Tue, 10 September 2024
Your Visitor Number :-   7220270
SuhisaverSuhisaver Suhisaver

ਵਿਰਾਸਤ ਅਤੇ ਸਭਿਆਚਾਰ ਦਾ ਫਰਕ -ਗੁਰਚਰਨ ਪੱਖੋਕਲਾਂ

Posted on:- 17-11-2020

ਜਦੋਂ ਕੋਈ ਲੇਖਕ ਜਾਂ ਵਿਅਕਤੀ  ਸਭਿਆਚਾਰ ਦੇ ਚੰਗੇ ਮੰਦੇ ਹੋਣ ਦੀ ਗਲ ਕਰਦਾ ਹੈ ਤਦ ਉਹ ਅਸਲ ਵਿੱਚ ਵਿਰਾਸਤ ਦੇ ਰੋਣੇ ਰੋਂਦਾ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾ ਹੈ। ਸਭਿਆਚਾਰ ਕਦੀ ਮਾੜਾ ਚੰਗਾ ਨਹੀਂ ਹੁੰਦਾ ਇਹ ਤਾਂ ਵਿਅਕਤੀ ਦੀ ਸੋਚ ਹੀ ਹੁੰਦੀ ਹੈ ਜੋ ਉਸਨੂੰ ਮਾੜੇ ਅਤੇ ਚੰਗੇ ਵਿੱਚ ਵੰਡਦੀ ਹੈ। ਸਮਾਜ ਆਪਣੀਆਂ ਲੋੜਾਂ ਅਨੁਸਾਰ ਵਿਵਹਾਰ ਕਰਦਾ ਰਹਿੰਦਾ ਹੈ ਇਸਨੂੰ ਹੀ ਸਭਿਆਚਾਰ ਬੋਲਿਆ ਜਾਂਦਾ ਹੈ। ਹਰ ਇਲਾਕੇ ,ਹਰ ਦੇਸ਼ ਹਰ ਕੌਮ ,ਹਰ ਭਾਈਚਾਰੇ ਦੇ ਸਭਿਆਚਾਰ ਵਿੱਚ ਫਰਕ ਹੋਣਾ ਆਮ ਗੱਲ ਹੁੰਦੀ ਹੈ। ਪਰ ਫੇਰ ਵੀ ਇਸਦਾ ਰਲਵਾਂ ਮਿਲਵਾਂ ਰੂਪ ਹੀ ਸਮੂਹਕ ਸਭਿਆਚਾਰ ਦਾ ਪਰਗਟਾਵਾ  ਅਤੇ ਪਰਿਭਾਸ਼ਾ ਹੋ ਨਿਬੜਦਾ ਹੈ।

ਸਭਿਆਚਾਰ ਦੇ ਸਬਦ ਰੂਪੀ ਅਰਥ ਹਨ ਸਭਿਅਤਾ + ਆਚਾਰ ਜਾਂ ਆਚਰਣ ਜਿਸ ਦਾ ਭਾਵ ਸਭਿਅਤਾ ਦਾ ਆਚਰਣ ਹੀ ਸਭਿਆਚਾਰ ਅਖਵਾਉਂਦਾ ਹੈ। ਸਭਿਆਚਾਰਕ ਹੋਣ ਦਾ ਦਾਅਵਾ ਕਰਕੇ ਕੋਈ ਚੰਗਾ ਹੋਣ ਦਾ ਸਰਟੀਫਿਕੇਟ ਨਹੀਂ ਪਰਾਪਤ ਕਰ ਸਕਦਾ। ਸਮਾਜ ਦਾ ਤਿਰਸਕਾਰਿਆ ਜਾਣ ਵਾਲਾ ਵਰਗ ਵੀ ਸਮਾਜ ਦਾ ਹੀ ਇੱਕ ਅੰਗ ਹੁੰਦਾ ਹੈ ਇਤਿਹਾਸ ਜਦ ਫੈਸਲਾ ਕਰਦਾ ਹੈ ਤਦ ਉਹ ਕਿਸੇ ਵਿਸੇਸ ਸਮੇਂ ਦੇ ਸਭਿਆਚਾਰ ਦਾ ਫੈਸਲਾ ਸਮੂਹਕ ਰੂਪ ਵਿੱਚ ਹੀ ਕਰਦਾ ਹੈ।

ਵਕਤ ਇੱਕ ਇਹੋ ਜਿਹਾ ਹੁਕਮਰਾਨ ਹੁੰਦਾ ਹੈ ਜੋ  ਨਿੱਤ ਨਵੀਆਂ  ਚੀਜ਼ਾ ਵਸਤਾਂ ਅਤੇ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਪੁਰਾਣੀਆਂ ਹੋਈ ਜਾ ਰਹੀਆਂ ਨੂੰ ਖਤਮ ਕਰਦਾ ਰਹਿੰਦਾ ਹੈ। ਜੋ ਖਤਮ ਹੋ ਜਾਂਦਾ ਹੈ ਸਭ ਵਿਰਾਸਤ ਦਾ ਰੂਪ ਹੋ ਜਾਂਦਾਂ ਹੈ। ਜੋ ਕੁੱਝ ਨਵਾਂ ਉਪਜਦਾ ਹੈ ਸਭਿਆਚਾਰ ਦਾ ਰੂਪ ਬਣ ਜਾਂਦਾ ਹੈ। ਇਸ ਤਰਾਂ ਸਭਿਆਚਾਰ ਜੀਵਤ ਰੂਪ ਵਿੱਚ ਹੀ ਹੁੰਦਾ ਹੈ ਅਤੇ ਵਿਰਾਸਤ ਮੁਰਦਾ ਰੂਪ ਹੁੰਦੀ ਹੈ ਜਿਸਦੀਆਂ ਕੁੱਝ ਯਾਦਾਂ ਮਹਿਕ ਵੰਡਦੀਆਂ ਹਨ ਅਤੇ ਕੁੱਝ ਯਾਦਾਂ ਸੜਿਹਾਦ ਪੈਦਾ ਕਰਦੀਆਂ ਹਨ।
                           
ਕਿਸੇ ਵੀ ਸਮੇਂ ਦੇ ਸਭਿਆਚਾਰ ਦੀ ਗੱਲ ਕਰੋ ਦੋਨੋਂ ਪੱਖ ਚੰਗੇ ਅਤੇ ਮਾੜੇ ਮੌਜੂਦ ਹੁੰਦੇ ਹਨ। ਪੁਰਾਣੇ ਸਮਿਆਂ ਦੀ ਵਿਰਾਸਤ ਦੱਸਦੀ ਹੈ  ਕਿ ਜਿਵੇਂ ਸ੍ਰੀ ਰਾਮ ਦੇ ਜਮਾਨੇ ਵਿੱਚ ਇੱਕ ਪਾਸੇ ਲਾਲਚਾਂ ਦੀ ਬਾਤ ਪੈਂਦੀ ਹੈ ਦੂਸਰੇ ਪਾਸੇ   ਆਪਣੀ ਔਲਾਦ ਲਈ ਕੁਰਸੀ ਪੱਕੀ ਕਰਨ ਵਾਸਤੇ ਦੂਸਰੇ ਦੀ ਔਲਾਦ ਨੂੰ ਬਣਵਾਸ ਦੀ ਸਜ਼ਾ ਦਿਵਾਈ ਜਾਂਦੀ ਹੈ।  ਇੱਕ ਪਾਸੇ ਬਾਪ ਦੇ ਹੁਕਮ ਦੀ ਪਾਲਣਾ ਦੀ ਮਰਿਯਾਦਾ ਨਿਭਾਈ ਜਾਂਦੀ ਹੈ ਦੂਸਰੇ ਪਾਸੇ  ਲਾਲਚ ਲਈ ਮਰਿਯਾਦਾ ਤੋੜੀ ਜਾਂਦੀ ਹੈ। ਇਸ ਤਰਾਂ ਹੀ ਗੁਰੂ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਕਤ ਕੋਈ ਹਾ ਦਾ ਨਾਅਰਾ ਮਾਰਦਾ ਹੈ ਕੋਈ ਬੱਚਿਆਂ ਨੂੰ ਸੱਪ ਦੀ ਔਲਾਦ ਦੇ ਖਿਤਾਬ ਦੇ ਰਿਹਾ ਹੈ। ਸੋ ਇਸ ਤਰਾਂ ਹੀ ਸਮਾਜ ਦੇ ਵਰਤਾਰੇ ਆਪੋ ਆਪਣੇ ਸਮੇਂ ਦਾ ਸਭਿਆਚਾਰ ਸਿਰਜਦੇ ਰਹਿੰਦੇ ਹਨ।

ਅੱਜ ਦੇ ਸਮੇਂ ਦੇ ਰਾਜੇ ਧਰਮ ਵਿਹੂਣੇ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਕਿਰਤੀ ਲੋਕ ਧਰਤੀ ਦਾ ਧੌਲ ਬਲਦ ਬਣਕੇ ਸਬਰ ਦੇ ਆਸਰੇ ਆਪਣੀ ਲੁੱਟ ਕਰਵਾਕੇ ਵੀ ਦਿਨ ਕੱਟੀ ਕਰੀ ਜਾ ਰਹੇ ਹਨ। ਇੱਕ ਵਰਗ ਸੱਤ ਪੁਸਤਾਂ ਦਾ ਧਨ ਜੋੜ ਕੇ ਵੀ ਬੇਸਬਰਾ ਹੋਇਆ ਪਿਆ ਹੈ ਦੂਸਰਾ ਵਰਗ ਗਰੀਬੀ ਦੀ ਜਿੱਲਤ ਵਿੱਚ ਨਿੱਤ ਦਿਨ ਨਿੱਤ ਦੀ ਰੋਟੀ ਵਾਸਤੇ ਜੂਝਦਾ ਰਹਿੰਦਾਂ ਹੈ। ਸਰਕਾਰਾਂ ਦੇ ਯਾਰ ਅਤੇ ਰਖਵਾਲੇ ਸਰਕਾਰੀ ਮੁਲਾਜ਼ਮ ਲੋੜਾਂ ਤੋਂ ਕਿਤੇ ਵੱਧ ਤਨਖਾਹਾਂ ਲੈਕੇ ਵੀ ਆਮ ਲੋਕਾਂ ਨੂੰ ਲੁੱਟਣੋ ਨਹੀਂ ਹੱਟਦੇ ਅਤੇ ਫਿਰ ਵੀ ਨਿੱਤ ਨਵੇਂ ਤਨਖਾਹ ਕਮਿਸ਼ਨਾਂ ਦੀ ਮੰਗ ਕਰਦੇ ਹਨ ਦੂਸਰੇ ਪਾਸੇ ਕਿਰਤੀ ਵਰਗ ਨਿੱਤ ਦਿਨ ਟੈਕਸਾਂ ਅਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆਂ ਜਾ ਰਿਹਾ ਹੈ। ਅੱਜ ਭਾਵੇਂ ਲੁਟੇਰਾ ਮੁਲਾਜਮ ਅਤੇ ਰਾਜਨੀਤਕ ਗੱਠਜੋੜ ਧਰਮਾਤਮਾ ਹੋਣ ਦਾ ਸਰਟੀ ਫਿਕੇਟ ਵੀ ਆਪ ਹੀ ਹਾਸਲ ਕਰੀ ਜਾ ਰਿਹਾ ਹੈ ਅਤੇ ਇਸਨੂੰ ਪੜਿਆਂ ਲਿਖਿਆਂ ਦਾ ਵਿਕਸਿਤ ਸਮਾਜ ਵਾਲੇ ਸਭਿਆਚਾਰ ਦੇ ਦਾਅਵੇ ਕਰ ਰਿਹਾ ਹੈ। ਦੋਸਤੋ ਸਮੇਂ ਅਤੇ ਇਤਿਹਾਸ ਨੇ ਜਦ ਵੀ ਇਸ ਸਮੇਂ ਦੇ ਸਭਿਆਚਾਰ ਦੀ ਬਾਤ ਪਾਵੇਗਾ ਤਦ ਉਹ ਇਸ਼ ਧਰਮਾਤਮਾ ਵਰਗ ਦੀਆਂ ਧੱਜੀਆਂ ਉਡਾਵੇਗਾ । ਅੱਜ ਦੇ ਸਮੇਂ ਨੂੰ ਹਿਟਲਰਾਂ , ਚੰਗੇਜ਼ ਖਾਨਾਂ, ਸਿਕੰਦਰਾਂ ਤੋਂ ਵੀ ਬੁਰਾ ਗਰਦਾਨੇਗਾ। ਸੋ ਦੋਸਤੋ ਕੋਈ ਪੜ ਲਿਖ ਕੇ ਅਤੇ ਸਰਕਾਰਾਂ ਦਾ ਯਾਰ ਬਣਕੇ ਲੋਟੂ ਟੋਲਿਆਂ ਦੇ ਪੱਖ ਵਿੱਚ ਭੁਗਤ ਕੇ ਸਭਿਆਚਾਰਕ ਹੋਣ ਦੇ ਦਾਅਵੇ ਅਸਲ ਵਿੱਚ ਲੋਟੂ ਸਭਿਆਚਾਰ ਦਾ ਪਰਤੀਕ ਹੀ ਹੈ। ਲੋਕ ਪੱਖੀ ਸਭਿਆਚਾਰ ਦੇ ਵਾਰਸਾਂ ਦੀ ਪਛਾਣ ਨਿਤਾਣੇ ,ਨਿਮਾਣੇ, ਨਿਉਟਿਆਂ ਦੀ ਬਾਂਹਾਂ ਬਣਨ ਵਾਲੇ ਹੀ ਹੁੰਦੇ ਹਨ। ਸਾਡਾ ਸਭਿਆਚਾਰ ਜਦ ਵਿਰਾਸਤ ਦਾ ਰੂਪ ਹੋ ਕੇ ਇਤਿਹਾਸ ਬਣ ਜਾਵੇਗਾ ਤਦ ਹੀ ਅਸਲ ਪਤਾ ਲੱਗੇਗਾ ਕਿ ਅੱਜ ਦੇ ਸਮੇਂ ਦਾ ਸਭਿਆਚਾਰ ਕਿਹੋ ਜਿਹਾ ਸੀ।

ਸੰਪਰਕ: 9417727245

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ