Thu, 12 September 2024
Your Visitor Number :-   7220810
SuhisaverSuhisaver Suhisaver

ਹੋਣਹਾਰ ਵਿਰਵਾਨ ਕੇ ਹੋਤ ਚੀਕਨੇ ਪਾਤ - ਹਰਗੁਣਪ੍ਰੀਤ ਸਿੰਘ

Posted on:- 10-12-2013

suhisaver

ਅੱਜ ਅੰਤਰਰਾਸ਼ਟਰੀ ਬਾਲ ਦਿਵਸ’ ਉੱਤੇ ਵਿਸ਼ੇਸ਼

ਬੱਚੇ ਕੋਮਲ ਫੁੱਲਾਂ ਸਮਾਨ ਹੁੰਦੇ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਹੀ ਪਿਆਰ ਭਰੇ ਧਿਆਨ ਨਾਲ ਕਰਨਾ ਚਾਹੀਦਾ ਹੈ।ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦਾ ਭਵਿੱਖ ਬੱਚੇ ਹੀ ਹੁੰਦੇ ਹਨ ਅਤੇ ਜੇਕਰ ਬੱਚਿਆਂ ਨੂੰ ਬਚਪਨ ਵਿਚ ਹੀ ਆਪਣੇ ਘਰ, ਸਕੂਲ ਅਤੇ ਚੌਗਿਰਦੇ ਤੋਂ ਉੱਚੇ-ਸੁੱਚੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਮਿਲ ਜਾਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਬੱਚੇ ਕੁਰਾਹੇ ਪੈ ਜਾਣ।ਇਸ ਲੇਖ ਵਿਚ ਕੁਝ ਮਹਾਨ ਅਤੇ ਮਸ਼ਹੂਰ ਸ਼ਖਸੀਅਤਾਂ ਦੇ ਬਚਪਨ ਨਾਲ ਸਬੰਧਿਤ ਪ੍ਰੇਰਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਸੇਧ ਲੈ ਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਇਕ ਵਾਰ ਬਚਪਨ ਵਿਚ ਉਨ੍ਹਾਂ ਦੀ ਮਾਂ ਨੇ ਪੰਜਾਹ ਰੁਪਏ ਦਿੱਤੇ ਅਤੇ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਕੰਮ ਵਾਸਤੇ ਪਿੰਡ ਤੋਂ ਸ਼ਹਿਰ ਜਾਣ ਨੂੰ ਕਿਹਾ।ਮਾਂ ਦੀ ਆਗਿਆ ਸੁਣ ਕੇ ਆਪ ਤੁਰੰਤ ਤਿਆਰ ਹੋ ਕੇ ਖੁਸ਼ੀ-ਖੁਸ਼ੀ ਸ਼ਹਿਰ ਵੱਲ ਨੂੰ ਚੱਲ ਪਏ।ਰਾਹ ਵਿਚ ਬੜੇ ਸੰਘਣੇ ਜੰਗਲ ਆਉਂਦੇ ਸਨ ਜਿਨ੍ਹਾਂ ਵਿਚੋਂ ਲੰਘਦੇ ਸਮੇਂ ਉਨ੍ਹਾਂ ਨੂੰ ਕੁਝ ਡਾਕੂ ਘੇਰ ਕੇ ਕਹਿਣ ਲੱਗੇ, “ਜੇ ਤੂੰ ਜਿਉਂਦਾ ਰਹਿਣਾ ਚਾਹੁੰਦਾ ਹੈਂ ਤਾਂ ਤੇਰੇ ਕੋਲ ਜਿੰਨੇ ਵੀ ਪੈਸੇ ਹਨ, ਸਾਨੂੰ ਚੁਪਚਾਪ ਫੜ੍ਹਾ ਦੇ।” ਇਹ ਸੁਣਦੇ ਸਾਰ ਹੀ ਉਨ੍ਹਾਂ ਨੇ ਬਿਨਾਂ ਕਿਸੇ ਘਬਰਾਹਟ ਤੋਂ ਤੁਰੰਤ ਹੀ ਆਪਣੀ ਜੇਬ੍ਹ ਵਿਚੋਂ ਪੰਜਾਹ ਰੁਪਏ ਕੱਢ ਕੇ ਡਾਕੂਆਂ ਨੂੰ ਫੜ੍ਹਾ ਦਿੱਤੇ।



ਡਾਕੂਆਂ ਨੂੰ ਆਪ ਉੱਪਰ ਪੂਰੀ ਤਰ੍ਹਾਂ ਭਰੋਸਾ ਨਾ ਹੋਇਆ ਅਤੇ ਉਨ੍ਹਾਂ ਇਹ ਸੋਚ ਕੇ ਕਿ ਬੱਚੇ ਕੋਲ ਹੋਰ ਰੁਪਏ ਵੀ ਹੋਣਗੇ, ਆਪ ਦੀ ਤਲਾਸ਼ੀ ਲੈਣ ਲੱਗੇ।ਪਰੰਤੂ ਕਿੰਨਾ ਚਿਰ ਤਲਾਸ਼ੀ ਕਰਨ ਉਰੰਤ ਵੀ ਜਦੋਂ ਉਨ੍ਹਾਂ ਹੱਥ ਕੁਝ ਨਾ ਲੱਗਿਆ ਤਾਂ ਡਾਕੂਆਂ ਦੇ ਸਰਦਾਰ ਨੇ ਆਪ ਤੋਂ ਬਿਨਾਂ ਕਿਸੇ ਹਿਚਕਿਚਾਹਟ ਤੋਂ ਸਾਰੇ ਪੈਸੇ ਤੁਰੰਤ ਫੜ੍ਹਾਉਣ ਦਾ ਕਾਰਨ ਪੁੱਛਿਆ।ਆਪ ਕਹਿਣ ਲੱਗੇ, “ਮੇਰੀ ਮਾਂ ਨੇ ਮੈਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਹੈ ਕਿ ਮਨੁੱਖ ਨੂੰ ਕਿਸੇ ਵੀ ਹਾਲਤ ਵਿਚ ਸੱਚ ਨੂੰ ਤਿਆਗ ਕੇ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ।” ਡਾਕੂਆਂ ਦਾ ਸਰਦਾਰ ਆਪ ਦੇ ਮੂੰਹੋਂ ਐਸੇ ਵਿਚਾਰ ਸੁਣਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, “ਕਾਕਾ! ਧੰਨ ਹੈ ਤੇਰੀ ਮਾਂ ਜਿਸਨੇ ਤੇਰੇ ਵਰਗੇ ਸੱਚੇ ਅਤੇ ਇਮਾਨਦਾਰ ਸਪੁੱਤਰ ਨੂੰ ਜਨਮ ਦਿੱਤਾ ਹੈ।“ ਇਕ ਨਿੱਕੇ ਜਿਹੇ ਬੱਚੇ ਦੀਆਂ ਉੱਚੀਆਂ-ਸੁੱਚੀਆਂ ਗੱਲਾਂ ਨੇ ਡਾਕੂਆਂ ਦਾ ਜੀਵਨ ਬਦਲ ਦਿੱਤਾ।

ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਦੇਸ਼ ਭਗਤ ਗੋਪਾਲ ਕ੍ਰਿਸ਼ਨ ਗੋਖਲੇ ਜਦੋਂ ਵਿਦਿਆਰਥੀ ਸਨ ਤਾਂ ਇਕ ਦਿਨ ਆਪ ਦੇ ਅਧਿਆਪਕ ਨੇ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਦੇ ਕੁਝ ਪ੍ਰਸ਼ਨ ਹੱਲ ਕਰਨ ਲਈ ਦਿੱਤੇ।ਪ੍ਰਸ਼ਨ ਬਹੁਤ ਮੁਸ਼ਕਿਲ ਸਨ, ਜਿਸ ਕਰਕੇ ਕੋਈ ਵੀ ਵਿਦਿਆਰਥੀ ਉਨ੍ਹਾਂ ਨੂੰ ਹੱਲ ਨਾ ਕਰ ਸਕਿਆ।ਕੇਵਲ ਗੋਪਾਲ ਕ੍ਰਿਸ਼ਨ ਗੋਖਲੇ ਹੀ ਅਜਿਹੇ ਵਿਦਿਆਰਥੀ ਸਨ ਜਿਨ੍ਹਾਂ ਦੇ ਸਾਰੇ ਉੱਤਰ ਸਹੀ ਸਨ।ਜਦੋਂ ਅਧਿਆਪਕ ਖੁਸ਼ ਹੋ ਕੇ ਆਪ ਨੂੰ ਕੁਝ ਇਨਾਮ ਦੇਣ ਲੱਗਾ ਤਾਂ ਆਪ ਨੇ ਇਨਾਮ ਤਾਂ ਕੀ ਲੈਣਾ ਸੀ ਉਲਟਾ ਰੋਣਾ ਸ਼ੁਰੂ ਕਰ ਦਿੱਤਾ।ਰੋਣ ਦਾ ਕਾਰਨ ਪੁੱਛਣ ਉਤੇ ਉਨ੍ਹਾਂ ਕਿਹਾ, “ਮਾਸਟਰ ਜੀ! ਇਸ ਇਨਾਮ ਦਾ ਮੈਂ ਬਿਲਕੁਲ ਹੱਕਦਾਰ ਨਹੀਂ ਕਿਉਂਕਿ ਇਨ੍ਹਾਂ ਪ੍ਰਸ਼ਨਾਂ ਵਿਚੋਂ ਇਕ ਪ੍ਰਸ਼ਨ ਦਾ ਉੱਤਰ ਮੈਂ ਦੂਸਰੇ ਵਿਦਿਆਰਥੀ ਕੋਲੋਂ ਪੁੱਛ ਕੇ ਲਿਖਿਆ ਸੀ।” ਅਧਿਆਪਕ ਆਪ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਆਪ ਨੂੰ ਇਨਾਮ ਦੇ ਕੇ ਕਹਿਣ ਲੱਗਾ, “ਇਸ ਇਨਾਮ ਦਾ ਅਸਲੀ ਹੱਕਦਾਰ ਤੂੰ ਹੀ ਹੈਂ ਕਿਉਂ ਕਿ ਤੂੰ ਸੱਚ ਬੋਲਿਆ ਹੈ।ਜਿਹੜੇ ਲੋਕ ਸੱਚ ਤੋਂ ਉਲਟ ਝੂਠ ਦਾ ਸਹਾਰਾ ਲੈ ਕੇ ਕੰਮ ਕਰਦੇ ਹਨ, ਉਨ੍ਹਾਂ ਦਾ ਝੂਠ ਭਾਵੇਂ ਨਾ ਵੀ ਫੜਿਆ ਜਾਵੇ, ਫੇਰ ਵੀ ਉਹ ਅਸ਼ਾਂਤ ਅਤੇ ਦੁਖੀ ਰਹਿੰਦੇ ਹਨ।”

ਸਾਡੇ ਦੇਸ਼ ਦੇ ਮਹਾਨ ਸਪੂਤ ਅਤੇ ਗਣਿਤ ਦੇ ਪ੍ਰੌਫੈਸਰ ਸਵਾਮੀ ਰਾਮ ਤੀਰਥ ਜਿਨ੍ਹਾਂ ਨੇ ਅਲੋਪ ਹੁੰਦੀ ਜਾ ਰਹੀ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਨੂੰ ਮੁੜ ਸਮੁੱਚੇ ਸੰਸਾਰ ਵਿਚ ਪ੍ਰਕਾਸ਼ਮਾਨ ਕੀਤਾ, ਬਹੁਤ ਹੀ ਗਰੀਬ ਪਰਿਵਾਰ ਵਿਚੋਂ ਸਨ।ਉਨ੍ਹਾਂ ਨੂੰ ਆਪਣੀ ਪੜ੍ਹਾਈ-ਲਿਖਾਈ ਉਤੇ ਖਰਚਾ ਕਰਨ ਲਈ ਅਕਸਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨ੍ਹਾਂ ਦੀ ਅਦਭੁਤ ਤੀਖਣ ਬੁੱਧੀ, ਪੜ੍ਹਾਈ ਕਰਨ ਲਈ ਤੀਬਰ ਇੱਛਾ ਅਤੇ ਦ੍ਰਿੜ ਵਿਸ਼ਵਾਸ ਦੇਖ ਕੇ ਕੋਈ ਨਾ ਕੋਈ ਨੇਕ ਦਿਲ ਇਨਸਾਨ ਆਪ ਦੀ ਕੁਝ ਨਾ ਕੁਝ ਸਹਾਇਤਾ ਕਰ ਦਿੰਦਾ ਸੀ।ਇਕ ਵਾਰ ਜਦੋਂ ਆਪ ਸਰਕਾਰੀ ਕਾਲਜ ਲਾਹੌਰ ਤੋਂ ਐਮ.ਏ. ਗਣਿਤ ਕਰ ਰਹੇ ਸਨ, ਤਾਂ ਆਪ ਨੂੰ ਪੈਸਿਆਂ ਦੀ ਅਤਿਅੰਤ ਜ਼ਰੂਰਤ ਪਈ।ਕਾਲਜ ਦੇ ਪ੍ਰਿੰਸੀਪਲ ਨੇ ਆਪ ਨੂੰ ਬੁਲਾ ਕੇ ਇਕ ਪੈਕੇਟ ਜਿਸ ਵਿਚ ਤਰਵੰਜਾ ਰੁਪਏ ਸਨ, ਪਕੜਾ ਦਿੱਤਾ।ਜਦੋਂ ਆਪ ਨੇ ਪ੍ਰਿੰਸੀਪਲ ਤੋਂ ਦਾਨੀ ਸੱਜਣਾਂ ਦੇ ਨਾਂ-ਪਤੇ ਬਾਰੇ ਪੁੱਛਿਆ ਤਾਂ ਉਸ ਨੇ ਕਾਫੀ ਜ਼ੋਰ ਪਾਉਣ ਬਾਅਦ ਦੱਸਿਆ ਕਿ ਇਹ ਪੈਸੇ ਉਸਨੇ ਆਪ ਹੀ ਸਵਾਮੀ ਜੀ ਨੂੰ ਦਿੱਤੇ ਸਨ।ਆਪ ਨੇ ਇਨ੍ਹਾਂ ਪੈਸਿਆਂ ਵਿਚੋਂ ਅੱਧੇ ਰੁਪਏ ਰੱਖ ਲਏ ਅਤੇ ਬਾਕੀ ਰੁਪਏ ਵਾਪਸ ਕਰਦੇ ਹੋਏ ਕਹਿਣ ਲੱਗੇ, “ਪ੍ਰਿੰਸੀਪਲ ਸਾਹਿਬ! ਤੁਸੀਂ ਇਨ੍ਹਾਂ ਪੈਸਿਆਂ ਨਾਲ ਮੇਰੇ ਵਰਗੇ ਕਿਸੇ ਹੋਰ ਗਰੀਬ ਅਤੇ ਲੋੜਵੰਦ ਵਿਦਿਆਰਥੀ ਦੀ ਸਹਾਇਤਾ ਕਰ ਦੇਣਾ।” ਪ੍ਰਿੰਸੀਪਲ ਆਪ ਦੇ ਇੰਨੀ ਗਰੀਬੀ ਦੇ ਬਾਵਜੂਦ ਵੀ ਪਰਉਪਕਾਰੀ ਸੁਭਾਅ ਅਤੇ ਦਿਲ ਦੀ ਅਮੀਰੀ ਨੂੰ ਵੇਖਕੇ ਬਹੁਤ ਖੁਸ਼ ਹੋਇਆ।

ਮਹਾਨ ਇੰਜੀਨੀਅਰ ਅਤੇ ਸਮਾਜ ਸੇਵਕ ਸਰ ਗੰਗਾਰਾਮ ਬਚਪਨ ਤੋਂ ਹੀ ਬਹੁਤ ਮਿਹਨਤੀ, ਹਿੰਮਤੀ ਅਤੇ ਆਤਮ ਵਿਸ਼ਵਾਸੀ ਸਨ।ਇਹ ਗੱਲ ਭਾਰਤ ਦੇ ਬਟਵਾਰੇ ਤੋਂ ਪਹਿਲਾਂ ਦੀ ਹੈ ਜਦੋਂ ਬਾਲਕ ਗੰਗਾ ਰਾਮ ਮੈਟ੍ਰਿਕ ਪਾਸ ਕਰਨ ਉਪਰੰਤ ਨੌਕਰੀ ਦੀ ਭਾਲ ਵਿਚ ਲਾਹੌਰ ਤੋਂ ਦਿੱਲੀ ਆਇਆ।ਜਦੋਂ ਉਹ ਦਫਤਰ ਪੁੱਜਾ ਤਾਂ ਚਪੜਾਸੀ ਨੇ ਉਸ ਨੂੰ ਇਕ ਕਮਰੇ ਵਿਚ ਬਿਠਾ ਕੇ ਇੰਜੀਨੀਅਰ ਸਾਹਿਬ ਦੀ ਉਡੀਕ ਕਰਨ ਵਾਸਤੇ ਕਿਹਾ।ਭਾਵੇਂ ਗੰਗਾ ਰਾਮ ਬੜਾ ਸਮਝਦਾਰ ਅਤੇ ਹੋਣਹਾਰ ਬੱਚਾ ਸੀ ਪਰੰਤੂ ਸ਼ਹਿਰੀ ਰੰਗ-ਢੰਗ ਤੋਂ ਅਣਜਾਣ ਹੋਣ ਕਰਕੇ ਉਹ ਚੀਫ ਇੰਜੀਨੀਅਰ ਦੀ ਕੁਰਸੀ ਉਤੇ ਹੀ ਬੈਠ ਗਿਆ।ਕੁਝ ਚਿਰ ਮਗਰੋਂ ਜਦੋਂ ਇੰਜੀਨੀਅਰ ਉਥੇ ਪਹੁੰਚਿਆ ਤਾਂ ਇਕ ਪੇਂਡੂ ਮੁੰਡੇ ਨੂੰ ਆਪਣੀ ਕੁਰਸੀ ਉਤੇ ਬੈਠਾ ਦੇਖ ਗੁੱਸੇ ਵਿਚ ਆ ਕੇ ਗੰਗਾਰਾਮ ਨੂੰ ਕਹਿਣ ਲੱਗਾ, “ਤੇਰੀ ਹਿੰਮਤ ਕਿਵੇਂ ਹੋਈ ਮੇਰੀ ਕੁਰਸੀ ਉਤੇ ਬੈਠਣ ਦੀ? ਤੇਰੇ ਵਰਗੇ ਨੂੰ ਤਾਂ ਮੇਰੀਆਂ ਜੁੱਤੀਆਂ ਸਾਫ ਕਰਨ ਦੀ ਨੌਕਰੀ ਵੀ ਨਹੀਂ ਮਿਲੇਗੀ।” ਇਸ ਤੋਂ ਬਾਅਦ ਗੰਗਾ ਰਾਮ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਪ੍ਰੰਤੂ ਉਹ ਡੋਲਿਆ ਨਹੀਂ ਬਲਕਿ ਇਨ੍ਹਾਂ ਅਪਮਾਨਜਨਕ ਸ਼ਬਦਾਂ ਨੂੰ ਹੀ ਆਪਣੀ ਪ੍ਰੇਰਨਾ ਦਾ ਆਧਾਰ ਬਣਾ ਲਿਆ।ਉਸ ਨੇ ਪੱਕਾ ਨਿਸ਼ਚਾ ਕੀਤਾ ਕਿ ਜਿਸ ਕੁਰਸੀ ਤੋਂ ਉਸ ਨੂੰ ਉਠਾਇਆ ਗਿਆ ਹੈ, ਉਹ ਇਕ ਦਿਨ ਆਪਣੀ ਯੋਗਤਾ ਸਦਕਾ ਇਸ ਦਾ ਜ਼ਰੂਰ ਹੱਕਦਾਰ ਬਣੇਗਾ।ਉਸ ਦੀ ਪੜ੍ਹਾਈ ਵਿਚ ਅਥਾਹ ਲਗਨ ਸਦਕਾ ਉਸਨੇ ਇੰਜੀਨੀਅਰਿੰਗ ਵਿਚ ਪੂਰੀ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ।ਇਹ ਇਤਫਾਕ ਸੀ ਕਿ ਜਿਸ ਦਿਨ ਗੰਗਾਰਾਮ ਇੰਜੀਨੀਅਰ ਦੇ ਅਹੁਦੇ ਉਤੇ ਨਿਯੁਕਤ ਹੋਇਆ, ਉਸੇ ਦਿਨ ਹੀ ਉਸ ਚੀਫ ਇੰਜੀਨੀਅਰ ਦੀ ਸੇਵਾਮੁਕਤੀ ਹੋਣੀ ਸੀ ਜਿਸ ਨੇ ਉਸ ਨੂੰ ਬਚਪਨ ਵਿਚ ਬੇਇੱਜ਼ਤ ਕੀਤਾ ਸੀ।ਜਦੋਂ ਦੋਵੇਂ ਆਪਸ ਵਿਚ ਮਿਲੇ ਤਾਂ ਗੰਗਾ ਰਾਮ ਨੇ ਉਸ ਨੂੰ ਕਿਹਾ, “ਮੈਂ ਉਹੀ ਗੰਗਾ ਰਾਮ ਹਾਂ ਜਿਸ ਨੂੰ ਤੁਸੀਂ ਕੁਝ ਸਾਲ ਪਹਿਲਾਂ ਧੱਕੇ ਮਾਰ ਕੇ ਇਸ ਦਫਤਰ ‘ਚੋਂ ਕੱਢਿਆ ਸੀ।ਜਿਸ ਕੁਰਸੀ ਦੇ ਹੰਕਾਰ ਵਿਚ ਆ ਕੇ ਤੁਸੀਂ ਮੇਰਾ ਅਪਮਾਨ ਕੀਤਾ ਸੀ, ਅੱਜ ਮੈਂ ਇਸਦਾ ਹੱਕਦਾਰ ਬਣ ਗਿਆ ਹਾਂ।” ਆਪਣੇ ਵਿਅਕਤਿਤਵ ਵਿਚ ਇਨ੍ਹਾਂ ਮਹਾਨ ਗੁਣਾਂ ਸਦਕਾ ਬਰਤਾਨਵੀ ਸਰਕਾਰ ਨੇ ਵੀ ਗੰਗਾਰਾਮ ਨੂੰ ਸਤਿਕਾਰ ਸਹਿਤ ‘ਰਾਏ ਬਹਾਦੁਰ’ ਅਤੇ ‘ਸਰ’ ਨਾਵਾਂ ਦੀ ਉਪਾਧੀ ਦਿੱਤੀ।ਸੰਨ 1951 ਵਿਚ ਦਿੱਲੀ ਵਿਖੇ ਆਪ ਦੀ ਯਾਦ ਵਿਚ ਸਰ ਗੰਗਾ ਰਾਮ ਹਸਪਤਾਲ ਦੀ ਸਥਾਪਨਾ ਵੀ ਕੀਤੀ ਗਈ।

ਸੰਪਰਕ: +91 94636 19353

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ