Sat, 05 October 2024
Your Visitor Number :-   7229310
SuhisaverSuhisaver Suhisaver

ਜਨਮ ਦਿਨ -ਨੀਲ

Posted on:- 17-01-2015

suhisaver

ਮੇਰੇ ਸਾਹਿਤਿਕ ਉਸਤਾਦ ਮਾਣਯੋਗ ਮੈਡਮ (ਡਾ:)  ਮਨੁ ਸ਼ਰਮਾ ਸੋਹਲ ਜੀ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਵਰ੍ਹੇ ਦੀ ਵਧਾਈ ਵਾਲੇ ਸਾਹਿਤਿਕ ਕਾਰਡ ਛਪਵਾ ਕੇ ਡਾਕ ਰਾਹੀਂ ਘੱਲੇ ਸਨ ਤਾਂ ਜੋ ਮੈਂ ਆਪਣੇ ਮਿੱਤਰਾਂ ਨੂੰ ਵੰਡ ਸਕਾਂ। ਕਾਰਡ ਜਿਸ ਦਿਨ ਪਹੁੰਚੇ ਉਸੇ ਦਿਨ ਤੋਂ ਹੀ ਲਿਖ ਕੇ ਘੱਲਣੇ ਸ਼ੁਰੂ ਕਰ ਦਿੱਤੇ। ਦੂਰ ਵੱਸਣ ਵਾਲਿਆਂ ਨੂੰ ਡਾਕ ਰਾਹੀਂ ਘੱਲ ਦਿੱਤੇ, ਪਰ ਜੋ ਸ਼ਹਿਰ ਵਿਚ ਹੀ ਰਹਿੰਦੇ ਹਨ, ਉਨ੍ਹਾਂ ਵਾਸਤੇ ਕਾਰਡਾਂ ਦੇ ਲਿਫਾਫਿਆਂ ਉੱਪਰ ਨਾਮ ਪਤੇ ਤਾਂ ਲਿਖ ਲਏ ਸਨ ਪਰ ਇਹ ਸੋਚ ਕੇ ਕਿ ਇਨ੍ਹਾ ਨੂੰ ਆਪਣੇ ਹੱਥੀਂ ਘਰੋ-ਘਰੀਂ ਜਾ ਕੇ ਵੰਡ ਕੇ ਆਵਾਂਗਾ ਅਤੇ ਇਸ ਬਹਾਨੇ ਸਾਰਿਆਂ ਨਾਲ ਮੁਲਾਕਾਤਾਂ ਵੀ ਹੋ ਜਾਣਗੀਆਂ।

ਰੋਜ਼ ਸੋਚਦਾ ਸਾਂ ਕਿ ਅੱਜ ਜਾਵਾਂਗਾ, ਕੱਲ ਜਾਵਾਂਗਾ ਪਰ ਨਾ ਜਾ ਹੋਇਆ ਅਤੇ ਇੰਝ ਕਰਦਿਆਂ ਦੋ ਹਫਤਿਆਂ ਤੋਂ ਵੀ ਵੱਧ ਸਮਾਂ ਲੰਘ ਗਿਆ। ਅੱਜ ਸੋਚਿਆ ਕਿ ਹੁਣ ਤਾਂ ਨਵੇਂ ਸਾਲ ਦਾ ਪਹਿਲਾ ਪੰਦਰਵਾੜਾ ਵੀ ਬੀਤ ਗਿਆ ਕਿਤੇ ਇੰਝ ਹੀ ਸੋਚਦਿਆਂ-ਕਰਦਿਆਂ ਫਰਵਰੀ ਮਹੀਨਾ ਹੀ ਨਾ ਚੜ੍ਹ ਜਾਵੇ, ਸੋ ਮਨ ਪੱਕਾ ਕੀਤਾ ਕੀ ਅੱਜ ਇਹ ਕੰਮ ਜ਼ਰੂਰ ਨੇਪਰੇ ਚੜ੍ਹਾਉਣਾ ਹੈ। ਕਈ ਦੋਸਤਾਂ ਮਿੱਤਰਾਂ ਨੂੰ ਕਾਰਡ ਵੰਡ ਦਿੱਤੇ ਸਨ। ਫਿਰ ਸੋਚਿਆ ਕਿ ਅਜਿੰਦਰ ਸਿੰਘ ਦੇ ਘਰੀਂ ਜਾਵਾਂ ਕਿ ਨਾ ਜਾਵਾਂ?

ਦੋ ਵਰ੍ਹੇ ਪਹਿਲੋਂ ਦੀ ਗੱਲ ਹੈ, ਜਦੋਂ ਮੈਂ ਮੰਡੀ (ਹਿਮਾਚਲ ਪ੍ਰਦੇਸ਼) ਵਿਖੇ ਤਾਇਨਾਤ ਸਾਂ, ਇਕ ਐਤਵਾਰ ਦੇ ਦਿਨ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਆ ਰਿਹਾ ਸਾਂ ਕਿ ਮੇਰੇ ਇਕ ਦੋਸਤ ਨਵਦੀਪ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਾਡੇ  ਸਾਂਝੇ ਦੋਸਤ ਅਜਿੰਦਰ ਦਾ ਚੰਡੀਗੜ੍ਹ ਦੇ ਇਕ ਸੜਕ ਹਾਦਸੇ ਵਿਚ ਦੁਖਦ ਦਿਹਾਂਤ ਹੋ ਗਿਆ ਹੈ। ਸੁਣ ਕੇ ਦਿਮਾਗ਼ ਜਿਵੇਂ ਸੁੰਨ ਜਿਹਾ ਹੋ ਗਿਆ। ਅੱਖਾਂ ਮੂਹਰੇ ਅਜਿੰਦਰ ਦਾ ਦਸਤਾਰ ਨਾਲ ਸਜਿਆ ਪਤਲਾ ਅਤੇ ਸੁਹਣਾ ਜਿਹਾ ਚਿਹਰਾ ਘੁੰਮਣ ਲੱਗ ਪਿਆ ਜਿਸ ਵਿੱਚੋਂ ਸਦਾ ਹੀ ਇਕ ਨਵੇਂ ਜੰਮੇ ਬਾਲ ਵਰਗੀ ਨਿਸਛਲਤਾ ਝਲਕਦੀ ਹੁੰਦੀ ਸੀ। ਅਮਨ, ਨਵਦੀਪ, ਅਜਿੰਦਰ ਅਤੇ ਮੇਰੇ ਸਣੇ ਸਾਡੀ ਚਾਰਾਂ ਦੀ ਜੁੰਡਲੀ ਹੁੰਦੀ ਸੀ, ਜਿਸ ਵਿੱਚੋਂ ਅਜਿੰਦਰ ਹੀ ਸੱਭ ਨਾਲੋਂ ਵੱਖਰਾ ਸੀ। ਆਪਣੇ ਮਾਪਿਆਂ ਦਾ ਗੁਰਬਾਣੀ ਵਾਂਗੂੰ ਸਤਿਕਾਰ ਕਰਨ ਵਾਲਾ ਅਜਿੰਦਰ ਆਪਣੀ ਅਦੁੱਤੀ ਸ਼ਖ਼ਸੀਅਤ ਸਦਕਾ ਆਪਣੇ ਫੋਕੇ ਪਾਣੀ ਵਰਗੇ ਦੋਸਤਾਂ ਵਿਚ ਵੀ ਤਲੀ ਤੇ ਜਾ ਟਿਕਣ ਵਾਲੇ ਅਸਲੀ ਸ਼ਹਿਦ ਵਰਗਾ ਸੀ, ਜਿਸਨੂੰ ਵਿੱਚ ਰਲਿਆ ਹੋਇਆ ਵੀ ਅੱਡ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਸੀ।

ਮਨ ਨਾਲ ਬੜੀ ਜੱਦੋ ਜਹਿਦ ਕਰਨ ਉਪਰੰਤ ਮੈਂ ਇਹ ਮਹਿਸੂਸ ਕੀਤਾ ਕਿ ਬੇਸ਼ਕ ਮੇਰੇ ਜਾਣ ਨਾਲ ਅਜਿੰਦਰ ਦੇ ਮਾਤਾ ਪਿਤਾ ਦੇ ਦਿਲ ਦੇ ਤਾਰ ਫਿਰ ਛਿੜ ਜਾਣਗੇ ਅਤੇ ਉਹ ਫਿਰ ਉਸਨੂੰ ਯਾਦ ਕਰਦਿਆਂ ਉਦਾਸ ਹੋ ਜਾਣਗੇ ਪਰ ਮੇਰੇ ਜਾਣ ਨਾਲ ਖ਼ਬਰੇ ਉਨ੍ਹਾਂ ਨੂੰ ਇਕ ਹੋਂਸਲਾ ਜਿਹਾ ਹੀ ਮਿਲ ਜਾਵੇ ਕਿ ਚਲੋ ਕੋਈ ਤਾਂ ਹੈ ਜੋ ਅੱਜ ਵੀ ਅਜਿੰਦਰ ਨੂੰ ਚੇਤੇ ਕਰ ਰਿਹਾ ਹੈ। ਇਸੇ ਉਸਾਰੂ ਵਿਚਾਰ ਨਾਲ ਮੈਂ ਉਨ੍ਹਾਂ ਦੇ ਘਰੀਂ ਚਲਾ ਗਿਆ। ਘਰੀਂ ਅਜਿੰਦਰ ਦੇ ਮੰਮੀ ਜੀ ਸਨ। ਉਨ੍ਹਾਂ ਦੇ ਕਹਿਣ ਤੇ ਜਦੋਂ ਮੈਂ ਘਰ ਦੇ ਅੰਦਰ ਜਾ ਕਿ ਉਨ੍ਹਾਂ ਦਾ ਹਾਲ-ਚਾਲ ਪੁੱਛਣ ਉਪਰੰਤ ਕਾਰਡ ਉਨ੍ਹਾਂ ਦੇ ਹੱਥੀਂ ਫੜਾਇਆ ਤਾਂ ਜਿਵੇਂ ਪੁੰਨਿਆਂ ਦੀ ਰਾਤ ਦੀਆਂ ਖਿੱਚਾਂ ਨੇਂ ਇਕ ਮਾਂ ਦੇ ਦਿਲ ਦੇ ਵਿਸ਼ਾਲ ਅਤੇ ਸਮੇ ਦੇ ਸਦਕਾ ਸ਼ਾਂਤ ਪਏ ਸਮੁੰਦਰ ਵਿਚ ਜਵਾਰ-ਭਾਟੇ ਦੀਆਂ ਛੱਲਾਂ ਪੈਦਾ ਕਰ ਛੱਡੀਆਂ ਅਤੇ ਨੈਣਾ ਦੇ ਕੰਢਿਆਂ ਚੋਂ ਸਮੁੰਦਰ ਦਾ ਪਾਣੀ ਆਪ ਮੁਹਾਰੇ ਵਹਿ ਤੁਰਿਆ। ਮੈਨੂੰ ਕਾਲਜੇ ਨਾਲ ਲਾ ਕੇ ਇਕ ਮਾਂ ਬੋਲ ਪਈ ਕਿ ਮੇਰੇ ਅਜਿੰਦਰ ਦੇ ਨਾਲ ਪੜਨ ਵਾਲੇ ਨੇਂ ਅਜਿੰਦਰ ਨੂੰ ਯਾਦ ਕੀਤਾ ਹੈ। ਮਾਂ ਨੇਂ ਰੋਂਦਿਆਂ-ਰੋਂਦਿਆਂ ਹੀ ਅਜਿੰਦਰ ਦੀਆਂ ਅਨੇਕਾਂ ਗੱਲਾਂ ਨੂੰ ਚੇਤੇ ਕਰ ਦੁਹਰਾ ਛੱਡਿਆ।

ਕੁਝ ਸੰਭਲਣ ਮਗਰੋਂ ਉਨ੍ਹਾਂ ਕਿਹਾ ਕਿ ਤੂੰ ਬੈਠ, ਮੈਂ ਤੇਰੇ ਵਾਸਤੇ ਚਾਹ ਬਣਾ ਕਿ ਲਿਆਉਂਦੀ ਹਾਂ, ਪਰ ਮੈਂ ਮਨ੍ਹਾ ਕੀਤਾ ਕਿਉਂਕਿ ਕੁਝ ਚਿਰ ਪਹਿਲਾਂ ਹੀ ਮੈਂ ਗੁਰਵਿੰਦਰ (ਇਕ ਹੋਰ ਦੋਸਤ) ਦੇ ਘਰੋਂ ਚਾਹ ਪੀ ਕੇ ਹੀ ਆਇਆ ਸਾਂ। ਮੈਂ ਉਨ੍ਹਾਂ ਦਾ ਦਿਲ ਰੱਖਣ ਲਈ ਉਨ੍ਹਾਂ ਨੂੰ ਕਿਹਾ ਕਿ ਪਾਣੀ ਪਿਲਾ ਦੇਵੋ। ਉਹ ਝੱਟ ਚੌਕੇ ਵਿਚ ਗਏ ਅਤੇ ਪਾਣੀ ਕੋਸਾ ਕਰਕੇ ਲੈ ਕੇ ਆਏ ਤਾਂ ਜੋ ਠੰਡ ਵਿਚ ਪੀਤਾ ਜਾ ਸਕੇ।ਉਹਨਾ ਕਿਹਾ ਕਿ ਤੇਰੇ ਪਿਤਾ ਜੀ ਦੇ ਸਵਰਗਵਾਸ ਮਗਰੋਂ ਤੇਰੀ ਮੰੰਮੀਂ ਵਾਂਗਣ ਹੁਣ ਤਾਂ ਮੈਂ ਵੀ ਕਈ ਕਈ ਦਿਨ ਘਰੋਂ ਬਾਹਰ ਨਹੀਂ ਨਿੱਕਲਦੀ, ਮਨ ਮਾਰਿਆ ਗਿਆ ਹੈ।ਜੇ ਬਾਜ਼ਾਰ ਜਾਉਂਦੀ ਹਾਂ ਤਾਂ ਮੇਰੀਆਂ ਨਜ਼ਰਾਂ ਸਾਰਿਆਂ ਨੂੰ ਇੰਝ ਤੱਕਦੀਆਂ ਹਨ ਕਿ ਸ਼ਾਇਦ ਕਿਧਰੇ ਕੋਈ ਅਜਿੰਦਰ ਵਰਗੀ ਦਿੱਖ ਵਾਲਾ ਮੁੰਡਾ ਹੀ ਦਿੱਸ ਪਵੇ ਤੇ ਮੈਂ ਉਸਨੂੰ ਰੀਝ ਨਾਲ ਨਿਹਾਰ ਸਕਾਂ ਪਰ ਉਸ ਵਰਗਾ ਕਿਧਰੇ ਕੋਈ ਨਹੀਂ ਦਿਸਦਾ। ਇੰਝ ਦੁੱਖ-ਸੁੱਖ ਸਾਂਝੇ ਕਰਨ ਮਗਰੋਂ ਮੈਂ ਵਿਦਾ ਲੈ ਲਈ ਅਤੇ ਬਾਹਰ ਵੱਲ ਚੱਲਣ ਲੱਗਿਆ ਹੀ ਸਾਂ ਕਿ ਉਹ ਫਿਰ ਕਹਿਣ ਲੱਗੇ ਕਿ ਚਾਹ ਤਾਂ ਤੂੰ ਪੀਤੀ ਨਹੀਂ ਤੇ ਮੇਰਾ ਮਨ ਕਿੰਝ ਟਿਕੂ। ਏਨਾ ਸੁਣਦਿਆਂ ਹੀ ਮੈਂ ਉਨ੍ਹਾਂ ਨੂੰ ਕਿਹਾ ਕਿ ਬਣਾਓ ਚਾਹ, ਮੈਂ ਜ਼ਰੂਰ ਪੀ ਕੇ ਜਾਵਾਂਗਾ। ਉਨ੍ਹਾਂ ਨੇ ਬੜੀ ਰੀਝ ਨਾਲ ਮੇਰੇ ਲਈ ਚਾਹ ਬਣਾਈ ਤੇ ਮੈਂ ਪੀਣੀ ਸ਼ੁਰੂ ਕੀਤੀ। ਉਨ੍ਹਾਂ ਦੇ ਕਹਿਣ ਤੇ ਮੈਂ ਇਕ ਬਿਸਕੁਤ ਵੀ ਚੁੱਕਿਆ ਅਤੇ ਮੇਰੇ ਕਹਿਣ ਤੇ ਉਨ੍ਹਾਂ ਨੇ ਵੀ ਇਕ ਬਿਸਕੁਟ ਖਾਧਾ। ਉਸ ਵੇਲੇ ਉਨ੍ਹਾਂ ਨੇਂ ਦੱਸਿਆ ਕਿ ਅੱਜ ਅਜਿੰਦਰ ਦਾ ਜਨਮ ਦਿਨ ਵੀ ਹੈ ਅਤੇ ਇੰਨਾ ਕਹਿਣ ਤੇ ਉਨ੍ਹਾਂ ਦੇ ਮਨ ਦਾ ਰੁਕ ਚੁੱਕਿਆ ਤੂਫਾਨ ਅੱਖਾਂ ਰਾਹੀਂ ਫਿਰ ਉਛਾਲੀ ਮਾਰ ਗਿਆ।

ਇਕ ਦੁਖੀ ਮਾਂ ਆਪਣੇ ਵਿਛੜ ਚੁੱਕੇ ਪੁੱਤਰ ਦੇ ਜਨਮ ਦਿਨ ਵਾਲੇ ਦਿਨ ਅਚਨਚੇਤ ਆਏ ਉਸਦੇ ਦੋਸਤ ਨੂੰ ਚਾਹ ਪਿਲਾ ਕੇ ਤ੍ਰਿਪਤ ਹੋ ਰਹੀ ਸੀ। ਮੈਂ ਵੀ ਉਨ੍ਹਾਂ ਦੇ ਦੁੱਖ ਅਤੇ ਅਪਣੱਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਚਾਹ ਪੀ ਲਈ ਸੀ। ਇਹ ਇਕ ਦੋਸਤ ਦੀ ਮਾਂ ਵੱਲੋਂ ਆਪਣੇ ਪੁੱਤਰ ਦੇ ਜਨਮ ਦਿਨ ਦੀ ਇਕ ਅਨੋਖੀ ਚਾਹ ਸੀ, ਜਿਸ ਵਿਚ ਰਤੀ ਕੁ ਖ਼ੁਸ਼ੀ, ਮਾਸਾ ਕੁ ਉਦਾਸੀ, ਸੇਰ ਕੁ ਯਾਦ ਅਤੇ ਮਣਾਂ ਮੂੰਹ ਦਿਲ ਦੀ ਤਸੱਲੀ ਭਰੀ ਹੋਈ ਸੀ।

ਸੰਪਰਕ: +91 94184 70707

Comments

Neel

ਸੱਚੀ ਘਟਨਾ 'ਤੇ ਅਧਾਰਿਤ ਇਸ ਕਹਾਣੀ ਨੂੰ ਪ੍ਰਕਾਸ਼ਿਤ ਕਰਨ ਲਈ ਸ਼ੁਕਰੀਆ ਐਡੀਟਰ ਸਾਹਿਬ, ਸੂਹੀ ਸਵੇਰ।

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ