Sun, 08 September 2024
Your Visitor Number :-   7219733
SuhisaverSuhisaver Suhisaver

ਸਮੁੰਦਰ ਵਿੱਚ ਮੇਰਾ ਪੈੱਨ-ਮੇਰੇ ਪੈੱਨ ਵਿੱਚ ਸਮੁੰਦਰ - ਪ੍ਰੋ. ਹਮਦਰਦਵੀਰ ਨੌਸ਼ਹਿਰਵੀ

Posted on:- 03-06-2013

suhisaver

ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ
ਕਵਣੁ ਬੂਝੈ ਬਿਧਿ ਜਾਣੇ।
-ਗੁਰੂ ਨਾਨਕ ਦੇਵ ਜੀ

ਸਮੁੰਦਰ ਹਮੇਸ਼ਾ ਮੈਨੂੰ ਆਵਾਜ਼ਾਂ ਦਿੰਦਾ ਰਹਿੰਦਾ ਹੈ। ਮੇਰੇ ਸੁਪਨਿਆਂ ਵਿੱਚ ਅਕਸਰ ਸਮੁੰਦਰ ਆਉਂਦਾ ਹਿੰਦਾ ਹੈ। ਜਦੋਂ ਸ਼ਾਮ ਨੂੰ ਠੰਡੀ ਮਿੱਟੀ, ਮਧੁਰ, ਪੌਣ ਚਲਦੀ ਹੈ- ਮੇਰੀ ਰੂਹ ਸ਼ਰਸ਼ਾਰ ਕਰਦੀ ਹੈ- ਮੈਨੂੰ ਸਮੁੰਦਰ ਕਿਨਾਰੇ ਦੀ ਸ਼ਾਮ ਯਾਦ ਆਉਂਦੀ ਹੈ।

ਅੰਬਾਲਾ ਤੋਂ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਇਆ। ਸਿੱਧਾ ਮਦਰਾਸ (ਚੇਨਈ) ਜਾ ਉਤਰਿਆ। ਪਹਿਲੀ ਵਾਰ ਏਨਾ ਲੰਮਾ ਸਫ਼ਰ। ਤਾਂਮਬਰਮ ਮਦਰਾਸ ਵਿਖੇ ਵਿਸ਼ਾਲ ਵਾਈ ਅੱਡਾ ਹੈ। ਹਵਾਈ ਸੈਨਾ ਦਾ ਬਹੁਤ ਵੱਡਾ ਸਿਖਲਾਈ ਕੇਂਦਰ। ਮੈਂ ਉੱਥੇ ਦੋ ਸਾਲ ਸਿਖਲਾਈ ਪ੍ਰਾਪਤ ਕੀਤੀ। ਮੇਰੀ ਪਹਿਲੀ ਬਦਲੀ ਮਦਰਾਸ ਤੋਂ ਸ੍ਰੀਨਗਰ ਹੋ ਗਈ। ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ। ਸਾਗਰ ਕੰਢੇ ਤੋਂ ਪਹਾੜਾਂ ਦੀ ਚੋਟੀ ਉੱਤੇ। ਮੈਂ ਕੁਝ ਸਮਾਂ ਸ੍ਰੀਨਗਰ ਰਿਹਾ- ਦਸੰਬਰ-ਜਨਵਰੀ ਵਿੱਚ। ਜਦੋਂ ਸ੍ਰਨਗਰ ਬਰਫ਼ ਨਾਲ ਸਫੈਦ ਹੋੋਇਆ ਪਿਆ ਸੀ। ਫੇਰ ਮੈਂ ਜੰਮੂ ਆ ਗਿਆ। ਉਸ ਤੋਂ ਬਾਅਦ ਆਦਮਪੁਰ ਦੁਆਬਾ-ਤੇ ਫੇਰ ਮਦਰਾਸ। ਹੋਰ ਉਚੇਰੀ ਸਿਖਲਾਈ ਲਈ ਮਦਰਾਸ ਪਹੁੰਚ ਗਿਆ। ਦੋ ਸਾਲ ਮੈਂ ਮਦਰਾਸ ਰਿਹਾ। ਦੋ ਸਾਲ ਸਾਗਰ ਮੇਰਾ ਨੇੜੇ ਦਾ ਮਿੱਤਰ ਰਿਹਾ।

ਲਗਭਗ ਹਰ ਐਤਵਾਰ ਮੈਂ ਤਾਂਮਬਰਮ ਤੋਂ ਬੀਚ (ਸਾਹਰ ਕਿਨਾਰੇ) ਜਾ ਬੈਠਦਾ। ਤਾਂਬਰਮ ਮਦਰਾਸ ਤੋਂ ਬੀਚ ਤੱਕ ਦੀ ਟਰੈਮ ਦੀ ਵਾਪਸੀ ਟਿਕਟ ਲੈਂਦਾ ਤੇ ਸਮੁੰਦਰ ਕਿਨਾਰੇ ਜਾ ਉਤਰਦਾ। ਦੋ ਤੋਂ ਲੈ ਕੇ ਚਾਰ ਘੰਟੇ ਮੈਂ ਰੇਤ ਉੱਤੇ ਚੌਂਕੜੀ ਮਾਰੀ, ਸਾਗਰ ਦੀਆਂ ਨਿਰੰਤਰ ਗਤੀ ਵਿੱਚ ਰਹਿੰਦੀਆਂ ਲਹਿਰਾਂ ਨਾਲ ਗੱਲਾਂ ਕਰਦਾ। ਕਵਿਤਾ ਲਿਖਦਾ। ਮਿੱਪੀਆਂ ਘੋਗੇ ਚੁੱਗਦਾ। ਹਰ ਦੂਜੇ ਤੀਜੇ ਐਤਵਾਰ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ, ਮਦਰਾਸ ਦਾ ਮਰੀਨਾ ਬੀਚ ਮੇਰਾ ਸਾਥੀ ਹੁੰਦਾ। ਦਸੰਬਰ 26, 2004 ਜਦੋਂ ਸਾਗਰ ਵਿੱਚ ਸੁਨਾਮੀ ਤੂਫ਼ਾਨ ਆਇਆ। ਇੰਡੋਨੇਸ਼ੀਆ ਤੋਂ ਲੈ ਕੇ ਭਾਰਤ ਤੇ ਹੋਰ ਦੇਸ਼ਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਸਮੁੰਦਰ ਵਿੱਚ ਸਮਾ ਗਏ। ਮਰੀਨਾ ਬੀਚ ਦੇ ਕਿਨਾਰੇ ਵੀ ਸਾਗਰ ਦੀਆਂ ਕਹਿਰੀਲੀਆਂ ਛੱਲਾਂ ਦੀ ਮਾਰ ਹੇਠ ਆ ਗਏ। ਮੈਨੂੰ ਬੜਾ ਦੁੱਖ ਹੋਇਆ ਕਿ ਮਰੀਨਾ ਬੀਚ ਦੀ ਸੁੰਦਰਤਾ ਪਹਿਲਾਂ ਜਿਹੀ ਨਹੀਂ ਹੋਵੇਗੀ।

ਮੈਂ ਸਾਰਾ ਸਮੁੰਦਰ ਪੀ ਜਾਣਾ ਚਾਹੁੰਦਾ ਸਾਂ। ਸਮੁੰਦਰ ਮੈਂ ਆਪਣੇ ਅੰਦਰ ਉਤਾਰਨਾ ਚਾਹੁੰਦਾ ਸਾਂ। ਮੇਰੇ ਅੰਦਰ ਸਮੁੰਦਰ ਵਰਗੀ ਗਹਿਰਾਈ ਹੋਵੇ, ਸਮੁੰਦਰ ਵਰਗੀ ਵਿਸ਼ਾਲਤਾ ਹੋਵੇ। ਮੇਰੇ ਬੋਲਾਂ ਵਿੱਚ ਸਮੁੰਦਰ ਵਰਗੀ ਗੂੰਜ-ਗਰਜ ਹੋਵੇ। ਸਮੁੰਦਰ ਵਰਗੀ ਤਰਲਤਾ ਹੋਵੇ-ਬੇਦਾਰੀ ਹੋਵੇ। ਸਮੁੰਦਰ ਵਰਗੀ ਪੱਧਰਤਾ ਹੋਵੇ। ਮੇਰੀ ਕਵਿਤਾ ਵਿੱਚ ਸਮੁੰਦਰ ਹੋਵੇ।

ਗੁਰੂ ਗੋਬਿੰਦ ਸਿੰਘ, ਮਾਰਕਸ, ਗੁਰਬਖ਼ਸ਼ ਸਿੰਘ ਨੇ ਮੈਨੂੰ ਸੇਧ ਦਿੱਤੀ-ਦੂਰ-ਦਰਿਸ਼ਟੀ ਦਿੱਤੀ। ਧਰਮਾਂ, ਜ਼ਾਤਾਂ, ਨਸਲਾਂ ਤੇ ਇਲਾਕਾਈ ਵਲਗਣਾਂ ਤੋਂ ਪਾਰ ਦਾ ਰਾਹ ਦੱਸਿਆ। ਸਮੁੰਦਰ ਨੇ ਮੈਨੂੰ ਗਹਿਰਾਈ ਦਿੱਤੀ। ਸੀਮਾ ਰਹਿਤ ਅਥਾਹਤਾ ਦਿੱਤੀ।

ਸਮੁੰਦਰ ਤੋਂ ਦੂਰ ਹੋਇਆ ਤਾਂ ਦਰਿਆਵਾਂ ਸੰਗ ਤੁਰਨ ਲੱਗਾ। ਸ੍ਰੀਨਗਰ ਗਿਆ ਚਨਾਬ ਦੇ ਨਾਲ-ਨਾਲ ਰਿਹਾ। ਲਾਹੌਰ ਗਿਆ ਰਾਵੀ ਨੂਰਜਹਾਂ ਦਾ ਮਕਬਰਾ ਦੇਖਿਆ। ਤਿੰਨ ਸਾਲ ਆਗਰਾ ਰਿਹਾ। ਜਮਨਾ ਵਿੱਚ ਤਾਜ ਦਾ ਪਰਛਾਵਾਂ ਡਿੱਗਦਾ ਵੇਖਦਾ ਰਿਹਾ। ਹੇਮਕੁੰਡ ਦੀ 4329 ਮੀਟਰ ਤੋਂ ਹੇਠਾਂ ਉਤਰਿਆ, ਦਰਿਆ ਅਲਖ਼ਨੰਦਾ ਦੇ ਨਾਲ-ਨਾਲ ਦੌੜਿਆ-ਭਗੀਰਥੀ ਗੰਗਾ ਨੂੰ ਮਿਲਿਆ। ਹਰੀਕੇ ਪੱਤਣ ਵਿਖੇ ਸਤਲੁਜ ਤੇ ਬਿਆਸ ਦੇ ਸੰਗਮ ਦਾ ਸੰਗ ਕੀਤਾ। ਲਖਨੳੂ ਗਿਆ, ਗੋਮਤੀ ਨਦੀ ਦੇ ਕਿਨਾਰੇ-ਕਿਨਾਰੇ ਤੁਰਿਆ। ਪਰ ਕਿਧਰੇ ਵੀ ਸੰਤੁਸ਼ਟੀ ਨਾ ਹੋਈ। ਸਮੁੰਦਰ ਵਾਰ-ਵਾਰ ਯਾਦ ਆਉਂਦਾ ਰਿਹਾ।
ਤੇ ਫੇਰ ਮੈਂ ਮੁੰਬਈ ਗਿਆ। ਜੁਹੂ ਬੀਚ ਕਿਨਾਰੇ ਬੈਠਿਆ। ਗੇਟਵੇ ਆਫ਼ ਇੰਡੀਆ ਤੋਂ ਮੋਟਰਬੋਟ ਰਾਹੀਂ ਅਰਬ ਸਾਗਰ ਵਿੱਚ ਉਤਰਿਆ। ਸਾਗਰ ਦੇ ਕਈ ਮੀਲ ਅੰਦਰ ਜਾਣ ਤੋਂ ਬਾਅਦ, ਚੜ੍ਹੀਆਂ ਛੱਲਾਂ ਵਿੱਚ ਮੈਂ ਪੈਨ ਠੇਲ ਦਿੱਤਾ। ਇਸ ਪੈਨ ਨਾਲ ਇੱਕੋ ਸ਼ਬਦ ਜਾਂ ਕਹੋ ਨਾਮ ਲਿਖਿਆ ਸੀ-ਲੈਨਿਨ।

ਕਈ ਸਾਲਾਂ ਬਾਅਦ ਮੈਂ ਦੂਜੀ ਵਾਰ ਮੁੰਬਈ ਗਿਆ। ਫੇਰ ਮੋਟਰ ਬੋਟ ਰਾਹੀਂ ਸਾਗਰ ਵਿੱਚ ਉੱਤਰਿਆ-ਸੋਚਦਾ ਰਿਹਾ ਸੀ ਪੈਨ ਨਾਲ ਲਿਖੇ ਮੇਰੇ ਅੱਖਰ, ਦੂਰ ਤੱਕ ਚਲੇ ਗਏ ਹੋਣਗੇ- ਸੱਤ ਪਾਣੀਆਂ ਵਿਚੇ ਸਾਗਰ ਕਿਨਾਰੇ ਪਈਆਂ ਸਿੱਪੀਆਂ ਵਿੱਚ ਹੋਵੇਗਾ ਮੇਰੇ ਅੱਖਰਾਂ ਦਾ ਵਜੂਦ। ਮੇਰੇ ਅੱਖਰ ਟੱਪ ਗਏ ਹੋਣਗੇ-ਸਾਰੇ ਬੰਨੇ ਹਦੂਦ। ਮੇਰੇ ਅੱਖਰਾਂ ਵਿੱਚ ਹੋਵੇਗੀ ਸਮੁੰਦਰ ਜਿਹੀ ਵਿਸ਼ਾਲਤਾ- ਸਮੁੰਦਰ ਜਿਹੇ ਡੂੰਘੇ ਅਰਥ। ਜਦੋਂ ਗ਼ਮਗ਼ੀਨ ਹੋਣ ਇਹ ਅੱਖ਼ਰ, ਸਮੁੰਦਰ ਜਿੱਡੇ ਹੰਝੂ ਰੋਵੇ ਇਹ ਸਮੁੰਦਰ। ਸਮੁੰਦਰ ਉੱਤੇ ਪੈ2ਦੀ ਜਿਹੜੀ ਸੂਰਜ ਦੀ ਲਿਸ਼ਕੋਰ, ਮੇਰੇ ਅੱਖਰਾਂ ਵਿੱਚ ਪ੍ਰਤੀਬਿੰਬਤ ਹੋਵੇ ਨਵੀਂ ਨਕੋਰ। ਮੇਰੇ ਪੈਨ ਉੱਤੇ ਜਿਹੜੇ ਧੱਬੇ ਸਨ-ਰੰਗਾਂ, ਜ਼ਾਤਾਂ, ਸਵਾਰਥਾਂ, ਤੰਗ ਦਿਸੀਆਂ ਦੇ, ਧੋਤੇ ਗਏ ਹੋਣਗੇ ਪਾਣੀਆਂ ਵਿੱਚ। ਮੇਰੇ ਪੈਨ ਦੇ ਸੀਨੇ ਵਿੱਤ ਤਪਸ਼ ਦੀਆਂ ਤਿੜੀਆਂ ਸੀਤ ਹੋ ਚੁੱਕੀਆਂ ਹੋਣਗੀਆਂ। ਲੱਖਾਂ ਮਾਸੂਮਾਂ ਦਾ ਲਹੂ ਨਦੀਆਂ ਵਿੱਚ ਵਹਾਇਆ ਗਿਆ- ਸਾਗਰ ਵਿੱਚ ਆ ਮਿਲਿਆ, ਮੇਰਾ ਪੈਨ ਖੋਜ ਰਿਹਾ ਹੋਵੇਗਾ ਸਾਗਰ ਦਾ ਸੰਗੀਤ, ਸਮੁੰਦਰੀ ਪੰਛੀਆਂ ਦੀਆਂ ਆਵਾਜ਼ਾਂ ਦਾ ਰਾਜ਼।

ਸਮੁੰਦਰ ਵਿੱਚ ਠੇਲਿਆ ਮੇਰਾ ਪੈਨ ਉਹਨਾਂ ਪਾਣੀਆਂ ਵਿੱਚੋਂ ਦੀ ਲੰਘਿਆ ਹੋਵੇਗਾ, ਜਿਥੋਂ ਦੀ ਕਦੇ ਲੰਘਿਆ ਸੀ ਬਾਬਾ ਗੁਰਦਿੱਤ ਸਿੰਘ ਦਾ ਕਾਮਾਗਾਟਾਮਾਰੂ ਜਹਾਜ਼। ਮੇਰਾ ਪੈਨ ਕਰ ਰਿਹਾ ਹੋਵੇਗਾ ਹਿਸਾਬ, ਮੰਗ ਰਿਹਾ ਹੋਵੇਗਾ ਹਿਸਾਬ, ਪੁੱਛਿਆ ਹੋਵੇਗਾ- ਛੱਤ-ਅਲ ਅਰਬ ਖਾੜੀ ਵਿੱਚ ਜਾ-ਤੁਹਾਡੇ ਸਾਗਰੀ ਬੇੜਿਆਂ ਕਿਉਂ ਕੀਤਾ ਇਰਾਕ ਤਬਾਹ।

ਮੇਰਾ ਪੈਨ ਲੱਭ ਰਿਹਾ ਹੋਵੇਗਾ, ਪਾਣੀ ਹੇਠ ਦੱਬੀਆਂ ਨੌਜਵਾਨਾਂ ਦੀਆਂ ਦੇਹਾਂ, ਰੋਜ਼ਗਾਰ ਖ਼ਾਤਰ ਜਿਹੜੇ ਜਾ ਰਹੇ ਸਨ, ਪੌਂਡਾਂ, ਡਾਲਰਾਂ ਦੀ ਧਰਤੀ ਪਰ ਸਦਾ ਲਈ ਸਮਾ ਗਏ ਇਟਲੀ ਮਾਲਟਾ ਸਾਗਰ ਦੀਆਂ ਤਹਿਆਂ ਵਿੱਚ।

ਮੇਰਾ ਪੈਨ ਦੱਸੇਗਾ 26 ਦਸੰਬਰ 2004 ਦੇ ਸੁਨਾਮੀ ਕਹਿਰ ਦੀ ਦਾਸਤਾਨ। ਮੇਰਾ ਪੈਨ ਲਿਖੇਗਾ, 30 ਅਗਸਤ 2005 ਦੀ ਨੀਉ ਉਰਲੀਨਜ਼ ਦੇ ਸ਼ਹਿਰ ਕੈਟਰੀਨਾ ਸਾਗਰ ਤੂਫ਼ਾਨ ਦਜੀ ਕਥਾ-24 ਸਤੰਬਰ 2005 ਟੈਕਸਾਸ ਦੇ ਸ਼ਹਿਰ ਹਾੳੂਸਟਨ ਵਿਖੇ ਰੀਟਾ ਸਮੁੰਦਰ ਕਹਿਰ ਦੀ ਕਹਾਣੀ ਬਿਆਨ ਕਰੇਗਾ ਮੇਰਾ ਪੈਨ। ਸਮੁੰਦਰ ਨੂੰ ਨਹੀਂ ਬੁਸ਼ ਨੂੰ ਜ਼ਿੰਮੇਵਾਰ ਠਹਿਰਾਏਗਾ।

ਮੇਰਾ ਪੈਨ ਮਿਲਿਆ ਹੋਵੇਗਾ ਪ੍ਰਥਮ ਮਲਾਹ ਫਨੀਸੀਮਾਨ, ਵਾਸਕੋਡੇਗਾਮਾ ਤੇ ਕੋਲੰਬਸ ਨੂੰ। ਮੇਰਾ ਪੈਨ ਸ਼ਾਂਤੀ ਨਾਲ ਲੰਘਿਆ ਹੋਵੇਗਾ ਪ੍ਰਸ਼ਾਂਤ ਸਾਗਰ। ਮੇਰੇ ਪੈਨ ਨੇ ਐਚ.ਐਸ.ਐਸ. ਚੈਲੰਜਰ ਤੇ ਟਾਈਟੈਨਿਕ ਨੂੰ ਰਾਹ ਦੱਸਿਆ ਹੋਵੇਗਾ। ਮੇਰੇ ਪੈਨ ਨੇ ‘ਬੁੱਢਾ ਤੇ ਸਮੁੰਦਰ’ ਦੇ ਬੁੱਢੇ ਸ਼ਾਂਤੀਆਗੋ ਨੂੰ ਵੇਲ੍ਹ ਮੱਛੀ ਪਕੜਨ ਵਿੱਚ ਸਹਾਇਤਾ ਕੀਤੀ ਹੋਵੇਗੀ। ਗੁਜ਼ਰਿਆ ਹੋਵੇਗਾ, ਮੇਰਾ ਪੈਨ ਚਾਲ਼ੀ ਹਜ਼ਾਰ ਟਾਪੂਆਂ ਲਾਗੋਂ ਕੀ, ਸਾਗਰੀ ਪਰਬਤੀ ਲੜੀਆਂ, ਡੂੰਘੀਆਂ ਨੇਰੀਆਂ ਖੱਡਾਂ, ਸਮੁੰਦਰੀ ਧਾਰਾਵਾਂ, ਵੀਹ ਹਜ਼ਾਰ ਕਿਸਮ ਦੀਆਂ ਮੱਛੀਆਂ ਨੂੰ ਮਿਲਿਆ ਹੋਵੇਗਾ। ਪਾਣੀ ਹੇਠਲੇ ਜਾਨਵਰਾਂ, ਸੈਂਕੜੇ ਕਿਸਮ ਦੀਆਂ ਪਾਣੀ ਦੀਆਂ ਬੂਟੀਆਂ, ਘਾਹ, ਬਨਸਪਤੀ ਦੀ ਜਾਣਕਾਰੀ ਇਕੱਤਰ ਕੀਤੀ ਹੋਵੇਗੀ। ਧਰਤੀ ਦੇ ਉਤਲੇ ਖੇਤਰ ਵਿੱਚ ਮੈਂ ਵਿਚਰਦਾ ਹਾਂ- ਪਾਣੀ ਦੇ ਹੇਠਾਂ ਮੇਰਾ ਪੈਨ ਸੰਘਰਸ਼ਸ਼ੀਲ ਹੈ।

ਮੇਰਾ ਪੈਨ ਜਵਾਨ ਰਹੇਗਾ। ਮੈਂ ਸਦਾ ਜਵਾਨ ਰਹਾਂਗਾ। ਸਮੁੰਦਰ ਕਦੀ ਬੁੱਢਾ ਨਹੀਂ ਹੁੰਦਾ। ਮੈਂ ਜਾਣਦਾ ਹਾਂ- ਹਰ ਜ਼ੁਲਮ ਕਹਿਰ ਵਧੀਕੀ ਦੇਖਦਾ ਹਾਂ। ਸਮੁੰਦਰ ਕਦੀ ਸੌਂਦਾ ਨਹੀਂ। ਸਾਗਰ ਉੱਤੇ ਚਮਕਦਾ ਹੈ ਨੀਲਾ ਆਸਮਾਨ-ਆਸ ਨਾਲ ਭਰਿਆ ਆਸਮਾਨ। ਸਾਗਰ ਉੱਤੇ ਇੱਕ ਪੰਛੀ ਉੱਡ ਰਿਹਾ ਹੈ- ਦੂਸਰੇ ਕਿਨਾਰੇ ਪਹੁੰਚਣਾ ਉਸਨੇ। ਅਗਲਾ ਕਿਨਾਰਾ ਭਾਵੇਂ ਹਵਾਵਾਂ ਬਦਲਾਂ ਵਿੱਚ ਅਲੋਪ ਹੈ।

ਕਿਸੇ ਦੌਰ ਅਨਜਾਣੇ ਕਿਨਾਰੇ ਲੱਗਾ ਹੋਵੇਗਾ। ਮੈਨੂੰ ਉਡੀਕਦਾ ਹੋਵੇਗਾ ਮੇਰਾ ਪੈਨ, ਲੈ ਆਪਣੇ ਨਾਲ ਸੱਤ ਪਾਣੀਆਂ ਦੀ ਸ਼ਨਾਖ਼ਤ। ਮੈਂ ਵੀ ਚੱਲਦਾ ਹਾਂ ਦੂਸਰੇ ਕਿਨਾਰੇ। ਮਿਲਾਂਗਾ ਆਪਣੇ ਪੈਨ ਨੂੰ। ਪੁੱਛਾਂਗਾ, ਲੈਨਿਨ ਕਿਹੜੇ-ਕਿਹੜੇ ਟਾਪੂ ਉੱਤੇ ਪਹੁੰਚਿਆ। ਲਿਖਾਂਗਾ ਆਪਣੇ ਪੈਨ ਦੀ ਆਤਮਕਥਾ। ਪੈਨ ਲਿਖੇਗਾ ਮੇਰੀ ਆਤਮਕਥਾ।

ਨਾਨਕ ਬੇੜੀ ਸਚ ਕੀ, ਤਰੀਐ ਗੁਰ ਵੀਚਾਰਿ॥ -ਗੁਰੂ ਨਾਨਕ ਦੇਵ ਜੀ

ਸੰਪਰਕ: 94638-08697

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ