Mon, 09 September 2024
Your Visitor Number :-   7220118
SuhisaverSuhisaver Suhisaver

ਮੇਰੀ ਮਾਂ - ਰਮੇਸ਼ ਸੇਠੀ ਬਾਦਲ

Posted on:- 06-09-2014

suhisaver

ਮਾਂ ਇੱਕ ਅਣਥੱਕ ਕਾਮਾ ਹੁੰਦਾ ਹੈ। ਤੇ ਇਹ ਕਦੇ ਵੀ ਛੁੱਟੀ ਨਹੀਂ ਲੈਂਦਾ। ਪੰਜ ਭੱਠ ਤਾਪ ਚ ਵੀ ਇਸਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਫਿਕਰ ਹੁੰਦਾ ਹੈ। ਮਾਂ ਬੀਮਾਰ ਹੁੰਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ। ਇਸ ਲਈ ਤਾਂ ਕਹਿੰਦੇ ਹਨ ਰੱਬ ਲਈ ਹਰ ਥਾਂ ’ਤੇ ਪਹੁੰਚਣਾ ਮੁਸ਼ਕਿਲ ਸੀ ਤੇ ਉਸ ਨੇ ਹਰ ਜੀਵ ਲਈ ਮਾਂ ਨੂੰ ਭੇਜ ਦਿੱਤਾ।ਆਪਣੇ ਬੱਚਿਆ ਲਈ ਰੱਬ ਹੀ ਹੁੰਦੀ ਹੈ ਇੱਕ ਮਾਂ। ਤੇ ਤਾਂਹੀਓ ਤਾਂ ਮਾਂ ਦੀ ਪੂਜਾ ਨੂੰ ਰੱਬ ਦੀ ਪੂਜਾ ਆਖਿਆ ਜਾਂਦਾ ਹੈ।

ਮੇਰੀ ਮਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਪਿੰਡਾਂ ਦੀ ਹੀ ਸੀ। ਜ਼ਿੰਦਗੀ ਦੇ ਅਖੀਰਲੇ ਕੁਝ ਸਾਲ ਉਸ ਨੇ ਸ਼ਹਿਰੀ ਜੀਵਨ ਭੋਗਿਆ, ਪਰ ਇਸ ਦੌਰਾਨ ਉਹ ਜ਼ਿਆਦਾਤਰ ਬੀਮਾਰ ਹੀ ਰਹੀ। ਮੇਰੀ ਮਾਂ ਨੂੰ ਮੈਂ ਹਰ ਤਰ੍ਹਾਂ ਦੇ ਕੰਮ ਕਰਦੇ ਦੇਖਿਆ। ਹੁਣ ਸੋਚਦਾ ਹਾਂ, ਉਹ ਕਿੰਨੀ ਮਿਹਨਤੀ ਤੇ ਹੁਨਰਮੰਦ ਸੀ। ਉਸ ਦੇ ਕੰਮਾਂ ਦੀ ਸੂਚੀ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ। ਮੇਰੀ ਮਾਂ ਪੰਜ ਭਰਾਵਾਂ ਦੀਆਂ ਪੰਜ ਭੈਣਾਂ ਵਿਚੋਂ ਸਭ ਤੋਂ ਛੋਟੀ ਸੀ।ਉਸਦੇ ਪੇਕੇ ਉਸ ਨੂੰ ਬੀਬੀ ਆਖ ਕੇ ਹੀ ਬਲਾਉਂਦੇ ਸਨ। ਮੇਰੇ ਦਾਦਾ ਜੀ ਨੇ ਉਸ ਦਾ ਨਾਂ ਕਰਤਾਰ ਕੁਰ ਰੱਖਿਆ, ਪਰ ਮੇਰੇ ਪਾਪਾ ਜੀ ਨੇ ਉਸਦਾ ਨਾਂ ਕਾਗਜ਼ਾਂ ਵਿੱਚ ਪੁਸ਼ਪਾ ਰਾਣੀ ਲਿਖਵਾ ਦਿੱਤਾ। ਅਸੀ ਨਿੱਕੇ ਹੁੰਦੇ ਮੇਰੀ ਮਾਂ ਨੂੰ ਬੀਬੀ ਜੀ ਆਖ ਕੇ ਬੁਲਾਉਂਦੇ ਸਾਂ, ਪਰ ਬਾਅਦ ਵਿੱਚ ਅਸੀ ਉਸ ਨੂੰ ਮਾਤਾ ਆਖ ਕੇ ਬਲਾਉਣ ਲੱਗੇ। ਹੌਲੀ ਹੌਲੀ ਹਰ ਕੋਈ ਉਸ ਨੂੰ ਮਾਤਾ ਆਖਕੇ ਹੀ ਬਲਾਉਣ ਲੱਗ ਪਿਆ ਤੇ ਉਹ ਸਭ ਦੀ ਮਾਤਾ ਬਣ ਗਈ।

ਮੈਂ ਦੇਖਿਆ ਮੇਰੀ ਮਾਂ ਸਵੇਰੇ ਉਠ ਕੇ ਘਰ ਦੀ ਸਫਾਈ ਕਰਦੀ ਤੇ ਘਰੇ ਰੱਖੀ ਮੱਝ ਦਾ ਗੋਹਾ ਕੂੜਾ ਵੀ ਕਰਦੀ । ਪਿੰਡ ਦੀ ਫਿਰਨੀ ਤੋਂ ਬਾਹਰ ਉਹ ਕੂੜਾ ਸੁੱਟ ਕੇ ਉਥੇ ਹੀ ਗੋਹੇ ਦੀਆਂ ਪਾਥੀਆਂ ਪੱਥ ਕੇ ਆਉਂਦੀ।ਜਦੋਂ ਪਾਥੀਆਂ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਤਾਂ ਉਹ ਆਪ ਗੀਹਰਾ ਚਿਣ ਲੈਂਦੀ। ਕਿਉਂਕਿ ਪਿੰਡ ਵਿੱਚ ਵਾਟਰ ਵਰਕਸ ਅਜੇ ਨਹੀਂ ਸੀ ਬਣਿਆ ਉਹ ਘੜਿਆਂ ਨਾਲ ਪਿੰਡ ਦੀ ਡਿੱਗੀ ਤੋਂ ਪਾਣੀ ਢੋਂਦੀ ਤੇ ਵੀਹ ਵੀਹ ਗੇੜੇ ਲਾਉਂਦੀ। ਕਈ ਵਾਰੀ ਮੈਂ ਦੇਖਦਾ ਉਸ ਨੇ ਘੜੇ ਨੂੰ ਹੱਥ ਵੀ ਨਹੀਂ ਸੀ ਪਾਇਆ ਹੁੰਦਾ ਨਾਲ ਦੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ। ਮੱਝ ਲਈ ਛੋਲੇ ਤੇ ਵੜੇਵੇਂ ਉਬਲੇ ਰੱਖਣੇ ਤੇ ਸੁਵੱਖਤੇ ਉਠਕੇ ਮੱਝ ਚੋਣੀ ਤੇ ਦੁੱਧ ਰਿੜਕਣਾ ਤਾਂ ਨਿੱਤ ਦਾ ਕੰਮ ਸੀ।

ਮੇਰੀ ਮਾਂ ਇੱਕ ਬਹੁਤ ਚੰਗੀ ਕੁਕ ਸੀ। ਰੋਟੀ ਸਬਜ਼ੀ ਬਣਾਉਣ ਤੋਂ ਇਲਾਵਾ ਉਹ ਪੂੜੇ , ਗੁਲਗਲੇ, ਮੱਠੀਆਂ ਪਤੋੜ, ਮਾਲ੍ਹ ਪੂੜੇ, ਬਾਜਰੇ ਤੇ ਮੱਕੀ ਦੇ ਦਾਣਿਆ ਦੇ ਮਰੂੰਡੇ ਵੀ ਬਣਾ ਲੈਂਦੀ ਸੀ। ਉਸ ਦੇ ਹੱਥਾਂ ਦੀ ਬਣੀ ਆਟੇ ਦੇ ਦੋ ਪੇੜਿਆਂ ਨੂੰ ਜੋੜਕੇ ਦੂਹਰੀ ਰੋਟੀ ਦਾ ਸਵਾਦ ਨਿਰਾਲਾ ਹੁੰਦਾ ਸੀ। ਬਾਜਰੇ ਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਉਹ ਕਮਾਲ ਦਾ ਬਣਾਉਂਦੀ ਸੀ। ਬਾਸੀ ਰੋਟੀਆਂ ਦੀ ਗੁੜ ਪਾਕੇ ਬਣਾਈ ਚੂਰੀ ਮੂੰਹੋਂ ਨਹੀਂ ਸੀ ਲਹਿੰਦੀ। ਉਹ ਹਰ ਸਾਲ ਅੰਬੀਆਂ, ਨਿੰਬੂਆਂ, ਡੇਲਿਆਂ, ਮਿਰਚਾਂ ਤੇ ਤੁਕਿਆਂ ਦਾ ਆਚਾਰ ਪਾਉਂਦੀ। ਉਸਦੇ ਆਚਾਰ ਵਾਲੇ ਮਰਤਬਾਨ ਹਰ ਸਮੇਂ ਭਰੇ ਰਹਿੰਦੇ ਤੇ ਆਪਣੇ ਹੱਥੀ ਬਣਾਇਆ ਆਚਾਰ ਉਹ ਮੇਰੀਆਂ ਭੂਆ, ਮਾਸੀਆਂ ਤੇ ਮਾਮੀਆਂ ਨੂੰ ਵੰਡਦੀ। ਕਈ ਵਾਰੀ ਉਹ ਮੰਜੇ ਨਾਲ ਕੱਪੜਾ ਬੰਨ ਕੇ ਲੱਸੀ ਨੂੰ ਪੁਣਕੇ ਗਾੜੇ ਜਿਹੇ ਪਨੀਰ ਦਾ ਰਾਇਤਾ ਬਣਾਉਂਦੀ, ਜੋ ਬੇਹੱਦ ਸਵਾਦ ਹੁੰਦਾ।

ਮੇਰੀ ਮਾਂ ਅਕਸਰ ਸਾਡੇ ਖੇਤ ਵੀ ਨਰਮਾਂ ਕਪਾਹ ਚੁਗਣ ਜਾਂਦੀ ਤੇ ਦੂਜੀਆਂ ਚੋਣੀਆਂ ਦੇ ਬਰਾਬਰ ਚੁਗਦੀ ਤੇ ਨਾਲੇ ਉਹਨਾਂ ਤੇ ਨਿਗਾਹ ਰੱਖਦੀ। ਜੇਠ ਹਾੜ ਦੇ ਮਹੀਨੇ ਉਹ ਛੱਪੜ ਚੋਂ ਗਾਰਾ ਲਿਆ ਕੇ ਕੰਧਾਂ ਤੇ ਛੱਤਾਂ ਨੂੰ ਲਿਪਦੀ। ਕਮਰਿਆਂ ਵਿੱਚ ਤਾਂ ਉਹ ਹਰ ਮਹੀਨੇ ਪੋਚਾ ਮਾਰਦੀ ਤੇ ਕਦੇ ਗੋਹੇ ਨਾਲ ਲਿਪਦੀ। ਮਿੱਟੀ ਦੇ ਚੁੱਲ੍ਹੇ ਹਾਰੇ ਆਪ ਬਣਾਉਂਦੀ ਤੇ ਉਹਨਾਂ ਦੀ ਮੁਰਮੱਤ ਕਰਦੀ।ਹਰ ਕੰਮ ਦੀ ਮਾਹਿਰ ਸੀ ਮੇਰੀ ਮਾਂ। ਕਦੇ ਕਦੇ ਉਹ ਕਾਗਜ਼ਾਂ ਦੀ ਰੱਦੀ ਨੂੰ ਭਿਉਂ ਕੇ ਗਾਲ ਲੈਂਦੀ ਤੇ ਫਿਰ ਗਾਚਨੀ ਪਾਕੇ ਉਹਨਾਂ ਦੇ ਬੋਹੀਏ ਤੇ ਬੋਟੇ ਬਣਾ ਲੈਂਦੀ ਜੋ ਅਕਸਰ ਘਰੇ ਕੰਮ ਆਉਂਦੇ। ਕਣਕ ਦਾ ਨਾੜ ਕੱਢ ਕੇ ਉਸ ਤੋ ਰੋਟੀਆਂ ਪਾਉਣ ਲਈ ਸਰਪੋਸ, ਜਿਸ ਨੂੰ ਛਾਬਾ ਵੀ ਆਖਦੇ ਸੀ ਬਣਾ ਲੈਂਦੀ। ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਾਰੇ ਰਜਾਈ ਗਦੇਲਿਆਂ ਨੂੰ ਧੁੱਪ ਲਵਾਉਂਦੀ ਤੇ ਰੂੰ ਪੰਜਾ ਕੇ ਆਪ ਰਜਾਈਆਂ ਗਦੈਲੇ ਭਰਦੀ ਤੇ ਆਪ ਹੀ ਨਗੰਦੇ ਪਾਉਂਦੀ। ਇਹ ਸਭ ਉਸ ਦੀ ਕਲਾ ਦਾ ਕਮਾਲ ਸੀ। ਮੇਰੀ ਮਾਂ ਸਰਵ ਕਲਾ ਸੰਪੂਰਨ ਸੀ।ਹਰ ਹਫਤੇ ਉਹ ਕੱਪੜਿਆਂ ਨੂੰ ਸੋਡੇ ਵਿੱਚ ਉਬਾਲਦੀ ਤੇ ਫਿਰ ਉਹ ਪਿੰਡ ਦੀ ਸਾਂਝੀ ਡਿੱਗੀ ਤੇ ਕਪੜੇ ਧੋਣ ਜਾਂਦੀ।

ਇਥੇ ਹੀ ਬਸ ਨਹੀਂ, ਮੇਰੀ ਮਾਂ ਘਰ ਲਈ ਮਿਰਚ ਮਸਾਲੇ ਤਾਂ ਕੁਟਦੀ ਹੀ ਸੀ। ਉਹ ਅੱਖਾਂ ਚ ਪਾਉਣ ਲਈ ਕਾਲਾ ਸੁਰਮਾ ਵੀ ਆਪ ਪੀਸਦੀ। ਸੁਰਮੇ ਨੂੰ ਬਰੀਕ ਕੁੱਟ ਕੇ ਫਿਰ ਦੇਸੀ ਘਿਉ ਦੇ ਦੀਵੇ ਦੀ ਲੋ ਤੋਂ ਤਿਆਰ ਕਰਕੇ ਕਾਜਲ ਮਿਲਾਉਂਦੀ।ਤੇ ਸਾਨੂੰ ਕਦੇ ਵੀ ਬਿਨਾਂ ਸੁਰਮਾਂ ਪਾਏ ਬਾਹਰ ਨਾ ਜਾਣ ਦਿੰਦੀ। ਸਾਡੇ ਸੁਰਮਾ ਪਾ ਕੇ ਉਹ ਗਰਦਨ ਤੇ ਨਜ਼ਰ ਤੋਂ ਬਚਣ ਲਈ ਕਾਲਾ ਟਿੱਕਾ ਲਾਉਣਾ ਕਦੇ ਨਾ ਭੁਲਦੀ।
ਮੇਰੀ ਮਾਂ ਇੱਕ ਘਰੇਲੂ ਵੈਦ ਡਾਕਟਰ ਵੀ ਸੀ। ਉਹ ਛੋਟੀਆਂ ਛੋਟੀਆਂ ਬੀਮਾਰੀਆਂ ਦਾ ਇਲਾਜ ਆਪਣੇ ਅੋੜ ਪੋੜ ਨਾਲ ਕਰ ਲੈਂਦੀ ਸੀ। ਜਦੋਂ ਕਿਸੇ ਦੀ ਉਂਗਲੀ ਪੱਕ ਜਾਣੀ ਤਾਂ ਉਸ ਨੇ ਸਾਬਣ ਜਾ ਗੁੜ ਬੰਨ ਦੇਣਾ ਜਾਂ ਕਈ ਵਾਰੀ ਉਹ ਰਾਏ ਚਿੱਬੜ ਦੇ ਖੋਲ ਨੂੰ ਉੱਪਰ ਬੰਨ ਕੇ ਪੱਟੀ ਕਰ ਦਿੰਦੀ। ਸੌਂਫ, ਅਜਵਾਇਨ ਨਾਲ ਪੇਟ ਦਰਦ ਠੀਕ ਕਰ ਦਿੰਦੀ।ਬਨਖਸ਼ਾਂ ਪਾਕੇ ਕਾਹੜਾ ਜਾਂ ਖਸ਼ਖਸ ਦੀ ਲੇਟੀ ਬਣਾ ਕੇ ਜੁਕਾਮ ਰੇਸ਼ਾ ਭਜਾ ਦਿੰਦੀ। ਧਰਣ ਹਸਲੀ ਢੁਢਰੀ ਉਹ ਆਪ ਹੀ ਚੁੱਕ ਦਿੰਦੀ ਸੀ। ਦੰਦ ਦਾੜ ਦੁਖਦੇ ਤੋਂ ਉਹ ਲੌਂਗ ਮੂੰਹ ’ਚ ਰੱਖਣ ਦੀ ਸਲਾਹ ਦਿੰਦੀ।ਇਸ ਤਰਾਂ ਉਹ ਇੱਕ ਘਰੇਲੂ ਡਾਕਟਰ ਵੀ ਸੀ।

ਉਹ ਹਰ ਧਰਮ ਦੇ ਤਿੱਥ ਤਿਉਹਾਰ ਮਨਾਉਂਦੀ। ਜੇ ਉਹ ਗੁਰਪੁਰਬ ਤੇ ਘਰੇ ਦੇਗ ਕਰਦੀ ਤਾਂ ਉਹ ਅੱਠੇ ਦੀਆਂ ਕੜਾਹੀਆਂ ਕਰਨੀਆਂ ਕਦੇ ਨਾ ਭੁਲਦੀ। ਵਾਸੜੀਆ ਮਨਾਉਂਦੀ ਮਿੱਠੀਆਂ ਰੋਟੀਆਂ ਵੰਡਦੀ । ਭਾਈ ਜੀ ਨੂੰ ਗਜਾ ਪਾਉਂਦੀ। ਮੰਗਤੇ ਸਵਾਲੀ ਨੂੰ ਵੀ ਰੋਟੀ ਦਿੰਦੀ। ਉਹ ਰੁੱਸਿਆਂ ਨੂੰ ਮਨਾਉਂਦੀ ਤੇ ਪਾਟੇ ਨੂੰ ਸਿਉਂਦੀ।ਮੇਰੀ ਮਾਂ ਦੀਆਂ ਸਿਫਤਾਂ ਜ਼ਿਆਦਾ ਹਨ ਤੇ ਲਫਜ ਘੱਟ। ਹਰ ਇੱਕ ਇਨਸਾਨ ਨੂੰ ਆਪਣੀ ਮਾਂ ’ਚ ਰੱਬ ਦਿਸਦਾ ਹੈ ਤੇ ਇਸੇ ਤਰਾਂ ਮੇਰੀ ਮਾਂ ਬੇਅੰਤ ਗੁਣਾ ਦਾ ਭੰਡਾਰ ਸੀ।

ਸੰਪਰਕ: +91 98766 27233

Comments

Parminder thind

Very nice.purane time de maa de hubu tesveer.

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ