Mon, 09 September 2024
Your Visitor Number :-   7220122
SuhisaverSuhisaver Suhisaver

ਮਾਈਆਂ ਰੱਬ ਰਜਾਈਆਂ - ਕਰਨ ਬਰਾੜ ਹਰੀ ਕੇ ਕਲਾਂ

Posted on:- 18-05-2017

suhisaver

ਦਾਦੀ ਪਹਿਲਾਂ ਚਾਅ ਨਾਲ ਦਾਦੇ ਨਾਲ ਮੰਡੀਓਂ ਰੂੰ ਪੰਜਾ ਕੇ ਲਿਆਉਂਦੀ ਫੇਰ ਕਾਨ੍ਹਿਆਂ ਨਾਲ ਗੋਲ ਗੋਲ ਇਕੋ ਜਿਹੀਆ ਪੂਣੀਆਂ ਬਣਾਉਂਦੀ ਚਰਖੇ ਨੂੰ ਤੇਲ ਲਾਉਂਦੀ, ਚਰਖੇ ਦੀ ਮਾਲ੍ਹ ਪਾਉਂਦੀ ਮਾਲ੍ਹ ਪਾਉਣ ਦਾ ਤਰੀਕਾ ਵੀ ਵੱਖਰਾ ਹੀ ਹੁੰਦਾ, ਜਿਸ ਨੂੰ ਬੜੇ ਹੀ ਸੋਹਣੇ ਢੰਗ ਨਾਲ ਬੰਨ੍ਹਿਆ ਜਾਂਦਾ ਮਾਲ੍ਹ ਦੇ ਸਿਰੇ ਨੂੰ ਗੰਢ ਦੇ ਕੇ ਉਂਗਲ ਤੇ ਚੜ੍ਹਾ ਕੇ ਬੜੇ ਸਲੀਕੇ ਨਾਲ ਜੋੜਿਆ ਜਾਂਦਾ ਲਗਾਤਾਰ ਚਰਖਾ ਕੱਤਣ ਨਾਲ ਮਾਲ੍ਹ ਢਿੱਲੀ ਹੋ ਜਾਂਦੀ ਤਾਂ ਉਸਨੂੰ ਉਸੇ ਤਰੀਕੇ ਨਾਲ ਕੱਸ ਲਿਆ ਜਾਂਦਾ। ਚਰਮਖਾਂ ਵਿੱਚ ਦੀ ਤੱਕਲ਼ਾ ਲੰਘਾ ਕੇ ਪੰਜੀ 'ਚ ਮੋਰੀ ਕੱਢ ਕੇ ਤੱਕਲ਼ੇ ਦੇ ਮੂਹਰੇ ਲਾ ਲਿਆ ਜਾਂਦਾ ਫੇਰ ਬੇਬੇ ਛਾਬੇ 'ਚ ਪੂਣੀਆਂ ਰੱਖ ਕੇ ਪੀੜ੍ਹੀ ਤੇ ਬੈਠ ਕੇ ਚਰਖਾ ਕੱਤਦੀ ਲੰਬੇ ਲੰਬੇ ਤੰਦ ਪਾਉਂਦੀ ਤਾਂ ਚਰਖੇ ਦੀ ਘੂਕ ਸਾਰੇ ਘਰ ਵਿਚ ਗੂੰਜਦੀ। ਬੇਬੇ ਦੇ ਸਾਰੇ ਗਲੋਟੇ ਇੱਕੋ ਜਿਹੇ ਹੁੰਦੇ ਨਾ ਕੋਈ ਵੱਡਾ ਨਾ ਕੋਈ ਛੋਟਾ, ਗਲੋਟੇ ਚਿੱਟੇ ਕਬੂਤਰਾਂ ਦੇ ਬੱਚਿਆਂ ਵਰਗੇ ਜਾਪਦੇ ਜਿਹਨਾਂ ਨੂੰ ਉਹ ਛਾਬੇ 'ਚ ਬੜੇ ਹੀ ਸਲੀਕੇ ਨਾਲ ਰੱਖਦੀ।

ਸਾਨੂੰ ਜਦ ਵੀ ਵਿਹਲ ਮਿਲਦੀ ਤਾਂ ਅਸੀਂ ਚਰਖੇ ਦੇ ਨੇੜੇ ਹੋ ਜਾਂਦੇ ਉਸਨੂੰ ਚਲਦੇ ਨੂੰ ਬੜੇ ਰੀਝ ਨਾਲ ਦੇਖਦੇ ਕਦੇ ਕਦੇ ਕੱਤਣ ਵੀ ਲੱਗ ਜਾਂਦੇ ਪਰ ਸਾਡੇ ਤੋਂ ਬਰੀਕ ਤੰਦ ਦੀ ਥਾਂ ਮੋਟੇ ਮੋਟੇ ਰੱਸੇ ਜੇ ਬਣਦੇ ਪਰ ਬੇਬੇ ਜਦੋਂ ਪੂਣੀਆਂ ਚੋਂ ਐਨੀ ਤੇਜ ਬਰੀਕ ਤੰਦ ਕੱਢਦੀ ਗਲੋਟੇ ਬਣਾਉਂਦੀ ਤਾਂ ਕੋਈ ਜਾਦੂਗਰ ਲੱਗਦੀ। ਬੇਬੇ ਕੱਤਦੀ ਕੱਤਦੀ ਕੋਈ ਨਾ ਕੋਈ ਗੀਤ ਵੀ ਸ਼ੋਹ ਲੈਂਦੀ ਜੇ ਮੈਂ ਹੁਣ ਵੀ ਉਹ ਗੱਲਾਂ ਚੇਤੇ ਕਰਾਂ ਤਾਂ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਮੇਰੀਆਂ ਅੱਖਾਂ ਉਸ ਪੁਰਾਣੇ ਸੱਭਿਆਚਾਰ ਤੇ ਅਲੋਪ ਹੋ ਰਹੇ ਵਿਰਸੇ ਦੀ ਗਵਾਹ ਹਨ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ।

ਮੇਰੀ ਦਾਦੀ ਤੋਂ ਬਾਅਦ ਉਹੀ ਵਿਰਾਸਤ ਉਹੀ ਚਰਖਾ ਮੇਰੀ ਮਾਂ ਨੇ ਸੰਭਾਲ ਲਿਆ ਜਿਸ ਤੇ ਉਹ ਕਦੇ ਨਾ ਕਦੇ ਸਬੱਬ ਬਣੇ ਤੋਂ ਕੱਤ ਲੈਂਦੀ ਨਹੀਂ ਤਾਂ ਮਸ਼ੀਨੀਕਰਨ ਨੇ ਚਰਖੇ ਦੀ ਲੋੜ ਹੀ ਮਹਿਸੂਸ ਨਹੀਂ ਹੋਣ ਦਿੱਤੀ। ਮਸ਼ੀਨੀਕਰਨ ਭਾਵੇਂ ਸਮੇਂ ਦੀ ਲੋੜ ਸੀ ਪਰ ਉਸਨੇ ਸਾਡੇ ਤੋਂ ਬਹੁਤ ਕੁਝ ਖੋਹ ਲਿਆ ਜਿਸ ਵਿਚ ਮੇਰੀ ਦਾਦੀ ਦਾ ਚਰਖਾ ਵੀ ਸੀ। ਬਦਕਿਸਮਤੀ ਇਹ ਵੀ ਰਹੀ ਕਿ ਮੇਰੀ ਮਾਂ ਤੋਂ ਬਾਅਦ ਇਹ ਚਰਖਾ ਮੇਰੀ ਭੈਣ ਜਾਂ ਮੇਰੀ ਘਰਵਾਲੀ ਤੱਕ ਨਹੀਂ ਪਹੁੰਚਿਆ ਕਿਤੇ ਰਾਹ ਵਿਚ ਹੀ ਗਵਾਚ ਗਿਆ ਉਨ੍ਹਾਂ ਨੂੰ ਚਾਹ ਕੇ ਵੀ ਅੱਜਕੱਲ੍ਹ ਦੀਆਂ ਬਹੁਤੀਆਂ ਕੁੜੀਆਂ ਵਾਂਗ ਚਰਖਾ ਚਲਾਉਣਾ ਨਹੀਂ ਆਉਂਦਾ।

ਇਸ ਪਿੱਛੇ ਕਈ ਕਾਰਣ ਰਹੇ ਹੋਣਗੇ ਬਹੁਤ ਚੀਜ਼ਾਂ ਜ਼ਿੰਮੇਵਾਰ ਹੋਣਗੀਆਂ ਬਹੁਤ ਕੁਝ ਅਜਿਹਾ ਵਾਪਰਿਆ ਕਿ ਚਰਖੇ ਵਰਗੀਆਂ ਬੇਸ਼ਕੀਮਤੀ ਚੀਜ਼ਾਂ ਸਾਡੇ ਚੇਤਿਆਂ ਚੋਂ ਵਿੱਸਰ ਗਈਆਂ। 'ਤੇ ਅੱਜ ਉਹੀ ਪਿੱਤਲ ਦੀਆਂ ਪੱਤੀਆਂ ਤੇ ਕੋਕੇ ਜੜ੍ਹ ਕੇ ਬਣਿਆ ਮੇਰੀ ਦਾਦੀ ਦਾ ਚਰਖਾ ਸ਼ਾਇਦ ਤੂੜੀ ਵਾਲੇ ਕੋਠੇ ਦੀ ਛੱਤ ਤੇ ਸੁੱਟਿਆ ਪਿਆ ਹੋਵੇ ਜਿਸਨੂੰ ਕਦੇ ਮੇਰੀ ਦਾਦੀ ਆਪਣੀ ਜਾਨ ਤੋਂ ਪਿਆਰਾ ਰੱਖਦੀ ਸੀ ਜੋ ਉਸਨੂੰ ਆਪਣੇ ਦਾਜ਼ ਵਿੱਚ ਆਪਣੀ ਮਾਂ ਦੀ ਵਿਰਾਸਤ ਚੋਂ ਮਿਲਿਆ ਸੀ। ਕਈ ਵਾਰ ਕੱਤਦੀ ਦਾਦੀ ਭਾਵੁਕ ਹੋ ਉਦਾਸ ਗੀਤ ਗਾਉਂਦੀ ਤਾਂ ਉਸਦੀਆਂ ਅੱਖਾਂ ਚੋਂ ਤਿਪ ਤਿਪ ਹੰਝੂ ਚੋਂ ਰਹੇ ਹੁੰਦੇ ਜੇ ਕਿਸੇ ਪੁੱਛਣਾ ਤਾਂ ਉਸਨੇ ਕਹਿਣਾ ਕਿ ਇਹ ਮੇਰੀ ਮਾਂ ਦੀ ਨਿਸ਼ਾਨੀ ਹੈ, ਜਦੋਂ ਮੈਂ ਇਸ ਕੋਲ ਬੈਠਦੀ ਹਾਂ ਤਾਂ ਮੈਨੂੰ ਇਉਂ ਲਗਦਾ ਜਿਵੇਂ ਮੈਂ ਆਪਣੀ ਮਾਂ ਦੀ ਬੁੱਕਲ ਚ ਹੋਵਾਂ ਕਦੇ ਕਦੇ ਇਸਦੀ ਘੂਕ ਇਉਂ ਲੱਗਦੀ ਆ ਜਿਵੇਂ ਮੇਰੀ ਮਾਂ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ।

ਹੁਣ ਜੇ ਇਹ ਚੀਜ਼ਾਂ ਸਾਡੇ ਕੋਲੋਂ ਵਿੱਸਰ ਗਈਆਂ ਤਾਂ ਇਸ ਵਿਚ ਸ਼ਾਇਦ ਕਸੂਰ ਕਿਸੇ ਦਾ ਵੀ ਨਾ ਹੋਵੇ ਕਿਉਂਕਿ ਨਾ ਤਾਂ ਅੱਜ ਚਰਖਾ ਕੱਤਣ ਦਾ ਕਿਸੇ ਕੋਲ ਸਮਾਂ ਹੈ ਤੇ ਨਾ ਹੀ ਇਸਦੀ ਜ਼ਰੂਰਤ। ਦਾਦੀ ਦੇ ਨਾਲ ਨਾਲ ਚਰਖਾ ਵੀ ਆਪਣਾ ਵਕਤ ਵਹਾ ਚੁੱਕਾ ਪਰ ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਨਾ ਸਹੀ, ਪਰ ਆਪਣੇ ਚੇਤਿਆਂ ਵਿਚ ਉਹ ਖ਼ੂਬਸੂਰਤ ਯਾਦਾਂ ਤਾਂ ਸੰਭਾਲ ਹੀ ਸਕਦੇ ਹਾਂ ਅਤੇ ਅਸੀਂ ਮਹਿਸੂਸ ਤਾਂ ਕਰ ਹੀ ਸਕਦੇ ਹਾਂ ਕਿ ਜਿਵੇਂ ਦਾਦੀ ਆਪਣੇ ਵੇਲਿਆਂ ਵਿਚ ਆਪਣੇ ਪਿਆਰੇ ਚਰਖੇ ਤੇ ਕੱਤ ਰਹੀ ਹੋਵੇ ਕੋਲ ਬੈਠਾ ਦਾਦਾ ਟੀਂਡਿਆਂ ਚੋਂ ਨਰਮੇ ਦੀਆਂ ਫੁੱਟੀਆਂ ਕੱਢ ਰਿਹਾ ਹੋਵੇ ਚਰਖੇ ਦੀ ਘੂਕ ਵਿੱਚ ਦਾਦੀ ਦੇ ਬੋਲ ਘਰ ਦੀ ਫ਼ਿਜ਼ਾ ਵਿਚ ਮਿਸ਼ਰੀ ਘੋਲ ਰਹੇ ਹੋਣ।

ਜਿਉਂਦੀਆਂ ਰਹਿਣ ਮਾਈਆਂ ਰੱਬ ਰਜਾਈਆਂ ਜਿਊਂਦੇ ਰਹਿਣ ਉਨ੍ਹਾਂ ਦੇ ਚਰਖੇ ਜਿਹਨਾਂ ਬਾਰੇ ਉਹ ਕਹਿ ਦਿੰਦੀਆਂ ਸਨ ਕਿ ਖ਼ਸਮ ਮੰਗਿਆ ਤਾਂ ਦੇ ਦੂੰ, ਪਰ ਕਿਸੇ ਨੂੰ ਚਰਖਾ ਮੰਗਿਆ ਨ੍ਹੀਂ ਦਿੰਦੀ।

ਸੰਪਰਕ: +61 430 850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ