Sun, 13 October 2024
Your Visitor Number :-   7232294
SuhisaverSuhisaver Suhisaver

ਮਰ ਕੇ ਵੀ ਅਮਰ ਹੋ ਗਿਆ ਚਮਕੀਲਾ - ਸੰਦੀਪ ਰਾਣਾ

Posted on:- 08-03-2016

suhisaver

ਸ਼ਾਇਦ ਉਸ ਸਮੇਂ ਕਿਸੇ ਨੇ ਸੋਚਿਆ ਵੀ ਨਾਂ ਹੋਵੇ ਕਿ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਪਿੰਡ ਦੁੱਗਰੀ ਵਿੱਚ ਪਿਤਾ ਹਰੀ ਰਾਮ ਅਤੇ ਮਾਤਾ ਕਰਤਾਰ ਕੌਰ ਦੇ ਘਰ ਜਨਮੇ ਸਾਰੇ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਧਨੀ ਰਾਮ ਪੂਰੀ ਦੁਨੀਆਂ ਵਿੱਚ ਅਮਰ ਸਿੰਘ ਚਮਕੀਲਾ ਦੇ ਨਾਮ ਨਾਲ ਮਸ਼ਹੂਰ ਹੋ ਜਾਵੇਗਾ ਤੇ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਅਮਰ ਕਰ ਜਾਵੇਗਾ।ਚਮਕੀਲਾ ਹੀ ਇਕ ਅਜਿਹਾ ਕਲਾਕਾਰ ਸੀ ਜਿਸ ਦੀ ਪ੍ਰਸਿੱਧੀ ਅੱਜ ਵੀ ਉਸੇ ਤਰ੍ਹਾਂ ਬਰਕਾਰ ਹੈ। ਚਮਕੀਲੇ ਜਨਮ ਬੇਹੱਦ ਗਰੀਬ ਪਰਿਵਾਰ ਵਿੱਚ ਹੋਇਆ।ਜਦੋਂ ਬੱਚਾ ਥੋੜਾ ਵੱਡਾ ਹੋ ਜਾਂਦਾ ਹੈ ਤਾ ਹਰੇਕ ਮਾਂ-ਬਾਪ ਦੇ ਮਨ ਵਿੱਚ ਇਹ ਇੱਛਾਂ ਜ਼ਰੂਰ ਹੁੰਦੀ ਹੈ ਕਿ ਉਨ੍ਹਾਂ ਦਾ ਲਾਡਲਾ ਪੁੱਤ ਵੱਡਾ ਹੋ ਕੇ ਕੋਈ ਵੱਡਾ ਅਫਸਰ ਜ਼ਰੂਰ ਬਣੇ।ਇਹੀ ਰੀਝ ਧਨੀ ਰਾਮ ਦੇ ਮਾ-ਬਾਪ ਨੇ ਵੀ ਆਪਣੇ ਮਨ ਵਿੱਚ ਪਾਲੀ ਹੋਈ ਸੀ।ਇਸ ਲਈ ਧਨੀ ਰਾਮ ਦੇ ਮਾਂ-ਪਿਓ ਨੇ ਦੂਨੀਏ ਨੂੰ ਗੁਜਰ ਫਾਨ ਪ੍ਰਾਇਮਰੀ ਸਕੂਲ ਵਿੱਚ ਪੜਣ ਭੇਜ ਦਿੱਤਾ।ਪਰ ਘਰ ਦੀ ਆਰਥਿਕ ਸਥਿਤੀ ਨੇ ਉਸ ਸਮੇਂ ਧਨੀ ਰਾਮ ਦੇ ਮਾ-ਬਾਪ ਦੇ ਸੁਪਨਿਆ ਦੇ ਪਾਣੀ ਫੇਰ ਦਿੱਤਾ ਜਦੋਂ ਧਨੀ ਰਾਮ ਨੂੰ ਮਜਬੂਰਨ ਸਕੂਲੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ।ਪਰ ਰੋਟੀ ਦੇ ਜੁਗਾੜ ਅਤੇ ਘਰ ਦੀ ਮੰਦਹਾਲੀ ਨੂੰ ਦੇਖ ਕੇ ਆਖਿਰ ਧਨੀ ਰਾਮ ਲੁਧਿਆਣਾ ਚਲਾ ਗਿਆ ਤੇ ਇਥੇ ਹੀ ਇੱਕ ਕੱਪੜਾ ਫੈਕਟਰੀ ਵਿੱਚ ਦਿਹਾੜੀ ਕਰਨ ਲੱਗ ਪਿਆ।

ਇਸੇ ਸਮੇਂ ਦੌਰਾਨ 10 ਕੁ ਸਾਲ ਉਮਰ ਵਿੱਚ ਧਨੀ ਰਾਮ ਤੁੱਕ ਬੰਦੀ ਕਰਨ ਲੱਗ ਪਿਆ,ਹੋਲੀ ਹੋਲੀ ਧਨੀ ਰਾਮ ਢੋਲਕੀ, ਤੂੰਬੀ ਅਤੇ ਹਾਰਮੋਨੀਅਮ ਦਾ ਚੰਗਾ ਜਾਣੂ ਹੋ ਗਿਆ ਸੀ।ਪਰ ਅੰਬੀਆਂ ਨੂੰ ਬੂਰ ਤਾਂ ਉਦੋਂ ਪਿਆ ਜਦੋਂ ਇਕ ਦਿਨ ਧਨੀ ਰਾਮ ਫੈਕਟਰੀ ਚੋਂ ਦਿਹਾੜੀ ਕਰਨ ਤੋਂ ਬਾਅਦ ਵਾਪਿਸ ਆਪਣੇ ਘਰ ਆਉਣ ਦੀ ਥਾਂ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੁੜਿਆ ਤੇ ਜਾ ਕੇ ਛਿੰਦੇ ਦੇ ਚਰਨੀ ਢਹਿ ਪਿਆ।ਜਦੋਂ ਛਿੰਦੇ ਨੇ ਚਮਕੀਲੇ ਦੀ ਅਵਾਜ਼ ਸੁਣੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ।

ਇਸ ਤੋਂ ਬਾਅਦ ਧਨੀ ਰਾਮ ਪੌੜੀ ਦਰ ਪੌੜੀ ਆਪਣੇ ਕਦਮਾ ਨੂੰ ਅੱਗੇ ਵੱਲ ਵਧਾਉਂਦਾ ਰਿਹਾ।ਹੁਣ ਜਦੋਂ ਵੀ ਕਿਤੇ ਸੁਰਿੰਦਰ ਛਿੰਦੇ ਦਾ ਪ੍ਰੋਗਰਾਮ ਹੁੰਦਾ ਤਾਂ ਧਨੀ ਰਾਮ ਛਿੰਦੇ ਨਾਲ ਹਾਰਮੋਨੀਅਮ ਤੇ ਤੂੰਬੀ ਵੀ ਵਜਾਊਦਾਂ ਅਤੇ ਜਦੋਂ ਕਿਸੇ ਪ੍ਰੋਗਰਾਮ ਵਿੱਚ ਧਨੀ ਰਾਮ ਸਮਾਂ ਮਿਲਦਾ ਤਾ ਉਹ ਵੀ ਗੀਤ ਗਾ ਲੈਂਦਾ ਸੀ।ਇਥੋ ਹੀ ਧਨੀ ਰਾਮ ਲੋਕਾ ਦੀਆਂ ਨਜਰਾਂ ਵਿੱਚ ਆਉਣਾ ਸੁਰੂ ਹੋ ਗਿਆ।ਇਕ ਪ੍ਰੋਗਰਾਮ ਵਿੱਚ ਸਨਮੁੱਖ ਸਿੰਘ ਆਜ਼ਾਦ ਬੁੜੈਲ ਨੇੜੇ ਲੱਗੀ ਇੱਕ ਰਾਮਲੀਲਾ ਵਿੱਚ ਧਨੀ ਰਾਮ ਦਾ ਨਾਮ ਅਮਰ ਸਿੰਘ ਚਮਕੀਲਾ ਰੱਖ ਦਿੱਤਾ। ਗਾਇਕੀ ਨਾਲ ਹੀ ਧਨੀ ਰਾਮ ਦੀ ਕਲਮ ਵੀ ਉਚਾਈਆਂ ਵੱਲ ਵੱਧਣੀ ਸ਼ੁਰੂ ਹੋ ਗਈ।ਦੂਨੀ ਰਾਮ ਦੇ ਲਿਖੇ ਕਈ ਗੀਤਾ ਨੂੰ ਸੁਰਿੰਦਰ ਛਿੰਦੇ ਤੋਂ ਇਲਾਵਾ ਉਸ ਸਮੇਂ ਨਾਮਵਰ ਕਲਾਕਾਰਾਂ ਨੇ ਆਪਣੀ ਆਵਾਜ਼ ਦੇ ਰੰਗ ਵਿੱਚ ਰੰਗਿਆ।ਪ੍ਰੰਤੂ ਇੱਕਲੀ ਗੀਤਕਾਰੀ ਨਾਲ ਧਨੀ ਰਾਮ ਦੇ ਟੱਬਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਸੀ।ਕਿਉਂਕਿ ਇਸੇ ਸਮੇਂ ਦੋਰਾਨ ਧਨੀ ਰਾਮ ਵਿਆਹ ਗੁਰਮੇਲ ਕੌਰ ਨਾਲ ਹੋ ਚੁੱਕਾ ਸੀ ਅਤੇ ਉਸ ਦੇ ਘਰ 2 ਦੋ ਧੀਆਂ ਨੇ ਜਨਮ ਵੀ ਲੈ ਲਿਆ ਸੀ।

ਇਸੇ ਕਾਰਨ ਧਨੀ ਰਾਮ ਨੇ ਆਪਣੀ ਇੱਕ ਨਵੀ ਸੰਗੀਤ ਮੰਡਲੀ ਬਣਾ ਲਈ।1979 ਵਿੱਚ ਚਮਕੀਲੇ ਦਾ ਪਹਿਲਾ ਏ.ਪੀ ਰਿਕਾਰਡ “ਟਕੂਏ ਤੇ ਟਕੂਆਂ ਖੜਕੇ” ਸਹਿ-ਕਲਾਕਾਰਾ ਸੋਨੀਆ ਨਾਲ ਐਚ.ਐਮ.ਵੀ ਕੰਪਨੀ ਵਲੋਂ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਰਿਕਾਰਡ ਹੋਇਆ।ਇਸ ਏ.ਪੀ ਦੇ ਚਾਰੇ ਦੇ ਚਾਰੇ ਗੀਤ ਅਮਰ ਸਿੰਘ ਚਮਕੀਲੇ ਦੇ ਖੁੱਦ ਆਪਣੇ ਲਿਖੇ ਹੋਏ ਸਨ,ਤੇ ਖੁੱਦ ਦੇ ਕੰਪੋਜ ਕੀਤੇ ਸਨ।ਇਸ ਏ.ਪੀ ਰਿਕਾਰਡ ਦਾ ਬਾਪੂ ਸਾਡਾ ਗੁੰਮ ਹੋ ਗਿਆ ਗੀਤ ਨੇ ਮਾਰਕੀਟ ਵਿੱਚ ਧੂੰਮਾ ਪਾ ਦਿੱਤੀਆਂ।ਉਸ ਤੋਂ ਹਰੇਕ ਜ਼ੁਬਾਨ ਤੇ ਬੱਸ ਇਕ ਹੀ ਨਾਮ ਚਮਕੀਲਾ ਤੇ ਬੱਸ ਚਮਕੀਲਾ ਹੀ ਸੀ।ਚਮਕੀਲੇ ਦੇ ਗਾਏ ਗੀਤ ਹਰੇਕ ਦੇ ਕੰਨਾ ਵਿੱਚ ਰਸ ਘੋਲਦੇ ਸੀ।

ਇਸ ਤੋਂ ਚਮਕੀਲੇ ਤੇ ਸੋਨੀਆ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ ਅਤੇ ਇੱਕ ਨਵੀਂ ਗਾਇਕਾਂ ਮਿਸ ਊਸ਼ਾ ਨੇ ਚਮਕੀਲੇ ਨਾਲ ਗਾਉਣਾ ਸ਼ੁਰੂ ਕੀਤਾ ਪਰ ਇਹ ਵੀ ਚਮਕੀਲੇ ਨਾਲ ਜ਼ਿਆਦਾ ਦੇਰ ਨਾ ਟਿੱਕ ਸਕੀ।ਸਾਲ 1980 ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਜੰਮੀ ਅਮਰਜੋਤ ਕੌਰ ਜਿਸ ਨੇ ਜੋ ਉਸ ਸਮੇਂ ਕਲੀਆ ਦੇ ਬਾਦਸ਼ਾਹ ਮਹਰੂਮ ਕੁਲਦੀਪ ਮਾਣਕ ਨਾਲ ਗਾਉਦੀਂ ਸੀ ਤੇ ਉਸ ਤੋਂ ਬਾਅਦ ਅਮਰਜੋਤ ਕੋਰ ਨੇ ਧੰਨਾ ਸਿੰਘ ਰੰਗੀਲਾ ਨਾਲ ਗਾਉਣਾ ਸ਼ੁਰੂ ਕੀਤਾ ਤਾਂ ਕੁਝ ਸਮਾਂ ਬਾਅਦ ਹੀ ਅਮਰਜੌਤ ਦੀ ਜੋੜੀ ਧੰਨਾ ਸਿੰਘ ਨਾਲ ਟੁੱਟ ਗਈ ਅਤੇ ਉਧਰ ਚਮਕੀਲੇ ਦੇ ਨਾਲ ਵੀ ਸਨੀਆ ਦੀ ਟੁੱਟਣ ਨਾਲ ਇਨ੍ਹਾਂ ਦੋਹਾਂ ਦਾ ਮੇਲ ਆਪਸ ਵਿੱਚ ਹੋਇਆ ਤੇ ਦੋਨਾਂ ਨੇ ਇਕਠਿਆਂ ਗਾਉਣਾ ਸ਼ੁਰੂ ਕੀਤਾ, ਇਸ ਤੋਂ ਪਹਿਲਾ ਚਮਕੀਲੇ ਨੇ ਦਲਜੀਤ ਕੌਰ ਅਤੇ ਅਮਰ ਨੂਰੀ ਨਾਲ ਕੁਝ ਸਟੇਜਾ ਕੀਤੀਆਂ ਸੀ ਪਰ ਕੁਝ ਅਮਰਜੋਤ ਨਾਲ ਤੇ ਚਮਕੀਲੇ ਦੀ ਜੋੜੀ ਨੇ ਬਹੁਤ ਹਿੱਟ ਗੀਤ ਪੰਜਾਬੀ ਮਿਊਜਕ ਇੰਡਸਟਰੀ ਨੂੰ ਦਿਤੇ ਅਤੇ ਚਮਕੀਲੇ ਨੇ ਬਾਅਦ ਵਿੱਚ ਅਮਰਜੋਤ ਨਾਲ ਵਿਆਹ ਵੀ ਕਰਵਾ ਲਿਆ ਸੀ।ਇਹਨਾ ਦੋਵਾ ਦੀ ਅਵਾਜ਼ ਵਿੱਚ ਇਕ ਵੱਖਰਾ ਸੁਮੇਲ ਸੀ ਜਿਸ ਕਾਰਨ ਇਨ੍ਹਾਂ ਦੋਵਾਂ ਨੇ ਧੂੰਮਾ ਪਾ ਦਿਤੀਆਂ।ਹੋਰ ਤਾ ਹੋਰ ਲੋਕ ਆਪਣੇ ਵਿਆਹ ਦੀ ਤਰੀਕਾਂ ਵੀ ਚਮਕੀਲੇ ਤੋਂ ਪੁੱਛ ਕੇ ਕਢਵਾਉਂਦੇ ਸੀ ਕਿ ਕਿਹੜਾ ਦਿਨ ਚਮਕੀਲੇ ਵਿਹਲਾ ਹਊ ਤੇ ਦੋ-ਤਿੰਨ ਮਹੀਨੇ ਪਹਿਲਾਂ ਹੀ ਵਿਆਹ ਲਈ ਚਮਕੀਲੇ ਦਾ ਪ੍ਰੋਗਰਾਮ ਬੁੱਕ ਕਰਵਾ ਜਾਂਦੇ। ਚਮਕੀਲੇ ਦੀ ਲੋਕਪ੍ਰਿਯਤਾ ਦਾ ਆਲਮ ਇਹ ਸੀ ਕਿ ਚਮਕੀਲੇ ਨੂੰ ਇੱਕ ਦਿਨ ਵਿੱਚ ਤਿੰਨ-ਤਿੰਨ ਪ੍ਰੋਗਰਾਮ ਕਰਨੇ ਪੈਂਦੇ ਸਨ।ਬਾਕੀ ਕਲਾਕਾਰਾ ਨੂੰ ਚਮਕੀਲੇ ਨੇ ਬਿਲਕੁੱਲ ਵਿਹਲਾ ਹੀ ਕਰ ਦਿੱਤਾ ਸੀ।

ਚਮਕੀਲੇ ਦੇ ਗੀਤ ਰਿਕਾਰਡ ਕਰਨ ਢੰਗ ਵੀ ਬਾਕੀ ਕਲਾਕਾਰਾ ਨੂੰ ਵੱਖਰਾ ਸੀ।ਚਮਕੀਲੇ ਨੇ ਜੋ ਵੀ ਗੀਤ ਰਿਕਾਰਡ ਕਰਵਾਉਣਾ ਹੁੰਦਾ ਸੀ ਉਹ ਗੀਤ ਨੂੰ ਪਹਿਲਾ ਉਹ ਆਪਣੇ ਪ੍ਰੋਗਰਾਮਾ ਵਿੱਚ ਗਾ ਕੇ ਲੋਕਾਂ ਤੋਂ ਉਸ ਗੀਤ ਬਾਰੇ ਪੁੱਛਦਾ ਸੀ ਤੇ ਲੋਕਾ ਦਾ ਉਹ ਗੀਤ ਪ੍ਰਤੀ ਰਵਈਆਂ ਦੇਖ ਕੇ ਫਿਰ ਉਹ ਗੀਤ ਲੈ ਕੇ ਸੰਗੀਤ ਸਮਰਾਟ ਚਰਨਜੀਤ ਅਹੂਜਾ ਕੋਲ ਜਾ ਕੇ ਕਹਿੰਦਾ ਕਿ ਉਸਤਾਦ ਜੀ ਮੈਂ ਇਹ ਗੀਤ ਰਿਕਾਰਡ ਕਰਵਾਉਣਾ ਹੈ ਲੋਕਾਂ ਨੇ ਬਹੂਤ ਪਸੰਦ ਕੀਤਾ।

ਚਮਕੀਲੇ ਦੇ ਗਾਏ ਗੀਤਾਂ ਪ੍ਰਤੀ ਲੋਕਾਂ ਦਾ ਰਵੱਈਆ ਅਲੱਗ-ਅਲੱਗ ਹੀ ਰਿਹਾ ਕਿਉਂਕਿ ਚਮਕੀਲੇ ਦੀ ਗਾਇਕੀ ਤੇ ਕਈ ਲੋਕਾ ਨੇ ਸਵਾਲੀਆਂ ਨਿਸ਼ਾਨ ਲਗਾਏ ਕਿ ਇਹ ਅਸ਼ਲੀਲ ਅਤੇ ਲਚੱਰ ਗੀਤ ਗਾਉਦਾਂ ਹੈ ਜਾਂ ਕਈ ਨੇ ਕਿਹਾ ਕਿ ਚਮਕੀਲੇ ਦੇ ਲਿਖੇ ਅਤੇ ਗਾਏ ਗੀਤ ਦੌਹਰੇ ਸ਼ਬਦਾਂਵਲੀ ਵਾਲੇ ਹਨ ਵਰਗੇ ਦੋਸ਼ ਲਗਾ ਕੇ ਨਿੰਦਾ ਕੀਤੀ।ਜਿਸ ਦਾ ਕਰਾਰਾ ਜਵਾਬ ਦਿੰਦੇ ਹੋਏ ਚਮਕੀਲੇ ਨੇ ਅਜਿਹੇ ਧਰਮਿਕ ਗੀਤ ਗਾਏ ਜਿਨ੍ਹਾਂ ਦੀ ਸ਼ਬਦਾਂ ਦਾ ਅਰਥ ਆਮ ਬੰਦੇ ਸਮਝ ਪੈਣਾ ਮੁਸ਼ਕਲ ਹੈ।ਜਿਨ੍ਹਾਂ ਵਿੱਚ ਸਨਮੁੱਖ ਸਿੰਘ ਦਾ ਲਿਖਿਆ ਗੀਤ ਤਲਵਾਰ ਮੈਂ ਕਲਗੀਧਰ ਦੀ ਹਾਂ, ਬਾਬਾ ਫਰੀਦ ਬਾਰੇ ਗਾਇਆ ਗੀਤ “ਖੜੇ ਫੱਕਰ ਪਿਆਸੇ ਨੀ ਪਿਲਾਦੇ ਬੀਬੀ ਪਾਣੀ” ਅਜਿਹੇ ਗੀਤ ਹਨ ਜਿਨ੍ਹਾਂ ਗੀਤਾ ਸਮਝਣ ਦੀ ਇਤਿਹਾਸ ਬਾਰੇ ਜਾਣਕਾਰੀ ਹੋਣ ਤੋਂ ਬਿਨ੍ਹਾਂ ਸਮਝਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ।

ਇਸ ਤੋਂ ਇਲਾਵਾ ਕਈ ਹੋਰ ਧਰਮੀਕ ਗੀਤ ਵੀ ਚਮਕੀਲੇ ਨੇ ਗਾਏ ਜਿਨ੍ਹਾਂ ਵਿੱਚ ਨਾਮ ਜੱਪ ਲੈ, ਬਾਬਾ ਤੇਰਾ ਨਨਕਾਣਾ,ਢਾਈ ਦਿਨ ਦੀ ਪ੍ਰਾਹੋਣੀ ਇਥੇ ਤੂੰ, ਪਾਣੀ ਦਿਆ ਬੁਲ-ਬਲਿਆ ਆਦਿ ਸੁਪ੍ਰਸਿੱਧ ਹੋਏ।ਇੱਕ ਸਮਾਂ ਐਸਾ ਵੀ ਆਇਆ ਵੀ ਆਇਆ ਜਦੋਂ ਚਮਕੀਲੇ ਦਾ ਕੋਈ ਰਿਕਾਰਡ ਮਾਰਕੀਟ ਵਿੱਚ ਆਉਂਦਾ ਸੀ ਤਾਂ ਉਸ ਸਮੇਂ ਬਾਕੀ ਹੋਰ ਜਿੰਨੇ ਵੀ ਕਲਾਕਾਰ ਦੇ ਰਿਕਾਰਡ ਮਾਰਕਿਟ ਵਿੱਚ ਆਉਣੇ ਹੁੰਦੇ ਤਾਂ ਕੰਪਨੀਆ ਉਨ੍ਹਾਂ ਰਿਕਾਰਡ ਨੂੰ ਰੋਕ ਲੈਂਦੀਆਂ ਸਨ।ਇਹ ਉਹ ਸਮਾਂ ਸੀ ਜਦੋਂ ਚਮਕੀਲੇ ਦੀ ਪੂਰੀ ਚੜਤ ਸੀ।ਸਿਰਫ ਚਮਕੀਲਾ ਚਮਕੀਲਾ ਚਾਰੇ ਪਾਸੇ ਹੁੰਦੀ ਸੀ।ਚਮਕੀਲੇ ਦੀਆਂ ਟੇਪਾਂ ਹੱਥੋ ਹੱਥ ਵਿੱਕ ਜਾਂਦੀਆਂ।ਪੰਜਾਬ ਦੇ ਹਰੇਕ ਵਿਆਹ ਵਿੱਚ ਚਮਕੀਲੇ ਦਾ ਆਖੜਾ ਇੱਕ ਆਮ ਰਿਵਾਜ ਹੋ ਗਿਆ ਸੀ।ਅਮਰ ਸਿੰਘ ਚਮਕੀਲਾ ਹੀ ਇੱਕ ਹੀ ਅਜਿਹਾ ਕਲਾਕਾਰ ਸੀ ਜਿਸ ਨੂੰ ਸੰਗੀਤ ਦੇ ਬਾਦਸ਼ਾਹ ਜਨਾਬ ਚਰਨਜੀਤ ਅਹੂਜਾ ਨੇ ਬਹੁਤ ਪਿਆਰ ਦਿੱਤਾ।

ਪੰਜਾਬੀ ਸੰਗੀਤਕ ਦੂਨੀਆ ਵਿੱਚ ਚਮਕੀਲੇ ਨੇ ਇੱਕ ਤੋਂ ਇੱਕ ਅਜਿਹੇ ਗੀਤ ਸਰੋਤਿਆਂ ਦੀ ਝੋਲੀ ਪਾਏ ਜਿਨ੍ਹਾਂ ਨੂੰ ਲੋਕਾ ਨੇ ਰੱਜ ਕੇ ਪਿਆਰ ਦਿੱਤਾ ਚਾਹੇ ਉਹ ਕੁੜਤੀ ਸੱਤ ਰੰਗ ਦੀ, ਕੀ ਹੋ ਗਿਆ ਵੇ ਜੱਟਾ ਕਿ ਹੋ ਗਿਆ, ਲਾਲ ਮਰੂਤੀ, ਹਾਏ ਸੋਹਣੀਏ ਨੇ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀਅ ਕਰਦਾ,ਘੁੱਗੀਆਂ ਗੁਟਾਰਾਂ, ਸੰਤਾ ਨੇ ਪਾਈ ਫੇਰੀ, ਆਦਿ ਤੋਂ ਇਲਾਵਾ ਹੋਰ ਅਜਿਹੇ ਗੀਤ ਜਿਨ੍ਹਾਂ ਵਿੱਚ ਜੀਜਾ ਸਾਲੀ ਦੀ ਛੇੜ ਛਾੜ, ਜੇਠ-ਭਰਜਾਈ, ਦਿਉਰ-ਭਾਬੀ ਨੋਕ ਝੋਕ ਨੂੰ ਬਾਖੂਬੀ ਪੇਸ਼ ਕੀਤਾ।ਅਜਿਹਾ ਫਨਕਾਰ ਸੀ ਚਮਕੀਲਾ ਜਿਸ ਨੇ ਪੰਜਾਬੀ ਸਭਿਆਚਾਰ ਨੂੰ ਹੁ-ਬੂ-ਹੂ ਲੋਕਾ ਦੇ ਸਹਾਮਣੇ ਪੇਸ਼ ਕੀਤਾ।ਚਮਕੀਲੇ ਨੇ ਕਈ ਫਿਲਮਾਂ ਵਿੱਚ ਗਾਇਆ “ਪਹਿਲੇ ਲਲਕਾਰੇ ਨਾਲ ਮੈਂ ਡਰ ਗਈ” ਫਿਲਮ ਪਟੋਲਾ(1987) ਵਿੱਚ ਪਹਿਲਾ ਸਾਉਂਡ ਟਰੈਕ ਸੀ।ਇਸ ਤੋਂ ਇਲਾਵਾ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਚਮਕੀਲੇ ਨੇ ਗੀਤ ਗਾਏ।ਚਮਕੀਲੇ ਦੇ ਗਾਏ ਗੀਤ ਰਾਤੋ ਰਾਤ ਹੀ ਲੋਕਾ ਦੀ ਜ਼ੁਬਾਨ ਤੇ ਇਉਂ ਚੜ੍ਹ ਜਾਂਦੇ ਸੀ ਜਿਸ ਤਰ੍ਹਾਂ ਕੋਈ ਹੜ੍ਹ ਆਇਆਂ ਹੋਵੇ।ਅੱਜ ਤੱਕ ਚਮਕੀਲੇ ਦੇ ਗਾਏ ਗੀਤ ਬਜ਼ੁਰਗ, ਬੱਚੇ ਅਤੇ ਨੌਜਵਾਨਾਂ ਦੇ ਸਿਰ ਚੜ੍ਹ ਬੋਲਦੇ ਹਨ।ਅੱਜ ਵੀ ਚਮਕੀਲੇ ਦੇ ਸਰੋਤਿਆ ਦੀ ਗਿਣਤੀ ਲੱਖਾ ਵਿੱਚ ਹੈ।

ਜਦੋਂ ਕਿਸੇ ਦੀ ਗੁੱਡੀ ਅੰਬਰਾਂ ਦੇ ਹੁੰਦੀ ਹੈ ਤਾਂ ਉਸ ਗੁੱਡੀ ਨੂੰ ਕੱਟਣ ਲਈ ਕੁਝ ਹੱਥ ਉਠਦੇ ਹਨ।ਕਿਉਂਕਿ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ 8 ਮਾਰਚ 1988 ਚਮਕੀਲੇ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ।ਇਸ ਦਿਨ ਜਦੋਂ ਚਮਕੀਲਾ ਇੱਕ ਪ੍ਰੋਗਰਾਮ ਕਰਨ ਲਈ ਪਿੰਡ ਮਹਿਸਮਪੁਰ ਵਿੱਚ ਆਪਣੀ ਗੱਡੀ ਵਿਚੋਂ ਉਤਰਿਆ ਤੇ ਉਸ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ ਉਸ ਦੇ ਨਾਲ ਹੀ ਅਮਰਜੋਤ ਕੌਰ ਤੋਂ ਇਲਾਵਾ ਚਮਕੀਲੇ ਦੇ 2 ਸਾਥੀ ਹਰਜੀਤ ਗਿੱਲ ਅਤੇ ਬਲਦੇਵ ਸਿੰਘ ਦੇਬੂ ਵੀ ਉਸ ਨਾਲ ਹੀ ਮਾਰੇ ਗਏ।ਇਸ ਸਮੇਂ ਦੌਰਾਨ ਚਮਕੀਲੇ ਅਤੇ ਅਮਰੋਜਤ ਦਾ ਇੱਕ-ਡੇਢ ਕੁ ਮਹੀਨੇ ਦਾ ਬੱਚਾ ਵੀ ਕੁਝ ਦੇਰ ਮਗਰੋਂ ਹੀ ਮਰ ਗਿਆ ਸੀ।

ਚਮਕੀਲੇ ਦਾ ਕਤਲ ਅਜੇ ਵੀ ਆਪਣੇ ਨਾਲ ਕਈ ਸਵਾਲ ਸਮੋਈ ਬੇਠਾ ਹੈ।ਕਿਉਂਕਿ ਉਸ ਸਮੇਂ ਲੋਕ ਕਹਿੰਦੇ ਸਨ ਕਿ ਇਹ ਲੱਚਰ ਗਾਉਂਦਾ ਹੈ ਜਾਂ ਫਿਰ ਉਸ ਸਮੇਂ ਬਾਕੀ ਕਲਾਕਾਰਾਂ ਦੇ ਕੰਮ ਕਾਜ ਠੱਪ ਹੋਣ ਦਾ ਕਾਰਨ ਚਮਕੀਲਾ ਹੀ ਬਣਿਆ ਸੀ।ਇਹ ਸਵਾਲ ਅੱਜ 27 ਸਾਲ ਬੀਤਣ ਬਆਦ ਵੀ ਸਵਾਲ ਹੀ ਬਣੇ ਹੋਏ ਹਨ।ਅੱਜ ਵੀ ਚਮਕੀਲੇ ਦੇ ਗਾਏ ਗੀਤਾਂ ਦੀ ਇੰਨੀ ਚੜਤ ਹੈ ਚਮਕੀਲਾ ਮਰ ਕੇ ਅਮਰ ਹੋ ਗਿਆ ਕਿਉਂਕਿ ਚਮਕੀਲੇ ਦੇ ਗਾਏ ਗੀਤ ਅੱਜ ਵੀ ਲੋਕਾ ਦੇ ਮਨਾਂ ਵਿੱਚ ਧੁਰ ਅੰਦਰ ਤੱਕ ਵਸੇ ਹੋਏ ਨੇ।ਚਮਕੀਲੇ ਨੂੰ ਭਾਵੇਂ ਅੱਜ ਸਾਡੇ ਤੋਂ ਵਿਛੜਿਆ 28 ਸਾਲ ਹੋ ਚੁੱਕੇ ਨੇ ਪਰ ਉਸ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਮਨਾਂ ਤੇ ਰਾਜ ਕਰਦੀ ਰਹੇਗੀ।
                            
                        ਸੰਪਰਕ: +91 97801- 51700

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ