Wed, 18 September 2024
Your Visitor Number :-   7222572
SuhisaverSuhisaver Suhisaver

ਗ਼ਰੀਬੀ ਦੀ ਮਾਰ - ਜਸਵੀਰ ਸਿੱਧੂ ਬੁਰਜ ਸੇਮਾ

Posted on:- 23-12-2018

suhisaver

ਕਈ ਦਿਨਾਂ ਤੋਂ ਮੈਂ ਕਹਾਣੀ ਲਿਖਣ ਬਾਰੇ ਸੋਚ ਰਿਹਾ ਸੀ ਪਰ ਡਿਊਟੀ ਤੋਂ ਵਿਹਲ ਹੀ ਕਿੱਥੇ ਸੀ? ਸਵੇਰੇ ਜਲਦੀ ਜਾਣਾ ਪੈਂਦੈ, ਸਾਰਾ ਦਿਨ ਨਿੱਕਾ-ਮੋਟਾ ਕੰਮ-ਕਾਰ ਚਲਦਾ ਹੀ ਰਹਿੰਦਾ ਸੀ। ਸ਼ਾਮ ਨੂੰ ਫੇਰ ਦੇਰ ਨਾਲ ਆਈਦਾ ਸੀ। ਥੱਕੇ-ਟੁੱਟੇ ਬੰਦੇ ਦਾ ਫੇਰ ਕੁੱਝ ਲਿਖਣ ਨੂੰ ਮਨ ਕਿੱਥੇ ਕਰਦਾ? ਲਿਖਣ ਲਈ ਇਕਾਂਤ, ਮਨ ਸ਼ਾਂਤ ਤੇ ਦਿਮਾਗ ਇਧਰ-ਉਧਰ ਦੇ ਵਿਚਾਰਾਂ ਤੋਂ ਵਿਹਲਾ ਹੋਣਾ ਚਾਹੀਦਾ ਹੈ। ਇਸੇ ਕਸ਼ਮਕਸ਼ ਵਿੱਚ ਕਈ ਦਿਨ ਲੰਘ ਗਏ ਸਨ ਪਰ ਕੋਈ ਗੱਲ ਬਣ ਨਹੀਂ ਰਹੀ ਸੀ।

ਅਸਲ ਵਿੱਚ ਗੱਲ ਕੀ ਸੀ ਕਿ ਮੇਰੇ ਦਿਮਾਗ ਵਿੱਚ ਕਈ ਦਿਨਾਂ ਤੋਂ ਇੱਕ ਫੁਰਨਾ ਫੁਰ ਰਿਹਾ ਸੀ। ਕਿਵੇਂ ਜੱਟਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੋ ਕੇ ਆਪਣੀ ਸਾਰੀ ਜ਼ਿੰਦਗੀ ਖੇਤਾਂ ਵਿੱਚ ਹੀ ਗੁਜ਼ਾਰ ਦਿੰਦੇ ਹਨ। ਸੱਚ ਪੁੱਛੋ ਤਾਂ ਸੁੱਖ ਦਾ ਇੱਕ ਪਲ ਵੀ ਮਾਣਨ ਨੂੰ ਨਹੀਂ ਮਿਲਦਾ। ਉਂਝ ਝੂਠ-ਮੂਠ ਜੋ ਮਰਜ਼ੀ ਕਹੀ ਜਾਵੋ। ਜੱਟਾਂ ਦੀ ਸਰਦਾਰੀ ਕਾਇਮ ਹੈ। ਸਰਦਾਰਾਂ ਦੇ ਤਾਂ ਪਿੰਡ ਵਿੱਚ ਮਸਾਂ ਇੱਕ-ਦੋ ਘਰ ਹੀ ਹੁੰਦੇ ਹਨ। ਮਸਾਂ ਜਿਹੜੇ ਸੌ ਜਾਂ ਡੇਢ ਸੌ ਕਿੱਲੇ ਦੇ ਮਾਲਕ ਹੁੰਦੇ ਹਨ। ਜਿਨ੍ਹਾਂ ਦੀਆਂ ਗੀਤਾਂ ਜਾਂ ਫਿਲਮਾਂ ਵਿੱਚ ਗੱਲਾਂ ਹੁੰਦੀਆਂ ਨੇ, ਬਾਕੀ ਤਾਂ ਮੇਰੇ ਵਰਗੇ ਮੱਧਵਰਗੀ ਹੀ ਹੁੰਦੇ ਨੇ, ਜਿਹੜੇ ਧੂਅ-ਘੜੀਸ ਕਰਕੇ ਜ਼ਿੰਦਗੀ ਲੰਘਾਉਂਦੇ ਨੇ। ਛੋਟੇ ਕਿਸਾਨ, ਜਿਨ੍ਹਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮੁੜਦਾ, ਰਹਿੰਦੀ-ਖੂੰਹਦੀ ਮਹਿੰਗਾਈ ਪੱਟ ਕੇ ਖਾ ਜਾਂਦੀ ਐ। ਕਈ ਤਾਂ ਵਿਚਾਰੇ ਤੰਗ ਆਏ ਫਾਹਾ ਹੀ ਲੈ ਲੈਂਦੇ ਨੇ ਬਈ ਇੱਕ ਵਾਰੀ ਜ਼ਿੰਦਗੀ ਤੋਂ ਖਹਿੜਾ ਛੁਡਾ ਲਈਏ, ਸਾਰੇ ਫ਼ਿਕਰ ਮੁੱਕ ਜਾਣਗੇ। ਖ਼ੈਰ....।

ਐਤਵਾਰ ਦਾ ਦਿਨ ਹੋਣ ਕਰਕੇ ਮੈਂ ਘਰ ਹੀ ਸੀ। ਮੈਂ ਆਪਣੇ ਦੋਸਤ ਗੁਰਜੀਤ ਮਾਨ ਨੂੰ ਮਿਲ ਕੇ ਘਰ ਵਾਪਿਸ ਹੀ ਆ ਰਿਹਾ ਸੀ ਕਿ ਅਚਾਨਕ ਮੇਰੇ ਪੈਰ ਕੱਚੀ ਗਲੀ ਦੇ ਮੋੜ 'ਤੇ ਆ ਕੇ ਰੁਕ ਗਏ ਸਨ। ਜਿੱਥੋਂ ਖੱਬੇ ਪਾਸੇ ਇੱਕ ਢਹਿਆ ਹੋਇਆ ਮਕਾਨ ਸੀ। ਇੱਕ ਪਾਸੇ ਢਹਿਆ ਹੋਇਆ ਵਰਾਂਡਾ ਸੀ, ਜਿਸ ਦੇ ਸ਼ਤੀਰ ਅਤੇ ਕੜੀਆਂ ਵਿੱਚ ਘੁੱਗੀਆਂ-ਕਬੂਤਰਾਂ ਨੇ ਆਲ੍ਹਣੇ ਪਾਏ ਹੋਏ ਸਨ। ਕੱਚੀਆਂ ਕੰਧਾਂ ਦੇ ਖਲੇਪੜ ਲਹਿ-ਲਹਿ ਕੇ ਕੰਧਾਂ ਬੇ-ਜਾਨ ਹੋਈਆਂ ਪਈਆਂ ਸਨ, ਜਿਵੇਂ ਪੈਸੇ ਦੀ ਕਮਜ਼ੋਰੀ ਕਾਰਨ ਇਲਾਜ ਖੁਣੋਂ ਕੋਈ ਗਰੀਬ ਬੰਦਾ ਬੇ-ਜਾਨ ਹੁੰਦਾ ਹੈ। ਇੱਕ ਪਾਸੇ ਲੱਕੜ ਦੀ ਪੇਟੀ ਅਤੇ ਸੰਦੂਕ ਵੀ ਗਲ਼ ਕੇ ਧਰਤੀ ਅੰਦਰ ਧਸੇ ਪਏ ਸਨ। ਵਿਹੜੇ ਵਿੱਚ ਖੜ੍ਹਾ ਵੱਡਾ ਨਿੰਮ ਦਾ ਰੁੱਖ ਵੀ ਉੱਜੜੇ ਘਰ ਵਿੱਚ ਉਦਾਸ ਤੇ ਗ਼ਮਗੀਨ ਜਿਹਾ ਲੱਗ ਰਿਹਾ ਸੀ। ਸਾਰੇ ਵਿਹੜੇ ਵਿੱਚ ਪੱਤੇ ਹੀ ਪੱਤੇ ਖਿੱਲਰੇ ਪਏ ਸਨ। ਕੱਚੀਆਂ ਇੱਟਾਂ ਦੀ ਕੰਧੋਲੀ 'ਤੇ ਇੱਕ ਟੁੱਟੀ ਜਿਹੀ ਚਿਲਮ ਪਈ ਸੀ। ਕੰਧੋਲੀ ਵੀ ਬੱਸ ਰੱਬ ਆਸਰੇ ਹੀ ਖੜ੍ਹੀ ਸੀ। ਇੱਕ ਅੱਧੋ-ਰਾਣਾ ਟੁੱਟਿਆ ਜਿਹਾ ਸਾਈਕਲ ਵੀ ਕੰਧੋਲੀ ਨਾਲ ਟੇਢਾ ਪਿਆ ਹੋਇਆ ਸੀ। ਇੱਕ ਖੂੰਜੇ ਦੀ ਨੁੱਕਰ ਵਿੱਚ ਕੁੱਝ ਕੁ ਸ਼ਰਾਬ ਦੀਆਂ ਬੋਤਲਾਂ ਅਤੇ ਅਧੀਏ ਪਏ ਸਨ, ਜਿਨ੍ਹਾਂ 'ਤੇ ਮਿੱਟੀ ਜੰਮੀ ਹੋਈ ਸੀ।

ਅਸਲ ਵਿੱਚ ਇਹ ਮਾੜੀ ਹਾਲਤ ਸਾਡੇ ਪਿੰਡ ਦੇ ਜੈਲੇ ਕੇ ਘਰ ਦੀ ਸੀ, ਜਿਸਨੂੰ ਉੱਜੜਿਆਂ ਬਹੁਤ ਲੰਮਾ ਸਮਾਂ ਹੋ ਗਿਆ ਸੀ, ਜਿਸ ਘਰ ਵਿੱਚ ਕਦੇ ਰੌਣਕਾਂ ਸਨ, ਅੱਜ ਉਸ ਘਰ ਵਿੱਚ ਉੱਲੂ ਬੋਲਦੇ ਸਨ। ਪੁਰਾਣੇ ਬਜ਼ੁਰਗ ਤਾਂ ਇਹ ਗਲੀ ਲੰਘਣੋਂ ਵੀ ਡਰਦੇ ਸਨ। ਕਹਿੰਦੇ ਭਾਈ ਇੱਥੇ ਤਾਂ ਰਾਤਾਂ ਨੂੰ ਪ੍ਰੇਤਾਂ ਗਿੱਧਾ ਪਾਉਂਦੀਆਂ ਨੇ। ਕਈ ਇਸ ਗਲੀ ਜਦ ਹਨ੍ਹੇਰੀਆਂ ਰਾਤਾਂ ਨੂੰ ਟੱਪੇ, ਭਾਈ ਪ੍ਰੇਤਾਂ ਨੇ ਐਸਾ ਗਿੱਧਾ ਪਾਇਆ, ਸਾਰੀ ਉਮਰ ਮੰਜੇ ਵਿੱਚੋਂ ਨਹੀਂ ਉੱਠੇ, ਚੂਕਦੇ ਮਰ ਗਏ, ਐਸੇ ਪ੍ਰੇਤ ਚਿੰਬੜੇ ਕਿ ਟੱਟੀ-ਪਿਸ਼ਾਬ ਵਿੱਚੇ ਹੀ ਕਰੀ ਜਾਂਦੇ ਸਨ। ਅਖ਼ੀਰ ਨੂੰ ਭਾਈ ਬੀਬਾ ਮੰਜੇ ਵਿੱਚ ਰਿਝਦੇ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਬਚਣਾ ਚਾਹੀਦਾ ਭਾਈ ਐਸੇ ਪ੍ਰੇਤਾਂ ਤੋਂ, ਜਿਹੜੇ ਬੰਦੇ ਦੇ ਮਗਰ ਲੱਗ ਜਾਣ, ਉਸਦੀਆਂ ਪੀੜ੍ਹੀਆਂ ਦਾ ਬੀਅ ਨਾਸ਼ ਕਰ ਦਿੰਦੇ ਹਨ।

ਹੁਣ ਅਸਲ ਵਿੱਚ ਪ੍ਰੇਤ ਵਾਲੀ ਗੱਲ ਕੀ ਸੀ? ਉਹ ਵੀ ਤੁਹਾਨੂੰ ਚਾਨਣਾ ਪਾ ਹੀ ਦਿੰਦਾ ਹਾਂ ਕਿਉਂਕਿ ਪ੍ਰੇਤਾਂ ਵਾਲੀ ਗੱਲ ਦੀ ਉਸ ਸਮੇਂ ਮੈਨੂੰ ਵੀ ਸੂਹ ਲੱਗੀ ਸੀ ਪਰ ਗੱਲ ਪ੍ਰੇਤ ਵਾਲੇ ਚੱਕਰ ਕਾਰਨ ਵਿੱਚੇ ਹੀ ਨੱਪੀ ਰਹਿ ਗਈ ਸੀ। ਜੈ ਖਾਣਿਆਂ ਦੇ ਲਾਣੇ 'ਚੋਂ ਗਿੰਦਰ ਮੌਲੇ ਕੀ ਕੁੜੀ ਛਿੰਦਰ ਦੀ ਪਿੰਡ ਦੇ ਮੁੰਡੇ ਜੱਗੀ ਨਾਲ ਗੱਲਬਾਤ ਸੀ। ਇੱਕ ਤਾਂ ਜੱਗੀ ਮੁੰਡਾ ਬੜਾ ਦਲੇਰ ਸੀ, ਦੂਸਰਾ ਉਸਨੂੰ ਟਿਕਾਣਾ ਉਜਾੜ ਵਾਲਾ ਮਿਲ ਗਿਆ ਸੀ। ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ, ਜਦੋਂ ਉਸਨੇ ਸੋਚਿਆ ਬਈ ਇਸ ਗਲੀ ਵਿੱਚ ਦੀ ਤਾਂ ਰਾਤ-ਬਰਾਤੇ ਲੋਕਾਂ ਦਾ ਲਾਂਘਾ ਜ਼ਿਆਦਾ ਹੈ। ਉਸਨੇ ਇਹ ਸਕੀਮ ਘੜੀ ਕਿ ਜਦੋਂ ਵੀ ਕੋਈ ਮਾੜੇ ਦਿਲ ਵਾਲਾ ਬੰਦਾ ਪਾਣੀ-ਪੂਣੀ ਲਾਉਣ ਲਈ ਲੰਘੇ, ਤੂੰ ਬੱਸ ਚੂੜੀਆਂ ਛਣਕਾ ਦਿਆ ਕਰ, ਬਾਕੀ ਕੰਮ ਮੈਂ ਆਪੇ ਕਰ ਲਵਾਂਗਾ।

ਬਾਅਦ ਵਿੱਚ ਜੱਗੀ ਨੇ ਆਪ ਹੀ ਪਿੰਡ ਵਿੱਚ ਗੱਲ ਫੈਲਾ ਦਿੱਤੀ ਕਿ ਉਸਨੇ ਵੀ ਜੈਲੇ ਦੇ ਘਰ ਕੋਲ ਦੀ ਲੰਘਦਿਆਂ ਚੂੜੀਆਂ ਦੀ ਛਣਕਾਹਟ ਸੁਣੀ ਹੈ। ਉਹ ਵੀ ਕਈ ਦਿਨ ਬਿਮਾਰ ਪਿਆ ਰਿਹਾ। ਮਗਰੋਂ ਦੀਨ ਦਿਆਲ ਦਾਸ ਬਾਬੇ ਤੋਂ ਡੇਰੇ ਜਾ ਕੇ ਤਬੀਤ ਕਰਵਾ ਕੇ ਲਿਆਇਆ ਤਾਂ ਜਾ ਕੇ ਕੰਮ ਲੋਟ ਆਇਆ ਸੀ। ਆਪਾਂ ਤਾਂ ਨੀ ਬਾਈ ਮੁੜ ਕੇ ਰਾਤ-ਬਰਾਤੇ ਉਸ ਗਲੀ ਵਿੱਚ ਪੈਰ ਪਾਇਆ।

ਬੱਸ ਫਿਰ ਕੀ ਸੀ, ਕਈ ਦਿਨ ਲੋਕਾਂ ਨੇ ਗੱਲ ਸਿਰ 'ਤੇ ਚੁੱਕੀ ਰੱਖੀ। ਭਾਵੇਂ ਕੁੱਝ ਵੀ ਹੋਵੇ, ਜੱਗੀ ਦਾ ਕੰਮ 'ਕੁੱਬੇ ਦੇ ਲੱਤ ਵੱਜਣ' ਵਾਂਗ ਰਾਸ ਆ ਗਿਆ ਸੀ। ਰਾਤ ਤਾਂ ਕੀ, ਲੋਕ ਦਿਨ ਸਮੇਂ ਵੀ ਇੱਥੋਂ ਦੀ ਲੰਘਣੋਂ ਡਰਦੇ ਸਨ। ਇਸ ਘਰ ਬਾਰੇ ਲੋਕਾਂ ਨੇ ਅਨੇਕਾਂ ਦੰਦ-ਕਥਾਵਾਂ ਬਣਾ ਲਈਆਂ ਸਨ। ਹੁਣ ਲੋਕ ਇਸਨੂੰ 'ਭੂਤਾਂ ਵਾਲਾ ਘਰ' ਦਸਦੇ ਸਨ ਪਰ ਅਸਲ ਵਿੱਚ ਇਸ ਘਰ ਵਿੱਚ ਕਦੇ ਚਹਿਲ-ਪਹਿਲ ਹੁੰਦੀ ਸੀ। ਜੀਵਨ ਧੜਕਦਾ ਸੀ, ਜਿਸਦੀ ਅੱਜ ਪੰਦਰਾਂ ਸਾਲ ਬਾਅਦ ਯਾਦ ਮੇਰੇ ਦਿਮਾਗ ਵਿੱਚ ਤਾਜ਼ਾ ਹੋ ਗਈ ਸੀ। ਇਹ ਜੈਲਾ ਵੀ ਹਜ਼ਾਰਾਂ ਛੋਟੇ ਕਿਸਾਨਾਂ ਵਾਂਗ ਗਰੀਬੀ ਦੀ ਮਾਰ ਤੋਂ ਬਚ ਨਾ ਸਕਿਆ ਤੇ ਅਖ਼ੀਰ ਉਸਦਾ ਘਰ ਬਰਬਾਦ ਹੋ ਗਿਆ। ਅੱਜ ਇਸ ਕੱਚੇ ਮਕਾਨ ਨੂੰ ਵੇਖ ਕੇ ਮੈਂ ਜੈਲੇ ਦੀ ਕਹਾਣੀ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਲਈ ਮਜ਼ਬੂਰ ਹੋ ਗਿਆ ਸੀ।

ਜੈਲੇ ਦਾ ਘਰ ਪਿੰਡ ਦੇ ਵਿਚਕਾਰ ਜਿਹੇ ਕਰਕੇ ਸੀ। ਘਰ ਬਾਪ ਤੇ ਉਸਦਾ ਇੱਕ ਭਾਈ ਸਨ। ਪੰਜ ਕਿੱਲੇ ਪੈਲ਼ੀ ਸੀ। ਮਸਾਂ-ਮਸਾਂ ਹੀ ਘਰ ਦਾ ਗੁਜ਼ਾਰਾ ਚਲਦਾ ਸੀ। ਵਿਆਹ ਵੀ ਬੜੀ ਮੁਸ਼ਕਿਲ ਨਾਲ ਹੀ ਹੋਇਆ ਸੀ। ਵਿਆਹ ਕੀ ਕਰਵਾ ਲਿਆ ਸੀ, ਆਹ ਇੱਕ ਨਵਾਂ ਬੋਝ ਗਲ਼ ਪੈ ਗਿਆ ਸੀ। ਰਹਿੰਦੀ ਕਸਰ ਦੋਹਾਂ ਪਿਉ-ਪੁੱਤਾਂ ਨੇ ਜੈਲੇ ਨੂੰ ਵੱਖ ਕਰਕੇ ਪੂਰੀ ਕਰ ਦਿੱਤੀ ਸੀ। ਆਪ ਦੋਹਾਂ ਨੇ ਰਲ਼ ਕੇ ਨਵਾਂ ਮਕਾਨ ਪਾ ਲਿਆ ਸੀ। ਜੈਲੇ ਨੂੰ ਉਹੀ 60 ਸਾਲ ਪੁਰਾਣਾ ਕੱਚਾ ਘਰ ਦੇ ਦਿੱਤਾ ਸੀ। ਜੈਲਾ ਕੌੜਾ ਘੁੱਟ ਭਰ ਕੇ ਚੁੱਪ ਕਰ ਗਿਆ ਸੀ। ਉਹ ਜਾਣਦਾ ਸੀ ਕਿ ਜੇਕਰ ਲੜਾਈ-ਝਗੜਾ ਕੀਤਾ ਤਾਂ ਐਵੇਂ ਲੋਕਾਂ 'ਚ ਥੂਹ-ਥੂਹ ਹੋਵੇਗੀ। ਚੁੱਪ ਹੀ ਚੰਗੀ ਆ, ਉਸਦੇ ਘਰਵਾਲੀ ਹਰਨਾਮੀ ਵੀ ਦੜ ਵੱਟ ਚੁੱਪ ਕਰ ਗਈ ਸੀ।

ਕੁੱਲ ਮਿਲਾ ਕੇ ਜ਼ਮੀਨ ਦਾ ਵੀ ਬਣਦਾ ਹਿੱਸਾ ਨਹੀਂ ਦਿੱਤਾ ਸੀ। ਜਿਹੜਾ ਜ਼ਮੀਨੀ ਹਿੱਸਾ ਦਿੱਤਾ ਸੀ, ਉਹ ਵੀ ਟਿੱਬਿਆਂ ਵਿੱਚ ਰੋਹੀ ਵਾਲੇ ਪਾਸੇ ਰੋੜਾਂ ਵਾਲਾ ਵਾਹਣ ਸੀ, ਜਿੱਥੇ ਚੱਜ ਨਾਲ ਚਾਰ ਮਣ ਦਾਣੇ ਵੀ ਨਹੀਂ ਹੁੰਦੇ ਸਨ। ਪੱਠੇ ਲਿਆਉਣੇ ਹੁੰਦੇ ਤਾਂ ਬਲ਼ਦ-ਰੇਹੜੀ ਵੀ ਦੋ ਘੰਟਿਆਂ ਵਿੱਚ ਪਹੁੰਚਦੀ ਸੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਬਈ ਜੈਲੇ ਨਾਲ ਪਿਉ-ਪੁੱਤਾਂ ਨੇ ਰਲ ਕੇ ਧੱਕਾ ਹੀ ਕੀਤਾ ਸੀ।

ਜੈਲਾ ਵਿਚਾਰਾ ਕਬੀਲਦਾਰੀ ਥੱਲੇ ਆ ਕੇ ਹੀ ਦੱਬਿਆ ਗਿਆ ਸੀ। ਤੰਗੀਆਂ-ਤੁਰਸ਼ੀਆਂ ਵਿੱਚ ਉਹ ਪੂਰੀ ਤਰ੍ਹਾਂ ਨਪੀੜਿਆ ਗਿਆ ਸੀ। ਐਨੇ ਅੱਤ ਦੇ ਮਾੜੇ ਹਾਲਾਤਾਂ ਵਿੱਚ ਵੀ ਉਹ ਹਰਨਾਮੀ ਨਾਲ ਪੂਰਾ ਖ਼ੁਸ਼ ਸੀ। ਹਰਨਾਮੀ ਖੇਤਾਂ ਵਿੱਚ ਉਸਦੀ ਰੋਟੀ ਲੈ ਕੇ ਜਾਂਦੀ। ਜੈਲਾ ਉਸ ਨਾਲ ਹਾਸਾ-ਠੱਠਾ ਕਰਦਾ ਰਹਿੰਦਾ। ਉਸਨੇ ਕਦੇ ਵੀ ਹਰਨਾਮੀ ਨੂੰ ਦੁੱਖ-ਦਰਦ ਮਹਿਸੂਸ ਨਹੀਂ ਹੋਣ ਦਿੱਤਾ ਸੀ ਬਈ ਉਹ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹਨ ਪਰ ਹਰਨਾਮੀ ਸਭ ਕੁੱਝ ਜਾਣਦੀ ਸੀ। ਕਦੇ ਉਹ ਜੈਲੇ ਨਾਲ ਇਸ ਸਬੰਧੀ ਗੱਲ ਛੇੜਦੀ ਸੀ ਤਾਂ ਜੈਲਾ ਹੱਸ ਕੇ ਟਾਲ ਦਿੰਦਾ ਸੀ। ਕਹਿੰਦਾ, ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦੈ। ਜੋ ਦਾਤੇ ਨੂੰ ਮਨਜ਼ੂਰ, ਹੋਣਾ ਉਹ ਹੀ ਐ। ਕਦੇ-ਕਦੇ ਉਹ ਇਹ ਗੀਤ ਵੀ ਅਕਸਰ ਗੁਣਗੁਣਾਉਣ ਲੱਗ ਜਾਂਦਾ ਸੀ,

'ਕੌਣ ਕਹੇ ਸੱਚੇ ਰੱਬ ਨੂੰ
ਇੰਝ ਨਾ, ਇੰਝ ਕਰ'

ਉਹ ਅਕਸਰ ਹੀ ਹਰਨਾਮੀ ਨੂੰ ਕਹਿੰਦਾ, ''ਹਰਨਾਮੀਏ, ਚਾਰ ਦਿਨ ਦੀ ਜ਼ਿੰਦਗੀ ਐ। ਹਸਦੀ-ਖੇਡਦੀ ਰਿਹਾ ਕਰ। ਕੀ ਪਤਾ ਕਦੋਂ ਦੁਨੀਆਂ ਤੋਂ ਦਾਣਾ-ਪਾਣੀ ਮੁੱਕ ਜਾਵੇ।''
''ਹਾਏ-ਹਾਏ ਵੇ, ਆਏਂ ਨਾ ਕਿਹਾ ਕਰ ਚੰਦਰਿਆ।''

''ਇੱਥੇ ਤਾਂ ਸਿਕੰਦਰ ਵਰਗੇ ਤੁਰਗੇ ਮੋਰਨੀਏ, ਆਪਾਂ ਕਿਸਦੇ ਵਿਚਾਰੇ ਆਂ....। ਕਹਿੰਦੇ ਸਿਕੰਦਰ ਨੇ ਆਪਣੀ ਮੌਤ ਤੋਂ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਜੇਕਰ ਉਸਦੀ ਮੌਤ ਹੋ ਗਈ ਤਾਂ ਉਸਦੇ ਦੋਵੇਂ ਹੱਥ ਅਰਥੀ ਤੋਂ ਬਾਹਰ ਲਟਕਾ ਦਿੱਤੇ ਜਾਣ ਤਾਂ ਜੋ ਦੁਨੀਆਂ ਸਮਝ ਸਕੇ ਬਈ ਦੁਨੀਆਂ ਤੋਂ ਨਾਲ ਕੁੱਝ ਨਹੀਂ ਜਾ ਸਕਦਾ। ਪਿਆਰ, ਮੋਹ, ਮੁਹੱਬਤ ਤੇ ਪ੍ਰਮਾਤਮਾ ਦੀ ਬੰਦਗੀ ਹੀ ਹੈ। ਹਰਨਾਮੀਏ ਜੋ ਬੰਦੇ ਦੇ ਨਾਲ ਜਾ ਸਕਦੀ ਹੈ, ਤੂੰ ਬਾਹਲਾ ਫ਼ਿਕਰ ਨਾ ਕਰਿਆ ਕਰ।''

ਹਰਨਾਮੀ ਨੇ ਸਾਰੇ ਭਾਂਡੇ ਇਕੱਠੇ ਕਰਕੇ ਟੋਕਰੇ ਵਿੱਚ ਪਾ ਲਏ ਸਨ। ਉਸਨੇ ਬੋਚ ਕੁ ਦੇਣੇ ਜੈਲੇ ਦੀ ਵੱਖੀ ਵਿੱਚ ਚੂੰਢੀ ਭਰ ਲਈ ਸੀ। ਜੈਲੇ ਦੀ ਚੀਕ ਨਿੱਕਲ ਗਈ, ''ਖੜ੍ਹ ਤੇਰੀ ਮੋਰਨੀਏ....।'' ਉਹ ਉੱਠ ਕੇ ਮਗਰ ਭੱਜਣ ਲੱਗਾ ਸੀ ਪਰ ਉਹ ਤਾਂ ਕਦੋਂ ਦੀ ਪੈਲਾਂ ਪਾਉਂਦੀ ਖਾਲਾਂ ਦੀਆਂ ਵੱਟਾਂ ਉੱਤੋਂ ਦੀ ਕਿੱਲੇ ਦੀ ਵਿੱਥ ਪਾ ਗਈ ਸੀ। ਜੈਲਾ ਆਪਣੀ ਪਤਨੀ ਦੇ ਸੁਭਾਅ ਅਤੇ ਸੁੰਦਰਤਾ ਦੀ ਸਿਫ਼ਤ ਕਰਦਾ ਸੀ। ਰੱਬ ਦਾ ਸ਼ੁਕਰਗੁਜ਼ਾਰ ਵੀ ਸੀ, ਉਸਨੂੰ ਐਨੀ ਸਮਝਦਾਰ ਤੇ ਸੁੰਦਰ ਪਤਨੀ ਮਿਲੀ ਸੀ ਪਰ ਜਦੋਂ ਘਰ ਦੀ ਡਾਵਾਂਡੋਲ ਸਥਿਤੀ ਚੇਤੇ ਆਉਂਦੀ ਤਾਂ ਉਹ ਫਿਰ ਉਦਾਸ ਹੋ ਜਾਂਦਾ। ਉਸਦੇ ਮੱਥੇ 'ਤੋਂ ਤੰਗੀਆਂ-ਤੁਰਸ਼ੀਆਂ ਦੀ ਝਲਕ ਸਾਫ਼ ਨਜ਼ਰ ਆਉਂਦੀ ਸੀ।

ਸਮਾਂ ਆਪਣੀ ਚਾਲੇ ਚਲਦਾ ਗਿਆ। ਹੈਰਾਨੀ ਦੀ ਗੱਲ ਇਹ ਰਹੀ ਸੀ ਕਿ ਜੈਲੇ ਦੀ ਸੋਚ ਮੁਤਾਬਿਕ ਕੁੱਝ ਵੀ ਨਹੀਂ ਬਦਲਿਆ ਸੀ, ਸਗੋਂ ਉਸਦੀ ਹਾਲਤ ਦਿਨੋ-ਦਿਨ ਮਾੜੀ ਹੀ ਹੁੰਦੀ ਜਾ ਰਹੀ ਸੀ। ਉਸਨੂੰ ਲੱਗਦਾ ਸੀ ਕਿ ਹਾਲਾਤਾਂ ਨਾਲ ਜੰਗ ਲੜਦਾ-ਲੜਦਾ ਕਿਤੇ ਉਹ ਹਾਰ ਹੀ ਨਾ ਜਾਵੇ। ਨਿੱਤ ਨਵੇਂ ਤੋਂ ਨਵੇਂ ਖਰਚੇ ਹੁੰਦੇ ਹਨ ਪਰ ਫ਼ਸਲ ਤਾਂ ਛੇ ਮਹੀਨਿਆਂ ਤੋਂ ਆਉਂਦੀ ਸੀ। ਉਹ ਵੀ ਨਾ-ਮਾਤਰ ਹੀ ਸੀ, ਜਿਸ ਨਾਲ ਕਬੀਲਦਾਰੀ ਕਿੱਥੇ ਚੱਲ ਸਕਦੀ ਸੀ। ਬਾਕੀ ਜਿਹੜਾ ਘਰੋਂ ਅੱਡ-ਵਿੱਢ ਹੋਣ ਵੇਲੇ ਖਰਚਾ ਸਿਰ ਤੋੜਿਆ ਸੀ, ਉਹ ਵੀ ਸਿਰੋਂ ਲੱਥਣ ਦਾ ਨਾਮ ਨਹੀਂ ਲੈ ਰਿਹਾ ਸੀ।

ਹਰ ਦਿਨ ਖਰਚਾ ਵਧਦਾ ਹੀ ਜਾ ਰਿਹਾ ਸੀ। ਕਮਾਈ ਦਾ ਹੋਰ ਕੋਈ ਸਾਧਨ ਵੀ ਨਹੀਂ ਸੀ। ਹੁਣ ਤਾਂ ਉਹ ਸ਼ਰਾਬ ਵੀ ਪੀਣ ਲੱਗ ਪਿਆ ਸੀ। ਸੌ ਰੁਪਏ ਰੋਜ਼ ਦੇ ਇਸ ਪਾਸੇ ਅਲੱਗ ਖਰਚਾ ਹੋਣ ਲੱਗ ਪਿਆ ਸੀ। ਉੱਤੋਂ ਘਰੇ ਕਲੇਸ਼ ਵੀ ਵਧਣ ਲੱਗ ਪਿਆ ਸੀ। ਘਰੇ ਜਦੋਂ ਹਰਨਾਮੀ ਸੌਦਾ-ਪੱਤਾ ਲਿਆਉਣ ਲਈ ਕਹਿੰਦੀ ਤਾਂ ਉਹ ਬੁੜ-ਬੁੜਾਉਂਦਾ ਹੋਇਆ ਘਰੋਂ ਬਾਹਰ ਨਿਕਲ ਜਾਂਦਾ। ਰੋਜ਼ ਦੀ ਸ਼ਰਾਬ ਪੀਣ ਨਾਲ ਉਸਦੀ ਸਿਹਤ ਵੀ ਖ਼ਰਾਬ ਹੋ ਗਈ ਸੀ। ਦਿਨੋ-ਦਿਨ ਉਹ ਕੰਗਾਲ ਹੁੰਦਾ ਜਾ ਰਿਹਾ ਸੀ। ਜਦੋਂ ਉਸਨੂੰ ਘਰ ਦੇ ਖਰਚਿਆਂ ਪ੍ਰਤੀ ਚਿੰਤਾ ਹੁੰਦੀ ਤਾਂ ਉਹ ਸ਼ਰਾਬ ਨਾਲ ਡੱਕ ਲੈਂਦਾ। ਉਸਦੀ ਹਾਲਤ ਮੰਗਤਿਆਂ ਵਰਗੀ ਹੋ ਗਈ ਸੀ। ਸ਼ਰਾਬ ਪੀਣ ਲਈ ਦਸ-ਦਸ ਰੁਪਏ ਲੋਕਾਂ ਤੋਂ ਮੰਗਦਾ ਫਿਰਦਾ ਸੀ। ਅੱਜਕੱਲ੍ਹ ਤਾਂ ਉਹ ਆਪਣੇ ਘਰਵਾਲੀ ਨੂੰ ਮਾਰਨ-ਕੁੱਟਣ ਵੀ ਲੱਗ ਪਿਆ ਸੀ।

ਸਾਊ ਔਰਤ ਸੀ ਹਰਨਾਮੀ। ਕਦੇ ਮੰਦਾ-ਚੰਗਾ ਨਹੀਂ ਬੋਲਦੀ ਸੀ ਪਰ ਜਦੋਂ ਕਦੇ ਜੈਲਾ ਉਸਦੀ ਜ਼ਿਆਦਾ ਕੁੱਟਮਾਰ ਕਰ ਦਿੰਦਾ ਤਾਂ ਉਹ ਅੱਕੀ ਹੋਈ ਪੇਕੇ ਚਲੀ ਜਾਂਦੀ। ਪੇਕੇ ਵੀ ਕਿਹੜੇ ਵਿਚਾਰੀ ਦੇ....ਇੱਕ ਬਿਰਧ ਮਾਂ ਤੇ ਬਾਪੂ ਸੀ, ਜਿਹੜੇ ਆਪਣਾ ਵੀ ਮਸਾਂ ਹੀ ਟਾਈਮ ਪਾਸ ਕਰਦੇ ਸਨ। ਹਰਨਾਮ ਕੁਰ ਦੀਆਂ ਪੰਜ ਭੈਣਾਂ ਹੋਰ ਸਨ, ਜਿਨ੍ਹਾਂ ਦੇ ਦਾਜ-ਵਰੀ ਦੇ ਸਮਾਨ ਇਕੱਠੇ ਕਰਦੇ ਹੀ ਉਹ ਵਿਚਾਰੇ ਬੁੱਢੇ ਹੋ ਗਏ ਸਨ। ਉਸਦੇ ਕੋਈ ਭਾਈ ਵੀ ਨਹੀਂ ਸੀ ਪਰ ਉਸਨੇ ਇਹ ਗੱਲ ਕਦੇ ਦਿਲ 'ਤੇ ਨਹੀਂ ਲਾਈ ਸੀ। ਚਾਰ ਦਿਨ ਲਾ ਕੇ ਕਹਿੰਦੀ, ''ਚਲ ਹੁਣ ਮਨਾ ਫਿਰ ਉੱਥੇ ਹੀ, ਹੁਣ ਤਾਂ ਉਸਦਾ ਗੁੱਸਾ ਵੀ ਠੰਢਾ ਹੋ ਗਿਆ ਹੋਊਗਾ।''

ਹਰਨਾਮ ਕੌਰ ਰੋਂਦੀ-ਕੁਰਲਾਉਂਦੀ ਹਫ਼ ਜਾਂਦੀ ਸੀ। ਜੈਲਾ ਉੱਠ ਕੇ ਬਾਹਰ ਨੂੰ ਤੁਰ ਜਾਂਦਾ। ਗਰੀਬੀ ਦੀ ਮਾਰ ਨੇ ਤੇ ਜੈਲੇ ਦੀ ਚੰਦਰੀ ਸ਼ਰਾਬ ਦੀ ਲਤ ਨੇ ਉਨ੍ਹਾਂ ਦਾ ਘਰ ਤਬਾਹ ਕਰ ਦਿੱਤਾ ਸੀ। ਮੰਦੜੇ ਹਾਲਾਤਾਂ ਨੇ ਉਸਨੂੰ ਕਰਜ਼ਾਈ ਕਰ ਦਿੱਤਾ ਸੀ। ਕਰਜ਼ੇ ਦੀ ਪੰਡ ਉਸਦੇ ਸਰੀਰ 'ਤੇ ਸਾਫ਼ ਦਿਖਾਈ ਦਿੰਦੀ ਸੀ। ਉਸਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਨਿੱਕਾ-ਮੋਟਾ ਸਮਾਨ ਵੀ ਵੇਚ-ਵੱਟ ਕੇ ਖਾ ਲਿਆ ਸੀ। ਹਰ ਸਮੇਂ ਗੋਲੀਆਂ ਖਾ ਕੇ ਬੌਂਦਲਿਆ ਫਿਰਦਾ ਰਹਿੰਦਾ ਸੀ। ਨਸ਼ੇ ਉਹ ਦੁਨੀਆਂ ਭਰ ਦੇ ਕਰਦਾ ਸੀ। ਹੁਣ ਉਸਨੂੰ ਜੱਗ ਵਸਦੇ ਦੀ ਸੁਰਤ ਨਹੀਂ ਸੀ। ਨਸ਼ੇ ਉਸਦੇ ਸਰੀਰ 'ਤੇ ਇਸ ਕਦਰ ਭਾਰੂ ਹੋ ਗਏ ਸਨ ਕਿ ਉਸਨੂੰ ਨਸ਼ਿਆਂ ਤੋਂ ਬਿਨਾਂ ਹੋਰ ਕੁੱਝ ਸੁਝਦਾ ਹੀ ਨਹੀਂ ਸੀ। ਅੱਜਕੱਲ੍ਹ ਉਹ ਰੋਟੀ ਦੀ ਥਾਂ ਨਸ਼ੇ ਵਰਤ ਕੇ ਹੀ ਸਮਾਂ ਬਿਤਾ ਰਿਹਾ ਸੀ।

ਫਿਰ ਇੱਕ ਦਿਨ ਅਚਾਨਕ ਐਸਾ ਕਾਲਾ ਤੇ ਮਨਹੂਸ ਦਿਨ ਚੜ੍ਹਿਆ, ਜਦੋਂ ਹਰਨਾਮੀ ਨੇ ਸਵੇਰੇ ਚਾਹ ਫੜਾਉਣ ਲਈ ਜੈਲੇ ਨੂੰ ਬੁਲਾਇਆ ਤਾਂ ਉਹ ਖੇਸ ਨੱਪੀ ਪਿਆ ਰਿਹਾ। ਜਦੋਂ ਉਸਨੇ ਖੇਸ ਲਾਹਿਆ ਤਾਂ ਉਸਦੇ ਸੱਤੂ ਹੀ ਮੁੱਕ ਗਏ। ਜੈਲਾ ਪੂਰਾ ਹੋ ਗਿਆ ਸੀ। ਅੱਖਾਂ ਟੱਡੀਆਂ ਤੇ ਮੂੰਹ ਖੁੱਲ੍ਹਾ ਪਿਆ ਸੀ। ਉਹ ਸਦਾ ਲਈ ਇਸ ਦੁੱਖਾਂ ਭਰੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਆਪਣੇ ਸਾਰੇ ਫ਼ਿਕਰ ਸਦਾ ਲਈ ਮੁਕਾ ਗਿਆ ਸੀ। ਉਸਦੀ ਮੌਤ ਦਾ ਪਿੰਡ ਵਿੱਚ ਕੋਈ ਬਹੁਤਾ ਸੋਗ ਨਹੀਂ ਮਨਾਇਆ ਗਿਆ ਸੀ ਪਰ ਹਰਨਾਮੀ ਕਮਲੀ ਹੋਈ ਵੈਣ ਪਾ ਰਹੀ ਸੀ, 'ਮੈਨੂੰ ਕਿਸ ਦੇ ਸਹਾਰੇ ਛੱਡ ਗਿਆ ਵੇ....ਮੇਰੇ ਸਿਰ ਦਿਆ ਸਾਈਆਂ....ਹਾਏ ਵੇ ਮੈਨੂੰ ਰੱਖਣ ਵਾਲਿਆ....ਹਾਏ....। ਮੈਂ ਹੁਣ ਕੀਹਦੇ ਸਹਾਰੇ ਦਿਨ ਕਟੀ ਕਰੂੰਗੀ ਵੇ....।'' ਉਹ ਧਾਹਾਂ ਮਾਰਦੀ ਬੇਹੋਸ਼ ਹੋ ਗਈ ਸੀ। ਗੁਆਂਢ ਦੀਆਂ ਔਰਤਾਂ ਨੇ ਉਸਦੇ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰੇ। ਪਿੰਡ ਵਾਲੇ ਡਾਕਟਰ ਨੂੰ ਬੁਲਾ ਕੇ ਟੀਕੇ ਲਗਵਾਏ ਗਏ ਤਾਂ ਜਾ ਕੇ ਉਸਨੂੰ ਰਤਾ ਕੁ ਹੋਸ਼ ਆਈ ਸੀ।

ਹਰਨਾਮੀ ਦੇ ਵਿਆਹ ਨੂੰ ਭਾਵੇਂ ਸੱਤ ਸਾਲ ਹੋ ਗਏ ਸਨ ਪਰ ਰੱਬ ਦੀ ਕੁਦਰਤ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਕੋਈ ਬਾਲ-ਬੱਚਾ ਹੁੰਦਾ ਤਾਂ ਉਸਦੇ ਸਹਾਰੇ ਦਿਨ ਕੱਟ ਲੈਂਦੀ। ਸਿਆਣੇ ਬੰਦਿਆਂ ਵਿੱਚੋਂ ਇੱਕ ਬਜ਼ੁਰਗ ਬੋਲਿਆ ਸੀ, ''ਦੇਖ ਲੋ ਭਾਈ ਕੁਦਰਤ ਦੇ ਰੰਗ....ਜੈਲੇ ਦੀ ਬੁੱਧੀ ਭ੍ਰਿਸ਼ਟ ਕਰ'ਤੀ, ਕੋਈ ਬਾਲ-ਬੱਚਾ ਵੀ ਨਾ ਦਿੱਤਾ ਰੱਬ ਨੇ....ਹੁਣ ਇਹ ਦਰਵੇਸ਼ਣੀ  ਕੀਹਦੇ ਸਹਾਰੇ ਦਿਨ ਕਟੀ ਕਰੂ....।''

ਜੈਲੇ ਦੀ ਮੌਤ ਤੋਂ ਬਾਅਦ ਹਰਨਾਮ ਕੁਰ ਕੋਈ ਛੇ ਕੁ ਮਹੀਨੇ ਹੀ ਪਿੰਡ ਰਹੀ ਸੀ। ਹਾਲਤ ਉਸਦੀ ਬੜੀ ਮਾੜੀ ਹੋ ਗਈ ਸੀ। ਬੇਸ਼ੱਕ ਕਿਹੋ ਜਿਹਾ ਵੀ ਸੀ ਪਰ ਉਹ ਜੈਲੇ ਤੋਂ ਬਿਨਾਂ ਬਿੰਦ ਨਹੀਂ ਸਾਰਦੀ ਸੀ। ਐਨੀ ਵੱਡੀ ਪਈ ਵਿਪਤਾ ਨੂੰ ਨਾ ਸਹਾਰਦੀ ਹੋਈ ਆਖ਼ਿਰਕਾਰ ਉਹ ਪਿੰਡ ਛੱਡ ਕੇ ਚਲੀ ਗਈ ਸੀ ਤੇ ਅੱਜ ਤੱਕ ਵਾਪਿਸ ਨਹੀਂ ਆਈ। ਇੰਨੇ ਸਾਲਾਂ ਵਿੱਚ ਉਸਦੀ ਕੋਈ ਉੱਘ-ਸੁੱਘ ਵੀ ਨਹੀਂ ਨਿਕਲੀ ਸੀ। ਜਿਉਂਦੀ ਏ ਜਾਂ ਫਿਰ ਮਰ ਗਈ ਹੋਵੇਗੀ, ਇਸ ਗੱਲ ਦਾ ਕਿਸੇ ਨੂੰ ਕੋਈ ਇਲਮ ਨਹੀਂ ਸੀ।

ਲਿਖਦਾ-ਲਿਖਦਾ ਮੈਂ ਵੀ ਲੰਮਾ ਹਉਕਾ ਲੈ ਕੇ ਰੁਕ ਗਿਆ। ਜੈਲੇ ਦੀ ਕਹਾਣੀ ਲਿਖਦੇ ਹੋਏ ਮੇਰਾ ਵੀ ਮਨ ਭਰ ਆਇਆ ਸੀ। ਅਸਲ ਵਿੱਚ ਗਰੀਬੀ ਇੱਕ ਲਾਹਨਤ ਹੈ, ਜਿਸਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਨੂੰ ਅਤੇ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦੈ ਤਾਂ ਜੋ ਅਨੇਕਾਂ ਹੋਰ ਜੋ ਜੈਲੇ ਵਰਗੀ ਜ਼ਿੰਦਗੀ ਬਤੀਤ ਕਰਦੇ ਖ਼ਤਮ ਹੋ ਰਹੇ ਨੇ, ਉਨ੍ਹਾਂ ਨੂੰ ਬਚਾਇਆ ਜਾ ਸਕੇ।
                                                                           
ਸੰਪਰਕ: +91 98558 11260
                                                       

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ