਲਾਂ ਮਰ ਗਿਆ ਸੀ ਤੇ ਭਰਾ ਨਸ਼ੇੜੀ ਹੈ।ਉਹ ਸਾਨੂੰ ਮਾਵਾਂ ਧੀਆਂ ਨੂੰ ਕੁੱਟਦਾ ਮਾਰਦਾ ਹੈ।ਘਰ ਦਾ ਗੁਜ਼ਾਰਾ ਚਲਾਉਣ ਲਈ ਮੈਂ ਇੱਕ ਜਾਣਕਾਰ ਔਰਤ ਦੇ ਜਰੀਏ ਇੱਕ ਆਰਕੈਸਟਰਾ ਗਰੁੱਪ ‘ਚ ਅਜਿਹਾ ਸ਼ਾਮਿਲ ਹੋਈ ਬਸ ਇਹ ਦਲਦਲ ਜੋਗੀ ਰਹਿ ਗਈ ਹਾਂ।ਚਿਹਰੇ ‘ਤੇ ਨਕਲੀ ਮੁਸਕਾਨ ਰੱਖ ਕੇ ਵਹਿਸ਼ੀ ਲੋਕਾਂ ਦੀਆਂ ਜਿਆਦਤੀਆਂ ਸਹਿਣੀਆਂ ਪੈਦੀਆਂ ਹਨ।ਸਰੀਰ ਦੇ ਨਾਲ ਨਾਲ ਰੂਹ ਤੱਕ ਜ਼ਖਮੀ ਆ ਵੀਰ ਜੀ ਹੁਣ ਕੀ ਕੀ ਦੱਸਾਂ ਤੁਹਾਨੂੰ ਮੈਂ, ਉਸ ਕੁੜੀ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਇਹ ਸੱਚ ਹੈ ਕਿ ਅਜੋਕੇ ਦੌਰ ਅੰਦਰ ਘਰ ਚਲਾਉਣਾ ਬੜੀ ਮੁਸ਼ੱਕਤ ਦਾ ਕੰਮ ਹੈ।ਇਨ੍ਹਾਂ ਆਰਕੈਸਟਰਾ ਕੁੜੀਆਂ ਬਾਰੇ ਇਹ ਗੱਲ ਚਿੰਤਾਜਨਕ ਹੈ ਕਿ ਇਹ ਜ਼ਿਆਦਾਤਰ ਵਿਚਾਰੀਆਂ ਘਰ ਦੀ ਗਰੀਬੀ ਜਾਂ ਹੋਰ ਮਜਬੂਰੀਆਂ ਕਾਰਨ ਇਨ੍ਹਾਂ ਆਰਕੈਸਟਰਾ ਗਰੁੱਪਾਂ ‘ਚ ਸ਼ਾਮਿਲ ਹੋ ਜਾਂਦੀਆਂ ਹਨ ਅਤੇ ਅਜਿਹੀ ਗੰਦੀ ਦਲਦਲ ਵਿੱਚ ਉਲਝ ਜਾਦੀਆਂ ਹਨ, ਜਿੱਥੋਂ ਚਾਹ ਕੇ ਬਾਹਰ ਨਹੀਂ ਨਿਕਲ ਪਾਉਂਦੀਆਂ।ਦਲਾਲਾਂ ਦੇ ਹੱਥੇ ਚੜ ਕੇ ਇਨ੍ਹਾਂ ਤੋਂ ਨੱਚਣ ਗਾਉਣ ਦੇ ਨਾਂਅ ‘ਤੇ ਜਿਸਮਫਰੋਸ਼ੀ ਕਰਵਾਈ ਜਾਦੀ ਹੈ।ਇਨ੍ਹਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ,ਬਾਕੀ ਸਾਰੇ ਪੈਸੇ ਪ੍ਰਬੰਧਕ ਅਤੇ ਦਲਾਲ ਚੱਟ ਕਰ ਜਾਦੇ ਹਨ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਅੱਸੀ ਫੀਸਦੀ ਲੜਕੀਆਂ ਆਪਣੀ ਕਿਸੇ ਮਜਬੂਰੀ ਕਾਰਨ ਅਜਿਹੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।

ਇਹ ਤਾਂ ਮਜਬੂਰੀ ਵੱਸ ਅਜਿਹਾ ਕਰ ਰਹੀਆਂ ਹਨ, ਪਰ ਅਸੀ ਲੋਕਾਂ ਨੇ ਕਿਉਂ ਸ਼ਰਮ ਲਾਹ ਰੱਖੀ ਹੈ।ਔਰਤ ਨੂੰ ਅਸੀਂ ਸਿਰਫ ਭੋਗ ਵਿਲਾਸ ਦੀ ਵਸਤੂ ਕਿਉਂ ਸਮਝ ਰੱਖਿਆ ਹੈ।ਅਜੋਕੀ ਔਰਤ ਚਾਹੇ ਹਰ ਖੇਤਰ ‘ਚ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਪਰ ਉਸਦੀ ਸੁਰੱਖਿਆ ਅਜੇ ਵੀ ਸ਼ੱਕ ਦੇ ਘੇਰੇ ਹੇਠ ਹੈ।ਆਰਕੈਸਟਰਾ ਕੁੜੀਆਂ ਨੱਚਣ ਗਾਉਣ ਦਾ ਕੰਮ ਕਰਨ ਕਰਕੇ ਜਿਆਦਤੀ ਰੂਪੀ ਮਨੋਰੰਜਨ ਦਾ ਸਾਧਨ ਬਣਦੀਆਂ ਹਨ ਪਰ ਦਫਤਰਾਂ ਜਾਂ ਖੇਤਾਂ ‘ਚ ਮਜਦੂਰੀ ਕਰਨ ਵਾਲੀ ਔਰਤ ਵੀ ਕਿੰਨੀ ਕੁ ਸੁਰੱਖਿਅਤ ਹੈ, ਇਸਨੂੰ ਬਿਆਨਣ ਦੀ ਲੋੜ ਨਹੀਂ ਕਿਉਂਕਿ ਸਮਾਜ ‘ਚ ਰਹਿੰਦੇ ਹੋਏ ਅਸੀ ਸਭ ਕੁ ਦੇਖਦੇ ਅਤੇ ਮਹਿਸੂਸ ਕਰਦੇ ਹਾਂ।ਉਨ੍ਹਾਂ ਦਾ ਮਾਲਕ ਜਾਂ ਵਹਿਸ਼ੀ ਲੋਕ ਸਦਾ ਹੀ ਉਨ੍ਹਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਣ ਦੀ ਤਾਕ ‘ਚ ਰਹਿੰਦੇ ਹਨ।

ਇੱਥੇ ਉਨ੍ਹਾਂ ਔਰਤਾਂ ਨੂੰ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਜੋ ਆਰਕੈਸਟਰਾ ਜਾਂ ਹੋਰ ਮਨੋਰੰਜਨ ਦੇ ਖੇਤਰ ਨੂੰ ਆਪਣਾ ਰੁਜ਼ਗਾਰ ਬਣਾਉਣਾ ਚਾਹੁੰਦੀਆਂ ਹਨ।ਬਹੁਤ ਸੋਚ ਵਿਚਾਰ ਕੇ ਇੱਧਰ ਪੈਰ ਪਾਉਣ।ਇੱਥੇ ਤੁਹਾਡੀਆਂ ਮਜਬੂਰੀਆਂ ਦਾ ਲਾਹਾ ਲੈਣ ਵਾਲੇ ਲੋਕਾਂ ਦੀ ਭੀੜ ਬਹੁਤ ਜਿਆਦਾ ਹੈ।ਸਮਾਜ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤੇ ਅਜਿਹਾ ਮਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਕਿਸੇ ਦੇ ਰੁਜ਼ਗਾਰ ਨੂੰ ਵੀ ਧੱਕਾ ਨਾ ਲੱਗੇ ਤੇ ਸਮਾਜਿਕ ਵਾਤਾਵਰਨ ਵੀ ਗੰਧਲਾ ਨਾ ਹੋਵੇ।ਜਿਨ੍ਹਾਂ ਔਰਤਾਂ ਦੀ ਜ਼ਿੰਦਗੀ ਨੱਚਣ ਗਾਉਣ ਦੀ ਭੇਂਟ ਚੜ ਗਈ ਹੈ, ਉਨ੍ਹਾਂ ਨੂੰ ਸਮਾਜ ਬਿਨਾਂ ਭੇਦਭਾਵ ਤੋਂ ਗਲੇ ਲਗਾਵੇ।ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਅਸੱਭਿਅ ਕੰਮ ਦੇ ਖਿਲਾਫ ਅਵਾਜ਼ ਉਠਾਈਏ ਤਾਂ ਜੋ ਵਿਆਹਾਂ ‘ਚ ਜਿਸਮਾਂ ਦੀ ਨੁਮਾਇਸ਼,ਲੱਚਰ ਗੀਤ ਸੰਗੀਤ ਅਤੇ ਔਰਤਾਂ ਦੇ ਹੁੰਦੇ ਸ਼ੋਸ਼ਣ ਨੂੰ ਠੱਲ ਪਾਈ ਜਾ ਸਕੇ।

ਸੰਪਰਕ: +91 94641 72783

Comments

Gurpreet Sidhu

Bilkul sahi likhia veere, it's a need of time. Hats off to your pen

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ