Sun, 13 October 2024
Your Visitor Number :-   7232288
SuhisaverSuhisaver Suhisaver

ਕੁਦਰਤੀ ਖੇਤੀ ਦਾ ਮਾਹਿਰ ਸਤਨਾਮ ਸਿੰਘ ਗਿੱਲ - ਬਲਜਿੰਦਰ ਮਾਨ

Posted on:- 27-06-2015

suhisaver

ਅਜੋਕੀ ਭੱਜ ਦੌੜ ਨੇ ਮਨੁੱਖ ਕੋਲੋਂ ਵਿਰਾਸਤੀ ਗੱਲਾਂ ਖੋਹ ਲਈਆਂ ਹਨ।ਉਸਨੂੰ ਕਿਸੇ ਦੀ ਜਾਨ ਦੀ ਪ੍ਰਵਾਹ ਨਹੀਂ।ਜੇ ਕੁਝ ਦਿਖਾਈ ਦਿੰਦਾ ਹੈ ਤਾਂ ਉਹ ਸਿਰਫ ਪੈਸਾ ਹੀ ਹੈ।ਅਸਲ ਵਿਚ ਪੈਸੇ ਦੀ ਦੌੜ ਦਾ ਕੋਈ ਅੰਤ ਨਹੀਂ।ਇਸੇ ਕਰਕੇ ਅਜ ਦੇ ਕਿਸਾਨਾਂ ਨੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਅਨ੍ਹੇਵਾਹ ਵਰਤੋਂ ਕਰਕੇ ਇਸ ਧਰਤੀ ਨੂੰ ਕੈਂਸਰ ਕਰ ਦਿੱਤਾ ਹੈ।ਇਥੇ ਹੀ ਬਸ ਨਹੀਂ ਹਵਾ ਅਤੇ ਪਾਣੀ ਨੂੰ ਵੀ ਪਲੀਤ ਕਰ ਦਿੱਤਾ ਹੈ।ਜਦਕਿ ਲੋੜ ਹੈ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਕੇ ਦੇਸ਼ ਕੌਮ ਨੂੰ ਸਿਹਤ ਪੱਖੋਂ ਨਰੋਆ ਕੀਤਾ ਜਾਵੇ।ਅਜਿਹੇ ਕੀਮਤੀ ਵਿਚਾਰਾਂ ਦਾ ਧਾਰਨੀ ਹੈ ਓਰਗੈਨਿਕ ਖੇਤੀ ਦਾ ਮਾਹਿਰ ਕਿਸਾਨ ਸਤਨਾਮ ਸਿੰਘ ਗਿੱਲ।

ਗਿੱਲ ਇਕੋ ਵੇਲੇ ਇਕ ਸਾਹਿਤਕਾਰ,ਕਵੀ,ਕਹਾਣੀਕਾਰ ਅਤੇ ਚਿੱਠੀਆਂ ਦਾ ਮਾਹਿਰ ਲੇਖਕ ਹੈ।ਉਸਦੀ ਜਦੋਂ ਚਿੱਠੀ ਪੜ੍ਹਦੇ ਹਾਂ ਤਾਂ ਪੂਰਾ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲਗ ਪੈਂਦਾ ਹੈ।ਇਸਦੇ ਨਾਲ ਉਹ ਖੇਤੀ ਵਿਗਿਆਨ ਵਿਚ ਵੀ ਮੁਹਾਰਤ ਰੱਖਦਾ ਹੈ।ਆਪਣੇ ਫਾਰਮ ਵਿਚ ਵੰਨ ਸੁਵੰਨੇ ਫਲ ਅਤੇ ਸਬਜ਼ੀਆਂ ਪੈਦਾ ਕਰਕੇ ਦੋਸਤਾਂ ਮਿੱਤਰਾਂ ਨੁੰ ਵੰਡਦਾ ਰਹਿੰਦਾ ਹੈ।ਜਦੋਂ ਉਸਨੂੰ ਪੁੱਛਿਆ ਗਿਆ ਕਿ ਤੁਸੀਂ ਵਪਾਰਕ ਖੇਤੀ ਕਿਉਂ ਨਹੀਂ ਕਰਦੇ ਤਾਂ ਉਸਦਾ ਕਹਿਣਾ ਸੀ ਕਿ ਇਹ ਕੰਮ ਤਾਂ ਸਭ ਕਿਸਾਨ ਕਰ ਹੀ ਰਹੇ ਹਨ, ਜੋ ਉਹ ਕਰ ਰਿਹਾ ਹੈ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇਗਾ।ਉਸਦਾ ਉਦੇਸ਼ ਸਾਫ ਅਤੇ ਸੰਤੁਲਿਤ ਖੁਰਾਕ ਨਾਲ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।ਇਸੇ ਕਰਕੇ ਘਰ ਆਏ ਮਹਿਮਾਨਾ ਦੀ ਟਹਿਲ ਸੇਵਾ ਵੀ ਦੇਸੀ ਖਾਦਾਂ ਨਾਲ ਤਿਆਰ ਕੀਤੀਆਂ ਫਲਾਂ ਅਤੇ ਸਬਜ਼ੀਆਂ ਨਾਲ ਕੀਤੀ ਜਾਂਦੀ ਹੈ।

ਜਦੋਂ ਸਤਨਾਮ ਸਿੰਘ ਗਿੱਲ ਦੇ ਪਿੰਡ ਤਲਵੰਡੀ ਫੱਤੂ ਜ਼ਿਲ੍ਹਾਂ ਨਵਾਂ ਸ਼ਹਿਰ ਪੁੱਜਦੇ ਹਾਂ ਤਾਂ ਉਸਦੇ ਫਾਰਮ ਅਤੇ ਕਿਚਨ ਗਾਰਡਨ ਦਾ ਨਜ਼ਾਰਾ ਨਿਵੇਕਲਾ ਹੁੰਦਾ ਹੈ।ਉਹ ਖੁਦ ਹੀ ਸਾਰੇ ਕੰਮ ਕਰਦਾ ਹੈ।ਖੇਤੀ ਦੀ ਪਨੀਰੀ ਤੋਂ ਲੈ ਕੇ ਘਰ ਦੇ ਸਾਰੇ ਕੰਮ ਹੱਥੀਂ ਕਰਕੇ ਉਸਨੂੰ ਖੁਸ਼ੀ ਮਿਲਦੀ ਹੈ।ਦੁਨੀਆਂ ਦੇ 23 ਦੇਸ਼ਾਂ ਵਿਚ ਘੁੰਮਿਆ ਫਿਰਿਆ ਅਤੇ ਟ੍ਰਿਪਲ ਐਮ ਏ ਹੋਣ ਕਰਕੇ ਹਰ ਵਿਸ਼ੇ ਦੀ ਗੰਭੀਰਤਾ ਨੂੰ ਪਹਿਚਾਣਦਾ ਹੈ।ਇਸੇ ਕਰਕੇ ਉਸ ਕੋਲ ਗਿਅਨ ਵਿਗਿਆਨ ਦਾ ਅਮੁੱਕ ਭੰਡਾਰਾ ਹੈ।ਉਸਦੀਆਂ ਵੰਨ-ਸੁਵੰਨੀਆਂ ਰਚਨਾਵਾਂ ਅਖਬਾਰਾਂ ਰਸਾਲਿਆਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ।ਉਹ ਇਕ ਜ਼ਹੀਨ ਪਾਠਕ ਹੈ।ਜਿਸ ਕੋਲ ਪੰਜਾਬੀ ਹਿੰਦੀ ਦੇ 50 ਤੋਂ ਵੱਧ ਰਸਾਲੇ ਆਉਂਦੇ ਹਨ।ਜਿਨ੍ਹਾਂ ਨੂੰ ਪੜ੍ਹਨ ਉਪਰੰਤ ਆਪਣੀ ਕੀਮਤੀ ਰਾਏ ਵੀ ਲਿਖ ਕੇ ਭੇਜਦਾ ਰਹਿੰਦਾ ਹੈ।ਉਹ ਇਕ ਬਹਾਦਰ ਦਿਲ ਇਨਸਾਨ ਹੈ।

ਪਤਨੀ ਹਰਭਜਨ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਅਤੇ ਦਾਮਾਦ ਇਕ ਹਾਦਸੇ ਕਾਰਨ ਬਿਸਤਰ ਤੇ ਹਨ।ਅਜਿਹੇ ਹਲਾਤਾਂ ਵਿਚ ਵੀ ਉਹ ਕਦੀ ਢੇਰੀ ਨਹੀਂ ਢਾਹੁੰਦਾ ਸਗੋਂ ਕੋਮਲ ਹਿਰਦੇ ਨਾਲ ਮਾਲਕ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਸਭ ਕਾਰਜਾਂ ਨੂੰ ਸਵੇਰੇ ਚਾਰ ਵਜੇ ਸ਼ੁਰੂ ਕਰਕੇ ਰਾਤ ਦਸ ਵਜੇ ਤਕ ਨਿਬੇੜ ਕੇ ਹੀ ਅਰਾਮ ਕਰਦਾ ਹੈ।ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸਭ ਤੋਂ ਮਹੱਤਵਪੂਰਨ ਘਟਨਾ ਰੇਡੀਓ ਮਾਸਕੋ ਦੁਆਰਾ ਦਿਲੀ ਵਿਖੇ 1978 ਵਿਚ ਕਰਵਾਏ ਲੇਖ ਮੁਕਾਬਲੇ(ਦੁਨੀਆ ਤੁਹਾਡੀ ਨਜ਼ਰ ਵਿਚ) ਵਿਚੋਂ ਪਹਿਲੇ ਥਾਂ ਆੳਣਾ ਫਿਰ ਸੋਵੀਅਤ ਯੂਨੀਅਨ ਵਲੋਂ ਸੱਦੇ ਤੇ 1979 ਵਿਚ ਉਥੋਂ ਦੀ ਯਾਤਰਾ ਕਰਨੀ ਸ਼ਾਮਲ ਹੈ।
    
ਜਦੋਂ ਸਤਨਾਮ ਸਿੰਘ ਇਤਿਹਾਸ ਦੀ ਗੱਲ ਛੇੜਦਾ ਹੈ ਤਾਂ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਲ ਨਾਲ ਕਬੂਤਰਾਂ ਰਾਹੀਂ ਭੇਜੇ ਜਾਂਦੇ ਸੰਦੇਸ਼ਾਂ ਦਾ ਜ਼ਿਕਰ ਅਜੋਕੇ ਜੰਤਰਾਂ ਤਕ ਲੈ ਜਾਂਦਾ ਹੈ।ਹਰ ਕਿਸੇ ਨਾਲ ਮੁਹੱਬਤ ਕਰਨੀ ਉਸਦੀ ਸਖਸ਼ੀਅਤ ਦਾ ਖਾਸਾ ਹੈ।ਕਈ ਸਵੈ ਸੇਵੀ ਜਥੇਬੰਦੀਆਂ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਮਾਣ ਸਨਮਾਨ ਕਰ ਚੁੱਕੀਆਂ ਹਨ।ਇਕ ਤਕੜਾ ਬੁਲਾਰਾ ਹੋਣ ਦੇ ਨਾਲ ਨਾਲ ਸਫਲ ਸਟੇਜ ਸੰਚਾਲਕ ਵੀ ਹੈ।ਨੌਜਵਾਨ ਪੀੜੀ ਨੂੰ ਨਰੋਈਆਂ ਲੀਹਾਂ ਪ੍ਰਦਾਨ ਕਰਨ ਵਾਲੇ ਸਮਾਗਮਾਂ ਵਿਚ ੳਹ ਨਿੱਘਾ ਤੇ ਉੱਘਾ ਯੋਗਦਾਨ ਪਾਉਂਦਾ ਹੈ।ਤੁਹਾਡੀ ਗਲ ਘੱਟ ਸੁਣਦਾ ਹੈ ਤੇ ਆਪਣੀ ਜ਼ਿਆਦਾ ਸੁਣਾਉਂਦਾ ਹੈ।ਉਸ ਦੇ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸੰਗ੍ਰਹਿਆਂ ਦੇ ਦਰਜਨਾਂ ਖਰੜੇ ਤਿਆਰ ਪਏ ਹਨ।ਜਿਨ੍ਹਾਂ ਵਿਚੋਂ ਕੁਝ ਕੁ ਦਾ ਪ੍ਰਕਾਸ਼ਨ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ (ਹੁਸ਼ਿਆਰਪੁਰ) ਵਲੋਂ ਕੀਤਾ ਜਾ ਰਿਹਾ ਹੈ।ਮੈਨੂੰ ਜਾਪਦਾ ਹੁਣ ਉਹ ਸਭ ਕੀਮਤੀ ਕਿਰਤਾਂ ਵੀ ਸਮਾਜ ਨੂੰ ਜਲਦੀ ਅਰਪਿਤ ਕਰ ਦੇਵੇਗਾ।ਕਲਾ ਦਾ ਪਾਰਖੂ ਅਤੇ ਕਲਾ ਦੀ ਪ੍ਰਫੁਲਤਾ ਲਈ ਯਤਨਸ਼ੀਲ ਹੈ।ਇਸੇ ਕਰਕੇ ਤਲਵੰਡੀ ਵਾਸੀ ਉਸਨੂੰ ਆਪਣੇ ਪਿੰਡ ਦਾ ਮਾਣ ਮੰਨਦੇ ਹਨ।ਅਜਿਹੇ ਨਿਰਸੁਆਰਥੀ ਲੋਕਾਂ ਦੀ ਬਦੌਲਤ ਹੀ ਇਹ ਸਮਾਜ ਵਧ ਫੁੱਲ ਰਿਹਾ ਹੈ।ਉਸਨੇ ਕੁਦਰਤੀ ਤਰੀਕੇ ਸਬਜ਼ੀਆਂ ਅਤੇ ਫਲਾਂ ਦੇ ਕਈ ਰਿਕਾਰਡ ਵੀ ਬਣਾਏ ਹਨ।ਜਿਨ੍ਹਾਂ ਵਿਚ ਵੱਡੇ ਕੱਦੂ ਅਤੇ ਘੀਆ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ।

ਸਤਨਮ ਸਿੰਘ ਗਿੱਲ ਪੂਰਨ ਸ਼ਾਕਾਹਾਰੀ ਤਾਂ ਹੈ ਹੀ ਨਾਲ ਹੀ ਉਸਨੇ ਕਦੀ ਬਜ਼ਾਰ ਦੀ ਬਣੀ ਮਠਿਆਈ ਵੀ ਨਹੀਂ ਖਾਧੀ।ਹਮੇਸ਼ਾਂ ਆਪਣੇ ਖੇਤਾਂ ਦੇ ਦਾਣਿਆ ਤੋਂ ਬਣੀ ਰੋਟੀ ਅਤੇ ਦਾਲ ਸਬਜ਼ੀ ਨਾਲ ਖਾਣਾ ਖਾ ਕੇ ਮਾਲਕ ਦਾ ਸ਼ੁਕਰ ਕਰਦਾ ਹੈ।ਉਸਦਾ ਸਾਰਾ ਪਰਿਵਾਰ ਕਨੇਡਾ ਵਸਦਾ ਹੈ ਪਰ ਉਹ ਆਪਣੀ ਮਾਤ ਭੂਮੀ ਦਾ ਦੀਵਾਨਾ ਹੋਣ ਕਰਕੇ ਇਥੋਂ ਦੀ ਧਰਤੀ ਦਾ ਪੁੱਤਰ ਬਣਿਆ ਹੋਇਆ ਹੈ।ਉਹ ਜਾਤਾਂ ਪਾਤਾਂ ਵਿਚ ਵਿਸ਼ਵਾਸ ਨਹੀਂ ਰੱਖਦਾ ਸਗੋਂ ਇਨਸਾਨੀਅਤ ਦਾ ਹੋਕਾ ਦਿੰਦਾ ਹੈ।ਇੰਝ ਉਹ ਇਕ ਸਫਲ ਕਿਸਾਨ ਦੇ ਨਾਲ ਨਾਲ ਸਫਲ਼ ਇਨਸਾਨ ਵੀ ਬਣ ਜਾਂਦਾ ਹੈ।ਉਸਨੇ ਦੂਰਦਰਸ਼ਨ ਅਤੇ ਰੇਡੀਓ ਤੇ ਵੀ ਕਈ ਵਾਰ ਕਿਸਾਨਾ ਨੂੰ ਅਜਿਹੀ ਖੇਤੀ ਕਰਨ ਦੀ ਪ੍ਰੇਰਨਾ ਦਿੱਤੀ ਹੈ।ਕੁਦਰਤ ਦੇ ਨਜ਼ਾਰਿਆ ਨੂੰ ਮਾਣਨ ਵਾਲਾ ਸਤਨਾਮ ਸਿੰਘ ਹਰ ਕਿਸੇ ਨੂੰ ਕੁਦਰਤ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ।ਉਸਦੀ ਸਭ ਲੋਕਾਂ ਨੂੰ ਸਲਾਹ ਹੈ ਕਿ ਕੁਦਰਤੀ ਤਰੀਕੇ ਨਾਲ ਆਪਣਾ ਕਿਚਨ ਗਾਰਡਨ ਜ਼ਰੂਰ ਤਿਆਰ ਕਰਨ।ਇਹ ਘਰ ਦੀ ਛੱਤ ਉਪਰ ਵੀ ਤਿਆਰ ਕੀਤਾ ਜਾ ਸਕਦਾ ਹੈ।ਜਿਸ ਨਾਲ ਸਾਰਾ ਪਰਿਵਾਰ ਜਹਿਰਾਂ ਤੋਂ ਬਚਿਆ ਰਹੇਗਾ ਅਤੇ ਨਰੋਆ ਹੋਵੇਗਾ। ਫੋਨ ਅਤੇ ਨੈਟ ਦੇ ਜ਼ਮਾਨੇ ਵਿਚ ਉਸਦਾ ਮਿੱਤਰ ਕੁਲਵੰਤ ਸਿੰਘ ਪਨੇਸਰ ਉਤੇ ਗਿੱਲ ਚਿੱਠੀਆਂ ਲਿਖਣੀਆਂ ਤੇ ਡਾਕ ਵਿਚ ਪਾਉਣੀਆਂ ਨਹੀਂ ਭੁੱਲੇ ।ਚਿੱਠੀਆਂ ਪਾਠਕਾਂ ਲਈ ਦਿਲਚਸਪੀ ਦਾ ਸਬੱਬ ਬਣਦੀਆਂ ਹਨ।ਸੱਠ ਸਾਲਾ ਇਸ ਗੱਭਰੂ ਨੇ ਪਿਤਾ ਸ.ਭਗਤ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਜਨਮ ਲੈ ਕੇ ਅਨੋਖੀਆਂ ਪ੍ਰਾਪਤੀਆਂ ਨਾਲ ਆਪਣੀ ਝੋਲੀ ਨੂੰ ਭੱਰਿਆ ਹੈ।ਬੇਟਾ ਹਰਸਿਮਰਨਜੀਤ ਸਿੰਘ ਅਤੇ ਬੇਟੀ ਸੋਨੀਆ ਉਸਦੀ ਦੇਣ ਵਿਚ ਹੋਰ ਵਾਧਾ ਕਰਨ ਲਈ ਯਤਨਸ਼ੀਲ ਹਨ।ਉਸਦੀ ਰਾਏ ਹੈ ਕਿ ਕਿਰਤੀ ਬਣਨ ਨਾਲ ਅਤੇ ਰੋਜ਼ਗਾਰ ਦੇ ਮੌਕੇ ਮਿਲਣ ਨਾਲ ਹੀ ਸਾਡੀ ਗਰੀਬੀ ਅਤੇ ਹੋਰ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।ਉਹ ਆਪਣੇ ਸਾਥੀਆਂ ਲਈ ਹੀ ਨਹੀਂ ਸਗੋਂ ਆਲੇ ਦੁਆਲੇ ਲਈ ਵੀ ਪ੍ਰੇਰਨਾ ਦਾ ਸੋਮਾ ਹੈ।ਇਸਦੇ ਨਾਲ ਨਾਲ ਉਹ ਸਾਹਿਤ ਅਤੇ ਕਲਾ ਦਾ ਸੱਚਾ ਉਪਾਸ਼ਕ।ਉਸਦੀ ਰਚਨਾ ਵਿਚੋਂ ਉਸਦੀ ਉੱਤਮ ਸੋਚ ਦਾ ਝਲਕਾਰਾ ਪੈਂਦਾ ਹੈ :-

ਗੁਰਦੁਆਰੇ ਮੰਦਰ ਮਸਜਿਦਾਂ ਚਰਚ ਕਈ ਹਜ਼ਾਰ,ਬਸ ਇਕੋ ਗਲ ਨੀ ਲੱਭਦੀ ਬੰਦੇ ਦਾ ਕਿਰਦਾਰ।
                    
ਸੰਪਰਕ: 98150 18947

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ