Tue, 10 September 2024
Your Visitor Number :-   7220292
SuhisaverSuhisaver Suhisaver

ਸਨਮਾਨ -ਡਾ. ਗੁਰਮੀਤ ਸਿੰਘ ਸਿੱਧੂ

Posted on:- 15-08-2012

suhisaver

ਮਾਸਟਰ ਗੁਣਬੰਤ ਸਿੰਘ ਵਿੱਚ ਹੋਰ ਬਹੁਤ ‘ਗੁਣ’ ਸਨ, ਪਰ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕੰਮ ਤੋਂ ਟਲਦਾ ਸੀ। ਸਕੂਲ ਦੇ ਬਾਕੀ ਕੰਮ ਉਹ ਮੂਹਰੇ ਹੋ ਕੇ ਕਰਦਾ ਸੀ। ਸਰਕਾਰੀ ਸਮਾਗਮਾਂ ਵਿੱਚ ਜਾਣਾ ਉਸਦਾ ਸ਼ੌਕ ਸੀ। ਆਜ਼ਾਦੀ ਦਿਵਸ ਹੋਵੇ ਜਾਂ ਗਣਤੰਤਰਤਾ ਦਿਵਸ ਜਾਂ ਕੋਈ ਹੋਰ ਸਮਾਗਮ ਅਕਸਰ ਉਸਦੀ ਸਰਕਾਰੀ ਡਿਉਟੀ ਲੱਗਦੀ ਸੀ। ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਲੈ ਕੇ ਜਾਣਾ ਹੁੰਦਾ ਤਾਂ ਉਹ ਹਮੇਸ਼ਾਂ ਤਿਆਰ ਰਹਿੰਦਾ ਸੀ। ਜੇਕਰ ਉਸਦੀ ਕਦੇ ਡਿਉਟੀ ਨਾ ਲੱਗਦੀ ਤਾਂ ਆਪਣਾ ਅਸਰ ਵਰਤ ਕੇ ਉਸਨੂੰ ਡਿਉਟੀ ਲਗਵਾਉਣੀ ਆਉਂਦੀ ਸੀ।



ਸਕੂਲ ਦੇ ਬਾਕੀ ਅਧਿਆਪਕ ਉਸਦੇ ਇਨ੍ਹਾਂ ਗੁਣਾਂ ਤੋਂ ਵਾਕਫ਼ ਸਨ ਪਰ ਕੋਈ ਗੱਲ ਨਹੀਂ ਕਰਦਾ ਸੀ। ਵਿਦਿਆਰਥੀਆਂ ਦੇ ਮਾਪਿਆਂ ਨੇ ਉਸਦੀਆਂ ਪ੍ਰਿੰਸੀਪਲ ਕੋਲ ਸ਼ਕਾਇਤਾਂ ਵੀ ਕੀਤੀਆਂ ਸਨ ਕਿ ਉਹ ਪੜ੍ਹਾਉਂਦਾ ਨਹੀਂ ਪਰ ਪ੍ਰਿੰਸੀਪਲ ਕੀ ਕਰ ਸਕਦੀ ਸੀ?

ਗੁਣਬੰਤ ਸਿੰਘ ਨੇ ਆਪਣੇ ‘ਗੁਣਾਂ’ ਦੀ ਇੱਕ ਵੱਡੀ ਫਾਇਲ ਤਿਆਰ ਕੀਤੀ ਅਤੇ ਸਟੇਟ ਐਵਾਰਡੀ ਅਧਿਆਪਕ ਹੋਣ ਦਾ ਸਨਮਾਨ ਲੈਣ ਲਈ ਅਰਜ਼ੀ ਪਾ ਦਿੱਤੀ। ਉਸਦੀਆਂ ਦੱਸੀਆਂ ਪ੍ਰਾਪਤੀਆਂ ਦੀ ਪੜਤਾਲ ਕਰਨ ਲਈ ਇੱਕ ਟੀਮ ਸਕੂਲ ਪਹੁੰਚੀ। ਜਦੋਂ ਟੀਮ ਆਈ ਤਾਂ ਆਦਤ ਮੁਤਾਬਕ ਮਾਸਟਰ ਗੁਣਬੰਤ ਸਿੰਘ ਜੀ ਕਲਾਸ ਵਿੱਚ ਹਾਜ਼ਰ ਨਹੀਂ ਸਨ। ਟੀਮ ਦੀ ਇੱਕ ਮੈਂਬਰ ਨੇ ਮਾਸਟਰ ਗੁਣਬੰਤ ਸਿੰਘ ਨੂੰ ਸੰਬੋਧਨ ਹੋ ਕੇ ਕਿਹਾ “ਅੱਜ ਤਾਂ ਤੁਹਾਨੂੰ ਪਤਾ ਸੀ ਕਿ ਟੀਮ ਆਵੇਗੀ। ਇਸ ਕਰਕੇ ਕਲਾਸ ਵਿੱਚ ਹਾਜ਼ਰ ਰਹਿਣਾ ਚਾਹੀਦਾ ਸੀ।” ਗੁਣਬੰਤ ਸਿੰਘ ਨੇ ਬਿਨਾਂ ਕੁਝ ਬੋਲਿਆਂ ਹੱਥ ਜੋੜ ਦਿੱਤੇ ਸਨ। ਟੀਮ ਆਪਣੀ ਕਾਰਵਾਈ ਪਾ ਕੇ ਚਲੀ ਗਈ। ਕੁਝ ਦਿਨ ਸਟਾਫ ਵਿੱਚ ਇਸ ਬਾਰੇ ਚਰਚਾ ਵੀ ਚੱਲੀ ਪਰ ਫਿਰ ਕਿਸੇ ਨੇ ਇਸ ਬਾਰੇ ਵਿਚਾਰ ਨਾ ਕੀਤੀ।

ਰਾਜ ਪੱਧਰ ‘ਤੇ ਸਰਕਾਰੀ ਸਮਾਗਮ ਵਿੱਚ ਇਕੱਠ ਦਿਖਾਉਣ ਲਈ ਸਕੂਲ ਦੇ ਸਾਰੇ ਅਧਿਅਪਕਾਂ ਨੂੰ ਹਾਜ਼ਰ ਹੋਣ ਲਈ ਸਰਕਾਰੀ ਪੱਤਰ ਆਇਆ। ਸਰਕਾਰੀ ਡਿਉਟੀ ਸਮਝ ਕੇ ਹੋਰਨਾਂ ਸਕੂਲਾਂ ਦੇ ਅਧਿਆਪਕ ਵੀ ਸਮਾਗਮ ਵਿੱਚ ਹਾਜ਼ਰ ਸਨ। ਇਸ ਭਾਰੀ ਇਕੱਠ ਵਿੱਚ ਸਨਮਾਨ ਲਈ ਜਿਉਂ ਹੀ ਗੁਣਬੰਤ ਸਿੰਘ ਦਾ ਨਾਂ ਬੋਲਿਆ ਗਿਆ ਉਹ ਤੁਰੰਤ ਹੱਥ ਜੋੜ ਕੇ ਸਟੇਜ ‘ਤੇ ਜਾ ਹਾਜ਼ਰ ਹੋਇਆ। ਉਸਦੇ ਸਨਮਾਨਿਤ ਹੋਣ ‘ਤੇ ਉਸਦੇ ਸਕੂਲ ਦੀ ਪ੍ਰਿੰਸੀਪਲ ਸਮੇਤ ਸਾਰਾ ਸਟਾਫ ਤਾੜੀਆਂ ਮਾਰ ਰਿਹਾ ਸੀ ਕਿ ਸਾਡੇ ਸਕੂਲ ਦਾ ਮਾਸਟਰ ਸਨਮਾਨਿਤ ਹੋਇਆ ਹੈ।

Comments

prabhjot

nice

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ