Mon, 14 October 2024
Your Visitor Number :-   7232414
SuhisaverSuhisaver Suhisaver

ਘਟਦਾ ਜਾ ਰਿਹਾ ਹੈ ਹੱਥੀਂ ਕੰਮ ਕਰਨ ਦਾ ਰੁਝਾਨ - ਬਲਕਰਨ ਕੋਟ ਸ਼ਮੀਰ

Posted on:- 20-09-2015

suhisaver

ਕੋਈ ਵੇਲਾ ਸੀ ਜਦੋਂ ਸਾਡੇ ਪਿੰਡਾਂ ਵਿੱਚ ਸੁਵਖਤੇ ਹੀ ਕੁੱਕੜ ਦੀ ਬਾਂਗ ਨਾਲ ਉੱਠ ਕੇ ਮਰਦ ਬਲ਼ਦਾਂ ਦੀ ਜੋੜੀ ਨਾਲ ਹਲ਼ ਜੋੜ ਲੈਂਦੇ ਸੀ ਤੇ ਸੁਆਣੀਆਂ ਖੂਹਾਂ ਤੋਂ ਪਾਣੀ ਦੇ ਕਈ ਕਈ ਘੜੇ ਭਰਦੀਆਂ,ਚਾਟੀ ਵਿੱਚ ਮਧਾਣੀਆਂ ਘੁੰਮਾਉਂਦੀਆਂ,ਚੱਕੀਆਂ ਪੀਂਹਦੀਆਂ।ਲੋਕਾਂ ਦੀ ਸਿਹਤ ਨਰੋਈ ,ਚੌੜੇ ਜੁੱਸੇ,ਛਲਕਦੇ ਡੌਲੇ ਅਤੇ ਸ਼ੁਡੌਲ ਸਰੀਰ ਹੁੰਦੇ ਸੀ।ਵਕਤ ਦੇ ਬੀਤਣ ਨਾਲ ਬਦਲਦੇ ਸਮਾਜਿਕ ਸਮੀਕਰਨਾਂ ਨਾਲ ਲੋਕਾਂ ਦੀ ਸੋਚ ਅਤੇ ਸੁਭਾਅ ਮੁਤਾਬਕ ਕੰਮ ਕਰਨ ਦੇ ਤੌਰ ਤਰੀਕੇ ਸਭ ਕੁਝ ਬਦਲ ਗਿਆ।ਸੂਚਨਾ ਅਤੇ ਤਕਨਾਲੋਜੀ ਦੇ ਦੌਰ ਅਤੇ ਸਾਧਨਾਂ ਦੀ ਬਹੁਤਾਤ ਨੇ ਇਨਸਾਨੀ ਜਿ਼ੰਦਗੀ ਦੀ ਬਿਹਤਰੀ ਲਈ ਕਾਫ਼ੀ ਉਸਾਰੂ ਅਤੇ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ,ਜਿੰਨ੍ਹਾਂ ਸਦਕਾ ਇਨਸਾਨ ਸਦੀਆਂ,ਸਾਲਾਂ ਦੀ ਜਿੰ਼ਦਗੀ ਘੰਟਿਆਂ, ਦਿਨਾਂ ਅਤੇ ਪਲਾਂ ਛਿਣਾਂ ਵਿੱਚ ਜਿਉਣ ਦੇ ਕਾਬਲ ਬਣ ਸਕਿਆ ਹੈ।ਹੁਣ ਤਾਂ ਹਰ ਇੱਕ ਕੰਮ ਨੂੰ ਕਰਨ ਦੀ ਚਾਲ ਢਾਲ ਹੀ ਬਦਲ ਗਈ ਹੈ,ਜਿਸ ਕਰਕੇ ਸਾਡੀ ਮਾਨਸਿਕਤਾ ਵਿੱਚ ਵੀ ਤਬਦੀਲੀ ਆਉਣੀ ਕੁਦਰਤੀ ਹੈ।

ਪਹਿਲਾਂ ਹਰ ਇੱਕ ਕੰਮ ਨੂੰ ਕਰਨ ਲਈ ਜ਼ਿਆਦਾਤਰ ਸਰੀਰ ਦੀ ਹੀ ਜ਼ੋਰ ਅਜ਼ਮਾਈ ਕੀਤੀ ਜਾਂਦੀ ਸੀ, ਇਸ ਲਈ ਦੱਬ ਕੇ ਵਾਹ ਤੇ ਰੱਜ ਕੇ ਖਾਹ ਦਾ ਸੰਕਲਪ ਪ੍ਰਚੱਲਤ ਹੋਇਆ।ਰੋਜ਼ਮਰ੍ਹਾ ਦੇ ਕੰਮ ਅਤੇ ਖੇਤਾਂ ਦੇ ਕੰਮ ਆਪਣੇ ਹੱਥੀਂ ਜਾਨ ਤੋੜ ਕੇ ਕੀਤੇ ਜਾਂਦੇ ਸੀ, ਕਿਉਂਕਿ ਓਦੋਂ ਲੋਕ ਗੁਰਬਾਣੀ ਦੀ ਤੁਕ `ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੁਆਰੀਐ`, ਤੇ ਅਟੁੱਟ ਵਿਸ਼ਵਾਸ ਰੱਖਦੇ ਸਨ। ਉਹ ਕਿਸੇ ਦੇ ਕੀਤੇ ਕੰਮ ਨੂੰ ਵੀ ਛੇਤੀ ਛੇਤੀ ਨੱਕ ਥੱਲੇ ਨਹੀਂ ਸੀ ਲਿਆਉਂਦੇ, ਉਸ ਦੌਰ ਵਿੱਚ ਜੇ ਕੋਈ ਕੰਮ ਘੱਟ ਕਰਦਾ ਜਾਂ ਕਿਸੇ ਦੀ ਰਫ਼ਤਾਰ ਮੱਠੀ ਹੁੰਦੀ ਜਾਂ ਬਹਾਨੇ ਬਣਾਉਂਦਾ ਤਾਂ ਉਸਨੂੰ ਹੱਡ-ਹਰਾਮੀ, ਕਮਚੋਰ , ਸੁਸਤ ਵਰਗੇ ਰੁਤਬੇ ਦੇ ਕੇ ਨਿਵਾਜ਼ ਦਿੱਤਾ ਜਾਂਦਾ ਸੀ।ਅੱਜਕਲ੍ਹ ਹਰ ਕੰਮ ਸਾਧਨਾਂ ਦੀ ਵਰਤੋਂ ਨਾਲ ਹੋਣਾ ਸ਼ੁਰੂ ਹੋ ਗਿਆ ਹੈ।

ਵੀਹ-ਵੀਹ ਕੋਹ ਪੈਰੀ ਤੁਰਨਾ ਅਤੇ ਔਖਾ ਸਰੀਰਕ ਕੰਮ ਕਰਨਾ ਤਾਂ ਹੁਣ ਬੀਤੇ ਵੇਲੇ ਦੀਆਂ ਹੀ ਗੱਲਾਂ ਬਣ ਕੇ ਰਹਿ ਗਈਆਂ। ਡਾਕਟਰਾਂ ਦੀ ਰਾਇ ਮੰਨੀਏ ਤਾਂ ਸਾਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਇੱਕ ਵਾਰੀ ਦਿਲ ਦੀ ਧੜਕਣ 100 ਵਾਰ ਪ੍ਰਤੀ ਮਿੰਟ ਤੱਕ ਲਿਜਾਣਾ ਅਤੇ ਸਰੀਰ ਨੂੰ ਪਸੀਨਾ ਲਿਆਉਣਾ ਜ਼ਰੂਰੀ ਹੈ।ਸੈਰ ਜਾਂ ਕਸਰਤ ਕਰਨਾ ਤਾਂ ਸਾਡਾ ਸੁਭਾਅ ਹੀ ਬਹੁਤ ਘੱਟ ਹੈ। ਵਕਤ ਦੇ ਬਦਲਾਅ ਨੇ ਸਾਡੀ ਮਾਨਸਿਕਤਾ ਵਿੱਚ ਜਿੱਥੇ ਉੋਸਾਰੂ ਤਬਦੀਲੀ ਲਿਆਂਦੀ ਹੈ,ਓਥੇ ਹੱਥੀਂ ਕੰਮ ਨਾ ਕਰਨ ਦੀ ਪ੍ਰਵਿਰਤੀ ਵਰਗਾ ਨਿਘਾਰ ਵੀ ਆਇਆ ਹੈ। ਅੱਜਕੱਲ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖਿਲਾਫ਼ ਸਮਝਿਆ ਜਾਣ ਲੱਗਾ ਹੈ।ਖਾਸ ਕਰ ਸਾਡੀ ਨੌਜਵਾਨ ਪੀੜ੍ਹੀ ਜਿਸ ਨੇ ਆਪਣੀਆਂ ਸਾਰੀਆਂ ਧੁਨਾਂ ਸੰਚਾਰ ਸਾਧਨਾਂ ਨਾਲ ਜੋੜ ਲਈਆਂ, ਜਿਹੜੇ ਆਪਣੇ ਸਾਰੇ ਦੇ ਸਾਰੇ ਹੱਲ ਓਥੇ ਹੀ ਖੋਜਣ ਲੱਗ ਪੈਂਦੇ ਨੇ, ਅਖ਼ੇ,ਇੱਕ ਨੌਜਵਾਨ ਨੂੰ ਜਦੋਂ ਆਪਣੇ ਪਾਪਾ ਦੀਆਂ ਚੱਪਲਾਂ ਘਰ ਵਿੱਚੋਂ ਲੱਭ ਕੇ ਦੇਣ ਲਈ ਕਿਹਾ ਗਿਆ ਤਾਂ ਉਹ ਬੈਠਾ ਬੈਠਾ ਹੀ ਆਪਣੇ ਲੈਪਟੋਪ ਤੇ ਉਂਗਲਾ ਮਾਰਦਾ ਗੁਗਲ ਵਿੱਚ ਸਰਚ ਕਰ ਰਿਹਾ ਹੈ, ਮਾਈ ਪਾਪਾ `ਜ਼ ਚੱਪਲ। ਕੰਮ ਕਰਨ ਲਈ ਸੰਚਾਰ ਸਾਧਨਾਂ `ਤੇ ਤਕਨਾਲੌਜੀ ਦਾ ਸਹਾਰਾ ਲੈਣਾ ਗਲਤ ਨਹੀਂ,ਪ੍ਰੰਤੂ ਆਪਣੇ ਆਪ ਨੂੰ ਸਿਰਫ਼ ਉਨ੍ਹਾਂ `ਤੇ ਆਸਰਤ ਕਰ ਲੈਣਾ ਠੀਕ ਨਹੀਂ ਹੈ।ਸਾਧਨਾਂ ਦੀ ਦੌੜ ਵਿੱਚ ਅਸੀਂ ਆਪਣੇ ਆਪ ਨੂੰ ਨਕਾਰਾ ਬਣਾ ਰਹੇ ਹਾਂ।ਕਈ ਸ਼ਹਿਰੀ ਔਰਤਾਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਪਰਿਵਾਰ ਨੂੰ ਖਾਣਾ ਰੈਸਟੋਰੈਂਟਾਂ ਵਿੱਚ ਖੁਆਉਣਾ ਆਪਣੀ ਸ਼ਾਨ ਸਮਝਦੀਆਂ ਹਨ,ਸਿਹਤ ਵੀ ਖਰਾਬ ਅਤੇ ਘਰ ਦੀ ਆਰਥਿਕਤਾ `ਤੇ ਵੀ ਵਾਧੂ ਬੋਝ।

ਮੇਰਾ ਇੱਕ ਦੋਸਤ ਹੈ ਕਰਮਪਾਲ। ਕਾਰਾਂ ਦੀਆਂ ਬਾਡੀਆਂ ਦੀ ਮੁਰੰਮਤ ਦਾ ਇੱਕ ਨਿਪੁੰਨ ਕਾਰੀਗਰ ਹੈ।ਮੈਂ ਜਦੋਂ ਵੀ ਉਸਨੂੰ ਦੇਖਦਾਂ,ਕੱਪੜੇ ਹਮੇਸ਼ਾਂ ਗਰੀਸ ਨਾਲ ਕਾਲੇ਼, ਗੱਡੀਆਂ ਥੱਲੇ ਲੰਮਾਂ ਪਿਆ, ਪਸੀਨੋ ਪਸੀਨੀ ਹੋਇਆ ਹੰੁਦੈ। ਮਿਲਣ ਵੇਲੇ ਅਕਸਰ ਕਹਿੰਦਾ ਹੁੰਦੈ ਕਿ ਸਾਡੇ ਮੁਲਕ ਵਿੱਚ ਕਾਰੀਗਰਾਂ ਦੀ ਇੱਜ਼ਤ ਨਹੀਂ।ਪੱਛਮ ਦੇ ਦੇਸਾਂ ਵਿੱਚ ਹੁਨਰ ਦੀ ਸਹੀ ਕਦਰ ਹੈ,ਇੱਥੋਂ ਦਾ ਆਮ ਕਾਰੀਗਰ ਉਨ੍ਹਾਂ ਮੁਲਕਾਂ `ਚ ਜਾ ਕੇ ਸਾਡੇ ਇੰਜੀਨੀਅਰਾਂ ਤੋਂ ਵੱਧ ਕਮਾਈ ਕਰਨ ਲੱਗ ਜਾਂਦੈ ਤੇ ਪੂਰਾ ਮਾਣ ਸਤਿਕਾਰ ਬਟੋਰਦਾ ਹੈ,ਕਿਉਂ ਕਿ ਉਥੇ ਹੱਥੀਂ ਕੰਮ ਨੂੰ ਛੋਟਾ ਨਹੀਂ, ਸਨਮਾਨ ਨਾਲ ਦੇਖਿਆ ਜਾਂਦਾ ਹੈ,ਕਦੀ ਕਦੀ ਦਿਲ ਕਰਦੈ ਜਹਾਜ਼ ਚੜ੍ਹ ਜਾਈਏ। ਸ਼ਾਇਦ ਏਹੀ ਸੋਚ ਸਾਨੂੰ ਵਿਦੇਸ਼ਾ ਵੱਲ ਭੱਜਣ ਲਈ ਹੋੜਦੀ ਹੈ ।

ਸਾਡੀ ਨੌਜਵਾਨ ਪੀੜ੍ਹੀ ਬੇਸ਼ੱਕ ਅਗਾਂਹਵਧੂ ਹੋਣ ਦਾ ਬਹਾਨਾ ਬਣਾ ਕੇ ਸਾਧਨਾਂ ਦੀ ਆੜ ਵਿੱਚ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਕੋਸਿ਼ਸ ਕਰਦੀ ਹੈ, ਪ੍ਰੰਤੂ ਸਚਾਈ ਇਹ ਹੈ ਕਿ ਸਾਡੇ ਤੋਂ ਹੁਣ ਹੱਥੀਂ ਕੰਮ ਕਰਨ ਦੀ ਆਦਤ ਪੱਲਾ ਛੁਡਾਉਂਦੀ ਜਾ ਰਹੀ ਹੈ।ਬਜ਼ੁਰਗ ਬਾਪੂ ਖੇਤਾਂ ਵਿੱਚ ਹਠ ਦੀ ਕਮਾਈ ਕਰ ਰਿਹਾ ਹੁੰਦਾ ਹੈ ਤੇ ਨੋਜਵਾਨ ਪੁੱਤ ਚਿੱਟੇ ਕੱਪੜੇ ਪਾ ਕੇ ਮੋਟਰ ਸਾਈਕਲ `ਤੇ ਖੇਤ ਸਿਰਫ਼ ਗੇੜੀ ਮਾਰਨ ਜਾਂਦਾ ਹੈ ਤੇ ਦੋਸਤਾਂ ਦੀਆਂ ਮਹਿਫ਼ਲਾਂ ਵਿੱਚ ਬੈਠ ਕੇ ਦੇਸ਼ ਦੇ ਅਰਥਚਾਰੇ ਦੇ ਸੁਧਾਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ।ਖੇਤੀ ਦਾ ਕੰਮ ਖਰਚਿਆਂ ਦੀ ਭੇਂਟ ਚੜਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਹੁਣ ਖੇਤੀ `ਚ ਕੀ ਰੱਖਿਆ ਹੈ।ਘਰਾਂ ਵਿੱਚ ਆਮ ਟੁੱਟ-ਭੱਜ ਦੇ ਕੰਮ ਵੀ ਮਜ਼ਦੂਰਾਂ ਤੋਂ ਬਿਨਾਂ ਨਹੀਂ ਹੁੰਦੇ।ਮਜ਼ਦੂਰ ਵੀ ਜਿ਼ਆਦਾਤਰ ਪ੍ਰਵਾਸੀ ਹੀ ਹੁੰਦੇ ਹਨ, ਜੋ ਦੂਸਰੇ ਸੂਬਿਆਂ ਤੋਂ ਸਾਡੇ ਖਿੱਤੇ ਵਿੱਚ ਆ ਕੇ ਆਪਣੇ ਪਰਿਵਾਰ ਵਸਾ ਰਹੇ ਹਨ ਅਤੇ ਸਾਡਾ ਸਾਰਾ ਕੰਮ ਉਨ੍ਹਾਂ `ਤੇ ਆਸਰਤ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਉਨ੍ਹਾਂ ਬਿਨਾਂ ਨਕਾਰਾ।

ਸੋ ਲੋੜ ਹੈ ਸਾਡੇ ਦੇਸ਼ ਵਿੱਚ ਹੱਥੀਂ ਕੰਮ ਕਰਨ ਦੇ ਘਟ ਰਹੇ ਰੁਝਾਨ ਬਾਰੇ ਸੁਹਿਰਦਤਾ ਨਾਲ ਸੋਚਣ ਦੀ।ਸਾਡੇ ਦੇਸ਼ ਅਤੇ ਦਿਲਾਂ ਵਿੱਚ ਹੁਨਰ ਦਾ ਸਤਿਕਾਰ ਵਧਣਾ ਚਾਹੀਦਾ ਹੈ, ਕਿਉਂਕਿ ਕਿਤਾਬੀ ਪੜ੍ਹਾਈ ਤੇ ਨਾਲ ਨਾਲ ਦੇਸ਼ `ਚ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ ਪਾ ਕੇ ਹੱਥ-ਕਲਾ ਦੇ ਜ਼ਰੀਏ ਆਪਣੇ ਪੈਰਾਂ ਤੇ ਵੀ ਖੜਾ ਹੋਣਾ ਸਮੇਂ ਦੀ ਇੱਕ ਜ਼ਰੂਰਤ ਹੈ, ਮਸ਼ੀਨੀਕਰਨ ਦੀ ਮਦਦ ਨਾਲ ਕੰਮ ਆਧੁਨਿਕ ਢੰਗਾਂ ਨਾਲ ਕਰਨਾ ਰਤਾ ਵੀ ਗਲਤ ਨਹੀਂ,ਪ੍ਰੰਤੂ ਸਾਰਾ ਕੁਝ ਸਿਰਫ਼ ਮਸ਼ੀਨਾਂ ਹੀ ਕਰਨ ਇਹ ਸੋਚ ਸਹੀ ਨਹੀਂ, ਕਿਤੇ ਇਹ ਨਾ ਹੋਵੇ ਕਿ ਸਾਡੇ ਮਜ਼ਬੂਤ ਪੱਠਿਆਂ ਦੇ ਮਾਲਕ ਹੋਣ ਵਾਲੇ, ਦੂਰ ਦੂਰ ਦੇ ਦੇਸ਼ਾਂ `ਚ ਆਪਣੀ ਪੈਦਾਵਾਰ ਜਾਂ ਕੰਮ ਦੀ ਧਾਂਕ ਜਮਾਉਣ ਵਾਲੇ ਅੱਥਰੇ ਸੁਭਾਅ ਵਾਲੇ ਪੰਜਾਬੀ ਦੁਨੀਆਂ ਦੀ ਸਭ ਤੋਂ ਕਮਜ਼ੋਰ ਕੌਮ ਸਾਬਤ ਹੋ ਜਾਣ।

ਸੰਪਰਕ: +91 75080 92957

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ