Sat, 05 October 2024
Your Visitor Number :-   7229293
SuhisaverSuhisaver Suhisaver

...ਤੇ ਉਸ ਹਾਦਸੇ ਨੇ ਬਦਲਿਆ ਟੀਚਾ - ਰਵਿੰਦਰ ਸ਼ਰਮਾ

Posted on:- 15-06-2016

suhisaver

ਪਾਪਾ ਜੀ ਦਾ ਕਬੱਡੀ, ਕੁਸ਼ਤੀ ਤੇ ਜ਼ੋਰ ਅਜ਼ਮਾਇਸ਼ ਵੱਲ ਜ਼ਿਆਦਾ ਝੁਕਾਅ ਤੇ ਦਾਦਾ ਜੀ ਦੇ ਜਵਾਨੀ ਵੇਲੇ ਦੇ ਖੇਡ ਕਿੱਸੇ ਸੁਣ ਕੇ ਮੈਨੂੰ ਵੀ ਜ਼ੋਰ ਅਜਮਾਇਸ਼ ਕਰਨ ਦਾ ਬੜਾ ਸ਼ੌਂਕ ਸੀ। ਸ਼ੁਰੂ ਤੋਂ ਹੀ ਕਬੱਡੀ, ਫੁੱਟਬਾਲ ਵਰਗੀਆਂ ਖੇਡਾਂ ਦਾ ਸ਼ੌਂਕ ਮੈਨੂੰ ਆਪਣੇ ਵੱਲ ਖਿੱਚਦਾ ਰਿਹਾ। ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਖੇਡਾਂ ਪ੍ਰਤੀ ਹੋਰ ਵੀ ਜ਼ਿਆਦਾ ਖਿੱਚਦਾ ਸੀ। ਦਸਵੀਂ ਜਮਾਤ ’ਚ ਪੜ੍ਹਦਿਆਂ ਬੜੀ ਬੇਸਬਰੀ ਨਾਲ ਸਾਲ ਲੰਘਾਉਣ ਦੀ ਉਡੀਕ ਕਿ ਕਦੋਂ ਦਸਵੀਂ ਦਾ ਰਿਜ਼ਲਟ ਆਵੇ ਤੇ ਕਦੋਂ ਮੈਂ ਫੌਜ ਦੀ ਭਰਤੀ ’ਚ ਹਿੱਸਾ ਲੈਣ ਲਾਇਕ ਬਣਾਂ।

ਦਸਵੀਂ ਜਮਾਤ ਪਾਸ ਕਰਦਿਆਂ ਹੀ ਮੈਂ ਫੌਜ ਦੀ ਭਰਤੀ ਲਈ ਤਿਆਰੀ ਸ਼ੁਰੂ ਕਰ ਦਿੱਤੀ। ਸਿਆਲ ਹੋਵੇ ਭਾਵੇਂ ਗਰਮੀ ਹਮੇਸ਼ਾ ਸਵੇਰੇ 4 ਵਜੇ ਉੱਠਣਾ ਤੇ ਨਾਲ ਲੱਗਦੇ ਪਿੰਡ ਤੱਕ ਦੌੜ ਕੇ ਆਉਣਾ। ਜਦੋਂ ਮੌਕਾ ਮਿਲਣਾ ਜ਼ੋਰ ਅਜ਼ਮਾਇਸ਼ ਕਰਨੀ। ਪਸ਼ੂਆਂ ਲਈ ਪੱਠੇ (ਚਾਰਾ) ਕੁਤਰਨ ਵਾਲੀ ਮਸ਼ੀਨ ’ਤੇ ਲੱਗਿਆ ਇੰਜਣ ਲਗਭਗ ਖ਼ਰਾਬ ਹੀ ਰਹਿੰਦਾ ਸੀ। ਅਸੀਂ ਟੋਕਾ ਮਸ਼ੀਨ ’ਤੇ ਹੱਥੀ ਪਾਉਣੀ ਤੇ ਪੱਠੇ ਕੁਤਰਨ ਲੱਗ ਜਾਣਾ।

ਮੇਰੇ ਤੇ ਮੇਰੇ ਵੱਡੇ ਵੀਰ ਵਿਚਕਾਰ ਬਹੁਤ ਗੂੜ੍ਹਾ ਪਿਆਰ ਤੇ ਮੁਕਾਬਲਾ ਰਹਿੰਦਾ ਸੀ। ਪਾਪਾ ਜੀ ਨੇ ਹਮੇਸ਼ਾ ਕਹਿਣਾ ਮੇਰਾ ਸ਼ੇਰ ਦੇਸ਼ ਦੀ ਸੇਵਾ ਕਰੇਗਾ। ਫੌਜ ’ਚ ਭਰਤੀ ਹੋ ਕੇ ਮੈਂ ਵੀ ਉਨ੍ਹਾਂ ਦੀ ਦਿਲੀ ਇੱਛਾ ਪੂਰਨ ਲਈ ਤਨਦੇਹੀ ਨਾਲ ਯਤਨ ਕਰਦਾ। ਇਸੇ ਤਰ੍ਹਾਂ ਦੋ ਸਾਲ ਬੀਤ ਗਏ ਤੇ ਲਗਭਗ 7-8 ਫੌਜ ਦੀਆਂ ਭਰਤੀਆਂ ’ਤੇ ਮੈਂ ਆਪਣਾ ਮੁਕੱਦਰ ਅਜ਼ਮਾਇਆ ਪਰ ਮਿਹਨਤ ਪੱਲੇ ਨਾ ਪਈ। ਹੌਂਸਲਾ ਥੋੜ੍ਹਾ ਡਾਂਵਾਡੋਲ ਹੋ ਗਿਆ। ਪਾਪਾ ਜੀ ਨੇ ਮੈਨੂੰ ਇਹ ਕਹਿ ਕੇ ਹੌਂਸਲਾ ਦਿੱਤਾ ਕਿ ‘ਡਿੱਗ-ਡਿੱਗ ਕੇ ਜਵਾਨ ਹੁੰਦੇ ਆ ਸ਼ੇਰ ਪੁੱਤ’।

ਮੈਂ ਹੌਂਸਲੇ ਨੂੰ ਬੁਲੰਦ ਕਰਦਿਆਂ ਮਿਹਨਤ ਨਾ ਛੱਡੀ ਸਗੋਂ ਹੋਰ ਵਧਾ ਦਿੱਤੀ। ਵੱਡਾ ਵੀਰ ਉਨ੍ਹੀਂ ਦਿਨੀਂ ਬੁਰੀ ਸੰਗਤ ’ਚ ਬੈਠਣ ਲੱਗਿਆ। ਉਹ ਰਾਤ ਦੇਰ ਤੱਕ ਘਰ ਨਾ ਆਉਂਦਾ ਤੇ ਪਾਪਾ ਜੀ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਗਏ। ਕਈ ਵਾਰ ਵੀਰ ਨਸ਼ੇ ਦੀ ਹਾਲਤ ’ਚ ਘਰ ਆਉਣ ਲੱਗਾ ਤੇ ਪਾਪਾ ਜੀ ਉਸ ਨੂੰ ਕੁਟਾਪਾ ਵੀ ਚਾੜ੍ਹ ਦਿੰਦੇ ਘਰ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ। ਇਸ ਵਿਗਾੜ ਦਾ ਮੇਰੇ ’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੀ। ਮੈਂ ਪੜ੍ਹਾਈ ਦੇ ਨਾਲ-ਨਾਲ ਖੇਤ ਦਾ ਕੰਮ ਤੇ ਘਰੇ ਮਾਲ-ਡੰਗਰ ਦੀ ਸਾਂਭ-ਸੰਭਾਲ ਵੀ ਕਰਦਾ। ਮੇਰੀ ਵੀ ਉਨ੍ਹੀਂ ਦਿਨੀਂ ਬੁਰੀ ਸੰਗਤ ’ਚ ਬੈਠਣੀ-ਉੱਠਣੀ ਸ਼ੁਰੂ ਹੋਈ ਸੀ ਪਰ ਵੱਡੇ ਵੀਰ ਦੀ ਹਾਲਤ ਦੇਖ ਕੇ ਮੈਨੂੰ ਵੱਡਾ ਝਟਕਾ ਲੱਗਿਆ ਤੇ ਮੈਂ ਜਿਵੇਂ-ਕਿਵੇਂ ਆਪਣੇ ਥਿੜਕਦੇ ਪੈਰਾਂ ’ਤੇ ਕਾਬੂ ਪਾਉਂਦਿਆਂ ਬਰਬਾਦੀ ਦੇ ਰਾਹੋਂ ਪੈਰ ਖਿੱਚ ਲਏ। ਸ਼ਾਇਦ ਪਰਮਾਤਮਾ ਦੀ ਮੇਰੇ ’ਤੇ ਮਿਹਰ ਸੀ।

ਘਰ ਦੀ ਹਾਲਤ ਵਿਗੜਨ ਕਾਰਨ ਮੇਰਾ ਫੌਜ ਭਰਤੀ ਦੀ ਤਿਆਰੀ ਤੋਂ ਵੀ ਧਿਆਨ ਭੰਗ ਹੋਣ ਲੱਗਾ। ਹੁਣ ਮੈਂ ਬਾਰ੍ਹਵੀਂ ਜਮਾਤ ਪਾਸ ਕਰ ਲਈ ਸੀ ਤੇ ਫੌਜ ਦੀ ਭਰਤੀ ਲਈ ਉਮਰ ਹੱਦ ਵੀ ਲੰਘਦੀ ਜਾ ਰਹੀ ਸੀ। ਮੈਂ ਪਰੇਸ਼ਾਨ ਹੋ ਗਿਆ॥ ਮੇਰਾ ਸੁਫ਼ਨਾ ਟੁੱਟਦਾ ਜਾ ਰਿਹਾ ਸੀ। ਪਾਪਾ ਜੀ ਨੇ ਨੌਕਰੀ ਲਈ ਸਿਫ਼ਾਰਿਸ਼ ਕਰਨ ਲਈ ਬੰਦਾ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਸ਼ੁਰੂ ਤੋਂ ਹੀ ਸਿਫਾਰਿਸ਼ ਜਾਂ ਰਿਸ਼ਵਤ ਨਾਲ ਨਹੀਂ ਸਗੋਂ ਆਪਣੇ ਦਮ ’ਤੇ ਭਰਤੀ ਹੋਣਾ ਚਾਹੁੰਦਾ ਸੀ। ਪਾਪਾ ਜੀ ਦੇ ਇੱਕ ਦੋਸਤ ਨੇ ਕਿਸੇ ਖਾਸ ਬੰਦੇ ਦੀ ਦੱਸ ਪਾਈ ਜੋ ਸਰਕਾਰੇ-ਦਰਬਾਰੇ ਚੰਗੀ ਪਹੁੰਚ ਰੱਖਦਾ ਸੀ ਤੇ ਕੰਮ ਕਰਵਾ ਸਕਦਾ ਸੀ। ਅਗਲੇ ਹੀ ਦਿਨ ਮੈਂ ਤੇ ਪਾਪਾ ਜੀ ਨੇ ਉਨ੍ਹਾਂ ਨੂੰ ਨਾਲ ਲੈ ਕੇ ਉਸ ਸ਼ਖ਼ਸ ਕੋਲ ਜਾਣ ਦੀ ਵਿਓਂਤ ਬਣਾਈ।

ਅਸੀਂ ਸਵੇਰੇ ਲਗਭਗ 7 ਕੁ ਵਜੇ ਘਰੋਂ ਤੁਰੇ ਤੇ ਉਸ ਸ਼ਖ਼ਸ ਦੇ ਘਰ ਪਹੁੰਚ ਗਏ। ਉਸ ਸ਼ਖ਼ਸ ਨੇ ਸਾਨੂੰ ਚਾਹ-ਪਾਣੀ ਪਿਆਇਆ। ਇਸ ਤੋਂ ਬਾਅਦ ਉਹ ਸਾਨੂੰ ਕਿਸੇ ਹੋਰ ਅਧਿਕਾਰੀ ਕੋਲ ਲੈ ਕੇ ਗਿਆ। ਉਹ ਸ਼ਖ਼ਸ ਸਾਨੂੰ ਅਧਿਕਾਰੀ ਦੇ ਦਫ਼ਤਰ ’ਚ ਲਿਜਾਣ ਦੀ ਬਜਾਇ ਉਸ ਦੀ ਇੱਕ ਨਿੱਜੀ ਦੁਕਾਨ ’ਤੇ ਲੈ ਗਿਆ ਜੋ ਕਿ ਆੜ੍ਹਤ ਦੀ ਦੁਕਾਨ ਸੀ। ਉੱਥੇ ਜਾ ਕੇ ਉਹ ਲੋਕ ਪਾਪਾ ਜੀ ਨੂੰ ‘ਸਮਾਨ’ ਦੇ ਇਸ਼ਾਰੇ ਨਾਲ ਸ਼ਰਾਬ ਲਿਆਉਣ ਲਈ ਕਹਿਣ ਲੱਗੇ। ਪਾਪਾ ਜੀ ਨੇ ਮੇਰੇ ਵੱਲ ਵੇਖਿਆ ਤੇ ਮੈਂ ਪਾਪਾ ਜੀ ਦਾ ਫੂਕ ਹੋਇਆ ਚਿਹਰਾ ਤੱਕਦਾ ਰਹਿ ਗਿਆ। ਪਾਪਾ ਜੀ ਜੋ ਕਦੇ ਜ਼ਿੰਦਗੀ ’ਚ ਸ਼ਰਾਬੀ ਕੋਲ ਖੜ੍ਹੇ ਤੱਕ ਨਹੀਂ ਅੱਜ ਕਿਸੇ ਨੂੰ ਸ਼ਰਾਬ ਲਿਆ ਕੇ ਦੇਣਗੇ, ਉਹ ਵੀ ਦਸਾਂ ਨਹੰੁਆਂ ਤੇ ਇਮਾਨਦਾਰੀ ਦੀ ਕਮਾਈ ਦੇ ਪੈਸਿਆਂ ’ਚੋਂ। ਫਿਰ ਵੀ ਪੁੱਤ ਦੀ ਖਾਤਰ ਪਾਪਾ ਜੀ ਨੇ ਹੌਂਸਲਾ ਕਰਕੇ ਮੈਨੂੰ ਦੁਕਾਨ ਤੋਂ ਬਾਹਰ ਭੇਜਣ ਦਾ ਬਹਾਨਾ ਬਣਾਇਆ।

ਜਿਸ ਸ਼ਖ਼ਸ ਕੋਲ ਅਸੀਂ ਗਏ ਸੀ ਉਸ ਦੀ ਲਗਭਗ ਚਾਰ ਕੁ ਸਾਲਾਂ ਦੀ ਪੋਤੀ ਸਾਡੇ ਨਾਲ ਹੀ ਆ ਗਈ ਸੀ। ਮੈਨੂੰ ਕਿਹਾ ਗਿਆ ਕਿ ਜਾਹ ਬੱਚੀ ਨੂੰ ਸੜਕੋਂ ਪਾਰ ਸਾਹਮਣੇ ਵਾਲੀ ਦੁਕਾਨ ਤੋਂ ਕੁਝ ਖਾਣ ਲਈ ਦੁਆ ਲਿਆ। ਮੈਂ ਉਸ ਬੱਚੀ ਨੂੰ ਚੁੱਕਿਆ ਤੇ ਸੜਕੋਂ ਪਾਰ ਦੁਕਾਨ ’ਤੇ ਲੈ ਗਿਆ। ਮੈਂ ਉਸ ਨੂੰ ਚੀਜ਼ ਲੈ ਕੇ ਦਿੱਤੀ ਤੇ ਉੱਥੇ ਹੀ ਰੁਕਣ ਲਈ ਕਿਹਾ ਮੈਂ ਦਕੁਾਨਦਾਰ ਨੂੰ ਪੈਸੇ ਦੇਣ ਲਈ ਜੇਬ ’ਚੋਂ ਪੈਸੇ ਕੱਢ ਹੀ ਰਿਹਾ ਸੀ ਕਿ ਉਹ ਬੱਚੀ ਭੱਜ ਕੇ ਸੜਕ ’ਤੇ ਪਹੁੰਚ ਗਈ। ਮੈਂ ਕਾਹਲੀ ਨਾਲ ਉਸ ਨੂੰ ਫੜਨ ਲਈ ਭੱਜਿਆ ਪਰ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਮੋਟਰਸਾਇਕਲ ਬੱਚੀ ਨਾਲ ਟਕਰਾਇਆ ਤੇ ਬੱਚੀ ਉੱਡਦੀ ਹੋਈ ਕਾਫ਼ੀ ਦੂਰ ਜਾ ਡਿੱਗੀ। ਮੈਨੂੰ ਤਾਂ ਹੱਥਾਂ-ਪੈਰਾਂ ਦੀ ਪੈ ਗਈ। ਮੈਂ ਸੋਚ ਰਿਹਾ ਸੀ ਕਿ ਬੱਚੀ ਨਹੀਂ ਬਚਣੀ ਤੇ ਮੈਂ ਇਸ ਦੀ ਮੌਤ ਦਾ ਦੋਸ਼ੀ ਹਾਂ। ਮੈਂ ਭੱਜ ਕੇ ਬੱਚੀ ਨੂੰ ਬੁੱਕਲ ’ਚ ਲੈ ਲਿਆ। ਬੱਚੀ ਕੁਝ ਦੇਰ ਤਾਂ ਬੇਹੋਸ਼ ਰਹੀ ਲੋਕਾਂ ਦੀ ਭੀੜ ਲੱਗ ਗਈ। ਮੋਟਰਸਾਈਕਲ ਸਵਾਰ ਵੀ ਆਪਣੇ ਬਚਾਅ ਲਈ ਲੰਗੜਾ ਕੇ ਤੁਰਿਆ ਤੇ ਡਿੱਗ ਪਿਆ ਕਿ ਮੈਂ ਵੀ ਜ਼ਖ਼ਮੀ ਹੋ ਗਿਆ ਹਾਂ। ਸਾਰੇ ਲੋਕ ਮੋਟਰਸਾਈਕਲ ਸਵਾਰ ਦੇ ਦੁਆਲੇ ਕਿ ਬੱਚੀ ਤੂੰ ਮਾਰੀ ਹੈ। ਥੋੜ੍ਹੀ ਦੇਰ ਬਾਅਦ ਬੱਚੀ ਨੂੰ ਹੋਸ਼ ਆ ਗਿਆ। ਡਾਕਟਰ ਕੋਲ ਲਿਜਾ ਕੇ ਉਸ ਦੀ ਜਾਂਚ ਕਰਵਾਈ ਗਈ ਪਰ ਸ਼ੁਕਰ ਹੈ ਪਰਮਾਤਮਾ ਦਾ ਕਿ ਉਸ ਨੂੰ ਝਰੀਟ ਵੀ ਨਹੀਂ ਸੀ ਲੱਗੀ। ਇਹ ਹਾਦਸਾ ਪਾਪਾ ਜੀ ਅਤੇ ਮੇਰੇ ਦਿਮਾਗ ’ਤੇ ਐਨਾ ਡੂੰਘਾ ਅਸਰ ਕਰ ਗਿਆ ਕਿ ਪਾਪਾ ਜੀ ਨੇ ਉੱਥੋਂ ਹੀ ਵਾਪਸ ਘਰ ਆਉਣ ਦਾ ਫ਼ੈਸਲਾ ਕੀਤਾ ਤੇ ਸਾਡੇ ਨਾਲ ਗਏ ਅੰਕਲ ਨੂੰ ਕਹਿਣ ਲੱਗੇ ‘ਦਫ਼ਾ ਕਰੋ ਸਿਫ਼ਾਰਸ਼ੀ ਨੌਕਰੀ ਨੂੰ, ਅੱਜ ਤਾਂ ਸਾਡੇ ਹੱਥੋਂ ਪਾਪ ਹੀ ਹੋ ਜਾਣਾ ਸੀ।

ਮੈਂ ਕੰਬਦੀ ਆਵਾਜ਼ ’ਚ ਪਾਪਾ ਜੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਪਾਪਾ ਜੀ ਅੱਜ ਇੱਕ ਨਹੀਂ ਦੋ ਪਾਪ ਹੋਣ ਲੱਗੇ ਸੀ ਸਾਥੋਂ, ‘ਇੱਕ ਤਾਂ ਸਾਊ ਬੰਦਾ ਕਿਸੇ ਨੂੰ ਰਿਸ਼ਵਤ ਦੇ ਰੂਪ ’ਚ ਸ਼ਰਾਬ ਪਿਆਉਣ ਲੱਗਾ ਸੀ ਤੇ ਦੂਜਾ ਕੰਨਿਆ ਦੀ ਕਦਰ ਕਰਨ ਵਾਲੇ ਤੋਂ ਕੰਨਿਆ ਦਾ ਕਤਲ ਹੋ ਜਾਣਾ ਸੀ।’ ਇਸ ਹਾਦਸੇ ਕਾਰਨ ਕਈ ਦਿਨਾਂ ਤੱਕ ਅਸੀਂ ਪਿਓ-ਪੁੱਤ ਸਦਮੇ ’ਚ ਰਹੇ। ਮੈਂ ਵੀ ਆਪਣਾ ਸੁਫ਼ਨਾ ਅੰਦਰੋ-ਅੰਦਰੀ ਦਬਾ ਦਿੱਤਾ ਤੇ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਹ ਘਟਨਾ ਮੈਨੂੰ ਜਦੋਂ-ਜਦੋਂ ਯਾਦ ਆਉਂਦੀ ਰਹੇਗੀ ਇੰਜ ਹੀ ਰੌਂਗਟੇ ਖੜ੍ਹੇ ਕਰਦੀ ਰਹੇਗੀ।

ਸੰਪਰਕ: +91 94683 34603

Comments

Rajesh Kakkar

Wah ji bhut hi badiya likhiya hai ji

Dheeraj Sachdeva

Kea Khoob

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ