Sun, 08 September 2024
Your Visitor Number :-   7219734
SuhisaverSuhisaver Suhisaver

...ਤੇ ਬਿਮਾਰੀ ਹੈ ਟੀ ਐਂਡ ਐਫ ਸੀ ਯਾਨੀ ਫੇਸਬੁਕ ਤੇ ਟਵੀਟਰ -ਤਰਸੇਮ ਬਸ਼ਰ

Posted on:- 31-07-2015

suhisaver

ਸਿਰਦਰਦ ਤਾਂ ਪਹਿਲਾਂ ਵੀ ਸੀ ਪਰ ਘੱਟ ਸੀ। ਹੁਣ ਜਦੋਂ ਸਿਰ ਦਰਦ ਅਸਹਿ ਹੋ ਗਿਆ ਤਾਂ ਡਾਕਟਰ ਕੋਲੇ ਜਾਣਾ ਹੀ ਪਿਆ। ਘਰਦਿਆਂ ਨੇ ਜ਼ਬਰਦਸਤੀ ਡਾਕਟਰ ਕੋਲ ਭੇਜ ਦਿੱਤਾ, ਵਰਨਾ ਮੈਂ ਤਾਂ ਸਿਰਦਰਦ ਨੂੰ ਲੇਖਕ ਦੀ ਪ੍ਰਾਪਤੀ ਮੰਨਣ ਵਾਲਾ ਬੰਦਾ ਹਾਂ। ਹਜ਼ਾਰਾਂ ਸੋਚਾਂ, ਹਜ਼ਾਰਾਂ ਫਿਕਰ ਦੇਸ਼ ’ਚ ਕੀ ਹੋ ਰਿਹੈ, ਕਿਵੇਂ ਬੱਚੇ ਨਸ਼ਿਆਂ ’ਚ ਗਰਕ ਹੋ ਰਹੇ ਨੇ, ਵਿਰਸੇ ਨੂੰ ਭੁੱਲਦੇ ਜਾ ਰਹੇ ਨੇ, ਕਿਵੇਂ ਬੰਦੇ ਮਸ਼ੀਨਾਂ ਬਣਦੇ ਜਾ ਰਹੇ ਨੇ, ਆਮ ਆਦਮੀ, ਖਾਸ ਆਦਮੀ ਤੇ ਪਤਾ ਨਹੀਂ ਕੀ-ਕੀ। ਭਿ੍ਰਸ਼ਟਾਚਾਰ, ਕਾਲਾ ਧਨ ਤੇ ਪਤਾ ਨਹੀਂ ਕੀ ਕੁਝ......। ਸੋਚ ਹੈ, ਲੇਖਕ ਹਾਂ ਤਾਂ ਹੀ ਤਾਂ ਸਿਰਦਰਦ ਐ ਇਹ ਕੋਈ ਵੱਡੀ ਕੀਮਤ ਨਹੀਂ ਹੈ, ਲੇਖਕ ਹੋਣ ਦੀ।

ਉੱਤੋਂ ਡਾਕਟਰ ਨੇ ਗਜ਼ਬ ਕਰ ’ਤਾ, ਪਹਿਲੇ ਪਲ ਹੀ ਸਿਰ ਦਾ ਸਕੈਨ ਲਿਖ ਦਿੱਤਾ। ਡਰਦਿਆਂ ਕੀ ਗੁਜ਼ਰੀ, ਕਿਵੇਂ ਸਕੈਨ ਸੈਂਟਰ ਤੇ ਪਹੁੰਚਿਆ ਨਾ ਹੀ ਲਿਖਾਂ ਤਾਂ ਚੰਗਾ।

ਲੇਖਕ ਦੇ ਦਿਮਾਗ ਦਾ ਸਕੈਨ ਠੀਕ ਆਉਣ ਦੀ ਸੰਭਾਵਨਾ ਘੱਟ ਹੀ ਹੈ। ਭਲਾ ਹੋਵੇ ਨਾਲ ਦੇ ਮੁੰਡੇ ਦਾ ਜੋ ਮੇਰੇ ਨਾਲ ਹੀ ਹਸਪਤਾਲ ਸਕੈਨ ਕਰਾਉਣ ਗਿਆ ਸੀ। ਡਰਾਉਣਾ ਮਾਹੌਲ, ਡਰਾਉਣੇ ਸਵਾਲ ਤੇ ਦਿਲ ਧਕ-ਧਕ ਕਰ ਰਿਹਾ ਸੀ। ਰੱਬ-ਰੱਬ ਕਰਕੇ ਸਾਨੂੰ ਦੋਹਾਂ ਨੂੰ ਆਵਾਜ਼ ਪਈ। ਸਾਡੇ ਨਾਲ ਦੇ ਦੇਖਭਾਲ ਵਾਲੇ ਵੀ ਅੰਦਰ ਜਾ ਸਕਦੇ ਸਨ।

ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਛੋਟਾ ਜਿਹਾ ਵਿਚਾਰਾ ਦਿਲ ਸਹਿਮ ਕੇ ਹੋਰ ਛੋਟਾ ਹੋ ਗਿਆ। ਸਾਹਮਣੇ ਦੈਂਤ ਵਰਗੀ ਮਸ਼ੀਨ ਪਈ ਸੀ, ਜਿਸ ’ਤੇ ਅਸੀਂ ਲੇਟਣਾ ਸੀ ਤੇ ਫਿਰ ਉਹ ਬੰਦੇ ਨੂੰ ਆਪਣੇ ਅੰਦਰ ਲੈ ਜਾਂਦੀ ਹੈ। ਪਹਿਲਾਂ ਮੇਰੇ ਨੌਜਵਾਨ ਸਾਥੀ ਦੀ ਵਾਰੀ ਆਈ। ਉਹ ਮਸ਼ੀਨ ’ਤੇ ਲੇਟਿਆ। ਮੈਂ ਸੋਚ ਰਿਹਾ ਸੀ ਪਤਾ ਨਹੀਂ ਇਸ ਸੋਹਣੇ ਸੁਨੱਖੇ ਗੱਭਰੂ ਨੂੰ ਕੀ ਬਿਮਾਰੀ ਹੋਣੀ ਐ......ਵਿਚਾਰਾ....। ਮੁਲਾਜ਼ਮ ਉਸ ਦੇ ਸਿਰ ਨੂੰ ਮਸ਼ੀਨ ਵਿੱਚ ਇਸ ਤਰ੍ਹਾਂ ਸੈੱਟ ਕਰ ਰਹੇ ਸਨ ਕਿ ਉਹ ਹਿੱਲੇ ਨਾ ਪਰ ਉਸ ਨੇ ਦੋਸਤ ਨੂੰ ਇਸ਼ਾਰਾ ਕੀਤਾ ਤੇ ਦੋਸਤ ਨੇ ਕੈਮਰਾ ਕੱਢ ਕੇ ਫੋਟੂਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਫੋਟੋ ਲੈਣ ਵਾਲਾ ਦੋਸਤ ਧਿਆਨ ਰੱਖ ਰਿਹਾ ਸੀ ਕਿ ਚਿਹਰਾ ਸਾਫ ਨਜ਼ਰ ਆਵੇ। ਖੈਰ! ਕਿਵੇਂ ਨਾ ਕਿਵੇਂ ਉਹਦਾ ਸਕੈਨ ਹੋਇਆ ਤੇ ਫਿਰ ਡਰਦੇ ਕੰਬਦੇ ਦਾ ਮੇਰਾ ਵੀ।

ਰਿਪੋਰਟਾਂ ਲੈ ਕੇ ਡਾਕਟਰ ਦੇ ਕੋਲ ਪਹੁੰਚਿਆ ਤਾਂ ਉਹੀ ਸਾਥੀ ਦਵਾਈ ਲਿਖਾ ਕੇ ਬਾਹਰ ਨਿੱਕਲ ਰਿਹਾ ਸੀ। ਡਾਕਟਰ ਸਾਹਿਬ ਦੇ ਹੱਥਾਂ ਵਿੱਚ ਰਿਪੋਰਟ ਦੇ ਕੇ ਹੁਣ ਅਸੀਂ ਵੀ ਇੰਤਜ਼ਾਰ ਕਰ ਰਹੇ ਸਾਂ ਕਿ ਦੇਖੋ ਡਾਕਟਰ ਸਾਹਿਬ ਕੀ ਦੱਸਦੇ ਹਨ? ਡਾਕਟਰ ਸਾਹਿਬ ਨੇ ਹੋਰ ਸਭ ਠੀਕ ਦੱਸਿਆ ਪਰ ਫਾਲਤੂ ਸੋਚਾਂ ਤੋਂ ਪਰ੍ਹੇ ਰਹਿਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਮਸ਼ਵਰਾ ਦਿੱਤਾ। ਚੜ੍ਹਦੀ ਕਲਾ ਦਾ ਜ਼ਿਕਰ ਹੁੰਦਿਆਂ ਹੀ ਮੈਨੂੰ ਆਪਣੇ ਸਕੈਨ ਵਾਲੇ ਸਾਥੀ ਦਾ ਖਿਆਲ ਆ ਗਿਆ। ਇੰਨੇ ਤਣਾਅ ਤੇ ਡਰਾਉਣੇ ਮਾਹੌਲ ਵਿੱਚ ਵੀ ਉਹ ਫੋਟੂਆਂ ਖਿਚਵਾ ਰਿਹਾ ਸੀ । ਮੈਂ ਉਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਤੋਰ ਹੀ ਲਈ, ਮਸ਼ੀਨ ’ਤੇ ਪਿਆਂ ਫੋਟੋ ਖਿਚਵਾਉਣ ਵਾਲੀ ਗੱਲ ਦੱਸਦਿਆਂ ਉਸ ਨੌਜਵਾਨ ਮੁੰਡੇ ਦੀ ਬਿਮਾਰੀ ਬਾਰੇ ਵੀ ਝਕਦਿਆਂ-ਝਕਦਿਆਂ ਪੁੱਛ ਹੀ ਲਿਆ। ਡਾਕਟਰ ਸਾਹਿਬ ਥੋੜਾ ਮੁਸਕਰਾਏ ਤੇ ਕਹਿਣ ਲੱਗੇ ,‘‘ ੳਹਨੂੰ ਵੀ ਸਿਰਦਰਦ ਹੈ ਤੇ ਬਿਮਾਰੀ ਹੈ ਟੀ.ਐਂਡ.ਐਫ.ਸੀ ਮਤਲਬ ਟਵਿੱਟਰ ਤੇ ਫੇਸਬੁੱਕ.....ਉਹ ਮਸ਼ੀਨ ਤੇ ਪਿਆ ਵੀ ਇਸੇ ਲਈ ਫੋਟੂਆਂ ਖਿਚਵਾ ਰਿਹਾ ਹੋਣੈ ।’’

ਡਾਕਟਰ ਸਾਹਿਬ ਇਹ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਏ ਤੇ ਮੈਂ ਕੁਰਸੀ ਤੋਂ ਖੜ੍ਹਾ ਹੁੰਦਿਆਂ ਇਸ ਨਵੀਂ ਬਿਮਾਰੀ ਬਾਰੇ ਸੋਚ ਰਿਹਾ ਸੀ.....ਫਿਰ ਜਲਦੀ ਹੀ ਸੋਚ ਨੂੰ ਕਾਬੂ ਕੀਤਾ। ਯਾਦ ਆ ਗਿਆ ਸੀ ਕਿ ਡਾਕਟਰ ਸਾਹਬ ਨੇ ਕਿਹਾ ਸੀ ਕਿ ਫਾਲਤੂ ਸੋਚਾਂ ਤੋਂ ਪ੍ਰਹੇਜ਼ ਕਰੋ।

ਸੰਪਰਕ :+91  99156 20944

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ