Thu, 12 September 2024
Your Visitor Number :-   7220801
SuhisaverSuhisaver Suhisaver

ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ - ਗੁਰਤੇਜ ਸਿੰਘ

Posted on:- 22-05-2016

suhisaver

ਦੇਸ਼ ਦੇ ਗਲੋਂ ਗੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਦੀ ਜਦ ਗੱਲ ਤੁਰਦੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਅਗਲੀ ਕਤਾਰ ਵਿੱਚ ਆਉਦਾ ਹੈ।ਉਨ੍ਹਾਂ ਬਹੁਤ ਛੋਟੀ ਉਮਰੇ ਦੇਸ਼ ਦੀ ਅਜ਼ਾਦੀ ਲਈ ਘਾਲਣਾ ਘਾਲੀ ਤੇ ਸ਼ਹੀਦੀ ਪ੍ਰਾਪਤ ਕੀਤੀ।ਉਹ ਬਹੁਤ ਦੂਰਅੰਦੇਸ਼ੀ, ਦਲੇਰ ਅਤੇ ਉੱਚ ਕੋਟੀ ਦੇ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲੇ ਦ੍ਰਿੜਤਾ ਰੂਪੀ ਗੁਣ ਨਾਲ ਲਬਰੇਜ਼ ਸਨ। ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਈਸਵੀ ਨੂੰ ਸ. ਮੰਗਲ ਸਿੰਘ ਦੇ ਘਰ ਹੋਇਆ।

ਛੋਟੀ ਉਮਰੇ ਹੀ ਮਾਪਿਆਂ ਦਾ ਸਾਇਆ ਸਿਰ ਤੋਂ ਉੱਠਣ ਕਾਰਨ ਉਨ੍ਹਾਂ ਦੀ ਪਰਵਰਿਸ਼ ਦਾਦਾ ਸ. ਬਚਨ ਸਿੰਘ ਨੇ ਕੀਤੀ।ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪਿੰਡ ਸਰਾਭਾ ਤੋਂ ਕੀਤੀ।ਇਸ ਤੋਂ ਬਾਅਦ ਮਾਲਵਾ ਸਕੂਲ ਲੁਧਿਆਣਾ ਤੋਂ ਪੜ੍ਹਾਈ ਕੀਤੀ ਤੇ ਦਸਵੀਂ ਜਮਾਤ ਆਪਣੇ ਚਾਚੇ ਕੋਲ ਉਡੀਸਾ ‘ਚ ਕੀਤੀ।

ਉਚੇਰੀ ਵਿੱਦਿਆ ਖਾਤਿਰ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਨੂੰ ਅਮਰੀਕਾ ਭੇਜਿਆ।ਜਨਵਰੀ 1912 ਵਿੱਚ ਉਹ ਅਮਰੀਕਾ ਦੇ ਸ਼ਹਿਰ ਸਨਫਰਾਂਸਿਸਕੋ ਬੰਦਰਗਾਹ ‘ਤੇ ਉੱਤਰੇ।ਪੁੱਛਗਿੱਛ ਲਈ ਹੋਰ ਭਾਰਤੀਆਂ ਸਮੇਤ ਆਪ ਨੂੰ ਵੀ ਰੋਕਿਆ ਗਿਆ ਅਤੇ ਪੁੱਛਗਿੱਛ ਅਧਿਕਾਰੀ ਨੇ ਉਨ੍ਹਾਂ ਤੋਂ ਬੜੇ ਗੰਭੀਰ ਸਵਾਲ ਪੁੱਛੇ ਪਰ ਜਵਾਬ ਬੜੀ ਵਿਦਵਤਾ ਅਤੇ ਨਿਡਰਤਾ ਨਾਲ ਦਿੱਤੇ।ਉਨ੍ਹਾਂ ਤੋਂ ਪੁੱਛਿਆ ਗਿਆ ਤੂੰ ਇੱਥੇ ਕੀ ਕਰਨ ਆਇਆ ਹੈ।ਆਪ ਨੇ ਕਿਹਾ ਪੜ੍ਹਾਈ ਕਰਨ। ਫਿਰ ਉਨ੍ਹਾਂ ਨੂੰ ਪੁੱਛਿਆ ਗਿਆ ਤੂੰ ਇੰਨੀ ਦੂਰ ਪੜ੍ਹਨ ਕਿਉਂ ਆਇਆ ਹੈਂ ਭਾਰਤ ਵਿੱਚ ਪੜ੍ਹਨ ਲਈ ਕੋਈ ਚੰਗੀ ਜਗ੍ਹਾ ਨਹੀਂ ਸੀ।ਆਪ ਦਾ ਜਵਾਬ ਸੀ ਜਗ੍ਹਾ ਤਾਂ ਸੀ ਪਰ ਵਰਤਮਾਨ ਉਚੇਰੀ ਸਿੱਖਿਆ ਲਈ ਇੱਥੋਂ ਦੀ ਯੂਨੀਵਰਸਿਟੀ ‘ਚ ਦਾਖਲਾ ਲੈਣ ਆਇਆ ਹਾਂ।ਅਫਸਰ ਨੇ ਸਖਤ ਲਹਿਜੇ ‘ਚ ਕਿਹਾ ਅਗਰ ਤੈਨੂੰ ਇੱਥੋਂ ਹੀ ਮੋੜ ਦਿੱਤਾ ਜਾਵੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਇਹ ਬੜੀ ਵੱਡੀ ਬੇਇਨਸਾਫੀ ਹੋਵਗੀ ਕਿ ਪੜ੍ਹਨ ਆਏ ਇੱਕ ਵਿਦਿਆਰਥੀ ਨੂੰ ਵੀ ਰੋਕਿਆ ਜਾਵੇ ਤੇ ਹੋ ਸਕਦਾ ਕਿ ਮੈਂ ਇੱਥੋਂ ਪੜ ਕੇ ਲੋਕਾਂ ਦੀ ਚੰਗੀ ਸੇਵਾ ਕਰ ਸਕਾਂ।

ਉਨ੍ਹਾਂ ਦੇ ਇਸ ਉੱਤਰ ਨੇ ਅਫਸਰ ਨੂੰ ਸੰਤੁਸ਼ਟ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ‘ਚ ਦਾਖਿਲਾ ਮਿਲ ਗਿਆ ਸੀ।ਉਨ੍ਹਾਂ ਦਿਨਾਂ ਵਿੱਚ ਵਿਦੇਸ਼ਾਂ ‘ਚ ਭਾਰਤੀਆਂ ਨਾਲ ਮਾੜਾ ਸਲੂਕ ਕੀਤਾ ਜਾਦਾ ਸੀ।ਉਨ੍ਹਾਂ ਨੂੰ ਗੁਲਾਮ ਮੁਲਕ ਦੇ ਬਸ਼ਿੰਦੇ ਆਖ ਤਾਹਨੇ ਮਿਲਦੇ ਸਨ ਜਿਸ ਕਰਕੇ ਭਾਰਤੀਆਂ ਦੀ ਅਣਖ ਨੂੰ ਡੂੰਘੀ ਸੱਟ ਵਜਦੀ ਸੀ।

ਕਾਮਾਗਾਟਾਮਰੂ ਦੀ ਘਟਨਾ ਨੇ ਭਾਰਤੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਮਨ ਨੂੰ ਝੰਜੋੜ ਦਿੱਤਾ ਸੀ।ਸਤੰਬਰ 1914 ‘ਚ ਇਹ ਜਹਾਜ ਕਲਕੱਤੇ ਕੋਲ ਬਜਬਜ ਘਾਟ ‘ਤੇ ਪਹੁੰਚਿਆ ਸੀ ਤਾਂ ਅੰਗਰੇਜੀ ਸਰਕਾਰ ਦੀਆਂ ਵਧੀਕੀਆਂ ਨੇ ਮੁਸਾਫਿਰਾਂ ਵਿੱਚ ਰੋਹ ਭਰ ਦਿੱਤਾ ਸੀ ਪੁਲਿਸ ਝੜਪ ਦੌਰਾਨ ਕਾਫੀ ਲੋਕ ਮਾਰੇ ਗਏ ਸਨ।ਇਸ ਘਟਨਾ ਨੂੰ ਗਦਰ ਲਹਿਰ ਦੀ ੳਤਪਤੀ ਦਾ ਮੁੱਖ ਕਾਰਨ ਮੰਨਿਆ ਜਾਦਾ ਹੈ।ਕਿਸੇ ਮਿੱਤਰ ਦੀ ਮੱਦਦ ਨਾਲ ਸਰਾਭਾ ਜੀ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਸੰਸਥਾ ਦੀ ਮੀਟਿੰਗ ‘ਚ ਗਏ ਇੱਥੇ ਉਨ੍ਹਾਂ ਦੀ ਮੁਲਾਕਾਤ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਨਾਲ ਹੋਈ।

ਉਨ੍ਹਾਂ ਇਸ ਸੰਸਥਾ ਦਾ ਨਾਮ ਬਦਲ ਕੇ ਗਦਰ ਪਾਰਟੀ ਰੱਖਿਆ।ਹਥਿਆਰਬੰਦ ਕ੍ਰਾਂਤੀ ਲਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਤੇ ਅਜ਼ਾਦੀ ਲਈ ਯਤਨ ਆਰੰਭੇ।ਗਦਰ ਪਾਰਟੀ ਦੀ ਸਥਾਪਨਾ ਤੋਂ ਬਾਅਦ ਲਾਲਾ ਹਰਦਿਆਲ ਭਾਰਤੀ ਲੋਕਾਂ ‘ਚ ਜਾਗ੍ਰਿਤੀ ਲਿਆਉਣ ਲਈ ਅਖਬਾਰ ਕੱਢਣਾ ਚਾਹੁੰਦੇ ਸਨ ਪਰ ਕਈ ਕਾਰਨਾਂ ਕਰਕੇ ਸੰਭਵ ਨਹੀਂ ਹੋ ਸਕਿਆ ਸੀ।ਕਰਤਾਰ ਸਿੰਘ ਸਰਾਭਾ ਦੇ ਆਉਣ ਨਾਲ ਉਨ੍ਹਾਂ ਦੀ ਇਹ ਮੁਸ਼ਕਿਲ ਹੱਲ ਹੋ ਗਈ ਸਗੋਂ ਸਰਾਭਾ ਜੀ ਨੇ ਖੁਦ ਉਨ੍ਹਾਂ ਨੂੰ ਅਖਬਾਰ ਵਾਸਤੇ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਗਦਰ ਦੀ ਗੂੰਜ ਅਖਬਾਰ ਸ਼ੁਰੂ ਕੀਤਾ।ਇੱਕ ਨਵੰਬਰ 1913 ਨੂੰ ਗਦਰ ਦਾ ਪਹਿਲਾ ਪਰਚਾ ਉਰਦੂ ‘ਚ ਪ੍ਰਕਾਸ਼ਿਤ ਹੋਇਆ।ਲੋਕਾਂ ਦੀ ਮੰਗ ਅਤੇ ਹੋਰ ਜ਼ੁਬਾਨਾਂ ਸਮਝਣ ਵਾਲੇ ਲੋਕਾਂ ਲਈ ਆਪ ਜੀ ਨੇ ਇੱਕ ਹੋਰ ਉਪਰਾਲਾ ਕੀਤਾ, ਇੱਕ ਜਨਵਰੀ 1914 ਵਿੱਚ ਇਹ ਅਖਬਾਰ ਗੁਰਮੁਖੀ, ਹਿੰਦੀ, ਗੁਜਰਾਤੀ, ਉਰਦੂ ‘ਚ ਛਪਣ ਲੱਗਾ।ਇਸ ਵਿੱਚ ਲੇਖ ਲਿਖਣ ਦਾ ਜਿੰਮਾ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਦੇ ਸਿਰ ਸੀ ਤੇ ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਸ. ਹਰਨਾਮ ਸਿੰਘ ਟੁੰਡੀਲਾਟ ਲਿਖਦੇ ਸਨ।ਅਖਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀਹ ਆਦਮੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਸਨ ਅਤੇ ਪੈਸੇ ਦੀ ਘਾਟ ਨੂੰ ਪੂਰਣ ਲਈ ਦਿਨੇ ਹੱਡ ਭੰਨਵੀ ਮਿਹਨਤ ਕਰਦੇ ਸਨ।ਖਾਣੇ ‘ਤੇ ਵੀ ਘੱਟ ਤੋਂ ਘੱਟ ਪੈਸੇ ਖਰਚਦੇ ਸਨ ਤਾਂ ਜੋ ਅਖਬਾਰ ਅਤੇ ਪਾਰਟੀ ਦੀਆਂ ਗਤੀਵਿਧੀਆਂ ‘ਚ ਪੈਸੇ ਦੀ ਕਮੀ ਕਰਕੇ ਖੜੋਤ ਨਾ ਆਵੇ।ਕਰਤਾਰ ਸਿੰਘ ਸਰਾਭਾ ਅਖਬਾਰ ਛਾਪਣ ਅਤੇ ਵੰਡਣ ‘ਚ ਰੁੱਝਿਆ ਰਹਿੰਦਾ ਸੀ ਤੇ ਖਾਣਾ ਪੀਣਾ ਵੀ ਭੁੱਲ ਜਾਦਾ ਸੀ।ਪਾਰਟੀ ਦਾ ਉਹ ਸਭ ਤੋਂ ਛੋਟੀ ਉਮਰ ਦਾ ਮੈਂਬਰ ਸੀ, ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸਨ।

ਉਨ੍ਹਾਂ ਦੇ ਅਣਥੱਕ ਯਤਨਾਂ ਕਾਰਨ ਗਦਰ ਦੀ ਗੂੰਜ ਦਿਨੋ ਦਿਨ ਲੋਕਾਂ ‘ਚ ਹਰਮਨ ਪਿਆਰਾ ਹੋ ਰਿਹਾ ਸੀ।ਇਸਦੇ ਮਜ਼ਮੂਨ ਇੰਨੇ ਪ੍ਰਭਾਵਸ਼ਾਲੀ ਹੁੰਦੇ ਸਨ ਜੋ ਵੀ ਉਸਨੂੰ ਇੱਕ ਵਾਰ ਪੜ ਲੈਦਾ ਸੀ ਉਸਦੇ ਅੰਦਰ ਅਜ਼ਾਦੀ ਦੀ ਲਗਨ ਲੱਗ ਜਾਦੀ ਸੀ ਜੋ ਗਦਰ ਦੀ ਸਫਲਤਾ ਲਈ ਲਾਜ਼ਮੀ ਸੀ।ਇਸਦਾ ਮੁੱਖ ਮਕਸਦ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ।ਦਿਨ ਭਰ ਤੇ ਰਾਤ ਨੂੰ ਕੰਮ ਕਰਨ ਤੋਂ ਬਾਅਦ ਉਹ ਅਕਸਰ ਇਹ ਸਤਰਾਂ ਗੁਣਗੁਣਾਉਦੇ ਸਨ:

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦੇ ਹੀ ਗਦਰ ਪਾਰਟੀ ਦੇ ਵਰਕਰ ਅਤੇ ਲੀਡਰ ਦੇਸ਼ ਆਉਣ ਲੱਗੇ ਤਾਂ ਜੋ ਅਜ਼ਾਦੀ ਲਈ ਹਥਿਆਰਬੰਦ ਕ੍ਰਾਂਤੀ ਕੀਤੀ ਜਾ ਸਕੇ।ਉਨ੍ਹੀ ਦਿਨੀ ਅੰਗਰੇਜ ਸਰਕਾਰ ਡੀਫੈਂਸ ਐਕਟ ਆਫ ਇੰਡੀਆ ਦੇ ਅਧੀਨ ਮੁਸਾਫਰਾਂ ਨੂੰ ਪੁਲਿਸ ਫੜ ਲੈਦੀ ਸੀ।ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕਰਤਾਰ ਸਿੰਘ ਸਰਾਭਾ ਪੁਲਿਸ ਤੋਂ ਅੱਖ ਬਚਾ ਕੇ ਪੰਜਾਬ ਆ ਗਿਆ ਸੀ।ਇੱਥੇ ਆਕੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਜ਼ਿਆਦਾਤਰ ਸਾਥੀ ਜੇਲਾਂ ‘ਚ ਬੰਦ ਹਨ ਜਾਂ ਫਿਰ ਸ਼ਹੀਦ ਹੋ ਗਏ ਹਨ।

ਉਨ੍ਹਾਂ ਨੇ ਫਿਰ ਪਾਰਟੀ ਨੂੰ ਸੰਗਠਿਤ ਕੀਤਾ ਅਤੇ ਰੋਜ ਸਾਈਕਲ ‘ਤੇ ਪੰਜਾਹ ਮੀਲ ਸਫਰ ਤੈਅ ਕਰਕੇ ਲੋਕਾਂ ਨੂੰ ਗਦਰ ਲਈ ਪ੍ਰੇਰਿਤ ਕਰਦੇ।ਇਸ ਤੋਂ ਬਾਅਦ ਸਤਿੰਦਰ ਨਥ ਸਾਨਿਆਲ ਦੀ ਮਦਦ ਨਾਲ ਰਾਸ ਬਿਹਾਰੀ ਬੋਸ ਨਾਲ ਸੰਪਰਕ ਕੀਤਾ ਅਤੇ ਗਦਰ ਦੀ ਯੋਜਨਾ ਦੱਸੀ।

ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਫੌਜੀਆਂ ਨੂੰ ਵੀ ਗਦਰ ਲਈ ਪ੍ਰੇਰਿਤ ਕੀਤਾ।ਇਸ ਲਈ ਉਹ ਮੇਰਠ, ਕਾਨਪਰ, ਫਿਰੋਜ਼ਪੁਰ ਆਦਿ ਫੌਜੀ ਛਾਉਣੀਆਂ ‘ਚ ਵੀ ਗਏ।ਪਾਰਟੀ ਨੂੰ ਧਨ ਇਕੱਠਾ ਕਰਕੇ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਸੀ।ਜਿਸ ਕਾਰਨ ਉਨ੍ਹਾਂ ਨੂੰ ਡਾਕੇ ਮਾਰਨੇ ਪਏ।ਸ਼ਾਹੂਕਾਰਾਂ ਨੂੰ ਲੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਝਾਉਦੇ ਕਿ ਇਹ ਸਭ ਤੁਹਾਡੀ ਤੇ ਲੋਕਾਂ ਦੀ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ।ਸਾਰੇ ਪ੍ਰਬੰਧਾਂ ਦੀ ਤਿਆਰੀ ਮਗਰੋਂ ਗਦਰ ਦੀ ਮਿਤੀ 21 ਫਰਵਰੀ 1915 ਨਿਯਤ ਕੀਤੀ ਗਈ।ਕ੍ਰਿਪਾਲ ਸਿੰਘ ਮੁਖਬਰ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ ਤੇ ਸਰਕਾਰ ਚੁਕੰਨੀ ਹੋ ਗਈ।ਗਦਰ ਦੀ ਯੋਜਨਾ ਅੱਗੇ ਪਾ ਦਿੱਤੀ ਗਈ।ਬਦਕਿਸਮਤੀ ਨਾਲ ਪੁਲਿਸ ਨੂੰ ਇਸਦਾ ਵੀ ਪਤਾ ਚੱਲ ਗਿਆ ਸੀ ਕਿਰਪਾਲ ਸਿੰਘ ਦੀ ਗੱਦਾਰੀ ਕਾਰਨ ਦੇਸ਼ ਭਗਤਾਂ ਦਾ ਸੁਪਨਾ ਅਧੂਰਾ ਰਹਿ ਗਿਆ।ਗਦਰ ਦੇ ਵਰਕਰਾਂ ਅਤੇ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ।ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਕਾਬੁਲ ਜਾਣਾ ਚਾਹੁੰਦੇ ਸਨ ਪਰ ਗੱਦਾਰਾਂ ਨੂੰ ਸੋਧਣ ਦੇ ਖਿਆਲ ਨਾਲ ਵਾਪਸ ਆ ਗਏ।ਦੋ ਮਾਰਚ 1915 ਨੂੰ ਸਰਗੋਧਾ ਦੇ ਚੱਕ ਨੰਬਰ ਪੰਜ ਪੁੱਜੇ ਅਤੇ ਹਥਿਆਰ ਲੈਣ ਲਈ ਰਸਾਲਦਾਰ ਗੰਢਾ ਸਿੰਘ ਕੋਲ ਪਹੁੰਚੇ ਜਿਸਨੇ ਧੋਖੇ ਨਾਲ ਇਨ੍ਹ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ।ਲਹੌਰ ਦੀ ਸੈਂਟਰਲ ਜੇਲ ‘ਚ ਕਈ ਮਹੀਨੇ ਮੁਕੱਦਮਾ ਚਲਦਾ ਰਿਹਾ।ਉਨ੍ਹਾਂ ਗਦਰ ‘ਚ ਸ਼ਮੂਲੀਅਤ ਅਤੇ ਹਥਿਆਰਬੰਦ ਕ੍ਰਾਂਤੀ ਦੀ ਗੱਲ ਕਬੂਲੀ। ਸਰਾਭਾ ਜੀ ਬਾਰੇ ਜੱਜ ਕਹਿੰਦੇ ਸਨ ਕਿ ਕਰਤਾਰ ਸਿੰਘ ਭਾਵੇਂ ਛੋਟੀ ਉਮਰ ਦਾ ਹੈ ਪਰ ਸਾਜਿਸ਼ੀ ਬਹੁਤ ਵੱਡਾ ਹੈ।ਜਿਸ ਕਾਰਨ ਉਨ੍ਹ੍ਹਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ।

ਕਰਤਾਰ ਸਿੰਘ ਸਰਾਭਾ ਜੇਲ ਸੁਪਰਡੈਂਟ ਨੂੰ ਅਕਸਰ ਕਹਿੰਦਾ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਫਾਂਸੀ ਦੇ ਦਿਉ ਤਾਂ ਜੋ ਮੈਂ ਦੁਬਾਰਾ ਜਨਮ ਲੈਕੇ ਅਜ਼ਾਦੀ ਦੀ ਲੜ੍ਹਾਈ ਲੜ ਸਕਾਂ।ਆਖਿਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ।ਜਦੋਂ ਇਹ ਖਬਰ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਸੁਣੀ ਤਾਂ ਉਹ ਅਚਨਚੇਤ ਹੀ ਬੋਲੇ ਕਰਤਾਰ ਸਿੰਘ ਸਰਾਭਾ ਉਮਰ ‘ਚ ਭਾਵੇਂ ਸਾਡੇ ਸਾਰਿਆਂ ਤੋਂ ਛੋਟਾ ਸੀ ਪਰ ਕੁਰਬਾਨੀ ਵਿੱਚ ਸਾਰਿਆਂ ਤੋਂ ਅੱਗੇ ਲੰਘ ਗਿਆ ਹੈ।ਉੱਨੀ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਦੇਸ਼ ਦੀ ਖਾਤਿਰ ਜਾਨ ਵਾਰਨ ਕਰਕੇ ਉਹ ਨੌਜਵਾਨਾਂ ਦੇ ਪ੍ਰੇਰਨਾ ਸ੍ਰੋਤ ਬਣ ਗਏ ਸਨ।ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਨੀਤਕ ਗੁਰੁ ਮੰਨਦਾ ਸੀ ਅਤੇ ਉਨ੍ਹਾਂ ਦੀ ਤਸਵੀਰ ਹਰ ਵੇਲੇ ਜੇਬ ‘ਚ ਰੱਖਦਾ ਸੀ।ਸ਼ਹੀਦ ਭਗਤ ਸਿੰਘ ਅਕਸਰ ਕਹਿੰਦੇ ਸਨ ਮੈਨੂੰ ਇਉਂ ਲੱਗਦਾ ਜਿਵੇਂ ਕਰਤਾਰ ਸਿੰਘ ਸਰਾਭਾ ਮੇਰਾ ਵੱਡਾ ਭਰਾ ਹੋਵੇ।

** ਲੇਖਕ ਮੈਡੀਕਲ ਵਿਦਿਆਰਥੀ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ