Sun, 13 October 2024
Your Visitor Number :-   7232271
SuhisaverSuhisaver Suhisaver

ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ -ਹਰਗੁਣਪ੍ਰੀਤ ਸਿੰਘ

Posted on:- 28-09-2013

suhisaver

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਭਾਰਤ ਮਾਤਾ ਦੇ ਐਸੇ ਮਹਾਨ ਸਪੂਤ ਹੋਏ ਹਨ, ਜਿਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਵਿਅਕਤਿਤਵ ਨਾਲ ਕਰੋੜਾਂ ਹਾਰੇ-ਦੁਰਕਾਰੇ ਅਤੇ ਗੁਲਾਮੀ ਵਿਚ ਗ੍ਰੱਸੇ ਲੋਕਾਂ ਦੇ ਮਨਾਂ ਵਿਚ ਆਪਣੇ ਹੱਕਾਂ ਲਈ ਲੜਨ ਅਤੇ ਦੇਸ਼ ਨੂੰ ਅੰਗਰੇਜ਼ਾਂ ਦੀ ਪਕੜ ਵਿਚੋਂ ਆਜ਼ਾਦ ਕਰਾਉਣ ਲਈ ਤੜਪ ਪੈਦਾ ਕੀਤੀ।ਭਾਵੇਂ ਕਿ ਭਗਤ ਸਿੰਘ ਨੂੰ ਸਿਰਫ 23 ਸਾਲਾਂ ਦੀ ਹੀ ਛੋਟੀ ਉਮਰ ਮਿਲ ਸਕੀ ਪਰੰਤੂ ਉਸ ਨੇ ਇਸ ਛੋਟੇ ਜਿਹੇ ਸਮੇਂ ਦੌਰਾਨ ਹੀ ਆਪਣੀ ਅਦਭੁੱਤ ਸੂਝ-ਬੂਝ, ਦਲੇਰੀ, ਵਚਨਬੱਧਤਾ ਅਤੇ ਲੋਕਪ੍ਰਿਯਤਾ ਦੀ ਜਿਸ ਉਚਾਈ ਨੂੰ ਛੋਹਿਆ, ਉਸ ਦੀ ਉਦਾਹਰਣ ਸੰਸਾਰ ਭਰ ਦੇ ਇਤਿਹਾਸ ਵਿਚ ਘੱਟ ਹੀ ਮਿਲਦੀ ਹੈ।

ਵੈਸੇ ਤਾਂ ਭਗਤ ਸਿੰਘ ਸਮੁੱਚੀ ਪੰਜਾਬੀਅਤ ਅਤੇ ਭਾਰਤੀ ਲੋਕਾਂ ਦੇ ਨੁਮਾਇੰਦੇ ਸਨ, ਜੋ ਹਰ ਵਰਗ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਸਨ, ਪਰੰਤੂ ਉਨ੍ਹਾਂ ਦੀ ਵਿਚਾਰਧਾਰਾ ਨੇ ਨੌਜਵਾਨ ਪੀੜ੍ਹੀ ਉਤੇ ਵਿਸ਼ੇਸ਼ ਪ੍ਰਭਾਵ ਪਾਇਆ।ਆਪਣੀ ਵਿਚਾਰਧਾਰਾ ਵਿਚ ਭਗਤ ਸਿੰਘ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰ, ਕੌਮ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਫਰਜ਼ਾਂ ਤੋਂ ਜਾਣੂ ਕਰਵਾਇਆ।



ਭਗਤ ਸਿੰਘ ਦੇ ਜੀਵਨ ਦਾ ਮੁੱਖ ਉਦੇਸ਼ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ।ਦੇਸ਼ ਨੂੰ ਆਜ਼ਾਦ ਕਰਾਉਣ ਦੀ ਪ੍ਰੇਰਨਾ ਉਸ ਨੂੰ ਬਚਪਨ ਤੋਂ ਹੀ ਆਪਣੇ ਦੇਸ਼ ਭਗਤ ਪਰਿਵਾਰ ਵਿਚੋਂ ਮਿਲੀ ਸੀ।ਉਸਦਾ ਇਹ ਵਿਚਾਰ ਸੀ ਕਿ ਅੰਗਰੇਜ਼ ਉਦੋਂ ਤੱਕ ਭਾਰਤ ਛੱਡ ਕੇ ਨਹੀਂ ਜਾਣਗੇ ਜਦੋਂ ਤੱਕ ਉਨ੍ਹਾਂ ਨੂੰ ਇੱਥੋਂ ਜਾਣ ਲਈ ਮਜਬੂਰ ਨਾ ਕਰ ਦਿੱਤਾ ਜਾਵੇ।ਆਪਣੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਉਸ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ ਤੋਂ ਅਕਸਰ ਪ੍ਰੇਰਨਾ ਮਿਲਦੀ ਸੀ: “ਚਿੜੀਓਂ ਸੇ ਮੈਂ ਬਾਜ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।”

ਆਜ਼ਾਦੀ ਪ੍ਰਾਪਤੀ ਦੀ ਇੱਛਾ ਦੇ ਨਾਲ ਹੀ ਉਸ ਦੇ ਮਨ ਵਿਚ ਇਕ ਬੇਚੈਨੀ ਵੀ ਸੀ, ਜੋ ਉਸ ਦੇ ਸਾਹਮਣੇ ਇਕ ਪ੍ਰਸ਼ਨ ਵਾਂਗ ਵਾਰ-ਵਾਰ ਆ ਖਲੋਂਦੀ ਸੀ ਕਿ ਕੀ ਭਾਰਤ ਦੇਸ਼ ਅੰਗਰੇਜ਼ਾਂ ਦੇ ਜਾਣ ਉਪਰੰਤ ਪੂਰੀ ਤਰ੍ਹਾਂ ਆਜ਼ਾਦ ਹੋ ਜਾਵੇਗਾ? ਕੀ ਗਰੀਬ ਅਤੇ ਦੁਖਿਆਰੇ-ਦੁਰਕਾਰੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਮਿਲ ਜਾਣਗੇ? ਕੀ ਇਸ ਤਰ੍ਹਾਂ ਤਾਂ ਨਹੀਂ ਹੋਵੇਗਾ ਕਿ ਜਿਹੜੀਆਂ ਕੁਰਸੀਆਂ ਗੋਰੇ ਅੰਗਰੇਜ਼ ਖਾਲੀ ਛੱਡ ਕੇ ਜਾਣਗੇ ਉਨ੍ਹਾਂ ਉਤੇ ਕਾਲੇ ਅੰਗਰੇਜ਼ ਭਾਵ ਭ੍ਰਿਸ਼ਟ ਭਾਰਤੀ ਆ ਬੈਠਣਗੇ? ਉਸ ਲਈ ਅਸਲੀ ਆਜ਼ਾਦੀ ਦਾ ਅਰਥ ਸਮਾਜਵਾਦੀ ਭਾਰਤ ਦੀ ਸਥਾਪਨਾ ਕਰਨਾ ਸੀ ਜਿਸ ਵਿਚ ਬਰਾਬਰਤਾ ਅਤੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਦੀ ਕਲਪਨਾ ਸ਼ਾਮਲ ਸੀ।ਇਸ ਲਈ ਉਹ ਨੌਜਵਾਨਾਂ ਤੋਂ ਇਹ ਉਮੀਦ ਰੱਖਦਾ ਸੀ ਕਿ ਉਹ ਰਾਜ ਭਾਗ ਦੇ ਸੜੇ-ਗਲੇ ਢਾਂਚੇ ਨੂੰ ਉਖਾੜ ਕੇ ਦੇਸ਼ ਨੂੰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਵਹਿਮਾਂ-ਭਰਮਾਂ ਅਤੇ ਊਚ-ਨੀਚ ਦੀਆਂ ਬੇੜੀਆਂ ਤੋਂ ਮੁਕਤ ਕਰਾਉਣ।

ਉਸਦਾ ਇਹ ਵਿਸ਼ਵਾਸ ਸੀ ਕਿ ਵਿਦਰੋਹ ਦੀ ਮਸ਼ਾਲ ਨੂੰ ਜਗਦੀ ਰੱਖਣ ਲਈ ਕੁਰਬਾਨ ਹੋਣਾ ਬਹੁਤ ਜ਼ਰੂਰੀ ਹੈ।ਉਹ ਕਈ ਵਾਰ ਕ੍ਰਾਂਤੀਕਾਰੀਆਂ ਦੀ ਮੌਤ ਨੂੰ ਮਹਿਬੂਬ ਨਾਲ ਮਿਲਣੀ ਦੇ ਤੁੱਲ ਆਖਦਾ ਸੀ।ਜਦੋਂ ਬੀ. ਏ. ਵਿਚ ਪੜ੍ਹਨ ਦੌਰਾਨ ਉਸਦੇ ਮਾਪਿਆਂ ਨੇ ਉਸਨੂੰ ਵਿਆਹ ਕਰਨ ਲਈ ਕਿਹਾ ਤਾਂ ਉਸਨੇ ਇਹ ਉੱਤਰ ਦੇ ਕੇ ਸਾਫ ਇਨਕਾਰ ਕਰ ਦਿੱਤਾ, “ਗੁਲਾਮ ਹਿੰਦੁਸਤਾਨ ਵਿਚ ਮੇਰੀ ਵਹੁਟੀ ਕੇਵਲ ਮੌਤ ਹੀ ਬਣੇਗੀ।” ਇਕ ਵਾਰ ਜਦੋਂ ਉਸਦਾ ਇਕ ਸਾਥੀ ਵਿਜੈ ਕੁਮਾਰ ਸਿੰਗਲਾ ਉਸਨੂੰ ਫਾਂਸੀ ਤੋਂ ਦੋ ਕੁ ਹਫਤੇ ਪਹਿਲਾਂ ਜੇਲ੍ਹ ਵਿਚ ਮਿਲਣ ਪਹੁੰਚਿਆ ਤਾਂ ਭਗਤ ਸਿੰਘ ਨੇ ਉਸਨੂੰ ਇਹ ਸ਼ਬਦ ਆਖੇ, “ਜੇ ਮੈਂ ਬਚ ਗਿਆ ਤਾਂ ਇਹ ਬੜਾ ਅਫਸੋਸਜਨਕ ਹੋਵੇਗਾ ਅਤੇ ਜੇ ਮੈਂ ਹੱਸਦਾ-ਹੱਸਦਾ ਫਾਂਸੀ ਉਤੇ ਚੜ੍ਹ ਗਿਆ ਤਾਂ ਭਾਰਤੀ ਮਾਂਵਾਂ ਆਪਣੇ ਪੁੱਤਰਾਂ ਨੂੰ ਜ਼ਰੂਰ ਭਗਤ ਸਿੰਘ ਬਣਾਉਣ ਦਾ ਯਤਨ ਕਰਿਆ ਕਰਨਗੀਆਂ।

ਇਸ ਪ੍ਰਕਾਰ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਸੰਗਰਾਮੀਆਂ ਦੀ ਗਿਣਤੀ ਬਹੁਤ ਵੱਧ ਜਾਵੇਗੀ ਅਤੇ ਦੇਸ਼ ਵਿਚ ਇਨਕਲਾਬ ਆ ਕੇ ਰਹੇਗਾ।” ਜਦੋਂ ਉਸ ਦਾ ਪਰਿਵਾਰ ਆਖਰੀ ਵਾਰ ਉਸ ਨੂੰ ਜੇਲ੍ਹ ਵਿਚ ਮਿਲਣ ਆਇਆ ਤਾਂ ਪਰਿਵਾਰਕ ਜੀਆਂ ਨਾਲ ਆਖਰੀ ਮੁਲਾਕਾਤ ਨੇ ਉਸਨੂੰ ਭਾਵੁਕ ਤੌਰ ਉਤੇ ਝੰਜੋੜ ਦਿੱਤਾ ਪਰੰਤੂ ਉਸ ਨੇ ਆਪਣੇ ਮਨ ਉਤੇ ਕਾਬੂ ਰੱਖਕੇ ਆਪਣੇ ਮਾਪਿਆਂ ਅਤੇ ਭੈਣਾਂ-ਭਰਾਵਾਂ ਨੂੰ ਹੌਂਸਲਾ ਰੱਖਣ ਵਾਸਤੇ ਕਿਹਾ ਅਤੇ ਨਾਲ ਹੀ ਮਿਲ ਜੁਲ ਕੇ ਰਹਿਣ ਲਈ ਬੇਨਤੀ ਕੀਤੀ।ਭਗਤ ਸਿੰਘ ਨੇ ਆਪਣੀ ਬੈਰਕ ਦੀ ਕੰਧ ਉਤੇ ਕੋਲੇ ਨਾਲ ਲਿਖਿਆ ਹੋਇਆ ਸੀ, “ਚਿਰਾਗ-ਏ-ਸਹਿਰ ਹੂੰ ਬੁਝਾ ਚਾਹਤਾ ਹੂੰ।ਚੰਦ ਲਮਹੋਂ ਕਾ ਮਹਿਮਾਂ ਹੂੰ ਅਲਵਿਦਾ ਚਾਹਤਾ ਹੂੰ।”

ਭਗਤ ਸਿੰਘ ਦਾ ਇਹ ਮੰਨਣਾ ਸੀ ਕਿ ਜਿਸ ਤਰ੍ਹਾਂ ਇਕ ਥਾਂ ਉਤੇ ਖੜ੍ਹਾ ਪਾਣੀ ਬਦਬੋ ਦਾ ਕਾਰਣ ਬਣਦਾ ਹੈ, ਉਸੇ ਤਰ੍ਹਾਂ ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦੀ ਹੈ ਤਾਂ ਉਹ ਕਿਸੇ ਕਿਸਮ ਦੀ ਵੀ ਤਬਦੀਲੀ ਤੋਂ ਹਿਚਕਿਚਾਉਂਦੇ ਹਨ।ਇਸ ਲਈ ਬੇਹਤਰੀ ਲਈ ਆਉਣ ਵਾਲਾ ਬਦਲਾਓ ਲਿਆਉਣ ਵਾਲੀ ਇਨਕਲਾਬੀ ਸੋਚ ਮਨੁੱਖਤਾ ਦੀ ਆਤਮਾ ਵਿਚ ਇਸ ਕਦਰ ਵੜ ਜਾਣੀ ਚਾਹੀਦੀ ਹੈ ਕਿ ਪਿਛਾਂਹ ਖਿੱਚੂ ਤਾਕਤਾਂ ਅੱਗੇ ਨਾ ਵੱਧ ਸਕਣ।ਭਾਵੇਂ ਕਿ ਇਨਕਲਾਬ ਦਾ ਜ਼ਮਾਨਾ ਸੀ ਪਰ ਭਗਤ ਸਿੰਘ ਅੱਤਵਾਦ ਦੇ ਹੱਕ ਵਿਚ ਨਹੀਂ ਸੀ।ਆਪ ਦਾ ਵਿਚਾਰ ਸੀ ਕਿ ਇਨਕਲਾਬ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਿਰੋਧਤਾ ਦਾ ਚਿੰਨ੍ਹ ਹੈ ਜਦਕਿ ਇਸ ਦੇ ਉਲਟ ਅੱਤਵਾਦ ਨਾਲ ਹਿੰਸਾ ਵੱਧਦੀ ਹੈ ਜਿਸ ਦਾ ਸ਼ਿਕਾਰ ਬੇਦੋਸ਼ੇ ਲੋਕ ਹੀ ਹੁੰਦੇ ਹਨ ਅਤੇ ਸਮਾਜਿਕ ਪਰਿਵਰਤਨ ਦਾ ਲਕਸ਼ ਪਾਸੇ ਹੀ ਰਹਿ ਜਾਂਦਾ ਹੈ।ਅੰਗਰੇਜ਼ ਸਰਕਾਰ ਵੱਲੋਂ ਪੇਸ਼ ਕੀਤੇ ਗਏ ਦੋ ਬਿਲਾਂ ‘ਪਬਲਿਕ ਸੇਫਟੀ ਬਿਲ’ ਅਤੇ ‘ਟ੍ਰੇਡ ਡਿਸਪਿਊਟ ਬਿਲ’ ਦਾ ਵਿਰੋਧ ਕਰਨ ਲਈ ਹੀ ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਬੰਬ ਦੀ ਵਰਤੋਂ ਸਿਰਫ ਬੋਲੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੀਤੀ।ਅਸੈਂਬਲੀ ਵਿਚ ਬੰਬ ਖਾਲੀ ਥਾਂ ਉਤੇ ਸੁੱਟਿਆ ਗਿਆ ਅਤੇ ਉਨ੍ਹਾਂ ਆਪਣੀ ਗ੍ਰਿਫਤਾਰੀ ਵੀ ਦਿੱਤੀ ਤਾਂ ਕਿ ਇਨਕਲਾਬੀਆਂ ਨੂੰ ਆਪਣੀ ਗੱਲ ਕਹਿਣ ਲਈ ਮੰਚ ਪ੍ਰਾਪਤ ਹੋ ਸਕੇ।ਇਸ ਲਈ ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਨੂੰ ਸੀਮਤ ਰੂਪ ਵਿਚ ਆਪਣੇ ਸੰਘਰਸ਼ ਦਾ ਹਿੱਸਾ ਬਣਾਇਆ ਜੋ ਅਜੋਕੀ ਦਹਿਸ਼ਤਗਰਦੀ ਤੋਂ ਬਿਲਕੁਲ ਭਿੰਨ ਹੈ।

ਜਦੋਂ 23 ਮਾਰਚ, 1931 ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਭਗਤ ਸਿੰਘ ਦਾ ਵਕੀਲ ਪ੍ਰਾਣ ਨਾਥ ਮਹਿਤਾ ਉਸ ਨੂੰ ਮਿਲਣ ਆਇਆ ਅਤੇ ਉਸ ਤੋਂ ਪੁੱਛਣ ਲੱਗਾ, “ਕੀ ਉਹ ਦੇਸ਼ ਦੇ ਨਾਂ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ?” ਭਗਤ ਸਿੰਘ ਨੇ ਗੰਭੀਰਤਾ ਨਾਲ ਉੱਤਰ ਦਿੱਤਾ, “ਮੇਰੇ ਦੋ ਨਾਅਰੇ ਲੋਕਾਂ ਤੱਕ ਪਹੁੰਚਾ ਦੇਣਾ ‘ਸਾਮਰਾਜਵਾਦ ਖਤਮ ਹੋਵੇ’ ਅਤੇ ‘ਇਨਕਲਾਬ ਜ਼ਿੰਦਾਬਾਦ’।ਜਦੋਂ ਭਾਰਤ ਮਾਂ ਦੇ ਤਿੰਨ ਮਹਾਨ ਸਪੂਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ “ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ…।” ਗਾਉਂਦੇ ਹੋਏ ਫਾਂਸੀ ਦੇ ਤਖਤੇ ਵੱਲ ਖੁਸ਼ੀ ਖੁਸ਼ੀ ਤੁਰਨ ਲੱਗੇ ਤਾਂ ਜੇਲ੍ਹ ਵਿਚ ਡੱਕੇ ਬਾਕੀ ਕ੍ਰਾਂਤੀਕਾਰੀਆਂ ਨੂੰ ਸਾਂਭਣਾ ਗਾਰਡਾਂ ਵਾਸਤੇ ਮੁਸ਼ਕਿਲ ਹੋ ਗਿਆ।ਉਹ ਵੀ ਇਕੱਠੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ ਜਿਸ ਦਾ ਨਤੀਜਾ ਇਹ ਹੋਇਆ ਕਿ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਜੇਲ੍ਹ ਵਿਚੋਂ ਨਿਕਲ ਕੇ ਕੁਝ ਪਲਾਂ ਵਿਚ ਹੀ ਲਾਹੌਰ ਅਤੇ ਸਮੁੱਚੇ ਦੇਸ਼ ਵਿਚ ਅੱਗ ਵਾਂਗ ਫੈਲ ਗਿਆ ਜਿਸ ਨੇ ਦੇਸ਼ ਵਾਸੀਆਂ ਦੇ ਸੁੱਤੇ ਹੋਏ ਜ਼ਮੀਰ ਨੂੰ ਜਗਾਉਣ ਦਾ ਕੰਮ ਕੀਤਾ।ਸੋ ਭਗਤ ਸਿੰਘ ਅਤੇ ਉਸਦੇ ਸਾਥੀ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਏ।ਭਗਤ ਸਿੰਘ ਦੇ ਸ਼ਬਦਾਂ ਅਨੁਸਾਰ, “ਦਿਲ ਸੇ ਨਿਕਲੇਗੀ ਨ ਮਰ ਕਰ ਭੀ ਵਤਨ ਕੀ ਉਲਫਤ, ਮੇਰੀ ਮਿੱਟੀ ਸੇ ਭੀ ਖੁਸ਼ਬੂ ਏ ਵਤਨ ਆਏਗੀ।”

ਭਗਤ ਸਿੰਘ ਮੁਤਾਬਿਕ ਸ਼ੁੱਭ ਆਚਰਣ ਵਾਲੇ ਵਿਅਕਤੀ ਹੀ ਅਸਲੀ ਧਾਰਮਿਕ ਹੋ ਸਕਦੇ ਹਨ ਨਾ ਕਿ ਅੰਧ ਵਿਸ਼ਵਾਸਾਂ ਅਤੇ ਪਖੰਡਾਂ ਵਿਚ ਫਸੇ ਲੋਕ।ਉਸ ਦਾ ਕਹਿਣਾ ਸੀ ਕਿ ਧਰਮ ਹਰ ਕਿਸੇ ਇਨਸਾਨ ਦਾ ਨਿਜੀ ਮਸਲਾ ਹੋ ਸਕਦਾ ਹੈ ਪਰੰਤੂ ਇਸ ਦੀ ਵਰਤੋਂ ਫਿਰਕਾਪ੍ਰਸਤੀ ਦੇ ਜ਼ਹਿਰ ਅਤੇ ਧਰਮ ਦੇ ਨਾਂ ਉੱਤੇ ਹੁੰਦੇ ਦੰਗਿਆਂ ਦੇ ਰੂਪ ਵਿਚ ਨਹੀਂ ਹੋਣੀ ਚਾਹੀਦੀ।ਇਸੇ ਲਈ ਭਗਤ ਸਿੰਘ ਦੀ ਵਿਚਾਰਧਾਰਾ ਦੇਸ਼-ਕੌਮ ਅਤੇ ਰੰਗ-ਨਸਲ ਦੀਆਂ ਹੱਦਾਂ ਨੂੰ ਨਹੀਂ ਸਵੀਕਾਰਦੀ।ਭਗਤ ਸਿੰਘ ਸ਼ੁੱਭ ਆਚਾਰ ਦੀ ਕੇਵਲ ਗੱਲ ਹੀ ਨਹੀਂ ਸੀ ਕਰਦਾ ਬਲਕਿ ਉਹ ਆਪ ਵੀ ਉੱਚੇ-ਸੁੱਚੇ ਆਚਰਣ ਦਾ ਧਾਰਨੀ ਵਿਅਕਤੀ ਸੀ ਜਿਸਨੇ ਹਮੇਸ਼ਾਂ ਸੱਚ ਦਾ ਸਾਥ ਦਿੱਤਾ, ਇਮਾਨਦਾਰੀ ਨਾਲ ਕੰਮ ਕੀਤਾ, ਪਰਉਪਕਾਰੀ ਜੀਵਨ ਜੀਵਿਆ ਅਤੇ ਕਦੇ ਕੋਈ ਨਸ਼ਾ, ਸ਼ਰਾਬ ਜਾਂ ਹੋਰ ਵਿਅਸਨ ਨਹੀਂ ਸੀ ਕੀਤਾ।ਉਸ ਦਾ ਇਹ ਵਿਚਾਰ ਸੀ ਕਿ ਜਦੋਂ ਤੱਕ ਭਾਰਤੀ ਨੌਜਵਾਨ ਪੜ੍ਹੇ ਲਿਖੇ, ਚੰਗੀ ਸਿਹਤ ਵਾਲੇ, ਵਿਗਿਆਨਕ ਅਤੇ ਤਰਕਸ਼ੀਲ ਸੋਚ ਰੱਖਣ ਵਾਲੇ ਨਹੀਂ ਬਣ ਜਾਂਦੇ, ਉਦੋਂ ਤੱਕ ਇਨਕਲਾਬੀ ਨਿਸ਼ਾਨਿਆਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ।

ਭਗਤ ਸਿੰਘ ਬਾਰੇ ਇਹ ਗੱਲ ਪ੍ਰਚਲਤ ਸੀ ਕਿ ਉਹ ਬਹੁਤ ਹੀ ਤੇਜ਼ ਰਫਤਾਰ ਨਾਲ ਪੁਸਤਕਾਂ ਪੜ੍ਹ ਲੈਂਦੇ ਸਨ।ਇਥੋਂ ਤੱਕ ਕਿ ਅੰਗਰੇਜ਼ ਹਾਕਮਾਂ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਜਦੋਂ ਭਗਤ ਸਿੰਘ ਨੂੰ ਮਿਥੇ ਸਮੇਂ ਤੋਂ ਗਿਆਰਾਂ ਘੰਟੇ ਪਹਿਲਾਂ ਹੀ ਫਾਂਸੀ ਲਾਉਣ ਦਾ ਫੈਸਲਾ ਸੁਣਾ ਦਿੱਤਾ ਤਾਂ ਭਗਤ ਸਿੰਘ ਤੋਂ ਆਖਰੀ ਖੁਹਾਇਸ਼ ਪੁੱਛਣ ਉਤੇ ਉਸਨੇ ਇਹੀ ਕਿਹਾ ਕਿ ਤੁਸੀਂ ਮੈਨੂੰ ਲੈਨਿਨ ਦੀ ਪੁਸਤਕ ਦਾ ਇਕ ਕਾਂਡ ਤਾਂ ਖਤਮ ਕਰ ਲੈਣ ਦਿਓ।ਇਹ ਤੱਥ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਇਨਸਾਨ ਦੀ ਜੀਵਨ ਲੀਲਾ ਕੁਝ ਸਮੇਂ ਬਾਅਦ ਸਮਾਪਤ ਹੋਣ ਵਾਲੀ ਹੋਵੇ ਉਹ ਆਖਰੀ ਸਮੇਂ ਵੀ ਕਿਤਾਬਾਂ ਪ੍ਰਤੀ ਇੰਨਾ ਲਗਾਓ ਰੱਖੇ।ਆਪਣੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਨੇ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਨੂੰ ਮਿਲਣ ਉਪਰੰਤ ਉਸ ਨੂੰ ਚਿੱਠੀ ਵਿਚ ਲਿਖਿਆ ਸੀ, “ਅਜ਼ੀਜ਼ ਕੁਲਤਾਰ! ਅੱਜ ਤੁਹਾਡੀਆਂ ਅੱਖਾਂ ਵਿਚ ਹੰਝੂ ਵੇਖ ਕੇ ਮੈਨੂੰ ਬੜਾ ਦੁਖ ਹੋਇਆ।ਤੁਹਾਡੀਆਂ ਗੱਲਾਂ ਵਿਚ ਬਹੁਤ ਦਰਦ ਸੀ।ਮੈਂ ਤੁਹਾਡੇ ਅੱਥਰੂ ਨਹੀਂ ਦੇਖ ਸਕਦਾ।ਬਰਖੁਰਦਾਰ, ਲਗਨ ਨਾਲ ਆਪਣੀ ਪੜ੍ਹਾਈ ਕਰੋ ਤੇ ਸਿਹਤ ਦਾ ਖਿਆਲ ਰੱਖੋ।ਹੌਂਸਲਾ ਰੱਖੋ, ਹੋਰ ਕੀ ਕਹਾਂ?” ਸੋ ਭਗਤ ਸਿੰਘ ਦਾ ਸਮੁੱਚਾ ਜੀਵਨ ਅਤੇ ਉਨ੍ਹਾਂ ਦਾ ਉਚੇਰੀ ਪੜ੍ਹਾਈ ਅਤੇ ਚੰਗੀ ਸਿਹਤ ਦਾ ਸੰਦੇਸ਼ ਉਨ੍ਹਾਂ ਵਿਹਲੜ, ਨਸ਼ਈ ਅਤੇ ਕੰਮਚੋਰ ਨੌਜਵਾਨਾਂ ਲਈ ਵੰਗਾਰ ਹੈ ਜਿਹੜੇ ਸਭ ਪ੍ਰਕਾਰ ਦੀਆਂ ਸੁਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਪੜ੍ਹਾਈ ਵਿਚ ਰੁਚੀ ਨਹੀਂ ਦਿਖਾਉਂਦੇ ਅਤੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਅਜਾਈਂ ਰੋਲ ਦਿੰਦੇ ਹਨ।

ਕਿਸੇ ਵਿਅਕਤੀ ਦਾ ਪ੍ਰਭਾਵ ਹੀ ਉਸਦਾ ਜੀਵਨ ਹੁੰਦਾ ਹੈ ਅਤੇ ਇਸ ਪ੍ਰਭਾਵ ਦੇ ਅਭਾਵ ਦਾ ਨਾਂ ਹੀ ਮੌਤ ਹੈ।ਭਗਤ ਸਿੰਘ ਦਾ ਸਰੀਰ ਭਾਵੇਂ ਸਾਡੇ ਦਰਮਿਆਨ ਮੌਜੂਦ ਨਹੀਂ ਪਰੰਤੂ ਉਸ ਦੀ ਸੋਚ ਅਤੇ ਸ਼ਖ਼ਸੀਅਤ ਅੰਬਰਾਂ ਜਿੰਨੀ ਉੱਚੀ ਹੈ ਜੋ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਮਨਾਂ ਵਿਚ ਹਮੇਸ਼ਾਂ ਰਸੀ, ਵਸੀ ਤੇ ਧਸੀ ਰਹੇਗੀ।

ਸੰਪਰਕ: +91 94636 19353

Comments

raj

bhoot sohni rachna jee

Rahul Kumar

Hlo

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ