Sun, 13 October 2024
Your Visitor Number :-   7232279
SuhisaverSuhisaver Suhisaver

ਜ਼ਿੰਦਗੀ ਦਾ ਜਸ਼ਨ - ਕੇਹਰ ਸ਼ਰੀਫ਼

Posted on:- 21-06-2013

suhisaver

ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈ। ਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈ। ਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦਾ ਨਾਂ ਵੀ ਸਿਆਣੇ / ਸੂਝਵਾਨ ਲੋਕਾਂ ਵਿਚ ਵੱਜੇ। ਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਤਾਂ ਸਾਰੇ ਲੋਕ ਜਾਣਦੇ ਹਨ ਕਿ ਹਰ ਕਾਰਜ ਪੂਰਤੀ ਵਾਸਤੇ ਸਖਤ ਮਿਹਨਤ ਦੀ ਮੰਗ ਕਰਦਾ ਹੈ।

ਬਹੁੱਤ ਘੱਟ ਲੋਕ ਹਨ ਜੋ ਸਿਆਣਪ ਤੱਕ ਪਹੁੰਚਣ ਵਾਸਤੇ ਜਾਂ ਸਿਆਣੇ (ਅਕਲਮੰਦ) ਬਣਨ ਵਾਸਤੇ ਕਿਸੇ ਰਿਸ਼ੀ ਦੀ ਸਮਾਧੀ ਵਾਲੀ ਤਪੱਸਿਆ ਵਰਗੀ ਮਿਹਨਤ ਕਰਦੇ ਹੋਣ ਜਾਂ ਕਰਨ ਦਾ ਸੰਕਲਪ ਰੱਖਦੇ ਹੋਣ। ਬਹੁਤੇ ਤਾਂ ਦਾਅ ਲੱਗਣ ਦੀ ਭਾਵਨਾ ਜਾਂ ਮੌਕਾ-ਮੇਲ ਵਾਲੀ ਝਾਕ ਅਧੀਨ ਪਾਰ ਲੱਗਣ ਵਾਲੇ ‘ਨੁਸਖੇ’ ਵਾਲੀ ਲਿਖੀ ਪਰਚੀ ਹੀ ਵਾਰ ਵਾਰ ਪੜ੍ਹੀ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕਿਸੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਬਿਨਾਂ ਸੂਝ ਭਰੇ ਤਰਕ/ਦਲੀਲ ਤੋਂ ਸਿਰਫ ਵਿਰਸੇ ਦੇ ਨਾਂ ਹੇਠ ਸਮਾਂ ਵਿਹਾ ਚੁੱਕੀ ਕਿਸੇ ਘਸੀ ਪਿਟੀ ਜਹੀ ਲੀਕ ’ਤੇ ਤੁਰੀ ਜਾਣ ਨਾਲ ਮਨੁੱਖ ਦੇ ਅੰਧ ਵਿਸ਼ਵਾਸੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ।

ਆਪਣੇ ਹੀ ਝੂਠ ਦੇ ਖੋਲ ਵਿਚ ਵੜੇ ਬੈਠੇ ਸਿਆਣੇ ਹੋਣ ਦਾ ਭਰਮ ਪਾਲਣ ਵਾਲੇ ਜਦੋਂ ਕਦੇ ਕਿਸੇ ਬਾਹਰਲੀ ਲੋਅ ਦੇ ਦਰਸ਼ਨ ਕਰਦੇ ਹਨ ਤਾਂ ਹੈਰਾਨੀ ਉਨ੍ਹਾਂ ਨੂੰ ਵੀ ਬਹੁਤ ਹੁੰਦੀ ਹੈ ਕਿਉਂਕਿ ਅਜਿਹੇ ਅਖੌਤੀ ਬੁੱਧੀਜੀਵੀ ਜਾਂ ਕਹੋ ਨਕਲੀ ਸਿਆਣੇ ਟਟੀਹਰੀ ਦੇ ਕਬੀਲੇ ਵਿਚੋਂ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਅਸਮਾਨ ਆਪਣੀਆਂ ਹੀ ਟੰਗਾਂ ਦੇ ਬਲ ਆਸਰੇ ਟਿਕਿਆ ਹੋਣ ਦਾ ਵਹਿਮ ਹੋ ਜਾਂਦਾ ਹੈ। ਅਜਿਹੇ ਵਿਅਕਤੀ ਜਦੋਂ ਕਦੇ, ਕਿਧਰੇ ਸੂਝਵਾਨਾਂ ਦੇ ਇਕੱਠ, ਸਭਾ ਜਾਂ ਸਮਾਗਮਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਨੰਗ ਦੇਖਣ ਯੋਗ ਹੁੰਦਾ ਹੈ। ਅਜਿਹੇ ਵੇਲੇ ਤਾਂ ਉਨ੍ਹਾਂ ਦੇ ਪੋਲ ਦਾ ਖੋਲ ਤਿੜਕਦਾ ਸੁਣਿਆਂ ਤੇ ਖਿਲਰਦਾ ਦੇਖਿਆ ਜਾ ਸਕਦਾ ਹੈ ਫੇਰ, ਉਨ੍ਹਾਂ ਨੂੰ ਆਇਆ ਪਸੀਨਾ ਬਰਫ ਵਿਚ ਲਾ ਕੇ ਵੀ ਖੁਸ਼ਕ ਨਹੀਂ ਕੀਤਾ ਜਾ ਸਕਦਾ।

ਜਦੋਂ ਇਨਸਾਨ ਆਪਣੀ ਜੀਵਨ ਤੋਰ ਨੂੰ ਬੋਚ ਬੋਚ ਕੇ ਪੱਬ ਧਰਨ ਵਾਂਗ ਜੀਊਣਾ ਸਿੱਖ ਜਾਵੇ ਤਾਂ ਉਹ ਸੁਖ, ਦੁੱਖ ਹੰਢਾਉਂਦਿਆਂ ਹਰ ਮੌਕੇ ਖੁਸ਼ ਰਹਿਣਾ ਸਿੱਖ ਜਾਂਦਾ ਹੈ। ਸਬੱਬ ਨਾਲ ਸੌਖਿਆਂ ਹੀ ਮਿਲਿਆ ਸੁਖੀ ਜੀਵਨ ਬਹੁਤ ਸਾਰਿਆਂ ਨੂੰ ਅਣਮਨੁੱਖੀ ਲੀਹੇ ਵੀ ਤੋਰ ਦਿੰਦਾ ਹੈ ਜਿਸਨੂੰ ਇਨਸਾਨੀ ਜੀਵਨ ਵਿਚ ਆਇਆ ਨਿਘਾਰ ਹੀ ਆਖਿਆ ਜਾ ਸਕਦਾ ਹੈ। ਪਰ ਜੇ ਇਨਸਾਨ ਤੋਰ ਨੂੰ ਸਾਵੀਂ ਰੱਖਕੇ ਤੁਰੇ ਤਾਂ ਉਹ ਵਿਅਕਤੀ ਮੌਕੇ-ਮੇਲ ਨਾਲ ਆਏ ਦੁੱਖ ਦੇ ਪਲਾਂ ਵਿਚ ਵੀ ਉਦਾਸ ਨਹੀਂ ਹੁੰਦਾ ਤੇ ਨਾ ਹੀ ਘਾਬਰਦਾ ਹੈ, ਸਗੋਂ ਠਰੰਮੇ ਭਰੀ ਸੂਝ ਨਾਲ ਅਜਿਹੀ ਸਥਿਤੀ ਦਾ ਮੁਕਾਬਲਾ ਕਰਦਾ ਹੋਇਆ ਜਿੱਤ ਪ੍ਰਾਪਤ ਕਰਦਾ ਹੈ।

ਦੁਨੀਆਂਦਾਰੀ ਵਿਚ ਹਰ ਕਿਸੇ ਨਾਲ ਵਾਹ ਪੈਂਦਾ ਹੈ। ਆਪ ਤੋਂ ਸਿਆਣਿਆਂ ਨਾਲ ਵੀ, ਆਪ ਤੋਂ ਕਮਲ਼ਿਆਂ ਨਾਲ ਵੀ ਅਤੇ ਆਪਣੇ ਵਰਗਿਆਂ ਨਾਲ ਵੀ। ਇਹ ਹਰ ਕਿਸੇ ਦੇ ਆਪਣੇ ਵਸ ਹੀ ਹੁੰਦਾ ਹੈ, ਇਸੇ ਬਾਰੇ ਸੋਚਣਾ ਬਣਦਾ ਹੈ ਕਿ ਉਹ ਵੱਖੋ-ਵੱਖ ਸੁਭਾਵਾਂ ਜਾਂ ਉੱਚੇ ਨੀਵੇਂ ਗਿਆਨ ਪੱਧਰ ਵਾਲੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਅਪਣਾਵੇ ਜਾਂ ਵਰਤਾਅ ਤੇ ਵਿਹਾਰ ਕਰੇ? ਕੀ ਉਹ ਆਪਣੇ ਤੋਂ ਤਕੜੇ ਜਾਂ ਸਿਆਣੇ ਨੂੰ ਝੁਕ ਕੇ ਸਲਾਮ ਕਰੇ? ਨਹੀਂ। ਕਿਸੇ ਵੀ ਸਿਆਣੇ/ਸੂਝਵਾਨ ਤੋਂ ਕੁੱਝ ਸਿੱਖਣਾ ਬਣਦਾ ਹੈ। ਪਰ ਆਪ ਤੋਂ ਹੀਣੇ ਜਾਂ ਮਾੜੇ ਨੂੰ ਉੱਚਾ ਚੁੱਕ ਕੇ ਆਪਣੇ ਬਰਾਬਰ ਲਿਆਉਣ ਦਾ ਜਤਨ ਵੀ ਕਰਨਾ ਚਾਹੀਦਾ ਹੈ। ਇਹ ਚੰਗੇ ਇਨਸਾਨਾਂ ਦੇ ਵਸ ਦੀ ਹੀ ਗੱਲ ਹੈ। ਸੰਸਾਰ ਦਾ ਚਲਣ ਇਸ ਦੇ ਉਲਟ ਹੈ ਬਹੁਤੇ ਲੋਕ ਆਪਣੇ ਤੋਂ ਹੀਣਿਆਂ/ਮਾੜਿਆਂ ਨੂੰ ਦਬਾਉਣ ਦਾ ਹੀ ਜਤਨ ਕਰਦੇ ਰਹਿੰਦੇ ਹਨ ਇਸ ਨਾਲ ਮਨੁੱਖੀ ਜੀਵਨ ਅੰਦਰ ਵਿਗਾੜ ਪੈਦਾ ਹੁੰਦੇ ਹਨ। ਸਮਾਜ ਦੇ ਵਿਕਾਸ ਦਾ ਤੋਲ-ਤੁਕਾਂਤ ਅਸਾਵਾਂ ਹੋਣ ਲਗਦਾ ਹੈ।

ਜੀਵਨ ਯਾਤਰਾ ਵਿਚੀਂ ਲੰਘਦਿਆਂ ਵੱਡੇ ਬਣਨ ਦੀ ਤਾਂਘ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪੈਦਾ ਹੁੰਦੀ ਹੈ। ਇਹ ਮਾੜੀ ਵੀ ਨਹੀਂ। ਮਿਹਨਤੀ, ਸਿਰੜੀ ਅਤੇ ਸਿਦਕੀ ਲੋਕ ਆਪਣੇ ਜਤਨਾਂ ਨਾਲ ਇੱਥੋਂ ਤੱਕ ਪਹੁੰਚ ਵੀ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇ ਵੱਡੇ ਬਣਨ ਦੇ ਨਾਲ ਹੀ ਚੰਗੇ ਬਣਨ ਵਾਲੀ ਖਾਹਿਸ਼ ਵੀ ਮਨ ਅੰਦਰ ਪਲ਼ੇ ਤੇ ਉਸਦੀ ਪੂਰਤੀ ਵੀ ਕੀਤੀ ਜਾਵੇ। ਇਸ ਨਾਲ ਸਮਾਜ ਵਿਚ ਚੰਗਿਆਈ ਦਾ ਪਸਾਰ ਹੁੰਦਾ ਹੈ। ਬਦੀ ਨੂੰ ਨਕਾਰਨ ਦਾ ਇਹ ਵੀ ਇਕ ਰਾਹ ਹੈ।

ਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ ਘਟੀਆ ਸੰਸਕਾਰਾਂ (ਸੰਸਕਾਰ ਸਾਰੇ ਮਾੜੇ ਨਹੀਂ ਹੁੰਦੇ) ਦੇ ਅਸਰ ਅਧੀਨ ਆਮ ਕਰਕੇ ਅਜੇ ਤੱਕ ਵੀ ਔਰਤ ਦਾ ਅਪਮਾਨ ਕਰਨ ਦੇ ਬਹਾਨੇ ਹੀ ਭਾਲਦੇ ਰਹਿੰਦੇ ਹਨ। ਬਹੁਤ ਸਾਰੇ ਲੋਕ ਆਪਣੀ ਮਾਂ, ਭੈਣ ਨੂੰ ਤਾਂ ਇੱਜਤ ਦਿੰਦੇ ਹਨ ਪਰ ਆਪਣੀਆਂ ਹੀ ਪਤਨੀਆਂ ਨੂੰ ਆਪਣੇ ਤੋਂ ਹੀਣਾ ਸਮਝਣ ਲੱਗ ਪੈਂਦੇ ਹਨ। ਲੜਾਈ-ਝਗੜੇ, ਮਾਰ-ਕੁਟਾਈ, ਮਾੜੀ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ, ਘਟੀਆ ਕਿਸਮ ਦੇ ਤਾਨ੍ਹਿਆਂ, ਮਿਹਣਿਆਂ ਨਾਲ ਔਰਤਾਂ ਦੇ ਸਵੈਮਾਣ ਨੂੰ ਵਿੰਨ੍ਹਿਆਂ ਜਾਂਦਾ ਹੈ, ਜ਼ਖ਼ਮੀ ਕੀਤਾ ਜਾਂਦਾ ਹੈ। ਪੱਛਮੀ ਸਮਾਜ ਅੰਦਰ ਵੀ ਘਰ ਵਾਲਿਆਂ (ਖਾਸ ਕਰਕੇ ਪਤੀਆਂ) ਵਲੋਂ ਸਤਾਈਆਂ ਔਰਤਾਂ ਦੀ ਸਾਂਭ-ਸੰਭਾਲ ਵਾਸਤੇ ਸੁਰੱਖਿਆ ਕੇਂਦਰ ਬਣੇ ਹੋਏ ਹਨ। ਜਿੱਥੇ ਇਹੋ ਜਹੀਆਂ ਸਮਾਜ ਅਤੇ ਸਥਿਤੀਆਂ ਵਲੋਂ ਸਤਾਈਆਂ ਔਰਤਾਂ ਦੀ ਭੀੜ ਲੱਗੀ ਰਹਿੰਦੀ ਹੈ। ਪੱਛਮੀ ਸਮਾਜ ਅੰਦਰ ਔਰਤ ਸੁਚੇਤ ਵੀ ਹੈ, ਆਰਥਕ ਤੌਰ ’ਤੇ ਆਤਮ ਨਿਰਭਰ ਵੀ ਹੈ ਪਰ ਫੇਰ ਵੀ ਕਈ ਕੋਝ੍ਹ ਇਸ ਸਮਾਜ ਦੇ ਮੱਥੇ ਦੇ ਕਲੰਕ ਬਣਦੇ ਹਨ। ਮਰਦ ਪ੍ਰਧਾਨ ਸਮਾਜ ਅੰਦਰ ਪਲ ਰਹੇ ਕੋਝ੍ਹਾਂ ਕਰਕੇ ਇਸ ਨੂੰ ਦੁੱਖ ਭਰਿਆ ਇਕ ਉਦਾਸ ਨੁਕਤਾ/ਵਰਤਾਰਾ ਹੀ ਕਿਹਾ ਜਾ ਸਕਦਾ ਹੈ।

ਸਾਡੇ ਲੋਕਾਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਬਾਹਰ ਜਾਣ ਦੀ ਲਾਗ ਲੱਗ ਗਈ ਹੈ। ਇਸ ਕਰਕੇ ਹੀ ਲੋਕ ਆਪਣੀਆਂ ਡਿਗਰੀਆਂ ਤੱਕ ਪੜ੍ਹੀਆਂ ਧੀਆਂ ਨੂੰ ਬਿਨਾਂ ਹਾਣ-ਪ੍ਰਵਾਨ ਦੇਖਿਆਂ ਅਜਿਹੇ ਮੁੰਡਿਆਂ ਦੇ ਲੜ ਲਾਣ ਤੋਂ ਨਹੀਂ ਝਿਜਕਦੇ ਜੋ ਬਿਲਕੁੱਲ ਉਨ੍ਹਾਂ ਕੁੜੀਆਂ ਦੇ ਲਾਇਕ ਨਹੀਂ ਹੁੰਦੇ। ਲੋਭ ਹੁੰਦਾ ਹੈ ਕਿ ਮਗਰ ਹੀ ਅਸੀਂ ਵੀ ਕਿਧਰੇ ਬਾਹਰ ਚਲੇ ਜਾਵਾਂਗੇ। ਕੁੜੀਆਂ ਜਿਵੇਂ ਦਿਨ-ਕਟੀ ਕਰਦੀਆਂ ਹਨ ਇਹ ਉਹ ਮਾਪੇ ਨਹੀਂ ਜਾਣਦੇ ਹੁੰਦੇ। ਕਈ ਕੁੜੀਆਂ ਬੇ-ਗਿਣਤ ਤਸੀਹੇ ਝੱਲਦੀਆਂ ਹਨ, ਪਰ ਮਾਪਿਆਂ ਦੀ ਇੱਜਤ ਨੂੰ ਵੱਟਾ ਨਾ ਲੱਗੇ, ਮਾਪਿਆਂ ਦੀ ਇੱਜਤ ਦੀ ਬਦਨਾਮੀ ਤੋਂ ਡਰ ਲਗਦਾ ਹੈ। ਉਹ ਇਸੇ ਵਿਚਾਰ ਦੀ ਲੱਜ ਪਾਲਦੀਆਂ ਜ਼ੁਲਮ ਦੇ ਸਿ਼ਕੰਜੇ ਵਿਚ ਕੱਸੀਆਂ ਦਿਨ ਕਟੀ ਕਰਨ ਵਾਸਤੇ ਮਜ਼ਬੂਰ ਹੋ ਜਾਂਦੀਆਂ ਹਨ, ਦੁੱਖਾਂ ਦੇ ਵੇਲਣੇ ਵਿਚ ਨਿੱਤ ਨਪੀੜੀਆਂ ਜਾਂਦੀਆਂ ਹਨ।

ਆਮ ਸਾਧਾਰਨ ਜਹੇ ਲੋਕ ਜੇ ਭੁੱਲਾਂ ਕਰਨ ਤਾਂ ਲੋਕ ਹੋਊ-ਪਰੇ ਕਰ ਦਿੰਦੇ ਹਨ ਪਰ ਸਿਆਣੇ ਕਹੇ ਜਾਂ ਸਮਝੇ ਜਾਣ ਵਾਲੇ ਵੀ ਜਦੋਂ ਸਾਧਾਰਨ ਬੁੱਧੀ ਦਾ ਦਿਖਾਵਾ ਕਰਦੇ ਹਨ ਤਾਂ ਸਭ ਨੂੰ ਹੀ ਬੁਰਾ ਲਗਦਾ ਹੈ। ਉਨ੍ਹਾਂ ਦਾ ਇਹ ਅਮਲ ਹਰ ਇਨਸਾਨ ਨੂੰ ਦੁੱਖ ਬਣਕੇ ਚੁਭਦਾ ਹੈ। ਇਸ ਨਾਲ ਸਮਾਜ ਦੇ ਹੋ ਰਹੇ ਵਿਕਾਸ ਵਿਚ ਵਿਗਾੜ ਪੈਦਾ ਹੁੰਦੇ ਹਨ। ਉਹ ਜਿਹੜੇ ਐਵੇਂ ਹੀ ਬਿਨਾ ਕਿਸੇ ਕਾਰਨੋਂ ਆਪਣੀਆਂ ਝੂਠੀਆਂ ਸਿਫਤਾਂ ਦਾ ਪਾਟਿਆ ਢੋਲ ਗਲ਼ ਵਿਚ ਪਾਈ ਫਿਰਦੇ ਹਨ ਉਨ੍ਹਾਂ ਦੇ ਤਾਂ ਕਹਿਣੇ ਹੀ ਕੀ। ਉਨ੍ਹਾਂ ਦੀ ਹਾਲਤ ਦੀ ਤਾਂ ਭਾਰਤੀ ਫਿਲਮਾਂ ਦੇ ਘਟੀਆ ਜਹੇ ਖਲਨਾਇਕਾਂ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈ। ਜਿਵੇਂ ਇਹ ਖਲਨਾਇਕ ਕਿਸੇ ਵਿਰੋਧੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਧਰਤੀ ’ਤੇ ਸੁੱਟ ਉਹਦੇ ਲਹੂ-ਲੁਹਾਣ ਹੋਏ ਗਲ਼ ਤੇ ਆਪਣੇ ਲਿੱਬੜੇ ਬੂਟ ਰੱਖਕੇ ਆਪਣੇ ਗ੍ਰੋਹ (ਜਾਂ ਗਰੁੱਪ) ਦੇ ਬਾਕੀ ਮੈਂਬਰਾਂ ਨੂੰ ਵਿਸਕੀ ਦੇ ਪੈੱਗ ਦੀ ‘ਚੀਅਰਜ਼’ ਆਖਦੇ ਹੋਏ ਅਣ-ਮਨੁੱਖੀ ਜਿਹਾ ਗੰਦਾ ਹਾਸਾ ਹੱਸਦੇ ਹਨ।

ਕੀ ਮਨੁੱਖੀ ਰਿਸ਼ਤੇ, ਖਾਸ ਕਰਕੇ ਪਤੀ, ਪਤਨੀ ਦਾ ਰਿਸ਼ਤਾ ਇੱਥੋਂ ਕੁ ਤੱਕ ਹੀ ਹੁੰਦਾ ਹੈ ਕਿ ਉਹਨੂੰ ਧੌਂਸ ਦੇ ਵੇਲਣੇ ਵਿਚ ਪੀੜਿਆ ਜਾਵੇ। ਇਹ ਹੀ ਮਿਹਣੇ ਮਾਰੀ ਜਾਣੇ ਕਿ ਇਹ ਸਭ ਕੁੱਝ ਮੇਰੇ ਕਰਕੇ ਹੀ ਹੈ। ਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ? ਉਸਦੇ ਗਿਆਨ ਦੀ ਕਦਰ ਕਰਦਿਆਂ ਆਪ ਵੀ ਸਿਆਣਾ ਬਣਨ ਦਾ ਜਤਨ ਕਰਨਾ ਚਾਹੀਦਾ ਹੈ। ਕਈ ਤਾਂ ਲੱਕੜੀ ਨਾਲ ਲੋਹਾ ਤਰਨ ਵਾਲੀ ਕਹਾਵਤ ਨੂੰ ਪੁੱਠੀ ਕਰਦਿਆਂ ਲੋਹੇ ਨਾਲ ਲੱਕੜੀ ਡੋਬਣ ਦੇ ਕਾਰਜ ਵਿਚ ਹੀ ਵਿਅਸਥ ਰਹਿੰਦੇ ਹਨ ਪਰ ਫੇਰ ਵੀ ਆਪਣੇ ਆਪ ਨੂੰ ਇਨਸਾਨ ਹੀ ਗਿਣੀ ਜਾਣਗੇ। ਅਜਿਹੀ ਸਥਿਤੀ ’ਤੇ ਕੋਈ ਕਿਹੜੀ ਟਿੱਪਣੀ ਕਰੇ? ਬਸ! ਇਹ ਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦਾ “ਰੱਬ” ਇਨ੍ਹਾਂ 'ਤੇ ਖੈਰ ਈ ਕਰੇ ਅਤੇ ਜੇ ਹੋ ਸਕੇ ਤਾਂ ਇਨ੍ਹਾਂ ਨੂੰ ਸੁਮੱਤ ਬਖਸ਼ੇ।

ਜਿ਼ੰਦਗੀ ਤਾਂ ਜਸ਼ਨ ਹੈ-ਇਸਨੂੰ ਮਾਨਣਾ ਚਾਹੀਦਾ ਹੈ। ਸਾਂਝ ਤੇ ਖੁਸ਼ੀ ਭਰੀ ਜਿ਼ੰਦਗੀ ਵਰਗਾ ਹੋਰ ਕੋਈ ਸਵਰਗ ਨਹੀਂ ਹੁੰਦਾ। ਲੋੜ ਹੈ ਸੂਝ, ਸਮਝ ਵਰਤਦਿਆਂ ਦੁੱਖ-ਸੁਖ ਵੰਡਦਿਆਂ, ਮੁਹੱਬਤਾਂ ਭਰਿਆ ਸਾਂਝਾ ਹਾਸਾ ਹੱਸਣ ਦੀ। ਆਪਣੇ ਪੱਲੇ ਵਿਚ ਝਾਕਦਿਆਂ ਆਪਣੇ ਗੁਣ ਹੀ ਨਹੀਂ ਆਪਣੀਆਂ ਘਾਟਾਂ ਵੀ ਨਜ਼ਰੀਂ ਪੈਦੀਆਂ ਹਨ। ਫੇਰ ਆਪਣੇ ਅੰਦਰ ਝਾਕਣਾ ਕੀ ਔਖਾ ਹੈ? ੳਾਪਣੀਆਂ ਘਾਟਾਂ ਦੂਰ ਕਰਨ ਵੱਲ ਧਿਆਨ ਦਿੱਤੇ ਜਾਣ ਦੀ ਬਹੁਤ ਜ਼ਰੂਰਤ ਹੈ। ਲੋੜ ਤਾਂ ਝੂਠ, ਕੁਸੱਤ ਅਤੇ ਉਜੱਡਪੁਣੇ ਦੀ ਪੱਟੀ ਆਪਣੀ ਸੋਚ ਤੋਂ ਲਾਹੁਣ ਦੀ ਹੈ। ਫੇਰ ਮਨੁੱਖ ਦੁਖਾਂ ਤੇ ਫਿਕਰਾਂ ਵੇਲੇ ਵੀ ਝੋਰਿਆਂ ਤੇ ਉਦਾਸੀ ਦੇ ਵਸ ਨਹੀਂ ਪੈਂਦਾ। ਆਪਣੇ ਵਲੋਂ ਹੀ ਕੀਤੀ ਸਵੈ-ਪੜਚੋਲ ਨਾਲ ਫੜੇ ਸਿੱਧੇ ਰਾਹ ਦੇ ਆਸਰੇ ਜੀਵੀ ਜਾ ਰਹੀ ਜ਼ਿੰਦਗੀ ਜਸ਼ਨ ਬਣ ਜਾਂਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ