Sat, 12 October 2024
Your Visitor Number :-   7231806
SuhisaverSuhisaver Suhisaver

ਰੁਸਤਮ-ਏ-ਹਿੰਦ ਦਾਰਾ ਸਿੰਘ ਨੂੰ ਯਾਦ ਕਰਿਦਆਂ -ਰਣਜੀਤ ਸਿੰਘ ਪ੍ਰੀਤ

Posted on:- 13-07-2012

suhisaver

ਨਾਮਵਰ ਪਹਿਲਵਾਨ ਅਤੇ ਫ਼ਿਲਮ ਅਦਾਕਾਰ ਦਾਰਾ ਸਿੰਘ ਨੂੰ 7 ਜੁਲਾਈ ਸ਼ਨਿਚਰਵਾਰ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਲਾ-ਇਲਾਜ ਹਾਲਤ ਵੇਖਦਿਆਂ ਬੁੱਧਵਾਰ ਸ਼ਾਮ ਨੂੰ ਹੀ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਵੀਰਵਾਰ ਦੀ ਸਵੇਰ ਨੂੰ 7.30 ਵਜੇ ਆਖ਼ਰੀ ਸਾਹ ਲਿਆ। ਇਸ ਦੁਖ਼ਦ ਖ਼ਬਰ ਨਾਲ ਦੇਸ਼-ਵਿਦੇਸ਼ ਦੇ ਖੇਡ ਪ੍ਰੇਮੀਆਂ, ਫ਼ਿਲਮੀ ਸਨਅਤ ਵਿੱਚ ਸ਼ੋਕ ਦੀ ਲਹਿਰ ਫ਼ੈਲ ਗਈ ਹੈ, ਖ਼ਾਸਕਰ ਪੰਜਾਬ ਵਿੱਚ ਬਹੁਤ ਹੀ ਗ਼ਮਗੀਨ ਮਾਹੌਲ ਬਣ ਗਿਆ ਹੈ। ਡਾਕਟਰਾਂ ਅਨੁਸਾਰ ਹਸਪਤਾਲ ਦਾਖ਼ਲ ਕਰਵਾਉਣ ਸਮੇਂ 84 ਸਾਲਾਂ ਦੇ ਦਾਰਾ ਸਿੰਘ ਦਾ ਬਲੱਡ ਪ੍ਰੈਸ਼ਰ ਕਾਫ਼ੀ ਘੱਟ ਸੀ ਅਤੇ ਉਨ੍ਹਾਂ ਦੇ ਦਿਮਾਗ ਦੀ ਨਾੜੀ ਵਿੱਚ ਖ਼ੂਨ ਦਾ ਕਲਾਟ ਰੁਕਿਆ ਹੋਇਆ ਸੀ। ਉਨ੍ਹਾਂ ਦੀ ਨਬਜ਼ ਵੀ ਰੁਕੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਗੁਰਦੇ ਫੇਲ੍ਹ ਹੋਣ ਕਰਕੇ ਡਾਇਲਸਿਸ ਦੀ ਵੀ ਵਰਤੋਂ ਕਰਨੀ ਪੈ ਰਹੀ ਸੀ। ਰੋਬੋਟ ਵਰਗੇ ਸ਼ਕਤੀਸ਼ਾਲੀ ਦਾਰਾ ਸਿੰਘ ਨੂੰ ਆਈ.ਸੀ.ਯੂ. ਵਿੱਚ ਵੈਂਟੀਲੇਟਰ ਉੱਤੇ ਮਸ਼ੀਨਾਂ ਸਹਾਰੇ ਜਿਉਂਦਾ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਸਨ। ਗਿਆਰਾਂ ਜੁਲਾਈ ਨੂੰ 3.37 ਵਜੇ ਡਾਕਟਰਾਂ ਨੇ ਮੀਡੀਏ ਨੂੰ ਦੱਸਿਆ ਕਿ ਦਾਰਾ ਸਿੰਘ ਜੀ ਦਾ ਦਿਮਾਗ ਨਕਾਰਾ ਹੋ ਚੁੱਕਿਆ ਹੈ ਅਤੇ ਰਿਕਵਰੀ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਹੈ।

ਕਿੰਗਕਾਂਗ ਅਤੇ ਫੌਲਾਦ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਧਰਮੂ ਚੱਕ (ਅੰਮ੍ਰਿਤਸਰ) ਵਿਖੇ ਪਿਤਾ ਸੂਰਤ ਸਿੰਘ ਰੰਧਾਵਾ ਅਤੇ ਮਾਤਾ ਬਲਵੰਤ ਕੌਰ ਦੇ ਘਰ ਹੋਇਆ। ਛੇ ਫੁੱਟ ਦੋ ਇੰਚ ਕੱਦ ਵਾਲੇ ਤੇ ਫੌਲਾਦੀ ਜੁੱਸੇ ਵਾਲੇ ਦਾਰਾ ਸਿੰਘ ਦਾ ਵਿਆਹ 11 ਮਈ 1961 ਨੂੰ ਸੁਰਜੀਤ ਕੌਰ ਨਾਲ ਹੋਇਆ। ਉਹ ਸੰਨ 1962 ਤੋਂ 2007 ਤਕ ਜ਼ਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਗਰਮ ਰਹੇ। ਉਸ ਨੇ ਫ਼ਿਲਮੀ ਦੁਨੀਆਂ ਵਿੱਚ ਸੰਨ 1952 ਨੂੰ ਫ਼ਿਲਮ ਸੰਗਦਿਲ ਨਾਲ ਪੈਰ ਰੱਖਿਆ। ਦਾਰਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਰੋਲ ਇਮਤਿਆਜ਼ ਅਲੀ ਦੀ ਫ਼ਿਲਮ ‘ਜਬ ਵੀ ਮੈੱਟ’ (2007) ਵਿੱਚ ਕਰੀਨਾ ਕਪੂਰ ਦੇ ਦਾਦਾ ਵਜੋਂ ਨਿਭਾਇਆ ਸੀ। ਉਸ ਨੇ ਵਤਨ ਸੇ ਦੂਰ, ਦਾਦਾ, ਰੁਸਤਮ-ਏ-ਬਗ਼ਦਾਦ, ਸਿਕੰਦਰ-ਏ-ਆਜ਼ਮ, ਰਾਕਾ, ਮੇਰਾ ਨਾਮ ਜੋਕਰ, ਧਰਮ-ਕਰਮ, ਮਰਦ, ਸੰਗਦਿਲ (1952), ਸ਼ੇਰ ਦਿਲ (1965), ਤੂਫ਼ਾਨ (1969), ਦੁਲਹਨ ਹਮ ਲੇ ਜਾਏਂਗੇ (2000) ਵਿੱਚ ਜਬਰਦਸਤ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਰੋਲ ਨਿਭਾਏ ਅਤੇ ਅੱਠ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ।



ਛੋਟੀ ਉਮਰ ਵਿੱਚ ਹੀ ਉਸ ਦੀ ਡੀਲ-ਡੌਲ ਵੇਖ ਕੇ ਨਿਆਣੇ-ਸਿਆਣੇ ਉਸ ਨੂੰ ਭਲਵਾਨ ਆਖਣ ਲੱਗ ਪਏ ਸਨ ਜਿਸ ਨਾਲ ਉਸ ਨੂੰ ਹੌਸਲਾ ਮਿਲਿਆ ਅਤੇ ਉਹ ਅਖਾੜਾ ਬਣਾ ਕੇ ਅਭਿਆਸ ਕਰਨ ਲੱਗਿਆ। ਫਿਰ ਮੇਲੇ-ਮੁਸਾਵਿਆਂ ਵਿੱਚ ਜੌਹਰ ਦਿਖਾਉਣ ਦੀ ਜਾਚ ਆ ਗਈ। ਉਹ ਭਾਰਤ ਦੇ ਵੱਡੇ-ਵੱਡੇ ਪਹਿਲਵਾਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗਿਆ। ਭਾਰਤੀ ਸਟਾਈਲ ਰੈਸਲਿੰਗ ਵਿੱਚ ਸੰਨ 1947 ਨੂੰ ਉਸ ਨੇ ਸਿੰਗਾਪੁਰ ਦਾ ਭਲਵਾਨੀ ਗੇੜਾ ਲਾਇਆ। ਕੁਆਲਾਲੰਪੁਰ ਵਿਖੇ ਤਰਲੋਕ ਸਿੰਘ ਨੂੰ ਹਰਾ ਕੇ ਮਲੇਸ਼ੀਅਨ ਚੈਂਪੀਅਨ ਦਾ ਖ਼ਿਤਾਬ ਜਿੱਤਿਆ। ਦਾਰਾ ਸਿੰਘ ਨੇ ਸੰਨ 1952 ਵਿੱਚ ਵਾਪਸੀ ਕੀਤੀ ਅਤੇ ਸੰਨ 1954 ਵਿੱਚ ਭਾਰਤ ਦਾ ਚੈਂਪੀਅਨ ਬਣ ਗਿਆ। ਰੁਸਤਮ-ਏ-ਪੰਜਾਬ ਦਾ ਖ਼ਿਤਾਬ 1966 ਵਿੱਚ ਅਤੇ ਰੁਸਤਮ-ਏ-ਹਿੰਦ ਦਾ ਖ਼ਿਤਾਬ 1978 ਵਿੱਚ ਹਾਸਲ ਕੀਤਾ। ਦਾਰਾ ਸਿੰਘ ਨੇ ਸਾਰੇ ਕਾਮਨਵੈਲਥ ਮੁਲਕਾਂ ਦਾ ਟੂਰ ਲਾਇਆ ਅਤੇ ਕਿੰਗ ਕੌਂਗ, ਜੌਰਜ ਗੌਰਡਿੰਕੋ, (ਕੈਨੇਡਾ), ਜੌਹਨ ਡਿਸਿਲਵਾ (ਨਿਊਜੀਲੈਂਡ) ਨੂੰ ਵੀ ਹਰਾਇਆ ਅਤੇ 1959 ਵਿੱਚ ਕਾਮਨਵੈਲਥ ਚੈਂਪੀਅਨ ਵੀ ਬਣਿਆ।

ਦਾਰਾ ਸਿੰਘ ਨੇ ਅਮਰੀਕਾ ਦੇ ਲੌ ਥੈਸਿਜ ਨੂੰ ਮਾਤ ਦਿੱਤੀ ਅਤੇ 29 ਮਈ 1968 ਨੂੰ ਉਹ ਵਿਸ਼ਵ ਚੈਂਪੀਅਨ ਬਣ ਗਿਆ। ਆਪਣੇ ਇਸ ਖ਼ਿਤਾਬ ਦੀ ਰੱਖਿਆ ਲਈ ਇੱਕ ਵਾਰ ਫਿਰ ਵਿਸ਼ਵ ਭ੍ਰਮਣ ਕੀਤਾ। ਰਿਟਾਇਰ ਹੋਣ ਦੇ ਐਲਾਨ ਵਿੱਚ ਤਕ ਉਸ ਨੂੰ ਕੋਈ ਨਾ ਹਰਾ ਸਕਿਆ। ਉਸ ਦੇ ਸਖ਼ਤ ਮੁਕਾਬਲੇ ਪਾਕਿਸਤਾਨ ਦੇ ਤਾਰਿਕ ਅਲੀ, ਮਜੀਦ ਅਕਰਾ, ਸਾਨੇ ਅਲੀ (ਪਾਕਿਸਤਾਨ), ਪ੍ਰਿੰਸ ਕਮਾਲੀ (ਅਫ਼ਰੀਕੀ ਚੈਂਪੀਅਨ), ਗਰੇਟ ਰਿੱਕੀਡੋਜਾਨ (ਜਾਪਾਨ), ਬਿੱਲ ਰੌਬਿਨਸਨ (ਯੂਰਪੀਅਨ ਚੈਂਪੀਅਨ), ਪਟਰੌਚ (ਇੰਗਲੈਡ ਚੈਂਪੀਅਨ) ਤੋਂ ਇਲਾਵਾ ਡੇਵਿਡ ਟੇਲਰ, ਡੈਨੀ ਲਾਂਚ, ਮਨ ਮੌਂਟੇਨ ਜੈਕ, ਕੈਸਵੈੱਲ ਜੈਕ, ਸਕਾਈ ਹਾਇ, ਜੌਰਜ ਬਰਗਰਜ ਵੀ ਇਸ ਤੋਂ ਤ੍ਰਹਿੰਦੇ ਸਨ। ਪਹਿਲਵਾਨ ਗੁਰ ਮੰਤਰ ਸਿੱਖਣ ਵਾਲਿਆਂ ਅਤੇ ਹੋਰ ਭਲਵਾਨਾਂ ਦਾ ਦਾਰਾ ਸਿੰਘ ਕੋਲ ਮੇਲਾ ਹੀ ਲੱਗਿਆ ਰਹਿੰਦਾ ਸੀ। ਇੱਕ ਅੰਦਾਜ਼ੇ ਅਨੁਸਾਰ ਉਸ ਨੇ 500 ਮੁਕਾਬਲੇ ਲੜੇ ਅਤੇ ਜਿੱਤੇ। ਦਾਰਾ ਸਿੰਘ ਦੀ ਭਲਵਾਨੀ ਏਨੀ ਬਲਵਾਨ ਸੀ ਕਿ ਉਸ ਦਾ ਮੁਕਾਬਲਾ ਵੇਖਣ ਲਈ ਭੀੜਾਂ ਜੁੜ ਜਾਂਦੀਆਂ ਸਨ। ਇੱਥੋਂ ਤਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰ ਜੀ ਦੇਸਾਈ, ਚੌਧਰੀ ਚਰਨ ਸਿੰਘ, ਰਾਜੀਵ ਗਾਂਧੀ, ਚੰਦਰ ਸ਼ੇਖਰ ਅਤੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਉਸ ਦੇ ਜੌਹਰ ਵੇਖਦੇ ਸਨ। ਹਿੰਦੀ ਫ਼ਿਲਮਾਂ ਰਾਹੀਂ ਸੰਨ 1962 ਨੂੰ ਫ਼ਿਲਮੀ ਖੇਤਰ ਵਿੱਚ ਪ੍ਰਵੇਸ਼ ਪਾਉਣ ਵਾਲੇ ਦਾਰਾ ਸਿੰਘ ਨੂੰ ਅਗਸਤ 2003 ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਵੀ ਨਾਮਜ਼ਦ ਕੀਤਾ ਸੀ।

ਦਾਰਾ ਸਿੰਘ ਵੱਲੋਂ ਭਲਵਾਨੀ ਤੋਂ ਰਿਟਾਇਰ ਹੋਣ ਦੇ ਐਲਾਨ ਸਮੇਂ ਦਿੱਲੀ ਵਿੱਚ ਰਾਜੀਵ ਗਾਂਧੀ ਦੀ ਹਾਜ਼ਰੀ ਵਿੱਚ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਉਸ ਨੂੰ ‘ਐਕਸ਼ਨ ਕਿੰਗ ਆਫ ਬਾਲੀਵੁੱਡ’ ਕਹਿ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਸੰਨ 1970 ਵਿੱਚ ਵੀ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਤਿੰਨ ਪੁੱਤਰਾਂ ਪਰਦੱਮਣ ਸਿੰਘ, ਵਿੰਦੂ ਦਾਰਾ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਤਿੰਨ ਧੀਆਂ ਦੇ ਪਿਤਾ ਦਾਰਾ ਸਿੰਘ ਦੀ ਫ਼ਿਲਮੀ ਖੇਤਰ ਵਿੱਚ ਵੀ ਪੂਰੀ ਭਲਵਾਨੀ ਚੱਲੀ। ਉਸ ਨੇ ਸਮੇਂ ਦੀ ਨਾਮਵਰ ਅਦਾਕਾਰਾ ਮੁਮਤਾਜ ਨਾਲ 16 ਫ਼ਿਲਮਾਂ ਵਿੱਚ ਕੰਮ ਕੀਤਾ। ਰਾਮਾਨੰਦ ਸਾਗਰ ਦੇ ਟੀ.ਵੀ. ਸੀਰੀਅਲ ਰਮਾਇਣ ਵਿੱਚ 1980 ਅਤੇ 1990 ਵਿੱਚ ਦਾਰਾ ਸਿੰਘ ਨੇ ਹਨੂਮਾਨ ਦੀ ਜਬਰਦਸਤ ਭੂਮਿਕਾ ਨਿਭਾਈ। ਕਰੀਬ 100 ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਦਾਰਾ ਸਿੰਘ ਨੇ ਦਿਲ ਅਪਨਾ ਪੰਜਾਬੀ, ਮੈਂ ਮਾਂ ਪੰਜਾਬੀ ਵਿੱਚ ਵੀ ਭੂਮਿਕਾ ਨਿਭਾਈ। ਉਸ ਨੇ ਮੁਹਾਲੀ ਵਿੱਚ ਦਾਰਾ ਸਟੂਡੀਓ ਵੀ ਬਣਾਇਆ। ਜਿਸ ਨੇ ਕਿਸੇ ਵੀ ਕੁਸ਼ਤੀ ਮੁਕਾਬਲੇ ਵਿੱਚ ਹਾਰ ਨਹੀਂ ਸੀ ਮੰਨੀ, ਉਹ ਜ਼ਿੰਦਗੀ ਦੀ ਆਖ਼ਰੀ ਕੁਸ਼ਤੀ ਹਾਰ ਗਿਆ।

ਸੰਪਰਕ: 98157-07232

Comments

Manga Basi

wonderful article and salute to Dara Singh ji',

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ