Sat, 05 October 2024
Your Visitor Number :-   7229290
SuhisaverSuhisaver Suhisaver

ਰਾਸ਼ਟਰੀ ਖੇਡ ਦਿਵਸ - ਗੋਬਿੰਦਰ ਸਿੰਘ ਢੀਂਡਸਾ

Posted on:- 29-08-2019

ਦੇਸ਼ ਦਾ ਰਾਸ਼ਟਰੀ ਖੇਡ ਦਿਵਸ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੀ ਜਨਮ ਮਿਤੀ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਧਿਆਨਚੰਦ ਪੁਰਸਕਾਰ ਅਤੇ ਦ੍ਰੋਣਾਚਾਰੀਆ ਪੁਰਸਕਾਰ ਆਦਿ ਸ਼ਾਮਿਲ ਹਨ।

ਮੇਜਰ ਧਿਆਨ ਚੰਦ ਭਾਰਤ ਅਤੇ ਦੁਨੀਆਂ ਦੀ ਹਾਕੀ ਵਿੱਚ ਇੱਕ ਮਹਾਨ ਖਿਡਾਰੀ ਦਾ ਖਿਤਾਬ ਰੱਖਦਾ ਹੈ, ਫੁੱਟਬਾਲ ਵਿੱਚ ਪੇਲੇ ਅਤੇ ਕ੍ਰਿਕਟ ਵਿੱਚ ਬ੍ਰੈਡਮੈਨ ਦੇ ਵਾਂਗ ਹਾਕੀ ਵਿੱਚ ਧਿਆਨ ਚੰਦ ਦਾ ਨਾਂ ਆਉਂਦਾ ਹੈ। ਧਿਆਨ ਚੰਦ ਨੂੰ ਹਾਕੀ ਅਤੇ ਗੇਂਦ ਤੇ ਸਹੀ ਨਿਯੰਤ੍ਰਣ ਰੱਖਣ ਦੀ ਕਲਾ ਕਾਰਨ ਹੀ ਹਾਕੀ ਵਿਜਾਰਡ ਦੇ ਖਿਤਾਬ ਨਾਲ ਨਵਾਜਿਆ ਗਿਆ।

ਧਿਆਨ ਚੰਦ ਦਾ ਜਨਮ 29 ਅਗਸਤ 1905 ਈ. ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ 1922 ਈ. ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਅਤੇ 1926 ਈ. ਵਿੱਚ ਉਹ ਫੌਜ ਦੀ ਹਾਕੀ ਟੀਮ ਦੇ ਮੈਂਬਰ ਦੇ ਤੌਰ ਤੇ ਨਿਊਜ਼ਲੈਂਡ ਦੇ ਦੌਰੇ ਤੇ ਗਏ। ਇਸ ਟੀਮ ਨੇ ਸਾਰੇ ਮੈਚ ਜਿੱਤੇ ਅਤੇ ਧਿਆਨ ਚੰਦ ਦੀ ਚੋਣ ਭਾਰਤੀ ਹਾਕੀ ਟੀਮ ਲਈ ਹੋਈ। ਧਿਆਨ ਚੰਦ ਨੂੰ 1928 ਈ. ਦੀਆਂ ਉਲੰਪਿਕ ਖੇਡਾਂ ਖੇਡਣ ਦਾ ਮੌਕਾ ਮਿਲਿਆ ਅਤੇ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0, ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਭਾਰਤੀ ਹਾਕੀ ਨੂੰ ਉਲੰਪਿਕ ਦਾ ਪਹਿਲਾ ਸੋਨ ਪਦਕ ਮਿਲਿਆ ਅਤੇ ਟੂਰਨਾਮੈਂਟ ਵਿੱਚ ਧਿਆਨ ਚੰਦ ਨੇ 14 ਗੋਲ ਕੀਤੇ।  ਮੇਜਰ ਧਿਆਨ ਚੰਦ ਨੇ ਭਾਰਤੀ ਹਾਕੀ ਟੀਮ ਵੱਲੋਂ ਖੇਡਦਿਆਂ ਐਮਸਟਰਡਮ (ਨੀਦਰਲੈਂਡ) 1928 ਈ., ਲਾੱਸ ਏਂਜਲਸ (ਯੂ.ਐੱਸ.ਏ.) 1932 ਈ. ਅਤੇ  ਬਰਲਿਨ (ਜਰਮਨੀ) 1936 ਈ. ਲਗਾਤਾਰ ਤਿੰਨ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਭਾਰਤੀ ਹਾਕੀ ਦੀ ਝੋਲੀ ਪਾਉਣ ਵਿੱਚ ਅਹਿਮ ਯੋਗਦਾਨ ਪਾਇਆ। 1936 ਈ. ਦੇ ਬਰਲਿਨ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਧਿਆਨ ਚੰਦ ਨੇ ਕੀਤੀ।

ਮੇਜਰ ਧਿਆਨ ਚੰਦ ਨੇ 1926 ਤੋਂ 1948 ਤੱਕ ਆਪਣੇ ਖੇਡ ਕਰੀਅਰ ਵਿੱਚ 400 ਗੋਲ ਕੀਤੇ। ਮੇਜਰ ਧਿਆਨ ਚੰਦ ਨੇ 1948 ਈ. ਵਿੱਚ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ 1956 ਈ. ਵਿੱਚ ਭਾਰਤੀ ਫੌਜ ਤੋਂ ਮੇਜਰ ਦੇ ਰੈਂਕ ਨਾਲ ਰਿਟਾਇਰ ਹੋਏ। ਭਾਰਤ ਸਰਕਾਰ ਨੇ ਉਹਨਾਂ ਨੂੰ 1956 ਈ. ਵਿੱਚ ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ  ਸਨਮਾਨਿਤ ਕੀਤਾ। ਮੇਜਰ ਧਿਆਨ ਚੰਦ ਦੀ 3 ਦਸੰਬਰ 1979 ਈ. ਨੂੰ ਕੈਂਸਰ ਦੇ ਕਾਰਨ ਮੌਤ ਹੋ ਗਈ।

ਜਦੋਂ ਮੇਜਰ ਧਿਆਨ ਚੰਦ ਮੈਦਾਨ ਵਿੱਚ ਖੇਡਦੇ ਸੀ ਤਾਂ ਐਦਾਂ ਲੱਗਦਾ ਸੀ ਕਿ ਕੋਈ ਜਾਦੂ ਕਰ ਰਿਹਾ ਹੈ ਅਤੇ ਵਿਰੋਧੀ ਟੀਮ ਨੂੰ ਗੋਲ ਕਰੀਂ ਜਾਂਦੇ ਸੀ, ਇਸੇ ਕਰਕੇ ਉਹਨਾਂ ਨੂੰ ‘ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਹੈ। ਹਾਲੈਂਡ ਦੇ ਇੱਕ ਮੈਚ ਦੇ ਦੌਰਾਨ ਹਾਕੀ ਵਿੱਚ ਚੁੰਬਕ ਹੋਣ ਦੇ ਸ਼ੱਕ ਕਾਰਨ ਉਹਨਾਂ ਦੀ ਹਾਕੀ ਸਟਿੱਕ ਤੋੜ ਕੇ ਵੇਖੀ ਗਈ। ਜਾਪਾਨ ਦੇ ਇੱਕ ਮੈਚ ਦੇ ਦੌਰਾਨ ਉਹਨਾਂ ਦੀ ਸਟਿੱਕ ਵਿੱਚ ਗੂੰਦ ਲੱਗੇ ਹੋਣ ਦੀ ਗੱਲ ਕਹੀ ਗਈ।

ਜਰਮਨੀ ਵਰਗੀ ਦੁਨੀਆਂ ਦੀ ਸਿਰੇ ਦੀ ਹਾਕੀ ਟੀਮ ਨੂੰ 1936 ਈ. ਦੀਆਂ ਉਲੰਪਿਕ ਖੇਡਾਂ ਦੇ ਫਾਇਨਲ ਵਿੱਚ ਭਾਰਤ ਨੇ 8-1 ਨਾਲ ਹਰਾਕੇ, ਧਿਆਨ ਚੰਦ ਨੇ ਆਪਣੀ ਖੇਡ ਦਾ ਹਿਟਲਰ ਨੂੰ ਮੁਰੀਦ ਬਣਾ ਲਿਆ ਸੀ। ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਤਰਫ਼ੋਂ ਖੇਡਣ ਦੀ ਅਤੇ ਜਰਮਨੀ ਫੌਜ ਵਿੱਚ ਉੱਚ ਪੱਧਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰੰਤੂ ਧਿਆਨ ਚੰਦ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਅਤੇ ਆਪਣੀ ਜਨਮ ਭੂਮੀ ਲਈ ਖੇਡਣ ਵਿੱਚ ਮਾਣ ਮਹਿਸੂਸ ਕੀਤਾ।

ਖੇਡਾਂ ਵਿੱਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲਈ ਜ਼ਰੂਰੀ ਹੈ ਕਿ ਕਿਸੇ ਇੱਕ ਖੇਡ ਦੀ ਥਾਂ ਬਾਕੀ ਖੇਡਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਦੇਸ਼ ਹਿੱਤ ਵਿੱਚ ਨਹੀਂ ਹੈ। ਸਮੇਂ ਦੀ ਜਰੂਰਤ ਹੈ ਕਿ ਦੇਸ਼ ਵਿੱਚ ਵੱਖੋ ਵੱਖਰੀਆਂ ਖੇਡਾਂ ਦੇ ਖਿਡਾਰੀਆਂ ਲਈ ਚੰਗੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦਾ ਤਿਰੰਗਾ ਲਹਿਰਾ ਸਕਣ।

ਈਮੇਲ – [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ