Mon, 09 September 2024
Your Visitor Number :-   7220054
SuhisaverSuhisaver Suhisaver

ਦਹਿਸ਼ਤ ਦੇ ਸਾਏ ਹੇਠ ਕਸ਼ਮੀਰ ਦਾ ਬਚਪਨ ਤੇ ਜਵਾਨੀ -ਐਡਵੋਕੇਟ ਗੁਰਸ਼ਮਸ਼ੀਰ ਸਿੰਘ

Posted on:- 15-09-2016

suhisaver

ਈਦ ਦਾ ਮੁਬਾਰਕ ਦਿਨ ਹੈ, ਪਰ ਕਸ਼ਮੀਰ ਵਿਚ ਈਦ ਵਰਗਾ ਕੁਝ ਵੀ ਨਹੀਂ, ਕਰਫਿਊ ਨਾਫਿਸ ਹੈ,  ਆਵਾਜਾਈ , ਬਾਜ਼ਾਰ ਬਿਲਕੁਲ ਬੰਦ, ਸੜਕਾਂ ਬਿਲਕੁਲ ਖਾਲੀ, ਲੋਕ ਬਜ਼ਾਰਾਂ ਦੀ ਥਾਂ ਹਸਪਤਾਲਾਂ ਤੇ ਮਜ਼ਾਰਾਂ  ਵਿੱਚ, ਮਸਜਿਦ ਦਾ ਮੌਲਵੀ ਅਜ਼ਾਨ ਦੀ ਥਾਂ ਸਿਰਫ ਹੜਤਾਲਾਂ ਤੇ ਬੰਦ ਦੇ ਸੱਦੇ  ਦੇਣ ਤੱਕ  ਮਹਿਦੂਦ ਤੇ ਮਾਤਮੀ ਖਾਮੋਸ਼ੀ ਮਾਹੌਲ ਨੂੰ ਹੋਰ ਖੌਫਜ਼ਦਾ ਬਣਾਉਂਦੀ ਹੋਈ ! ਹੋ ਸਕਦਾ ਦਿਨ ਢਲਦਿਆਂ ਤੱਕ ਨਾਰਾਜ਼ ਕਸ਼ਮੀਰੀ ਨਾਗਰਿਕਾਂ ਤੇ ਫ਼ੌਜੀ ਦਸਤਿਆਂ ਦੀਆਂ ਆਪਸੀ ਝੜੱਪਾਂ ਦੀਆਂ ਹੋਰ ਮਨਹੂਸ ਖਬਰਾਂ ਆਉਣ, ਜਿਨ੍ਹਾਂ ਵਿਚ ਹੋਰ ਅੱਲ੍ਹੜ ਕਸ਼ਮੀਰੀ ਨੌਜਵਾਨਾਂ ਦੇ ਮਾਰੇ ਜਾਣ ਦਾ ਜ਼ਿਕਰ ਹੋਵੇ, ਹੋਰਨਾਂ ਦੀ ਅੱਖਾਂ ਦੀ ਰੌਸ਼ਨੀ ਚਲੇ ਜਾਣ ਦਾ ਜ਼ਿਕਰ ਹੋਵੇ, ਤੈਨਾਤ ਫ਼ੌਜੀ  ਵੀਰਾਂ ਦੇ ਪੱਥਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਜ਼ਿਕਰ ਹੋਵੇ, ਉੱਠਦੇ ਜਨਾਜ਼ਿਆਂ ਤੇ ਵਿਲਕਦੀਆਂ ਮਾਵਾਂ ਦਾ ਜ਼ਿਕਰ  ਹੋਵੇ, ਇਸ ਮਾਤਮ ਉਪਰ  ਆਪਣੀ ਸਿਆਸਤ ਦੀ ਭੱਠੀ ਨੂੰ ਗਰਮ ਕਰਦੇ ਲੀਡਰਾਂ ਦੀਆਂ ਮੱਕਾਰ ਤਕਰੀਰਾਂ ਦਾ ਜ਼ਿਕਰ ਹੋਵੇ !
          
ਇਸ ਡਰਾਉਣੀ ਈਦ ਬਾਰੇ ਸੋਚਦਿਆਂ ਮੱਲੋ-ਮਲੀ ਧਿਆਨ ਉਹਨਾਂ ਕਸ਼ਮੀਰੀ ਬੱਚਿਆਂ ਉੱਪਰ ਚਲਿਆ ਜਾਂਦਾ ਹੈ, ਜੋ ਬੁਰੀ ਤਰ੍ਹਾਂ  ਇਸ  ਕਸ਼ੀਦਗੀ ਦੀ ਲਪੇਟ ਵਿਚ ਹਨ, ਜਿਹਨਾਂ ਦੀਆਂ ਈਦ ਦੀਆਂ ਛੁੱਟੀਆਂ ਅਣਮਿਥੇ ਸਮੇਂ ਲਈ ਵਧਾਅ ਦਿੱਤੀਆਂ  ਗਈਆਂ ਹਨ ! ਵੈਸੇ ਵੀ ਤਿਉਹਾਰਾਂ ਤੇ ਸਮਾਗਮਾਂ ਦਾ ਸਭ ਤੋਂ ਵੱਧ ਚਾਅ ਤੇ ਖੁਸ਼ੀ ਬੱਚਿਆਂ  ਨੂੰ ਹੁੰਦੀ ਹੈ!

ਜਦੋਂ ਬੱਚੇ ਸੀ ਤਾਂ ਕਿਸੇ ਵੀ ਆ ਰਹੇ ਤਿਉਹਾਰ ਜਾਂ ਸਮਾਗਮ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ, ਜਿਉਂ-ਜਿਉਂ ਤਿਉਹਾਰ ਨੇੜੇ ਆਉਂਦਾ ਖੁਸ਼ੀ ਵਧਦੀ ਚਲੀ ਜਾਦੀ । ਪਰ ਤਿਉਹਾਰ ਦਾ ਮਜ਼ਾ ਉਦੋਂ ਸਭ ਤੋਂ ਵੱਧ ਕਿਰਕਿਰਾ ਹੁੰਦਾ ਜਦ ਕਿਸੇ ਸਾਲ ਪਰਿਵਾਰ ਜਾਂ ਹੋਰ ਕਿਸੇ ਨੇੜਲੀ ਰਿਸ਼ਤੇਦਾਰੀ ਵਿਚ ਵਾਪਰੀ ਤਰਾਸਦੀ ਕਰਕੇ ਤਿਉਹਾਰ ਨਾ  ਮਨਾਇਆ ਜਾਂਦਾ !  ਤੇ ਹੁਣ ਇਹ ਸੋਚਦਿਆਂ ਕਿ ਕਸ਼ਮੀਰੀ ਬੱਚੇ  ਇਸ ਈਦ ਨੂੰ ਕਿਸ ਤਰ੍ਹਾਂ ਯਾਦ ਰੱਖਣਗੇ ਜਾਂ ਇਸ ਨੂੰ ਕਦੇ ਭੁੱਲ  ਵੀ ਪਾਉਣਗੇ ਜਾਂ ਨਹੀਂ ! ਜਿਹੜੇ ਬੱਚੇ  ਮਹੀਨਿਆਂ ਬੱਧੀ ਕਰਫਿਊੁ ਵਰਗੀਆਂ ਹਾਲਤਾਂ ਵਿਚ ਰਹਿਣ ਨੂੰ ਮਜਬੂਰ ਹੋਣ ਤਾਂ ਉਹਨਾਂ ਦੀ ਮਾਸੂਮੀਅਤ ਅਤੇ ਜ਼ਿਹਨੀਅਤ ਉੱਪਰ ਇਸਦਾ  ਕੀ ਅਸਰ ਪਵੇਗਾ ? ਕੀ ਉਹਨਾਂ ਦੀਆਂ ਭਾਵੀ ਮਾਨਸਿਕ ਸਮਸਿਆਵਾਂ ਦਾ ਕੋਈ ਇਲਾਜ ਮਨੋ-ਚਕਿਤਸਕ ਕਰ ਵੀ ਪਾਉਣਗੇ ਜਾਂ ਨਹੀਂ ਸੋਚ ਡਰ ਲਗਦੈ  !!
      
 ਬੱਚਿਆਂ  ਤੋਂ ਬਾਅਦ ਧਿਆਨ ਉਹਨਾਂ ਅੱਲ੍ਹੜ  ਕਸ਼ਮੀਰੀ ਨੌਜਵਾਨਾਂ ਵੱਲ ਜਾਂਦਾ  ਜੋ ਆਜ਼ਾਦੀ ਸਰਪਟ ਦੌੜ ਰਹੇ ਘੋੜੇ ਦੇ ਸ਼ਾਹ ਅਸਵਾਰ ਹੋਣ ਨੂੰ ਕਾਹਲੇ ਹਨ, ਬਿਨਾਂ ਇਸਦੇ ਹੋਣ ਵਾਲੇ ਅੰਜ਼ਾਮ  ਬਾਰੇ ਸੋਚਿਆ ! ਇਸ ਉਮਰ ਦਾ ਨੌਜਵਾਨ  ਜ਼ਿੰਦਗੀ  ਦੇ ਰੋਮਾਂਚ ਨਾਲ ਭਰਭੂਰ, ਬੇਹੱਦ ਸੰਵੇਦਨਸ਼ੀਲ, ਹਰੇਕ ਕਿਸਮ ਦੀਆਂ ਰੋਕਾਂ-ਟੋਕਾਂ  ਤੋਂ ਇਨਕਾਰੀ ਤੇ ਉਹਨਾਂ ਖਿਲਾਫ ਹਰੇਕ ਤਰ੍ਹਾਂ ਦੀ ਬਗਾਵਤ ਕਰਨ ਲਈ ਤਿਆਰ ਬਰ ਤਿਆਰ ! ਦੁਨੀਆਂ ਸਰ ਕਰ ਲੈਣ ਵਰਗੀਆਂ ਕਲਪਨਾਵਾਂ ਨਾਲ ਲੈਸ ! ਜੇ ਇਸਨੂੰ ਆਜ਼ਾਦੀ ਹਾਸਲ ਕਰਨ ਵਰਗਾ ਕੋਈ ਮਕਸਦ ਮਿਲ ਜਾਵੇ ਤਾਂ ਚਿੰਗਆੜੀ ਦਾ ਭਾਂਬੜ ਬਣਨਾ ਤੈਹ ! ਇਸ ਕਿਸਮ ਦੀ ਮਨੋ- ਸਥਿਤੀ ਕਰਕੇ ਇਸ ਉਮਰ ਦੇ ਨੌਜਵਾਨਾਂ ਦਾ ਕਿਸੇ ਵੀ ਗਲਤ ਸਿਆਸਤ, ਰਸਤੇ ਅਤੇ ਲੋਕਾਂ ਦਾ ਸ਼ਿਕਾਰ ਹੋਣਾ ਕਾਫੀ ਆਸਾਨ ਹੁੰਦਾ ਹੈ, ਆਪਣੇ ਜਜ਼ਬਾਤੀ ਉਲਾਰ ਕਰਕੇ ਉਹਨਾਂ ਦਾ ਬੇ-ਇਨਸਾਫੀ ਦੇ ਖਾਤਮੇ ਲਈ ਲੜਨ ਦਾ ਦਾਅਵਾ ਕਰਨ ਵਾਲੀ ਸਿਆਸਤ ਵੱਲ ਖਿਚਿਆ ਜਾਣਾ ਕਾਫੀ ਸੁਭਾਵਿਕ ਹੁੰਦਾ ਹੈ, ਰਿਆਸਤੀ ਬੇ ਇਨਸਾਫੀ ਕਰਕੇ ਸੰਵੇਦਨਸ਼ੀਲ ਨੌਜਵਾਨ ਵਿਚਲਿਤ ਹੁੰਦਾ ਹੈ ਤੇ ਫਿਰ ਇਸਦੇ ਖਾਤਮੇ ਦਾ ਦਾਅਵਾ ਕਰਨ ਵਾਲੀਆਂ ਸਿਆਸਤਾਂ ਦਾ ਸ਼ਿਕਾਰ ! ਅੱਜ ਦਾ ਕਸ਼ਮੀਰੀ ਨੌਜਵਾਨ ਅਜਿਹੀ ਕਿਸੇ ਅੰਨੀ ਗਲੀ ਦੇ ਮੋੜ ਉਪਰ ਖੜਾ ਜਾਪਦਾ ਹੈ, ਜਿਸਦੇ ਚਾਰੇ ਪਾਸੇ ਅਗ ਲੱਗੀ ਹੋਈ ਹੈ ਜੇ ਉਹ ਇਸਨੂੰ ਟੱਪਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਝੁਲਸਦਾ ਹੈ, ਜੇ ਉਹ ਇਸ ਅੱਗ ਦੇ ਵਿੱਚ ਵੜਦਾ ਹੈ ਤਾਂ ਵੀ ਸੜਦਾ ਹੈ ! ਇਹ ਅਗ ਇਹਨਾਂ ਨੌਜਵਾਨਾਂ ਨੇ ਨਹੀਂ ਲਗਾਈ ਸਗੋਂ ਇਹਨਾਂ ਨੂੰ ਲੱਗੀ ਲਗਾਈ ਮਿਲੀ ਹੈ ਕਿਸੇ ਸ਼ਾਇਰ ਦੇ ਕਹਿਣ ਅਨੁਸਾਰ -

        " ਅੰਧੇਰਾ ਮਾਗਨੇ ਆਇਆ ਥਾ ਭੀਖ ਉਜਾਲੇ ਕੀ,
           ਹਮ ਅਪਨਾ ਘਰ ਨਾਂ ਜਲਾਤੇ ਤੋ ਕਿਆ ਕਰਤੇ !!"

ਸੋ ਕਸ਼ਮੀਰੀ ਨੌਜਵਾਨ ਇਕ ਇਸ ਕਿਸਮ ਦੀ ਸਥਿਤੀ ਦੇ ਵਿਚ ਘਿਰਿਆ ਹੋਇਆ ਹੈ, ਜਿਸਦੇ ਇਕ ਪਾਸੇ ਰਿਆਸਤ ਦੀਆਂ ਪਾਬੰਦੀਆਂ ਹਨ ਤੇ ਦੂਜੇ ਪਾਸੇ ਧਰਮ ਦੀ ਤੰਗ ਨਜ਼ਰ ਸਿਆਸਤ ਦੀਆਂ ਪਾਬੰਦੀਆਂ ! ਉਸਦੀ ਜ਼ਿੰਦਗੀ ਦੀ ਧੜਕਣ ਕਿਤੇ ਰੁਕ ਗਈ ਹੈ, ਜਿਸਦਾ ਰੋਮਾਂਚ ਇਹਨਾਂ ਦੋ ਪੁੜਾਂ ਵਿਚਾਲੇ ਕਿਤੇ ਮਧੋਲਿਆ ਗਿਆ ਹੈ !!
          
ਵੈਸੇ ਵੀ ਸਮੁੱਚੀ ਮਨੁਖੀ ਜ਼ਿੰਦਗੀ ਪਾਬੰਦੀ ਤੇ ਰੋਮਾਂਚ ਵਿਚਾਲੇ ਇਕ ਕਸ਼ਮਕਸ਼ ਹੈ, ਜ਼ਿੰਦਗੀ ਦੇ ਰੋਮਾਂਚ ਨੂੰ ਚਿਰ ਸਥਾਈ ਰੱਖਣ ਲਈ ਇਸਦਾ ਮਰਿਆਦਾ ਵਿਚ ਹੋਣਾ ਲਾਜ਼ਮੀ ਹੈ, ਜ਼ਿੰਦਗੀ ਦੇ ਰੋਮਾਂਚ ਅਤੇ ਮਰਿਆਦਾ ਵਿਚ ਤੁਆਜ਼ਨ ਇਕ ਸਫਲ ਜ਼ਿੰਦਗੀ ਦੀ ਚੂਲ ਹੈ ! ਪਰ ਜਦੋਂ ਇਹ ਜ਼ਰੂਰੀ ਮਰਿਆਦਾ ਪਾਬੰਦੀ ਦੀ ਸ਼ਕਲ ਅਖਤਿਆਰ ਕਰਦੀ ਹੋਈ ਜ਼ਿੰਦਗੀ ਦੇ ਰੋਮਾਂਚ ਦਾ ਕਤਲ ਕਰਨ ਲਗਦੀ ਹੈ ਤਾਂ ਇਸ ਖਿਲਾਫ ਬਗਾਵਤ ਪੈਦਾ ਹੁੰਦੀ ਹੈ ।  ਨਿਜ਼ਾਮ ਹਾਲੇ ਕਸ਼ਮੀਰੀ ਨੌਜਵਾਨਾਂ ਲਈ ਆਪਣੇ ਅੰਦਰ ਮਾਂ ਦੇ ਹਿਰਦੇ ਜਿੰਨੀ ਵਿਸ਼ਾਲਤਾ ਲਿਆ ਸਕਣ ਵਿਚ ਅਸਮਰੱਥ ਰਿਹਾ ਹੈ, ਰਿਆਸਤ ਵੱਲੋਂ ਅਣਮਿੱਥੇ ਸਮਿਆਂ ਲਈ ਲਗਾਏ ਜਾਂਦੇ ਕਰਫਿਊ ਕਿਸੇ ਜ਼ਰੂਰੀ ਮਰਿਆਦਾ ਦੀ ਨਿਸ਼ਾਨਦੇਹੀ ਨਹੀਂ ਕਰਦੇ, ਸਗੋਂ ਨਾਜ਼ਾਇਜ਼ ਪਾਬੰਦੀ ਦੀ ਇਬਾਰਤ ਲਿਖਦੇ ਹਨ, ਜਿਸ ਵਿਚੋਂ ਬਗਾਵਤ ਦਾ ਨਿਕਲਣਾ ਸੁਭਾਵਕ ਹੈ ! ਬਾਗੀ ਹੋਏ ਇਹ ਨੌਜਵਾਨ ਇਕ ਅਜਿਹੀ ਸਿਆਸਤ ਦਾ ਸ਼ਿਕਾਰ ਹੁੰਦੇ ਹਨ ਜੋ, ਇਹਨਾਂ ਦਾ ਇਕ ਚਲਾਕ, ਮੌਕਾਪ੍ਸਤ ਤੇ ਬੇਵਫਾ ਮਹਿਬੂਬ ਦੀ ਤਰ੍ਹਾਂ ਇਸਤੇਮਾਲ ਕਰਦੀ ਹੈ ਤੇ ਵਰਤਣ ਤੋਂ ਬਾਅਦ ਉਹਨਾਂ ਨੂੰ ਉਸ ਮੋੜ ਉਪਰ ਲਿਆ ਕਿ ਖੜਾ ਕਰ ਦਿੰਦੀ ਹੈ, ਜਿੱਥੇ ਉਹਨਾਂ ਕੋਲ ਵਾਪਸੀ ਦਾ ਕੋਈ ਰਸਤਾ ਨਹੀਂ ਬਚਦਾ ਸਿਵਾਏ ਮੌਤ ਦੇ ਇਸ ਸਾਰੀ ਕਿਸਮ ਦੀ ਕਰੂਰ ਸਿਆਸਤ ਦਾ ਸ਼ਿਕਾਰ ਹੋਏ ਬਾਗੀ ਦੀ ਮਾਂ, ਆਮ ਸ਼ਹਿਰੀ ਦੀ ਮਾਂ ਅਤੇ ਫੌਜ਼ੀ ਦੀ ਮਾਂ ਦਾ  ਆਪਸ  ਵਿਚ ਦਰਦ ਦਾ ਇਕ ਸਾਂਝਾ ਨਾਤਾ ਬਣਦਾ ਹੈ, ਉਹ ਜ਼ਿੰਦਗੀ ਦਾ ਸਭ ਤੋਂ ਦਰਦ ਭਰਪੂਰ ਅਤੇ ਅਫਸੋਸ ਨਾਕ ਮੰਜ਼ਰ ਹੁੰਦਾ ਹੈ ਜਦ ਪੁੱਤ ਦਾ ਜਨਾਜ਼ਾ ਬਾਪ ਦੇ ਮੋਢਿਆਂ ਉਪਰ ਉਠਦਾ ਹੈ ਤੇ ਮਾਂ ਦੀ ਸੋਜ਼ ਭਰੀ ਕਿਲਕਾਰੀ ਆਪਣੇ ਬੱਚੇ ਨੂੰ ਆਖਰੀ ਵਾਰ ਵਿਦਾ ਕਰਦੀ ਹੈ, ਇਸ ਦਰਦ ਨੂੰ ਸਮਝਣਾ ਮੁਲਕ ਦੀ ਏਕਤਾ ਤੇ ਅੰਖਡਤਾ ਦੀ ਹੂੜਮਤੀ ਵਕਾਲਤ ਕਰਨ ਵਾਲੇ ਰਿਆਸਤੀ ਨਿਜ਼ਾਮ ਤੇ ਕਥਿਤ ਮੁਕੰਮਲ ਅਜ਼ਾਦੀ ਲਈ ਨੌਜਵਾਨਾਂ ਨੂੰ ਵਰਗਲਾ ਕਿ ਜਨਾਜ਼ਿਆਂ ਦੇ ਉਪਰ ਸਿਆਸਤ ਕਰਨ ਵਾਲੀਆਂ ਮੌਕਾਪ੍ਸਤ ਸਿਆਸੀ ਜਮਾਤਾਂ ਦੇ ਵਸੋਂ ਬਾਹਰ ਦੀ ਗੱਲ ਹੈ ! ਕਿਉਂਕਿ ਇਸ ਦਰਦ ਨੂੰ ਸਮਝਣ ਲਈ ਸਿਆਸੀ ਨਫਰਤ ਨੂੰ ਛੱਡ ਕਿ ਇਨਸਾਨੀ ਦਰਦ ਨੂੰ ਸਮਝਣ ਤੇ ਵੰਡਣ ਦਾ ਹੌਂਸਲਾ ਕਰਨਾ ਪੈਂਦਾ ਹੈ ਜੋ ਨਫਰਤ ਦੀ ਰਾਜਨੀਤੀ ਵਿਚ ਸੰਭਵ ਨਹੀਂ ! ਨਿਜ਼ਾਮ ਅਤੇ ਲੋਕਾਂ ਨੂੰ ਅਜਿਹੀ ਪ੍ਰਸਥਿਤੀਆਂ ਨੂੰ ਪਨਪਣ ਤੋ ਰੋਕਣਾ ਚਾਹੀਦਾ ਹੈ ਜਿਸ ਵਿਚ ਨਫਰਤ ਦੀ ਰਾਜਨੀਤੀ ਪੈਦਾ ਹੁੰਦੀ ਹੈ !! ਇਸ ਨਫਰਤ ਦੀ ਰਾਜਨੀਤੀ ਕਰਕੇ ਹੀ ਬਾਗੀ ਹੋਇਆ ਕਸ਼ਮੀਰੀ ਨੌਜਵਾਨ ਨਾਂ ਤਾਂ  ਸਿਆਸੀ ਤੌਰ ਉੱਤੇ ਹੀ ਕੋਈ ਸਫਲਤਾ ਹਾਸਲ ਕਰ ਪਾ ਰਿਹਾ ਹੈ ਅਤੇ ਰਿਆਸਤੀ ਤਸ਼ਦਦ ਦਾ ਸ਼ਿਕਾਰ ਵੀ ਬਣ ਰਿਹਾ ਹੈ ਤੇ ਇਕ ਬੇ-ਸਿੱਟਾ ਸ਼ਘਰਸ਼ ਵਿਚ ਗਲਤਾਨ ਹੈ ! ਉਸਦੀ ਸਥਿਤੀ ਬਿਲਕੁਲ ਉਸੇ ਤਰ੍ਹਾਂ ਹੈ ਕਿ

                " ਨਾ ਖੁਦਾ ਹੀ ਮਿਲਾ ਨਾ ਵਸਾਲ-ਏ-ਸਨਮ,
                  ਨਾ ਇਧਰ ਕਿ ਨਾ ਉਧਰ ਕਿ ਰਹੇ !"


ਪਰ ਫਿਰ ਵੀ ਇਹਨਾਂ ਦੋਨਾ ਗਲਤ ਅਲਾਮਤਾਂ ਵਿਚੋਂ ਨਿਜ਼ਾਮ ਦਾ ਕਸੂਰ ਅਤੇ ਜ਼ਿੰਮੇਵਾਰੀ ਵੱਡੀ ਹੈ ਕਿਉਂਕਿ ਉਹ ਨਿਜ਼ਾਮ ਹੈ ਅਤੇ ਉਸਨੂੰ ਮਾਂ ਦੇ ਹਿਰਦੇ ਜਿਹੀ ਵਿਸ਼ਾਲਤਾ ਵਲ ਵਧਣਾ ਚਾਹੀਦਾ ਹੈ !  ਇਸ ਦਰਦ ਭਰੀ ਈਦ ਦੇ ਮੌਕੇ ਜੇ ਅਸੀਂ ਇਹਨਾਂ ਬਦਨਸੀਬ ਮਾਵਾਂ ਨੂੰ ਖੁਸ਼ੀ ਨਹੀਂ ਵੀ ਦੇ ਸਕਦੇ ਤਾਂ ਘੱਟੋ ਘੱਟ ਉਹਨਾਂ ਦਾ ਦਰਦ ਤਾਂ ਵੰਡਾਅ ਹੀ ਸਕਦੇ ਹਾਂ ਸਿਆਣੇ ਕਹਿੰਦੇ ਨੇ ਕਿ ਦਰਦ ਵੰਡਾਉਣ ਨਾਲ ਘੱਟ ਜਾਂਦਾ ਹੁੰਦੈ !!

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ