Mon, 09 September 2024
Your Visitor Number :-   7220119
SuhisaverSuhisaver Suhisaver

ਮਈ ਦਿਵਸ ਨੂੰ ਮਜ਼ਦੂਰ ਜਮਾਤ ਦੀ ਮੁਕਤੀ ਦੇ ਦਿਨ ਵਜੋਂ ਮਨਾਓ -ਮਨਦੀਪ

Posted on:- 01-05-2014

ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਦ੍ਰਿੜ ਅਹਿਦ ਲੈਣ ਦਾ ਦਿਨ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱਤਵ ਕਦੇ ਨਹੀਂ ਘਟੇਗਾ। ਇਤਿਹਾਸ ਦਾ ਇਹ ਸੱਚ ਕਿਰਤੀ ਜਮਾਤ ਲਈ ਸ਼ਕਤੀ ਤੇ ਪ੍ਰੇਰਨਾ ਦਾ ਸੋਮਾ ਹੈ।

ਉਨੀਵੀਂ ਸਦੀ ਦੇ ਅੱਧ ਵਿਚ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੰਘਰਸ਼ ਜੱਥੇਬੰਦ ਹੋਣ ਲੱਗੇ ਸਨ। ਇਸ ਤੋਂ ਪਹਿਲਾਂ 1848 ਵਿਚ ਕਮਿਊਨਿਸਟ ਮੈਨੀਫੈਸਟੋ ਦੀ ਰਚਨਾ ਹੋਈ ਸੀ। ਇਸਦੀ ਰੌਸ਼ਨੀ ਵਿਚ 1886 ‘ਚ 8 ਘੰਟੇ ਦੀ ਦਿਹਾੜੀ ਦੀ ਮੰਗ ਤੇ ਜ਼ੋਰ ਦਿੱਤਾ ਗਿਆ। ਯੂਰਪ ਵਿਚ ‘ਅੱਠ ਘੰਟਾ ਲੀਗ’ ਨਾਂ ਦੇ ਕਈ ਮਜ਼ਦੂਰ ਸੰਗਠਨ ਬਣਨੇ ਸ਼ੁਰੂ ਹੋਏ। ਮਜ਼ਦੂਰ ਸੰਘਰਸ਼ ਦੇ ਦਬਾਅ ਹੇਠ ਜਨਰਲ ਅਸੈਂਬਲੀ ਨੇ ਮਾਰਚ 1867 ਵਿਚ ਅੱਠ ਘੰਟੇ ਦਿਹਾੜੀ ਨੂੰ ‘ਇਲੀਨਾਏ ਰਾਜ ਵਿਚ ਵਿਧਾਨਕ ਕੰਮ ਦਿਹਾੜੀ’ ਵਜੋਂ ਐਲਾਨ ਦਿੱਤਾ। ਪਰ ਇਸ ਐਲਾਨ ਦੇ ਬਾਵਜੂਦ ਮਜ਼ਦੂਰਾਂ ਨੂੰ 14-14, 15-15 ਘੰਟੇ ਸਖਤ ਮਿਹਨਤ ਕਰਨੀ ਪੈਂਦੀ। ਜੇ ਕੋਈ ਮਜ਼ਦੂਰ ਕੰਮ ਤੋਂ ਇਨਕਾਰ ਕਰਦਾ ਤਾਂ ਉਹ ਬੇਰੁਜਗਾਰਾਂ ਦੀ ਸਥਾਈ ਭੀੜ ਵੱਲ ਧੱਕ ਦਿੱਤਾ ਜਾਂਦਾ। ਕੰਮ ਦੇ ਅਨਿਸਚਿਤ ਸਮੇਂ ਤੇ ਮਾੜੀਆਂ ਕੰਮ ਹਾਲਤਾਂ ਵਿਰੁੱਧ ਫੈਡਰੇਸ਼ਨ ਆੱਫ ਆਰਗੇਨਾਈਜ਼ਡ ਟਰੇਡ ਐਂਡ ਲੇਬਰ (ਇਹ ਫੈਡਰੇਸ਼ਨ ਬਾਅਦ ਵਿਚ ਅਮੈਰਿਕਨ ਫੈਡਰੇਸ਼ਨ ਆੱਫ ਲੇਬਰ ਬਣੀ) ਨੇ 8 ਘੰਟੇ ਕੰਮ ਦਿਹਾੜੀ ਲਾਗੂ ਕਰਨ ਦੀ ਆਖਰੀ ਤਰੀਖ ਮਈ 1886 ਨੂੰ ਪਹਿਲੇ ਮਈ ਦਿਵਸ ਵਜੋਂ ਤਹਿ ਕਰਕੇ ਇਸਨੂੰ ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਹਾੜੇ ਤੇ 12000 ਕਾਰਖਾਨਿਆਂ ਦੇ ਤਿੰਨ ਲੱਖ ਚਾਲੀ ਹਜ਼ਾਰ ਮਜ਼ਦੂਰ ਦੇਸ਼ ਵਿਆਪੀ ਹੜਤਾਲ ਵਿਚ ਕੁੱਦ ਪਏ। ਇਨ੍ਹਾਂ ਮਜ਼ਦੂਰ ਸੰਘਰਸ਼ਾਂ ਅੰਦਰ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ੳਮਪ; ਫ਼ਿਸ਼ਰ, ਜਾਰਜ ਏਂਜਲ, ਮਾਈਕਲ ਸ਼ਵਾਬ, ਸੈਮੂਅਲ ਫੀਲਡਜ਼ ਤੇ ਲੂਈ ਲਿੰਗ ਵਰਗੇ ਮਜ਼ਦੂਰ ਨੌਜਵਾਨਾਂ ਦੇ ਜੋਸ਼ੀਲੇ ਭਾਸ਼ਨਾਂ ਤੇ ਵਿਚਾਰਾਂ ਦਾ ਬੜਾ ਅਸਰ ਸੀ।ਇਨ੍ਹਾਂ ਨੌਜਵਾਨ ਕਮਿਊਨਿਸਟ ਆਗੂਆਂ ਦੀ ਯੋਗ ਅਗਵਾਈ ਹੇਠ ਮਜ਼ਦੂਰ ਲਹਿਰ ਲਗਾਤਾਰ ਵੇਗ ਫੜਦੀ ਗਈ। ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਹੜਤਾਲਾਂ ‘ਚ ਜੱਥੇਬੰਦ ਹੋਣ ਲੱਗੇ। ਰਾਜਨੀਤਿਕ ਗਤੀਵਿਧੀਆਂ ਦੇ ਅਧਿਕਾਰ ਦੀ ਮੰਗ ਉਠਾਈ ਜਾਣ ਲੱਗੀ। 1885-86 ਦੌਰਾਨ ਜ਼ਬਰਦਸਤ ਹੜਤਾਲਾਂ ਤੇ ਸੰਘਰਸ਼ਾਂ ਦਾ ਦੌਰ ਚੱਲਿਆ। ਸੈਂਕੜੇ ਕਾਰਖਾਨਿਆ ਚੋਂ ਲੱਖਾਂ ਮਜ਼ਦੂਰ ਤਾਲਾਬੰਦੀ ਕਰਕੇ ਹੜਤਾਲਾਂ ਵਿਚ ਕੁੱਦ ਪਏ।

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕਿਟ ‘ਚ ਮਜ਼ਦੂਰਾਂ ਦਾ ਵਿਸ਼ਾਲ ਸੈਲਾਬ ਕਾਰਖਾਨੇ ਮਸ਼ੀਨਾ ਬੰਦ ਕਰਕੇ ਗਲੀਆਂ ‘ਚ ਉਮੜ ਪਿਆ। ਮਜ਼ਦੂਰ ਜਮਾਤ ਦਾ ਇਹ ਸਿਆਸੀ ਤੇ ਜੂਝਾਰੂ ਇਤਿਹਾਸਕ ਮਾਰਚ ਸਰਮਾਏਦਾਰ ਜਮਾਤ ਨੂੰ ਉਹ ਦਿਨ ਚੇਤੇ ਕਰਾ ਰਿਹਾ ਸੀ ਜਦੋਂ ਇਸ ਦਿਨ ਤੋਂ 15 ਸਾਲ ਪਹਿਲਾਂ ਪੈਰਿਸ ਕਮਿਊਨ ਦੇ ਯੋਧਿਆਂ ਵੱਲੋਂ ਲੜਿਆ ਮਹਾਨ ਹਥਿਆਰਬੰਦ ਘੋਲ ਹੇਠਲੀ ਉੱਤੇ ਕਰਕੇ ਉਹਨਾਂ ਨੂੰ ਨਾਨੀ ਚੇਤੇ ਕਰਾ ਗਿਆ ਸੀ। ਇਸ ਦੌਰਾਨ ਹੇਅ ਮਾਰਕਿਟ ਸਕਵੇਅਰ ‘ਚ ਹੋ ਰਹੀ ਸਭਾ ਉੱਪਰ ਪੁਲਿਸ ਨੇ ਮਜ਼ਦੂਰਾਂ ਉੱਪਰ ਹਮਲਾ ਕਰ ਦਿੱਤਾ।ਸਰਮਾਏਦਾਰੀ ਸਾਜ਼ਿਸ਼ ਰਾਹੀਂ ਮਜ਼ਦੂਰ ਮੁਜਾਹਰੇ ਵਾਲੀ ਥਾਂ ਇਕ ਬੰਬ ਵਿਸਫੋਟ ਕਰਵਾਇਆ ਗਿਆ।ਜਿਸ ਵਿਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ, ਚਾਰ ਮਜ਼ਦੂਰ ਸ਼ਹੀਦ ਹੋ ਗਏ ਤੇ ਕਈ ਮਜ਼ਦੂਰ ਜਖਮੀ ਹੋ ਗਏ।ਮਜ਼ਦੂਰ ਆਗੂਆਂ ਉੱਪਰ ਝੂਠੇ ਕੇਸ ਪਾਏ ਗਏ।ਮੁਕੱਦਮੇ ਦੌਰਾਨ ਝੂਠੀਆਂ ਗਵਾਹੀਆਂ ਤੇ ਬਿਆਨਾਂ ਦੇ ਚੱਲੇ ਸਿਆਸੀ ਡਰਾਮੇ ਤੋਂ ਬਾਅਦ 11 ਨਵੰਬਰ 1889 ਨੂੰ ‘ਸ਼ੁੱਕਰਵਾਰ ਦੇ ਕਾਲੇ ਦਿਨ’ ਅਗਸਟ ਸਪਾਇਸ, ਐਲਬਰਟ ਪਾਰਸਨਜ਼, ਅਡੋਲਫ਼ੳਮਪ; ਫ਼ਿੳਮਪ;ਸ਼ਰ ਤੇ ਜਾਰ ਏਂਜਲ ਵਰਗੇ ਆਗੂ ਮਜ਼ਦੂਰਾਂ ਨੂੰ ਫਾਂਸੀ ਦਿੱਤੀ ਗਈ।13 ਨਵੰਬਰ ਨੂੰ ਸ਼ਿਕਾਗੋ ਦੀਆਂ ਸੜਕਾਂ ਉਪਰ ਉਹਨਾਂ ਯੋਧਿਆਂ ਦੀ ਦੇਹ ਨੂੰ ਲੈ ਕੇ ਸ਼ਵ-ਯਾਤਰਾ ਕੱਢੀ ਗਈ।ਕਿਹਾ ਜਾਂਦਾ ਹੈ ਕਿ ਅੰਤਿਮ ਸਸਕਾਰ ਦਾ ਪ੍ਰਦਰਸ਼ਨ ਸ਼ਿਕਾਗੋ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਪ੍ਰਦਰਸ਼ਨ ਸੀ ਜਿਸ ਵਿਚ ਮਜ਼ਦੂਰ ਯੋਧਿਆਂ ਦੀਆਂ ਅਸਥੀਆਂ ਦੇ ਪਿੱਛੇ ਅਦਾਜ਼ਨ ਦੋ ਲੱਖ ਲੋਕ ਗੰਭੀਰ ਸੋਗੀ ਮੁਦਰਾ ‘ਚ ਕਦਮ ਨਾਲ ਕਦਮ ਮਿਲਾਉਂਦੇ ਹੋਏ ਚੱਲ ਰਹੇ ਸਨ।ਅਖੀਰ ਉਹਨਾਂ ਦੇ ਸਰੀਰਾਂ ਨੂੰ ਮਾਣ-ਸਨਮਾਣ ਨਾਲ ਕਬਰ ਵਿਚ ਦਫਨਾ ਦਿੱਤਾ ਗਿਆ।

ਮਜ਼ਦੂਰ ਸ਼ਹੀਦਾਂ ਦੇ ਵਕੀਲ ਵਿਲੀਅਮ ਬਲੈਕ ਨੇ ਮਜ਼ਦੂਰ ਆਗੂਆਂ ਦੀ ਕਬਰ ਤੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ “ਉਹਨਾਂ ਨੂੰ ਅਰਾਜਕਤਾਵਾਦੀ ਕਿਹਾ ਜਾਂਦਾ ਹੈ।ਇਉਂ ਉਹਨਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਅਤੇ ਦੁਨੀਆਂ ਸਾਹਮਣੇ ਉਹਨਾਂ ਨੂੰ ਅਜਿਹੇ ਆਦਮੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜੋ ਆਪਣੀ ਖੁਸ਼ੀ ਦੀ ਖਾਤਿਰ ਹਿੰਸਾ, ਦੰਗਾ-ਫਸਾਦ ਅਤੇ ਖੂਨ-ਖਰਾਬਾ ਪਸੰਦ ਕਰਦੇ ਸਨ ਅਤੇ ਜੋ ਮੌਜੂਦਾ ਵਿਵਸਥਾ ਦੇ ਖਿਲਾਫ ਨਹੱਕੀ ਤੇ ਅਬੁੱਝ ਨਫਰਤ ਨਾਲ ਲਬਰੇਜ਼ ਸਨ।ਪਰ ਇਹ ਗੱਲ ਸਚਾਈ ਤੋਂ ਕੋਹਾਂ ਦੂਰ ਹੈ।ਉਹ ਤਾਂ ਅਜਿਹੇ ਲੋਕ ਸਨ ਜੋ ਸਾਂਤੀ ਚਾਹੁੰਦੇ ਸਨ।ਉਹ ਦਿਆਲੂ ਰੁਚੀਆਂ ਤੇ ਕੋਮਲ ਦਿਲ ਵਾਲੇ ਸਾਊ ਬੰਦੇ ਸਨ।ਉਨ੍ਹਾਂ ਦੇ ਜਾਣਕਾਰ ਉਨ੍ਹਾਂ ਨਾਲ ਪਿਆਰ ਕਰਦੇ ਸਨ ਅਤੇ ਜਿਹੜੇ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਇਮਾਨਦਾਰੀ ਤੇ ਪਵਿੱਤਰਤਾ ਨੂੰ ਜਾਣ ਲੈਂਦੇ ਸਨ ਉਹ ਉਹਨਾਂ ਤੇ ਅਥਾਹ ਭਰੋਸਾ ਕਰਦੇ ਸਨ, ਅਤੇ ਉਹਨਾਂ ਦਾ ਸੁਪਨਾ ਇਕ ਅਜਿਹੇ ਸਮਾਜਕ ਨਿਜ਼ਾਮ ਦੀ ਸਿਰਜਨਾ ਕਰਨਾ ਸੀ ਜਿਸ ਦਾ ਉਦੇਸ਼ ਵਾਕ ਹੈ : “ ਜ਼ੋਰ-ਜ਼ਬਰਦਸਤੀ ਤੋਂ ਮੁਕਤ ਨਿਜ਼ਾਮ।”

ਇਸ ਤਰ੍ਹਾਂ ਮਜ਼ਦੂਰਾਂ ਦੇ ਖੂਨ ਨਾਲ ਸਿਰਜਿਆ ਮਈ ਦਿਵਸ ਅੱਜ ਵੀ ਕਿਰਤੀ ਜਮਾਤ ਨੂੰ ਆਪਣੀ ਮੁਕਤੀ ਵਾਸਤੇ ਉੱਠ ਖੜੇ ਹੋਣ ਲਈ ਵੰਗਾਰ ਰਿਹਾ ਹੈ।ਮਾਰਕਸਵਾਦ ਦੇ ਮਹਾਨ ਅਧਿਆਪਕਾਂ ਦੀਆਂ ਵਿਗਿਆਨਕ ਇਤਿਹਾਸਕ ਭਵਿੱਖਬਾਣੀਆਂ ਸੱਚ ਸਾਬਤ ਹੋ ਰਹੀਆਂ ਹਨ।ਅਖੌਤੀ ਸਮਾਜਵਾਦੀ ਹਕੂਮਤਾਂ ਢਹਿ-ਢੇਰੀ ਹੋਣ ਅਤੇ ਸਾਮਰਾਜੀ-ਸਰਮਾਏਦਾਰਾਂ ਦੀਆਂ “ਸਮਾਜਵਾਦ ਦੀ ਅਸਫਲਤਾ” ਤੇ ਫ਼ੳਮਪ;ਰਾਂਸਿਸ ਫੁਕੂਯਾਮਾ ਵਰਗਿਆਂ ਦੇ “ਇਤਿਹਾਸ ਦਾ ਅੰਤ” ਦੇ ਫੋਕੇ ਤੇ ਹੋਛੇ ਐਲਾਨ ਮਿੱਟੀ ਹੋ ਗਏ ਹਨ।ਸੰਸਾਰ ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਸੰਕਟ ਦੀ ਦਲਦਲ ‘ਚ ਬੁਰੀ ਤਰ੍ਹਾਂ ਧਸ ਰਿਹਾ ਹੈ।ਮਰ ਰਹੀ ਪੂੰਜੀਵਾਦੀ ਜਮਾਤ ਮਾਰਕਸ ਦੀ ਕਿਤਾਬ ‘ਸਰਮਾਇਆ’ ਦਾ ਆਸਰਾ ਲੱਭ ਰਹੀ ਹੈ।ਪਰ ਮਾਰਕਸ ਦਾ ਸਰਮਾਇਆ ਮਜ਼ਦੂਰ ਜਮਾਤ ਦੀ ਮੁਕਤੀ ਦਾ ਸਰਮਾਇਆ ਹੈ ਨਾ ਕਿ ਪੂੰਜੀਵਾਦੀਆਂ ਦੀ ਲੁੱਟ ਅਯਾਸ਼ੀ ਦਾ।

ਸਾਮਰਾਜੀ-ਸਰਮਾਏਦਾਰ ਸਰਮਾਏ ਦੇ ਵਧਾਰੇ ਲਈ ਹਰ ਘਿਨਾਉਣੇ ਅਮਾਨਵੀ ਪੱਧਰ ਤੱਕ ਗਿਰ ਰਹੇ ਹਨ।ਸਰਮਾਇਆ ਵਧਾਰੇ ਤੋਂ ਬਿਨਾਂ ਨਹੀਂ ਰਹਿ ਸਕਦਾ।ਇਹ ਆਪਣਾ ਲੱਛਣ ਨਹੀਂ ਤਿਆਗਦਾ।ਇਹ ਮੁਨਾਫੇ ਤੇ ਟਿਕਿਆ ਹੁੰਦਾ ਹੈ ਤੇ ਇੱਥੇ ਪੂੰਜੀਪਤੀ ਆਪਣੇ ਸਰਮਾਏ ਦੇ ਸਮਾਜੀਕਰਨ ਲਈ ‘ਦਾਸ ਕੈਪੀਟਲ’ ਦਾ ਅਧਿਐਨ ਨਹੀਂ ਕਰ ਰਹੇ ਬਲਕਿ ਉਹ ਆਪਣੇ ਬਚਾਅ ਲਈ ਇਸ ਵਿਚੋਂ ਕੋਈ ਨੁਸਖਾ ਕੱਢਣ ਦੇ ਮੱਕਾਰੀ ਭਰਮ ‘ਚ ਪਏ ਹੋਏ ਹਨ।ਉਹ ਆਪਣੇ ਦੰਭੀ ਖਾਸੇ ਮੁਤਾਬਕ ਮਾਰਕਸਵਾਦ ਉੱਪਰ ਹਮਲੇ ਕਰਨ ਦੇ ਰਾਹ ਵੀ ਪਏ ਹੋਏ ਹਨ।

165 ਸਾਲ ਪਹਿਲਾਂ ਕਿਹਾ ਮਾਰਕਸ ਦਾ ਕਥਨ ਕਿ ਸੰਸਾਰ ਪੱਧਰ ਤੇ ਸਰਮਾਏਦਾਰੀ ਨੂੰ ਸਮਾਜਵਾਦ ਦਾ ਭੂਤ ਡਰਾ ਰਿਹਾ ਹੈ।ਇਸ ਨੂੰ ਕੰਬਣ ਦਿਉ ਅੱਜ ਵੀ ਸਾਰਥਕ ਹੈ।ਇਸ ਕਰਕੇ ਮਿਹਨਤਕਸ਼ਾਂ ਨੂੰ ਆਪਣੀ ਜਿੱਤ ਦੀ ਤਿਆਰੀ ‘ਚ ਹੋਰ ਵੱਧ ਤੱਦੀ ਨਾਲ ਜੁੱਟ ਜਾਣਾ ਚਾਹੀਦਾ ਹੈ।ਉਨ੍ਹਾਂ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਨੂੰ ਹੋਰ ਵੱਧ ਤੱਦੀ ਨਾਲ ਗ੍ਰਹਿਣ ਕਰਨਾ ਚਾਹੀਦਾ ਹੈ।ਪੈਰਿਸ ਕਮਿਊਨ, ਰੂਸੀ ਤੇ ਚੀਨੀ ਇਨਕਲਾਬ ਤੇ ਮਹਾਨ ਸੱਭਿਆਚਾਰਕ ਇਨਕਲਾਬ ਦੇ ਸਬਕਾਂ ਨੂੰ ਆਤਮਸ਼ਾਤ ਕਰਦਿਆਂ ਨਵੇਂ ਸਮਾਜ ਦੇ ਦੁਆਰ ਵੱਲ ਅੱਗੇ ਵੱਧਣਾ ਚਾਹੀਦਾ ਹੈ।ਚੇਤੰਨ ਪਹਿਲਦਕਮੀ ਤੇ ਜ਼ੇਰੇ ਨਾਲ ਖੁਸ਼ਹਾਲੀ ਤੇ ਬਰਾਬਰਤਾ ਦੇ ਦਿਨ ਨੇੜੇ ਆ ਸਕਦੇ ਹਨ।ਦੁਨੀਆਂ ਭਰ ਦੀ ਮਜ਼ਦੂਰ ਜਮਾਤ ਦਾ ਭਵਿੱਖ ਉਜਲਾ ਹੈ।ਸਭਨਾ ਮਿਹਨਤਕਸ਼ ਤਬਕਿਆਂ ਤੇ ਖਾਸਕਰ ਨੌਜਵਾਨਾਂ ਨੂੰ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਦੀ ਪੂਰਤੀ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਸਾਡੇ ਬਾਰੇ ਜਰੂਰ ਫੈਸਲਾ ਕਰੇਗਾ ਕਿ ਅਸੀਂ ਇਕੀਵੀਂ ਸਦੀ ਦੇ ਮਿਹਨਤਕਸ਼ ਤੇ ਇਨਸਾਫਪਸੰਦ ਲੋਕ ਚੇਤੰਨ ਜਾਂਬਾਜਾਂ ਵਾਂਗ ਲੁੱਟ-ਜਬਰ ਤੇ ਅਨਿਆਂ ਖਿਲਾਫ ਲੜੇ ਤੇ ਮਾਨਵਤਾ ਦੀ ਮਹਾਨਤਾ ਲਈ ਸੋਹਣੇ ਸਮਾਜ ਦੀ ਸਿਰਜਣਾ ‘ਚ ਆਪਣਾ ਯੋਗਦਾਨ ਪਾਇਆ।


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ