Sat, 12 October 2024
Your Visitor Number :-   7231788
SuhisaverSuhisaver Suhisaver

ਫਿਰਕਾਪ੍ਰਸਤੀ ਦੀ ਅੱਗ ਵਿੱਚ ਝੁਲਸ ਰਹੀ ਹੈ ਇਨਸਾਨੀਅਤ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 13-06-2014

suhisaver

‘ਧਰਮ’ ਸੰਸਕ੍ਰਿਤ ਦਾ ਸ਼ਬਦ ਹੈ । ਇਸਦਾ ਅਰਥ ਹੈ ‘ਧਾਰਨ ਕਰਨਾ’ । ਭਾਵ ਲੋਕ ਭਲਾਈ ਵਾਸਤੇ ਕੁਝ ਗੁਣਾਂ ਨੂੰ ਧਾਰਨ ਕਰ ਕੇ ਇਸ ਸਮਾਜ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ । ਸਮੁੱਚੀ ਮਾਨਵਤਾ ਪੱਖੀ ਸੋਚ ਤੇ ਪਹਿਰਾ ਦੇਣਾ ਹੈ ‘ਧਰਮ’ । ਧਰਮ ਕਦੇ ਵੀ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਪੈਦਾ ਨਹੀਂ ਕਰਦਾ । ਉਹ ਤਾਂ ਸਿਰਫ ਚੰਗੇ ਇਨਸਾਨ ਬਣਨ ਵਿੱਚ ਸਹਾਇਕ ਹੁੰਦਾ ਹੈ । ਦੁਨੀਆਂ ਦਾ ਹਰ ਧਰਮ ਇਨਸਾਨੀਅਤ ਦਾ ਨਿਆਂਈ ਹੈ । ਹਰ ਧਰਮ ਮਨੁੱਖੀ ਭਾਈਚਾਰੇ ਨੂੰ ਵਧਾਉਣ ਲਈ ਯਤਨਸ਼ੀਲ ਹੈ । ਇਸ ਲਈ ਸਾਨੂੰ ਵੀ ‘ਧਰਮ’ ਦੀ ਸਾਰਥਿਕਤਾ ਨੂੰ ਸਮਝਣਾ ਚਾਹੀਦਾ ਹੈ ।

“ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਬ ਬੰਦੇ ।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” ।


ਪਰ ਅੱਜ ਸਮਾਜ ਰੂਪੀ ਢਿੱਡ ਵਿੱਚ ਧਰਮ ਇੱਕ ‘ਧਰਨ’ ਬਣ ਚੁੱਕਾ ਹੈ ਜਿਸਦੀ ਦਰਦ ਨਾਲ ਹਰ ਇਨਸਾਨ ਚੀਕ ਰਿਹਾ ਹੈ । ਅਸੀਂ ਸਾਰੇ ਹੀ ਧਰਮਾਂ ਦੀ ਸਚਾਈ ਤੋਂ ਮੀਲਾਂ ਦੂਰ ਜਾ ਚੁੱਕੇ ਹਾਂ । ਅਸੀਂ ਗੁਰੂਆਂ-ਪੀਰਾਂ ਅਤੇ ਭਗਤਾਂ ਦੀ ਬਾਣੀ ਨੂੰ ਸਿਰਫ ਤੋਤੇ ਬਣ ਕੇ ਰੱਟੇ ਮਾਰ ਰਹੇ ਹਾਂ ਪਰ ਜੀਵਨ ਵਿੱਚ ਅਮਲੀ ਰੂਪ ਵਿੱਚ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਬਿਲਕੁਲ ਵੀ ਲਾਗੂ ਨਹੀਂ ਕਰਦੇ । ਬਲਕਿ ਉਹ ਕੀ ਸੰਦੇਸ਼ ਦੇ ਕੇ ਗਏ ਹਨ ? ਸਾਨੂੰ ਭੁੱਲ ਚੁੱਕਾ ਹੈ । ਉਲਟਾ ਅੱਜ ਅਸੀਂ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਹੋਣ ਦਾ ਰੌਲਾ ਪਾ ਕੇ ਇੱਕ-ਦੂਜੇ ਨੂੰ ਆਪਣੇ ਤੋਂ ਨੀਂਵਾ ਦੱਸਣ ਲਈ ਜ਼ੋਰ ਲਗਾ ਰਹੇ ਹਾਂ ।

ਕਦੇ-ਕਦੇ ਤਾਂ ਅਸੀਂ ਸਾਰੇ ਹਿੰਸਾ ਤੇ ਵੀ ਉਤਰ ਆਉਂਦੇ ਹਾਂ । ਪਤਾ ਨਹੀਂ ਅਸੀਂ ਕਿਹੜੇ ਬਾਬੇ ਨਾਨਕ, ਕਿਹੜੇ ਈਸਾ ਮਸੀਹ, ਕਿਹੜੇ ਹਜ਼ਰਤ ਮਹੁੰਮਦ ਅਤੇ ਕਿਹੜੇ ਭਗਵਾਨ ਰਾਮ ਚੰਦਰ ਨੂੰ ਖੁਸ਼ ਕਰਨ ਲਈ ਇੱਕ-ਦੂਜੇ ਦੇ ਵੈਰੀ ਤੱਕ ਬਣੇ ਹੋਏ ਹਾਂ । ਉਹ ਵਿਚਾਰੇ ਤਾਂ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਭਲੇ ਲਈ ਕੁਰਬਾਨ ਕਰ ਗਏ ਅਤੇ ਅਸੀਂ ਬਸ ਆਪਣੀਆਂ ਰੋਟੀਆਂ ਸੇਕਣ ਲਈ ਵੱਖ-ਵੱਖ ਧਰਮਾਂ ਦੀਆ ਹੱਟੀਆਂ ਪਾਈ ਬੈਠੇ ਹਾਂ । ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਜੀ ਸਾਡੇ ਦੁਆਰਾ ਕੀਤੀ ਗਈ ਧਰਮਾਂ ਅਤੇ ਧਰਮ-ਪੁਸਤਕਾਂ ਦੀ ਬੇਅਦਬੀ ਨੂੰ ਇੰਝ ਫਰਮਾਉਂਦੇ ਹਨ ;-

“ ਮਕੁੱਦਸ ਪੁਸਤਕਾਂ ਨੂੰ ਵਰਮੀਆਂ ਦੀ ਜੂਨੇ ਪਾ ਛੱਡਿਆ ।
ਇਹਨਾਂ ਵਿੱਚ ਜ਼ਹਿਰ ਭਰ ਦਿੱਤਾ ਇਹਨਾਂ ਨੂੰ ਸੱਪ ਬਣਾ ਛੱਡਿਆ ।
ਹਜ਼ਾਰਾਂ ਨਾਨਕਾ, ਬੁੱਧਾਂ ਨੂੰ ਪੱਥਰ ਬੁੱਤ ਬਣਾ ਛੱਡਿਆ
ਤੁਸਾਂ ਪੈਗੰਬਰਾਂ ਦਾ ਸੱਚ ਗ੍ਰੰਥਾਂ ਵਿੱਚ ਛੁਪਾ ਛੱਡਿਆ” ।


ਹੋਰ ਤਾਂ ਹੋਰ ਅਸੀਂ ਤਾਂ ਗੁਰੂਆਂ-ਪੀਰਾਂ ਦੀਆਂ ਬਾਣੀਆਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ । ਕੜ੍ਹਾਹ ਪ੍ਰਸ਼ਾਦ ਤੋਂ ਲੈ ਕੇ ਅਰਦਾਸਿ ਤੱਕ ਦਾ ਵੱਖੋ-ਵੱਖ ਰੇਟ ਹੈ । ਆਖੰਡ ਪਾਠਾਂ, ਰਮਾਇਣ ਦੇ ਪਾਠਾਂ, ਹਵਨ-ਯੱਗਾਂ ਦੇ ਰੇਟ ਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ । ਹੁਣ ਰੱਬ ਅਤੇ ਧਰਮ ਸਿਰਫ ਅਮੀਰਾਂ ਦਾ ਹੀ ਹੈ । ਗੁਰੂਦੁਆਰਿਆਂ, ਮੰਦਰਾਂ, ਮਸੀਤਾਂ, ਚਰਚਾਂ ਵਿੱਚ ਐਨਾ ਚੜ੍ਹਾਵਾ ਚੜ੍ਹਦਾ ਹੈ ਕਿ ਮਲਿਕ ਭਾਗੋ ਨਿੱਤ ਹੀ ਗੋਲਕ ਲਈ ਲੜਾਈਆਂ ਕਰਦੇ ਹਨ । ਗੋਲਕ ਦਾ ਕਮਾਲ ਇੱਥੋਂ ਤੱਕ ਹੈ ਕਿ ਇਹਨਾਂ ਧਾਰਮਿਕ ਅਸਥਾਨਾਂ ਦੇ ਪ੍ਰਧਾਨ ਬਣਨ ਲਈ ਸੱਜਣ ਠੱਗ ਰਿਸ਼ਵਤ, ਸਿਫਾਰਿਸ਼, ਸ਼ਰਾਬ, ਨੋਟਾਂ ਅਤੇ ਰਾਜਸੀ ਦਖਲ ਦੀ ਸਿੱਧੀ ਅਤੇ ਅਸਿੱਧੀ ਵਰਤੋਂ ਕਰਦੇ ਹਨ ਅਤੇ ਇੱਕ-ਦੂਜੇ ਨੂੰ ਮਰਨ-ਮਰਾਉਣ ਤੱਕ ਜਾਂਦੇ ਹਨ । ਸਾਥੀ ਮੱਖਣ ਕੁਹਾੜ ਜੀ ਇਹਨਾਂ ਮਸੰਦਾਂ ਦੁਆਰਾ ਸਾਡੀਆਂ ਹੀ ਗੋਲਕਾਂ ਤੇ ਕਬਜ਼ਾ ਕਰਨ ਲਈ ਸਾਨੂੰ ਕਿਵੇਂ ਵਰਤਿਆ ਜਾਂਦਾ ਬਿਆਨ ਕਰਦੇ ਨੇ ;-

“ ਉਨ੍ਹਾਂ ਨੂੰ ਸਜਦੇ ਰਹੇ ਕਰਦੇ ਅਸੀਂ ਪੈਗੰਬਰਾਂ ਵਾਂਗੂੰ ।
ਉਹ ਸਾਨੂੰ ਵਰਤਦੇ ਰਹੇ ਘੋੜੀਆਂ ਤੇ ਪੌੜੀਆਂ ਵਾਂਗੂੰ ।
ਸੀ ਜਿਸਦਾ ਧਰਮ, ਮਜ਼ਹਬ, ਪੰਥ, ਜ਼ੁਲਮਾਂ ਨਾਲ ਟਕਰਾਉਣਾ,
ਉਹ ਅੱਜਕੱਲ੍ਹ ਵਿਕ ਰਹੇ ਨੇ ਹੱਟੀਆਂ ‘ਤੇ ਬਾਜ਼ੀਆਂ ਵਾਂਗੂੰ” ।


ਕੁਝ ਕੁ ਸ਼ਰਾਰਤੀ ਅਨਸਰਾਂ ਅਤੇ ਕੁਝ ਕੁ ਭੱਦੀ ਰਾਜਨੀਤੀ ਕਰਕੇ ਅਸੀਂ ਸਾਰਿਆਂ ਹੀ ਬੜਾ੍ਹ ਜਾਨੀ-ਮਾਲੀ ਨੁਕਸਾਨ ਸਿਹਾ ਹੈ । ਕਦੇ ਕਿਸੇ ਧਰਮ ਦਾ ਝੰਡਾ ਸਾੜ੍ਹ ਕੇ, ਕਦੇ ਕਿਸੇ ਧਰਮ ਦੇ ਵਿਰੁੱਧ ਟਿੱਪਣੀ ਕਰਕੇ, ਕਦੇ ਧਾਰਮਿਕ ਅਸਥਾਨਾਂ ਨਾਲ ਛੇੜਛਾੜ ਕਰਕੇ, ਅਤੇ ਕਦੇ ਵਧੇਰੇ ਕੱਟੜਤਾ ਵਾਲੇ ਭੜਕਾਊ ਭਾਸ਼ਣ ਕਰਕੇ ਬਹੁਤ ਵਾਰ ਦੰਗੇ ਭੜਕੇ ਹਨ ਅਤੇ ਉਹਨਾਂ ਦਾ ਹਰਜ਼ਾਨਾ ਅਸੀਂ ਸਾਰਿਆਂ ਨੇ ਹੀ ਭੁਗਤਅਿਾ ਹੈ । ਗਲਤੀ ਇੱਕ ਦੀ ਹੁੰਦੀ ਹੈ ਅਤੇ ਉਸਦੀ ਸਜ਼ਾ ਸਾਰੇ ਵਰਗ ਨੂੰ ਸਹਿਣੀ ਪੈਂਦੀ ਹੈ । ਬਹੁਤੀ ਵਾਰ ਇਹ ਅੱਗ ਦੂਜੇ ਵਰਗਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ । ਕਿਸੇ ਦਾ ਘਰ ਸੜ੍ਹ ਜਾਂਦਾ ਹੈ, ਕਿਸੇ ਦਾ ਪੁੱਤ ਮਰ ਜਾਂਦਾ ਹੈ, ਕਿਸੇ ਦੀ ਧੀ ਦੀ ਪੱਤ ਲੁੱਟੀ ਜਾਂਦੀ ਹੈ, ਕਿਸੇ ਦੇ ਨਿੱਕੇ-ਨਿੱਕੇ ਬੱਚੇ ਯਤੀਮ ਹੋ ਜਾਂਦੇ ਹਨ, ਕਿਸੇ ਦੀਆਂ ਧੀਆਂ-ਭੈਣਾਂ ਵਿਧਵਾ ਹੋ ਜਾਂਦੀਆਂ ਹਨ, ਅਤੇ ਕਿਸੇ ਦੀ ਜ਼ਿੰਦਗੀ ਦੀ ਸਾਰੀ ਹੀ ਕਮਾਈ ਲੁੱਟੀ-ਪੁੱਟੀ ਜਾਂਦੀ ਹੈ । ਇਹ ਸਾਰਾ ਕੁਝ ਇਨਸਾਨਾਂ ਨਾਲ ਹੀ ਹੁੰਦਾ ਹੈ, ਜਿਸ ਨੂੰ ਵੇਖ ਕੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ।

ਇੱਥੇ ਸੋਚਣ ਦੀ ਲੋੜ੍ਹ ਹੈ ਕਿ ਧਾਰਮਿਕਤਾ ਦਾ ਰੌਲਾ ਪਾਉਣ ਵਾਲਾ ਕੋਈ ਵੀ ਆਗੂ ਜੇਕਰ ਦੂਜੇ ਧਰਮਾਂ ਨੂੰ ਆਪਣੇ ਧਰਮ ਤੋਂ ਨੀਵਾਂ ਦੱਸਦਾ ਹੈ ਜਾਂ ਆਪਣੇ ਧਰਮ ਦੇ ਵਿਸਥਾਰ ਲਈ ਦੂਜੇ ਧਰਮਾਂ ਨੂੰ ਖਤਮ ਕਰਨ ਦੀ ਨੀਤ ਜ਼ਾਹਿਰ ਕਰਦਾ ਹੈ ਜਾਂ ਇੱਕ ਧਰਮ-ਵਰਗ ਨੂੰ ਮਹਿਜ਼ ਆਪਣਾ ਵੋਟ ਬੈਂਕ ਸਮਝਦਾ ਹੈ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਸਲ ਵਿੱਚ ਧਾਰਮਿਕ ਨਹੀਂ ਹੈ । ਉਹ ਬਹੁਤ ਹੀ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੈ ਜੋ ਕਿ ਭਿਆਨਕ ਸਿੱਟੇ ਦੇ ਸਕਦੀ ਹੈ । ਇਹ ਬਿਮਾਰੀ ਜੋ ਸਾਡੇ ਪਰਿਵਾਰ ਨਿਗਲ ਸਕਦੀ ਹੈ । ਇਸ ਲਈ ਸਾਨੂੰ ਹੀ ਉਸ ਬਿਮਾਰੀ ਦਾ ਕੋਈ ਢੁੱਕਵਾਂ ਇਲਾਜ਼ ਸੋਚਣਾ ਪਵੇਗਾ ।

ਆਉ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੇ ਸਮਾਜ ਨੂੰ ਇਸ ਫਿਰਕਾਪ੍ਰਸਤੀ ਦੀ ਅੱਗ ਤੋਂ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ ।ਸਮੁੱਚੀ ਮਾਨਵਤਾ ਦੀ ਬਿਹਤਰੀ ਲਈ ਤਤਪਰ ਯਤਨ ਕਰੀਏ । ਧਾਰਮਿਕਤਾ ਵਿੱਚ ਰਾਜਸੀ ਦਖਲ ਦੇ ਪ੍ਰਭਾਵ ਨੂੰ ਖਤਮ ਕਰੀਏ । ਸਾਰੇ ਭੇਦ-ਭਾਵ ਮਿਟਾ ਕੇ ਸਭ ਨੂੰ ਬਰਾਬਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਸਹੂਲਤਾਂ ਦਿਵਾਉਣ ਲਈ ਇੱਕਜੁੱਟ ਹੋਈਏ । ਅਸੀਂ ਆਪ ਧਰਮ ਦੀ ਸਾਰਥਿਕਤਾ ਨੂੰ ਸਮਝਦੇ ਹੋਏ, ਸਾਂਝੀਵਾਲਤਾ ਦਾ ਸੰਦੇਸ਼ ਸਭ ਤੱਕ ਪਹੁੰਚਾਈਏ ਤਾਂ ਜੋ ਇਨਸਾਨੀਅਤ ਨੂੰ ਸਾਡੇ ਇਨਸਾਨ ਹੋਣ ਤੇ ਮਾਣ ਹੋਵੇ । ਇਹਨਾਂ ਫਿਰਕਾਪ੍ਰਸਤਾਂ ਦਾ ਸ਼ਰੇਆਮ ਵਿਰੋਧ ਕਰੀਏ ਅਤੇ ਇਹਨਾਂ ਦਾ ਸੱਚ ਅਸੀਂ ਪੂਰੀ ਦੁਨੀਆਂ ਸਾਹਮਣੇ ਰੱਖੀਏ ।

ਸੰਪਰਕ: +91 98552 07071

Comments

Ran Bhadur

loka nu samaj kado aauni ?

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ