Sun, 08 September 2024
Your Visitor Number :-   7219708
SuhisaverSuhisaver Suhisaver

ਜ਼ਿੰਦਗੀ ਦੇ ਸਫ਼ਰ ਵਿੱਚ ਸੋਹਣ ਦੀ ਯਾਦ -ਗੁਰਨਾਮ ਗਿੱਲ

Posted on:- 21-09-2012

suhisaver

ਕੋਈ ਵੀ ਬੰਦਾ ਜਦੋਂ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਜਾਂਦਾ ਹੈ ਤਾਂ ਸੰਗਤ ਬਦਲ ਜਾਂਦੀ ਹੈ, ਹਾਲਾਤ ਬਦਲ ਜਾਂਦੇ ਹਨ ਅਤੇ ਮਹੌਲ ਵੀ। ਨਵੇਂ ਲੋਕ ਮਿਲਦੇ ਹਨ, ਕੁਝ ਪਾਰਦਰਸ਼ੀ, ਕੁਝ ਦੋਗਲੇ। ਪਾਰਦਰਸ਼ੀ ਭਾਵ ਅੰਦਰੋਂ-ਬਾਹਰੋਂ ਇੱਕੋ ਜਿਹੇ । ਅਜਿਹੇ ਬੰਦੇ ਅਕਸਰ ਕਦੇ-ਕਦਾਈਂ ਭਾਵੁਕ ਵੀ ਹੋ ਜਾਂਦੇ ਹਨ । ਅਕਸਰ ਜਜ਼ਬਾਤੀ ਬੰਦੇ ਦਿਮਾਗ ਨਾਲ਼ ਘੱਟ ਸੋਚਦੇ ਹਨ, ਦਿਲ ਨਾਲ਼ ਵਧੇਰੇ । ਬੰਦੇ ਦਾ ਹੱਦੋਂ ਵੱਧ ਜਜ਼ਬਾਤੀ ਹੋਣਾ ਗੁਣ ਵੀ ਹੋ ਸਕਦਾ ਹੈ ਅਤੇ ਔਗੁਣ ਵੀ। ਗੁਣ ਦੂਜਿਆਂ ਲਈ ਕਿਉਂਕਿ ਅਜਿਹਾ ਵਿਅਕਤੀ ਸਰਬਤ ਦਾ ਭਲਾ ਲੋਚਦਾ ਹੈ; ਔਗੁਣ ਬੰਦੇ ਦਾ ਆਪਣੇ ਆਪ ਲਈ, ਕਿਉਂਕਿ ਉਹ ਦੋਗਲੇ ਲੋਕਾਂ ਰਾਹੀਂ ਛਲ਼ਿਆਂ ਜਾਂਦਾ ਹੈ ਜੋ ਸਿਰਫ ਆਪਣਾ ਭਲਾ ਹੀ ਸੋਚਦੇ ਹਨ। overemotional ਹੋਣ ਕਰਕੇ ਮੈਂ ਖੁਦ ਵੀ ਅਜਿਹੇ ਧੋਖੇ ਖਾ ਚੁੱਕਾ ਹਾਂ।

ਅਜੋਕੇ ਯੁਗ ਵਿੱਚ ਤਾਂ ਆਦਮੀ ਵਰਗੇ ਬੰਦੇ ਵੀ ਘੱਟ ਹੀ ਮਿਲਦੇ, ਰੱਬ ਵਰਗੇ ਕਿੱਥੋਂ ? ਇਸ ਕਰਕੇ ਹੀ ਸ਼ਾਇਦ ਸਿਰਫ ਬੰਦੇ ਨੂੰ ਹੀ ਆਖਿਆ ਜਾਂਦਾ ਹੈ - ਬੰਦਾ ਬਣ ਜਾ ਬੰਦਾ। ਕਿਸੇ ਜਾਨਵਰ ਨੂੰ ਇਉਂ ਨਹੀਂ ਕਿਹਾ ਜਾਂਦਾ। ਇਹ ਰੱਬ ਵਰਗਾ ਆਦਮੀ 46 ਸਾਲ ਪਹਿਲਾਂ, ਦੁਬਾਰਾ ਮੈਨੂੰ ਇੰਗਲੈਂਡ ਵਿੱਚ ਮਿਲਿਆ ਸੀ। ਪੰਜਾਬ ਵਿੱਚ ਰਹਿੰਦਿਆਂ ਅਸੀਂ ਸਮਰਾਏ-ਜੰਡਿਆਲਾ ਦੇ ਇੱਕੋ ਸਕੂਲ ਵਿੱਚ ਪੜ੍ਹਦੇ ਰਹੇ ਸਾਂ। ਆਪਣੇ ਪ੍ਰਵਾਰ ਵਿੱਚੋਂ ਸਿਰਫ ਉਹੀ ਇੱਕ ਅਲੱਗ ਕਿਸਮ ਦਾ ਬੰਦਾ ਸੀ। ਉਸ ਦੀ ਸੰਗਤ ਵਿੱਚ ਆਉਣ ਕਰਕੇ ਹੀ ਮੇਰੀ ਸਾਹਿਤ ਵਲ ਰੁਚੀ ਵਧੀ ਸੀ। ਉਸ ਵੇਲੇ ਉਹ 'ਪ੍ਰੀਤ ਲੜੀ' ਅਤੇ 'ਨਵਾਂ ਜ਼ਮਾਨਾ' ਪਰਚੇ, ਡਾਕ ਰਾਹੀਂ ਭਾਰਤ ਤੋਂ ਮੰਗਵਾਉਂਦਾ ਹੁੰਦਾ ਸੀ ਅਤੇ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ।   

ਬਾਰਕਿੰਗ ਵਿੱਚ, ਮੈਂ ਉਸਦੇ ਘਰ ਕਿਰਾਏਦਾਰ ਸਾਂ। ਬਿਨਾਂ ਘਰ-ਘਾਟ ਖਰੀਦੇ ਮੈਂ ਆਪਣੀ ਪਤਨੀ ਅਤੇ ਬੇਟਾ ਮੰਗਵਾ ਲਏ ਸਨ। ਸ਼ਾਇਦ ਜ਼ਿੰਦਗੀ ਵਿੱਚ ਇਹ ਮੇਰੀ ਪਹਿਲੀ ਗ਼ਲਤੀ ਸੀ। 1967 ਤੋਂ 1981 ਦੇ ਵਿਚਕਾਰ ਦੋ ਗ਼ਲਤੀਆਂ ਹੋਰ ਵੀ ਹੋਈਆਂ ਪਰ ਉਹਨਾਂ ਦਾ ਜ਼ਿਮੇਂਵਾਰ ਮੈਂ ਨਹੀਂ ਸਗੋਂ ਮੇਰਾ ਪਿਤਾ ਸੀ। ਹੁਣ ਸੋਚਦਾ ਹਾਂ ਕਿ ਹਰ ਚੀਜ਼ ਦੀ ਹੱਦ ਹੁੰਦੀ ਹੈ, ਹੱਦੋਂ ਜ਼ਿਆਦਾ ਆਗਿਆਕਾਰੀ ਹੋਣਾ ਵੀ ਚੰਗਾ ਨਹੀਂ ਹੁੰਦਾ। ਇਹ ਗ਼ਲਤੀਆਂ ਕਿਵੇਂ ਵੀ ਹੋਈਆਂ ਪਰ ਸਜ਼ਾ ਮੈਂ ਹੀ ਭੁਗਤੀ ਹੈ।

ਇੱਕ ਦਿਨ ਸਵੇਰੇ ਮੈਨੂੰ ਇਸ ਵੱਡੇ ਭਰਾ ਵਰਗੇ ਮਿਤੱਰ ਨੇ ਸਲਾਹ ਦਿੱਤੀ " ਦੇਖ ਤੈਨੂੰ ਇੱਕ ਗੱਲ ਦੱਸਾਂ, ਮੇਰੀ ਭੈਣ ਵੀ ਇਸੇ ਘਰ ਵਿੱਚ ਰਹਿੰਦੀ ਹੈ; ਡਰਦਾ ਹਾਂ ਕਿ ਕਿਤੇ ਆਪਣੇ ਮਨਾਂ ਵਿੱਚ ਫਿੱਕ ਨਾ ਪੈ ਜਾਵੇ। ਜ਼ਰੂਰੀ ਨਹੀਂ ਕਿ ਹਰ ਜ਼ਨਾਨੀ ਦਾ ਸੁਭਾ ਦੂਜੀ ਨਾਲ਼ ਰਲ਼ ਸਕੇ। ਚੰਗਾ ਹੋਵੇਗਾ ਜੇ ਤੂੰ ਆਪਣਾ ਘਰ ਖਰੀਦ ਲਵੇਂ।"

ਮੈਂ ਚੁੱਪ-ਚਾਪ ਥੋੜੀ ਦੇਰ ਸੋਚਦਾ ਰਿਹਾ ਤੇ ਫਿਰ ਕਿਹਾ- " ਸੋਹਣ, ਤੂੰ ਤਾਂ ਯਾਰ ਭਲੀ-ਭਾਂਤ ਜਾਣਦਾਂ, ਕਲ੍ਹ ਹੀ ਜਦੋਂ ਹਰਜੀਤ ਸਿੰਘ ਨੇ ਮੇਥੋਂ ਕਿਰਾਏ ਦਾ ਹਿਸਾਬ ਮੰਗਿਆ ਸੀ ---"

"ਬੱਸ ਅੱਗੇ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਸਭ ਜਾਣਦਾਂ" ਉਹ ਬੋਲਿਆ।
"ਚਾਹ-ਪਾਣੀ ਪੀ ਲੈ, ਫਿਰ ਆਪਾਂ ਘਰ ਦੇਖਣ ਚਲਦੇ ਹਾਂ" ਏਨਾ ਆਖ ਕੇ, ਉਹ ਸਾਡੇ ਕਮਰੇ ਚੋਂ ਬਾਹਰ ਚਲੇ ਗਿਆ।

ਮੈਂ ਤੇ ਮੇਰੀ ਪਤਨੀ ਸੋਚਾਂ 'ਚ ਪੈ ਗਏ ਕਿ ਘਰ ਕਿੱਦਾਂ ਲਵਾਂਗੇ। ਘਰ ਲੈਣ ਲਈ ਕਾਫੀ ਪੈਸੇ ਦੀ ਲੋੜ ਹੈ। ਹਾਲੇ ਅਸੀਂ ਆਪਣੀ ਪਰੇਸ਼ਾਨੀ ਵਿੱਚ ਹੀ ਘਿਰੇ ਹੋਏ ਸਾਂ ਕਿ ਉਹ ਵਾਪਿਸ ਆਇਆ ਤੇ ਕਹਿਣ ਲੱਗਾ, "ਚਲੋ ਫਿਰ ਚਲੀਏ ਘਰ ਵੇਖਣ, ਜਿਹੜਾ ਕੰਮ ਕੱਲ੍ਹ ਨੂੰ ਕਰਨਾ ਅੱਜ ਹੀ ਕਿਉਂ ਨਾ ਕਰ ਲਈਏ।"

ਉਸ ਦਾ ਇਹ ਅਸੂਲ ਹਾਲੇ ਤੱਕ ਵੀ, ਮੇਰੇ ਜੀਵਨ ਦੇ ਅਨੁਸਾਸ਼ਨ ਵਿੱਚ ਸ਼ਾਮਿਲ ਹੈ।

ਅਸੀਂ ਰਿੱਪਲ ਰੋਡ ਤੇ ਇੱਕ ਘਰ ਪਸੰਦ ਕੀਤਾ ਅਤੇ ਮੌਰਗੇਜ ਲਈ ਅਪਲਾਈ ਕਰ ਦਿੱਤਾ। 25 ਸਾਲਾਂ ਲਈ ਸੌ ਫ਼ੀ ਸਦੀ ਲੋਨ ਮਿਲ ਗਿਆ ਅਤੇ ਬਾਕੀ ਸਿਰਫ ਵਕੀਲ ਤੇ ਮੁਰੰਮਤ ਦੇ ਪੈਸੇ ਹੀ ਜਮਾ੍ਹ ਕਰਾਉਣੇ ਪੈਣੇ ਸਨ। ਸੋਹਣ ਨੇ ਮਸ਼ਵਰਾ ਦਿੱਤਾ "ਥੋੜੇ ਪੈਸੇ ਆਪਣੀ ਘਰ ਵਾਲ਼ੀ ਦੇ ਚਾਚੇ ਕੋਲੋਂ ਮੰਗ ਕੇ ਵੇਖ ਲਾ।"

"ਨਾ ਬਈ" ਇੱਕ ਦਮ ਮੇਰੇ ਮੂਹੋਂ ਨਿਕਲਿਆ।
ਉਸ ਦੀ ਹੈਰਾਨੀ ਵੇਖ ਕੇ ਮੈਂ ਦੱਸਿਆ, "ਦੇਖ ਤੈਨੂੰ ਪਤਾ, ਦਸ ਪੌਂਡ ਮੈਂ ਉਧਾਰੇ ਮੰਗ ਲਏ ਸਨ ਤਾਂ ਘਰ ਵਾਲ਼ੀ ਦੇ ਫੁਫੜ ਨੂੰ ਝੱਟ ਜਾ ਦੱਸਿਆ ਸੀ ਕਿ-----"
"ਚਲ ਕੋਈ ਨਾ ਆਪਾਂ ਪਰਬੰਧ ਕਰ ਲਾਂਗੇ, ਤੇਰੇ ਮਾਸੜ ਵਰਗੇ ਬੜੇ ਬੰਦੇ ਇੱਥੇ ਤੈਨੂੰ ਮਿਲਣਗੇ ਜੋ ਪੌਂਡ ਦੀ ਪੂਛ ਨਾਲ਼ ਬੱਝੇ ਹੋਏ ਹਨ।" ਮੇਰੀ ਗੱਲ ਟੋਕਦੇ ਹੋਏ ਉਸ ਨੇ ਧਰਵਾਸ ਦੇਣ ਵਾਂਗ ਆਖਿਆ।

ਪੰਜ ਸੌ ਪੌਡ ਸਾਨੂੰ ਵਕੀਲ ਅਤੇ ਮੁਰੰਮਤ ਦਾ ਖਰਚਾ ਦੇਣਾ ਪਿਆ ਜੋ ਸਾਰਾ ਸੋਹਣ ਸਿੰਘ ਧਾਰੀਵਾਲ਼ ਨੇ ਦੇ ਦਿੱਤਾ ਅਤੇ ਮਹੀਨੇ ਦੇ ਅੰਦਰ ਅਸੀਂ ਘਰ ਵਾਲ਼ੇ ਬਣ ਗਏ ਸਾਂ। ਕੁੱਝ ਰਿਸ਼ਤੇ ਹੈਰਾਨ-ਪਰੇਸ਼ਾਨ ਰਹਿ ਗਏ ਅਖੇ ਹੈਂ ਹਾਲੇ ਕਲ੍ਹ ਆਇਆ, ਸਾਡੇ ਨਾਲੋਂ ਵੱਡਾ ਘਰ ਲੈ ਲਿਆ। ਉਹ ਨਹੀਂ ਸਨ ਜਾਣਦੇ ਕਿ ਦੁਨੀਆਂ ਵਿੱਚ ਕੁੱਝ ਲੋਕ ਦਿਲ ਵਾਲ਼ੇ ਵੀ ਹੁੰਦੇ ਹਨ। ਤੇ ਵਿਸ਼ਵਾਸ ਕਰਨਯੋਗ ਵੀ। ਬੇਇਤਬਾਰੇ ਨੂੰ ਕਦੇ ਕੋਈ ਪੈਸਾ ਨਹੀਂ ਦਿੰਦਾ। ਸੋਹਣ ਸਿੰਘ ਦਿਲ ਦਾ ਧਨੀ ਸੀ। ਦਿਲ ਦੀ ਅਮੀਰੀ ਇੱਕ ਬਹੁਤ ਵੱਡਾ ਮਾਨਵੀ ਗੁਣ ਹੈ।

ਕਈ ਵਾਕਿਫਕਾਰਾਂ ਤੇ ਰਿਸ਼ਤੇਦਾਰਾਂ ਸਲਾਹ ਦਿੱਤੀ ਕਿ ਤਿੰਨ ਕਮਰੇ ਕਿਰਾਏ ਤੇ ਦੇ ਦਿਓ, ਸੋਹਣ ਸਿੰਘ ਧਾਰੀਵਾਲ਼ ਨੇ ਵੀ। ਮਨ 'ਚ ਸੋਚਿਆ ਫਿਰ ਆਪਣੇ ਘਰ ਦਾ ਕੀ ਫਇਦਾ? ਜਿਹਾ ਕਿਰਾਏ ਤੇ ਰਹਿ ਲਿਆ ਜਿਹੇ ਕਿਰਾਏਦਾਰ ਵਾੜ ਲਏ! ਪਰਵਾਰਿਕ ਸੁਖ-ਸਹੂਲਤ ਪਹਿਲਾਂ ਤੇ ਧਨ ਦਾ ਲੋਭ ਬਾਦ ਵਿੱਚ । ਮੇਰੀ ਸੋਚ ਦਾ ਖਾਨਾਂ ਪੌਂਡਾਂ ਦੀ ਬੇਵਸਾਹੀ ਤੋਂ ਊਣਾ ਸੀ।

ਛੇਤੀਂ ਹੀ ਮੈਂ ਆਪਣੇ ਪਿਤਾ ਨੂੰ ਬੁਲਾ ਲਿਆ, ਜਿਸ ਨੂੰ ਮੈਂ ਭਾਈਆ ਆਖਦਾ ਹੁੰਦਾ ਸੀ। ਸੋਹਣ ਸਿੰਘ ਨੇ  ਉਸ ਨੂੰ ਆਪਣੇ ਨਾਲ਼ ਹੀ ਕੰਮ ਤੇ ਲੁਆ ਲਿਆ। ਉਹ ਮੇਰੇ ਪਿਤਾ ਨੁੰ ਮਾਮਾ ਆਖਦਾ ਸੀ, ਕਿਉਂਕਿ ਉਸ ਦੇ ਨਾਨਕੇ ਧਨੀ ਪਿੰਡ, ਸਾਡੇ ਨਾਲ਼ ਦੇ ਘਰ ਹੀ ਸਨ। ਮੇਰੀ ਤਨਖਾਹ ਨਾਲ਼ੋ-ਨਾਲ਼ ਖਰਚ ਹੋ ਜਾਂਦੀ। ਘਰ ਵਾਲ਼ੀ ਨੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਦਾ ਫੁੱਫੜ ਕਹਿਣ ਲੱਗਾ "ਆਪਣੇ ਘਰੀਂ ਤੀਵੀਂਆਂ ਨਹੀਂ, ਮਰਦ ਹੀ ਕੰਮ ਕਰਦੇ ਹਨ।"

ਏਨਾ ਕਹਿਣ ਤੇ ਮੇਰੀ ਪਤਨੀ ਨੇ ਉਸਦਾ ਕਿਹਾ ਸਵੀਕਾਰ ਕਰ ਲਿਆ। ਅਸੀਂ ਸਾਰੇ ਉਨਾਂ੍ਹ ਦਾ ਬੜਾ ਸਤਿਕਾਰ ਕਰਦੇ ਸਾਂ। ਮੇਰੇ ਪਿਤਾ ਜੀ ਵੀ ਉਹਨਾਂ ਦੀ ਗੱਲ ਨਹੀਂ ਸਨ ਮੋੜਦੇ। ਉਹ ਜਵਾਨੀ ਦੇ ਵੇਲੇ ਤੋਂ ਹੀ ਪੱਗ-ਵੱਟ ਭਰਾ ਬਣੇ ਹੋਏ ਸਨ।

ਆਖ਼ਰ ਅਸੀਂ ਇੱਕ ਕਮਰਾ ਕਿਰਾਏ ਤੇ ਦੇ ਦਿੱਤਾ। ਇਸ ਆਦਮੀ ਦਾ ਪਿੰਡ ਬੁਲੇਨਾ ਸੀ ਅਤੇ ਸੁਨੰੜ ਖੁਰਦ ਵਿਆਹਿਆ ਹੋਇਆ ਸੀ ਜਿਸ ਘਰ ਮੇਰੇ ਬਾਬੇ ਦੇ ਨਾਨਕੇ ਸਨ। ਇਸ ਤਰ੍ਹਾਂ ਮੇਰੇ ਪਿਤਾ ਜੀ ਨੇ ਰਿਸ਼ਤੇਦਾਰੀ ਕੱਢ ਲਈ। ਰਿਵਰ ਰੋਡ ਤੇ ਇੱਕ ਵੇਅਰਹਾਊਸ ਵਿੱਚ ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਸਾਂ। ਅਸੀਂ ਬਰੇਕਫਾਸਟ ਤੋਂ ਬਾਦ ਗੱਲਾਂ-ਬਾਤਾਂ ਕਰ ਰਹੇ ਸਾਂ ਕਿ ਸੋਹਣ ਸਿੰਘ ਧਾਰੀਵਾਲ਼ ਵੀ ਆ ਗਿਆ। ਆਉਂਦੇ ਸਾਰ ਹੀ, ਉਹ ਮੇਰੇ ਪਿਤਾ ਵੱਲ ਇਸ਼ਾਰਾ ਕਰਦਿਆਂ ਆਖਣ ਲੱਗਾ-"ਮਾਮੇ ਨੂੰ ਪਤਾ ਨਹੀਂ ਕਿਉਂ ਮਾਮੀ ਤੇ ਨਿਆਣੇ ਏਨੇ ਯਾਦ ਆਉਂਦੇ ਨੇ ? ਚਲੋ ਕਲ੍ਹ ਨੂੰ ਹੀ ਆਪਾਂ ਮਾਮੇ ਤੋਂ ਰਾਹਦਾਰੀ ਬਣਵਾ ਕੇ ਭੇਜ ਦਿੰਦੇ ਹਾਂ, ਤੇ ਦੋ ਕੁ ਮਹੀਨੇ ਦੇ ਅੰਦਰ ਮਾਮੀ ਅਤੇ ਸਾਰੇ ਨਿਆਣੇ ਇੱਥੇ ਆ ਜਾਣਗੇ। ਹਰਜੀਤ ਸਿੰਘ ਦਾ ਡੈਡੀ ਵੀ ਰਾਹਦਾਰੀ ਭੇਜਣ ਲੱਗਾ ਹੈ। ਤੁਸੀਂ ਵੀ ਸਾਰਾ ਟੱਬਰ ਇਕੱਠੇ ਹੋ ਜਾਵੋਗੇ। ਮਾਮਾ ਤੂੰ ਤਾਂ ਬੜਾ ਲੱਕੀ ਏਂ। ਉਹਨਾਂ ਲੋਕਾਂ ਵੱਲ ਵੇਖ ਜਿਹੜੇ ਦਸ-ਬਾਰਾਂ ਸਾਲ ਬਾਦ, ਆਪਣੇ ਦੇਸ਼ ਦਾ ਸਫ਼ਰ ਤਾਂ ਲਾ ਚੁੱਕੇ ਹਨ ਪਰ ਉਹਨਾਂ ਦੇ ਟੱਬਰ ਹਾਲੇ ਵੀ ਇੰਡੀਆ ਵਿੱਚ ਹੀ ਰਹਿ ਰਹੇ ਆ।"

"ਪਰ ਉਹਨਾਂ ਨੇ ਜਮੀਨ-ਜਾਇਦਾਦ ਵੀ ਤਾਂ ਬਣਾ ਲਈ ਹੈ।" ਪਿਤਾ ਜੀ ਨੇ ਮੋੜਵਾਂ ਜੁਆਬ ਦਿੱਤਾ।
"ਇਹ ਤਾਂ ਮਾਮਾ ਵਕਤ ਹੀ ਦੱਸੂ ਕਿ ਉਸ ਜ਼ਮੀਨ ਦਾ ਕੋਈ ਕੀ ਕਰੇਗਾ! ਜਿਹੜੇ ਇੱਥੇ ਆ ਵਸੇ, ਉਹਨਾਂ 'ਚੋਂ ਕੋਈ ਟਾਵਾਂ ਹੀ ਵਾਪਸ ਜਾ ਸਕੇਗਾ।" ਸੋਹਣ ਨੇ ਜੁਵਾਬ ਦਿੱਤਾ ਅਤੇ ਆਪਣੀ ਗੱਲ ਅੱਗੇ ਜਾਰੀ ਰੱਖੀ "ਇੱਕ ਤਾਂ ਪਤਾ ਨਹੀਂ ਕੌਣ ਮਾਮੇ ਨੂੰ ਪੁੱਠੀਆਂ-ਸਿੱਧੀਆਂ ਪੜ੍ਹਾਉਂਦੇ ਰਹਿੰਦੇ ਆ; ਅਖੇ ਤੇਰੇ ਮੁੰਡੇ ਨੇ ਤਾਂ ਪੱਚੀ ਸਾਲ ਲਈ ਕਰਜ਼ਾ ਲੈ ਰੱਖਿਆ ਹੈ। ਇਹ ਘਰ ਇਸਦਾ ਆਪਣਾ ਥੋੜੈ! ਮਾਮਾ ਘਰ ਉਨ੍ਹਾਂ ਦੇ ਵੀ ਹੈ ਨਹੀਂ, ਉਹਨੀਂ ਵੀ ਕਰਜ਼ਾ ਲੈ ਰੱਖਿਆ ਹੈ। ਮੇਰੇ ਪੰਜ ਸੌ ਪੌੰਡ ਦਾ ਫਿਕਰ ਨਾ ਕਰ, ਐਵੇਂ ਉਨ੍ਹਾਂ ਦੇ ਚੱਕੇ ਚਕਾਏ ਇਹ ਵਸਦਾ-ਰਸਦਾ ਘਰ ਛੱਡ ਕੇ ਵਾਪਸ ਨਾ ਮੁੜ ਜਾਣਾ। ਨਾਲ਼ੇ ਇਹ ਦੱਸ ਪਈ ਉਹ ਆਪ ਵਾਪਸ ਕਿਉਂ ਨਹੀਂ ਜਾਂਦੇ? ਇੰਡੀਆ ਵਿੱਚ ਕੀ ਰੱਖਿਆ ਆ, ਬਤਾਊਂ?" ਸੋਹਣ ਨੇ ਪਿਤਾ ਜੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ------!

ਇੰਗਲੈਂਡ ਛੱਡ ਕੇ ਭਾਰਤ ਆਉਣ ਬਾਦ, ਜਦੋਂ ਮੈਂ ਕੰਗਣੀਵਾਲ਼ ਰਾਹੀਂ ਜਾਲੰਧਰ ਜਾ ਰਿਹ ਸੀ ਤਾਂ ਅਚਾਨਕ ਮੈਨੂੰ ਸੋਹਣ ਦੇ ਬੋਲ ਯਾਦ ਆਏ, "ਇੰਗਲੈਂਡ ਨੂੰ ਦੁਲੱਤਾ ਮਾਰ ਕੇ ਭਾਰਤ ਤਾਂ ਚਲੇ ਚਲਿਆਂ ਪਰ ਆਖਰ ਤਾਂ ਇੰਗਲੈਂਡ ਨੇ ਹੀ ਸ਼ਰਣ ਦੇਣੀ ਆਂ।" ਕੰਗਣੀਵਾਲ਼ ਸੋਹਣ ਸਿੰਘ ਦਾ ਪਿੰਡ ਹੈ।
ਉਸਦੇ ਬੋਲ ਬਿਲਕੁਲ ਸੱਚੇ ਨਿਕਲੇ, ਹੁਣ ਸੋਚਦਾ ਹਾਂ ਕਿ ਮੈਨੂੰ ਇੰਗਲੈਂਡ ਨੇ ਬਚਾ ਲਿਆ, ਨਹੀਂ ਤਾਂ ਭਾਰਤ ਵਿੱਚ ਰਹਿੰਦਿਆਂ ਗਰੀਬੀ ਨੇ ਖਾ ਜਾਣਾ ਸੀ।

ਇੱਕ ਦਿਨ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਛੋਟੇ ਭਰਾ ਕੁਲਤਾਰ ਸਿੰਘ ਨੂੰ ਮਿਲਣ ਦਾ ਸਬੱਬ ਬਣਿਆਂ ਤਾਂ ਮੈਂ ਉਸ ਨੂੰ ਸਾਰੀ ਨਿੱਜੀ ਕਹਾਣੀ ਤੋਂ ਜਾਣੂ ਕਰਵਾਇਆ । ਉਸ ਨਸੀਅਤ ਵਜੋਂ ਆਖਿਆ, ਦੇਖ ਗ਼ਲਤੀ ਜੋ ਹੋ ਗਈ ਸੋ ਹੋ ਗਈ। ਕਿਸੇ ਦਿਨ ਆਵੀਂ ਤੇ ਵੇਖੀਂ ਆਪਣੀ ਆਂਟੀ ਨੂੰ, ਆਖਰ ਤਾਂ ਜੱਟੀ ਆ, ਖੇਤੀ ਦੇ ਨਿੱਕੇ-ਮੋਟੇ ਕੰਮ ਆਪ ਹੀ ਕਰ ਲੈਂਦੀ ਆ ਜਿਵੇਂ ਨੱਕਾ ਮੋੜਨਾ ਪਵੇ ਤਾਂ।"
"ਪਰ ਅਸੀਂ ਕਦੇ ਖੇਤੀ ਕੀਤੀ ਹੀ ਨਹੀਂ। ਪਿਓ ਮੇਰਾ ਇਕੱਲਾ ਹੈ, ਖੇਤੀ ਤਿੰਨ-ਚਾਰ ਬੰਦਿਆਂ ਦਾ ਕੰਮ ਹੈ। ਇਸ ਕਰਕੇ ਉਹ ਦੋ ਮੱਝਾਂ ਰੱਖਕੇ ਪੱਠੇ ਪਾ ਛੱਡਦਾ ਸੀ।"

"ਹੁਣ ਮਸ਼ੀਨੀ ਖੇਤੀ ਹੈ, ਇਹ ਕੋਈ ਵੀ ਕਰ ਸਕਦਾ ਹੈ। ਤੂੰ ਥੋੜੇ ਚਿਰ 'ਚ ਆਪੇ ਸਿੱਖ ਜਾਣਾ ਏ। ਨਾਲ਼ੇ ਹੁਣ ਤਾਂ ਤੁਸੀਂ ਤਿੰਨ ਜਣੇ ਆਂ, ਤੇਰਾ ਛੋਟਾ ਭਰਾ ਗਭਰੂ ਆ।" ਉਸ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਉਸ ਵਕਤ ਦੋ ਸਾਲ ਦੇ ਸਮੇਂ ਅੰਦਰ ਪਾਸਪੋਰਟ 'ਤੇ ਮੋਹਰ ਲੁਆਉਣ ਲਈ ਵਾਪਸ ਇੰਗਲੈਂਡ ਆਉਣਾ ਪੈਂਦਾ ਸੀ। ਮੈਂ ਇੱਕ ਵਾਰੀ ਫਿਰ ਉਸੇ ਰੱਬ ਵਰਗੇ ਦੋਸਤ ਦੇ ਘਰ ਵਿੱਚ ਕਿਰਾਏਦਾਰ ਬਣਿਆਂ ਤੇ ਕਮਰਾ ਵੀ ਉਹੀ ਸੀ। ਤੀਜੀ ਵੱਡੀ ਗ਼æਲਤੀ ਫਿਰ ਹੋ ਗਈ ਜਾਂ ਕਰਵਾਈ ਗਈ ਸੀ, ਹਾਲਾਂਕਿ ਮੇਰੇ ਪਿਤਾ ਨੇ ਚਿੱਠੀ ਵਿੱਚ ਸਾਫ ਲਿਖ ਦਿੱਤਾ ਸੀ ਕਿ ਉਹਨਾਂ ਨੂੰ ਦੱਸ ਦੇ ਕਿ ਜੇ ਉਹ ਭਾਰਤ ਨਹੀਂ ਆ ਸਕਦੇ ਤਾਂ ਨਾ ਸਹੀ; ਪਰ ਮੈਂ ਉਹ ਚਿੱਠੀ ਵਿਖਾ ਨਹੀਂ ਸਕਿਆ ਜੋ ਗੁੱਸੇ ਵਿੱਚ ਆ ਕੇ ਖੁੰਡੇ ਲਫਜ਼ਾਂ ਵਿੱਚ ਲਿਖੀ ਹੋਈ ਸੀ। ਸੋਚਿਆ ਪਿਤਾ ਜੀ ਵਲੋਂ ਲਿਖੀ ਅਜਿਹੀ ਸ਼ਬਦਾਵਲੀ ਉਸ ਪ੍ਰਤੀ ਸਤਿਕਾਰ ਘਟਾ ਸਕਦੀ ਹੈ, ਬੱਸ ਮੇਰੀ ਇਹੋ ਸੋਚ ਮੇਰੀ ਪਰੇਸ਼ਾਨੀ ਨੂੰ ਜਨਮ ਦੇ ਗਈ ਸੀ। ਆਖਰ ਦੁਬਾਰਾ ਮੇਰੀ ਘਰ ਲੈਣ ਦੀ ਮਜਬੂਰੀ, ਹਵਾਈ ਟਿਕਟਾਂ ਅਤੇ ਛੋਟੀ ਭੈਣ ਦੇ ਵਿਆਹ ਦੇ ਖਰਚ ਵਲ ਵੇਖਦਿਆਂ, ਕੁੱਝ ਦੋਸਤਾਂ ਨੇ ਝੱਟ-ਪੱਟ ਪੈਸੇ ਤਾਂ ਇਕੱਠੇ ਕਰਕੇ ਮੇਰੇ ਅੱਗੇ ਰੱਖ ਦਿੱਤੇ। ਮੈਂ ਪਰਵਾਨ ਵੀ ਕਰ ਲਏ ਪਰ ਅੰਦਰੋਂ ਸ਼ਰਮਸਾਰ ਵੀ ਸਾਂ। ਮੇਰੇ ਰੱਬ ਵਰਗੇ ਦੋਸਤ ਨੇ ਮੇਰਾ ਹੌਸਲਾ ਬੁਲੰਦ ਕਰਨ ਲਈ ਆਖਿਆ"ਔਕੜਾਂ ਵਿੱਚ ਹੌਸਲਾ ਨਹੀਂ ਹਾਰੀਦਾ, ਜ਼ਿੰਦਗੀ ਹੈ ਨਾਮ ਤੁਰਦੇ ਰਹਿਣ ਦਾ।"

ਵਿਆਹ ਤੋਂ ਪਹਿਲਾਂ, ਹਰ ਹਾਲਤ ਵਿੱਚ ਪ੍ਰਵਾਰ ਦਾ ਆਉਣਾ ਜ਼ਰੂਰੀ ਸੀ। ਵੀਜ਼ੇ ਲਈ ਮੈਂ ਸਿੱਧਾ ਦਿੱਲੀ ਪਹੁੰਚਾ ਤੇ ਫਿਰ ਦਿੱਲੀ ਤੋਂ ਸਹਾਰਨਪੁਰ ਰਾਹੀਂ ਆਪਣੇ ਘਰ। ਫਾਰਮ ਦੇ ਵਿੱਚ ਹੀ ਸਾਡੀ ਰਿਹਾਇਸ਼ ਸੀ। ਉਸ ਵੇਲੇ ਅੰਕਲ ਕੁਲਤਾਰ ਸਿੰਘ ਸਟੇਟ ਮਨਿਸਟਰ ਸਨ। ਮਾਤਾ ਜੀ ਨੂੰ ਕੁੱਝ ਸਾਲ ਪਹਿਲਾਂ ਹੀ ਗਿਆਨੀ ਜ਼ੈਲ ਸਿੰਘ ਨੇ ਰਾਜ-ਮਾਤਾ ਦੇ ਖਿਤਾਬ ਨਾਲ਼ ਸਨਮਾਨਿਆਂ ਸੀ, ਅਤੇ ਨਾਲ਼ ਕਾਰ ਵੀ ਭੇਂਟ ਕੀਤੀ ਸੀ। ਉਹਨਾਂ ਦੇ ਬੇਟੇ ਨੇ ਸਹਾਰਨਪੁਰ ਵਿਖੇ ਹੀ ਵਕਾਲਤ ਸ਼ੁਰੂ ਕੀਤੀ ਸੀ।

ਇੰਗਲੈਂਡ ਪਰਤਣ ਤੋਂ ਇੱਕ ਦਿਨ ਪਹਿਲਾਂ, ਮੈਂ ਆਪਣੀ ਪਤਨੀ ਨਾਲ਼ ਉਹਨਾਂ ਦੇ ਫਾਰਮ ਹਾਊਸ ਵਿਖੇ ਗਿਆ ਜਿੱਥੇ ਉਨ੍ਹਾਂ ਦੀ ਰਹਾਇਸ਼ ਸੀ। ਉਹਨਾਂ ਦਾ ਫਾਰਮ ਸ਼ਹਿਰ ਦੇ ਬਿਲਕੁਲ ਨਾਲ਼ ਲਗਦਾ ਸੀ। ਉਸ ਦਿਨ ਕੋਈ ਸਿਆਸੀ ਇਕੱਠ ਹੋਣ ਕਰਕੇ ਮੈਂ ਉਹਨਾਂ ਦਾ ਬਹੁਤਾ ਸਮਾਂ ਨਹੀਂ ਲੈਣਾ ਚਾਹਿਆ, ਸਿਰਫ ਏਨਾ ਹੀ ਆਖ ਸਕਿਆ-"ਅੰਕਲ ਜੀ ਮੈਨੂੰ ਪਤਾ ਅੱਜ ਤੁਸੀਂ ਬਿਜ਼ੀ ਹੋ, ਅਸੀਂ ਕਲ੍ਹ ਨੂੰ ਵਾਪਸ ਚਲੇ ਜਾਣਾ, ਵੱਡੀ ਭੈਣ ਜੀ ਲਈ ਕੋਈ ਸੁਖ ਸੁਨੇਹਾ?"

ਸਾਨੂੰ ਬਿਠਾ ਕੇ, ਉਹ ਆਪਣੀ ਛੋਟੀ ਬੇਟੀ ਬਬਲੀ ਨੂੰ ਸਾਡੇ ਕੋਲ ਭੇਜ ਗਏ। ਉਹ ਸਾਡੇ ਨਾਲ਼ ਗੱਲਾਂ ਕਰਦੀ ਰਹੀ 'ਤੇ ਨਾਲ਼ ਹੀ ਆਪਣੀ ਵੱਡੀ ਭੈਣ ਨੂੰ ਭੇਜਣ ਲਈ ਗ੍ਰਾਮੋਫੋਨ ਦੇ ਰਿਕਾਰਡ ਚੁਣਦੀ ਰਹੀ। ਲੰਡਨ ਵਿੱਚ ਬਬਲੀ ਦੇ ਜੀਜਾ ਜੀ, ਬੀ ਬੀ ਸੀ ਵਰਲਡ ਸਰਵਿਸ ਵਿੱਚ ਕੰਮ ਕਰਦੇ ਸਨ ਅਤੇ ਨੌਰਥ ਹੈਰੋ ਵਿਖੇ ਰਹਿੰਦੇ ਸਨ। ਚਾਹ-ਪਾਣੀ ਪੀ ਕੇ ਅਸੀਂ ਵਿਦਾ ਲਈ ਅਤੇ ਆਪਣੇ ਘਰ ਵੱਲ ਚਲ ਪਏ ਜੋ ਕੁੱਝ ਮੀਲ ਦੀ ਦੂਰੀ ਤੇ ਸੀ।

ਲੰਡਨ ਪਹੁੰਚ ਕੇ, ਅਸੀਂ ਪਰਵਾਸ ਦੀਆਂ ਮਜ਼ਬੂਰੀਆਂ ਅਤੇ ਘਰੇਲੂ ਸਮਸਿਆਵਾਂ ਨੂੰ ਸੁਲਝਾਣ ਵਿੱਚ ਰੁਝ ਗਏ। ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ । ਵਿਆਹ ਵਾਸਤੇ ਮੇਰੀ ਪਤਨੀ ਦੀ ਭੂਆ ਦੇ ਮੁੰਡੇ ਨੇ, ਆਪਣੀ ਰਿਸ਼ਤੇਦਾਰੀ ਦੇ ਵਿਸ਼ਾਲ ਦਾਇਰੇ ਦੇ ਹਿਸਾਬ ਨਾਲ,æ ਮੈਨੂੰ ਵੀ 750 ਪੌਂਡ ਦੀ ਸ਼ਰਾਬ ਖਰੀਦ ਦਿੱਤੀ। ਸ਼ਰਾਬ ਸਿਰਫ 30 ਪੌੰਡ ਦੀ ਲੱਗੀ ਅਤੇ ਬਾਕੀ ਸਾਰੀ ਬਚ ਗਈ। ਜੰਜ ਤਾਂ ਪਹਿਲਾਂ ਹੀ ਸ਼ਰਾਬੀ ਹੋ ਕੇ ਆਈ ਸੀ। ਇੱਕ ਦਿਨ, ਮੈਂ ਕਾਰ ਵਾਲ਼ੇ ਇੱਕ ਰਿਸ਼ਤੇਦਾਰ ਨੂੰ ਪੁੱਛਿਆ ਕਿ ਅਗਰ ਇਹ £720 ਦੀ ਸ਼ਰਾਬ £600 ਵਿੱਚ ਵੀ ਵਾਪਸ ਕਰ ਲੈਣ ਤਾਂ ਵੀ ਚੰਗਾ ਏ ਕਿਉਂਕਿ ਉਸ ਵਕਤ ਦਾ £600, ਅੱਜ ਦੇ ਚਾਲ਼ੀ ਹਜ਼ਾਰ ਪੌਂਡ ਦੇ ਬਰਾਬਰ ਸੀ। ਪਰ ਉਹ ਟਾਲ਼-ਮਟੋਲ਼ ਕਰ ਗਿਆ। ਮੈਂ ਕੰਮ ਤੋਂ ਸੱਤ ਵਜੇ ਘਰ ਪੁਹੰਚਦਾ ਹੁੰਦਾ ਸੀ ਤੇ ਉਹ ਨਾਲ਼ ਇੱਕ ਹੋਰ ਬੰਦੇ ਨੂੰ ਲੈ ਕੇ, ਪੰਜ ਵਜੇ ਮੇਰੇ ਘਰ ਪਹੁੰਚਕੇ ਪੀਣੀ ਸ਼ੁਰੂ ਕਰ ਦਿੰਦੇ ਸਨ ਤੇ ਰਾਤ ਦੇ ਦਸ-ਗਿਆਰਾਂ ਵਜੇ ਤੋਂ ਪਹਿਲਾਂ ਉੱਠ ਕੇ ਨਹੀਂ ਸਨ ਜਾਂਦੇ। ਮੈਂ ਸਵੇਰੇ ਕੰਮ ਤੇ ਜਾਣ ਲਈ ਪੰਜ ਵਜੇ ਬੱਸ ਫੜਨੀ ਹੁੰਦੀ ਸੀ। ਮੈਂ ਬਿਸਤਰੇ ਵਿੱਚ ਜਾਣ ਵਾਸਤੇ ਘੜੀ ਦੀਆਂ ਸੂਈਆਂ ਵੱਲ ਘੂਰਦਾ ਰਹਿੰਦਾ ਸੀ। ਰੱਬ ਵਰਗੇ ਇਨਸਾਨ ਦੇ ਨਾਲ਼ ਮੈਨੂੰ, ਇਸ ਤਰ੍ਹਾਂ ਦੇ ਕਈ ਸ਼ੈਤਾਨ ਵੀ ਮਿਲੇ ਹਨ। ਰੱਬ ਉਨ੍ਹਾਂ ਦਾ ਵੀ ਭਲਾ ਕਰੇ।

ਮੇਰਾ ਛੋਟਾ ਭਰਾ ਮੋਹਣ ਸਿੰਘ, ਜੋ ਨਵਾਂ-ਨਵਾਂ ਕਨੇਡਾ ਗਿਆ ਸੀ, ਉਸਨੇ ਮੈਨੂੰ 500 ਡਾਲਰ ਭੇਜੇ ਸਨ; ਇਸਦੇ 300 ਪੌਂਡ ਬਣੇ ਸਨ। ਉਸ ਵੇਲੇ, ਇਹ ਸਹਾਇਤਾ ਮੇਰੇ ਲਈ ਅਰਥ ਰੱਖਦੀ ਸੀ। ਵਿਆਹ ਵਾਲੇ ਦਿਨ, ਔਰਤਾਂ ਨੂੰ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਇਸ ਕਰਕੇ, ਉਹਨਾਂ ਨੂੰ ਘਰ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਖਾਣ-ਪੀਣ ਦਾ ਸਭ ਸਮਾਨ ਹਾਲ ਵਿੱਚ ਪਹੁੰਚ ਚੱਕਾ ਸੀ। ਇਸ ਸਥਿਤੀ ਨੂੰ ਮੱਦੇ-ਨਜ਼ਰ ਰੱਖਦਿਆਂ, ਸੋਹਣ ਸਿੰਘ ਧਾਰੀਵਾਲ ਨੇ ਸਲਾਹ ਦਿੱਤੀ, "ਕਿਉਂ ਨਾ ਆਪਾਂ ਇੱਕ ਦੋ ਕਾਰਾਂ ਵਾਲਿਆਂ ਨੂੰ ਕਹੀਏ ਕਿ ਔਰਤਾਂ ਲਈ ਖਾਣਾ ਘਰ ਲੈ ਜਾਣ। ਉਹ ਵਿਚਾਰੀਆਂ ਉੱਥੇ ਭੁੱਖੀਆਂ ਬੈਠੀਆਂ ਹੋਣਗੀਆਂ।"

ਉਸ ਨੇ ਇੱਕ ਦੋ ਬੰਦਿਆਂ ਨਾਲ਼ ਗੱਲ ਕੀਤੀ ਪਰ ਉਹ ਦੀਦਾਰ ਸਿੰਘ ਪਰਦੇਸੀ ਨੂੰ ਸੁਣਨ ਅਤੇ ਖਾਣ-ਪੀਣ ਵਿੱਚ ਰੁਝੇ ਰਹੇ।

"ਜਾਹ ਜਾ ਕੇ ਤੂੰ ਕਹਿ ਕੇ ਆ" ਸੋਹਣ ਨੇ ਬੇਬਸੀ ਵਿੱਚ ਆਖਿਆ। ਪਰ ਮੈਂ ਹਿਰਖ ਦੇ ਅਹਿਸਾਸ ਨਾਲ਼ ਭਰਿਆ ਰਿਹਾ। ਮਨੋ-ਮਨੀ ਪਛਤਾ ਰਿਹਾ ਸਾਂ ਕਿ ਅਗਰ ਮੈਂ ਵੀ ਟੈਸਟ ਪਾਸ ਕਰਕੇ, ਔਖੇ-ਸੌਖੇ ਕੋਈ ਟੁੱਟੀ-ਫੁੱਟੀ ਕਾਰ ਖਰੀਦੀ ਹੁੰਦੀ ਤਾਂ ਅੱਜ ਅਜਿਹੇ ਲੋਕਾਂ ਅੱਗੇ ਤਰਲੇ ਨਾ ਪਾਉਣੇ ਪੈਂਦੇ।

"ਬੁੜ੍ਹੀਆਂ ਤਾਂ ਸਾਰੀਆਂ ਭੁਖੀਆਂ ਹੀ ਚਲੇ ਗਈਆਂ, ਹੁਣ ਇਸ ਖਾਣੇ ਦਾ ਕੀ ਕਰੀਏ?" ਸੋਹਣ ਨੇ ਮੇਰੇ ਵੱਲ ਵੇਖਦਿਆਂ ਪੁੱਛਿਆ।
"ਜੀਤ ਲਾਲੀ ਜਾਂ ਰੇਸ਼ਮ ਨੂੰ ਪੁੱਛਦੇ ਆਂ, ਜੇ ਉਹ ਕਾਰਾਂ ਵਿੱਚ ਰੱਖ ਕੇ ਕਿਤੇ ਸੁੱਟ ਆਉਣ! ਈਸਟਹੈਮ ਕੌਂਸਲ ਦਾ ਜਿੱਥੇ ਕੂੜਾ ਸੁੱਟਿਆ ਜਾਂਦਾ।" ਮੈਂ ਸਲਾਹ ਦਿੱਤੀ।

"ਜੀਤ ਤਾਂ ਖਿਸਕ ਗਿਆ ਲਗਦਾ, ਰੇਸ਼ਮ ਨੂੰ ਪੁੱਛਦੇ ਆਂ" ਸੋਹਣ ਦਾ ਮਸ਼ਵਰਾ ਸੀ।
ਅਸੀਂ ਰੇਸ਼ਮ ਨੂੰ ਕਿਹਾ ਕਿ ਪਹਿਲਾਂ ਤੂੰ ਮੀਟ ਸੁੱਟ ਆ। ਤੇਰੇ ਵਾਪਸ ਆਉਣ ਤੱਕ ਅਸੀਂ ਦਾਲ਼ ਤੇ ਰੈਤਾ,  ਥੋੜਾ-ਥੋੜਾ ਕਰਕੇ ਟਾਇਲਟ ਵਿੱਚ ਸੁੱਟ ਕੇ ਫਲੱਸ਼ ਕਰੀ ਜਾਨੇ ਆਂ। ਪੂਰਾ ਡੇੜ ਘੰਟਾ ਹੋ ਗਿਆ ਜਦੋਂ ਉਹ ਵਾਪਿਸ ਨਾ ਅਇਆ ਤਾਂ ਸੋਹਣ ਨੇ ਅਨੁਮਾਨ ਲਾਇਆ,"ਮੈਨੂੰ ਲਗਦੈ ਉਹ ਜਾਣ-ਪਹਿਚਾਣ ਵਾਲ਼ੇ ਘਰੀਂ ਵੰਡਣ ਲੱਗ ਪਿਆ ਹੋਣਾ। ਇਹਦੇ ਨਾਲੋਂ ਤਾਂ ਜਿਹੜੀਆਂ ਦਸ-ਬਾਰਾਂ ਬੁੜ੍ਹੀਆਂ ਇੱਥੋਂ ਗਈਆਂ ਸਨ, ਉਨ੍ਹਾਂ ਨੂੰ ਦੇ ਦੇਣਾ ਸੀ। ਕਈ ਕਾਰਾਂ ਵਾਲੇ ਵੀ ਸਨ।"

"ਐਵੇਂ ਸੋਚਣਗੇ ਕਿ ਅਸੀਂ ਕੋਈ ਮੀਟ- ਸਮੋਸਿਆਂ ਦੇ ਭੁੱਖੇ ਆਂ, ਫਿਰ ਆਪਾਂ ਹੀ ਸ਼ਰਮਿੰਦੇ ਹੋਣਾ ਸੀ।"
"ਇਹ ਸਿਰਫ ਤੇਰੀ ਸੋਚ ਆ, ਉਹਨਾਂ ਦੀ ਨਹੀਂ। ਉਹਨਾਂ ਨੇ ਤਾਂ ਖੁਸ਼ੀ-ਖੁਸ਼ੀ ਸਭ ਕੁੱਝ ਲੈ ਜਾਣਾ ਸੀ।"

ਕੁਝ ਸਾਲਾਂ ਬਾਦ, ਕਰਜ਼ਿਆਂ ਤੋਂ ਥੋੜਾ ਸੁਰਖਰੂ ਹੋ ਕੇ, ਮੈਂ ਇਲਫਰਡ ਵਿੱਚ ਘਰ ਲੈਣ ਦਾ ਸੁਪਨਾ ਵੇਖਣ ਲੱਗਾ ਸੀ। ਲੋਕੀ ਅਰਦਾਸ ਕਰਕੇ ਤਾਂ ਸਭ ਦੇ ਭਲੇ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਹਰ ਕੋਈ ਆਪਣਾ ਹੀ ਭਲਾ ਚਾਹੁੰਦਾ ਹੈ। ਮੈਂ ਆਪਣੇ ਦਿਲ ਦੀ ਹਸਰਤ ਧਾਰੀਵਾਲ ਨਾਲ਼ ਸਾਂਝੀ ਕੀਤੀ ਤਾਂ ਉਹ ਕਹਿਣ ਲੱਗਾ-" ਜੇ ਇਹ ਘਰ ਖੁੰਝ ਗਿਆ ਤਾਂ ਹੋਰ ਬਥੇਰੇ। ਪਰ ਜੇ ਤੇਰੀ ਨਜ਼ਰ ਇਸ 'ਤੇ ਹੀ ਟਿਕੀ ਹੋਈ ਏ ਤਾਂ 24 ਹਜ਼ਾਰ ਮੇਰਾ ਬਿਲਡਿੰਗ ਸੁਸਾਇਟੀ ਵਿੱਚ ਪਿਆ, ਤਿੰਨ-ਚਾਰ ਦਾ ਬੰਦੋਬਸਤ ਕਰ ਕੇ ਆਪਾਂ ਕੈਸ ਹੀæ ਲੈ ਲੈਂਦੇ ਹਾਂ। ਬਾਦ ਵਿੱਚ ਮੌਰਗੇਜ ਲੈਂਦੇ ਰਹਾਂਗੇ । ਪਰ ਤੂੰ ਇਸ ਘਰ ਲਈ ਏਨਾ ਉਤਾਵਲਾ ਕਿਉਂ ਏ?"

"ਦੇਖ ਦੋ ਨੰਬਰ ਅਤੇ ਅਠਾਈ ਨੰਬਰ ਵਿੱਚ ਬਹੁਤਾ ਫਰਕ ਨਹੀਂ। ਦੋ ਨੰਬਰ ਬਲਬੀਰ ਸਿੰਘ ਕੰਵਲ ਲੈ ਰਿਹੈ; ਇੱਕ ਦੂਜੇ ਦੇ ਨੇੜੇ ਰਹਿੰਦਿਆਂ ਸਾਡੀ ਸਾਹਿਤੱਕ ਭੁੱਖ ਪੂਰੀ ਹੁੰਦੀ ਰਹੇਗੀ।"

"ਪਰ ਤੁਹਾਡੇ ਸ਼ੌਕ ਇੱਕ-ਦੂਜੇ ਨਾਲੋਂ ਕਾਫੀ ਵੱਖਰੇ ਲਗਦੈ, ਯਾਰੀ ਨਿਭੇਗੀ?"
"ਯਾਰ, ਜਦ ਆਪਣਾ ਲਾਈਫ-ਸਟਾਈਲ ਆਪਣੀਆਂ ਪਤਨੀਆਂ ਨਾਲ਼ ਨਹੀਂ ਮਿਲਦਾ, ਜਿਨਾਂ੍ਹ ਨਾਲ਼ ਚੌਵੀ ਘੰਟੇ ਰਹਿੰਨੈ ਆਂ, ਉਸ ਨਾਲ਼ ਤਾਂ ਸਿਰਫ ਸ਼ਾਮ ਨੂੰ ਦੋ ਘੰਟੇ ਬੈਠਣ ਲਈ ਮਿਲਿਆ ਕਰਨੇ ਆਂ, ਉਹ ਪੀਂਦੇ-ਪਿਲਾਂਦੇ ਪੌਣੇ ਘੰਟੇ ਵਾਂਗ ਗੁਜ਼ਰ ਜਾਇਆ ਕਰਨੇ ਆਂ।" ਮੈਂ ਮਖੌਲ ਕਰਦਿਆਂ ਆਖਿਆ।
"ਚਲੋ ਜਿਵੇਂ ਤੂੰ ਖੁਸ਼ ਏਂ।"

ਸੋਹਣ ਸਿੰਘ ਉਸ ਵੇਲੇ ਫੋਰਡ ਮੋਟਰ ਕੰਪਨੀ ਵਿੱਚ ਰਾਤਾਂ ਤੇ ਕੰਮ ਕਰਦਾ ਸੀ। ਜਦੋਂ ਉਹ ਚਲੇ ਗਿਆ ਤਾਂ ਮੈਂ ਹੈਰਾਨੀ ਨਾਲ਼ ਆਪਣੇ ਦੋਸਤ ਜੀਤ ਲਾਲੀ ਨੂੰ ਦੱਸਿਆ ਕਿ ਬਿਨਾ ਕਿਸੇ ਲਿਖਤ ਦੇ ਇਹ ਬੰਦਾ ਮੈਨੂੰ ਪੈਸੇ ਦੇ ਰਿਹਾ ਹੈ। ਕਲ੍ਹ ਨੂੰ ਜੇ ਭਲਾ ਕੋਈ ਮੁਕੱਰ ਜਾਵੇ ਤਾਂ ਇਹ ਉਸ ਦੀ ਕੀ ਪੂਛ ਫੜ ਲਊ!

ਬੀਅਰ ਦਾ ਅੱਧਾ ਗਲਾਸ ਪੀ ਕੇ, ਉਹ ਡੂੰਘਾ ਜਿਹਾ ਸਾਹ ਭਰ ਕੇ ਬੋਲਿਆ, "ਪੂਛ ਫੜਨ ਤੱਕ ਗੱਲ ਹੀ ਨਹੀਂ ਜਾਣੀ, ਹੋਰ ਕਿਸੇ ਨੂੰ ਉਹ ਦੇ ਨਹੀਂ ਸਕਦਾ। ਤੇਰੇ ਤੇ ਉਸ ਨੂੰ ਰੱਬ ਵਰਗਾ ਭਰੋਸਾ ਹੈ। ਇਹ ਨਾ ਸਮਝ ਕਿ ਇਹ ਪੈਸੇ ਉਸ ਨੇ ਤੈਨੂੰ ਦੇਣੇ ਹਨ, ਸਗੋਂ ਤੇਰੇ ਮਨ ਅੰਦਰ ਵਸਦੇ ਇਨਸਾਨ ਦੀ ਪਛਾਣ ਕਰ ਕੇ ਉਸ ਨੂੰ ਦੇ ਰਿਹੈ" 

ਸੋਚਦਾ ਹਾਂ ਕਿ ਅੱਜ ਉਹੀ ਘਰ ਚਾਰ ਲੱਖ ਦਾ ਹੈ। ਤੇ ਸਮਝੋ ਅੱਜ ਦਾ ਇੱਕ ਲੱਖ ਪੌੰਡ, ਜਿਹੜਾ ਉਹ ਬਿਨਾ ਕਿਸੇ ਲਿਖਤ-ਪੜ੍ਹਤ ਦੇ ਮੈਨੂੰ ਦੇ ਰਿਹਾ ਸੀ। ਸੋਚਦਾ ਹਾਂ ਅਜੋਕੇ ਦੌਰ ਵਿੱਚ ਤਾਂ ਕੋਈ ਬੰਦਾ, ਆਪਣੇ ਸਕੇ ਭਰਾ ਨੂੰ ਵੀ ਏਦਾਂ ਪੰਜ-ਸੱਤ ਹਜ਼ਾਰ ਦੇਣ ਲਈ ਤਿਆਰ ਨਹੀਂ ਹੋ ਸਕਦਾ!

ਮੇਰਾ ਸਾਰਾ ਘਰ ਉਸਨੇ ਹੀ ਮੁਰੰਮਤ ਅਤੇ ਡੈਕੋਰੇਟ ਕੀਤਾ ਸੀ। ਉਸਦੇ ਨਾਲ਼ ਉਸ ਦਾ ਰਿਸ਼ਤੇਦਾਰ ਪ੍ਰੀਤਮ ਹੁੰਦਾ ਸੀ ਜੋ ਮੇਰੇ ਲਈ ਵੀ, ਦੋਸਤਾਂ ਵਰਗਾ ਹੀ ਸੀ । ਉਸ ਨੂੰ ਹੀ ਮੈਂ ਆਪਣਾ ਪਹਿਲਾ ਘਰ ਵੇਚਿਆ ਸੀ, ਜਿੰਨੇ ਦਾ ਮੈਂ ਲਿਆ ਸੀ ਬਿਲਕੁਲ ਉਸੇ ਕੀਮਤ ਉੱਤੇ। ਇੱਕ ਦਿਨ ਅਸੀਂ ਸ਼ਾਮ ਨੂੰ ਘਰ ਬੈਠੇ ਬੀਅਰ-ਬੱਤਾ ਪੀਣ ਦੀ ਤਿਆਰੀ ਵਿੱਚ ਸਾਂ ਕਿ ਅਚਾਨਕ ਦਰਵਾਜੇ 'ਤੇ ਦਸਤਕ ਹੋਈ। ਇਨਸ਼ੁæੁਰੈਂਸ ਕਰਨ ਵਾਲ਼ਾ ਇਕ ਏਜੰਟ ਸਾਨੂੰ ਪੈਨਸ਼ਨ ਦੀ ਪਾਲਿਸੀ ਸਮਝਾਉਣ ਲੱਗਾ,"ਵੇਖੋ ਸੱਠ ਸਾਲ ਦੀ ਉਮਰ ਬਾਦ ਤੁਹਾਡੀ ਪੈਨਸ਼ਨ ਇਤਨੀ ਵਧ ਜਾਣੀ ਹੈ!"

ਮੈਂ ਸੋਹਣ ਨੂੰ ਸੈਨਤ ਮਾਰੀ ਕਿ ਇਸ ਨੂੰ ਟਰਕਾ ਦੇਣਾ ਹੀ ਚੰਗਾ ਹੈ, ਐਵੇਂ ਟਾਈਮ ਵੇਸਟ ਹੋ ਰਿਹੈ। ਸੋਹਣ ਉਸ ਨੂੰ ਕਹਿਣ ਲੱਗਾ, "ਜੇ ਅਸੀਂ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਸੱਠ ਸਾਲ ਤੱਕ ਅਸੀਂ ਤਾਂ ਹੋਣਾ ਨਹੀਂ, ਫਿਰ ਇਹ ਪੈਨਸ਼ਨ ਪਾਲਿਸੀ ਲੈਣ ਦਾ ਸਾਨੂੰ ਕੀ ਫਾਇਦਾ?" ਬੰਦਾ ਸਮਝਦਾਰ ਸੀ, ਉਹ ਬਿਨਾਂ ਕੁੱਝ ਕਹੇ, ਇੱਕ ਭਾਰਾ ਜਿਹਾ ਪੈਗ ਪੀ ਕੇ ਚਲੇ ਗਿਆ।

ਦੋ ਕੁ ਲੰਡੂ ਜਿਹੇ ਪੈਗ ਲਾਉਣ ਬਾਦ, ਸੋਹਣ ਆਪਣਾ ਗਲਾਸ ਅੱਗੇ ਕਰਦਾ ਹੋਇਆ ਬੋਲਿਆ,"ਪਾ ਯਾਰ ਫਿਰ ਘੁੱਟ, ਕਲ੍ਹ ਦੀ ਛੁੱਟੀ ਆ ਕਿਹੜਾ ਸਵੇਰੇ ਵੇਲੇ ਸਿਰ ਉਠੱਣਾ।" ਏਨੇ ਨੂੰ ਪਰੀਤਮ ਅਤੇ ਜੀਤ ਲਾਲੀ ਵੀ ਆ ਗਏ। ਭਾਰਤ ਵਿੱਚ ਬਿਤਾਏ ਦਿਨਾਂ ਦੀਆਂ ਗੱਲਾਂ ਚਲ ਪਈਆਂ; ਸੰਯੁਕਤ ਪ੍ਰਵਾਰਾਂ ਅਤੇ ਘਰੇਲੂ ਤੰਗੀਆਂ-ਤੁਰਸ਼ੀਆਂ ਦੀਆਂ, ਕਿਸਾਨੀ ਜ਼ਿੰਦਗੀ ਦੀਆਂ। ਯਾਦ ਨਹੀਂ ਕਿਹੜੀ ਗੱਲ ਤੋਂ, ਸੋਹਣ ਨੇ ਆਪਣਾ ਗਲਾਸ ਇੱਕ ਦਮ ਖਾਲੀ ਕਰਦਿਆਂ ਕਿਹਾ,"ਯਾਰ ਕੀ ਗੱਲ ਕਰਦੇ ਹੋ? ਦੁਸ਼ਮਣ ਸਾਰੇ ਕਿਤੇ ਬਾਹਰ ਹੀ ਤਾਂ ਨਹੀਂ ਹੁੰਦੇ, ਘਰਾਂ ਵਿੱਚ ਵੀ ਹੁੰਦੇ ਆ।"

ਚੁੱਪ-ਚਾਪ ਕੁੱਝ ਕੁ ਪਲਾਂ ਲਈ, ਉਹ ਮੇਜ਼ ਵੱਲ ਵੇਖਦਾ ਰਿਹਾ ਜਿਵੇਂ ਉਸਦੀਆਂ ਅੱਖਾਂ ਨਮ ਹੋ ਗਈਆਂ ਹੋਣ! ਪੀ੍ਰਤਮ ਮੇਰੇ ਕੰਨ ਕੋਲ਼ ਮੂੰਹ ਕਰਕੇ ਕਹਿਣ ਲੱਗਾ,"ਮੈਨੂੰ ਲਗੱਦੈ ਇਸ ਨੂੰ ਆਪਣੇ ਬਾਪ ਦਾ ਚੇਤਾ ਆ ਗਿਆ।"

ਫਿਰ ਉਸ ਨੇ ਜੀਤ ਨੂੰ ਮੁਖਾਤਿਬ ਹੋ ਕੇ ਆਖਿਆ," ਗੁਰਨਾਮ ਤੋਂ ਉਸਦੀ ਉਹ ਗ਼ਜ਼ਲ ਸੁਣਦੇ ਆਂ ਜਿਸਦਾ ਇੱਕ ਸ਼ਿਅਰ ਹੈ,"ਮਾਤ-ਭੂਮੀ ਸਮਝ ਕੇ ਲੱਖ ਵਾਰ ਮੱਥਾ ਟੇਕ ਤੂੰ, ਪਰ ਨਾ ਭੁੱਲੀਂ ਏਸ ਮਿੱਟੀ ਵਿੱਚ ਵੀ ਨੇ ਵਰਮੀਆਂ!"

ਮੈਂ ਪੁਰਾਣੀ ਕਾਰ ਪਾਰਟ ਐਕਸਚੇਂਜ ਵਿੱਚ ਦੇ ਕੇ, ਨਵੀਂ ਲੈਣ ਲੱਗਾ ਤਾਂ ਉਹ ਕਹਿਣ ਲੱਗਾ-"ਇਸ ਪੁਰਾਣੀ ਕਾਰ ਦਾ ਕੁੱਝ ਨਹੀਂ ਮਿਲਣਾ; ਇਹ ਮੈਨੂੰ ਦੇ ਦੇ, ਤੇ ਤੂੰ ਨਵੀਂ ਲੈ ਲਾ।"

"ਪਰ ਤੂੰ ਇਹ ਕਿਉਂ ਚਲਾਏਂਗਾ? ਕੋਈ ਚੱਜ ਦੀ ਲੈ ਨਾ । ਮੈਂ ਤੈਨੂੰ ਵਧੀਆ ਕਾਰ 'ਚ ਬੈਠਾ ਦੇਖਣਾ ਚਾਹੁੰਦਾ ਹਾਂ। ਪੈਸਾ ਹੁੰਦੇ ਹੋਏ ਕਿਉਂ ਕੰਜੂਸੀ ਕਰਦਾਂ?"

ਅਸੀਂ ਆਪਣੇ ਨਵੇਂ ਘਰ ਵਿੱਚ ਬੜੇ ਉਤਸ਼ਾਹ ਨਾਲ਼ ਰਹਿਣ ਲੱਗੇ ਸਾਂ। ਕੁੱਝ ਦੇਰ ਬਾਦ ਪਤਾ ਲੱਗਾ ਕਿ ਉਸਦਾ ਐਕਸੀਡੈਂਟ ਹੋ ਗਿਆ ਹੈ। ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਸਾਈਕਲ ਉਪੱਰ ਕੰਮ ਤੇ ਜਾ ਰਿਹਾ ਸੀ ਕਿ ਪਿੱਛੋਂ ਵੈਨ ਆ ਵੱਜੀ; ਬੱਸ ਥਾਂ ਹੀ ਮੌਤ ਹੋ ਗਈ।"
ਮੇਰੇ ਤੇ ਮੇਰੀ ਪਤਨੀ ਲਈ, ਇਹ ਅਸਹਿ ਸਦਮਾ ਸੀ। ਮੇਰੇ ਬੱਚਿਆਂ ਨੇ ਵੀ ਬਹੁਤ ਦੁੱਖ ਮਹਿਸੂਸ ਕੀਤਾ ਸੀ। ਦੇਸ-ਪਰਦੇਸ ਦੇ ਸੰਪਾਦਕ, ਤਰਸੇਮ ਸਿੰਘ ਪੁਰੇਵਾਲ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਸੀ-"ਮੈਂ ਸਮਝਦਾਂ ਤੇਰੇ ਦਿਲ ਤੇ ਜੋ ਗੁਜ਼ਰ ਰਹੀ ਹੈ। ਜਿਸ ਦਿਨ ਤੁਸੀਂ ਦੋਵੇਂ ਮੇਰੇ ਘਰ ਆਏ ਸੀ, ਤੂੰ ਹੀ ਤਾਂ ਕਿਹਾ ਸੀ ਕਿ ਜ਼ਿੰਦਗੀ ਵਿੱਚ ਇੱਕ ਵੇਲੇ, ਕੇਵਲ ਇੱਕੋ ਹੀ ਦੋਸਤ ਹੋ ਸਕਦਾ ਹੈ। ਜਿਸ ਬੰਦੇ ਦੇ ਪੰਜ-ਸੱਤ ਦੋਸਤ ਆ, ਸਮਝੋ ਉਸਦਾ ਕੋਈ ਵੀ ਨਹੀਂ, ਹਾਂ ਉਹਨਾਂ ਨੂੰ ਵਾਕਿਫਕਾਰ ਆਖਿਆ ਜਾ ਸਕਦਾ ਹੈ।" ਉਸ ਨੇ ਮੇਰੇ ਕਹੇ ਹੋਏ ਲਫਜ਼ ਹੌਲ਼ੀ-ਹੌਲੀ ਦੁਹਰਾਉਂਦਿਆਂ ਮੇਰਾ ਹੱਥ ਘੁੱਟਿਆ, ਇੱਕ ਧੀਰਜ ਦਾ ਅਹਿਸਾਸ ਦੁਆਉਣ ਖਾਤਰ!

ਸੋਚਦਾ ਹਾਂ ਕਿ ਬੀਤ ਚੁੱਕੇ ਨੂੰ ਭੁੱਲ ਜਾਣਾ ਹੀ ਅੱਛਾ ਹੈ। ਅਤੀਤ ਦੀਆਂ ਕਬਰਾਂ ਪੁੱਟ ਕੇ ਕੀ ਲੈਣਾ? ਵਰਤਮਾਨ ਪਿਆਰ ਨਾਲ਼ ਗੁਜ਼ਾਰੋ, ਲੋੜਵੰਦਾਂ ਦੇ ਕੰਮ ਆਵੋ ਅਤੇ ਭਵਿਖ ਦਾ ਬੇਲੋੜਾ ਫਿਕਰ ਨਾ ਕਰੋ!

ਪਰ ਇਉਂ ਸੋਚਣਾ ਹੀ ਸੌਖਾ ਹੈ, ਅਤੀਤ ਨੂੰ ਭੁੱਲਣਾ ਬਹੁਤ ਔਖਾ ਹੈ ਕਿਉਂਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਸਰੀਰਕ ਅੰਗ ਵਾਂਗੂ! ਅੰਗ ਕਦੇ ਕੱਟਿਆ ਨਹੀਂ ਜਾ ਸਕਦਾ। ਬਚਪਨ ਅਤੇ ਜਵਾਨੀ ਦੀਆਂ ਯਾਦਾਂ ਨਾਲ਼ ਕਈ ਨਾਂ ਅਤੇ ਥਾਂ, ਇਉਂ ਜੁੜੇ ਹੋਏ ਹਨ ਜੋ ਵਿਸਾਰੇ ਨਹੀਂ ਜਾ ਸਕਦੇ। ਕੁੱਝ ਬੇਨਾਮ ਰਿਸ਼ਤੇ, ਚਾਹੁੰਦੇ ਹੋਏ ਵੀ ਯਾਦਾਂ ਦੀ ਸਲੇਟ ਉੱਤੋਂ ਮਿਟਾਏ ਨਹੀਂ ਜਾ ਸਕਦੇ। ਇਹ ਜ਼ਿੰਦਗੀ ਦੇ ਇਤਹਾਸ ਅਤੇ ਵਿਰਸੇ ਵਾਂਗ ਹੁੰਦੇ ਹਨ। ਇਹ ਸ਼ਬਦ ਜੋ ਮੈਂ ਲਿਖ ਰਿਹਾ ਹਾਂ, ਇੱਕ ਸਵੈਜੀਵਨੀ ਵਾਂਗ, ਮੇਰੀ ਜ਼ਿੰਦਗੀ ਦੇ ਇਤਿਹਾਸ ਦਾ ਹੀ ਅੰਗ ਨੇ।

ਬਦਲਾਵ (transformation) ਇੱਕ ਕੁਦਰਤੀ ਅਸੂਲ ਹੈ, ਇਸ ਸੰਕਲਪ ਨੂੰ ਹਿਰਦੇ ਵਿੱਚ ਵਸਾ ਕੇ ਹੀ ਮੈਂ ਜ਼ਿੰਦਗੀ ਦਾ ਸਫਰ ਕਰਦਾ ਆਇਆ ਹਾਂ। ਕਿਹਾ ਜਾਂਦਾ ਹੈ ਕਿ ਕੁਦਰਤ ਇੱਕ ਰੱਬੀ ਸ਼ਕਤੀ ਦੇ ਅਧੀਨ ਚਲ ਰਹੀ ਹੈ। ਇਸ ਗੱਲ ਤੋਂ  ਮੁਨਕਰ ਹੋਣਾ ਮੈਨੂੰ ਵੀ ਚੰਗਾ ਨਹੀਂ ਲਗਦਾ, ਕਿਉਂ ਕਿ ਰਾਜ-ਯੋਗ ਵਰਗੇ ਅਭਿਆਸ ਨਾਲ ਸਮਾਧੀ ਦੇ ਮਾਧਿਅਮ ਰਾਹੀਂ, ਮੈਂ ਵੀ ਕਈ ਵਾਰ ਇਸ ਰੱਬੀ ਸ਼ਕਤੀ ਨਾਲ਼ ਇੱਕ ਸੁਰ ਹੋ ਕੇ, ਸ਼ਾਂਤੀ ਅਤੇ ਆਨੰਦ ਦਾ ਅਨੁਭਵ ਕਰ ਚੁੱਕਾ ਹਾਂ। ਪ੍ਰੀਵਰਤਨ ਵਿੱਚ ਧਾਰੀਵਾਲ ਦਾ ਅਟੁੱਟ ਵਿਸ਼æਵਾਸ ਸੀ। ਉਹ ਨਿਰੇ ਪਾਠ-ਪੂਜਾ ਅਤੇ ਮੱਥੇ ਟੇਕੀ ਜਾਣ ਦੇ ਕਰਮ-ਕਾਂਡਾ ਨਾਲੋਂ ਸੱਚ ਅਤੇ ਦੈਆ ਨੂੰ ਵਧੇਰੇ ਮਹੱਤਵ ਦਿੰਦਾ ਸੀ। ਕਈ ਲੋਕ, ਉਸ ਨੂੰ ਕਾਮਰੇਡ ਸਮਝਕੇ ਨਾਸਤਿਕ ਸਮਝਦੇ ਸਨ ਪਰ ਅਸਲ ਵਿੱਚ, ਉਹ ਆਸਤਿਕ ਇਨਸਾਨ ਸੀ। ਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਬੰਦਾ ਅੰਦਰੋਂ ਸੱਚਾ ਨਹੀਂ, ਸਿਰਫ ਬਾਹਰੋ ਹੀ ਸੱਚੇ ਹੋਣ ਦਾ ਡਰਾਮਾ ਕਰਦਾ ਹੈ, ਉਹ ਕਿਸੇ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ। ਇਸ ਤਰਾਂ੍ਹ ਦੇ ਬੰਦੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਰੂਹਾਨੀ ਸੁਖ ਅਤੇ ਸ਼ਾਂਤੀ ਨਸੀਬ ਨਹੀਂ ਹੋ ਸਕਦੇ। ਖ਼ਾਸ ਕਰਕੇ ਜੀਵਨ ਦੇ ਚੌਥੇ ਪੜਾਅ ਵਿੱਚ! ਸਾਡੇ ਬਹੁਤ ਸਾਰੇ ਅਜਿਹੇ ਜੀਵਨ ਫਲਸਫੇ ਇੱਕ ਦੂਜੇ ਨਾਲ਼ ਰਲ਼ਦੇ ਮਿਲਦੇ ਸਨ। ਵਿਚਾਰਾਂ ਦੀ ਸਾਂਝ ਹੀ ਸਾਡੀ ਦੋਸਤੀ ਦਾ ਰਾਜ਼ ਸੀ।

ਭਾਰਤ ਤੋਂ ਆਏ ਦੋ ਸਿੱਖ ਵਿਦਵਾਨ-ਲੇਖਕ, ਅਤੇ ਇੱਕ ਲੇਖਿਕਾ ਮੇਰੇ ਘਰ ਠਹਿਰੇ ਹੋਏ ਸਨ। ਇੱਕ ਦਿਨ, ਮੇਰੀ ਪਤਨੀ ਨੇ ਕੁੱਝ ਦੂਜੀਆਂ ਔਰਤਾਂ ਦੀ ਰੀਸੇ, ਸਿੱਖ ਬਹਾਲਣ ਦੀ ਇੱਛਾ ਜ਼ਾਹਰ ਕੀਤੀ-- ਮੈਂ ਕਿਹਾ ਜਿਵੇਂ ਤੇਰੀ ਮਰਜ਼ੀ। ਉਸ ਨੇ ਸੁਝਾਓ ਦਿੱਤਾ ਕਿ ਦੋ ਜਣੇ ਤਾਂ ਇੰਡੀਆ ਵਾਲੇ ਭਾਅ ਜੀ ਹੁਣੀ ਹੈਗੇ ਆ ਅਤੇ ਬਾਕੀ ਤਿੰਨ ਸਿੱਖ ਗੁਰਦੁਆਰੇ ਤੋਂ ਲੈ ਆਵੋ।" ਆਪਣੀ ਰਾਏ ਦਿੰਦੇ ਹੋਏ, ਮੈਂ ਉਸ ਨੂੰ ਆਖਿਆ, "ਦੇਖ ਗਿਆਨੀ ਮੱਖਣ ਸਿੰਘ ਮ੍ਰਿਗਿੰਦ ਅਤੇ ਬਲਵੀਰ ਸਿੰਘ ਕੰਵਲ ਆਪਣੇ ਕੋਲ਼ ਹੈਗੇ ਆ, ਬਾਕੀ ਅਮਰੀਕ ਸਿੰਘ ਢਿੱਲੋਂ ਹੈਗਾ ਆ; ਬੱਸ ਪੰਜ ਸਿੱਖ ਪੂਰੇ ਹੋ ਗਏ।" ਪਰ ਜਦੋਂ ਹੀ, ਭਾਰਤੋਂ ਆਏ ਗੁਰਸਿੱਖਾਂ ਨੂੰ ਪਤਾ ਲੱਗਾ ਕਿ ਰਾਤ ਦਾ ਬਚਿਆ ਚਿਕਨ ਬਹੁਤ ਪਿਆ ਹੈ, ਤਾਂ ਉਹ ਇੱਕ ਦਮ ਬਿਟਰ ਗਏ। ਦੋ ਸਿੱਖਾਂ ਦੀ ਭਾਲ਼ ਲਈ, ਮੈਨੂੰ ਗੁਰਦੁਆਰੇ ਜਾਣਾ ਪੈ ਗਿਆ ਅਤੇ ਮੈਂ ਸਾਰੀ ਕਹਾਣੀ ਸ੍ਰ ਗੁਰਿੰਦਰ ਸਿੰਘ ਸਾਚਾ ਨੂੰ ਬੇਝਿਝਕ ਦੱਸ ਦਿੱਤੀ।

ਸੋਹਣ ਸਿੰਘ ਧਾਰੀਵਾਲ ਨੂੰ ਮੈਂ ਕਿਹਾ, "ਇੱਕ ਪਾਸੇ ਤਾਂ ਪੰਜ ਸਿੱਖ ਪਰਛਾਦਾ ਛਕ ਰਹੇ ਹਨ ਅਤੇ ਦੂਜੇ ਪਾਸੇ ਕਨਸਰਵੇਟਰੀ 'ਚ ਬੈਠੇ ਇਹ ਮੁਰਗਾ ਚਰੂੰਡਣ ਲੱਗੇ ਹੋਏ ਹਨ, ਇਹ ਗੱਲ ਕੁੱਝ ਸ਼ੋਭਦੀ ਨਹੀਂ।"

"ਓ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ। ਤੇਰਾ ਤਾਂ ਕੋਈ ਕਸੂਰ ਨੀਂ, ਇਹ ਉਹਨਾਂ ਦਾ ਕਰਮ ਹੈ, ਆਪੇ ਭੁਗਤਣਗੇ। ਸਮਝ ਲੈ ਭੁਗਤ ਲਿਆ! ਕਲ੍ਹ ਤੇਰੇ ਮਨ ਵਿੱਚ ਉਹਨਾਂ ਲਈ ਜਿਨ੍ਹਾਂ ਸਤਿਕਾਰ ਸੀ, ਅੱਜ ਓਨਾ ਨਹੀਂ ਰਿਹਾ! ਦੂਜੀ ਗੱਲ, ਹਰ ਬੰਦੇ ਦਾ ਆਪੋ-ਆਪਣਾ ਲਾਈਫ-ਸਟਾਈਲ ਹੁੰਦਾ। ਤੇ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ਼ ਜੀਉਣ ਦਾ ਹੱਕ ਵੀ ਹੋਣਾ ਚਾਹੀਦੈ।"

ਅਗਲੇ ਦਿਨ, ਸੋਹਣ ਨੇ ਉਹਨਾਂ ਨੂੰ ਆਪਣੇ ਘਰ ਦਾਅਵਤ ਦੇ ਦਿੱਤੀ। ਰਾਤ ਦੇ ਖਾਣੇ ਤੇ ਅਸੀਂ ਪੰਜੇ ਜਣੇ ਹਾਜ਼ਰ ਸਾਂ। ਵਿਦਾ ਲੈਣ ਵੇਲੇ ਸੋਹਣ ਨੇ ਉਨ੍ਹਾਂ ਨੂੰ ਵੀਹ-ਵੀਹ ਪੌਂਡ ਵੀ ਦਿੱਤੇ, ਅਖੇ ਤੁਹਾਨੂੰ ਥੋੜਾ ਜੇਬ ਖਰਚ ਦੇਣਾ ਸਾਡਾ ਫ਼ਰਜ਼ ਬਣਦਾ ਹੈ। ਇਹ ਸ਼ਾਇਦ 1983 ਜਾਂ 84 ਦੀ ਗੱਲ ਹੈ। ਕੁੱਝ ਸਮੇਂ ਬਾਦ, ਲਾਹੌਰ ਤੋਂ ਡਾ: ਜਮਾਲ-ਉਦ-ਦੀਨ ਅਤੇ ਉਨ੍ਹਾਂ ਦੀ ਮਿਸਜ਼ ਸ਼ਕੀਲਾ ਜਮਾਲ ਆਏ ਤਾਂ ਇੱਕ ਲੰਬੀ ਮਹਿਫਲ ਵਿੱਚ ਸ਼ਰੀਕ ਹੋਣ ਪਿੱਛੋਂ, ਸੋਹਣ ਨੇ ਸਲਾਹ ਦਿੱਤੀ, "ਦੇਖ, ਤੈਨੂੰ ਇੱਕ ਗੱਲ ਦੱਸਾਂ, ਬੰਦੇ ਬੜੇ ਸਾਊ ਅਤੇ ਦਰਵੇਸ਼ ਹਨ। ਜਮਾਲ ਸਾਹਿਬ ਚੰਗੇ ਸ਼ਾਇਰ ਹੋਣ ਦੇ ਨਾਲ਼ ਚੰਗੇ ਇਨਸਾਨ ਵੀ ਹਨ, ਸ਼ਕੀਲਾ ਬੇਗਮ ਵਾਕਈ ਬਹੁਤ ਅੱਛਾ ਗਾਉਂਦੀ ਹੈ। ਪੰਜਾਹ ਪੌਂਡ ਤੂੰ ਕੱਢ ਤੇ ਪੰਜਾਹ ਮੇਰੀ ਵਲੋਂ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਇਹ ਤੇਰੇ ਕੋਲ਼ ਠਹਿਰੇ ਹੋਏ ਹਨ, ਏਨਾ ਕੁ ਜੇਬ ਖਰਚ ਆਪਾਂ ਨੂੰ ਦੇਣਾ ਹੀ ਚਾਹੀਦੈ।"

ਫਿਰ ਜਦੋਂ ਵੀ, ਮੇਰੇ ਕੋਲ਼ ਭਾਰਤ ਜਾਂ ਲਹੌਰ ਤੋਂ ਆਣ ਕੇ, ਲੇਖਕ ਠਹਿਰਦੇ ਤਾਂ ਮੈਨੂੰ ਸੋਹਣ ਦੀ ਅਣਹੋਂਦ ਬੜੀ ਰੜਕਦੀ। ਅਠਾਈ ਨੰਬਰ ਵਿੱਚ, ਮੈਂ ਆਪਣੇ ਪ੍ਰਵਾਰ ਨਾਲ਼ ਰਹਿੰਦਾ ਸਾਂ ਅਤੇ ਨਾਲ਼ ਲਗਦਾ ਤੀਹ ਨੰਬਰ, ਮਹਿਮਾਨਾਂ ਦੇ ਠਹਿਰਨ ਲਈ ਰੱਖਿਆ ਹੋਇਆ ਸੀ। ਪੰਜ ਬੈਡਰੂਮ ਵਿੱਚ ਇੱਕੋ ਸਮੇਂ, ਪੰਜ-ਸੱਤ ਬੰਦੇ ਠਹਿਰ ਸਕਦੇ ਸਨ। ਫਿਰ ਡਾ: ਲਮਾਲ ਹੁਣਾ ਦੇ ਨਾਲ਼ ਉਹਨਾਂ ਦੀਆਂ ਬੇਟੀਆਂ, ਜਾਸਮੀਨ ਅਤੇ ਤਸਨੀਮ ਵੀ ਦੋ ਵਾਰੀ ਆਈਆਂ ਸਨ। ਇੱਕ ਵਾਰੀ ਇੱਕ ਸ਼ਖ਼ਸ, ਸਿੱਧਾ ਹੀ ਏਅਰਪੋਰਟ ਤੋਂ ਆਇਆ ਤੇ ਹੱਸਦਾ ਹੋਇਆ ਆਖਣ ਲੱਗਾ, "ਜੀ ਮੈਂ ਲਾਹੌਰ ਤੋਂ ਆਇਆਂ, ਜਮਾਲ ਸਾਹਿਬ ਨੇ ਕਿਹਾ ਸੀ ਕਿ ਗੁਰਨਾਮ ਸਾਹਿਬ ਦੀ ਸਰਾਂ ਵਿੱਚ ਚਲੇ ਜਾਣਾ।"

ਉਸ ਦੇ ਮੂਹੋਂ 'ਸਰਾਂ' ਲਫਜ਼ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਪਰ ਮੈਂ ਉਸਨੂੰ ਅੰਦਰ ਬਿਠਾ ਲਿਆ ਅਤੇ ਚਾਹ-ਪਾਣੀ ਪੁੱਛਿਆ। ਇਸੇ ਤਰ੍ਹਾਂ ਇੱਕ ਹੋਰ ਬੰਦਾ ਆ ਗਿਆ ਜੋ ਪੂਰੀ ਬੋਤਲ ਪੀ ਜਾਂਦਾ ਸੀ। ਘਰ ਵਾਲ਼ੀ ਨੇ ਨਸੀਅਤ ਦਿੱਤੀ, "ਬਿਨਾਂ ਸੋਚੇ ਸਮਝੇ ਐਵੇਂ ਜਣੇ-ਖਣੇ ਵਾੜ੍ਹੀ ਜਾਨੈਂ, ਡਾ: ਜਮਾਲ ਨੂੰ ਫੋਨ ਕਰ ਕੇ ਪੁੱਛ ਵੀ ਲੈ। ਜਦੋਂ ਮੈਂ ਫੋਨ ਕੀਤਾ ਤਾਂ ਜਮਾਲ ਸਾਹਿਬ ਬੋਲੇ, "ਮੈਂ ਕਿਸੇ ਸਾਲ਼ੇ ਨੂੰ ਨਹੀਂ ਭੇਜਿਆ, ਐਵੇਂ ਸਾਡਾ ਨਾਂ ਲੈ ਕੇ ਆ ਵੜ੍ਹੇ ਹੋਣਗੇ, ਕੱਢ ਦੇ ਬਾਹਰ ਇਹਨਾਂ ਨੂੰ।"
ਮੈਨੂੰ ਜਿਵੇਂ ਸੋਹਣ ਦੀ ਆਤਮਾ ਨੇ ਕਿਹਾ ਹੋਵੇ, "ਰਹਿਣ ਦੇ ਚਾਰ ਦਿਨ ਵਿਚਾਰਿਆਂ ਨੂੰ, ਤੇਰਾ ਕੀ ਘਸਦਾ, ਘਰ ਖਾਲੀ ਹੀ ਪਿਆ!" ਤੇ ਮੈਂ ਚਾਹੁੰਦਾ ਹੋਇਆ ਵੀ, ਉਹਨਾਂ ਨੂੰ ਕੱਢ ਨਾ ਸਕਿਆ। ਅੱਜ ਮੇਰੇ ਕੋਲ਼, ਸ਼ਕੀਲਾ ਜਮਾਲ ਦੀ ਰਿਕਾਰਡ ਕਰਵਾਈ ਹੋਈ ਮਾਸਟਰ ਟੇਪ ਪਈ ਹੈ। ਕਈ ਵਾਰ ਸੋਚਦਾਂ, ਇਸ ਦੀਆਂ ਸੀ ਡੀਆਂ ਬਣਵਾ ਕੇ ਰਲੀਜ਼ ਕਰਵਾ ਦਿਆਂ, ਫਿਰ ਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਅਜਿਹੀ ਮਿਆਰੀ ਗਾਈਕੀ ਦੇ ਅੱਜ-ਕੱਲ੍ਹ ਸਰੋਤੇ ਨਹੀਂ ਰਹੇ। ਸ਼ਕੀਲਾ ਹੱਜ ਕਰਨ ਗਈ ਅੱਲਾ ਨੂੰ ਪਿਆਰੀ ਹੋ ਗਈ ਸੀ ਅਤੇ ਥੋੜੇ ਬਰਸਾਂ ਬਾਦ, ਜਮਾਲ ਸਾਹਿਬ ਵੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਚੁੱਕੇ ਹਨ। ਬੇਟੀਆਂ ਅਮਰੀਕਾ ਵਿੱਚ ਹਨ। ਕਦੇ ਖ਼ਿਆਲ ਆਉਂਦਾ ਹੈ ਕਿ ਜਮਾਲ ਸਾਹਿਬ ਦੇ ਦੋਸਤ, ਡਾ: ਫ਼ਕੀਰ ਮੁਹੱਮਦ ਭੱਟੀ ਜੋ ਨਾਰਥ ਲੰਡਨ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਪੁੱਛਾਂ, ਸ਼ਾਇਦ ਉਹਨਾਂ ਦਾ ਮਸ਼ਵਰਾ ਲਾਹੇਬੰਦ ਸਾਬਤ ਹੋ ਸਕੇ!

ਦੋ ਤਿੰਨ ਵਾਰੀ ਮੇਰੀ ਪਤਨੀ ਆਖ ਚੁੱਕੀ ਹੈ, "ਜੇ ਤੁਸੀਂ ਸੋਹਣ ਭਾ ਜੀ ਨੂੰ ਕਾਰ ਦੇ ਦਿੰਦੇ, ਤਾਂ ਖਬਰੇ ਉਹ ਨਾ ਹੀ ਮਰਦਾ। ਮਸਾਂ ਹੀ, ਤਿੰਨ-ਚਾਰ ਸੌ ਪੌਂਡ ਦੀ ਕਾਰ ਹੋਵੇਗੀ!" ਇੱਕ ਪਛਤਾਵਾ ਜਿਹਾ ਉਸ ਦੇ ਮਨ ਵਿੱਚ ਵੀ ਰੀਂਘ ਰਿਹਾ ਜਾਪਦਾ ਹੈ।

ਸੇਵਾ-ਮੁਕਤ ਜੀਵਨ ਕਰਕੇ, ਮੈਂ ਅਕਸਰ ਰਾਤ ਦੇ ਨੌਂ ਵਜੇ ਸੌਂ ਜਾਂਦਾ ਹਾਂ ਤੇ ਸਵੇਰੇ ਤਿੰਨ-ਚਾਰ ਵਜੇ ਜਾਗ ਪੈਂਦਾ ਹਾਂ। ਸਰਦੀ ਦੀ ਰੁੱਤੇ ਛੇ ਵਜੇ ਤੱਕ ਵੀ, ਬਿਸਤਰੇ ਵਿੱਚ ਪਿਆ ਰਹਿੰਦਾ ਹਾਂ ਪਰ ਗਰਮੀਆਂ ਦੀ ਰੁੱਤੇ, ਪੰਜ ਵਜੇ ਉਠੱ ਖੜਦਾ ਹਾਂ। ਇਹੋ ਸਮਾਂ ਵਧੇਰੇ ਕਰਕੇ ਮੇਰੇ ਸੋਚਣ ਦਾ ਹੁੰਦਾ ਹੈ। ਸੋਚਦਾ ਹਾਂ ਕਿ ਪਰਸੋਂ ਨੂੰ ਇੰਗਲੈਂਡ ਤੋਂ ਮੇਰਾ ਬੇਟਾ ਤੇ ਵੱਡੀ ਪੋਤੀ ਵੀ ਪੰਜਾਬ ਆ ਜਾਣਗੇ, ਜਿਹਨਾਂ ਦੀ ਹੋਂਦ ਨਾਲ਼ ਘਰ ਵਿੱਚ ਰੌਣਕ ਵਧ ਜਾਵੇਗੀ। ਇਕੱਲ ਦਾ ਅਹਿਸਾਸ ਘਟ ਜਾਵੇਗਾ।

ਅਚਾਨਕ ਮੈਨੂੰ ਮਹਿਸੂਸ ਹੋਇਆ, ਜਿਵੇਂ ਮੇਰੇ ਇੰਗਲੈਂਡ ਵਾਲੇ ਘਰ ਵਿੱਚ ਹੀ ਕਿਧਰੇ ਮੇਰਾ ਘਰ ਗੁਆਚ ਗਿਆ ਹੋਵੇ! ਭਾਰਤ ਅਤੇ ਇੰਗਲੈਂਡ ਦੇ ਕੁੱਝ ਬਿਰਧ-ਘਰਾਂ 'ਤੇ ਡੇਅ ਸੈਂਟਰਾਂ ਵਿੱਚ ਬੈਠੇ, ਕਈ ਬੰਦਿਆਂ ਨਾਲ਼ ਵਿਚਾਰ ਸਾਂਝੇ ਕਰਦਿਆਂ ਇਉਂ ਜਾਪਦਾ ਹੈ ਜਿਵੇਂ ਉਹ ਇਕੱਲਤਾ ਅਤੇ ਬੇਲੋੜੇਪਨ ਦਾ ਸ਼ਿਕਾਰ ਹੋਣ! ਇਹਨਾਂ ਵਿੱਚ ਵਧੇਰੇ ਉਹ ਲੋਕ ਹਨ, ਜਿਹਨਾਂ ਨੇ ਸੰਯੁਕਤ ਪਰਵਾਰਾਂ ਦਾ ਨਿੱਘ ਮਾਣਿਆਂ ਹੈ। ਇੱਕ ਬਜ਼ੁਰਗ ਦੇ ਬੋਲਾਂ ਵਿੱਚ ਕੁੱਝ ਇਸ ਤਰਾਂ੍ਹ ਦੇ ਭਾਵ ਸਨ, "ਜਵਾਨੀ ਵੇਲੇ ਤਾਂ ਬੰਦਾ ਸਾਰੀ ਦੁਨੀਆਂ ਨੂੰ ਟਿਚੱ ਸਮਝਦਾ। ਸਰੀਰਾਂ ਦੇ ਦੁੱਖ ਹੋਰ ਤਰਾਂ੍ਹ ਦੇ ਹੁੰਦੇ ਆ, ਪਰ ਇਹ ਮਨ ਦਾ ਦੁੱਖ ਸਤੱਰ ਸਾਲ ਦੇ ਨੇੜੇ-ਤੇੜੇ ਪਹੁੰਚ ਕੇ ਸ਼ੁਰੂ ਹੁੰਦਾ। ਨਿਆਣਿਆਂ ਨੂੰ ਕੀ ਪਤੈ ਕਿ ਉਹਨਾਂ ਦੇ ਮਾਂ-ਬਾਪ ਦੇ ਮਨਾਂ ਤੇ ਕੀ ਬੀਤਦੀ ਹੋਵੇਗੀ! ਉਹਨਾਂ ਨੂੰ ਓਸ ਵੇਲੇ ਹੀ ਪਤਾ ਲਗੱਣਾ, ਜਦੋਂ ਉਹ ਰੀਟਾਇਰ ਹੋਣਗੇ।

ਅੱਜ ਧਰਮੀ ਬੰਦੇ ਦੀ ਬੜੀ ਯਾਦ ਆ ਰਹੀ ਹੈ। ਆਪਣੀ ਉਲਝਣ ਸਾਂਝੀ ਕਰਾਂ ਤਾਂ ਕਿਸ ਨਾਲ਼! ਚੇਤਿਆਂ ਵਿੱਚ ਜਿਹੜੇ ਵੀ ਰਿਸ਼ਤੇ ਆਏ, ਸਭ ਸੁਆਰਥੀ ਤੇ ਆਪਣਾ ਭਲਾ ਚਾਹੁਣ ਵਾਲ਼ੇ। ਸੋਚਾਂ ਦੀ ਦੁਨੀਆਂ 'ਚੋਂ ਬਾਹਰ ਨਿਕਲਣ ਲਈ ਬਿਸਤਰੇ 'ਚੋਂ ਉੱਠਦਾ ਹਾਂ।

ਮੇਰੇ ਬੇਟੇ ਅਤੇ ਪੋਤੀ ਨੂੰ ਪੰਜਾਬ ਆਇਆਂ ਅੱਜ ਦਸ ਦਿਨ ਹੋ ਗਏ ਹਨ। ਚਾਰ-ਪੰਜ ਦਿਨ ਤੱਕ ਉਹ ਵਾਪਿਸ ਚਲੇ ਜਾਣਗੇ। ਆਪਣੇ ਹੀ ਆਪ ਵਿੱਚ ਸੋਚੀ ਜਾ ਰਿਹਾ ਹਾਂ। ਜਦੋਂ ਕਦੇ ਮੈਂ ਢਹਿੰਦੀਆਂ ਕਲਾਂ 'ਚ ਹੋਵਾਂ ਤਾਂ ਇਉਂ ਲਗਦੈ ਜਿਵੇਂ ਉਸ ਧਰਮੀ ਬੰਦੇ ਦੀ ਆਤਮਾ, ਮੇਰੇ ਕੋਲ਼ ਆ ਕੇ ਕਹਿੰਦੀ ਹੋਵੇ, "ਬਰਖੁਰਦਾਰ, ਪਿਛਲੀ ਉਮਰੇ ਸਰੀਰਕ ਕਮਜੋæਰੀ ਦਾ ਆਉਣਾ ਕੁਦਰਤੀ ਹੈ, ਪਰ ਮਨ ਤਕੜਾ ਰੱਖੀਦਾ।"

ਬੜਾ ਧੁੱਪ ਵਾਲ਼ਾ ਦਿਨ ਹੈ। ਨਾ ਗਰਮ ਨਾ ਸਰਦ, ਬੜਾ ਸੁਹਾਵਣਾ ਮੌਸਮ ਹੈ। ਅਸੀਂ ਵਾਅਦੇ ਅਨੁਸਾਰ, ਨਿਊ ਜਵਾਹਰ ਨਗਰ, ਅਮਰਜੀਤ ਸਿੰਘ ਸਮਰਾ ਦੀ ਕੋਠੀ ਪਹੁੰਚ ਜਾਂਦੇ ਹਾਂ। ਥੋੜੀ ਗੱਪ-ਸ਼ੱਪ ਮਾਰਨ ਬਾਦ ਚਾਹ-ਪਾਣੀ ਪੀ ਕੇ, ਮੈਂ ਆਪਣੇ ਗੁਰੂ ਮਾਸਟਰ ਬਲਵਿੰਦਰ ਸਿੰਘ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਸਮਰਾ ਸਾਹਿਬ ਨੇ ਕਿਹਾ ਕਿ ਉਹ ਖੁਦ ਵੀ ਉੱਥੇ ਹੀ ਜਾ ਰਹੇ ਹਨ।

ਅਸੀਂ ਇੱਕ ਦੋ ਚੀਜ਼ਾਂ ਖਰੀਦ ਕੇ, ਜਮਸ਼ੇਰ ਵਾਲ਼ੀ ਸੜਕੇ ਪੈ ਗਏ । ਪਿੰਡ ਕੰਗਣੀਵਾਲ ਕੋਲੋਂ ਦੀ ਲੰਘਦਿਆਂ, ਸੋਹਣ ਸਿੰਘ ਦੀ ਯਾਦ ਆਉਣੀ ਕੁਦਰਤੀ ਸੀ। ਸਮਰਾਵੀਂ ਪੁਹੁੰਚੇ ਤਾਂ ਵੇਖਿਆ ਕਿ ਸਮਰਾ ਸਾਹਬ ਤਾਂ ਸਾਡੇ ਨਾਲੋਂ ਵੀ ਪਹਿਲਾਂ ਹੀ ਪਹੁੰਚ ਚੁੱਕੇ ਸਨ। ਉਨ੍ਹਾਂ ਦੇ ਗੰਨ-ਮੈਨ, ਸੈਕਟਰੀ ਅਤੇ ਕੈਪਟਨ ਸਾਹਿਬ (ਪੀ ਏ), ਗੁਰਦੁਆਰੇ ਦੇ ਸੌਂਹੇ ਖੜੇ ਮੁਸਕਰਾ ਰਹੇ ਸਨ। ਮੇਰੇ ਗੁਰੂ ਜੀ ਇਸ ਗੁਰੂ-ਘਰ ਦੀ, ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਛੇਤੀਂ ਹੀ ਉਹ ਬਾਹਰ ਆਏ ਤਾਂ ਅਸੀਂ ਉਹਨਾਂ ਦੇ ਫਾਰਮ-ਹਾਊਸ ਵੱਲ ਚਲ ਪਏ। ਗੁਰੂ ਜੀ ਨੇ ਬੜੇ ਹੀ ਪਿਆਰ ਨਾਲ਼ ਪਹਿਲਾਂ ਚਾਹ-ਪਾਣੀ ਪਿਲਾਇਆ ਅਤੇ ਫਿਰ ਆਪਣੀ ਮਿਸਜ ਨਾਲ਼ ਮਿਲਾਇਆ, ਜੋ ਦੋ ਕੁ ਕਮਰੇ ਛੱਡ ਕੇ, ਰਸੋਈ ਦੇ ਨਾਲ਼ ਵਾਲੇ ਕਮਰੇ 'ਚ ਤਬੀਅਤ ਠੀਕ ਨਾ ਹੋਣ ਕਾਰਣ, ਮੰਜੇ ਤੇ ਪਏ ਸਨ। ਮੇਨੂੰ ਜਾਪਿਆ ਕਿ ਗੁਰੂ ਜੀ ਦੀ ਉਮਰ ਏਨੀ ਵੱਡੀ ਤਾਂ ਨਹੀਂ ਲਗਦੀ, ਮੇਰੇ ਨਾਲੋਂ ਬੱਸ ਦਸ-ਪੰਦਰਾਂ ਸਾਲ ਵੱਡੇ ਹੋਣਗੇ! ਮੈਨੂੰ ਪਤਾ ਨਾ ਲੱਗੇ ਕਿ ਮੈਂ ਉਹਨਾਂ ਦੀ ਮਿਸਜ ਨੂੰ, ਆਂਟੀ ਜੀ ਕਹਿ ਕੇ ਸੰਬੋਧਨ ਕਰਾਂ ਜਾਂ ਭੈਣ ਜੀ ਕਹਿ ਕੇ। ਜੱਕਾਂ-ਤੱਕਾਂ ਕਰਦਿਆਂ, ਮੈਂ ਆਂਟੀ ਜੀ ਆਖ ਕੇ ਫਤਹਿ ਬੁਲਾਈ ਅਤੇ ਸਿਹਤ ਦਾ ਹਾਲ-ਚਾਲ ਪੁੱਛਣ ਲੱਗਾ। ਫਿਰ ਅਸੀਂ ਗੱਲਾਂ-ਬਾਤਾਂ ਕਰਦੇ ਫਾਰਮ ਹਾਊਸ ਵਿੱਚ ਟਹਿਲਦੇ ਰਹੇ ਅਤੇ ਮੇਰਾ ਬੇਟਾ ਮੂਵੀ ਬਣਾਉਂਦਾ ਰਿਹਾ। ਇਸ ਤੋਂ ਪਿਛਲੀ ਵਾਰੀ, ਜਦੋਂ ਮੈਂ ਉਹਨਾਂ ਦੇ ਫਾਰਮ ਹਾਊਸ ਤੇ ਗਿਆ ਸੀ ਤਾਂ ਮੈਨੂੰ ਬੌਟਲ ਪਾਮ ਦੇ ਰੁੱਖਾਂ ਨੇ ਬੜਾ ਆਕਰਸ਼ਿਤ ਕੀਤਾ ਸੀ। ਇਸ ਕਰਕੇ ਮੈਂ ਵੀ ਉਨ੍ਹਾਂ ਦੀ ਰੀਸੇ, ਕੁੱਝ ਪੌਧੇ ਆਪਣੇ ਪਿੰਡ, ਖੇਤਾਂ ਵਾਲ਼ੇ ਛੋਟੇ ਜਿਹੇ ਮਕਾਨ ਦੇ ਇਰਦ-ਗਿਰਦ ਲੁਆਏ ਸਨ।

ਹੋ ਸਕਦਾ ਮੈਂ ਸਹੀ ਹੋਵਾਂ ਜਾਂ ਗ਼ਲਤ ਵੀ, ਮੁੰਬਈ ਵਿੱਚ ਮੈਂ ਦੋ ਤਿੰਨ ਵਾਰੀ, ਕੁਝ ਉੱਘੇ ਲੇਖਕਾਂ ਅਤੇ ਚਿੰਤਕਾਂ ਨੂੰ ਮਿਲਿਆ ਤਾਂ ਇਊਂ ਜਾਪਿਆ ਜਿਵੇਂ ਮੇਰੇ ਵਾਂਗ, ਉਹਨਾਂ ਦੇ ਮਨ ਵਿੱਚ ਵੀ ਕੋਈ ਤਨਹਾਈ ਜਾਂ ਖਲਾਅ ਦਾ ਅਹਿਸਾਸ ਹੋਵੇ ਜਿਸ ਨੂੰ ਸ਼ਾਇਦ ਹੀ ਕੋਈ ਭਰ ਸਕਦਾ ਹੈ! ਉਹਨਾਂ ਵਿੱਚੋਂ ਤਿੰਨ ਲੇਖਕ ਪੰਜਾਬ ਦੀ ਧਰਤੀ ਨਾਲ਼ ਸੰਬੰਧ ਰੱਖਦੇ ਹਨ। ਸਮਝਦੇ ਹੋਏ ਵੀ, ਕਈ ਵਾਰ ਇਨਸਾਨ ਨੈਗੇਟਿਵ ਸੋਚ ਦਾ ਸ਼ਿਕਾਰ ਹੋ ਜਾਂਦਾ ਹੈ। ਸੋਹਣ ਸਿੰਘ ਧਾਰੀਵਾਲ ਨੂੰ ਮੈਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਦੇਖਿਆ ਹੈ ਕਿਉਂਕਿ ਉਹ ਪੌਜ਼ੇਟਿਵ ਸੋਚ ਦਾ ਧਾਰਨੀ ਸੀ। ਪਰ ਹਰ ਵੇਲੇ ਇਸ ਤਰ੍ਹਾਂ ਰਿਹਾ ਨਹੀਂ ਜਾ ਸਕਦਾ।

ਪ੍ਰੀਸਥਿਤੀਆਂ ਦਾ ਪ੍ਰਭਾਵ ਮਨ ਤੇ ਹਾਵੀ ਹੋ ਜਾਣਾ ਕੁਦਰਤੀ ਹੈ। ਸੋਹਣ ਸਿੰਘ ਸਧਾਰਣ ਹੋ ਕੇ ਵੀ, ਇੱਕ ਆਸਧਾਰਣ ਵਿਅੱਕਤੀ ਸੀ। ਕਾਸ਼ ਉਹ ਵੀਹ ਕੁ ਸਾਲ ਹੋਰ ਜੀਉਂਦਾ ਰਹਿੰਦਾ! ਮੈਨੂੰ ਆਪਣੇ ਬੇਟੇ ਦੇ ਵਿਆਹ ਤੇ ਉਸਦੀ ਬੜੀ ਯਾਦ ਆਈ ਸੀ। ਇੱਕ ਸ਼ਾਮ ਮੇਰੇ ਘਰ ਬੈਠਿਆਂ ਉਸ ਆਖਿਆ ਸੀ-ਲੈ ਬਈ, ਹੁਣ ਛਿੰਦੇ ਦੇ ਵਿਆਹ 'ਤੇ ਰੱਜ ਕੇ ਪੀਆਂਗੇ; ਤੇਰੀ ਭੈਣ ਦੇ ਵਿਆਹ ਤੇ ਤਾਂ ਪੰਗਿਆਂ ਵਿੱਚ ਹੀ ਉਲਝੇ ਰਹੇ।"

ਮੈਨੂੰ ਜਾਪਿਆ ਜਿਵੇਂ ਥੋੜਾ-ਥੋੜਾ ਮੇਰੇ ਗੁਰੂ ਜੀ ਵੀ, ਸ਼ਾਇਦ ਇਸ ਤਰ੍ਹਾਂ ਦੀ ਇਕੱਲ ਦੇ ਅਹਿਸਾਸ ਦਾ ਸ਼ਿਕਾਰ ਹੋਣ! ਮੈਂ ਸੋਚਣ ਲੱਗਾ ਕਿ ਪਤਵੰਤ ਹੁਣਾ ਨੂੰ ਅਮਰੀਕਾ ਜਾ ਕੇ ਰਹਿਣ ਦੀ ਕੀ ਮਜਬੁਰੀ ਹੈ ਜਦੋਂ ਕਿ ਪੰਜਾਬ ਵਿੱਚ ਹੀ, ਉਨਾਂ੍ਹ ਪਾਸ ਏਨੀ ਜਾਇਦਾਦ ਹੈ। ਫਿਰ ਖਿਆਲ ਆਇਆ ਕਿ ਹਰ ਇੱਕ ਨੂੰ ਆਪਣੀ ਮਨ ਮਰਜ਼ੀ ਨਾਲ਼ ਜੀਉਣ ਦਾ ਹੱਕ ਹੈ; ਗਲੋਬਲ ਵਿਲੇਜ ਦਾ ਇਹੋ ਹੀ ਤਾਂ ਸੰਕਲਪ ਹੈ। ਜਾਪਿਆ ਜਿਵੇਂ ਗੁਰੂ ਜੀ, ਆਪਣੇ ਫਾਰਮ-ਹਾਊਸ ਵਿੱਚ ਨੌਕਰਾਂ ਨਾਲ਼ ਆਪਣੇ ਬੱਚਿਆਂ ਵਰਗਾ ਵਰਤਾਓ ਕਰਕੇ, ਇਕੱਲਤਾ ਦੇ ਅਹਿਸਾਸ ਨੂੰ ਭਰਨ ਦਾ ਜਤਨ ਕਰ ਰਹੇ ਹੋਣ! ਰੱਬ ਦੀ ਰਜ਼ਾ ਨਾਲ਼ ਜੇ ਮਨੁੱਖੀ ਮਨਾਂ ਵਿਚਲਾ ਖਲਾਅ ਇਸ ਤਰਾਂ੍ਹ ਵੀ ਭਰ ਸਕੇ ਤਾਂ ਇਸ ਨੂੰ ਖੁਸ਼ਕਿਸਮਤੀ ਹੀ ਆਖਿਆ ਜਾਣਾ ਚਾਹੀਦਾ ਹੈ। ਇੱਥੇ ਮੈਨੂੰ ਆਪਣਾ ਹੀ ਇੱਕ ਸ਼ਿਅਰ ਯਾਦ ਆਉਂਦਾ ਹੈ:

      ਉਪੱਰੋਂ-ਉਪੱਰੋਂ  ਸਾਗਰ ਲੱਗੀਏ  ਵਿੱਚੋਂ ਹਾਂ ਸਹਿਰਾ ।
ਆਪਣੇ ਅੰਦਰ  ਝਾਕ  ਕੇ ਵੇਖੋ  ਕੌਣ ਨਹੀਂ  ਤਨਹਾ !      


ਕਈ ਵਾਰ ਸਭ ਕੁੱਝ ਹੁੰਦੇ ਹੋਏ ਵੀ, ਬੰਦਾ ਪਤਾ ਨਹੀਂ ਕਿਉਂ ਅਜਿਹੇ ਖਲਾਅ ਦਾ ਸ਼ਿਕਾਰ ਹੋ ਜਾਂਦਾ ਹੈ! ਇਕੱਲ ਦਾ ਅਹਿਸਾਸ, ਕਿਸੇ ਬੰਦੇ ਦੇ ਦਿਲ ਵਿੱਚ ਉਤੱਰ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਤਾ ਨਹੀਂ ਦੁਨੀਆਂ ਦੇ ਕਰੋੜਾਂ ਲੋਕ ਮਾਈਕਲ ਜੈਕਸਨ ਨੂੰ ਸੰਸਾਰ ਦਾ ਮਸ਼ਹੂਰ ਗਾਇਕ, ਖੁਸ਼ਕਿਸਮਤ, ਅਮੀਰ, ਸੁਖੀ ਅਤੇ ਖੁਸ਼ੀ ਬੰਦਾ ਸਮਝਦੇ ਰਹੇ ਹੋਣਗੇ; ਪਰ ਉਹ ਕਿਵੇਂ ਜਾਨਣ ਕਿ ਵਿਚਾਰਾ ਮਾਈਕਲ ਤਾਂ ਸਾਰੀ ਜ਼ਿੰਦਗੀ, ਆਪਣੇ ਮਨ ਅੰਦਰ ਇਕੱਲ ਹੀ ਭੋਗਦਾ ਰਿਹਾ ਹੈ! ਘਰ ਵਿੱਚ ਵੀ ਕੋਈ ਇਨਸਾਨ ਇਉਂ ਤਨਹਾ ਮਹਿਸੂਸ ਕਰ ਸਕਦਾ ਹੈ ਅਤੇ ਭੀੜ ਵਿੱਚ ਵੀ । ਆਪੋ-ਆਪਣੀ ਵੱਖਰੀ ਸੋਚ ਤੇ ਵਿਚਾਰ ਹੋਣ ਕਾਰਣ, ਹਰ ਬੰਦੇ ਦੀ ਜੀਵਨ ਸ਼ੈਲੀ ਵੱਖਰੀ ਹੁੰਦੀ ਹੈ। ਧਰਮੀ ਬੰਦੇ ਦੇ ਬੋਲ ਯਾਦ ਆਉਂਦੇ ਹਨ, "ਜ਼ਿੰਗਦੀ ਵਿੱਚ ਕਦੇ ਹਾਰ ਨਹੀਂ ਮੰਨੀਦੀ। ਮੁਸ਼ਕਿਲਾਂ ਨਾਲ਼ ਮਰਦੇ ਦਮ ਤੱਕ ਲੜੋ। ਭਾਈਚਾਰਾ ਤੇ ਹੋਰ ਦੁਨੀਆਂ ਹਮੇਸ਼ਾਂ ਦਿਲ ਦੀ ਅਮੀਰੀ ਨੂੰ ਤਰਜੀਹ ਦੇਵੇਗੀ, ਨਾ ਕਿ ਪੈਸੇ ਦੀ ਅਮੀਰੀ ਨੂੰ। ਦੂਜਿਆਂ ਦੇ ਕੰਮ ਆਉਣ ਨਾæਲ ਜੋ ਖੁਸ਼ੀ ਮਿਲਦੀ ਹੈ, ਉਸ ਦਾ ਆਪਣਾ ਹੀ ਇੱਕ ਲੁਤੱਫ ਹੁੰਦਾ ਹੈ। ਆਪਣੀ ਜੀਵਨ-ਸ਼ੈਲੀ ਅਤੇ ਸੋਚ ਅਨੁਸਾਰ ਜੀਓ ਅਤੇ ਆਪਣੇ ਰਿਸ਼ਤਿਆਂ ਨੂੰ ਵੀ, ਇਸੇ ਅਨੁਸਾਰ ਜੀਣ ਦਿਓ। ਚਾਹੇ ਉਹ ਭੈਣ-ਭਰਾ ਹੋਣ; ਪੁਤੱਰ, ਭਤੀਜੇ ਜਾਂ ਭਾਣਜੇ, ਜਾਂ ਫਿਰ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ।"

ਮੈਂ ਆਪਣੀਆਂ ਗ਼ਜ਼ਲਾਂ ਦਾ ਖਰੜਾ ਤਿਆਰ ਕਰ ਰਿਹਾ ਹਾਂ। ਚਾਰ ਕੁ ਪੈਗ ਪੀ ਕੇ ਪਤਨੀ ਨੂੰ ਆਖਦਾ ਹਾਂ-"ਇਉਂ ਲਗਦੈ ਇਹ ਮੇਰਾ ਆਖਰੀ ਗ਼ਜ਼ਲ ਸੰਗ੍ਰਹਿ ਹੋਵੇਗਾ। ਪਤਾ ਨਹੀਂ ਕਿਸ ਦੇ ਨਾਮ ਕਰਾਂ? ਤੇਰੇ ਨਾਂ ਕਰ ਦਿਆਂ?"
"ਨਹੀਂ, ਉਸ ਦੇ ਨਾਮ ਕਰੋ ਜਿਸਨੇ ਤੁਹਾਨੂੰ ਇਹ ਚੇਟਕ ਲਾਈ ਹੈ, ਸੋਹਣ ਭਾ ਜੀ ਦੇ।"

ਸੋਚਦਾ ਹਾਂ ਚਲੋ ਇਸ ਤਰ੍ਹਾਂ ਨਾਲ਼ ਇਹ ਮੇਰੀ ਉਸ ਲਈ ਸ਼ਰਧਾਂਜਲੀ ਹੋਵੇਗੀ; ਸੋਹਣ ਸਿੰਘ ਧਾਰੀਵਾਲ ਲਈ। ਜ਼ਿੰਦਗੀ ਵਿੱਚ ਤਿੰਨ ਦੋਸਤ ਮਿਲੇ ਜੋ ਨਿਭੇ। ਇੰਗਲੈਂਡ ਵਿੱਚ ਸੋਹਨ ਸਿੰਘ ਧਾਰੀਵਾਲ, ਪੰਜਾਬ ਵਿੱਚ ਹਰਦੇਵ ਸਿੰਘ ਲਾਲੀ ਅਤੇ ਸਮਰਾਏ-ਜੰਡਿਆਲ਼ਾ ਦੇ ਸਕੂਲ ਪੜ੍ਹਦਿਆਂ, ਸੁਭਾਸ਼ ਮਲਹੋਤਰਾ।

ਔਰਤ ਮਿਤੱਰਾਂ ਦੀ ਗੱਲ ਕਰਾਂ ਤਾਂ ਸਿਰਫ ਬਚਿੰਤ ਕੌਰ ਦਾ ਨਾਂ ਹੀ ਰਹਿ ਜਾਂਦਾ ਹੈ ਜਿਸ ਨਾਲ਼ ਸਾਡੀ ਇੱਕ ਪ੍ਰਵਾਰਿਕ ਸਾਂਝ ਬਣੀ ਹੋਈ ਹੈ। ਮਰਦ ਮਿਤੱਰਾਂ 'ਚੋਂ ਡਾ: ਕਰਨੈਲ ਸਿੰਘ ਥਿੰਦ; ਅਤੇ ਪਿਆਰਾ ਸਿੰਘ ਭੋਗਲ 'ਤੇ ਜਸਵੰਤ ਸਿੰਘ ਵਿਰਦੀ ਵਰਗੇ ਲੇਖਕ ਮਨ ਨੂੰ ਭਾਏ ਹਨ।

ਭਾਰਤ ਤੋਂ ਵਾਪਸ ਆਇਆਂ ਅੱਜ ਸਾਨੂੰ ਦੋ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ। ਸੁਭਾਸ਼ ਦਾ ਡੁਬਾਈ ਤੋਂ ਫੋਨ ਆਇਆ । ਗੱਲਾਂ ਕਰਦਿਆਂ ਪੁੱਛਣ ਲੱਗਾ, "ਉਦਾਸ ਜਿਹਾ ਕਿਉਂ ਲਗੱਦੈਂ? ਖੁਸ਼ ਰਿਹਾ ਕਰ ਯਾਰ! ਸਭ ਬਦਲ ਗਏ, ਚੰਗਾ ਹੈ ਤੂੰ ਵੀ ਬਦਲ ਜਾ, ਸੁਖੀ ਰਹੇਂਗਾ।"

"ਮੈਂ ਚਾਹੇ ਦੁਖੀ ਰਹਾਂ ਪਰ ਬਦਲਣ ਨੂੰ ਰੂਹ ਨਹੀਂ ਮੰਨਦੀ; ਦੂਜੀ ਗੱਲ, ਤੀਹ ਕੁ ਸਾਲ ਪਹਿਲਾਂ ਕੋਈ ਮੈਨੂੰ ਇਉਂ ਕਹਿੰਦਾ ਤਾਂ ਸ਼ਾਇਦ ਮੈਂ ਉਸ ਦੀ ਗੱਲ ਤੇ ਗੌਰ ਕਰਦਾ ਪਰ ਹੁਣ ਜ਼ਿੰਦਗੀ ਦੇ ਕਿੰਨੇ ਕੁ ਦਿਨ ਬਾਕੀ ਨੇ? ਹੁਣ ਮੈਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ, ਜਿਵੇਂ ਹਾਂ।"

ਦੂਜੇ ਦਿਨ, ਅਜੀਤ ਸਿੰਘ ਦਿਓਲ ਨਾਲ਼, ਉਸ ਦੀ ਕਿਤਾਬ ਬਾਰੇ ਅਤੇ ਹਾਲ-ਚਾਲ ਪੁੱਛਣ ਲਈ ਫੋਨ ਕੀਤਾ ਤਾਂ ਉਹ ਘਰ ਨਹੀਂ ਮਿਲੇ, ਧਰਮਿੰਦਰ ਭਾਅ ਜੀ ਵੀ ਕਿਤੇ ਬਾਹਰ ਗਏ ਹੋਏ ਸਨ। ਫੇਰ ਦਿਲ ਕੀਤਾ ਬਚਿੰਤ ਕੌਰ ਨੂੰ ਫੋਨ ਕਰਾਂ, ਪਰ ਉਸ ਨਾਲ਼ ਵੀ ਫੋਨ 'ਤੇ ਰਾਬਤਾ ਨਹੀਂ ਹੋ ਸਕਿਆ! ਬੂਟਾ ਸਿੰਘ ਸ਼ਾਦ ਨੂੰ ਫੋਨ ਕੀਤਾ ਤਾਂ ਜਾਪਿਆ ਕਿ ਛੋਟੇ ਭਰਾ, ਬੱਗਾ ਸਿੰਘ ਦੀ ਮੌਤ ਪਿੱਛੋਂ, ਉਹ ਬਹੁਤ ਉਦਾਸ ਅਤੇ ਤਨਹਾ ਮਹਿਸੂਸ ਕਰਨ ਲੱਗੇ ਹਨ। ਗੁਲਜ਼ਾਰ ਅਤੇ ਸੁਖਵੀਰ ਜੀ ਦੇ ਮਨ 'ਚ ਝਾਤੀ ਮਾਰਦਿਆਂ, ਮੈਨੂੰ ਉਹਨਾਂ ਅੰਦਰ ਵੀ, ਇੱਕ ਅਜਬ ਜਿਹੇ ਖ਼ਲਾਅ ਦਾ ਅਨੁਭਵ ਹੋਇਆ ਸੀ। 

ਫਿਰ ਮਨ ਦੇ ਚਿਤੱਰਪਟ ਤੇ ਹਦੀਆਬਾਦ ਦਾ ਉਹੀ ਦ੍ਰਿਸ਼  ਸਾਕਾਰ ਹੋ ਜਾਂਦਾ ਹੈ। ਅਸੀਂ ਮਖਸੂਦਪੁਰੀ ਦੀ ਕੋਠੀ ਲੱਭ ਰਹੇ ਹਾਂ। ਮੇਰੀ ਪਤਨੀ ਆਖਦੀ ਹੈ, "ਬੱਸ ਉਹ ਪਿਛਲੀ ਕਤਾਰ ਵਿੱਚ ਹੀ ਕਿਤੇ ਹੋਵੇਗੀ। ਪਿਛਲੀ ਵਾਰ ਆਪਾਂ ਇੱਥੋਂ ਦੀ ਹੀ ਲੰਘੇ ਸਾਂ।"

ਸਾਹਮਣੇ ਵਾਲ਼ੇ ਪਾਸਿਓਂ ਤਿੰਨ ਆਦਮੀ ਆ ਰਹੇ ਹਨ। ਇੱਕ ਆਦਮੀ ਦੇ ਚਿਹਰੇ ਤੇ ਮਹਾਂ-ਪੁਰਸ਼ਾਂ ਵਰਗਾ ਤੇਜ ਹੈ। ਸਧਾਰਣ ਮਨੁੱਖ ਹੋ ਕੇ ਵੀ, ਉਹ ਆਸਧਾਰਣ ਜਾਪਦਾ ਹੈ। ਅਸੀਂ ਉਸ ਵਿਅੱਕਤੀ ਨਾਲ਼ ਰੂਹਾਨੀ ਸਾਂਝ ਅਤੇ ਅਜੋਕੇ ਰਿਸ਼ਤਿਆਂ ਦੀਆਂ ਗੱਲਾਂ ਸ਼ੁਰੂ ਕਰ ਬੈਠੇ। ਮੇਰੀ ਪਤਨੀ ਜਜ਼ਬਾਤੀ ਹੋ ਕੇ ਕਹਿਣ ਲੱਗੀ," ਮੇਰੇ ਬੇਟੇ ਅਤੇ ਬੇਟੀਆਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ! ਪਰਦੇਸਾਂ ਵਿੱਚ ਰਹਿਣ ਕਰਕੇ, ਅਸੀਂ ਇੱਥੇ ਉਦਾਸ ਅਤੇ 'ਕੱਲੇ ਜਿਹੇ ਮਹਿਸੂਸ ਕਰਦੇ ਹਾਂ"

ਉਹ ਮਹਾਂ ਪੁਰਸ਼ ਬੋਲਿਆ, "ਬੇਟਾ ਜੀ, ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ, ਇੱਕ ਦਿਨ ਤੁਹਾਨੂੰ ਸ਼ਾਇਦ ਇਸ ਗੱਲ 'ਤੇ ਵੀ ਸ਼ਰਮਿੰਦਾ ਹੋਣਾ ਪਵੇ। ਕਿਸੇ ਤੇ ਏਨਾ ਮਾਣ ਵੀ ਨਹੀਂ ਕਰੀਦਾ। ਉਹ ਜਿਸ ਤਰ੍ਹਾਂ ਦੇ ਤੁਹਾਨੂੰ ਤੀਹ ਸਾਲ ਪਹਿਲਾਂ ਲਗਦੇ ਸੀ, ਹੁਣ ਉਸ ਤਰ੍ਹਾਂ ਦੇ ਨਹੀਂ ਹੋ ਸਕਦੇ। ਜੇ ਬੁਰੇ ਸਨ ਤਾਂ ਹੁਣ ਸ਼ਾਇਦ ਕੁੱਝ ਕੁ ਚੰਗੇ ਹੋ ਗਏ ਹੋਣ ਪਰ ਜੇ ਉਸ ਵੇਲੇ ਬਹੁਤ ਚੰਗੇ ਲਗਦੇ ਸਨ ਤਾਂ ਸ਼ਾਇਦ, ਹੁਣ ਓਨੇ ਚੰਗੇ ਨਾ ਜਾਪਣ! ਕਿਸੇ ਦਾ ਪਤੀ ਜੋ ਜਵਾਨੀ ਵੇਲੇ ਪਥੱਰ ਦਿਲ ਹੋਵੇ, ਬੁਢਾਪੇ ਤੱਕ ਪਹੁੰਚਦਾ ਮੋਮ-ਦਿਲ ਵੀ ਹੋ ਸਕਦਾ ਹੈ। ਪ੍ਰੀਵਰਤਨ ਅਧੀਨ ਚੰਗਾ ਵੀ ਵਾਪਰਦਾ ਹੈ ਤੇ ਮੰਦਾ ਵੀ।"

ਉਸ ਦਿਨ ਘਰ ਆ ਕੇ, ਮੈਂ ਸੋਚਣ ਲੱਗਾ ਕਿ ਮੇਰੇ ਵਰਗੇ ਲੋਕ ਇਹ ਨਹੀਂ ਸੋਚਦੇ ਕਿ ਸਾਡੇ ਤਾਂ ਅੱਧੇ ਕੁ ਘਰ ਹੀ ਗੁਆਚੇ ਹਨ, ਸਾਡੇ ਬੱਚਿਆਂ ਦੇ ਸ਼ਾਇਦ ਪੂਰੇ ਹੀ ਗੁਆਚ ਜਾਣ! ਖ਼ਾਸ ਕਰਕੇ ਉਹ ਬੱਚੇ, ਜਿਹਨਾਂ ਨੂੰ ਸੰਯੁਕਤ ਪਰਵਾਰਾਂ ਵਿੱਚ ਰਹਿਣਾ-ਵਿਚਰਨਾ ਨਸੀਬ ਹੋਇਆ ਹੋਵੇ। ਜੇਕਰ ਉਹ ਗਲੋਬਲ ਪ੍ਰੀਵਰਤਨ ਨੂੰ ਸਵੀਕਾਰਦਿਆਂ ਸੋਚਣਗੇ ਤਾਂ ਫਿਰ ਸ਼ਾਇਦ, ਉਹਨਾਂ ਨੂੰ ਇਸ ਵਿਗੋਚੇ ਦਾ ਬਹੁਤਾ ਅਹਿਸਾਸ ਨਾ ਹੀ ਰੜਕੇ! ਇਉਂ ਸੋਚ ਕੇ, ਸਾਨੂੰ ਵੀ ਤਾਂ ਝੂਰਨਾ ਨਹੀਂ ਚਾਹੀਦਾ। ਮੈਨੂੰ ਏਨਾ ਪਤਾ ਹੈ ਕਿ ਕੋਈ ਵੀ ਬੰਦਾ ਸੋਲਾਂ ਕਲਾਂ ਸੰਪੂਰਣ ਨਹੀਂ ਹੋ ਸਕਦਾ । ਇਹ ਸੰਭਵ ਹੀ ਨਹੀਂ ਹੈ। ਇਹ ਗੱਲ ਮਹਾਂ ਪੁਰਸ਼ਾਂ ਤੇ ਵੀ ਲਾਗੂ ਹੋ ਸਕਦੀ ਹੈ ਤੇ ਹੁੰਦੀ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਸ਼ਰਧਾ ਵਜੋਂ, ਅਸੀਂ ਬਹੁਤ ਕੁੱਝ ਢਕਣ ਦੀ ਫਿਤਰਤ ਅਪਣਾਈ ਹੋਈ ਹੈ, ਜਾਂ ਫਿਰ ਡਰ-ਦਬਾ ਕਾਰਣ। ਹਰ ਵਿਅੱਕਤੀ ਵਿੱਚ ਕੁੱਝ ਗੁਣ ਹੁੰਦੇ ਹਨ ਅਤੇ ਕੁੱਝ ਔਗੁਣ। ਕਈਆਂ ਵਿੱਚ ਅਨੇਕਾਂ ਗੁਣ ਹੁੰਦੇ ਹਨ ਪਰ ਇੱਕ-ਅੱਧ ਔਗੁਣ ਅਜਿਹਾ ਹੁੰਦਾ ਹੈ, ਜੋ ਸਾਰੇ ਗੁਣਾਂ ਤੇ ਪਾਣੀ ਫੇਰ ਦਿੰਦਾ ਹੈ। ਇਸ ਤੋਂ ਉਲਟ, ਕਈਆਂ ਵਿੱਚ ਔਗੁਣ ਬਥੇਰੇ ਹੁੰਦੇ ਹਨ ਪਰ ਇੱਕ-ਅੱਧ ਗੁਣ ਅਜਿਹਾ ਹੁੰਦਾ ਹੈ ਕਿ ਬੰਦਾ ਉਸ ਦੇ, ਸਾਰੇ ਔਗੁਣਾਂ ਨੂੰ ਨਜ਼ਰ-ਅੰਦਾਜ਼ ਕਰ ਜਾਂਦਾ ਹੈ।  

ਸਮਾਜਿਕ, ਸਭਿਆਚਾਰਿਕ ਅਤੇ ਰਾਜਨੀਤਕ ਪ੍ਰੀਵਰਤਨ ਕਾਰਣ ਬਹੁਤ ਕੁੱਝ ਬਦਲ ਗਿਆ ਹੈ । ਇਹ ਬਦਲਾਵ ਕੁਦਰਤੀ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਕਾਰਣ ਹੀ ਲੋਕਾਂ ਦੀ ਫਿਤਰਤ ਤਿਜਾਰਤੀ ਅਤੇ ਸੁਆਰਥੀ ਬਣ ਗਈ ਹੈ। ਬਦੇਸ਼ਾਂ ਤੋਂ ਜਦੋਂ ਭਾਰਤੀ ਲੋਕ, ਆਪਣੇ ਦੇਸ਼ ਪਰਤਦੇ ਹਨ ਤਾਂ ਉਹਨਾਂ ਨੂੰ ਇਹ ਪ੍ਰੀਵਰਤਨ ਬਹੁਤ ਰੜਕਦਾ ਅਤੇ ਪਰੇਸ਼ਾਨ ਕਰਦਾ ਹੈ ਕਿਉਂਕਿ ਉਹਨਾਂ ਨੇ ਇਸ ਨੂੰ, ਭਾਰਤ ਵਿੱਚ ਵਸਦੇ ਲੋਕਾਂ ਵਾਂਗੂ,  ਹੌਲ਼ੀ-ਹੌਲ਼ੀ ਨਹੀਂ ਹੰਢਾਇਆ ਹੈ। ਇਸ ਦਾ ਨੁਕਸਾਨ ਇਹ ਹੋਇਆ ਹੈ ਕਿ ਨੈਗੇਟਿਵ ਸੋਚ ਧਾਰਣ ਕਰ ਕੇ, ਬਹੁਤੇ ਲੋਕ ਕਾਫੀ ਹੱਦ ਤੱਕ, ਸੁਆਰਥੀ ਅਤੇ ਸਵੈ-ਕੇਂਦਰਿਤ ਬਣਦੇ ਜਾ ਰਹੇ ਹਨ। ਇਹ ਇੱਕ ਮਾੜਾ ਪਹਿਲੂ ਹੈ।

ਆਪਣੀ ਵਿਚਾਰਧਾਰਾ ਨੂੰ ਕਿਸੇ ਨਾਲ ਸਾਂਝਿਆਂ ਕਰਨ ਲਈ, ਹਰ ਮਨੁੱਖ ਦਾ ਮਨ ਲੋਚਦਾ ਹੈ। ਪਰ ਅਜਿਹਾ ਮਨੁੱਖ ਜੋ ਸੁਹਿਰਦ ਦੋਸਤ ਸਾਬਿਤ ਹੋ ਸਕੇ, ਮਿਲਣਾ ਸੌਖਾ ਨਹੀਂ ਸਗੋਂ ਅਸੰਭਵ ਜਾਪਦਾ ਹੈ। ਇਹੋ ਅਹਿਸਾਸ ਬੰਦੇ ਦੇ ਮਨ ਜਾਂ ਰੂਹ ਅੰਦਰ ਉਤੱਰ ਕੇ, ਇੱਕ ਨਾ ਭਰ ਸਕਣ ਵਾਲਾ ਖ਼ਲਾਅ ਬਣ ਜਾਂਦਾ ਹੈ। ਅਚਾਨਕ ਮੇਰਾ ਧਿਆਨ ਦੋ ਮਨੁੱਖਾਂ ਵੱਲ ਜਾਂਦਾ ਹੈ ਜੋ ਮੈਨੂੰ ਪੰਜਾਬ ਫੇਰੀ ਦੌਰਾਨ, ਦੋਸਤਾਂ ਵਰਗੇ ਜਾਪੇ ਹਨ ਜਾਂ ਜਾਪੇ ਸਨ! ਇੱਕ ਜਾਲੰਧਰ, ਦੂਜਾ ਫਗਵਾੜੇ, ਜਾਪਦੈ ਜਿਵੇਂ ਉਹ ਵੀ ਮੇਰੇ ਵਾਂਗੂ ਦੁੱਖਾਂ-ਤਕਲੀਫਾਂ ਦੇ ਸਫਰ ਵਿੱਚੋਂ ਗੁਜ਼ਰੇ ਹੋਣ। ਰੂਹ ਜਿਵੇਂ ਕੋਈ ਤਰਲਾ ਜਿਹਾ ਪਾ ਰਹੀ ਹੋਵੇ!

 ਦਿਲ 'ਚ ਯਾਰੋ ਕਾਸ਼ ਕੋਈ ਇਸ ਤਰ੍ਹਾਂ ਉਤੱਰ ਸਕੇ।
 ਜ਼ਿੰਦਗੀ ਦੇ ਖ਼ਾਲੀਪਨ ਨੂੰ  ਹੋਂਦ ਜਿਸਦੀ  ਭਰ ਸਕੇ!

                                                                           
                             
               ਈ-ਮੇਲ:  [email protected] 

Comments

ਧਰਮੀ ਬੰਦੇ ਦੇ ਬੋਲ ਯਾਦ ਆਉਂਦੇ ਹਨ, "ਜ਼ਿੰਗਦੀ ਵਿੱਚ ਕਦੇ ਹਾਰ ਨਹੀਂ ਮੰਨੀਦੀ। ਮੁਸ਼ਕਿਲਾਂ ਨਾਲ਼ ਮਰਦੇ ਦਮ ਤੱਕ ਲੜੋ। ਭਾਈਚਾਰਾ ਤੇ ਹੋਰ ਦੁਨੀਆਂ ਹਮੇਸ਼ਾਂ ਦਿਲ ਦੀ ਅਮੀਰੀ ਨੂੰ ਤਰਜੀਹ ਦੇਵੇਗੀ, ਨਾ ਕਿ ਪੈਸੇ ਦੀ ਅਮੀਰੀ ਨੂੰ। ਦੂਜਿਆਂ ਦੇ ਕੰਮ ਆਉਣ ਨਾæਲ ਜੋ ਖੁਸ਼ੀ ਮਿਲਦੀ ਹੈ, ਉਸ ਦਾ ਆਪਣਾ ਹੀ ਇੱਕ ਲੁਤੱਫ ਹੁੰਦਾ ਹੈ। ਆਪਣੀ ਜੀਵਨ-ਸ਼ੈਲੀ ਅਤੇ ਸੋਚ ਅਨੁਸਾਰ ਜੀਓ ਅਤੇ ਆਪਣੇ ਰਿਸ਼ਤਿਆਂ ਨੂੰ ਵੀ, ਇਸੇ ਅਨੁਸਾਰ ਜੀਣ ਦਿਓ। ਚਾਹੇ ਉਹ ਭੈਣ-ਭਰਾ ਹੋਣ; ਪੁਤੱਰ, ਭਤੀਜੇ ਜਾਂ ਭਾਣਜੇ, ਜਾਂ ਫਿਰ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ।" ਿੲਹ ਅਰਕ ਹੈ ਿੲਸ ਸਵੈ ਜਿਵਨੀ ਮੁਲਕ ਲੇਖ ਦਾ। ਗੁਰਨਾਮ ਿਸੰਘ ਦੀਆਂ ਿਲਖਤਾਂ ਨੰੂ ਮੈਂ ਬਹੁਤ ਿਚਰਾਂ ਤੋਂ ਪੜਹਦਾ ਆ ਿਰਹਾ ਹਾਂ। ਪੰਜਾਬੀ ਦੇ ਿਸਰਮੌਰ ਲੇਖਕ ਸੁਖਬੀਰ ਜੀ ਕਿਹੰਦੇ ਸਨ ਸੌਖਾ ਅਤੇ ਸਰਲ ਿਲਖਣਾ ਹੀ ਸੱਭ ਤੋਂ ਮੁਸ਼ਕਲ ਹੇ। ਿੲਹ ਿਲਖਤ ਬਹੁਤ ਹੀ ਸੌਖੀ ਅਤੇ ਸਰਲ ਭਾਸ਼ਾ ਿਵੱਚ ਿਲਖੀ ਗਈ ਹੈ। ਪੱੜ੍ਹ ਕੇ ਸਵਾਦ ਆ ਿਗਆ।

Amrita Kaur

I read it in entirety, avery well described honest to the core life story!

mrs ruthsmith

ਮੇਰੇ ਲਗਭਗ ਕਿਸੇ ਦੋਸਤ ਨੇ ਮੈਨੂੰ ਉਮੀਦ ਨਹੀਂ ਛੱਡੀ ਜਦੋਂ ਤਕ ਮੇਰੇ ਕਿਸੇ ਮਿੱਤਰ ਦੀ ਗੱਲ ਨਹੀਂ ਹੋਈ ਭਰੋਸੇਯੋਗ ਕਰਜ਼ਾ ਦੇਣ ਵਾਲੇ ਨੂੰ ਸ਼੍ਰੀਮਤੀ ਰੁਥਸਮੈਂਟ-ਕਰਜ਼ਾ ਕਿਹਾ ਜਾਂਦਾ ਹੈ ਜਿਸ ਨੇ ਮੈਨੂੰ ਉਧਾਰ ਦਿੱਤਾ ਬਿਨਾਂ ਕਿਸੇ ਦਬਾਅ ਦੇ 24 ਘੰਟੇ ਦੇ ਅੰਦਰ 25,000 ਡਾਲਰ ਡਾਲਰ ਦਾ ਅਸੁਰੱਖਿਅਤ ਕਰਜ਼ਾ. ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੋਨ ਦੀ ਜ਼ਰੂਰਤ ਹੈ, ਮੈਂ ਆਪਣੇ ਬੈਂਕ ਦੁਆਰਾ ਨਿਰਾਸ਼ ਹੋ ਗਿਆ ਸੀ ਅਤੇ ਹੋਰ ਲੋਨ ਕੰਪਨੀ ਜਿਸ 'ਤੇ ਮੈਂ ਭਰੋਸਾ ਕਰਦਾ ਹਾਂ, ਪਰ ਮੈਂ ਇਸਦੇ ਬਦਲੇ ਕਦੇ ਵੀ ਹਾਰ ਨਹੀਂ ਮੰਨਦਾ ਆਪਣੀ ਈ-ਮੇਲ ਰਾਹੀਂ ਮੇਰੀ ਪ੍ਰਾਰਥਨਾ ਇਹ ਹੈ ਕਿ ਪਰਮਾਤਮਾ ਨੂੰ ਉਸ ਦੇ ਤੌਰ ਤੇ ਵਧੇਰੇ ਅਸ਼ੀਰਵਾਦ ਦੇਣਾ ਚਾਹੀਦਾ ਹੈ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਨੂੰ ਬਸ ਈਮੇਲ ਕਰੋ [email protected]

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ