Thu, 12 September 2024
Your Visitor Number :-   7220810
SuhisaverSuhisaver Suhisaver

ਜਿਨ੍ਹਾਂ ਗ਼ਮ ਦਿਲ ’ਤੇ ਲਾਇਆ ਉਹ ਰੋਗੀ ਬਣ ਗਏ -ਮਿੰਟੂ ਗੁਰੂਸਰੀਆ

Posted on:- 10-03-2015

suhisaver

ਸਮੇਂ ਦੇ ਸਮੁੰਦਰ ’ਚ ਸਿਰਫ ਸੁੱਖ ਦੀਆਂ ਲਹਿਰਾਂ ਨਹੀਂ ਆਉਂਦੀਆਂ ਗਮੀਂ ਦੀਆਂ ਛੱਲਾਂ ਵੀ ਬਹੁਤ ਨੇ, ਜੋ ਜ਼ਿੰਦਗੀ ਦੀ ਕਸ਼ਤੀ ਨੂੰ ਉਨ੍ਹਾਂ ਤੱਟਾਂ ਵੱਲ ਲੈ ਜਾਂਦੀਆਂ ਹਨ ਜਿਨ੍ਹਾਂ ਦਾ ਨਕਸ਼ਾ ਇਨਸਾਨ ਨੇ ਕਲਪਨਾ ਵਿਚ ਵੀ ਨਹੀਂ ਬਣਾਇਆ ਹੁੰਦਾ। ਇਹ ਇਨਸਾਨੀ ਜ਼ਹਿਨ ਦੀ ਫ਼ਿਤਰਤ ਹੈ ਕਿ ਉਹ ਆਪਣੇ ਖ਼ਿਆਲਾਂ ’ਚ ਸਿਰਫ ਖੁਸ਼ੀ ਦੀਆਂ ਬਸਤੀਆਂ ਵਸਾਉਂਦਾ ਹੈ ਪਰ ਅਫਸੋਸ ਗ਼ਮਾਂ ਦੇ ਭੂਚਾਨ ਇਨ੍ਹਾ ਵਸੇਬਿਆਂ ਨੂੰ ਸਦੀਵੀਂ ਅਬਾਦ ਨਹੀਂ ਰਹਿਣ ਦਿੰਦੇ। ਜਦੋਂ ਪਤਾ ਹੈ ਕਿ ਗ਼ਮਾਂ ਦੇ ਕਾਫ਼ਲੇ ਢੁੱਕਣੇ ਹਨ ਤਾਂ ਫੇਰ ਖੁਸ਼ੀਆਂ ਦੀਆਂ ਏਨੀਆਂ ਸਜਾਵਟਾਂ ਕਿਉਂ? ਸ਼ਾਇਦ ਏਸ ਲਈ ਕਿਉਂਕਿ ਖੁਸ਼ੀਆਂ ਇਨਸਾਨ ਦੀ ਚਾਹਤ ਨੇ ਤੇ ਗ਼ਮ ਧੱਕੇ ਦੇ ਪ੍ਰਹਾਉਣਾ। ਗ਼ਮ ਤੋਂ ਹਰ ਕੋਈ ਰਹਿਤ ਰਹਿਣਾ ਚਾਹੁੰਦਾ ਹੈ, ਪਰ ਗ਼ਮ ਹੈ ਕਿ ਹੀਲਿਆਂ ਦੀ ਹਰ ਵਲਗ਼ਣ ਤੋੜ ਕੇ ਮਨਾਂ ਦੇ ਮੰਦਰਾਂ ’ਚ ਪ੍ਰਵੇਸ਼ ਕਰ ਜਾਂਦਾ ਹੈ।

ਕਿਸੇ ਨੂੰ ਹਾਰ ਦਾ ਗ਼ਮ, ਕਿਸੇ ਨੂੰ ਦਿਲਦਾਰ ਦਾ ਗ਼ਮ; ਕਿਸੇ ਨੂੰ ਮਾਂ ਦਾ ਗ਼ਮ ਕਿਸੇ ਨੂੰ ਗਰਾਂ ਦਾ ਗ਼ਮ; ਕਿਸੇ ਨੂੰ ਘਾਟਿਆਂ ਦਾ ਗ਼ਮ ਕਿਸੇ ਨੂੰ ਮੁਨਾਫ਼ਿਆਂ ਦਾ ਗ਼ਮ। ਗ਼ਮ ਏਕ ਰੂਪ ਅਨੇਕ। ਗ਼ਮ ਉਹ ਵਰਤਾਰਾ ਹੈ ਜੋ ਰੂਹ ’ਤੇ ਉਦੋਂ ਸਿਆਹ ਕਾਲੇ ਬੱਦਲਾਂ ਵਾਂਗ ਛਾ ਜਾਂਦਾ ਹੈ ਜਦੋਂ ਉਮੀਦ ਟੁੱਟ ਜਾਂਦੀ ਹੈ; ਜਦੋਂ ਕੋਈ ਪਿਆਰੀ ਚੀਜ਼ ਮੁੱਠੀ ’ਚੋਂ ਛੁੱਟ ਜਾਂਦੀ ਹੈ। ਗ਼ਮ ਨਿਰਾਸ਼ਾ ਦਾ ਭਰਾ ਹੈ ਹਾਤਾਸ਼ਾ ਦਾ ਪਿਉ ਹੈ। ਗ਼ਮ ਜੀਣ ਦੀ ਚਾਹਤ ਖਾ ਜਾਂਦਾ ਹੈ ਗ਼ਮ ਹਾਸਿਆਂ ਦੀ ਫ਼ਸਲ ਕਰ ਤਬਾਹ ਜਾਂਦਾ ਹੈ। ਇਹ ਤੋੜ ਦਿੰਦਾ ਹੈ ਸ਼ਕਤੀ ਨੂੰ ਇਹ ਕੋਹੜ ਕਰ ਦਿੰਦਾ ਹੈ ਦਿ੍ਰਸ਼ਟੀ ਨੂੰ। ਫਿਰ ਜੈਸੀ ਦਿ੍ਰਸ਼ਟੀ ਵੈਸੀ ਸਿ੍ਰਸ਼ਟੀ। ਗ਼ਮ ਮਾਰਿਆਂ ਨੂੰ ਕੱਲ੍ਹ ਤੱਕ ਹਸੀਨ ਲੱਗਣ ਵਾਲਾ ਜੱਗ ਦਾ ਮੇਲਾ ਖੁਸ਼ੀਆਂ ਦੀ ਕਬਰ ’ਤੇ ਆਈ ਮਕਾਣ ਲੱਗਦੀ ਹੈ। ਇਸੇ ਲਈ ਕੋਈ ਗ਼ਮਜ਼ਦਾ ਠੇਕੇ ਦੀਆਂ ਬੋਤਲਾਂ ’ਚੋਂ ਸਕੂਨ ਤਲਾਸ਼ਦਾ ਹੈ ਤੇ ਕੋਈ ਖ਼ਾਮੋਸ਼ੀਆਂ ਦੇ ਹਨੇਰੇ ਨਾਲ ਸੰਗ ਕਰ ਲੈਂਦਾ ਹੈ।

ਕਈ ਤਾਂ ਇਸ ਗ਼ਮ ਦੇ ਬੋਝ ਨੂੰ ਮੌਤ ਦੇ ਤਰਾਜੂ ’ਚ ਤੋਲ ਦਿੰਦੇ ਹਨ। ਜ਼ਿੰਦਗੀ ਖ਼ਤਮ ਕਰਨ ਨਾਲ ਗ਼ਮਜ਼ਦਾ ਤਾਂ ਖ਼ਤਮ ਹੋ ਜਾਂਦੇ ਹਨ ਪਰ ਗ਼ਮ ਨਹੀਂ। ਉਹ ਪਿੱਛੇ ਰਹਿ ਗਏ ਪਿਆਰਿਆਂ ਨੂੰ ਲੱਗ ਜਾਂਦਾ ਹੈ। ਗ਼ਮ ਦੀ ਹੋਂਦ ਖ਼ਤਮ ਨਹੀਂ ਹੁੰਦੀ ਸਰੀਰ ਮਰ ਜਾਂਦੇ ਨੇ। ਪਰ ਸੱਚ ਇਹ ਹੈ ਕਿ ਗ਼ਮ ਏਨਾ ਵੀ ਮਾੜਾ ਨਹੀਂ ਕਿ ਜ਼ਿੰਦਗੀ ਦਾ ਦੁਸ਼ਮਨ ਕਿਹਾ ਜਾਵੇ। ਇਹ ਅਸੀਂ ਹੀ ਕਮਜ਼ੋਰ ਹਾਂ ਕਿ ਗ਼ਮ ਨੂੰ ਰੋਗ ਮੰਨ ਲੈਂਦੇ ਹਾਂ ਆਪਣੇ ਭਾਗ ਬਣਾ ਲੈਂਦੇ ਹਾਂ ਜਦਕਿ ਗ਼ਮ ਆਪਣੇ-ਆਪ ’ਚ ਸਬਕ ਹੈ ਆਪਣੇ-ਆਪ ’ਚ ਇਕ ਨਜ਼ਾਰਾ ਹੈ। ਗ਼ਮ ਸ਼ਰਾਬ ਪੀਣ ਦਾ ਬਹਾਨਾ ਨਹੀਂ ਜ਼ਿੰਦਗੀ ਨੂੰ ਵੇਖਣ ਦਾ ਇਕ ਵੱਖਰਾ ਨਜ਼ਰੀਆ ਹੈ। ਗ਼ਮ ’ਚੋਂ ਤਾਕਤ ਵੀ ਮਿਲਦੀ ਹੈ ਤੇ ਬਿਖੇਰਾ ਵੀ; ਗ਼ਮ ’ਚੋਂ ਜ਼ਿੰਦਗੀ ਵੀ ਮਿਲਦੀ ਹੈ ਤੇ ਮੌਤ ਵੀ।

ਪਰ ਬਹੁਤੇ ਲੋਕ ਗ਼ਮ ਦੀ ਚੋਟ ਨਾਲ ਬਿਖ਼ਰ ਜਾਂਦੇ ਹਨ ਮੁੱਕ ਜਾਂਦੇ ਹਨ। ਵਿਰਲੇ ਹੀ ਹੁੰਦੇ ਹਨ ਜੋ ਗ਼ਮਾਂ ਨੂੰ ਪਰਛਾਵੇਂ ਵਾਂਗ ਲੈਂਦੇ ਹਨ ਜੋ ਸਵੇਰੇ ਏਧਰ ਤੇ ਸ਼ਾਮੀਂ ਓਧਰ ਹੁੰਦੇ ਨੇ। ਜਿਹੜੇ ਲੋਕ ਗ਼ਮਾਂ ਨੂੰ ਇਸ ਤਰ੍ਹਾਂ ਲੈਂਦੇ ਹਨ ਕਿ ਇਹ ਜ਼ਿੰਦਗੀ ਦੀ ਖੇਡ ਹੈ, ਉਹ ਸਮੇਂ ਦੇ ਰਣ ’ਚ ਸਿਕੰਦਰ ਸਾਬਤ ਹੁੰਦੇ ਹਨ। ਗ਼ਮਾਂ ’ਚ ਜੋ ਲੋਕ ਸਥਿਰ ਰਹਿੰਦੇ ਨੇ ਅਸਲ ’ਚ ਉਹ ਜੀਣ ਦਾ ਸਵਾਦ ਲੈਂਦੇ ਨੇ ਰਹਿੰਦੇ ਤਾਂ ਜ਼ਿੰਦਗੀ ਢੋਹਣ ਵਾਲੇ ਨੇ। ਗ਼ਮ ਕਿਸ ਨੂੰ ਨਹੀਂ? ਕਿਸੇ ਨੂੰ ਰੋਟੀ ਦਾ ਗ਼ਮ ਹੈ ਕਿਸੇ ਨੂੰ ਛੱਤ ਦਾ ਗ਼ਮ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੀਣਾ ਭੁੱਲ ਜਾਈਏ। ਗ਼ਮ ਮਨੁੱਖੀ ਜ਼ਿੰਦਗੀ ਦਾ ਹਿੱਸਾ ਹੈ ਇਹ ਅਸੀਂ ਸਵੀਕਾਰ ਕਰਨ ਤੋਂ ਡਰਦੇ ਹਾਂ।

ਇਸ ਦਾ ਕਾਰਨ ਇਹ ਹੈ ਕਿ ਮਨੁੱਖ ਹਮੇਸ਼ਾ ਉਸ ਚੀਜ਼ ਨੂੰ ਚਾਹੰੁਦਾ ਹੈ ਜਿਸ ਵਿੱਚ ਉਸ ਨੂੰ ਖੁਸ਼ੀ ਹਾਸਲ ਹੁੰਦੀ ਹੋਵੇ ਸਕੂਨ ਮਿਲਦਾ ਹੋਵੇ। ਗ਼ਮ ਕੁਲਿਹਣਪੁਣੇ ਦਾ ਪ੍ਰਤੀਕ ਹੀ ਮੰਨਿਆ ਹੈ ਅਸੀਂ ਪਰ ਇਹ ਨਹੀਂ ਹੈ ਕਿ ਗ਼ਮ ਕੁਲਹਿਣਾ ਹੈ ਇਸ ਗ਼ਮ ਨੂੰ ਜਿਸ ਨੇ ਤਾਕਤ ਬਣਾਇਆ ਉਹ ਸਫ਼ਲ ਇਨਸਾਨ ਬਣ ਜਾਂਦਾ ਹੈ। ਗ਼ਮ ਨੇ ਤਾਂ ਚੋਟ ਕਰਕੇ ਕਈਆਂ ਦੇ ਅੰਦਰਲਾ ਕਲਾਕਾਰ ਜਗਾ ਦਿੱਤਾ ਕਈਆਂ ਭਟਕਿਆਂ ਨੂੰ ਰਸਤਾ ਵਿਖਾ ਦਿੱਤਾ। ਗ਼ਮ ਨੇ ਤਾਂ ਕਾਤਲਾਂ ਨੂੰ ਵੀ ਸਾਧ ਬਣਾ ਦਿੱਤਾ ਕਿਉਂਕਿ ਗ਼ਮ ’ਚ ਇਨਸਾਨ ਗੰਭੀਰ ਹੋ ਜਾਂਦਾ ਹੈ ਤੇ ਜੇ ਇਹ ਗੰਭੀਰਤਾ ਖੁਦ ਦੇ ਅੰਦਰ ਦੀ ਝਾਤ ਬਣ ਜਾਵੇ ਤਾਂ ਜ਼ਿੰਦਗੀ ਬਦਲੀ ਜਾ ਸਕਦੀ ਹੈ। ਪਰ ਬਹੁਤੇ ਇਨਸਾਨ ਗ਼ਮ ਨੂੰ ਵਿਯੋਗ ਤੇ ਵਿਯੋਗ ਨੂੰ ਰੋਗ ਬਣਾ ਬਹਿੰਦੇ ਹਨ ਜਦਕਿ ਕੁਝ ਕੁ ਗ਼ਮ ਨੂੰ ਨਿਰਾਸ਼ਤਾ ਨਾ ਬਣਾ ਕੇ ਆਪਣੀ ਊਰਜਾ ਬਣਾ ਲੈਂਦੇ ਹਨ। ਗ਼ਮ ਤੋਂ ਸਿੱਖਿਆ ਜਾ ਸਕਦਾ ਹੈ; ਆਪਣੀਆਂ ਕਮੀਆਂ ਦਾ ਆਂਕਲਣ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਸਾਹਘਾਤ ਕਰਕੇ ਸਾਨੂੰ ਧੋਖਾ ਦੇ ਗਿਆ ਹੈ ਤਾਂ ਇੱਥੇ ਗ਼ਮ ’ਚ ਡੁੱਬੇ ਰਹਿਣ ਦੀ ਨਹੀਂ ਉਸ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਭਵਿੱਖ ’ਚ ਅਜਿਹਾ ਨਾ ਹੋਵੇ। ਜੇ ਕੋਈ ਜਿੱਤੀ ਬਾਜ਼ੀ ਹਰ ਗਈ ਤਾਂ ਗ਼ਮ ਦੀ ਧੁੰਦ ਦੂਰ ਕਰਨ ਲਈ ਨਸ਼ੇ ਦਾ ਛਿੜਕਾਅ ਕਰਨ ਦੀ ਲੋੜ ਨਹੀਂ ਸਗੋਂ ਸਵੈ-ਪੜਚੋਲ ਦੀ ਲੋੜ ਹੈ ਕਿ ਕਮੀਆਂ ਕਿੱਥੇ ਰਹਿ ਗਈਆਂ? ਜਾਂ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਨੂੰ ਜ਼ਿੰਦਗੀ ਧੋਖਾ ਦੇ ਗਈ ਪਰ ਉਨ੍ਹਾਂ ਮੌਤ ਅੱਗੇ ਸਮਰਪਣ ਨਹੀਂ ਕੀਤਾ। ਹਸਪਤਾਲ ਦੇ ਬਿਸਤਰ ’ਤੇ ਪਏ ਰੋਗੀ ਨੂੰ ਜੇ ਇਹ ਗ਼ਮ ਹੋ ਜਾਵੇ ਕਿ ਉਹ ਬਿਮਾਰ ਕਿਉਂ ਹੋਇਆ ਤਾਂ ਫੇਰ ਉਹ ਕਦੇ ਠੀਕ ਨਹੀਂ ਹੋ ਸਕੇਗਾ ਕਿਉਂਕਿ ਹਾਰੇ ਹੌਂਸਲੇ ਨੂੰ ਕੋਈ ਵੀ ਬੂਟੀ ਸਜੀਵ ਨਹੀਂ ਕਰ ਸਕਦੀ।

ਕਈ ਲੋਕ ਵਪਾਰਕ ਘਾਟੇ ਦੇ ਮਾਰੇ ਗ਼ਮ ਨੂੰ ਗਲ ਲਾ ਲੈਂਦੇ ਹਨ ਪਰ ਉਹ ਲੋਕ ਬੇਫ਼ਿਕਰੀ ’ਚ ਉਡਾ ਦਿੰਦੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਰਾਤ ਨੂੰ ਉਨ੍ਹਾ ਸੌਣਾ ਰੇਲਵੇ ਸਟੇਸ਼ਨ ’ਤੇ ਹੈ ਜਾਂ ਫੁੱਟਪਾਥ ’ਤੇ। ਦੋਵਾਂ ’ਚ ਫਰਕ ਇਹੋ ਹੈ ਕਿ ਇਕ ਨੇ ਗ਼ਮ ਨੂੰ ਕਮਜ਼ੋਰੀ ਬਣਾ ਲਿਆ ਤੇ ਦੂਜੇ ਨੇ ਤਾਕਤ। ਤਾਕਤ ਬਣੇ ਗ਼ਮ ਫੇਰ ਸੜਕ ਦੀ ਗੋਦ ’ਚ ਵੀ ਨੀਂਦ ਲਿਆ ਦਿੰਦੇ ਹਨ ਤੇ ਕਮਜ਼ੋਰੀ ਬਣੇ ਰੇਸ਼ਮੀ ਗਦੇਲਿਆਂ ’ਤੇ ਵੀ ਵਿਆਕੁਲ ਕਰ ਦਿੰਦੇ ਨੇ।

ਗ਼ਮ ਨਾ ਬੁਲਾਏ ਤੋਂ ਆਉਂਦਾ ਹੈ ਤੇ ਨਾ ਘੱਲੇ ਤੋਂ ਜਾਂਦਾ ਹੈ। ਪਰ ਅਸੀਂ ਲੋਕ ਗ਼ਮ ਆਉਣ ’ਤੇ ਭੁੱਲ ਜਾਂਦੇ ਹਾਂ ਕਿ ਗ਼ਮ ਦੇ ਆਉਣ ਤੋਂ ਪਹਿਲਾਂ ਵਾਲਾ ਸਮਾਂ ਫੇਰ ਆਏਗਾ ਤੇ ਇਹ ਲਿਆਉਣਾ ਸਾਡੇ ਖੁਦ ਦੇ ਹੱਥ ਹੈ। ਜਿਨ੍ਹਾਂ ਨੇ ਗ਼ਮ ਨੂੰ ਦਿਲ ’ਤੇ ਲਾਇਆ ਉਹ ਦਿਲ ਦੇ ਰੋਗੀ ਬਣ ਗਏ ਤੇ ਜਿਨ੍ਹਾਂ ਇਸ ਨੂੰ ਰੂਹ ’ਤੇ ਲਾਇਆ ਉਹ ਜੋਗੀ ਬਣ ਗਏ ਪਰ ਜਿਨ੍ਹਾਂ ਇਸ ਨੂੰ ਮੱਛੀ ਦੀ ਅੱਖ ’ਤੇ ਲਾਇਆ ਉਹ ਖੋਜੀ ਬਣ ਗਏ। ਨੁਕਤਾ ਸਿਰਫ ਸਮਝਣ ਦਾ ਹੈ ਕਿ ਜਦੋਂ ਸਾਡਾ ਸਮੇਂ ’ਤੇ ਜ਼ੋਰ ਹੀ ਨਹੀ ਫੇਰ ਗ਼ਮ ਕਾਹਦਾ? ਜੋ ਵੀ ਆਵੇ ਉਹ ਪਾਤਰਤਾ ਦੀ ਦਾਤ ਸਮਝੀ ਜਾਵੇ ਤਾਂ ਰੌਲੇ ਮੁੱਕ ਜਾਣ ਪਰ ਅਸੀਂ ਦੁਨਿਆਵੀ ਮੋਹ ’ਚ ਐਨੇ ਬੁਰੀ ਤਰ੍ਹਾਂ ਫੱਸ ਜਾਂਦੇ ਹਾਂ ਕਿ ਅਸੀਂ ਉਨ੍ਹ ਗਿਆਂ ਲਈ ਵੀ ਖੁਸ਼ੀਆਂ ਦਾ ਗਲ ਘੁੱਟ ਦਿੰਦੇ ਹਾਂ ਜਿਨ੍ਹਾਂ ਬਾਰੇ ਪਤਾ ਹੁੰਦੈ ਕਿ ਉਨ੍ਹਾਂ ਕਦੇ ਪਰਤਣਾ ਨਹੀਂ। ਜੇ ਅਸੀਂ ਨਾਸ਼ਵਾਨ ਰਿਸ਼ਤਿਆਂ ਨੂੰ ਦਿਲ ਨਾਲ ਗੰਢ ਦੇਵਾਂਗੇ; ਜੇ ਅਸੀਂ ਜ਼ਿੰਦਗੀ ਨੂੰ ਅੰਤਹੀਣ ਮੰਨ ਲਵਾਂਗੇ ਤਾਂ ਫੇਰ ਅਸੀਂ ਛੋਟੇ-ਛੋਟੇ ਦੁੱਖਾਂ ਨੂੰ ਵੀ ਵੱਡੇ ਗ਼ਮ ਬਣਾ ਬਠਾਂਗੇ। ਗ਼ਮ ਜ਼ਿੰਦਗੀ ਦਾ ਹਿੱਸਾ ਨੇ ਗ਼ਮ ਜ਼ਰੂਰੀ ਇਸ ਲਈ ਨੇ ਕਿਉਂਕਿ ਇਹ ਜੀਵਨ ਨੂੰ ਬੈਲੇਂਸ (ਇਕਸਾਰਤਾ) ਦਿੰਦੇ ਨੇ।

ਸੰਪਰਕ: +91 95921 56307

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ