Mon, 09 September 2024
Your Visitor Number :-   7220122
SuhisaverSuhisaver Suhisaver

ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ - ਅਮਰਜੀਤ ਕੌਰ ‘ਹਿਰਦੇ’

Posted on:- 19-06-2013

suhisaver

ਖ਼ੌਫਜ਼ਦਾ ਹੈ ਅੰਬਰ ਨੀਲਾ ਜ਼ਹਿਰਾਂ ਦੀ ਸਰਦਾਰੀ ਹੈ।
ਡਰਦੇ ਬਿਰਖ਼ ਸੁੰਘੜਦੇ ਜਾਂਦੇ ਨੀਅਤਾਂ ਵਿਚ ਬਦਕਾਰੀ ਹੈ।


ਸਵੇਰੇ ਅੰਮ੍ਰਿਤ ਵੇਲੇ ਪੰਜ ਵਜੇ ਆਈਵਰੀ ਟਾਵਰ ਦੀ ਸੱਤਵੀਂ ਮੰਜ਼ਿਲ ਤੋਂ ਹਰ ਰੋਜ੍ਹ ਸ਼ਿਵਾਲਿਕ ਦੀਆਂ ਪਹਾੜੀਆਂ ਵਿਚੋਂ ਚੜ੍ਹਦੇ ਸੂਰਜ ਨੂੰ ਦੇਖਣਾ ਮੈਨੂੰ ਬੁਹਤ ਚੰਗਾ ਲੱਗਦਾ ਹੈ। ਹੁਣ ਇਹ ਮੇਰਾ ਰੁਟੀਨ ਬਣ ਚੁੱਕਾ ਹੈ। ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਵਿਚ ਘਿਰੇ ਹੋਏ ਜੀਵਨ ਬਸਰ ਕਰਦਿਆਂ ਕਦੀ ਵੀ ਸੂਰਜ ਨੂੰ ਇਸ ਤਰ੍ਹਾਂ ਚੜ੍ਹਦੇ ਵੇਖਣਾ ਨਸੀਬ ਨਹੀਂ ਸੀ ਹੁੰਦਾ ਜਿਵੇਂ ਆਈਵਰੀ ਟਾਵਰ ਦੀ ਪੰਜਵੀਂ ਮੰਜ਼ਿਲ ਤੋਂ ਦਿਸਦਾ ਹੈ।

ਲੁਧਿਆਣੇ ਰਹਿੰਦਿਆਂ ਇਕ ਵਾਰ ਮਲੋਟ ਤੋਂ ਚੰਡੀਗੜ੍ਹ ਆਉਣ ਲਈ ਸਵੇਰੇ ਚਾਰ ਵਜੇ ਵਾਲੀ ਬਸ ਤੇ ਆਉਣਾ ਹੋਇਆ। ਬਸ ਵਿਚ ਬੈਠਦਿਆਂ ਥੋੜ੍ਹੀ ਦੇਰ ਪ੍ਰਮਾਤਮਾ ਦਾ ਧਿਆਨ ਕੀਤਾ ਤੇ ਫਿਰ ਨੀਂਦ ਨੇ ਘੇਰਾ ਪਾ ਲਿਆ। ਰਸਤੇ ਵਿਚ ਬਸ ਨੇ ਇਕ-ਦਮ ਬਰੇਕ ਮਾਰੀ ਤਾਂ ਪਟੱਕ ਕਰਕੇ ਮੇਰੀ ਅੱਖ ਖੁੱਲ੍ਹ ਗਈ ਤੇ ਖੁੱਲ੍ਹੀ ਦੀ ਖੁੱਲ੍ਹੀ ਹੀ ਰਹਿ ਗਈ। ਸਾਹਮਣੇ ਕੀ ਦੇਖਦੀ ਹਾਂ ਕਿ ਦੂਰ ਤੱਕ ਧਰਤੀ ਤੇ ਹਰੀ ਚਾਦਰ ਵਿਛੀ ਹੋਈ ਹੈ ਤੇ ਵਿਰਲੇ-ਟਾਂਵੇ ਦਰੱਖ਼ਤਾਂ ਦੇ ਵਿਚੋਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਦਾ ਫੈਲਿਆ ਹੋਇਆ ਪ੍ਰਕਾਸ਼। ਹੌਲੀ-ਹੌਲੀ ਧਰਤੀ ਦੀ ਕੁਖ ਵਿਚੋਂ ਪ੍ਰਗਟ ਹੋ ਰਿਹਾ ਸੂਰਜ, ਸੱਚ-ਮੁਚ ਇੰਜ ਲੱਗਿਆ ਕਿ ਜਿਵੇਂ ਕਿਤੇ ਸਵਰਗ ਲੋਕ ਦੇ ਦਰਸ਼ਨ ਕਰ ਰਹੀ ਹੋਵਾਂ। ਇਕ ਵਿਸਮਾਦੀ ਤੇ ਅਲੌਕਿਕ ਨਜ਼ਾਰਾ ਵਰਤ ਰਿਹਾ ਸੀ। ਕਾਦਰ ਦੀ ਕੁਦਰਤ ਦਾ ਇਹ ਸੁੰਦਰ ਨਜ਼ਾਰਾ ਤੱਕ ਕੇ ਮੇਰੀ ਰੂਹ ਨਸ਼ਿਆ ਗਈ।

ਅੰਮ੍ਰਿਤ ਵੇਲੇ ਪੂਰੀ ਕਾਇਨਾਤ ਦੀ ਸੁੰਦਰਤਾ ਦੇ ਮੈਂ ਰੱਜ-ਰੱਜ ਦਰਸ਼ਨ ਕੀਤੇ ਕਿ ਫਿਰ ਪਤਾ ਨਹੀਂ ਕਦਾ ਐਸਾ ਮੌਕਾ ਮਿਲੇ ਜਾਂ ਨਾ। ਮੈਂ ਨਾਲ ਬੈਠੇ ਆਪਣੇ ਪਤੀ ਨੂੰ ਜਗਾਇਆ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਕਿਹਾ ਪਰ ਉਹਨਾਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹੀਆਂ ਤੇ ਕਹਿਣ ਲੱਗੇ ਮੈਨੂੰ ਤਾਂ ਨੀਂਦ ਆ ਰਹੀ ਹੈ ਤੂੰ ਦੇਖ ਲੈ। ਮੈਂ ਹੈਰਾਨ ਸੀ ਕਾਇਨਾਤ ਵਿਚ ਪੱਸਰੇ ਉਹਨਾਂ ਵਿਸਮਾਦੀ ਪਲਾਂ ਵਿਚ ਤੇ ਨਾਲ ਹੀ ਹੈਰਾਨ ਸੀ ਮੇਰੇ ਪਤੀ ਸਮੇਤ ਬਹੁਤ ਲੋਕ ਕੁਦਰਤ ਦੇ ਇਸ ਵਰਤਾਰੇ ਨੂੰ ਅਣਡਿੱਠ ਕਰ ਰਹੇ ਸਨ ਜਿਸਨੂੰ ਮੈਂ ਮਾਣ ਰਹੀ ਸੀ। ਉੱਥੋਂ ਹੀ ਮੈਂ ਆਪਣੇ ਮਨ ਵਿਚ ਇਹ ਤਹੱਈਆ ਕੀਤਾ ਕਿ ਕਦੇ ਵੀ ਅੰਮ੍ਰਿਤ ਵੇਲੇ ਦੇ ਇਹਨਾਂ ਰੂਹਾਨੀ ਪਲਾਂ ਨੂੰ ਸੌਂ ਕੇ ਨਹੀਂ ਗੁਜ਼ਾਰਾਂਗੀ ਤੇ ਹਰ-ਰੋਜ ਕੁਦਰਤ ਦੇ ਨੇੜੇ ਹੋ ਕੇ ਵੇਖਿਆ ਕਰਾਂਗੀ। ਹਰ ਰੋਜ਼੍ਹ ਕੁਦਰਤ ਨਾਲ ਗੁਫ਼ਤਗੂ ਕਰਦਿਆਂ ਮੈਂ ਵਾਤਵਰਣ ਵਿਚ ਫੈਲੇ ਪ੍ਰਦੂਸ਼ਣ ਕਾਰਨ ਕਿੰਨੀਆਂ ਤਬਦੀਲੀਆਂ ਮਹਿਸੂਸ ਕਰਦੀ ਹਾਂ।

ਜਦ ਕਦੇ ਬਾਰਸ਼ ਪੈ ਕੇ ਹੱਟਦੀ ਹੈ ਤਾਂ ਸਾਰੀ ਕੁਦਰਤ, ਰੁੱਖ਼-ਬੂਟੇ, ਆਲਾ-ਦੁਆਲਾ ਨਹਾ ਕੇ ਨਿੱਕਲੀ ਸੱਜ-ਵਿਆਹੀ ਵਰਗਾ ਜੋ ਕਿ ਪਤੀ ਮਿਲਾਪ ਦੇ ਸਰੂਰ, ਨੀਂਦਰਾਈਆਂ ਤੇ ਨਸ਼ਿਆਈਆਂ ਤੇ ਲੱਜਾਈਆਂ ਅੱਖਾਂ ਵਿਚੋਂ ਲੋਹੜੇ ਦਾ ਹੁਸਨ ਡੁੱਲ੍ਹ-ਡੁੱਲ੍ਹ ਪੈਂਦਾ ਹੈ ਉਸੇ ਤਰ੍ਹਾਂ ਲੱਗਦਾ ਹੈ। ਸ਼ਿਵਾਲਿਕ ਦੀਆਂ ਹਰਿਆਵਲ ਨਾਲ ਚਮਕਦੀਆਂ ਪਹਾੜੀਆਂ ਵਿਚੋਂ ਨਿਕਲਦੇ ਸੂਰਜ ਦੀ ਜ਼ਰਾ-ਜ਼ਰਾ ਜਿਹੀ ਨਿਕਲਦੀ ਟਿੱਕੀ ਤੇ ਅੱਖ ਟਿਕਾਉਣੀ ਮੁਸ਼ਕਿਲ ਹੋ ਜਾਂਦੀ ਹੈ ਤੇ ਉਗਦੇ ਸੂਰਜ ਦੀਆਂ ਕਿਰਨਾਂ ਆਪਣਾ ਜਲਵਾ ਪੂਰੀ ਕਾਇਨਾਤ ਤੇ ਬਿਖੇਰਨ ਲੱਗਦੀਆਂ ਹਨ। ਇੰਜ ਲੱਗਦਾ ਹੈ ਜਿਵੇਂ ਉਸ ਦਿਨ ਸੂਰਜ ਨਹਾ ਕੇ ਚੜ੍ਹਦਾ ਹੋਵੇ। ਪਰ ਨਹੀਂ ਅਸੀਂ ਜਾਣਦੇ ਹਾਂ ਕਿ ਸੂਰਜ ਤਾਂ ਰੋਜ ਹੀ ਸਮੁੰਦਰ ਵਿਚ ਚੁੱਭੀ ਲਾਉਂਦਾ ਹੈ ਤੇ ਫਿਰ ਨਿਖ਼ਰ ਕੇ ਹੀ ਚੜ੍ਹਦਾ ਹੈ।

ਪਲੀਤ ਤਾਂ ਵਿਚਾਰੀ ਧਰਤੀ ਤੇ ਅੰਬਰ ਹੋ ਜਾਂਦੇ ਹਨ। ਧੂੰਏ ਅਤੇ ਮਿੱਟੀ ਗ਼ਰਦ ਦਾ ਚੜ੍ਹਿਆ ਗ਼ੁਬਾਰ ਸਾਰੀ ਕਾਇਨਾਤ ਨੂੰ ਮਟਮੈਲਾ ਕਰ ਦਿੰਦਾ ਹੈ। ਇਸੇ ਕਰਕੇ ਹੀ ਹੁਣ ਤਾਂ ਧਰੂ ਤਾਰੇ ਨੂੰ ਛੱਡ ਕੇ ਹੋਰ ਤਾਰੇ ਵੀ ਸਾਫ਼ੳਮਪ; ਦਿਖਾਈ ਨਹੀਂ ਦਿੰਦੇ। ਆਕਾਸ਼ ਗੰਗਾ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ। ਬਸ ਖਿੱਤੀਆਂ ਤੇ ਕੁਝ ਹੋਰ ਵੱਡੇ-ਵੱਡੇ ਤਾਰੇ ਹੀ ਦਿਖਾਈ ਦਿੰਦੇ ਹਨ। ਵੈਸੇ ਤਾਂ ਜਦੋਂ ਦਾ ਫਲੈਟ ਵਿਚ ਰਹਿਣਾ ਸ਼ੁਰੂ ਕੀਤਾ ਹੈ ਖੁੱਲ੍ਹੇ ਆਕਾਸ਼ ਹੇਠਾਂ ਸੌਣਾ ਹੀ ਨਸੀਬ ਨਹੀਂ ਹੁੰਦਾ। ਗਰਮ ਕੰਧਾਂ ਦੇ ਸੇਕੇ ਵਿਚ ਸਾਰੀਆਂ ਗਰਮੀਆਂ ਬੜੀ ਮੁਸ਼ਕਿਲ ਨਾਲ ਨਿਕਲਦੀਆਂ ਹਨ। ਬਾਹਰ ਖੁੱਲ੍ਹੇ ਅੰਬਰ ਹੇਠ ਸੌਣਾਂ ਤਾਂ ਹੁਣ ਸੁਫ਼ੳਮਪ;ਨਾ ਹੀ ਹੋ ਗਿਆ ਹੈ। ਕੋਈ ਸਮਾਂ ਸੀ ਕਿ ਦਿਨ ਦੀ ਤਪਸ਼ ਨਾਲ ਝੁਲਸੇ ਹੋਇਆ ਸਰੀਰ ਸਾਰੀ ਰਾਤ ਚੰਨ ਚਾਨਣੀ ਦੀ ਸੀਤਲਤਾ ਵਿਚ ਨਹਾ ਕੇ ਗ਼ਰਮੀਆਂ ਦੀਆਂ ਕਈ ਹੋਰ ਵੀ ਬਿਮਾਰੀਆਂ ਤੋਂ ਨਿਜ਼ਾਤ ਮਿਲ ਜਾਂਦੀ ਸੀ ਤੇ ਬੰਦਾ ਤਰੋ-ਤਾਜ਼ਾ ਦਮ ਹੋ ਕੇ ਦੂਜੇ ਦਿਨ ਦੇ ਦਗ਼ਦੇ ਸੂਰਜ ਦੀ ਕਰੂਰਤਾ ਸਹਿਣ ਦੇ ਕਾਬਿਲ ਹੋ ਜਾਂਦਾ ਸੀ।

ਇਹ ਵਾਢੀਆਂ ਦਾ ਮਹੀਨਾ ਸੀ। ਇਸ ਤੋਂ ਪਹਿਲਾਂ ਰੋਜ਼ ਆਈਵਰੀ ਟਾਵਰ ਦੀ ਛੱਤ ਤੇ ਦੇਖਦੀ ਸਾਂ ਕਿ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਸੀ ਟਰਾਈਸਿਟੀ ਦੀਆਂ ਉਚੀਆਂ ਮੰਜ਼ਿਲਾਂ ਹਨ, ਸਾਰੇ ਪਾਸੇ ਕੰਕਰੀਟ ਦਾ ਜੰਗਲ ਕਾਲੇ ਧੂੰਏ ਦੀਆਂ ਪਰਤਾਂ ਹੇਠ ਧੁੰਦਲਾ ਲੱਗਦਾ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਜ਼ੂਦ ਵੀ ਗਹਿਰੇ ਧੂੰਏ ਦੀਆਂ ਲਪਟਾਂ ਵਿਚ ਅੰਬਰ ਦੇ ਵਿਚ ਘੁਲ਼-ਮਿਲ ਗਏ ਸਨ। ਪੰਜਾਬ ਵਾਲੇ ਪਾਸੇ ਤੋਂ ਕਾਲੇ ਧੂੰਏ ਦੇ ਗੋਲੇ ਉੱਡ ਰਹੇ ਹਨ ਤੇ ਜੋ ਹੌਲੀ-ਹੌਲੀ ਹਰ ਪਾਸੇ ਫੈਲਦੇ ਜਾ ਰਹੇ ਹੁੰਦੇ ਸਨ। ਟਰਾਈਸਿਟੀ ਤੋਂ ਉੱਪਰ ਅਸਮਾਨ ਵੱਲ ਨੂੰ ਧੂੰਏ ਦੀਆਂ ਪਰਤਾਂ ਫੈਲ ਰਹੀਆਂ ਹੁੰਦੀਆਂ ਸਨ। ਜਿਨ੍ਹਾਂ ਨੇ ਸੂਰਜ ਦੀ ਕਿਰਨਾਂ ਦੀ ਲਾਲਿਮਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੋਇਆ ਸੀ। ਜਿਸ ਕਰਕੇ ਸੂਰਜ ਵੀ ਮੱਧਮ ਲੱਗਣ ਲੱਗਦਾ ਸੀ। ਇਸ ਲਈ ਹਰ ਰੋਜ਼ ਦਸ ਮਿੰਟ ਤੱਕ ਸੂਰਜ ਨਾਲ ਅੱਖ-ਮਿਚੋਲੀ ਕਰਨ ਦਾ ਵੀ ਮੌਕਾ ਮਿਲ ਜਾਂਦਾ ਸੀ ਤੇ ਮੈਂ ਇਕ ਭਰਮ ਦਾ ਸ਼ਿਕਾਰ ਹੋ ਗਈ ਸੀ ਕਿ ਮੈਂ ਸੂਰਜ ਦੀ ਅੱਖ ਦੀ ਅੱਖ ਪਾ ਕੇ ਦੇਖ ਸਕਦੀ ਹਾਂ। ਇਸ ਤਰ੍ਹਾਂ ਕਰਨਾ ਭਾਂਵੇਂ ਮੇਰੇ ਆਤਮ-ਵਿਸ਼ਵਾਸ ਨੂੰ ਅੰਬਰ ਜੇਡ ਵਿਸ਼ਾਲਤਾ ਤੇ ਸੂਰਜ ਵਰਗੀ ਬੁਲ਼ੰਦੀ ਦੇ ਗਿਆ। ਇਸੇ ਸੋਚ ਵਿਚੋਂ ਇਕ ਸ਼ੇਅਰ ਨੇ ਜਨਮ ਲਿਆ ਜੋ ਅਜੇ ਤੱਕ ਇਕਲੌਤਾ ਹੀ ਹੈ ਉਹ ਇਸ ਤਰ੍ਹਾਂ ਹੈ।

ਸੂਰਜ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਵੇਖ ਤੂੰ ਇਕ ਵਾਰ।
 ਆਪਣੇ ਹੀ ਅਜ਼ਮ ਤੇ ਤੈਨੂੰ ਫਿਰ ਆਊ ਇਤਬਾਰ।


ਥੱਲੇ ਆ ਕੇ ਅਖ਼ਬਾਰ ਦੀਆਂ ਸੁਰਖ਼ੀਆਂ ਤੇ ਨਜ਼ਰ ਮਾਰਦੀ ਹਾਂ ਤਾਂ ਲਿਖਿਆ ਪੜ੍ਹਦੀ ਹਾਂ ਕਿ ਧੂੰਏ ਵਿਚ ਉੱਡ ਰਹੇ ਨੇ ਪ੍ਰਸਾਸ਼ਨ ਦੇ ਨਾੜ ਨਾ ਸਾੜਨ ਦੇ ਹੁਕਮ” ਕਿਸਾਨਾਂ ਵੱਲੋਂ ਬਿਨਾਂ ਕਿਸੇ ਡਰ-ਭੈ ਦੇ ਨਾੜ ਨੂੰ ਅੱਗਾਂ ਲਾਉਣ ਦਾ ਰੁਝਾਨ ਜ਼ਾਰੀ, ਜਿਸ ਨਾਲ ਵਾਤਾਵਾਣ ਵਿਚ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ। ਜਿਸ ਕਾਰਨ ਗਰਮੀ ਵਿਚ ਵੀ ਇਕ-ਦਮ ਵਾਧਾ ਹੋ ਗਿਆ ਹੈ। ਲੋਕ ਸਾਹ, ਦਮਾ, ਅੱਖਾਂ ਅਤੇ ਹੋਰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਮੋਟੀ ਨਾੜ ਦਾ ਕਚਰਾ ਉਡ ਕੇ ਆਵਾਜਾਈ ਵਿਚ ਵਿਘਨ ਪਾਉਂਦਾ ਹੈ। ਜਿਸ ਕਾਰਨ ਅੱਜ-ਕੱਲ੍ਹ ਸੜਕਾਂ ਤੇ ਦੁਰਘਟਨਾਵਾਂ ਵਿਚ ਵਾਧਾ ਹੋ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਖੇਤਾਂ ਦੇ ਆਸੇ-ਪਾਸੇ ਸੜਕਾਂ ਦੇ ਕਿਨਾਰੇ ਖੜ੍ਹੇ ਦਰਖ਼ਤ ਵੀ ਇਸ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ ਜਿਸ ਨਾਲ ਵਾਤਵਰਣ ਦਾ ਹੋਰ ਵੀ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਕਿਸਾਨ ਵੀ ਜਾਣੂ ਹਨ। ਅੱਜ ਦੇ ਵਿਗਿਆਨਿਕ ਯੁਗ ਵਿਚ ਉਹ ਇਹਨਾਂ ਜਾਣਕਾਰੀਆਂ ਤੋਂ ਅਣਭਿੱਜ ਨਹੀਂ ਹਨ। ਟੀ.ਵੀ. ਅਤੇ ਅਖ਼ਬਾਰਾਂ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਅਸਰ ਨਾ ਹੋਣ ਦੇ ਕੀ ਕਾਰਨ ਹਨ? ਉਹ ਇਸ ਗੱਲੋਂ ਪਹਿਲਾਂ ਹੀ ਹੱਥ ਖੜ੍ਹੇ ਕਰ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਣਕ ਦੇ ਨਾੜ ਸਾੜਨ ਲਈ ਮਜ਼ਬੂਰ ਹਨ। ਆਧੁਨਿਕ ਢੰਗ ਤਰੀਕਿਆਂ ਨਾਲ ਭਾਵ ਨਾੜ ਨੂੰ ਖੇਤ ਦੇ ਵਿਚੇ ਵਾਹੁਣ ਤੇ ਬਹੁਤ ਖ਼ਰਚਾ ਆਉਂਦਾ ਹੈ ਤੇ ਪਾਣੀ ਦੀ ਲਾਗਤ ਵੀ ਜ਼ਿਆਦਾ ਹੁੰਦੀ ਹੈ। ਪਰ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਸ ਲਈ ਮੁੜ-ਘੁੜ ਕੇ ਇਸਦੀ ਜ਼ਿੰਮੇਵਾਰੀ ਫਿਰ ਸਰਕਾਰ ਤੇ ਹੀ ਆਣ ਪੈਂਦੀ ਹੈ। ਇਸ ਤੇ ਵਿਚਾਰ ਕਰਨਾ ਵੀ ਸਰਕਾਰਾਂ, ਖੇਤੀ ਮਾਹਿਰਾਂ ਅਤੇ ਵਾਤਾਵਰਣ ਮਾਹਿਰਾਂ ਦੀ ਜ਼ਿੰਮੇਵਾਰੀ ਹੈ।

ਪਰ, ਜ਼ਿਲ੍ਹਾ ਮੈਜ਼ਿਸਟ੍ਰੇਟ ਵੱਲੋਂ ਪਾਬੰਦੀਆਂ ਅਤੇ ਆਦੇਸ਼ਾਂ ਦੇ ਬਾਵਜ਼ੂਦ ਇਸ ਰੁਝਾਨ ਨੂੰ ਠੱਲ੍ਹ ਨਾ ਪੈਣ ਦੇ ਕਾਰਨ ਪ੍ਰਸਾਸ਼ਨ ਵੱਲੋਂ ਅਮਲੀ ਰੂਪ ਵਿਚ ਲਿਆਉਣ ਲਈ ਗੰਭੀਰਤਾ ਦਾ ਨਾ ਹੋਣਾ ਮੰਨਿਆਂ ਜਾਂਦਾ ਹੈ। ਦੇਸ਼ ਵਿਚ ਵੋਟਾਂ ਦੀ ਪਾਲਿਸੀ ਕਾਰਨ ਪ੍ਰਸਾਸ਼ਨ ਸਖ਼ਤੀ ਨਾ ਕਰਨ ਲਈ ਮਜ਼ਬੂਰ ਹੈ। ਇਸਤੋਂ ਇਲਾਵਾ ਨੇਤਰਦਾਨ, ਰੁੱਖ ਲਗਾਉਣੇ, ਸਿਹਤ ਅਤੇ ਸਫ਼ੳਮਪ;ਾਈ, ਬਾਲਗ ਸਿੱਖਿਆ, ਪਰਿਵਾਰ ਭਲਾਈ, ਮੈਡੀਕਲ ਕੈਂਪ, ਪਿੰਡਾਂ ਦੇ ਸਕੂਲਾਂ ਨੂੰ ਸੁੰਦਰ ਬਨਾਉਣਾ, ਗੰਦੇ ਪਾਣੀ ਦੇ ਟੋਇਆਂ ਨੂੰ ਭਰਨਾ, ਰੂੜੀਆਂ ਨੂੰ ਠੀਕ ਪਾਸੇ ਲਾਉਣਾ, ਕਿਚਨ ਗਾਰਡਨ ਦੀ ਜਾਣਕਾਰੀ ਦੇਣੀ, ਪ੍ਰਦੂਸ਼ਣ ਰਹਿਤ ਚੁੱਲ੍ਹੇ, ਹਥਿਆਰਾਂ ਦੀ ਟਰੇਨਿੰਗ, ਅੱਗ ਤੋਂ ਬਚਾਓ ਕਰਨ ਸੰਬੰਧੀ ਜਾਣਕਾਰੀ ਦੀ ਸਿੱਖਿਆ ਦਾ ਪ੍ਰਬੰਧ ਐਨ.ਐਸ.ਐਸ. ਕੈਂਪਾਂ ਦੌਰਾਨ ਹੀ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਧਰਤੀ ਦੀ ਕੁੱਖ ਨੂੰ ਬਾਂਝ ਬਣਾਉਣ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਬਾਰੇ ਬੁੱਧੀਜੀਵੀ ਅਤੇ ਸੁਪਰੀਮ ਕੋਰਟ ਬਹੁਤ ਚਿੰਤਤ ਹੈ। ਇਸ ਲਈ ਸੁਪਰੀਮ ਕੋਰਟ ਨੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬੰਬ ਵਰਗਾ ਖ਼ਤਰਨਾਕ ਦੱਸਿਆ ਹੈ। ਇਸ ਨਾਲ ਪਿੰਡਾਂ ਦੇ ਛੱਪੜ ਵੀ ਬੰਦ ਹੋ ਰਹੇ ਹਨ ਤੇ ਸ਼ਹਿਰਾਂ ਦਾ ਸੀਵਰੇਜ਼ ਸਿਸਟਮ ਖ਼ਰਾਬ ਹੋ ਰਿਹਾ ਹੈ। ਪਸ਼ੂਆਂ ਅਤੇ ਵਾਤਾਵਰਣ ਦੇ ਨੁਕਸਾਨ ਨੂੰ ਦੇਖਦਿਆਂ ਇਸਦੀ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜ਼ਾਰੀ ਕਰਕੇ ਸਿਫ਼ਾਰਸ਼ ਕੀਤੀ ਹੈ। ਬੇ-ਜ਼ੁਬਾਨ ਜਾਨਵਰ ਚਰਦੇ ਸਮੇਂ ਲਿਫ਼ਾਫਿਆਂ ਨੂੰ ਨਿਗ਼ਲ ਜਾਂਦੇ ਹਨ ਤੇ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਕ ਜਨਹਿਤ ਪਟਸ਼ਿਨ ਕਰੁਣਾ ਸੁਸਾਇਟੀ ਫ਼ਾਰ ਅਨੀਮਲ ਐਂਡ ਨੇਚਰ ਨਾਂ ਦੀ ਜਥੇਬੰਦੀ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਇਕ ਗਾਂ ਦੇ ਪੇਟ ਵਿਚੋਂ 30 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਮਿਲੇ। ਲੋਕ ਰਸੋਈ ਦਾ ਕਚਰਾ ਲਿਫ਼ਾਫ਼ਿਆਂ ਵਿਚ ਗੰਢਾਂ ਮਾਰ ਕੇ ਏਧਰ-ਓਧਰ ਸੁੱਟ ਦਿੰਦੇ ਹਨ ਜਿਸਨੂੰ ਲਾਲਚ-ਵੱਸ ਜਾਨਵਰ ਖਾ ਜਾਂਦੇ ਹਨ। ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਮਸਲੇ ਸਾਰੇ ਹੀ ਬੜੇ ਗੰਭੀਰ ਹਨ ਪਰ ਇਸਦੇ ਬਾਵਜ਼ੂਦ ਵੀ ਇਹਨਾਂ ਦੀ ਵਰਤੋਂ ਵਿਚ ਕੋਈ ਠੱਲ੍ਹ ਨਹੀਂ ਪੈ ਰਹੀ। ਅਸਲ ਗੱਲ ਤਾਂ ਇਹ ਹੈ ਕਿ ਜਿੰਨੀ ਦੇਰ ਲੋਕਾਂ ਦੇ ਮਨਾਂ ਵਿਚ ਕੁਦਰਤ ਤੇ ਵਾਤਾਵਰਣ ਨੂੰ ਸਾਫ਼- ਸੁਥਰਾ ਰੱਖਣ ਲਈ ਪਿਆਰ ਨਹੀਂ ਜਾਗਦਾ ਓਨੀ ਦੇਰ ਸਰਕਾਰਾਂ, ਸੁਪਰੀਮ ਕੋਰਟ, ਕਾਨੂੰਨ, ਐਨ.ਜੀ.ਓਜ਼ ਇਕੱਲੀਆਂ ਇਸ ਗੰਦਗੀ ਨੂੰ ਖ਼ਤਮ ਨਹੀਂ ਕਰ ਸਕਦੀਆਂ। ਇਹ ਸਭ ਕੁੱਝ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।

ਸੰਪਰਕ: 94649 58236

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ