Mon, 09 September 2024
Your Visitor Number :-   7220132
SuhisaverSuhisaver Suhisaver

ਬਸ ਇਕ ਵਾਰ ਨੌਕਰੀ ਪੱਕੀ ਹੋ ਜਾਣ ਦਿਓ : ਮਾਇਕਲ ਡੀ ਯੇਟਸ

Posted on:- 17-11-2019

 ਅਨੁਵਾਦ : ਪਵਨ ਟਿੱਬਾ

(ਮਾਇਕਲ ਡੀ ਯੇਟਸ ਮੰਥਲੀ ਰਿਵਿਊ ਮੈਗਜ਼ੀਨ ਨਾਲ ਜੁੜਿਆ ਹੋਇਆ ਪ੍ਰਤੀਬੱਧ ਲੇਖਕ ਅਤੇ ਅਰਥ ਸ਼ਾਸਤਰੀ ਹੈ| ਉਹ 2018 ਵਿਚ ਇਸ ਮੈਗਜ਼ੀਨ ਤੋਂ ਐਸੋਸੀਏਟ ਐਡੀਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ| ਉਸ ਦਾ ਇਹ ਲੇਖ ਉਹਨਾਂ ਕਥਿਤ ਬੁੱਧੀਜੀਵੀਆਂ ਨੂੰ ਸ਼ੀਸ਼ਾ ਦਿਖਾਉਣ ਦਾ ਇਕ ਯਤਨ ਹੈ|)


ਮੇਰੇ ਇਕ ਫੇਸਬੁਕ ਮਿੱਤਰ ਸਟੀਵਨ ਸੈਲੈਟਾ ਨੇ ਹਾਲ ਹੀ ਵਿਚ ਉਨ੍ਹਾਂ ਅਕਾਦਮਿਕ ਵਿਦਵਾਨਾਂ ਉੱਤੇ ਇੱਕ ਪੋਸਟ ਲਿਖੀ ਸੀ ਜੋ ਪੱਕੀ ਨਿਯੁਕਤੀ ਦੇ ਪਿੱਛੇ ਭੱਜਦੇ ਹੋਏ ਆਪਣੇ ਆਪ ਨੂੰ ਇਹ ਕਹਿ ਕੇ ਮੂਰਖ ਬਣਾ ਰਹੇ ਹਨ ਕਿ ਇਕ ਵਾਰ ਸਥਾਈ ਨਿਯੁਕਤੀ ਮਿਲ ਜਾਵੇ ਤਾਂ ਉਹ ਆਪਣੇ ਇਨਕਲਾਬੀ ਰਾਹ ਉੱਤੇ ਹੋਰ ਦ੍ਰਿੜਤਾ ਨਾਲ ਤੁਰਨਗੇ। ਸਟੀਵਨ ਦੇ ਨਾਲ ਉਰਬਾਨਾ - ਚੈਮਪੇਨ ਦੀ ਇਲਿਨਾਏ ਯੂਨੀਵਰਸਿਟੀ ਨੇ ਜੋ ਬਦਸੁਲੂਕੀ ਕੀਤੀ, ਉਸ ਨੂੰ ਯਾਦ ਕਰੀਏ ਤਾਂ ਸਟੀਵਨ ਦਾ ਲੇਖ ਪੜ੍ਹਨਯੋਗ ਹੈ। ਮੈਂ ਉਸ ਦੀ ਪੋਸਟ ਨਾਲ ਸਹਿਮਤ ਹਾਂ ਅਤੇ ਮੈਂ ਉਸ ਦਾ ਇਕ ਲੰਬਾ ਜਵਾਬ ਲਿਖਿਆ ਹੈ, ਇਸ ਵਿਸ਼ੇ ਉੱਤੇ ਮੈਂ ਜੋ ਕਿਹਾ ਸੀ ਉਸ ਨੂੰ ਵਧੇਰੇ ਤਰਕਸੰਗਤ ਰੂਪ ਨਾਲ ਪੇਸ਼ ਕਰ ਰਿਹਾ ਹਾਂ।

ਕਾਲਜਾਂ, ਯੂਨੀਵਰਸਿਟੀਆਂ ਦੇ ਬਾਰੇ ਸਮਝਣ ਵਾਲੀ ਪਹਿਲੀ ਗੱਲ ਇਹ ਹੈ ਕਿ ਉਹ ਵੀ ਕੰਮ ਵਾਲੀਆਂ ਥਾਂਵਾਂ ਹੀ ਹਨ ਅਤੇ ਪੂੰਜੀਵਾਦੀ ਸਮਾਜ ਵਿਚ ਬਾਕੀ ਹੋਰ ਕੰਮ ਦੀਆਂ ਥਾਂਵਾਂ ਵਾਂਗ ਇਥੇ ਵੀ ਦਰਜਾਬੰਦੀ ਦਾ ਇਕ ਢਾਂਚਾ ਹੁੰਦਾ ਹੈ, ਜਿਥੇ ਸੱਤਾ ਉੱਪਰੋਂ ਹੇਠਾਂ ਵੱਲ ਜਾਂਦੀ ਹੈ। ਬੋਰਡ ਦੇ ਟਰੱਸਟੀਆਂ ਤੋਂ ਲੈ ਕੇ ਵੱਡੇ ਪ੍ਰਬੰਧਕੀ ਅਧਿਕਾਰੀਆਂ, ਪੱਕੇ ਅਧਿਆਪਕਾਂ, ਪੱਕੇ ਹੋਣ ਦੀ ਪ੍ਰਕਿਰਿਆ ਵਿਚ ਜਾਂ ਬਹੁਗਿਣਤੀ ਕੱਚੇ ਅਧਿਆਪਕਾਂ, ਪ੍ਰਬੰਧਕੀ ਕਰਮਚਾਰੀਆਂ ਅਤੇ ਬਾਬੂਆਂ, ਰੱਖਿਆ ਕਰਮਚਾਰੀਆਂ ਤੋਂ ਲੈ ਕੇ ਕੰਟੀਨ ਦੇ ਕਰਮਚਾਰੀਆਂ ਤੱਕ। ਸਭ ਤੋਂ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਲੋਕਾਂ ਦਾ ਮੁੱਖ ਮੰਤਵ ਇਸ ਉੱਦਮ ਨੂੰ ਜ਼ਬਤ ਵਿਚ ਰੱਖਣਾ ਹੁੰਦਾ ਹੈ ਤਾਂ ਕਿ ਉਨ੍ਹਾਂ ਦੀ ਸੱਤਾ ਕਾਇਮ ਰਹਿ ਸਕੇ, ਵਿਦਿਆਰਥੀਆਂ ਤੋਂ ਆਉਣ ਵਾਲੀ ਫ਼ੀਸ, ਗ੍ਰਾਂਟਾਂ, ਵੱਖ-ਵੱਖ ਸਰਕਾਰੀ ਪੱਧਰਾਂ ਤੋਂ ਆਉਣ ਵਾਲਾ ਪੈਸਾ ਅਤੇ ਸਹੂਲਤਾਂ ਬਰਕਰਾਰ ਰਹਿਣ ਜਿਸ ਦੇ ਨਾਲ ਕਾਲਜ ਜਾਂ ਯੂਨੀਵਰਸਿਟੀ ਦਾ ਵੱਕਾਰ ਲਗਾਤਾਰ ਵੱਧਦਾ ਫੁੱਲਦਾ ਰਹੇ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਨ੍ਹਾਂ ਦੇ ਹੇਠਾਂ ਕੰਮ ਕਰਨ ਵਾਲੇ ਲੋਕ ਨਾ ਤਾਂ ਸੱਤਾ ’ਤੇ ਕਾਬਜ਼ ਲੋਕਾਂ ਲਈ ਕੋਈ ਮੁਸ਼ਕਿਲ ਖੜੀ ਕਰ ਸਕਣ ਅਤੇ ਨਾ ਹੀ ਖ਼ੁਦ ਲਈ|
    
ਇਸ ਕੌੜੇ ਸੱਚ ਨੂੰ ਲੁਕਾਉਣ ਲਈ ਅਤੇ ਸਿਰਫ਼ ਇਸ ਮਨਘੜਤ ਬਿਰਤਾਂਤ ਨੂੰ ਕਾਇਮ ਰੱਖਣ ਲਈ ਸਿੱਖਿਆ ਸੰਸਥਾਵਾਂ ਬਹੁਤ ਭਾਰੀ ਰਾਸ਼ੀ ਖ਼ਰਚ ਕਰਨਗੀਆਂ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਹ ਨਿਸ਼ਚਿਤ ਕਰਨਾ ਹੈ ਕਿ ਇਹੀ ਉਹ ਥਾਂਵਾਂ ਹਨ ਜਿਥੇ ਆਲੋਚਨਾਤਮਕ ਸਿੱਖਿਆ ਅਤੇ ਅਧਿਆਪਕਾਂ ਦੁਆਰਾ ਖੋਜ ਦਾ ਪੱਧਰ ਉੱਚਤਮ ਹੁੰਦਾ ਹੈ। ਨਿਸ਼ਚਿਤ ਰੂਪ ਨਾਲ ਕੁਝ ਆਲੋਚਨਾਤਮਕ ਸਿੱਖਿਆ ਅਤੇ ਖੋਜ ਹੁੰਦੀ ਵੀ ਹੈ, ਪਰ ਇਹ ਦੋਵੇਂ ਹੀ ਜ਼ਬਤ ਕਾਇਮ ਕਰਨ ਦੇ ਮੁੱਖ ਉਦੇਸ਼ ਦੇ ਅਧੀਨ ਹਨ। ਕਾਲਜ ਅਤੇ ਯੂਨੀਵਰਸਿਟੀਆਂ ਕੋਈ ਨਿਰਪੱਖ ਸੰਸਥਾਵਾਂ ਨਹੀਂ ਹੁੰਦੀਆਂ ਸਗੋਂ ਇਹ ਪੂੰਜੀਵਾਦੀ ਸਮਾਜ ਦੇ ਪੁਨਰ-ਉਤਪਾਦਨ ਦਾ ਹੀ ਹਿੱਸਾ ਹੁੰਦੀਆਂ ਹਨ ਅਤੇ ਆਖ਼ਿਰਕਾਰ ਉਨ੍ਹਾਂ ਦਾ ਢਾਂਚਾ ਇਹੀ ਸੁਨਿਸ਼ਚਿਤ ਕਰਦਾ ਹੈ ਕਿ ਉਹ ਇਸੇ ਮਕਸਦ ਨਾਲ ਸੰਚਾਲਿਤ ਹੁੰਦੀਆਂ ਹਨ। ਅਸਲ ਵਿਚ ਸਾਡੀਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਪੂੰਜੀ ਇਕੱਠੀ ਕਰਨ ਦਾ ਇਕ ਮਹੱਤਵਪੂਰਣ ਸਥਾਨ ਬਣ ਚੁੱਕੀਆਂ ਹਨ, ਜਿਵੇਂ ਡੇਵਿਡ ਨੋਬੇਲ ਨੇ ਆਪਣੇ ਲੇਖ ਵਿਚ ਦ੍ਰਿੜਤਾ ਦਰਸਾਇਆ ਹੈ।
    
ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਥਾਂਵਾਂ ’ਤੇ ਵਿਰੋਧ ਦੀ ਕੋਈ ਕਾਰਵਾਈ ਨਹੀਂ ਹੁੰਦੀ। ਵਿਰੋਧ ਹੁੰਦਾ ਹੈ, ਜਿਵੇਂ ਅਸੀਂ 1960 ਅਤੇ 1970 ਦੇ ਦਹਾਕੇ ਵਿਚ ਵੇਖਿਆ, ਜਦੋਂ ਬਹੁਤ ਸਾਰੇ ਕਾਲਜ ਕੈਂਪਸ ਵਿਆਪਕ ਸਮਾਜਕ ਵਿਰੋਧ ਦਾ ਰੰਗਮੰਚ ਬਣ ਗਏ ਸਨ ਅਤੇ ਕਾਲਜਾਂ, ਯੂਨੀਵਰਸਿਟੀਆਂ ਦਾ ਪ੍ਰਸ਼ਾਸਨ ਕੁਝ ਸਮੇਂ ਲਈ ਰੈਡੀਕਲ ਵਿਚਾਰਾਂ ਅਤੇ ਖੱਬੇਪੱਖੀ ਅਧਿਆਪਕਾਂ ਦੇ ਪ੍ਰਤੀ ਜ਼ਿਆਦਾ ਸਹਿਨਸ਼ੀਲ ਵੀ ਹੋਇਆ। ਅਧਿਆਪਕਾਂ ਨੇ ਯੂਨੀਅਨਾਂ ਬਣਾਉਣੀਆਂ ਸ਼ੁਰੂ ਕੀਤੀਆਂ, ਉਹ ਅਕਸਰ ਕਾਮਯਾਬ ਵੀ ਹੋਏ, ਖ਼ਾਸ ਕਰਕੇ ਉਨ੍ਹਾਂ ਥਾਂਵਾਂ ਵਿਚ ਜਿਥੇ ਉਹ ਸਰਕਾਰੀ ਕਰਮਚਾਰੀ ਬਣ ਚੁੱਕੇ ਸਨ ਅਤੇ ਨਵੇਂ ਨਵੇਂ ਪਾਸ ਹੋਏ ਸਰਕਾਰੀ ਕਰਮਚਾਰੀ ਕਿਰਤ ਕਾਨੂੰਨ ਦੁਆਰਾ ਸੁਰੱਖਿਅਤ ਸਨ। ਅੱਜ ਸਹਾਇਕ ਅਧਿਆਪਕ, ਜੋ ਸਾਰੇ ਕਾਲਜਾਂ ਵਿਚ ਜ਼ਿਆਦਾਤਰ ਪੜ੍ਹਾਉਣ ਦਾ ਕੰਮ ਕਰਦੇ ਹਨ, ਸੰਗਠਿਤ ਹੋਣ ਦੀ ਬਹਾਦਰੀ ਭਰੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਸਰੋਕਾਰ ਰੱਖਣ ਵਾਲੇ ਵਿਦਿਆਰਥੀ ਅਤੇ ਕੁਝ ਅਧਿਆਪਕ ਅਤੇ ਕਰਮਚਾਰੀ ਉਗਰ ਨਸਲਵਾਦ, ਯੌਨ ਸ਼ੋਸ਼ਣ ਅਤੇ ਅਜਿਹੀਆਂ ਹੀ ਸਮੱਸਿਆਵਾਂ ਨਾਲ ਨਜਿੱਠਣ ਲਈ ਕਾਲਜਾਂ, ਯੂਨੀਵਰਸਿਟੀਆਂ ਉੱਤੇ ਦਬਾਅ ਬਣਾਉਣ ਲਈ ਨਾਲ ਆਏ ਹਨ।
    
ਜਿਨ੍ਹਾਂ ਪ੍ਰਵਾਸੀਆਂ ਦੇ ਕੋਲ ਜ਼ਰੂਰੀ ਕਾਗ਼ਜ਼ ਨਹੀਂ, ਉਨ੍ਹਾਂ ਦਾ ਸਮਰਥਨ ਕਰਨਾ, ਕੁਝ ਸ਼ੇਅਰ ਧਾਰਕਾਂ ਦਾ ਭਾਂਡਾ ਭੰਨਣ ਅਤੇ ਬਦਨਾਮ ਫਾਸ਼ੀਵਾਦੀਆਂ ਅਤੇ ਨਸਲਵਾਦੀਆਂ ਨੂੰ ਬੋਲਣ ਦਾ ਮੰਚ ਨਾ ਦੇਣ ਦੀਆਂ ਕਾਰਵਾਈਆਂ ਟਰੰਪ ਦੇ ਚੋਣ ਜਿੱਤਣ ਤੋਂ ਬਾਅਦ ਲਗਾਤਾਰ ਜਾਰੀ ਹਨ।
    
ਹਾਲਾਂਕਿ, ਸਾਡੇ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਅਤੀਤ ਅਤੇ ਵਰਤਮਾਨ ਵਿਚ ਹੋਏ ਵਿਰੋਧਾਂ ਦੀ ਵਿਆਪਕਤਾ ਅਤੇ ਡੂੰਘਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਅਕਲਮੰਦੀ ਦਾ ਕੰਮ ਨਹੀਂ ਹੋਵੇਗਾ। ਅਮਰੀਕਾ ਵਿਚ ਉਨ੍ਹਾਂ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਉਹ ਕਦੇ ਵੀ ਤਬਦੀਲੀ ਦੀ ਉਪਜਾਊ ਭੂਮੀ ਨਹੀਂ ਰਹੇ। ਤਸਵੀਰ ਠੀਕ ਇਸ ਦੇ ਉਲਟ ਹੈ। ਵਿਦਿਆਰਥੀ ਅਤੇ ਅਧਿਆਪਕ ਸੰਗਠਨਾਂ ਦੇ ਵਿਰੋਧ, ਚਾਹੇ ਉਹ ਜਿੰਨੇ ਵੀ ਵੱਡੇ ਪੈਮਾਨੇ ਦੇ ਰਹੇ ਹੋਣ, ਕਦੇ ਵੀ ਪ੍ਰਸ਼ਾਸਕੀ ਗ਼ਲਬੇ ਨੂੰ ਖਤਮ ਕਰਨ ਵਿਚ ਕਾਮਯਾਬ ਨਹੀਂ ਹੋਏ। ਅਕਾਦਮਿਕ ਦੁਨੀਆ ਵਿਚ ਲੋਕਤੰਤਰ ਅਤੇ ਬਰਾਬਰੀ ਲਿਆਉਣਾ ਤਾਂ ਦੂਰ ਦੀ ਗੱਲ ਹੈ।
    
ਇਹ ਸਾਨੂੰ ਇਕ ਪੱਕੀ ਨੌਕਰੀ ਲੱਗਣ ਦੇ ਬਾਅਦ ਪ੍ਰੋਫ਼ੈਸਰਾਂ ਦੇ ਇਨਕਲਾਬੀ ਬਨਣ ਦੇ ਸਵਾਲ ਉੱਤੇ ਵਾਪਸ ਲੈ ਆਉਂਦਾ ਹੈ। ਇਹ ਇਕ ਚੰਗਾ ਖ਼ਿਆਲ ਹੈ। ਜਿਨ੍ਹਾਂ ਅਧਿਆਪਕਾਂ ਨੇ ਇਹ ਸੁਨਹਿਰੀ ਟਿਕਟ ਹਾਸਲ ਕਰ ਲਈ ਹੈ, ਅਸਲ ਵਿਚ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਸੁਰੱਖਿਅਤ ਰੋਜ਼ਗਾਰ ਮਿਲ ਗਿਆ ਹੈ। ਕਿਸੇ ਮਜ਼ਬੂਤ ਕਾਰਨ ਕਰਕੇ ਹੀ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ, ਆਮ ਤੌਰ ਉੱਤੇ ਇਸ ਦਾ ਮਤਲਬ ਹੁੰਦਾ ਹੈ ਉਨ੍ਹਾਂ ਦਾ ਵਿਸ਼ੇਸ਼ ਰੂਪ ਵਿਚ ਖ਼ਰਾਬ ਵਿਵਹਾਰ। ਪਰ ਇਥੇ ਤੱਕ ਕਿ ਇਹ ਵੀ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੇ ਲਈ ਕਾਫ਼ੀ ਨਹੀਂ ਹੁੰਦਾ ਹੈ। ਉਹ ਆਪਣਾ ਦਿਲ ਖੋਲ੍ਹ ਕੇ ਬੋਲ ਸਕਦੇ ਹਨ ਅਤੇ ਕਿਸੇ ਦੇ ਵੀ ਪ੍ਰਤੀ ਨਿੰਦਣਯੋਗ ਜਾਂ ਵਿਰੋਧੀ ਹੋ ਸਕਦੇ ਹਨ, ਇਥੋਂ ਤੱਕ ਕਿ ਕਾਲਜ ਦੇ ਪ੍ਰਧਾਨ ਦੇ ਪ੍ਰਤੀ ਵੀ। ਕੈਂਪਸ ਦੇ ਅੰਦਰ ਜਾਂ ਬਾਹਰ ਵਿਰੋਧ ਦਾ ਆਯੋਜਨ ਕਰ ਸਕਦੇ ਹਨ, ਆਪਣੀ ਜਮਾਤ ਵਿਚ ਜਿਵੇਂ ਵੀ ਉਹ ਚਾਹੁਣ ਪੜ੍ਹਾ ਸਕਦੇ ਹਨ ਅਤੇ ਜਿਸ ਵਿਸ਼ੇ ਉੱਤੇ ਚਾਹੁਣ ਖੋਜ ਕਰ ਸਕਦੇ ਹਨ। ਉਹ ਜਨਤਾ ਦੇ ਬੁੱਧੀਜੀਵੀ ਬਣ ਸਕਦੇ ਹਨ ਜੋ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਣ, ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੀ ਨਿੰਦਾ ਕਰਦੇ ਹੋਣ ਅਤੇ ਕਮਿਊਨਿਜ਼ਮ ਅਤੇ ਇਨਕਲਾਬ ਦਾ ਵੀ ਸਮਰਥਨ ਕਰਦੇ ਹੋਣ। ਉਹ ਰੈਡੀਕਲਾਂ ਨੂੰ ਆਪਣੀਆਂ ਜਮਾਤਾਂ ਵਿਚ ਭਾਸ਼ਣ ਦੇਣ ਲਈ ਸੱਦਾ ਦੇ ਸਕਦੇ ਹਨ ਅਤੇ ਕੈਂਪਸ ਵਿਚ ਜਨਤਕ ਭਾਸ਼ਣ ਵੀ ਦੇ ਸਕਦੇ ਹਨ। ਅਜਿਹੀ ਆਜ਼ਾਦੀ ਕੁਝ ਹੀ ਮਜ਼ਦੂਰਾਂ ਨੂੰ ਮਿਲਦੀ ਹੈ।
    
ਇਸ ਦੇ ਬਾਵਜੂਦ ਪ੍ਰੋਫ਼ੈਸਰ ਸ਼ਾਇਦ ਹੀ ਕਦੇ ਉਸ ਆਜ਼ਾਦੀ ਦਾ ਪ੍ਰਯੋਗ ਕਰਦੇ ਹਨ ਜੋ ਪੱਕੀ ਨੌਕਰੀ ਉਨ੍ਹਾਂ ਨੂੰ ਦਿੰਦੀ ਹੈ। ਮੈਂ 40 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਪੜ੍ਹਾਇਆ ਹੈ ਅਤੇ ਮੈਂ ਅਜਿਹੇ ਬਹੁਤ ਸਾਰੇ ਅਧਿਆਪਕਾਂ ਨੂੰ ਜਾਣਦਾ ਹਾਂ ਜੋ ਆਪਣੀ ਨਿਯੁਕਤੀ ਦੇ ਵੇਲੇ ਇਨਕਲਾਬੀ ਅਸੂਲਾਂ ਦਾ ਖੁੱਲ੍ਹਮ ਖੁੱਲ੍ਹਾ ਸਮਰਥਨ ਕਰਦੇ ਸਨ। ਉਨ੍ਹਾਂ ਨੇ ਆਪਣੇ ਇਨਕਲਾਬੀਪਣ ਨੂੰ ਲੁਕਾ ਕੇ ਰੱਖਣ ਦਾ ਫ਼ੈਸਲਾ ਕੀਤਾ ਸੀ ਅਤੇ ਵਾਅਦਾ ਕੀਤਾ ਸੀ ਕਿ ਬਸ ਇਕ ਵਾਰ ਪੱਕੀ ਨੌਕਰੀ ਦੇ ਸੁਰੱਖਿਅਤ ਦਾਇਰੇ ਵਿਚ ਆਉਂਦੇ ਹੀ ਉਹ ਬੰਧਨ ਤੋਂ ਆਜ਼ਾਦ ਹੋ ਜਾਣਗੇ। ਆਪਣੇ ਅਨੁਭਵ ਤੋਂ ਮੈਂ ਕਹਿ ਸਕਦਾ ਹਾਂ ਕਿ ਇਹਨਾਂ ਸਾਬਕਾ ਜੁਝਾਰੂਆਂ ਵਿਚੋਂ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਸਾਡੇ ਵਿੱਚੋਂ ਜਿਹੜੇ ਕੁਝ ਖਰੂਦੀ ਅਨਸਰ ਸਨ ਉਨ੍ਹਾਂ ਨੇ ਇੰਜ ਹੀ ਸ਼ੁਰੂਆਤ ਕੀਤੀ ਸੀ, ਅਸੀ ਨੌਕਰੀ ਵਿਚ ਪੱਕੇ ਹੋ ਜਾਣ ਦੇ ਬਾਅਦ ਵੀ “ਰੁਕਾਵਟਾਂ ਪਾਉਂਦੇ ਰਹੇ” ਜਿਵੇਂ ਕ‌ਿ ਮੇਰੇ ਵਿਭਾਗ ਦੇ ਮੁਖੀ ਸਾਡੇ ਵਿਚੋਂ ਕੁਝ ਲੋਕਾਂ ਉੱਤੇ ਇਲਜ਼ਾਮ ਲਗਾਉਂਦੇ ਸਨ। ਉਹ ਜੋ ਕਦੇ ਆਜ਼ਾਦ ਹੋਣ ਦੀ ਉਮੀਦ ਵਿਚ ਚੁੱਪ ਰਹੇ ਅਤੇ ਜਿਨ੍ਹਾਂ ਨੇ ਇਸ ਦਰਜੇਬੰਦੀ ਨੂੰ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਇਸ ਪ੍ਰਬੰਧ ਦਾ ਅੰਦਰੂਨੀ ਹਿੱਸਾ ਬਣ ਕੇ ਇਸ ਦੀ ਕੀਮਤ ਚੁਕਾਉਣੀ ਪਈ। ਉਨ੍ਹਾਂ ਨੂੰ ਬਚ-ਬਚਾ ਕੇ ਚਲਣ ਦੀ ਆਦਤ ਹੋ ਗਈ ਜਾਂ ਇੰਜ ਕਹਿ ਲਓ ਕਿ ਉਹ ਇਸ ਦੇ ਮਾਹਰ ਹੋ ਗਏ ਸਨ। ਸੱਤਾ ਦੇ ਸਾਹਮਣੇ ਸਾਲਾਂ ਤੱਕ ਸਹਿਮਤੀਪੂਰਨ ਸਮਰਪਣ ਨੇ ਹੌਲੀ-ਹੌਲੀ ਪਰ ਨਿਸ਼ਚਿਤ ਰੂਪ ਵਿਚ, ਕਦੇ ਉਨ੍ਹਾਂ ਦੇ ਅੰਦਰ ਜੋ ਕੁਝ ਵੀ ਇਨਕਲਾਬੀ ਪ੍ਰੇਰਨਾ ਸੀ, ਉਸ ਨੂੰ ਖ਼ਤਮ ਕਰ ਦਿੱਤਾ ਅਤੇ ਜਦੋਂ ਤੱਕ ਉਨ੍ਹਾਂ ਦੀ ਨੌਕਰੀ ਪੱਕੀ ਹੋਈ, ਤਦ ਤੱਕ ਉਹ ਅੰਦਰੋਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਸਨ।
    
ਪ੍ਰਸਿੱਧ ਮਾਰਕਸਵਾਦੀ ਅਰਥਸ਼ਾਸਤਰੀ ਮਾਇਕਲ ਲੇਬੋਵਿਤਜ ਨੇ ਜੋ ਮਹੱਤਵਪੂਰਣ ਗੱਲ ਮੈਨੂੰ ਸਿਖਾਈ ਹੈ ਉਹ ਇਹ ਹੈ ਕਿ ਮਿਹਨਤ ਦੀ ਪ੍ਰਕਿਰਿਆ ਦੇ ਦੋ ਨਤੀਜੇ ਹੁੰਦੇ ਹਨ- ਵਸਤਾਂ ਅਤੇ ਸੇਵਾਵਾਂ ਦਾ ਨਿਰਮਾਣ ਅਤੇ ਬੰਦਿਆਂ ਦਾ ਉਤਪਾਦਨ। ਜਿਸ ਤਰ੍ਹਾਂ ਪੂੰਜੀਵਾਦ ਉਨ੍ਹਾਂ ਉਤਪਾਦਾਂ ਦਾ ਉਤਪਾਦਨ ਕਰਦਾ ਹੈ ਜਿਨ੍ਹਾਂ ਨੂੰ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਅਤੇ ਜੋ ਪੂੰਜੀ ਇਕੱਤਰ ਕਰਨ ਦੀ ਨਿਰੰਤਰ ਪ੍ਰਕਿਰਿਆ ਨੂੰ ਸੁਨਿਸ਼ਚਿਤ ਕਰਦੇ ਹਨ, ਉਸੇ ਤਰ੍ਹਾਂ ਉਹ ਖ਼ੁਦ ਦੇ ਪੁਨਰ ਉਤਪਾਦਨ ਦੀ ਜ਼ਰੂਰਤ ਲਈ ਮਜ਼ਦੂਰਾਂ ਨੂੰ ਵੀ ਤਿਆਰ ਕਰਦਾ ਹੈ। ਅਜਿਹੇ ਮਜ਼ਦੂਰ, ਜੋ ਅਸਲ ਵਿਚ ਆਪਣੇ ਹੀ ਸ਼ੋਸ਼ਣ ਵਿਚ ਸਰਗਰਮ ਹਿੱਸੇਦਾਰੀ ਕਰਦੇ ਹਨ। ਇੰਡਿਆਨਾ ਦੀ ਸੁਬਾਰੂ-ਇਸੂਜੂ ਫੈਕਟਰੀ ਵਿਚ ਆਪਣੇ ਭਾਈਵਾਲ-ਨਿਰੀਖਕ ਅਧਿਐਨ ਵਿਚ ਸਮਾਜ ਸ਼ਾਸਤਰੀ ਲੌਰੀ ਗ੍ਰਾਹਮ ਸਾਨੂੰ ਦੱਸਦੀ ਹੈ ਕਿ ਸੁਪਰਵਾਇਜ਼ਰ ਮਜ਼ਦੂਰਾਂ ਨੂੰ ਆਪਣੇ ਆਪ ਹੀ ਸਮੇਂ ਦਾ ਅਧਿਐਨ ਕਰਨ ਦੇ ਯੋਗ ਬਣਾਉਂਦੇ ਸਨ, ਜਿਸ ਨੂੰ ਫ੍ਰੇਡਰਿਕ ਟੇਲਰ ਆਪਣੇ ਆਪ ਨਹੀਂ ਕਰ ਸਕਿਆ ਸੀ।
    
ਇਹ ਗੱਲ ਯੂਨੀਵਰਸਿਟੀਆਂ ਲਈ ਵੀ ਓਨੀ ਹੀ ਠੀਕ ਹੈ ਜਿੰਨੀ ਕਾਰਖ਼ਾਨਿਆਂ, ਦਫ਼ਤਰਾਂ ਅਤੇ ਛੋਟੀਆਂ ਵਪਾਰਕ ਸੰਸਥਾਵਾਂ ਦੇ ਲਈ। ਪ੍ਰੋਫ਼ੈਸਰ ਬੇਇਜ਼ਤੀ ਦੇ ਨਾਲ ਵੀ ਆਪਣੇ ਸੁਆਮੀਆਂ ਦੀ ਇਸ ਮੰਗ ਨੂੰ ਮੰਨ ਲੈਂਦੇ ਹਨ ਕਿ ਉਨ੍ਹਾਂ ਤਕਨੀਕਾਂ ਨਾਲ ਲਗਾਤਾਰ ਉਨ੍ਹਾਂ ਦਾ ਮੁਲਾਂਕਣ ਹੁੰਦਾ ਰਹੇ, ਜਿਸ ਦਾ ਮਤਲਬ ਇਹ ਹੈ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਇਥੇ ਤੱਕ ਕਿ ਅੱਗੇ ਜ਼ਿੰਦਗੀ ਵਿਚ ਉਨ੍ਹਾਂ ਦੀ ਸਫ਼ਲਤਾ ਨੂੰ ਵੀ ਇਸ ਦੇ ਨਾਲ ਜੋੜਿਆ ਜਾ ਸਕਦਾ ਹੈ ਕਿ ਕੋਈ ਅਧਿਆਪਕ ਜਮਾਤ ਵਿਚ ਕੀ ਕਰਦਾ ਹੈ। ਜਦੋਂ ਕਾਲਜ ਪ੍ਰਸ਼ਾਸਨ ਅਧਿਆਪਕਾਂ ਨੂੰ ਕਮਰ ਕਸ ਕੇ ਤਿਆਰ ਰਹਿਣ ਨੂੰ ਕਹਿੰਦਾ ਹੈ ਕਿਉਂਕਿ ਚੰਗੇ ਦਿਨ ਆ ਰਹੇ ਹਨ, ਤਾਂ ਇਹ ਹਾਲਤ ਅਸਲ ਵਿਚ ਕਾਰਖ਼ਾਨਿਆਂ ਤੋਂ ਵੱਖ ਨਹੀਂ ਹੈ। ਭੇਡ ਦੀ ਤਰ੍ਹਾਂ ਸਾਲ ਦਰ ਸਾਲ ਉਹ ਇਸ ਨੂੰ ਮੰਨਦੇ ਰਹਿੰਦੇ ਹੈ ਪਰ ਉਹ ਚੰਗਾ ਸਮਾਂ ਕਦੇ ਨਹੀਂ ਆਉਂਦਾ। ਬਸ ਅਧਿਆਪਕਾਂ ਦੀ ਗਿਣਤੀ ਘੱਟ ਹੁੰਦੀ ਜਾਂਦੀ ਹੈ। ਅਜਿਹੇ ਪ੍ਰੋਫ਼ੈਸਰ ਜੋ ਕਹਿੰਦੇ ਹਨ ਕਿ ਮੇਰੀ ਨੌਕਰੀ ਪੱਕੀ ਹੋਣ ਤੱਕ ਰੁਕ ਜਾਓ, ਉਸ ਦੇ ਬਾਅਦ ਮੈਂ ਆਪਣੇ ਇਨਕਲਾਬੀ ਦਿਲ ਅਤੇ ਜਾਨ ਨੂੰ ਸਰਗਰਮ ਕਰਾਂਗਾ, ਉਹ ਸਰਾਸਰ ਝੂਠ ਬੋਲ ਰਹੇ ਹਨ। ਉਹ ਮਹਾਨ ਦਿਨ ਸ਼ਾਇਦ ਕਦੇ ਆ ਵੀ ਜਾਵੇ, ਪਰ ਤਦ ਤੱਕ ਉਹ ਸਮਝ ਚੁੱਕੇ ਹੁੰਦੇ ਹੈ ਕਿ ਸੱਤਾ ਦੇ ਖ਼ਿਲਾਫ਼ ਲੜਨਾ ਬੁਰੀ ਗੱਲ ਹੈ। ਵਿਵਸਥਾ ਦੇ ਅੰਦਰ ਰਹਿ ਕਰ ਕੰਮ ਕਰਨਾ ਹੀ ਬਿਹਤਰ ਹੈ, ਨਿਮਰ ਰਹੋ, ਕਦੇ ਕਦਾਈਂ ਵਿਰੋਧ ਵਜੋਂ ਪੱਤਰ ਵੀ ਲਿਖੋ ਅਤੇ ਮੁਸ਼ਕਿਲਾਂ ਖੜੀਆਂ ਕਰਨ ਵਾਲਿਆਂ ਤੋਂ ਦੂਰ ਰਹੋ, ਜਿਵੇਂ ਤੁਸੀਂ ਵੇਖਦੇ ਆ ਰਹੇ ਹੋ ਕਿ ਉਹ ਕਿੰਨੀ ਵੱਡੀ ਆਫ਼ਤ ਹਨ। ਚੰਗੇ ਮਜ਼ਦੂਰ ਬਣੋ ਅਤੇ ਵਿਦਿਆਰਥੀਆਂ ਨੂੰ ਆਪਣੇ ਨਕਸ਼ੇ ਕਦਮ ਉੱਤੇ ਚੱਲਣਾ ਸਿਖਾਓ।
    
ਬੁਨਿਆਦੀ ਤਬਦੀਲੀ ਤਦ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਸਭ ਤੋਂ ਪਹਿਲਾਂ ਅਸੀਂ ਖ਼ੁਦ ਇਹ ਦੇਖਣ ਲਈ ਵਿਹਲ ਕੱਢੀਏ ਕਿ ਸਾਡੇ ਕੰਮ ਵਾਲੀਆਂ ਥਾਂਵਾਂ ਅਤੇ ਸਾਡੀ ਬਾਕੀ ਜ਼ਿੰਦਗੀ ਵਿਚ ਆਖ਼ਿਰ ਹੋ ਕੀ ਰਿਹਾ ਹੈ ਅਤੇ ਇਸ ਨੂੰ ਸਮਝੀਏ ਕਿ ਅਸੀਂ ਲਗਭਗ ਜੋ ਕੁਝ ਵੀ ਕਰਦੇ ਹਾਂ ਉਸ ਦੇ ਲਈ ਅਸੀਂ ਉਨ੍ਹਾਂ ਦੇ ਦੁਆਰਾ ਨਿਯੰਤਰਿਤ ਹਾਂ ਜਿਨ੍ਹਾਂ ਦੇ ਕੋਲ ਜਾਇਦਾਦ ਅਤੇ ਸੱਤਾ ਹੈ। ਇਕ ਵਾਰ ਅਸੀ ਇਹ ਸਮਝ ਲਈਏ ਤਾਂ ਉਸ ਦੇ ਬਾਅਦ ਇਸ ਦੇ ਅਨੁਸਾਰ ਕਾਰਵਾਈ ਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਭਾਵ ਇਸ ਜ਼ਬਤ ਦਾ ਵਿਰੋਧ ਅਤੇ ਜਿਸ ਵੀ ਤਰੀਕੇ ਨਾਲ ਅਸੀਂ ਇਕ ਅਜਿਹਾ ਸਮਾਜ ਬਣਾਉਣ ਵਿਚ ਯੋਗਦਾਨ ਪਾ ਸਕਦੇ ਹਾਂ ਜਿਸ ਵਿਚ ਕਿਸੇ ਦੇ ਕੋਲ ਵੀ ਦੂਸਰਿਆਂ ਨੂੰ ਦਬਾਉਣ ਲਈ ਅਸੀਮਿਤ ਸੱਤਾ ਨਹੀਂ ਹੋਵੇਗੀ ਕਿਉਂਕਿ ਅਸੀਂ ਆਪਣਾ ਕੰਮ ਸਮੂਹਿਕ ਅਤੇ ਸਹਿਯੋਗੀ ਤਰੀਕੇ ਨਾਲ ਕਰਾਂਗੇ। ਅੰਤਰਰਾਸ਼ਟਰੀ ਉਦਯੋਗਿਕ ਮਜ਼ਦੂਰ ਸੰਗਠਨ ਦੇ ਇਸ ਸਿਧਾਂਤ ਦੇ ਸਮਾਨ ਆਪਣੇ ਅਸੂਲਾਂ ਨੂੰ ਤਿਆਰ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ “ਕਿਸੇ ਇਕ ਨੂੰ ਸੱਟ ਲੱਗੀ ਤਾਂ ਸਭ ਜ਼ਖ਼ਮੀ ਹੋਏ”, ਚਾਹੇ ਫਿਰ ਅਸੀਂ ਕਿਸੇ ਵੀ ਸੰਸਥਾ ਵਿਚ ਹੋਈਏ ਜਾਂ ਕਿਸੇ ਵੀ ਦੇਸ਼ ਵਿਚ। ਅਸੀਂ ਤਦ ਤੱਕ ਉਡੀਕ ਨਹੀਂ ਕਰਦੇ ਰਹਿ ਸਕਦੇ ਜਦੋਂ ਤੱਕ ਸਾਡੀ ਨਿੱਜੀ ਜ਼ਿੰਦਗੀ ਹੋਰ ਵਧੇਰੇ ਸੁਰੱਖਿਅਤ ਨਹੀਂ ਹੋ ਜਾਂਦੀ। ਅੱਜ ਪਹਿਲਾਂ ਦੀ ਤੁਲਨਾ ਵਿਚ ਇਸ ਦੀ ਸੰਭਾਵਨਾਵਾਂ ਬਹੁਤ ਘੱਟ ਹਨ ਅਤੇ ਅੱਗੇ ਸ਼ਾਇਦ ਕਦੇ ਅਜਿਹਾ ਹੋਵੇ ਹੀ ਨਾ। ਜੇਕਰ ਅਸੀਂ ਉਡੀਕ ਕਰਦੇ ਰਹੇ ਤਾਂ ਇਸ ਗੱਲ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਵਿਵਸਥਾ ਦੀ ਜ਼ਰੂਰਤ ਅਨੁਸਾਰ ਢਾਲ ਲਿਆ ਹੈ।    

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ