Mon, 14 October 2024
Your Visitor Number :-   7232437
SuhisaverSuhisaver Suhisaver

ਕਦੋਂ ਚੜ੍ਹੇਗਾ ਪੰਜਾਬ ਦਿਆ ਸੂਰਜਾ ਦੁਨੀਆਂ ’ਤੇ ਫੇਰ ਮੁੜ ਕੇ ... - ਗੁਰਪ੍ਰੀਤ ਸਿੰਘ ਖੋਖਰ

Posted on:- 20-01-2016

suhisaver

ਸ਼ੇਰ ਜਿਹੀ ਗੜਕਵੀਂ ਆਵਾਜ਼ ਵਾਲਾ, ਮਿਲਣਸਾਰ, ਛੰਦਾਬੰਦੀ ਦਾ ਮਾਹਰ ਵਿਦਵਾਨ, ਗਲੇ ਦਾ ਧਨੀ, ਕਲਮ ਦਾ ਧਨੀ, ਯਾਰਾਂ ਦਾ ਯਾਰ, ਉਸਤਾਦਾਂ ਦਾ ਉਸਤਾਦ, ਸਿੱਖ ਮਰਿਆਦਾ ਦਾ ਧਾਰਨੀ ਗੁਰਸਿੱਖ, ਸ਼ਾਗਿਰਦਾਂ ਨੂੰ ਕੱਖਾਂ ਤੋਂ ਲੱਖ ਬਣਾਉਣ ਵਾਲਾ, ਫ਼ੱਕਰਾਂ ਜਿਹੇ ਸੁਭਾਅ ਵਾਲਾ, ਹੰਕਾਰ ਤੋਂ ਕੋਹਾਂ ਦੂਰ ਰਹਿਣ ਵਾਲਾ, ਸੰਗੀਤ ਦੀਆਂ ਗੂੜ ਬਾਰੀਕੀਆਂ ਦਾ ਜਾਣਕਾਰ, ਉਘਾ ਸਮਾਜ ਸੇਵੀ, ਸਟੇਜ ’ਤੇ ਦਰਸ਼ਕਾਂ ਨੂੰ ਕੀਲਣ ਵਾਲਾ, ਪੰਜਾਬੀ ਮਾਂ-ਬੋਲੀ ਦਾ ਹੋਣਹਾਰ ਸਪੂਤ, ਪੰਜਾਬ ਦੀ ਮਿੱਟੀ ਨੂੰ ਜਾਨੋਂ ਵੱਧ ਮੁਹੱਬਤ ਕਰਨ ਵਾਲਾ, ਆਪਣੇ ਸ਼ਾਗਿਰਦਾਂ ਨੂੰ ਸਕੇ ਪੁੱਤਰਾਂ ਨਾਲੋਂ ਵੱਧ ਚਾਹੁਣ ਵਾਲਾ, ਸਿੱਖ ਇਤਿਹਾਸ ਦਾ ਤੁਰਦਾ-ਫਿਰਦਾ ਵਿਸ਼ਵ ਕੋਸ਼, ਅਲਬੇਲੇ ਸੁਭਾਅ ਵਾਲਾ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਯਕੀਨ ਨਹੀਂ ਹੁੰਦਾ ਇਸ ਗੱਲ ’ਤੇ ਪਰ ਹੋਣੀ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਉਹ ਖੁਦ ਹੀ ਕਹਿ ਗਿਆ :

ਸੋਚ ਲੈ ਅਕਲ ਦੇ ਨਾਲ ਬਹਿ ਕੇ,
ਤੇਰੀ ਰੋਜ਼ ਨਹੀਂ ਗਾਫਲਾ ਤੜੀ ਰਹਿਣੀ।
ਕਰਨੀ ਸੈਰ ਨਾ ਉਡਣ ਖਟੋਲਿਆਂ ਦੀ,
ਬੱਘੀ ਸਦਾ ਨੀਂ ਤਬੇਲੇ ਖੜ੍ਹੀ ਰਹਿਣੀ।
ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ,
ਲੱਗੀ ਸਦਾ ਨਹੀਂ ਸਾਉਣ ਦੀ ਝੜੀ ਰਹਿਣੀ।
ਐਵੇਂ ਕਿਉਂ ‘ਅਲਬੇਲਿਆ’ ਮਾਣ ਕਰਦਾਂ,
ਗੁੱਡੀ ਸਦਾ ਨਹੀਂ ਅਸਮਾਨੀਂ ਚੜ੍ਹੀ ਰਹਿਣੀ।

ਗੁਰਬਖਸ਼ ਸਿੰਘ ਅਲਬੇਲਾ ਨੇ ਸਿੱਖ ਇਤਿਹਾਸ ਦੇ ਅਜਿਹੇ ਅਹਿਮ ਪਰ ਅਣਗੌਲੇ ਪ੍ਰਸੰਗਾਂ ’ਤੇ ਵੀ ਕਲਮ ਅਜ਼ਮਾਈ ਜਿਸ ਨੂੰ ਹੱਥ ਪਾਉਣ ਤੋਂ ਅੱਜ ਤਕ ਲੇਖਕਾਂ ਨੇ ਗੁਰੇਜ਼ ਹੀ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਬਾਰੇ ਉਸ ਨੇ ਬੜਾ ਖੋਜ ਭਰਪੂਰ ਕਾਰਜ ਕੀਤਾ। ਢਾਡੀ ਕਲਾ ਨੂੰ ਉਸ ਦੀ ਅਹਿਮ ਦੇਣ ਇਹ ਵੀ ਹੈ ਕਿ ਉਸ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਤੋਂ ਇਲਾਵਾ ਰਿਸ਼ਤਿਆਂ ਅਤੇ ਸਮਾਜਿਕ ਸਮੱਸਿਆਵਾਂ ਨੂੰ ਵੀ ਢਾਡੀ ਕਲਾ ਦੇ ਦਾਇਰੇ ’ਚ ਲਿਆਂਦਾ ਜਿਸ ਤੋਂ ਸੇਧ ਲੈ ਕੇ ਕਈ ਢਾਡੀਆਂ ਨੇ ਬਾਅਦ ’ਚ ਇਸ ਨੂੰ ਅਪਣਾਇਆ। ਉਸ ਦੀ ‘ਮਾਂ ਦਾ ਦਿਲ’ ਕੈਸਟ ਬੜੀ ਮਕਬੂਲ ਹੋਈ। ਉਸ ਦੀਆਂ ਲਿਖੀਆਂ ਕਈ ਸਤਰਾਂ ਤਾਂ ਅਖਾਣਾਂ ਵਾਂਗ ਲੋਕਾਂ ਦੇ ਮੂੰਹ ’ਤੇ ਚੜ੍ਹੀਆਂ ਹੋਈਆਂ ਹਨ। ‘ਕੇਸ ਲੋਹੇ ਦੀਆਂ ਤਾਰਾਂ ਬਣਗੇ ਕੈਂਚੀ ਤੋਂ ਨਹੀਂ ਕੱਟੀਦੇ’, ‘ਧੌਣ ਉਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ’, ‘ਤੈਨੂੰ ਦੁੱਖੜੇ ਦੇਣਗੀਆਂ ਤੇਰੀਆਂ ਬੇਪਰਵਾਹੀਆਂ ਬੰਦਿਆ’, ‘ਸੁਣ ਮੜੀਏ ਸ਼ੇਰ ਪੰਜਾਬ ਦੀਏ ਇਕ ਵਾਰ ਜਗਾ ਦੇ ਸ਼ੇਰ ਨੂੰ’ ,‘ਕਦੋਂ ਚੜ੍ਹੇਗਾਂ ਪੰਜਾਬ ਦਿਆ ਸੂਰਜਾ ਦੁਨੀਆਂ ’ਤੇ ਫੇਰ ਮੁੜ ਕੇ’, ,‘ਸੱਚੀ ਐ ਗੁਰੂ ਜੀ ਤੇਰੀ ਬਾਣੀ ਝੂਠੀ ਐ ਪ੍ਰੀਤ ਜੱਗ ਦੀ’,‘ਜਿਹੜੇ ਕਹਿੰਦੇ ਆ ਖੜਾਂਗੇ ਹਿੱਕਾਂ ਤਾਣ ਕੇ ਉਹ ਛੱਡ ਕੇ ਮੈਦਾਨ ਭੱਜਦੇ’ , ‘ਰੱਜ ਰੱਜ ਕੇ ਸੌਂ ਲੈਣ ਦੇ ਅੜੀਏ ਵਾਟ ਦੇ ਥੱਕੜੇ ਰਾਹੀ ਨੂੰ’ ਬਹੁਤ ਪ੍ਰਸਿੱਧ ਹੋਏ। ਉਹ ਮੁਸ਼ਕਲ ਤੋਂ ਮੁਸ਼ਕਲ ਕਾਫ਼ੀਆ ਮੇਲਣ ’ਚ ਵੀ ਕਮਾਲ ਦੀ ਮੁਹਾਰਤ ਰੱਖਦਾ ਸੀ। ਕਈ ਅਟੱਲ ਸੱਚਾਈਆਂ ਉਹ ਆਪਣੇ ਗੀਤਾਂ ’ਚ ਬਿਆਨ ਕਰ ਗਿਆ।

ਪੰਜਾਬ ਦੇ ਇਸ ਅਲਬੇਲੇ ਢਾਡੀ ਦਾ ਜਨਮ 10 ਮਈ 1957 ਨੂੰ ਜ਼ਿਲ੍ਹਾ ਬਠਿੰਡਾ ਦੇ ਛੋਟੇ ਜਿਹੇ ਪਿੰਡ ਬੁਰਜ ਰਾਜਗੜ੍ਹ ’ਚ ਹੋਇਆ। ਬਹੁਤ ਘੱਟ ਲੋਕ ਜਾਣਦੇ ਨੇ ਕਿ ਢਾਡੀ ਬਣਨ ਤੋਂ ਪਹਿਲਾਂ ਅਲਬੇਲਾ ਪਿੰਡਾਂ ’ਚ ਡਰਾਮੇ ਕਰਿਆ ਕਰਦਾ ਸੀ। ਭਾਈ ਰੂਪਾ ਤੇ ਨੇੜਲੇ ਪਿੰਡਾਂ ’ਚ ਡਰਾਮਿਆਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਦਾ। ਗਿਆਨੀ ਕਰਨ ਤੋਂ ਬਾਅਦ ਉਸ ਨੇ ਸਿੱਖ ਇਤਿਹਾਸ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ। ਪਿੰਡ ਬੁਰਜ ਰਾਜਗੜ੍ਹ ਅਤੇ ਭਾਈ ਰੂਪਾ ਦਾ ਚੱਪਾ-ਚੱਪਾ ਅਲਬੇਲੇ ਦੀਆਂ ਯਾਦਾਂ ਸਮੋਈ ਬੈਠਾ ਹੈ। ਦਲੀਪ ਸਿੰਘ ਦਾ ਚੰਡਿਆ ਇਹ ਸ਼ਾਗਿਰਦ ਪੰਜਾਬੀ ਮਾਂ-ਬੋਲੀ ਦਾ ਮਾਣਮੱਤਾ ਸਪੂਤ ਬਣ ਕੇ ਦੁਨੀਆਂ ਭਰ ’ਚ ਚਮਕਿਆ। ਉਸ ਦੀਆਂ ਤਕਰੀਬਨ 100 ਤੋਂ ਵੱਧ ਕੈਸਟਾਂ ਮਾਰਕੀਟ ’ਚ ਆਈਆਂ ਜੋ ਸਾਰੀਆਂ ਹੀ ਸੁਪਰਹਿੱਟ ਰਹੀਆਂ। ਪਾਇਲ ਕੰਪਨੀ ਵੱਲੋਂ ਮਾਰਕੀਟ ’ਚ ਆਈ ਉਸ ਦੀ ਕੈਸਟ ‘ਪੂਰਨ ਭਗਤ’ ਦੀ ਵਿਕਰੀ ਨੇ ਤਾਂ ਰਿਕਾਰਡ ਹੀ ਤੋੜ ਦਿੱਤੇ। ਉਸ ਦੇ ਲਿਖੇ ਪ੍ਰਸੰਗਾਂ ਨੂੰ ਪੰਜਾਬ ਦੇ ਨਾਮਵਰ ਢਾਡੀਆਂ ਨੇ ਗਾਇਆ। ਉਨ੍ਹਾਂ ਨੇ ਢਾਡੀ ਕਲਾ ਦਾ ਅਜਿਹਾ ਬਗੀਚਾ ਤਿਆਰ ਕੀਤਾ ਜਿਸ ਦੇ ਫੁੱਲ ਅੱਜ ਪੂਰੀ ਦੁਨੀਆਂ ਨੂੰ ਮਹਿਕਾ ਰਹੇ ਹਨ। ਉਸ ਦੀ ਗੜਕਦੀ ਆਵਾਜ਼ ਬੁਜ਼ਦਿਲਾਂ ’ਚ ਵੀ ਨਵਾਂ ਜੋਸ਼ ਭਰ ਦਿੰਦੀ ਸੀ। ਆਪਣੀ ਗੱਲ ਕਹਿਣ ਲਈ ਉਹ ਹਵਾਲਿਆਂ ਦੀ ਝੜੀ ਲਾ ਦਿੰਦਾ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਕਿੰਨੀ ਬਾਰੀਕੀ ਨਾਲ ਸਾਹਿਤ ਦਾ ਅਧਿਐਨ ਕੀਤਾ ਹੋਇਆ ਸੀ। ਸਮਾਜ ਸੇਵਾ ’ਚ ਵੀ ਉਹ ਮੋਹਰੀ ਰਹਿੰਦਾ। ਆਪਣੀ ਮਾਤਾ ਦੇ ਨਾਂ ’ਤੇ ਹਰ ਸਾਲ ਆਪਣੇ ਪਿੰਡ ਬੁਰਜ ਰਾਜਗੜ੍ਹ ’ਚ ਮੈਡੀਕਲ ਜਾਂਚ ਕੈਂਪ, ਅੱਖਾਂ ਦੀ ਜਾਂਚ ਅਤੇ ਖ਼ੂਨ ਦਾਨ ਕੈਂਪ ਲਾਉਂਦਾ। ਉਸ ਦੀ ਯਾਦਾਸ਼ਤ ਬੜੀ ਕਮਾਲ ਦੀ ਸੀ। ਜਿਹੜੇ ਬੰਦੇ ਨੂੰ ਇਕ ਵਾਰ ਮਿਲ ਜਾਂ ਦੇਖ ਲੈਂਦਾ ਸੀ, ਨਹੀਂ ਸੀ ਭੁੱਲਦਾ। ਸਿੱਖ ਇਤਿਹਾਸ ਦੇ ਤੱਥ, ਸੰਨ, ਫੌਜਾਂ ਦੀ ਗਿਣਤੀ ਉਸ ਦੇ ਜ਼ੁਬਾਨੀ ਯਾਦ ਸੀ।

ਗੁਰਬਖਸ਼ ਸਿੰਘ ਅਲਬੇਲਾ ਨੂੰ ਪ੍ਰੋ. ਮੋਹਨ ਸਿੰਘ ਐਵਾਰਡ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਕੋਲੋਂ ਮਾਣ-ਸਨਮਾਨ ਹਾਸਲ ਹੋਏ। ਸਰੋਤੇ ਉਸ ਨੂੰ ਲਗਾਤਾਰ ਚਾਰ-ਚਾਰ ਘੰਟੇ ਆਰਾਮ ਨਾਲ ਬੈਠ ਕੇ ਸੁਣਦੇ ਰਹਿੰਦੇ, ਅਲਬੇਲੇ ਲਈ ਇਹੀ ਸਭ ਤੋਂ ਵੱਡਾ ਸਨਮਾਨ ਸੀ। ਚਾਰ ਵਾਰ ਉਸ ਨੂੰ ਵਿਦੇਸ਼ ਦੀ ਧਰਤੀ ’ਤੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ’ਤੇ ਪਹੁੰਚ ਕੇ ਵੀ ਅਲਬੇਲਾ ਨਿਮਰ, ਹਲੀਮੀ , ਮਿਲਣਸਾਰ ਅਤੇ ਹੰਕਾਰ ਤੋਂ ਦੂਰ ਰਹਿ ਵਾਲਾ ਇਨਸਾਨ ਸੀ। ਭਾਵੇਂ ਪ੍ਰੋਗਰਾਮ ਲਾਉਣ ਲਈ ਜ਼ਿਆਦਾਤਰ ਉਹ ਵਿਦੇਸ਼ਾਂ ਦੇ ਟੂਰ ’ਤੇ ਹੀ ਰਹਿੰਦਾ ਪਰ ਪੰਜਾਬ ਅਤੇ ਆਪਣੇ ਪਿੰਡ ਦੀ ਮਿੱਟੀ ਨੂੰ ਨਹੀਂ ਵਿਸਾਰਿਆ। ਉਹ ਅਕਸਰ ਕਹਿੰਦਾ,‘‘ ਵਾਹਿਗੁਰੂ ਦੀ ਕ੍ਰਿਪਾ ਨਾਲ ਸਾਰੇ ਮੁਲਕ ਘੁੰਮ ਲਏ ਪਰ ਜੋ ਸਕੂਨ ਪੰਜਾਬ ਦੀ ਮਿੱਟੀ ’ਚ ਹੈ ਉਹ ਬੇਗਾਨੇ ਮੁਲਕ ’ਚ ਨਹੀਂ।’’ ਧਰਮਪ੍ਰੀਤ , ਬਲਕਾਰ ਸਿੱਧੂ ਅਤੇ ਹਰਦੇਵ ਮਾਹੀਨੰਗਲ ਨੇ ਸੰਗੀਤ ਦੀਆਂ ਬਾਰੀਕੀਆਂ ਉਸ ਕੋਲੋਂ ਹੀ ਸਿੱਖੀਆਂ ਅਤੇ ਪੰਜਾਬੀ ਗਾਇਕੀ ’ਚ ਬੜਾ ਨਾਂ ਕਮਾਇਆ। ਪਹਿਲਾਂ ਆਪਣੇ ਸ਼ਾਗਿਰਦ ਨਛੱਤਰ ਛੱਤਾ ਅਤੇ ਬਾਅਦ ’ਚ ਸਭ ਤੋਂ ਲਾਡਲੇ ਸ਼ਾਗਿਰਦ ਧਰਮਪ੍ਰੀਤ ਦੀ ਬੇਵਕਤੀ ਮੌਤ ਨਾਲ ਉਸ ਨੂੰ ਵੱਡਾ ਸਦਮਾ ਲੱਗਾ।

ਗੁਰਬਖਸ਼ ਸਿੰਘ ਅਲਬੇਲਾ ਦੀ ਜੋਸ਼ੀਲੀ ਅਤੇ ਗੜਕਵੀਂ ਆਵਾਜ਼, ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ ਦੀ ਸੁਰੀਲੀ ਆਵਾਜ਼ ਅਤੇ ਸਤਨਾਮ ਸਿੰਘ ਲਾਲੀ ਦੀ ਸਾਰੰਗੀ ਸਰੋਤਿਆਂ ਨੂੰ ਆਨੰਦ ਦੀ ਚਰਮ ਸੀਮਾ ’ਤੇ ਲੈ ਜਾਂਦੀ ਤੇ ਪਤਾ ਹੀ ਨਾ ਲੱਗਦਾ ਕਿ ਕਦੋਂ ਉਨ੍ਹਾਂ ਦਾ ਸਾਢੇ ਤਿੰਨ ਚਾਰ ਘੰਟਿਆਂ ਦਾ ਸਮਾਂ ਪੂਰਾ ਹੋ ਜਾਂਦਾ। ਅਜੈਬ ਸਿੰਘ ਅਣਖੀ, ਬਲਜਿੰਦਰ ਸਿੰਘ ਬਗੀਚਾ, ਅਜੈਬ ਸਿੰਘ ਢਿੱਲੋਂ, ਇੰਦਰਜੀਤ ਸਿੰਘ ਤੀਰ, ਬੋਹੜ ਸਿੰਘ ਖੁਸ਼ਦਿਲ, ਹਰਭੁਪਿੰਦਰ ਸਿੰਘ ਸੁਹੋਲ,ਯਾਦਵਿੰਦਰ ਸਿੰਘ ਦਿਆਲਪੁਰੀ ਉਸ ਦੇ ਚੰਡੇ ਢਾਡੀ ਹਨ ਜੋ ਅੱਜ ਦੇਸ਼ਾਂ ਵਿਦੇਸ਼ਾਂ ’ਚ ਜਾ ਕੇ ਢਾਡੀ ਕਲਾ ਦਾ ਪ੍ਰਚਾਰ ਕਰ ਰਹੇ ਹਨ। ਉਹ ਜਿੱਥੇ ਮਹਾਨ ਢਾਡੀ ਸੀ, ਉਥੇ ਹੀ ਉਚ ਕੋਟੀ ਦਾ ਗੀਤਕਾਰ ਵੀ ਸੀ। ਉਸ ਦੇ ਲਿਖੇ ਗੀਤਾਂ ਨੂੰ ਨਛੱਤਰ ਛੱਤਾ, ਧਰਮਪ੍ਰੀਤ, ਬਲਕਾਰ ਸਿੱਧੂ, ਕਰਤਾਰ ਰਮਲਾ, ਹਰਦੇਵ ਮਾਹੀਨੰਗਲ ਜਿਹੇ ਨਾਮਵਰ ਗਾਇਕਾਂ ਨੇ ਗਾਇਆ। ਭਾਈ ਰੂਪਾ ਦੇ ਦੀਵਾਨਾਂ ਦੀ ਉਹ ਜਿੰਦ ਜਾਨ ਸੀ। ਸੱਠਵੇਂ ਵਰੇ੍ਹ ਨੂੰ ਪਾਰ ਕਰ ਕਰਕੇ ਵੀ ਉਸ ਦੀ ਆਵਾਜ਼ ’ਚ ਓਹੀ ਜੋਸ਼ ਸੀ ਜੋ ਅੱਜ ਤੋਂ 20 ਸਾਲ ਪਹਿਲਾਂ। ਉਸ ਦੀ ਮੌਤ ਨਾਲ ਢਾਡੀ ਕਲਾ ਦਾ ਇਕ ਸੁਨਹਿਰੀ ਯੁੱਗ ਖ਼ਤਮ ਹੋ ਗਿਆ ਹੈ। ਗੁਰਬਖਸ਼ ਸਿੰਘ ਅਲਬੇਲਾ ਭਾਵੇਂ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਨਹੀਂ ਰਿਹਾ ਪਰ ਉਸ ਦੀ ਜੋਸ਼ੀਲੀ ਆਵਾਜ਼ ਹਰ ਪੰਜਾਬੀ ਦੇ ਕੰਨਾਂ ’ਚ ਗੂੰਜਦੀ ਰਹੇਗੀ ਅਤੇ ਆਪਣੇ ਵੱਡ-ਵਡੇਰਿਆਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਦੀ ਰਹੇਗੀ।

ਸੰਪਰਕ: +91 75289 06680

Comments

sarbjeet kaur

dhadhi kala da mazboot thnam sn albela sahib. mai v bahut sunya ohna nu. oho jihi awaz ni lbhni hun...

kashmir singh

bachpan to sunda aa rihaa ina nu. bahut mithi awaz c ina di.i miss you albela ji

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ