Sat, 12 October 2024
Your Visitor Number :-   7231809
SuhisaverSuhisaver Suhisaver

ਸੁੰਦਰਤਾ ਮੁਕਾਬਲੇ ਕਿ ਸੱਭਿਆਚਾਰ ਦਾ ਨਿਘਾਰ - ਰਾਜਬੀਰ ਕੌਰ ਸੇਖੋਂ

Posted on:- 06-06-2012

ਸੁਹੱਪਣ ਔਰਤ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਇੱਕ ਬੜਾ ਹੀ ਖ਼ੂਬਸੂਰਤ ਤੋਹਫ਼ਾ ਹੈ। ਸ਼ਾਇਦ ਹੀ ਹੁਣ ਤੱਕ ਔਰਤ ਦੀ ਖ਼ੂਬਸੂਰਤੀ ਦੇ ਮੁਕਾਬਲੇ ਕਿਸੇ ਹੋਰ ਵਿਸ਼ੇ ’ਤੇ ਇੰਨੀਆਂ ਗ਼ਜ਼ਲ਼ਾਂ, ਕਵਿਤਾਵਾਂ ਜਾਂ ਕਿੱਸੇ-ਕਹਾਣੀਆਂ ਲਿਖੀਆਂ ਗਈਆਂ ਹੋਣ। ਵੱਖ- ਵੱਖ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਏਸ ਖ਼ੂਬਸੂਰਤ ਪੱਖ ਨੂੰ ਬੜੇ ਹੀ ਸੁਚੱਜੇ  ਢੰਗ  ਨਾਲ ਆਪੋ ਆਪਣੇ ਪੱਧਰ ’ਤੇ ਪੇਸ਼ ਕੀਤਾ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਵਿਚਰੀਆਂ  ਕਈ ਔਰਤਾਂ ਜਿਵੇਂ ਰਾਣੀ ਪਦਮਣੀ, ਹੀਰ , ਸਾਹਿਬਾਂ, ਸੋਹਣੀ ਵਰਗੇ ਨਾਂ ਕੇਵਲ ਆਪਣੀ ਖੂਬਸੂਰਤੀ ਲਈ ਹੁਣ ਤੱਕ ਮਿਸਾਲ ਵਜੋਂ ਗਿਣੇ ਜਾਂਦੇ ਹਨ। ਖਾਸਕਰ ਪੰਜਾਬਣ ਨੂੰ ਤਾਂ ਰੱਬ ਨੇ ਖੁੱਲ੍ਹੇ ਦਿਲ ਨਾਲ ਏਸ ਤੋਹਫੇ ਨਾਲ ਨਿਵਾਜ਼ਿਆ ਹੈ। ਖੁੱਲ੍ਹੇ ਖਾਣ -ਪੀਣ ਤੇ ਸੋਹਣੀ ਆਬੋ ਹਵਾ ਸਦਕਾ ਲੰਮ ਸਲੰਮੇ ਕੱਦ, ਦਿਲ ਖਿੱਚਵੇਂ ਨਕਸ਼, ਭਰਵੇਂ ਸਰੀਰ, ਕੂਕਦੀ ਅਵਾਜ਼ ਤੇ ਸੋਹਣੀ ਫਬਤ ਹਰ ਕਿਸੇ ਦਾ ਦਿਲ ਬਦੋ ਬਦੀ ਮੋਹ ਲੈਂਦੀ ਹੈ। ਪੰਜਾਬ ਦੀ ਏਸ ਧੀ ਕੋਲ ਸੂਰਤ ਤੋਂ ਇਲਾਵਾ ਸੀਰਤ ਦਾ ਵਿਸ਼ੇਸ਼ ਗੁਣ ਵੀ ਹੈ। ਸਾਰੇ ਘਰ ਦੀ ਕਬੀਲਦਾਰੀ ਆਪਣੇ ਮੋਢਿਆਂ ਤੇ ਚੁੱਕ, ਚੁੱਲ੍ਹੇ ਚੌਂਕੇ ਤੋਂ ਇਲਾਵਾ ਆਪਸੀ ਮੇਲ ਮਿਲਾਪ, ਹਰ ਆਏ ਗਏ ਦਾ ਖੁੱਲਾ ਸਵਾਗਤ, ਮਾਂ, ਧੀ, ਭੈਣ, ਭਰਜਾਈ ਤੇ ਪਤਨੀ ਦੇ ਵੱਖ-ਵੱਖ ਕਿਰਦਾਰਾਂ 'ਚ ਉਹ ਪੂਰੀ ਉਤਰਦੀ ਹੈ। ਸਾਦਗੀ, ਸ਼ਰਮ ਤੇ ਹਲੀਮੀ ਉਸਦੇ ਗਹਿਣੇ ਹਨ। ਉਹ ਗਿੱਧਿਆਂ ਦੀ ਰਾਣੀ ਬਣ ਪੈਲ਼ਾਂ ਪਾਉਂਦੀ ਹੈ ਤੇ ਕਦੇ ਹਾਣਦੀਆਂ ਨਾਲ ਗਾਉਂਦੀ ਅੰਬਰੀ ਕੂਕਦੀ ਸੁਣਾਈ ਦਿੰਦੀ ਹੈ। ਮੋਰਨੀਆਂ ਵਰਗੀ ਤੋਰ, ਖਿੜ ਖਿੜਾਉਂਦਾ ਹਾਸਾ, ਦਗ਼-ਦਗ਼ ਕਰਦੇ ਚਿਹਰੇ, ਕਾਲੇ ਸ਼ਾਹ ਲੰਮੇ ਵਾਲ਼ ਕਿਸੇ ਖ਼ਿਤਾਬ ਜਾਂ ਤਰੀਫ਼ ਦੇ ਮੁਹਤਾਜ ਨਹੀਂ।



ਪਰ ਪੰਜਾਬ ਦੀ ਇਸ ਸੋਹਣੀ ਧੀ ਨੇ ਕੇਵਲ ਸੁਹਪਣ  ਦਾ ਤਾਜ ਹੀ ਸਿਰ ’ਤੇ ਨਹੀਂ ਸਜਾਈ ਰੱਖਿਆ ਸਗੋਂ ਸਮੇਂ-ਸਮੇਂ ਦਲੇਰੀ ਨਾਲ ਆਪਣੇ ਧਰਮ 'ਚ ਪਰਪੱਕਤਾ ਵਿਖਾਉਂਦਿਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਆਪਣੇ ਮਾਨ-ਸਨਮਾਨ ਨੂੰ ਕਾਇਮ ਰੱਖਣ ਲਈ ਡੱਟ ਕੇ ਖਲੋਂਦੀ ਵੀ ਰਹੀ ਹੈ। ਆਪਣੇ ਪਰਿਵਾਰ ਨੂੰ ਪਾਲਣ ਤੇ ਆਉਣ ਵਾਲੀ ਨਸਲ ਨੂੰ ਚੰਗੀ ਸੇਧ ਦੇਣ ਲਈ ਵਧੀਆ ਮਾਰਗ-ਦਰਸ਼ਕ ਵਜੋਂ ਫਰਜ਼ ਵੀ ਨਿਭਾਉਂਦੀ ਰਹੀ ਹੈ। ਉਸਦੇ ਇਸ ਖਾਸ  ਦਲੇਰੀ ਅਤੇ ਸਮਝਦਾਰੀ ਭਰੇ ਪੱਖ ਨੂੰ ਮੁੱਖ ਰੱਖ ਸਾਡੀ ਬੋਲੀ ਵਿੱਚੋਂ ਸਦਾ ਹੀ ਮਾਂ, ਧੀ, ਭੈਣ ਜਾਂ ਬੀਬੀ ਵਰਗੇ ਇੱਜ਼ਤ ਭਰੇ ਸ਼ਬਦਾਂ ਨਾਲ ਨਿਵਾਜ਼ੀ ਜਾਂਦੀ ਰਹੀ ਹੈ। ਆਪਣੀ ਹੱਦ 'ਚ ਰਹਿੰਦਿਆਂ ਗੈਰਤ ਨਾਲ ਜਿਊਣ ਵਾਲੀ ਔਰਤ ਸਦਾ ਹੀ ਅਲ੍ਹੜ ਉਮਰੇ ਸਾਰੇ ਪਿੰਡ ਦੀ ਧੀ, ਵਿਆਹੀ ਜਾਣ ਮਗਰੋਂ  ਸਹੁਰੇ ਪਿੰਡ ਦੀ ਨੂੰਹ ਤੇ ਭਰਜਾਈ, ਨਿਕੜੇ ਬਾਲਾਂ ਦੀ ਮਾਂ ਤੇ ਸਿਆਣੀ ਉਮਰੇ ਸਾਰੇ ਪਿੰਡ ਦੀ ਦਾਦੀ ਤੇ ਚੰਗੀ ਸਲਾਹਕਾਰ ਬਣ ਸਤਿਕਾਰ ਭਰਿਆ ਜੀਵਨ ਬਤੀਤ ਕਰਦੀ ਹੈ। ਜੇਕਰ ਇਤਿਹਾਸਕ ਨਜ਼ਰੀਏ ਨਾਲ ਵੇਖੀਏ ਤਾਂ ਬੇਬੇ ਨਾਨਕੀ ਜੀ, ਬੀਬੀ ਵੀਰੋ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ ਵਰਗੇ ਅਨੇਕਾਂ ਨਾਂ ਅੱਖਾਂ ਅੱਗੇ ਆ ਜਾਂਦੇ ਹਨ। ਜਿਹਨਾਂ ਧਰਮ ਦੇ ਰਾਹ ਤੇ ਤੁਰਦਿਆਂ ਆਪਣਾ ਜੀਵਨ ਬਤੀਤ ਕੀਤਾ। ਅਣਗਿਣਤ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲ਼ਾਂ 'ਚ ਪਵਾ ਲਏ ਪਰ ਸਿੱਖੀ ਸਿੱਦਕ ਨਾ ਹਾਰਿਆ। ਇਹੀ ਨਹੀਂ ਸਗੋਂ ਲੋੜ ਪੈਣ ’ਤੇ ਯੁੱਧ ਦੇ ਮੈਦਾਨ 'ਚ ਆਪਣੀ ਨਿਰਭੈਤਾ ਅਤੇ ਦਲੇਰੀ ਦੇ ਜੌਹਰ ਵੀ ਵਿਖਾਏ। ਰਾਣੀ ਦੀ ਪਦਵੀ ਤੇ ਬੈਠਿਆਂ ਮਾਤਾ ਸਦਾ ਕੌਰ, ਮਾਤਾ ਚੰਦ ਕੌਰ, ਮਹਾਰਾਣੀ ਜਿੰਦਾਂ, ਰਾਣੀ ਫੱਤੋ ਵਰਗੀਆਂ ਸਿਰ ਕੱਢਵੀਆਂ ਬੀਬੀਆਂ ਆਗੂ ਬਣ ਆਪਣੇ ਫਰਜ਼ ਨਿਭਾਉਂਦੀਆਂ ਨਜ਼ਰੀ ਆਉਂਦੀਆਂ ਹਨ। ਜੇ ਗੱਲ ਕਰੀਏ ਬੁੱਧੀ ਦੀ ਤਾਂ ਸਾਹਿਤ, ਚਿਤਰਕਾਰੀ, ਗਿਆਨ-ਵਿਗਿਆਨ ਆਦਿ ਖੇਤਰਾਂ  ਵਿੱਚ ਵੀ ਔਰਤ ਨੇ ਆਪਣੀ ਇੱਕ ਵੱਖਰੀ ਥਾਂ ਬਣਾਈ ਹੈ। ਘਰੇਲੂ ਫਰਜ਼ ਨਿਭਾਉਂਦਿਆਂ ਚੁੱਲ੍ਹੇ ਚੌਂਕੇ ਸਾਂਭਦੀਆਂ, ਪੱਠੇ ਵੱਢਦੀਆਂ, ਖੇਤਾਂ 'ਚ ਕੰਮ ਕਰਦੀਆਂ, ਰੋਜ਼ੀ ਰੋਟੀ ਕਮਾਉਂਦੀਆਂ,ਆਪਣੇ ਟੱਬਰ-ਟੀਰ ਪਾਲਦੀਆਂ ਕਿਸੇ ਆਸਰੇ ਦੀਆਂ ਮੁਹਥਾਜ ਨਹੀਂ।

ਹੁਣ ਗੱਲ ਕਰੀਏ ਕਿ ਪੰਜਾਬ ਦੀ ਇਹ ਦਿਲ ਖਿੱਚਵੀਂ ਸੂਰਤ ਵਾਲੀ, ਸਿਰ ਕੱਢਵੀਂ ਸੀਰਤ ਵਾਲੀ, ਮਾਪਿਆਂ ਦਾ ਮਾਣ ਤੇ ਭਵਿੱਖ ਦਾ ਨਿਰਮਾਣ ਕਰਨ ਵਾਲੀ ਇਹ ਪੰਜਾਬਣ ਅੱਜ ਆਪਣੇ ਵਿਰਸੇ ਨੁੰ ਕਿੰਨਾ 'ਕੁ ਸਾਂਭ ਰਹੀ ਹੈ? ਕੋਈ ਪੰਦਰਾ ਸੋਲ਼ਾਂ ਸਾਲ ਪਹਿਲਾਂ ਝੁੱਲੀ ਇੱਕ ਹਨੇਰੀ ਵਿੱਚ ਇਸ ਮਜਬੂਤ ਨੀਂਹ ਤੇ ਖੜੀ ਇਹ ਪੰਜਾਬਣ ਆਪਣੇ ਪੈਰ ਧਰਤੀ ਤੇ ਟਿਕਾਈ ਨਾ ਰੱਖ ਸਕੀ। ਰੁੜ੍ਹ ਗਈ ਉਸ ਪਾਸੇ ਜਿੱਧਰ ਨਿਵਾਣ ਸੀ। ਆਪਣੇ ਇਤਿਹਾਸਕ ਪਿਛੋਕੜ ਤੇ ਮਰਿਆਦਾ ਦੀ ਦਹਿਲੀਜ਼  ਭੁੱਲ ,ਇੱਹ ਕਿਹੜੀ ਭਟਕਣਾ 'ਚ ਪੈ ਗਈ, ਇਸ ਨੂੰ ਆਪ ਨੂੰ ਵੀ ਨਹੀਂ ਪਤਾ। ਆਖਰ ਉਹ ਅਜਿਹੀ ਕਿਹੜੀ ਹਨੇਰੀ ਸੀ, ਜਿਸ ਨੇ ਇਸ ਦੇ ਦਿਲ ਤੇ ਦਿਮਾਗ ’ਤੇ ਪੜਦਾ ਪਾ ਦਿੱਤਾ ? ਉਹ ਹਨੇਰੀ ਸੀ ਸੁੰਦਰਤਾ ਦੇ ਤਾਜ ਦੀ, ਜਿਸਨੂੰ ਸਰਮਾਏਦਾਰਾਂ ਨੇ ਆਪਣੀਆਂ ਜੇਬਾਂ ਭਰਨ ਲਈ, ਆਪਣਾ ਸਮਾਨ ਬਿਨਾਂ ਕਿਸੇ ਮਿਹਨਤ ਦੇ ਮੰਡੀਆਂ 'ਚ  ਵੇਚਣ ਲਈ ਬੜੇ ਹੀ ਸੋਹਣੇ ਤੇ ਸੌਖੇ ਤਰੀਕੇ ਨਾਲ ਸਾਡੇ ਘਰੋ ਘਰੀ ਝੁੱਲਾ ਦਿੱਤੀ। ਅੰਤਰ -ਰਾਸ਼ਟਰੀ ਮੰਚ ਤੋਂ ਸਾਡੇ ਵਰਗੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ 'ਚ ਆਪਣੀ ਮੰਡੀ ਸਥਾਪਤ ਕਰਨ ਲਈ ਸਾਡੀਆਂ ਮੁਟਿਆਰਾਂ ਨੂੰ ਦੁਨੀਆਂ ਦੀ ਤਾਂ ਕੀ ਯੂਨੀਵਰਸ ਭਾਵ ਪੂਰੇ ਬ੍ਰਹਮੰਡ ਦੀ ਸਭ ਤੋਂ ਹੁਸੀਨ ਔਰਤ ਦੇ ਖਿਤਾਬ ਭੇਂਟ ਕੀਤੇ ਗਏ। ਸਾਡੇ ਲੋਕਾਂ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ ਜਿਵੇਂ ਸਦੀਆਂ ਮਗਰੋਂ ਯਕਦਮ ਸਾਡੀ ਧਰਤੀ 'ਤੇ ਖੂਬਸੂਰਤ ਔਰਤਾਂ  ਵਿਖਾਈ ਦੇਣ ਲੱਗ ਪਈਆਂ ਹੋਣ। ਇਹ ਖਿਤਾਬ ਪਾਉਣ ਦੀ ਦੇਰ ਸੀ ਕਿ ਹਰ ਮੁਟਿਆਰ ਦੀਆਂ ਅੱਖਾਂ  ਅੱਗੇ ਇਹ ਸੁੰਦਰਤਾ ਦੇ ਤਾਜ ਨੂੰ ਪਾਉਣ ਦਾ ਸੁਪਨਾ ਘੁੰਮਣ-ਘੇਰੀਆਂ ਖਾਣ ਲੱਗਾ।  ਏਸ ਸੁਪਣੇ ਦੀ ਸਾਕਾਰੀ ਲਈ ਮਲਟੀ ਨੈਸ਼ਨਲ ਕੰਪਨੀਆਂ ਵੱਲੋਂ ਤਿਆਰ ਕੀਤੇ ਮੇਕ-ਅੱਪ ਦਾ ਸਾਮਾਨ, ਕੱਪੜੇ, ਗਹਿਣੇ ਧੜਾ ਧੜ ਖਰੀਦੇ ਜਾਣ ਲੱਗੇ। ਖਪਤਕਾਰਾਂ ਵੱਲੋਂ ਔਰਤ ਨੂੰ ਇੱਕ ਆਜ਼ਾਦੀ ਦਾ ਭੁਲੇਖਾ ਪਾ ਵਸਤੂ ਬਣਾ ਕੇ ਪੇਸ਼ ਕੀਤਾ ਗਿਆ। ਇਹ  ਵਸਤੂ ਬਣਨ ਲਈ ਕੁਝ ਗਿਣੇ ਮਿੱਥੇ ਬਣਾਵਟੀ ਮਾਪਦੰਡ ਵੀ ਰੱਖੇ ਗਏ। ਫੇਰ ਇਹਨਾਂ ਮਾਪ-ਦੰਡਾਂ ਉੱਤੇ ਖਰੀਆਂ ਉਤਰਨ ਲਈ ਆਪਣੇ ਜਿਸਮ ਦੀ ਨੁਮਾਇਸ਼ ਕਰਨ ਤੱਕ 'ਚ ਗੁਰੇਜ਼ ਨਾ ਕੀਤਾ ਗਿਆ। ਏਸ ਨਾਪੇ ਤਰਾਸ਼ੇ  ਜਿਸਮ  ਦੀ ਭਾਲ 'ਚ ਇਹਨਾਂ ਸੰਘਰਸ਼ਸ਼ੀਲ ਨਾਰਾਂ ਨੂੰ ਪਤਾ ਨਹੀਂ ਕਿੰਨੀਆਂ ਕੁ ਡਾਇਟਿੰਗਾਂ ਕਰਨੀਆਂ ਪਈਆਂ ਹੋਣ, ਮੂੰਹ 'ਤੇ ਮੇਕ-ਅੱਪ ਦੇ ਲੇਪ ਚਾੜਨੇ ਪਏ ਹੋਣ ਤੇ ਪਤਾ ਨਹੀਂ ਕਿੰਨੀ ਕੁ ਵਾਰ ਸ਼ੀਸ਼ੇ ਮੋਹਰੇ ਖੜ ਕੇ ਹੱਸਣ, ਤੁਰਨ ਤੇ ਬੋਲਣ ਦੀ ਪਰੈਕਟਿਸ ਕਰਨੀ ਪਈ ਹੋਵੇ।

ਫੇਰ ਉਹ ਦਿਨ ਦੂਰ ਨਹੀਂ ਸੀ ਕਿ ਸਾਡਾ ਅਮੀਰ ਵਿਰਸੇ ਵਾਲਾ, ਅਣਖੀਲਾ, ਕੁਰਬਾਨੀਆਂ ਭਰੇ ਇਤਿਹਾਸ ਦਾ ਮਾਲਕ ਪੰਜਾਬ ਇਸ ਹਨੇਰੀ ਤੋਂ ਵਾਂਝਾ ਰਹਿ ਜਾਂਦਾ। ਸਿੱਟੇ  ਵਜੋਂ ਅਸੀਂ ਵੀ ਇਕ ਮੰਚ ਤਿਆਰ ਕੀਤਾ।ਇੱਕ ਅਖੌਤੀ ਸੱਭਿਆਚਾਰਕ ਮੰਚ। ਜਿਸ ਤੋਂ ਪੰਜਾਬ ਦੀ ਸਭ ਤੋਂ ਸੋਹਣੀ ਮੁਟਿਆਰ ਜੋ ਪੰਜਾਬ ਦੇ ਅਕਸ ਨੂੰ ਵੀ ਪੇਸ਼ ਕਰਦੀ ਹੈ ਤੇ ਸਾਰੇ ਪੰਜਾਬ ਦੀਆਂ ਮੁਟਿਆਰਾਂ ਦੀ ਮੋਹਰੀ ਵੀ ਹੈ, ਚੁਣੀ ਜਾਣ ਲੱਗੀ। ਇਹ ਉਹ ਮੁਟਿਆਰ ਹੈ ਜੋ ਸਮੁੱਚੇ ਪੰਜਾਬ ਦੀਆਂ ਨਾਰਾਂ ਦੀ ਪ੍ਰਤੀਨਿਧ ਹੈ, ਸੱਭਿਆਚਾਰ ਨਾਲ ਜੁੜੀ ਹੋਈ ਹੈ, ਤੇ ਆਉਣ ਵਾਲੀਆਂ ਪੰਜਾਬ ਦੀਆਂ ਧੀਆਂ ਦੀ ਮਾਰਗ ਦਰਸ਼ਕ ਵੀ ਹੈ। ਇਹ ਸੋਚੇ ਸਮਝੇ ਬਿਨਾਂ ਕਿ ਸਾਨੂੰ ਇਹਨਾਂ ਮੁਕਾਬਲਿਆਂ ਦੀ ਕਿੰਨੀ 'ਕੁ ਲੋੜ ਹੈ  ਜਾਂ ਸਾਡੇ ਸੱਭਿਆਚਾਰ 'ਚ ਇਹ ਮੁਕਾਬਲੇ ਕਿੰਨੇ 'ਕੁ ਢੁਕਵੇਂ ਹਨ ਅਸੀਂ  ਏਸ ਮੁਕਾਬਲੇ ਨੂੰ ਖੁੱਲੇ ਦਿਲ ਨਾਲ ਸਵੀਕਾਰਿਆ ਹੀ ਨਹੀਂ ਸਗੋਂ ਆਪਣੇ ਸੱਭਿਆਚਾਰ ਦਾ ਹਿੱਸਾ ਤੱਕ ਬਣਾ ਲਿਆ ਹੈ। ਪਰ ਆਓ ਹੁਣ ਜ਼ਰਾ ਖੁੱਲੇ ਦਿਮਾਗ ਨਾਲ ਵਿਚਾਰ ਕਰੀਏ ਕਿ ਇਹ ਸੁੰਦਰਤਾ ਦੇ ਤਾਜ ਸਾਡੇ ਸਮਾਜ ਲਈ ਕਿੰਨੇ 'ਕੁ ਲੋੜੀਂਦੇ ਹਨ? ਸਾਡੇ ਸੱਭਿਆਚਾਰ ਤੇ ਧਰਮ ਅਨੁਸਾਰ ਕਿੰਨੇ 'ਕੁ ਢੁੱਕਵੇਂ ਹਨ ਅਤੇ ਕਿਹੋ ਜਹੇ ਭਵਿੱਖ ਦੀ ਉਸਾਰੀ ਕਰ ਰਹੇ ਹਨ?

ਸਾਡੇ ਸਮਾਜ ਵਿਚ ਔਰਤ ਨੂੰ ਧੀ, ਭੈਣ, ਬੀਬੀ ਜਾਂ ਮਾਂ ਕਹਿ ਕੇ ਸੱਦਿਆ ਜਾਂਦਾ ਹੈ ਤੇ ਹਰ ਕਿਸੇ ਨੂੰ ਆਪਣੀ ਧੀ, ਮਾਂ ਜਾਂ ਭੈਣ ਸੋਹਣੀ ਲੱਗਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਮਾਂ ਦੀ ਨਜ਼ਰ 'ਚ ਉਸ ਦਾ ਹਰ ਬੱਚਾ ਸੋਹਣਾ ਹੁੰਦਾ ਹੈ। ਇਸ ਦਾ ਭਾਵ ਹੈ ਕਿ ਸੁਹਪਣ ਸੂਰਤਾਂ 'ਚ ਨਹੀਂ ਰਿਸ਼ਤਿਆਂ ਵਿੱਚ ਹੁੰਦਾ ਹੈ। ਜੇ ਏਸ ਗੱਲ ਨੂੰ ਵਿਚਾਰੀਏ ਤਾਂ ਇਹਨਾਂ ਮੁਕਾਬਲਿਆਂ ਦਾ ਹੋਣਾ ਹੀ ਵਿਅਰਥ ਸਾਬਤ ਹੋ ਜਾਂਦਾ ਹੈ। ਪਰ ਖੈਰ! ਗੱਲ ਕਰੀਏ  ਸੁੰਦਰਤਾ ਦੇ ਏਸ ਮੁਕਾਬਲੇ ਦੀ,ਜੋ 'ਮਿਸ ਪੰਜਾਬਣ" ਦੇ ਸਿਰਲੇਖ ਹੇਠ ਇੱਕ ਅਖੌਤੀ ਸੱਭਿਆਚਾਰਕ ਮੰਚ ਤੋਂ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕੀਤਾ ਗਿਆ। ਕਿਉਂਕਿ ਸਾਡਾ ਸੱਭਿਆਚਾਰ ਵਿਚ ਕੋਈ ਵੀ ਪਿਓ ਜਾਂ ਭਰਾ ਆਪਨੀ ਧੀ ਜਾਂ ਭੈਣ ਦੀ ਖੂਬਸੂਰਤੀ ਦੀ ਸਿਫ਼ਤ ਕਿਸੇ ਦੇ ਮੂੰਹੋਂ ਸੁਣਨਾ ਪਸੰਦ ਨਹੀਂ ਕਰ ਸਕਦਾ, ਜਿਸ ਕਾਰਨ ਇਸ ਮੁਕਾਬਲੇ ਦਾ ਸਿਰਲੇਖ "ਧੀ ਪੰਜਾਬਣ" ਜਾਂ "ਭੈਣ ਪੰਜਾਬਣ" ਨਹੀਂ ਸੀ ਰਖਿਆ ਜਾ ਸਕਦਾ। ਆਪਣੀ ਧੀ ਜਾਂ ਭੈਣ ਖੁੱਲੇ ਮੰਚ 'ਤੇ ਖਲ੍ਹਾਰਕੇ ਉਸ ਦੀ ਸੂਰਤ ਤੇ ਸਰੀਰਕ ਬਣਤਰ ਦੀ ਤਰੀਫ਼ ਸੁਣਨਾ ਸ਼ਾਇਦ ਥੋੜਾ ਕਠਿਨ ਵੀ ਹੋਵੇ । ਇਸ ਲਈ "ਮਿਸ ਪੰਜਾਬਣ" ਹੀ ਸਹੀ ਹੈ।
 
ਖੈਰ ਹੁਣ ਗੱਲ ਕਰੀਏ ਇਹਨਾਂ ਮੁਕਾਬਲਿਆਂ ਦੀ ਪਰੀਭਾਸ਼ਾ ਦੀ। ਮੰਚ ਤੇ ਖੜੇ ਸਕੱਤਰ ਪੰਜਾਬੀਆਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਯਕੀਨ ਦਵਾ ਰਹੇ ਹੁੰਦੇ ਹਨ ਕਿ ਇਹ ਮੰਚ ਇੱਕ ਸੱਭਿਆਚਾਰਕ ਮੰਚ ਹੈ। ਫੇਰ ਖੂਬਸੂਰਤੀ ਨਾਪਣ ਲਈ ਸੱਦੇ ਗਏ ਜੱਜਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਜੱਜ ਸਾਹਿਬਾਨ  ਪੂਰਨ ਰੂਪ ਵਿੱਚ ਖੂਬਸੂਰਤੀ ਦੇ ਮਾਪ ਦੰਡਾਂ ਦੇ 'ਮਾਹਰ'  ਹਨ ਤੇ ਪੰਜਾਬ ਦੇ ਪਿਛੋਕੜ ਅਤੇ ਸੱਭਿਆਚਾਰ ਤੋਂ ਵੀ ਬਾਖੂਬੀ ਵਾਕਫ  ਹਨ। ਇਸ ਤੋਂ ਬਾਦ ਵਾਰੀ ਆਉਂਦੀ  ਹੈ ਉਹਨਾਂ ਮੁਟਿਆਰਾਂ ਦੀ ਜਿਨ੍ਹਾਂ ਦਿਨ ਰਾਤ ਇਕ ਕਰਕੇ ਏਸ ਮੁਕਾਬਲੇ ਦੀ ਤਿਆਰੀ ਕੀਤੀ ਹੁੰਦੀ ਹੈ। ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਮੰਚ ਤੋਂ ਸਕੱਤਰ ਦੇ ਮੂੰਹੋਂ ਪਹਿਲਾ ਸ਼ਬਦ ਨਿਕਲਦਾ ਹੈ "ਇੰਟ੍ਰੋਡਕਸ਼ਨ ਰਾਊਂਡ" ਭਾਵ ਆਪਣੀ ਨਿੱਜੀ ਜਾਣ ਪਛਾਣ। ਜਾਂ ਤਾਂ ਉਹਨਾਂ ਦੀ ਨਜ਼ਰ 'ਚ ਪੰਜਾਬੀ ਬੋਲੀ 'ਚ ਇਸ ਸ਼ਬਦ ਦਾ ਬਦਲ ਨਹੀਂ ਹੈ ਤੇ ਜਾਂ ਫੇਰ ਸ੍ਰੋਤਿਆਂ 'ਚ ਵੱਡੀ ਗਿਣਤੀ ਗੈਰ ਪੰਜਾਬੀਆਂ ਦੀ ਹੋਵੇ। ਚਲੋ ਖੈਰ! ਕਾਰਨ ਚਾਹੇ ਜੋ ਵੀ ਹੋਵੇ ਸਾਡੀਆਂ ਧੀਆਂ ਭੈਣਾਂ ਵਾਰੋ ਵਾਰ ਆਪਣੀ ਜਾਣਕਾਰੀ ਦਿੰਦੀਆਂ ਹਨ ਤੇ ਫੇਰ ਲੜੀ ਸ਼ੁਰੂ ਹੁੰਦੀ ਹੈ ਬਾਕੀ ਰਾਊਂਡਾਂ ਦੀ, "ਬਿਊਟੀਫ਼ਲ ਸਮਾਇਲ ਰਾਊਂਡ" ਭਾਵ ਕਿ ਕਿਸ ਮੁਟਿਆਰ ਨੂੰ ਸਹੀ ਹੱਸਣਾ ਆਉਂਦਾ ਹੈ। 'ਮਾਹਰਾਂ'( ਜੱਜਾਂ) ਅਨੁਸਾਰ ਜਿਸ ਮੁਟਿਆਰ ਨੂੰ ਮੁਸਕੁਰਾਉਣਾ ਆਉਂਦਾ ਹੈ ਉਹ ਇਸ ਖਿਤਾਬ ਦੀ ਹੱਕਦਾਰ ਹੈ ਤੇ ਦੂਜੀਆਂ ਮੁਟਿਆਰਾਂ  ਦੇ ਮੁਸਕੁਰਾਉਣਾ 'ਚ ਕੀ ਕਮੀ ਸੀ ਤੇ ਉਸ ਕਮੀ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ, ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਫੇਰ ਵਾਰੀ ਆਉਂਦੀ ਹੈ "ਗਿੱਧਾ ਰਾਊਂਡ" ਦੀ ਜਿਸ ਵਿੱਚ ਪਿੱਛੇ ਬੋਲੀਆਂ ਦੀ ਟੇਪ ਲਾ ਦਿੱਤੀ ਜਾਂਦੀ ਹੈ ਤੇ  ਪੰਜਾਬਣਾਂ ਵਾਰੋ ਵਾਰ ਦੱਸੀ ਗਈ ਬੋਲੀ ਤੇ ਮੂੰਹ ਹਿਲਾ ਗਿੱਧਾ ਪਾਉਂਦੀਆਂ ਹਨ। "ਡਾਂਸ ਰਾਉਂਡ"ਵਿਚ ਕਿਸੇ ਪੁਰਾਣੇ ਗਾਣੇ ਦੀ ਟੇਪ ’ਤੇ ਨੱਚ ਕੇ ਵਿਖਾਇਆ ਜਾਂਦਾ ਹੈ, ਜੋ ਕਿ ਇੱਕ ਫਿਲਮੀ ਦ੍ਰਿਸ਼ ਵਰਗਾ ਨਜ਼ਾਰਾ ਹੁੰਦਾ ਹੈ। ਫੇਰ  ਵਾਰੋ ਵਾਰ ਘੜੇ ’ਚੋਂ ਪਰਚੀ ਕੱਢ ਆਪੋ ਆਪਣੇ ਹਿੱਸੇ ਆਏ ਵਿਸ਼ੇ ’ਤੇ ਬੋਲੀ ਪਾ ਕੇ ਵਿਖਾਉਣ ਲਈ ਕਿਹਾ ਜਾਂਦਾ ਹੈ ਤੇ ਮੇਰੀਆਂ ਇਹ ਭੋਲੀਆਂ ਨਿੱਕੀਆਂ ਭੈਣਾਂ ਜਿਵੇਂ ਦੱਸਿਆ ਜਾਂਦਾ ਹੈ ਕਰੀ ਜਾਂਦੀਆਂ ਹਨ। ਇਸ ਤੋਂ ਬਾਦ ਵਾਰੀ ਆਉਂਦੀ ਹੈ ਸੀਰਤ ਨਾਪਣ ਦੀ, ਜਿਸ ਵਿੱਚ ਸਭਤੋਂ ਪਹਿਲਾਂ ਗੱਲ ਕਰੀਏ ਓਸ ਪੱਖ ਦੀ ਜਿਸ ਵਿੱਚ ਪੰਜਾਬਣਾਂ ਦੀ ਕਿੰਨੀ 'ਕੁ ਮੁਹਾਰਤ ਹੈ ਦਸਣ ਦੀ ਲੋੜ ਨਹੀਂ। ਉਹ ਪੱਖ ਹੈ "ਹਾਊਸ ਹੋਲਡ ਵਰਕ ਰਾਊਂਡ" ਭਾਵ ਘਰੇਲੂ ਕੰਮ ਕਾਜ ਵਿੱਚ ਨਿਪੁੰਨਤਾ।

ਮੁਟਿਆਰਾਂ ਵਾਰੀ-ਵਾਰੀ ਘੜੇ 'ਚੋਂ ਪਰਚੀ ਕੱਢਦੀਆਂ ਹਨ ਤੇ ਓਸ ਪਰਚੀ ’ਤੇ ਲਿਖੇ ਕਾਰਜ ਕਰ ਕੇ ਵਿਖਾਉਂਦੀਆਂ ਹਨ। ਕਿਸੇ ਮੁਟਿਆਰ ਦੀ ਪਰਚੀ  ’ਤੇ ਸਾਗ ਚੀਰਕੇ ਵਿਖਾਉਣ ਲਈ ਲਿਖਿਆ ਆਉਂਦਾ ਹੈ ਤੇ ਕਿਸੇ ਨੂੰ ਦੁੱਧ ਰਿੜਕਣ ਲਈ ਕਿਹਾ ਜਾਂਦਾ ਹੈ। ਇਹ ਮੁਟਿਆਰਾਂ ਜਿਨ੍ਹਾਂ ਨੂੰ ਸ਼ਾਇਦ ਏਹ ਵੀ ਨਾ ਪਤਾ ਹੋਵੇ ਸਾਗ ਕੱਟੀ ਦਾ ਨਹੀਂ ਚੀਰੀ ਦਾ ਹੈ, ਗੰਨਾ ਖਾਈ ਦਾ ਨਹੀਂ ਚੂਪੀ ਦਾ ਹੈ। ਗੱਲ ਕੀ ਜੀ ਇਹਨਾਂ ਵਿੱਚੋਂ ਕਈਆਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਕੱਟਾ ਮੱਝ ਦਿੰਦੀ ਹੈ ਕੇ ਗਾਂ? ਫੇਰ ਪਲਾਂ ਵਿੱਚ ਹੀ ਮਾਹਰਾਂ(ਜੱਜਾਂ) ਵੱਲੋਂ ਏਹ ਪਤਾ ਕਰ ਲਿਆ ਜਾਂਦਾ ਹੈ ਕਿ ਕਿਹੜੀ ਮੁਟਿਆਰ ਘਰੇਲੂ ਕੰਮ ਕਾਜ ਵਿਚ ਸੁਚੱਜੀ ਹੈ ਤੇ ਖਿਤਾਬ ਦੀ ਅਸਲ ਹੱਕਦਾਰ ਹੈ। "ਟੇਲੈਂਟ ਰਾਉਂਡ" ਭਾਵ ਨਿੱਜੀ ਹੁਨਰ ਜਿਸ ਵਿੱਚ ਇਹ ਰੂਪਵੰਤੀਆਂ ਆਪਣਾ ਆਪਣਾ ਹੁਨਰ ਪੇਸ਼ ਕਰਦੀਆਂ, ਕਦੇ ਭਰੂਣ ਹੱਤਿਆ ਤੇ ਕਵਿਤਾ ਸੁਣਾਉਂਦੀਆਂ ਹਨ, ਕਦੇ ਚੁਟਕਲੇ ਸੁਣਾਉਂਦੀਆਂ ਹਨ ਤੇ ਕਦੇ ਘੋੜੀ ਜਾਂ ਸੁਹਾਗ ਗਾ ਕੇ ਸੁਣਾਉਂਦੀਆਂ ਹਨ। ਇਹ ਹੁਨਰ ਕਿੰਨਾ 'ਕੁ ਅਸਲ ਹੁੰਦਾ ਹੈ ਸਾਫ਼ ਨਜ਼ਰੀਂ ਆ ਰਿਹਾ ਹੁੰਦਾ ਹੈ।

ਅੱਗੇ ਹੈ "ਕੁਇਜ਼ ਰਾਊਂਡ" ਭਾਵ ਗਿਆਨ ਦੀ ਪਰਖ। ਏਸ ਪਰਖ ਲਈ ਬੋਲੀ, ਰਿਸ਼ਤੇ ਜਾਂ ਸ਼ਹਿਰਾਂ ਆਦਿ ਨਾਲ ਸੰਬੰਧਤ ਸਵਾਲ ਪੁੱਛੇ ਜਾਂਦੇ ਹਨ ਤੇ ਜਾਂ ਫੇਰ ਪੁੱਠੇ ਸਿੱਧੇ ਸਵਾਲ ਪੁੱਛੇ ਜਾਂਦੇ ਹਨ ਕਿ ਜੇ ਸੱਸ ਰੁੱਸ ਜਾਏ ਤਾਂ ਕੀ ਕਰੋਗੇ ਜਾਂ ਘਰ 'ਚ ਅਚਾਨਕ ਤਿੰਨ ਚਾਰ ਪ੍ਰਾਹੁਣੇ ਆ ਜਾਣ ਤਾਂ ਏਸ ਔਖੇ ਵੇਲੇ ਕੀ ਹੀਲਾ ਕਰੋਗੇ ? ਅਖੀਰ,ਸਭ ਤੋਂ ਵੱਧ ਪੰਜਾਬੀ ਕਦਰਾਂ ਕੀਮਤਾਂ ਤੋਂ ਉਲਟ ਰਾਊਂਡ ਹੈ "ਬਰਾਈਡਲ ਰਾਊਂਡ"। ਪੂੰਜੀਵਾਦੀ ਸਮਾਜ ਨੇ ਪੈਸੇ ਬਟੋਰਨ ਲਈ ਇਹਨਾਂ ਮੁਟਿਆਰਾਂ ਦੇ ਅਣਭੋਲ ਚਾਵਾਂ ਤੇ ਅਲ੍ਹੜ ਸਧਰਾਂ ਨੂੰ ਵੀ ਵਿਕਾਊ ਬਣਾ ਦਿੱਤਾ। ਪੈਸੇ ਦੇ ਲਾਲਚ ਨੇ ਮੁਟਿਆਰ ਦੇ ਸਭ ਤੋਂ ਹੁਸੀਨ ਸੁਪਨੇ ਭਾਵ ਲਾੜੀ ਬਣਨ ਦੇ ਚਾਅ ਨੂੰ ਵੀ ਨਾ ਬਖਸ਼ਿਆ ਤੇ ਏਸ ਅਖੌਤੀ ਸੱਭਿਆਚਾਰਕ ਮੰਚ 'ਤੇ ਇਹਨਾਂ ਮੁਟਿਆਰਾਂ ਨੂੰ ਵਹੁਟੀ ਬਣਾਕੇ ਵਿਆਹ ਤੋਂ ਪਹਿਲਾਂ ਹੀ ਤੋਰ ਦਿੱਤਾ ਗਿਆ। ਇਸ ਰਾਊਂਡ ਵਿਚ ਵਹੁਟੀ ਦਾ ਪਹਿਰਾਵਾ ਪੂਰਨ ਰੂਪ 'ਚ ਫਿਲਮੀ ਤੇ ਨਾਟਕਾਂ ਦੀਆਂ ਨਾਇਕਾਵਾਂ ਵਾਲਾ ਹੁੰਦਾ ਹੈ ਜੋ ਕਿ ਸਾਡੇ ਰਿਵਾਇਤੀ ਪਹਿਰਾਵੇ ਤੋਂ ਕੋਹਾਂ  ਦੂਰ ਹੈ। ਇਹ ਰਾਊਂਡ ਮਰਿਆਦਾ  ਦੀਆਂ  ਹਰ ਹੱਦ ਬੰਨ੍ਹੇ ਤੋੜਦਾ, ਸਭਿਆਚਾਰ ਨੂੰ ਕਿੱਲੀ ਤੇ ਟੰਗਦਾ ਤੇ ਔਰਤ ਦਾ ਬੜਾ ਖੂਬਸੂਰਤ ਢੰਗ ਨਾਲ ਮਜ਼ਾਕ ਉਡਾਉਂਦਾ ਅਤੇ ਅਪਮਾਨ ਕਰਦਾ ਹੈ।

ਆਖਰ ਕੌਣ ਜ਼ਿੰਮੇਵਾਰ ਹੈ ਇਸ ਸਭ ਦਾ? ਕੀ ਅਸੀਂ ਅੱਜ ਏਨੀ ਗੂਹੜੀ ਨੀਂਦ ਸੌਂ ਗਏ ਹਾਂ ਕਿ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਜਾਂ ਫੇਰ ਸਾਡੇ ਦਿਮਾਗੀ ਪੱਧਰ ਹੀ ਏਨੇ ਨੀਵੇਂ ਹੋ ਗਏ ਹਨ ਕਿ ਸਾਨੂੰ ਮਾਨ ਤੇ ਅਪਮਾਨ ਦਾ ਫਰਕ ਹੀ ਪਤਾ ਨਹੀਂ  ਰਿਹਾ?  ਮੇਰਾ ਸਭ ਤੋਂ ਪਹਿਲਾ ਸਵਾਲ ਹੈ ਅਣਖੀ ਪੰਜਾਬੀਆਂ ਅੱਗੇ ਕਿ ਕੀ ਤੁਹਾਨੂੰ ਸੱਚਮੁੱਚ ਹੀ ਲੋੜ ਹੈ ਆਪਣੀਆਂ ਧੀਆਂ, ਭੈਣਾਂ ਦੀ ਖੂਬਸੂਰਤੀ ਦੇ ਸਬੂਤ ਦੀ? ਅੱਜ ਕਿੱਥੇ ਗਈ ਉਹ ਅਣਖ, ਜਦ ਕੋਈ ਸਾਡੇ ਧੀ-ਭੈਣ ਵੱਲ ਅੱਖ ਚੁੱਕਣ ਦੀ ਜ਼ੁਰੱਅਤ ਵੀ ਕਰਦਾ ਤੇ ਜਾਨ ਗਵਾ ਬਹਿੰਦਾ। ਪਰ ਅੱਜ ਅਸੀਂ ਆਪ ਕਹਿ ਰਹੇ ਹਾਂ,ਕਿ ਦੱਸੋ ਲੋਕੋ ਸਾਡੀ ਧੀ-ਭੈਣ ਸੋਹਣੀ ਹੈ ਜਾਂ ਨਹੀਂ? ਇਹਨਾਂ ਮੁਕਾਬਲਿਆਂ ਦਾ ਮਤਲਬ ਹੈ ਕਿ ਜੱਜ ਕਹਿਣ ਕਿ ਸਾਡੀ ਧੀ ਸੋਹਣੀ ਹੈ, ਤਾਂ ਹੈ, ਨਹੀਂ ਤਾਂ ਨਹੀਂ। ਕੀ ਏਹ ਮੰਚ ਸਾਡੇ  ਸੱਭਿਆਚਾਰ ਦਾ ਹਿੱਸਾ ਹਨ? ਕਿੰਨੇ ਕੁ ਜਾਇਜ਼ ਹਨ ਖੂਬਸੂਰਤੀ ਦੇ ਇਹ ਮਾਪ ਦੰਡ? ਕਿਸੇ ਦੀ ਖੂਬਸੂਰਤੀ ਨੂੰ ਨਾਪਣ ਦਾ ਕੀ ਕੋਈ ਪੈਮਾਨਾ ਹੋ ਸਕਦਾ ਹੈ? ਤੇ ਦੂਜਾ ਸਵਾਲ ਹੈ ਇਹਨਾਂ ਪੰਜਾਬਣਾਂ ਲਈ ਜੋ ਏਸ ਮੰਚ ਤੇ ਆਪਣੀ ਬਿਊਟੀ ਨੂੰ ਤਰੱਕੀ ਦਾ ਨਾਂ ਦੇ ਰਹੀਆਂ ਹਨ। ਇਹ ਔਰਤ ਨੂੰ ਗੁਲਾਮੀ ਚੋਂ ਕੱਢਣ ਲਈ ਭਰੂਣ ਹੱਤਿਆ ਤੇ ਚਾਰ ਗੱਲਾਂ ਤਾਂ ਕਰ ਰਹੀਆਂ ਹਨ ਪਰ ਆਖਣ ਵਾਲੀ ਨਸਲ ਨੂੰ ਬਚਾਉਣ ਲਈ ਇਹ ਕਿਹੜੇ ਠੋਸ ਕਦਮ ਚੁੱਕ ਰਹੀਆਂ ਹਨ? ਬਾਰ-ਬਾਰ ਮੂੰਹੋਂ ਨਿਕਲਦੇ ਫਿਕਰੇ ਕਿ ਅੱਜ ਔਰਤ ਮਰਦ ਦੇ ਬਰਾਬਰ ਹੈ, ਉਹਨਾਂ ਦੀ ਤ੍ਰਾਸਦੀ ਨੂੰ ਦਰਸਾਉਂਦੇ ਹਨ।  ਸ਼ਾਇਦ ਇਹਨਾਂ ਕਦੇ ਸਿੱਖ ਇਤਿਹਾਸ ਜਾਂ ਪੰਜਾਬ ਦੇ ਇਤਿਹਾਸ ਨੂੰ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੀਆਂ ਇਤਿਹਾਸਕ ਬੀਬੀਆਂ ਦੇ ਜੌਹਰ ਸ਼ਾਇਦ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਗਏ, ਜਿਨ੍ਹਾਂ ਧਰਮ, ਦੇਸ਼,ਕੌਮ ਤੇ ਅਣੱਖ ਲਈ ਆਪਾ ਵਾਰ ਦਿੱਤਾ। ਕੀ ਉਹ ਕਿਸੇ ਤੋਂ ਘੱਟ ਸਨ? ਦਸ਼ਮ ਪਿਤਾ ਗੁਰੂ ਗੌਬਿੰਦ ਸਿੰਘ ਜੀ ਨੇ 'ਕੌਰ' ਸ਼ਬਦ ਦੇ ਸਾਨੂੰ ਗਲ਼ ਨਾਲ ਲਾਇਆ ਤੇ ਬਰਾਬਰੀ ਦਾ ਦਰਜਾ ਦਿੱਤਾ । ਕੀ ਸਾਨੂੰ ਅਜੇ ਵੀ ਕਿਸੇ ਹੋਰ ਖਿਤਾਬ ਦੀ ਲੋੜ ਹੈ? ਹਰ ਉਹ ਇਨਸਾਨ ਜੋ ਕਿਰਤ ਕਰ, ਵੰਡ ਕੇ ਖਾਂਦਾ ਹੈ, ਅਣਖ ਨਾਲ ਜਿਊਂਦਾ ਹੈ, ਨਵੇਂ ਗਿਆਨ ਨੂੰ ਗ੍ਰਹਿਣ ਕਰਦਾ ਹੈ ਤੇ ਆਪਣੇ ਪਿਛੋਕੜ ਦੀ ਮਹਾਨਤਾ ਨੂੰ ਸਤਿਕਾਰਦਾ ਹੈ, ਉਹੀ ਇਨਸਾਨ ਕਿਸੇ ਦੇਸ਼, ਕੌਮ ਜਾਂ ਕਿਸੇ ਵਰਗ ਦੀ ਪ੍ਰਤਿਨਿਧਤਾ ਕਰ ਸਕਦਾ ਹੈ। ਗੁਰਬਾਣੀ ਦੀ ਤੁਕ "ਮਨ ਤੂੰ ਜੋਤਿ ਸਰੂਪ ਹੈ ਆਪਨਾ ਮੂਲੁ ਪਛਾਣ", ਆਪਨੇ ਆਪ ਵਿਚ ਬੇਅੰਤ ਭਾਵਾਂ ਨੂੰ ਸਮੋਈ ਬੈਠੀ ਹੈ। ਕਿਸੇ ਫੁਕਰੇ ਸੱਭਿਆਚਾਰ ਜਾਂ ਝੂਠੇ ਕਿਰਦਾਰ ਨਿਭਾਉਣ ਨਾਲੋਂ ਆਪਣੇ ਮੂਲ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਮੇਰੀਆਂ ਇਹ ਭੋਲੀਆਂ ਨਿੱਕੀਆਂ ਭੈਣਾਂ ਜੇ ਸੱਚੀਂ ਆਪਣੀ ਪਹਿਚਾਣ ਬਣਾਉਣਾ ਚਾਹੁੰਦੀਆਂ ਹਨ ਤਾਂ ਕਿਰਤ ਨਾਲ ਜੁੜਨ, ਇਤਿਹਾਸ ਨੂੰ ਪੜ੍ਹਨ, ਧਰਮ 'ਚ ਰਹਿਣ ਤੇ ਅਣਖੀ ਜੀਵਣ ਦੀਆਂ ਧਾਰਨੀ ਬਣਨ ਨਾ ਕਿ ਖੂਬਸੂਰਤੀ ਦੇ ਬੁੱਤ ਬਣ ਕੇ ਅਧਾਰਹੀਣ ਕਿਰਦਾਰ ਨਿਭਾਉਣ। ਜੇਕਰ ਕੋਈ ਵਿਅਕਤੀ ਕਿਸੇ ਖਾਸ ਵਰਗ ਦਾ ਮੋਹਰੀ ਬਣਨਾ ਚਾਹੇ ਤਾਂ ਉਸਨੂੰ ਉਸ ਵਰਗ ਦਾ ਪੂਰਨ ਰੂਪ ਵਿਚ ਭਾਸ਼ਾਈ, ਭੂਗੋਲਿਕ ਤੇ ਇਤਿਹਾਸਕ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ  ਨਾ ਕੇ ਵੰਨ ਸਵੰਨੇ ਕੱਪੜੇ, ਚਿਹਰਿਆਂ 'ਤੇ ਮੇਕ-ਅੱਪ ਦੀ ਪਰਤ ਜਾਂ ਨਕਲੀ ਵਖਾਵੇ ਦੀ।

ਸਭ ਤੋਂ ਵੱਡਾ ਸਵਾਲ ਅੱਜ ਸਾਡੇ ਸਭ ਅੱਗੇ ਖੜਾ ਹੈ ਕਿ ਕਿਸ ਭਵਿੱਖ ਦੀ ਭਾਲ ਵਿੱਚ ਹਾਂ ਅਸੀਂ? ਬਨਾਵਟੀ, ਨਕਲੀ ਤੇ ਫੁਕਰੇ ਭਵਿੱਖ ਲਈ ਇਹ ਸਭ ਵਿਅਰਥ ਦੀ ਭਟਕਣਾ ਹੈ। ਕੀ ਕਮੀ  ਹੈ ਸਾਡੇ ਵਿੱਚ? ਕਿਉਂ ਅਸੀਂ ਦੂਜਿਆਂ ਦੀ ਨਕਲ ਕਰ ਰਹੇ ਹਾਂ? ਕਿਉਂ ਅਣਖ ਮਰ ਗਈ ਹੈ ਸਾਡੀ? ਕਿਉਂ ਮੂਲ ਨਾਲੋਂ ਟੁੱਟ ਗਏ ਹਾਂ ਅੱਜ ਅਸੀਂ? ਇਤਿਹਾਸ ਅਸੀਂ ਸਾਂਭਦੇ ਨਹੀਂ, ਵਰਤਮਾਨ 'ਚ ਜੋ ਕਰ ਰਹੇ ਹਾਂ ਉਹ ਨਕਲੀ ਹੈ ਤੇ ਸਾਡਾ ਭਵਿੱਖ ਕੀ ਹੋਵੇਗਾ ਅੰਦਾਜ਼ਾ ਲਾਉਣਾ ਔਖਾ ਨਹੀਂ। ਅਸੀਂ ਅੱਖਾਂ ਮੀਟ ਹਨੇਰੀ ਗਲੀ ਵਿਚ ਦੌੜਦੇ ਜਾ ਰਹੇ ਹਾਂ, ਜਿਸਦਾ ਕੋਈ ਸਿਰਾ ਨਹੀਂ। ਸੱਭਿਆਚਾਰ ਸਾਡਾ ਹੈ, ਜ਼ਿੰਮੇਵਾਰੀ ਵੀ ਸਾਡੀ ਹੀ ਹੈ। ਇਸ ਨੂੰ ਵਿਗਾੜਨਾ ਸਾਡਾ ਹੀ ਕਸੂਰ ਹੈ ਤੇ ਸਵਾਰਨਾ ਵੀ ਸਾਡਾ ਹੀ ਫਰਜ਼ ਹੈ। ਪਾਠਕ ਆਪ  ਵਿਚਾਰ ਸਕਦਾ ਹੈ, ਸਮਝ ਸਕਦਾ ਹੈ ਕਿ ਕੀ ਅਸੀਂ ਪੱਲਿਓਂ ਪੈਸੇ ਦੇ ਕੇ ਕੰਪਨੀਆਂ ਤੇ ਚੈਨਲਾਂ ਦੀਆਂ ਜੇਬਾਂ ਭਰ, ਆਪਣਾ ਅਮੀਰ ਵਿਰਸਾ ਆਧੁਨਿਕਤਾ ਦੀ ਮੋਹਰ ਲਾ ਖਤਮ ਕਰਨਾ ਹੈ ਜਾਂ ਫੇਰ ਆਪਣੇ ਆਪੇ ਨੂੰ ਜਿਊਂਦਾ ਰੱਖ ਜੀਣਾ ਹੈ।
                                                                                      
ਸੰਪਰਕ: 530-312-0772
ਈ-ਮੇਲ: [email protected]          

Comments

Shonkey

Bhut Khoob Kafi Sohna Likheya Changa Rvega K Jyada To Jyada Girls Loka Nu Is Baare Jagrook Kita Jave Achhi Kossis A _________________

dhanwant bath

bahut vadia g....

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ