Sun, 13 October 2024
Your Visitor Number :-   7232271
SuhisaverSuhisaver Suhisaver

ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਮਿਹਨਤੀ ਲੋਕਾਂ ਨੂੰ ਵੰਗਾਰਦੀ ਰਹੇਗੀ

Posted on:- 16-08-2016

suhisaver

-ਪਰਮਿੰਦਰ ਕੌਰ ਸਵੈਚ(ਈਸੜੂ)


“ਅਸੀਂ ਦੇਗਾਂ ਦੇ ਵਿੱਚ ਉਬਲੇ, ਲੁਹਾਈ ਖੋਪਰੀ ਹੱਸ ਕੇ,
ਜ਼ੁਲਮ ਦਾ ਨਾਸ ਕੀਤਾ ਹੈ, ਜ਼ੁਲਮ ਦੀਆਂ ਤੋੜੀਆਂ ਕੜੀਆਂ।
ਜਿਨ੍ਹਾਂ ਦੇ ਪੈਰੀਂ ਨੇ ਛਾਲੇ, ਤੇ ਹੱਥਾਂ ਵਿੱਚ ਨੇ ਅੱਟਣ,
ਇਹਨਾਂ ਦੇਸ਼ ਭਗਤਾਂ ਨੇ ਕਿਸਮਤਾਂ ਜੱਗ ਦੀਆਂ ਘੜੀਆਂ।
ਇਕੱਠੇ ਫੇਰ ਹੋ ਜਾਈਏ ਤੇ ਬਣ ਕੇ ਕਾਫਲਾ ਤੁਰੀਏ,
ਅਜੇ ਅਰਾਮ ਨਾ ਸਾਨੂੰ, ਅਜੇ ਹਨ ਮੁਸ਼ਕਲਾਂ ਬੜੀਆਂ।”


ਜਦੋਂ
ਅਸੀਂ ਭਾਰਤ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਭਾਰਤ ਨੂੰ ਲੁੱਟਣ ਲਈ ਅਨੇਕਾਂ ਹੀ ਧਾੜਵੀ ਆਏ ਤੇ ਲੁੱਟ ਕੇ ਲੈ ਗਏ। ਚਾਹੇ ਉਹ ਮੁਗਲ ਸਨ ਜਾਂ ਡੱਚ ਜਾਂ ਪੁਰਤਗਾਲੀ ਜਾਂ ਫਰਾਂਸੀਸੀ ਜਾਂ ਅੰਗਰੇਜ਼। ਸਾਰਿਆਂ ਦਾ ਵੱਖਰਾ ਵੱਖਰਾ ਲੰਮਾ ਚੌੜਾ ਇਤਿਹਾਸ ਹੈ। ਸਾਰਿਆਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਵੀ ਅਪਣਾਏ ਪਰ ਮੈਂ ਗੱਲ ਸ਼ੁਰੂ ਕਰਦੀ ਹਾਂ ਜਦੋਂ ਫੌਜ ਵਿੱਚ ਭਾਰਤੀਆਂ ਨਾਲ ਸ਼ਰੇਆਮ ਵਿਤਕਰਾ ਸ਼ੁਰੂ ਹੋਇਆ ਤਾਂ ਸਿੱਟੇ ਵਜੋਂ 1857 ਦਾ ਗ਼ਦਰ ਸ਼ੁਰੂ ਹੋਇਆ ਉਸ ਤੋਂ ਹੀ ਪ੍ਰਭਾਵਤ ਕੁੱਝ ਲੋਕ ਕਨੇਡਾ ਅਮਰੀਕਾ ਦੀ ਧਰਤੀ ਤੋਂ 1913-14 ਵਿੱਚ ਜਦ ਭਾਰਤ ਨੂੰ ਅਜ਼ਾਦ ਕਰਾਉਣ ਲਈ ਤੁਰੇ ਤਾਂ ਗ਼ਦਰ ਲਹਿਰ ਨੇ ਲੋਕਾਂ ਵਿੱਚ ਬਹੁਤ ਹੀ ਉਤਸ਼ਾਹ ਪੈਦਾ ਕਰ ਦਿੱਤਾ।

ਅਸਲ ਵਿੱਚ ਪਹਿਲਾਂ ਲੋਕਾਂ ਨੂੰ ਜ਼ਿਆਦਾ ਪਤਾ ਹੀ ਨਹੀਂ ਸੀ ਕਿ ਅਜ਼ਾਦੀ ਕੀ ਹੁੰਦੀ ਹੈ? ਜਦੋਂ ਭਾਰਤੀਆਂ ਨੇ ਅੰਗਰੇਜ਼ ਦੀ ਫੌਜ ਦੀ ਨੌਕਰੀ ਕਰਕੇ ਬਾਹਰਲੇ ਦੇਸ਼ਾਂ ਨੂੰ ਆਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਬਾਹਰਲੇ ਲੋਕਾਂ ਦੇ ਰਹਿਣ ਸਹਿਣ ਦਾ ਪਤਾ ਲੱਗਿਆ ਤਾਂ ਅਚੇਤ ਮਨਾਂ ਤੇ ਗਹਿਰੀ ਸੱਟ ਵੱਜੀ ਕਿ ਸਾਡੇ ਨਾਲ ਜਾਣੇ ਅਣਜਾਣੇ ਕੀ ਹੋ ਰਿਹਾ ਹੈ ਕਿ ਅਸੀਂ ਸੁੱਤੇ ਸਿੱਧ ਹੀ ਇਹ ਸਭ ਅਪਣਾਈ ਜਾ ਰਹੇ ਹਾਂ। ਅਮਰੀਕਾ ਦੀ ਧਰਤੀ ਤੋਂ ਜਦੋਂ ਉਹਨਾਂ ਨੂੰ ਗ਼ੁਲਾਮੀ ਦੇ ਮਿਹਣੇ ਮਿਲਣੇ ਸ਼ੁਰੂ ਹੋਏ ਤਾਂ ਉਹਨਾਂ ਦੀ ਜ਼ਮੀਰ ਜਾਗ ਉੱਠੀ ਤੇ ਉਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਸੌਂਪ ਕੇ ਦੇਸ਼ ਨੂੰ ਅਜ਼ਾਦ ਕਰਾਉਣ ਚੱਲ ਪਏ। ਉਹਨਾਂ ਦੇ ਸ਼ੁਰੂਆਤੀ ਸੰਘਰਸ਼ ਕਰਕੇ ਬੇਸ਼ੱਕ ਗ਼ਦਰ ਪਾਰਟੀ ਨੂੰ ਅੰਗ਼ਰੇਜ਼ ਨੇ ਖ਼ਤਮ ਕਰਨ ਦੀ ਪੂਰੀ ਵਾਹ ਲਾਈ ਪਰ ਉਸਦੀ ਧੁਖਦੀ ਲਾਟ ਮੱਘਦੀ ਹੀ ਰਹੀ ਚਾਹੇ ਉਸਤੋਂ ਬਾਅਦ ਨੌਜਵਾਨ ਭਾਰਤ ਸਭਾ ਦੇ ਰੂਪ ਵਿੱਚ ਜਾਂ ਬੱਬਰ ਲਹਿਰ , ਅਕਾਲੀ ਲਹਿਰ, ਕਿਰਤੀ ਲਹਿਰ ਤੇ ਲਾਲ ਪਾਰਟੀ ਤੇ ਬਾਅਦ ਵਿੱਚ ਕਮਿਉਨਿਸਟ ਪਾਰਟੀ ਔਫ ਇੰਡੀਆ। ਇਹਨਾਂ ਸਾਰੀਆਂ ਲਹਿਰਾਂ ਦੀ ਜੱਦੋ ਜਹਿਦ ਸਦਕਾ ਅੰਗ਼ਰੇਜ਼ ਭਾਰਤ ਨੂੰ ਆਪਣੀਆਂ ਧਰਮਾਂ ਦੀਆਂ ਫੁੱਟ ਪਾਊ ਨੀਤੀਆਂ ਦੇ ਤਹਿਤ ਛੱਡ ਕੇ ਤਾਂ ਚਲੇ ਗਏ ਪਰ ਦੇਸ਼ ਦੀ ਵਾਗਡੌਰ ਆਪਣੇ ਹੀ ਜੀ ਹਜ਼ੂਰਾਂ ਨੂੰ ਦੇ ਗਏ ਅਤੇ ਉਹਨਾਂ ਨੇ ਅੰਗ਼ਰੇਜ਼ਾਂ ਦੇ ਨਕਸ਼ ਕਦਮਾਂ ਤੇ ਚਲਦਿਆਂ ਹੋਇਆਂ ਦੇਸ਼ ਦੇ ਦੋ ਟੋਟੇ ਕਰਵਾ ਕੇ ਆਪਣੀਆਂ ਆਪਣੀਆਂ ਗੱਦੀਆਂ ਲੈ ਕੇ ਬੈਠ ਗਏ।

ਭਾਰਤ ਦਾ ਇੱਕ ਇਲਾਕਾ ਗੋਆ ਜਿਸ ਤੇ ਪੁਰਤਗੇਜ਼ਾਂ ਨੇ ਤਕਰੀਬਨ 450 ਸਾਲ ਰਾਜ ਕੀਤਾ। ਇੱਥੋਂ ਤੱਕ ਕਿ ਜਦੋਂ ਬਾਕੀ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਉਹਨਾਂ ਨੇ ਪੁਰਤਗਾਲੀਆਂ ਨਾਲ ਗੱਠਜੋੜ ਕਰਕੇ ਗੋਆ ਦਾ ਇਲਾਕਾ ਉਹਨਾਂ ਕੋਲ ਹੀ ਰਹਿਣ ਦਿੱਤਾ। ਜਦੋਂ 1947 ਵਿੱਚ ਅੰਗਰੇਜ਼ ਭਾਰਤ ਛੱਡ ਕੇ ਗਏ ਤਦ ਵੀ ਭਾਰਤ ਦੀ ਕਾਂਗਰਸ ਸਰਕਾਰ ਨੇ ਗੋਆ ਬਾਰੇ ਕੁੱਝ ਗੌਲ਼ਿਆ ਹੀ ਨਹੀਂ। ਗੋਆ ਅਤੇ ਬਾਕੀ ਭਾਰਤ ਦੇ ਲੋਕ ਸਰਕਾਰ ਦੀ ਬਹੁਤ ਹੀ ਨਰਮ ਨੀਤੀ ਜੋ ਪੁਰਤਗੇਜ਼ੀਆਂ ਲਈ ਅਪਣਾਈ ਜਾ ਰਹੀ ਸੀ ਤੋਂ ਨਾਖੁਸ਼ ਸਨ। ਸਰਕਾਰ ਸਿਰਫ ਚੁੱਪ ਚਾਪ ਬੈਠ ਕੇ ਦੇਖ ਰਹੀੇ ਸੀ ਤੇ ਉਹਨਾਂ ਦੇ ਜਾਣ ਦੀ ਉਡੀਕ ਕਰ ਰਹੀ ਸੀ ਪਰ ਭਾਰਤੀ ਲੋਕਾਂ ਨੂੰ ਅਜ਼ਾਦੀ ਦੀ ਚਿਣਗ ਲੱਗ ਗਈ ਸੀ ਤਾਂ ਉਹਨਾਂ ਨੇ ਗੋਆ ਦੇ ਇਲਾਕੇ ਨੂੰ ਅਜ਼ਾਦ ਕਰਾਉਣ ਲਈ ਸ਼ਾਂਤੀ ਪੂਰਵਕ ਢੰਗ ਨਾਲ ਸੱਤਿਆਗ੍ਰਹਿਾਂ ਦੇ ਰੂਪ ਵਿੱਚ ਸਾਰੇ ਭਾਰਤ ਵਿੱਚੋਂ ਜੱਥੇ ਬਣਾ ਕੇ ਜਾਣਾ ਸ਼ੁਰੂ ਕਰ ਦਿੱਤਾ। 15 ਅਗਸਤ 1954 ਨੂੰ ਜਦੋਂ ਜੱਥਾ ਗੋਆ ਪਹੁੰਚਿਆ ਤਾਂ ਪੁਰਤਗੇਜ਼ੀਆਂ ਤੇ ਨਿਹੱਥੇ ਲੋਕਾਂ ਤੇ ਹਮਲਾ ਕਰ ਦਿੱਤਾ, ਉਹਨਾਂ ਨੂੰ ਕੁੱਟਿਆ, ਮਾਰਿਆ ਤੇ ਜੇਲ੍ਹਾਂ ਵਿੱਚ ਡੱਕ ਦਿੱਤਾ ਹੁਣ ਲੋਕ ਸਰਕਾਰੀ ਨੀਤੀਆਂ ਤੋਂ ਹੋਰ ਨਿਰਾਸ਼ ਹੋ ਗਏ। ਜਿਹੜੇ ਉਸ ਇਲਾਕੇ ਦੇ ਲੋਕ ਪਹਿਲਾਂ ਇਹਨਾਂ ਗੱਲਾਂ ਦੇ ਧੁਰ ਤੱਕ ਨਹੀਂ ਸੀ ਸੋਚਦੇ ਉਹ ਵੀ ਭਾਰਤੀਆਂ ਦੇ ਨਾਲ ਖੜ੍ਹੇ ਹੋ ਕੇ ਵਿਦਰੋਹ ਕਰਨ ਲਈ ਤਿਆਰ ਹੋ ਗਏ। ਨਹਿਰੂ ਦੀ ਚੁੱਪ ਦੇ ਉਲਟ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਪਰਜ਼ਾ ਸੋਸ਼ਲਿਸਟ ਪਾਰਟੀ, ਕਮਿਊਨਿਸਟ ਪਾਰਟੀ ਔਫ ਇੰਡੀਆ, ਕਿਸਾਨ ਮਜ਼ਦੂਰ ਸਭਾ ਨੇ ਇਕੱਠੀਆਂ ਹੋ ਕੇ ਸਾਰੇ ਭਾਰਤ ਵਿੱਚੋਂ ਜੱਥੇ ਬਣਾ ਕੇ 15 ਅਗਸਤ, 1955 ਨੂੰ ਤਿੰਨ ਹਜ਼ਾਰ ਸੱਤਿਆਗ੍ਰਿਹੀ ਜਿਹਨਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਗਏ। ਉਸ ਸਮੇਂ ਪੁਰਤਗਾਲੀ ਮਿਲਟਰੀ ਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਸ਼ਾਂਤੀ ਪੂਰਬਕ ਸੱਤਿਆਗ੍ਰਿਹੀਆਂ ਤੇ ਸਿਰਫ ਲਾਠੀਚਾਰਜ਼ ਹੀ ਨਹੀਂ ਕੀਤਾ ਸਗੋਂ ਗੋਲ਼ੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਿਨਾਉਣੀ ਹਰਕਤ ਨਾਲ ਕਾਫੀ ਲੋਕ ਮਾਰੇ ਗਏ। ਜਿਸਦੇ ਸਿੱਟੇ ਵਜੋਂ ਪੰਜਾਬ ਪ੍ਰਦੇਸ਼ ਵਿੱਚੋਂ ਜਾਣ ਵਾਲਾ ਸੱਤਿਆਗ੍ਰਿਹੀ ਜਿਸਨੇ ਆਪਣੇ ਦੇਸ਼ ਦੀ ਅਜ਼ਾਦੀ ਲਈ ਪੁਰਤਗੇਜ਼ੀ ਸਾਮਰਾਜੀਆਂ ਨੂੰ ਵੰਗਾਰਦਿਆਂ ਆਪਣੀ ਭਰ ਜੁਆਨੀ ਵਿੱਚ ਹਿੱਕ ਵਿੱਚ ਗੋਲੀ ਖਾਧੀ ਉਹ ਸੀ ਸ਼ਹੀਦ ਕਰਨੈਲ ਸਿੰਘ ਈਸੜੂ।
    
ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਸਤੰਬਰ 1930 ਵਿੱਚ ਮਾਤਾ ਹਰਨਾਮ ਕੌਰ ਦੀ ਕੁੱਖੋਂ ਸ. ਸੁੰਦਰ ਸਿੰਘ ਦੇ ਘਰ ਜਿਲ੍ਹਾ ਲਾਇਲਪੁਰ ਦੇ ਚੱਕ ਨੰ: 50 ਵਿੱਚ ਹੋਇਆ। ਪਰ ਇਹਨਾਂ ਦਾ ਜੱਦੀ ਪਿੰਡ ਈਸੜੂ ਖੰਨੇ ਦੇ ਨੇੜੇ ਮਲੇਰਕੋਟਲਾ ਰੋਡ ਦੇ ਉੱਤੇ ਹੈ। ਇਹ ਤਿੰਨ ਭੈਣਾਂ ਤੇ ਦੋ ਭਰਾਵਾਂ ਤੋਂ ਸਭ ਤੋਂ ਛੋਟੇ ਸਨ। ਇਹਨਾਂ ਦੇ ਪਿਤਾ ਅੰਗਰੇਜ਼ੀ ਸਰਕਾਰ ਵਿੱਚ ਹਵਾਲਦਾਰ ਤੇ ਤੌਰ ਤੇ ਨੌਕਰੀ ਕਰਦੇ ਸਨ। ਅੰਗਰੇਜ਼ ਸਰਕਾਰ ਨੇ ਇਨ੍ਹਾਂ ਨੂੰ ਜ਼ਮੀਨ ਦਾ ਮੁਰੱਬਾ ਵੀ ਅਲਾਟ ਕੀਤਾ। 1947 ਵਿੱਚ ਦੇਸ਼ ਦੀ ਵੰਡ ਸਮੇਂ ਅੰਨੇ੍ਹਵਾਹ ਫਾਸ਼ੀਵਾਦੀਆਂ ਦੇ ਧਾਰਮਿਕ ਜਨੂੰਨ ਦੀ ਇੰਤਹਾ ਦੀ ਹੱਦ ਨੂੰ ਇਹਨਾਂ ਨੇ ਅੱਖੀਂ ਵੇਖਿਆ ਤੇ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਈਸੜੂ ਆ ਗਏ। ਸ਼ਹੀਦ ਕਰਨੈਲ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਖੰਨੇ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ। ਖੰਨੇ ਤੋਂ ਈਸੜੂ ਦੀ ਦੂਰੀ 11 ਕਿਲੋਮੀਟਰ ਹੈ ਇਹ ਹਰ ਰੋਜ਼ ਆਉਣ ਜਾਣ 22 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਸਕੂਲ ਜਾਂਦੇ ਸਨ। ਘਰ ਵਿੱਚ ਇਹਨਾਂ ਦੇ ਵੱਡੇ ਭਰਾ ਪ੍ਰਿੰਸੀਪਲ ਤਖ਼ਤ ਸਿੰਘ ਪੜ੍ਹੇ ਹੋਣ ਕਰਕੇ ਇਹਨਾਂ ਨੂੰ ਵੀ ਖੇਤੀ ਦੇ ਕੰਮਾਂ ਵਿੱਚ ਰੁਚੀ ਨਹੀਂ ਸੀ ਸਗੋਂ ਪੜ੍ਹ ਕੇ ਕੁੱਝ ਕਰਨਾ ਚਾਹੁੰਦੇ ਸਨ।

ਦੇਸ਼ ਭਗਤੀ ਦੀ ਰੁਚੀ ਇਹਨਾਂ ਨੂੰ ਆਪਣੇ ਚਾਚਾ ਜੀ ਜਵਾਹਰ ਸਿੰਘ ਤੋਂ ਲੱਗੀ ਜਿਹੜੇ ਪੜ੍ਹੇ ਹੋਣ ਕਰਕੇ ਪਹਿਲਾਂ ਗ਼ਦਰ ਲਹਿਰ ਵਿੱਚ ਹਰਕਾਰੇ ਦੇ ਤੌਰ ਤੇ ਖੁਫ਼ੀਆ ਸਫਾਂ ਵਿੱਚ ਕੰਮ ਕਰਦੇ ਰਹੇ। ਬਾਅਦ ਵਿੱਚ ਬੱਬਰ ਅਕਾਲੀ ਲਹਿਰ ਸਮੇਂ ਜੈਤੋ ਦੇ ਮੋਰਚੇ ਤੇ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਢਾਈ ਸਾਲ ਕੈਦ ਵੀ ਕੱਟੀ ਤੇ ਕਿਰਤੀ ਲਹਿਰ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇਲਾਕੇ ਵਿੱਚ ਹੋਣ ਵਾਲੇ ਅਨਿਆਂ ਦੇ ਸਾਹਮਣੇ ਡੱਟ ਕੇ ਖੜ੍ਹਦੇ ਰਹੇ। ਆਪਣੇ ਚਾਚਾ ਜੀ ਵਾਂਗ ਇਹ ਵੀ ਪੜ੍ਹਦੇ ਸਮੇਂ ਹੀ ਅਗਾਂ੍ਹਵਧੂ ਸੋਚ ਸਦਕਾ ਜ਼ੁਲਮ ਨਾਲ ਟੱਕਰ ਲੈਣੀ ਅਤੇ ਗਰੀਬਾਂ ਦੀ ਮੱਦਦ ਕਰਨੀ ਇਹਨਾਂ ਦੇ ਮੁੱਖ ਕੰਮ ਸਨ। ਇੱਕ ਵਾਰ ਪਿੰਡ ਈਸੜੂ ਦੀ ਪੰਚਾਇਤ ਨੇ ਇੱਥੋਂ ਦੇ ਹੀ ਇੱਕ ਗਰੀਬ ਦੁਕਾਨਦਾਰ ਮਾਨ ਸਿੰਘ ਨੂੰ ਕਿਸੇ ਕਾਰਣ ਕਰਕੇ 50 ਰੁਪਏ ਜੁਰਮਾਨਾ ਕਰ ਦਿੱਤਾ ਜੋ ਕਿ ਬਿਲਕੁਲ ਨਜ਼ਾਇਜ਼ ਸੀ। ਕਰਨੈਲ ਸਿੰਘ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਕਾਲ਼ੀਆਂ ਝੰਡੀਆਂ ਨਾਲ ਪੰਚਾਇਤ ਦੇ ਖਿਲਾਫ਼ ਮੁਜ਼ਾਹਰਾ ਕੀਤਾ, ਜਿਸਤੋਂ ਪੰਚਾਇਤ ਨੂੰ ਹਾਰ ਮੰਨਣੀ ਪਈ ਤੇ ਜੁਰਮਾਨਾ ਵੀ ਮਾਫ਼ ਕਰਨਾ ਪਿਆ। ਖੰਨੇ ਵਿੱਚ ਇੱਕ ਵਾਰ ਦਫ਼ਾ 144 ਦੇ ਲੱਗਣ ਦੇ ਬਾਵਜੂਦ ਵੀ ਆਪਨੇ ਮੁਜ਼ਾਹਰੇ ਦੀ ਅਗਵਾਈ ਕੀਤੀ।

ਦਸਵੀਂ ਪਾਸ ਕਰਨ ਉਪਰੰਤ ਆਪ ਟੀਚਰ ਟਰੇਨਿੰਗ ਲਈ ਜਗਰਾਉਂ ਚਲੇ ਗਏ। ਉਹਨਾਂ ਨੂੰ ਆਪਣੇ ਚਾਚਾ ਜੀ ਕੋਲੋਂ ਰੂਸੀ ਸਾਹਿਤ ਮਿਲਦਾ ਹੋਣ ਕਰਕੇ ਤੇ ਆਪਣੀ ਚੇਤਨਤਾ ਮੁਤਾਬਕ ਮਾਰਕਸਵਾਦ ਤੇ ਲੈਨਿਨਵਾਦ ਦਾ ਅਧਿਐਨ ਵੀ ਕੀਤਾ। ਉਹ ਆਪਣੇ ਨਿੱਘੇ ਸੁਭਾੳੇ ਤੇ ਕਰਾਂਤੀਕਾਰੀ ਵਿਚਾਰਾਂ ਕਰਕੇ ਆਪਣੇ ਸਾਥੀਆਂ ਵਿੱਚ ਬਹੁਤ ਹਰਮਨ ਪਿਆਰੇ ਸਨ। ਜਗਰਾਉਂ ਟਰੇਨਿੰਗ ਕਰਨ ਤੋਂ ਬਾਅਦ ਆਪ ਕੁੱਝ ਚਿਰ ਬੰਬਾਂ ਸਕੂਲ ਵਿੱਚ ਅਧਿਆਪਕ ਵੀ ਲੱਗੇ ਰਹੇ। ਆਧਿਆਪਕ ਹੋਣ ਸਮੇਂ ਆਪ ਅਧਿਆਪਕ ਯੂਨੀਅਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇੱਕ ਵਾਰ ਟੀਚਰਜ਼ ਯੂਨੀਅਨ ਦੀ ਚੋਣ ਸਮੇਂ ਆਪ ਨੂੰ ਆਪਦੀ ਗੈਰਹਾਜ਼ਰੀ ਵਿੱਚ ਸਕੱਤਰ ਚੁਣ ਲਿਆ ਗਿਆ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਦੇਸ਼ ਜਾਂ ਆਪਣੇ ਲੋਕਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰਨ ਦੀ ਰੁਚੀ ਦਿਨੋ ਦਿਨ ਪ੍ਰਬਲ ਹੋ ਰਹੀ ਸੀ। ਜਦੋਂ ਘਰ ਵਿੱਚ ਇਹਨਾਂ ਦੇ ਵੱਡੇ ਭਰਾ ਹਰਚੰਦ ਸਿੰਘ ਦੀ ਸ਼ਾਦੀ ਬਾਰੇ ਗੱਲ ਚੱਲੀ ਤਾਂ ਕੁੜੀ ਵਾਲਿਆਂ ਇਹ ਤਜਵੀਜ਼ ਰੱਖ ਦਿੱਤੀ ਕਿ ਉਹ ਇਹ ਰਿਸ਼ਤਾ ਤਾਂ ਕਰਨਗੇ ਜੇ ਉਹ ਦੋਨੋਂ ਮੁੰਡਿਆਂ ਦਾ ਰਿਸ਼ਤਾ ਲੈਂਦੇ ਹਨ ਪਰ ਇਹਨਾਂ ਦੀ ਲਗਨ ਤਾਂ ਦੇਸ਼ ਭਗਤੀ ਦੇ ਕੰਮਾਂ ਵਿੱਚ ਸੀ, ਇਹ ਇਹੋ ਜਿਹੇ ਬੰਧਨ ਵਿੱਚ ਨਹੀਂ ਬੱਝਣਾ ਚੁਹੁੰਦੇ ਸਨ ਪਰ ਘਰਦਿਆਂ ਨੇ ਮਜ਼ਬੂਰ ਕਰਕੇ ਇਹਨਾਂ ਦੀ ਸ਼ਾਦੀ ਬੀਬੀ ਚਰਨਜੀਤ ਕੌਰ ਨਾਲ ਕਰ ਤਾਂ ਦਿੱਤੀ ਪਰ ਉਹ ਕਦੇ ਵੀ ਜ਼ਿੰਦਗੀ ਵਿੱਚ ਵਿਆਹ ਦਾ ਸੁੱਖ ਨਾ ਭੋਗ ਸਕੀ ਸਗੋਂ ਇਕੱਲੀ ਨੇ ਸਿਰਫ਼ ਵਿਆਹ ਦੀਆਂ ਯਾਦਾਂ ਸਹਾਰੇ ਹੀ ਜ਼ਿੰਦਗੀ ਕੱਢ ਦਿੱਤੀ।

15 ਅਗਸਤ 1954 ਦੇ ਝਟਕੇ ਤੋਂ ਬਾਅਦ ਜਨਤਕ ਜਥੇਬੰਦੀਆਂ ਨੇ ਫਿਰ ਤੋਂ ਲਾਮਬੰਦ ਹੋਣਾ ਸ਼ੁਰੂ ਕਰ ਲਿਆ ਸੀ ਉਦੋਂ ਹੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਨਵ-ਅੰਦੋਲਨ ਸ਼ੁਰੂ ਹੋਇਆ ਕਿ ਗੋਆ ਦੇ ਇਲਾਕੇ ਦੀ ਅਜ਼ਾਦੀ ਲਈ ਹੋਰ ਕਦਮ ਪੁੱਟੇ ਜਾਣ। ਇਹ ਸ਼ਾਂਤਮਈ ਅੰਦੋਲਨ ਰਾਹੀਂ ਲਗਾਤਾਰ ਸੱਤਿਆਗ੍ਰਿਹੀ ਜੱਥੇ ਭੇਜੇ ਜਾ ਰਹੇ ਸਨ। ਕਰਨੈਲ ਸਿੰਘ ਨੇ ਵੀ ਜੱਥੇ ਵਿੱਚ ਆਪਣਾ ਨਾਂ ਦੇ ਦਿੱਤਾ ਪਰ ਸਾਹਮਣੇ ਹੋਰ ਸਮੱਸਿਆ ਆ ਗਈ ਕਿ ਉੱਥੇ ਜਾਣ ਦਾ ਕਿਰਾਇਆ ਕਿਤੋਂ ਮਿਲ ਹੀ ਨਹੀਂ ਸੀ ਰਿਹਾ। ਇਸ ਸਮੱਸਿਆ ਦੇ ਹੱਲ ਲਈ ਇਹਨਾਂ ਨੇ ਆਪਣਾ ਸਾਈਕਲ ਵੇਚ ਦਿੱਤਾ, ਕੁੱਝ ਪੈਸੇ ਜਿਹੜੇ ਦੋਸਤਾਂ ਤੋਂ ਉਧਾਰੇ ਲਏ ਹੋਏ ਸਨ ਉਹ ਉਹਨਾਂ ਨੂੰ ਮੋੜ ਦਿੱਤੇ ਤੇ ਬਾਕੀ ਪੈਸਿਆਂ ਨਾਲ ਆਪਣੀ ਮੰਜ਼ਲ ਵੱਲ ਨੂੰ ਹੋ ਤੁਰੇ।

15 ਅਗਸਤ ਦਾ ਦਿਨ ਸੀ, ਸਵੇਰੇ ਸਵੇਰੇ ਤਿਆਰ ਹੋ ਕੇ ਸਾਰੇ ਸੱਤਿਆਗ੍ਰਿਹੀ ਇੱਕ ਥਾਂ ਤੇ ਇਕੱਠੇ ਹੋ ਗਏ। ਉੱਥੇ ਉਹਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ। ਹਰੇਕ ਸੂਬੇ ਵਿੱਚੋਂ ਇੱਕ ਇੱਕ ਸੱਤਿਅਗ੍ਰਿਹੀ ਚੁਣ ਕੇ 12-12 ਦਾ ਜੱਥਾ ਬਣਾ ਦਿੱਤਾ ਗਿਆ। ਇਹਨਾਂ ਨੂੰ ਇਹੀ ਹਦਾਇਤਾਂ ਸੀ ਕਿ ਤਿਰੰਗੇ ਝੰਡੇ ਦੀ ਰੱਖਿਆ ਕਰਨਾ ਤੇ ਆਗੂਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ। ਆਖਰ ਸੱਤਿਆਗ੍ਰਿਹੀਆਂ ਨੇ ਅੱਗੇ ਵਧਣ ਲਈ ਮਾਰਚ ਸ਼ੁਰੂ ਕੀਤਾ। ਸਭ ਤੋਂ ਮੂਹਰੇ ਝੰਡਾ ਫੜ੍ਹੀ ਚਿਤਲੇ ਜਾ ਰਿਹਾ ਸੀ ਤੇ ਨਾਲ ਹੀ ਮਧੂਕਰ ਚੌਧਰੀ ਸਨ। ਜਦੋਂ ਸੱਤਿਅਗ੍ਰਿਹੀ ਜਾ ਰਹੇ ਸਨ ਤਾਂ ਇੱਕ ਹਜ਼ਾਰ ਦੇ ਲੱਗਭਗ ਲੋਕ ਦੇਖ ਰਹੇ ਸਨ ਉਹ ਨਾਹਰੇ ਲਾਉਂਦੇ ਜਾ ਰਹੇ ਸਨ। ਇੱਕਮੁੱਠ ਹੋ ਕੇ ਇੱਕ ਮੁਹਿੰਮ ਸਰ ਕਰਨ ਦੀ ਖੁਸ਼ੀ ਲੈ ਰਹੇ ਸਨ ਆਮ ਲੋਕ ਕਿਉਂਕਿ ਉਸ ਸਮੇਂ ਸਰਕਾਰ ਹੱਥ ਤੇ ਹੱਥ ਰੱਖ ਕੇ ਬੈਠੀ ਸੀ ਤੇ ਤਮਾਸ਼ਾ ਦੇਖ ਰਹੀ।ਅਜੇ ਚਿਤਲੇ ਨੇ ਗੋਆ ਦੀ ਜੂਹ ਵਿੱਚ ਪੈਰ ਹੀ ਰੱਖਿਆ ਸੀ ਕਿ ਪੁਰਤਗਾਲੀ ਸਿਪਾਹੀਆਂ ਨੇ ਗੋਲ਼ੀਆਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ ਤਾਂ ਨਿਹੱਥੇ ਸਤਿਆਗ੍ਰਿਹੀਆਂ ਨੂੰ ਹੁਕਮ ਮਿਲਿਆ ਕਿ ਲੰਮੇ ਪੈ ਜਾਓ। ਤਾਂ ਉਹ ਪਏ ਪਏ ਵੀ ਅੱਗੇ ਵੱਧ ਰਹੇ ਸਨ। ਫਿਰ ਕਮਾਂਡਰ-ਇਨ-ਚੀਫ਼ ਸ੍ਰੀ ਓਕ ਦੇ ਪੈਰ ਵਿੱਚ ਗੋਲ਼ੀ ਲੱਗੀ। ਗੋਆ ਦੀ ਸਰਹੱਦ ਦੇ ਅੰਦਰ ਸਿਰਫ਼ ਚਾਰ ਲਾਈਨਾਂ ਹੀ ਅੰਦਰ ਗਈਆਂ ਸਨ। ਸੱਤਿਆਗ੍ਰਿਹੀ ਵੱਖ ਵੱਖ ਥਾਂਵਾਂ ਤੋਂ ਸਰਹੱਦ ਪਾਰ ਕਰ ਰਹੇ ਸਨ। ਸਾਰਿਆਂ ਥਾਂਵਾਂ ਤੇ ਹੀ ਗੋਲ਼ੀਆਂ ਵਰ੍ਹ ਰਹੀਆਂ ਸਨ। ਜਦੋਂ ਇੱਕ ਗੋਲੀ ਚਿਤਲੇ ਵੱਲ ਆਉਣ ਲੱਗੀ ਤੇ ਉਸਦੇ ਹੱਥੋਂ ਝੰਡਾ ਡਿੱਗਣ ਲੱਗਿਆ ਤਾਂ ਕਰਨੈਲ ਸਿੰਘ ਜੋਸ਼ ਭਰੇ ਅੰਦਾਜ਼ ਵਿੱਚ ਉੱਠਿਆ ਤੇ ਬਿਜਲੀ ਦੀ ਫੁਰਤੀ ਨਾਲ ਦੋ ਗੋਲ਼ੀਆਂ ਹਿੱਕ ਵਿੱਚ ਖਾ ਲਈਆਂ ਜਿਹੜੀਆਂ ਉਹਨਾਂ ਦੇ ਲੀਡਰ ਚਿਤਲੇ ਵੱਲ ਆ ਰਹੀਆਂ ਸਨ ਅਤੇ ਝੰਡੇ ਨੂੰ ਨੀਵਾਂ ਹੋਣ ਤੋਂ ਬਚਾ ਲਿਆ ਅਤੇ ਆਪ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਉਂਦਾ ਦੇਸ਼ ਵਾਸੀਆਂ ਲਈ ਸ਼ਹਾਦਤ ਦਾ ਜਾਮ ਪੀ ਗਿਆ। ਇਸ ਸਮੇਂ ਜਿੱਥੇ ਬਹੁਤ ਸਾਰੇ ਲੋਕ ਦਰਸ਼ਕ ਸਨ ਉੱਥੇ ਤਿੰਨ ਅਮਰੀਕਾ, ਫਰਾਂਸ ਤੇ ਬਰਤਾਨੀਆ ਦੇ ਪੱਤਰਕਾਰ ਵੀ ਸਨ। ਜਿਹਨਾਂ ਨੇ ਨਿਹੱਥੇ ਲੋਕਾਂ ਤੇ ਹੁੰਦਾ ਇਹ ਸ਼ਰਮਨਾਕ ਹਾਦਸਾ ਦੁਨੀਆਂ ਦੀਆਂ ਅਖ਼ਬਾਰਾਂ ਵਿੱਚ ਦੂਜੇ ਦਿਨ ਹੀ ਪਹੁੰਚਾ ਦਿੱਤਾ। ਬਾਅਦ ਵਿੱਚ 1961 ਵਿੱਚ ਜਾ ਕੇ ਪੁਰਤਗਾਲੀ ਭਾਰਤ ਛੱਡ ਕੇ ਗਏ।

ਅੱਜ 61 ਸਾਲਾਂ ਬਾਅਦ ਜਦੋਂ ਅੱਜ ਉਹਨਾਂ ਦੇ ਸ਼ਹੀਦੀ ਦਿਵਸ ਦੇ ਮਾਹੌਲ ਨੂੰ ਦੇਖਦੇ ਹਾਂ ਕਿ ਸਰਕਾਰਾਂ 61 ਸਾਲਾਂ ਤੋਂ ਉਸਦੇ ਪਿੰਡ ਆਉਂਦੀਆ ਹਨ, ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ, ਸ਼ਰਧਾਂਜ਼ਲੀ ਦਿੰਦੀਆਂ ਹਨ, ਆਪਣੇ ਲੈਕਚਰ ਦਿੰਦੀਆਂ ਹਨ, ਆਪਣੀਆਂ ਪ੍ਰਾਪਤੀਆਂ ਵਧਾ ਚੜ੍ਹਾ ਕੇ ਦੱਸਦੀਆਂ ਹਨ, ਦੂਜੀਆਂ ਪਾਰਟੀਆਂ ਨੂੰ ਘਟੀਆ ਦੱਸਦੀਆਂ ਹਨ, ਆਪਣੇ ਸੋਹਲੇ ਗਾ ਕੇ ਸ਼ਹੀਦਾਂ ਦੇ ਪੈਰੋਕਾਰ ਦੱਸਣ ਵਿੱਚ ਵੀ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੀਆਂ ਬੇਸ਼ੱਕ ਉਹਨਾਂ ਸ਼ਹੀਦਾਂ ਦੇ ਸੁਫਨੇ ਪੂਰੇ ਕਰਨ ਤਾਂ ਕੀ ਉਸ ਵਿਚਾਰੀ ਲੋਕਾਈ ਜਿਨ੍ਹਾਂ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਵੀ ਨਹੀਂ ਹੁੰਦੀਆਂ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਇਹ ਸੋਚਣਾ ਕਿ ਉਸ ਸਮੇਂ ਵੀ ਸਰਕਾਰ ਵਿਦੇਸ਼ੀਆਂ ਨਾਲ ਪ੍ਰਭੂ ਸਤਾ ਦੇ ਗਾਂਢੇ ਸਾਂਢੇ ਕਰਨ ਵਿੱਚ ਮਸਰੂਫ਼ ਸੀ ਅੱਜ ਵੀ ਇਹ ਆਪਣੀ ਸੱਤਾ ਦੀ ਮਸਰੂਫ਼ੀਅਤ ਨੂੰ ਹੀ ਕਾਇਮ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਲੋਕਾਂ ਨੂੰ ਆਪਣੀ ਅਜ਼ਾਦੀ ਦੀ ਲੜਾਈ ਵਿਦੇਸ਼ੀਆਂ ਹੱਥੋਂ ਛੁਡਵਾਉਣ ਲਈ ਵੀ ਆਪ ਲੜ੍ਹਨੀ ਪਈ ਸੀ ਤੇ ਅੱਜ ਦੇਸੀਆਂ ਹੱਥੋਂ ਆਪਣੀ ਹੋ ਰਹੀ ਲੁੱਟ ਦੇ ਵਿਰੁੱਧ ਲੜਾਈ ਵੀ ਆਪ ਹੀ ਕਰਨੀ ਪੈਣੀ ਹੈ। ਉਹਨਾਂ ਦਾ ਅਨਿਆਂ ਤੇ ਲੁੱਟ ਖਸੁੱਟ ਦੇ ਵਿਰੱਧ ਬਰਾਬਰੀ ਦੇ ਸਮਾਜ ਦਾ ਸੁਫਨਾ ਤਾਹੀਂ ਪੂਰਾ ਹੋ ਸਕਦਾ ਹੈ। ਆਓ ਉਹਨਾਂ ਦੀ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦੀਆਂ ਸਰਕਾਰਾਂ ਦੀਆਂ ਫਾਸ਼ੀਵਾਦੀਆਂ ਨੀਤੀਆਂ ਨੂੰ ਘੋਖਦੇ ਵਿਚਾਰਦੇ ਹੋਏ ਲੋਕਾਂ ਨੂੰ ਇੱਕ ਜਥੇਬੰਦਕ ਰੂਪ ਵਿੱਚ ਇਕੱਠੇ ਹੋਣ ਦਾ ਸੁਨੇਹਾ ਦੇਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸ਼ਹੀਦਾਂ ਵਾਂਗ ਚੰਗੇ ਕੰਮਾਂ ਲਈ ਸਾਨੂੰ ਵੀ ਯਾਦ ਰੱਖ ਸਕਣ, ਉਹਨਾਂ ਨੂੰ ਕਦੇ ਵੀ ਸਾਡੇ ਵਲੋਂ ਸ਼ਰਮਿੰਦਾ ਨਾ ਹੋਣਾ ਪਵੇ। ਉਹ ਚੁੱਪ ਨਹੀਂ ਸਨ , ਉਹ ਲੜੇ, ਮਰੇ ਸਾਡੇ ਲਈ। ਅਸੀਂ ਵੀ ਜਾਗਰਤ ਕਰਨਾ ਹੈ ਆਪਣੇ ਬੱਚਿਆਂ ਨੂੰ। ਇਹੀ ਸਾਡੀ ਸੱਚੀ ਸ਼ਰਧਾਂਜ਼ਲੀ ਹੈ। ਸ਼ਹੀਦ ਕਰਨੈਲ ਸਿੰਘ ਅਮਰ ਰਹੇ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ