Mon, 14 October 2024
Your Visitor Number :-   7232454
SuhisaverSuhisaver Suhisaver

ਸਿਮਰਜੀਤ ਮਾਣਕ :ਮੁੱਗੋਵਾਲ ਦਾ ਮਾਣ ਚਿੱਤਰਕਾਰੀ ਅਤੇ ਅਦਾਕਾਰੀ ਦੀ ਸੁਮੇਲ - ਸ਼ਿਵ ਕੁਮਾਰ ਬਾਵਾ

Posted on:- 31-08-2013

ਲੜਕੀਆਂ ਨੂੰ ਮਿਲਣ ਵਾਲਾ ਮਾਨ ਸਨਮਾਨ ਅੱਜ ਵੀ ਨਹੀਂ ਮਿਲ ਰਿਹਾ , ਮਰਦ ਪ੍ਰਧਾਨ ਸਮਾਜ ਵਿਚ ਉਹਨਾਂ ਨੂੰ ਅਲੱਗ ਹੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਹ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹਨ ਪ੍ਰੰਤੂ ਤਰੱਕੀ ਦੇ ਜੋ ਝੰਡੇ ਇਸ ਵਕਤ ਲੜਕੀਆਂ ਗੱਡ ਰਹੀਆਂ ਹਨ ਉਹ ਲੜਕਿਆਂ ਵਲੋਂ ਗੱਡ ਹੀ ਨਹੀਂ ਹੋਏ। ਅਜੋਕੇ ਸਮੇਂ ਦੁਨੀਆਂ ਵਿਚ ਜਿਹੜੇ ਵੀ ਮਰਜ਼ੀ ਮੁਕਾਬਲੇ ਨੂੰ ਲੈ ਲਵੋ ਉਹਨਾਂ ਵਿਚ ਜ਼ਿਆਦਾ ਤਰ ਪਹਿਲਾ ਸਥਾਨ ਲੜਕੀਆਂ ਦਾ ਹੀ ਅੱਗੇ ਆ ਰਿਹਾ ਹੈ।

       

ਪੰਜਾਬ ਦੀ ਜ਼ਵਾਨੀ ਨਸ਼ਿਆਂ ਨੇ ਖਾ ਲਈ , ਪਿੰਡਾਂ ਅਤੇ ਸ਼ਹਿਰਾਂ ਦੇ ਗੱਭਰੂਆਂ ਦੇ ਬੂਥੇ ਨਸ਼ਿਆਂ ਨਾਲ ਅੰਦਰ ਧੱਸ ਚੁੱਕੇ ਹਨ। ਲੜਕੇ ਪੜ੍ਹਾਈ ਸਮੇਤ ਹੋਰ ਕੰਮਾਂ ਵਿਚ ਲੜਕੀਆਂ ਨਾਲੋਂ ਬਹੁਤ ਪਿੱਛੇ ਹਨ ਜੋ ਪੰਜਾਬ ਲਈ ਵੱਡੀ ਦੁੱਖਦਾਇਕ ਗੱਲ ਬਣ ਗਈ ਹੈ। ਬਲਾਕ ਮਾਹਿਲਪੁਰ ਦੇ ਇਤਿਹਾਸਿਕ ਅਤੇ ਆਦਿ ਧਰਮ ਸਮਾਜ ਦੇ ਉਘੇ ਮਰਹੂਮ ਸਾਬਕਾ ਵਿਧਾਇਕ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਪਿੰਡ ਮੁੱਗੋਵਾਲ ਦੀ ਧਰਤ ਨੂੰ ਮਾਣ ਹੈ ਕਿ ਉਸਨੇ ਜਿਥੇ ਦੇਸ਼ ਭਗਤਾਂ ਅਤੇ ਫੁੱਟਬਾਲ ਖਿਡਾਰੀਆਂ ਨੂੰ ਜਨਮ ਦਿੱਤਾ ਉਥੇ ਲੇਖਕਾਂ , ਸੰਪਾਦਕਾਂ,ਪੱਤਰਕਾਰਾਂ,ਪੜ੍ਹਾਈ ਅਤੇ ਹੋਰ ਸਮਾਜ ਸੇਵੀ ਖੇਤਰ ਵਿਚ ਮੱਲਾਂ ਮਾਰਨ ਵਾਲੇ ਨੌਜਵਾਨ ਵੀ ਪੈਦਾ ਕੀਤੇ ਹਨ। ਚਿੱਤਰਕਾਰੀ ਵਿਚ ਮੱਲਾਂ ਮਾਰਨ ਵਾਲੀ ਲੜਕੀ ਸਿਮਰਜੀਤ ਮਾਣਕ ਵੀ ਇਸ ਪਿੰਡ ਦੀ ਵਸਨੀਕ ਹੈ ਜਿਸਨੇ ਆਪਣੀ ਨਿਵੇਕਲੀ ਅਦਾਕਾਰੀ, ਚਿੱਤਰਕਾਰੀ ਅਤੇ ਐਂਕਰਿੰਗ ਨਾਲ ਵੱਖਰੀ ਪਹਿਚਾਣ ਬਣਾਈ ਹੈ।

ਮਾਹਿਲਪੁਰ ਦੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਵਿਚ ਬਤੌਰ ਕਲਾ ਅਤੇ ਸਿੱਖਿਆ ਵਿਸ਼ੇ ਨਾਲ ਸਬੰਧਤ ਲੈਕਚਰਾਰ ਸਿਮਰਜੀਤ ਮਾਣਕ ਵਲੋਂ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਕੇ ਉਚੇਰੀ ਸਿੱਖਿਆ (ਐਮ ਏ ਫਾਈਨ ਆਰਟ) ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪਹਿਲੇ ਦਰਜੇ ਵਿਚ ਹਾਸਿਲ ਕੀਤੀ। ਉਸਨੂੰ ਮਾਣ ਹੈ ਕਿ ਉਸਦੀ ਕਾਲਜ ਦੇ ਪ੍ਰਾਸਪੈਕਟ ਅਤੇ ਸਲਾਨਾ ਮੈਗਜ਼ੀਨ ‘ਤ੍ਰਿਗਤ ’ਦੇ ਮੁੱਖ ਪੰਨੇ ਤੇ ਫੋਟੋ ਛਪਦੀ ਰਹੀ ਹੈ। ਬੀ ਐਡ ਦੀ ਡਿਗਰੀ ਉਸਨੇ ਰਿਆਤ ਕਾਲਜ ਆਫ ਐਜੂਕੇਸ਼ਨ ਰੇਲ ਮਾਜ਼ਰਾ(ਸ਼ਹੀਦ ਭਗਤ ਸਿੰਘ ਨਗਰ) ਤੋਂ ਕੀਤੀ।



ਪਿੰਡ ਮੁਗੋਵਾਲ ਵਿਖੇ ਪਰਵਾਸੀ ਭਾਰਤੀ ਬਖਸ਼ੀਸ਼ ਸਿੰਘ ਦੇ ਘਰ ’ ਚ 28 ਨਵੰਬਰ 1989 ਨੂੰ ਜਨਮੀ ਸਿਮਰਜੀਤ ਮਾਣਕ ਵਲੋਂ ਪੜ੍ਹਾਈ ਦੌਰਾਨ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਲਈ ਅਨੇਕਾਂ ਮੈਡਲ ਜਿੱਤੇ। ਉਸਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੀ ਮਾਤਾ ਜਗਦੀਸ਼ ਕੌਰ ਨੂੰ ਦਿੰਦਿਆਂ ਦੱਸਿਆ ਕਿ ਉਸਨੂੰ ਇਸ ਮੁਕਾਮ ਤੇ ਪਹੁੰਚਾਉਣ ਵਿਚ ਉਸਦੀ ਮਾਂ ਨੇ ਮੋਹਰੀ ਭੂਮਿਕਾ ਨਿਭਾਈ।

ਪਰਿਵਾਰ ਨੇ ਉਸਨੂੰ ਲੜਕੀ ਹੋਣ ਦਾ ਕਦੇ ਵੀ ਅਹਿਸਾਸ ਨਹੀਂ ਹੋਣ ਦਿੱਤਾ । ਉਸਨੂੰ ਮੁੰਡਿਆਂ ਵਾਂਗ ਪਿਆਰਿਆ ਅਤੇ ਸਤਿਕਾਰਿਆ। ਉਸਦੇ ਪਰਿਵਾਰ ਵਿਚ ਉਸ ਤੋਂ ਇਲਾਵਾ ਇਕ ਭਰਾ ਅਤੇ ਭੈਣ ਹੈ। ਸਿਮਰ ਨੇ ਹੁਣ ਤੱਕ ਅਨੇਕਾਂ ਭੂਮੀ ਦ੍ਰਿਸ਼ਾਂ, ਗੁਰੂਆਂ ਪੀਰਾਂ ਦੇ ਚਿੱਤਰਾਂ ਤੋਂ ਇਲਾਵਾ ਪੰਜਾਬ ਦੇ ਮਾਣ ਗੁਰਦਾਸ ਮਾਨ ਦਾ ਚਿੱਤਰ ਬਣਾਕੇ ਆਪਣੀ ਕਲਾ ਦੀ ਧੁੰਮ ਮਚਾਈ।

ਉਸਨੇ ਦੱਸਿਆ ਕਿ ਗੁਰਦਾਸ ਮਾਨ ਨੂੰ ਜਦ ਉਸਨੇ ਪਿੰਡ ਵਿਚ ਉਸਨੂੰ ਉਸਦਾ ਬਣਾਇਆ ਚਿੱਤਰ ਭੇਟ ਕੀਤਾ ਤਾਂ ਗੁਰਦਾਸ ਮਾਨ ਵਲੋਂ ਉਸਨੂੰ ਕਲਾਵੇ ਵਿਚ ਲੈ ਕੇ ਉਸਨੂੰ 500 ਰੁਪਏ ਪਿਆਰ ਵਜੋਂ ਦਿੱਤਾ ਜੋ ਉਸਨੇ ਹੁਣ ਤੱਕ ਸਾਂਭਕੇ ਰੱਖਿਆ ਹੋਇਆ ਹੈ।ਸ੍ਰੀ ਮਾਤਾ ਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ ਮੁੱਗੋਵਾਲ ਵਲੋਂ ਭਰਵੇਂ ਮੇਲੇ ਦੌਰਾਨ ਉਸਦਾ ਸਨਮਾਨ ਵੀ ਕੀਤਾ ਗਿਆ।

ਸਿਮਰਜੀਤ ਮਾਣਕ ਵਲੋਂ ਬਣਾਏ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਆਰਟ ਸੈਂਟਰ ਚੰਡੀਗੜ੍ਹ ,‘ਪਰਿਆਸ ਇਕ ਕੌਸ਼ਿਸ਼ ਗਰੁੱਪ ਜਲੰਧਰ ’ ਤੋਂ ਇਲਾਵਾ ਕੇਟੀ ਕਾਲਾ ਅਪਸਟੇਅਰ ਵਲੋਂ ਆਲ ਇੰਡੀਆ ਪੱਧਰ ਦੀ ਅੰਮਿ੍ਰਤਸਰ ਵਿਖੇ ਲਾਈਆਂ ਪ੍ਰਦਰਨੀਆਂ ਵਿਚ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ।ਉਸਨੇ ਦੱਸਿਆ ਕਿ ਆਰਟ ਗੁਰੂ ਡਾ ਬਲਦੇਵ ਸਿੰਘ ਗੰਭੀਰ ਵਲੋਂ ਉਸਦੇ ਬਣਾਏ ਮਹਾਤਮਾਂ ਬੁੱਧ ਅਤੇ ਰਾਧਾ ਤੇ ਕ੍ਰਿਸ਼ਨ ਦੇ ਬਣਾਏ ਚਿੱਤਰਾਂ ਨੂੰ ਖੂਬ ਪਸੰਦ ਕੀਤਾ ਗਿਆ। ਉਸਦਾ ਕਹਿਣ ਹੈ ਕਿ ਕਿਸੇ ਵੀ ਕੰਮ ਨੂੰ ਲਗਨ ਅਤੇ ਮਿਹਨਤ ਨਾਲ ਕੀਤਾ ਜਾਵੇ ਤਾਂ ਸਫਲਤਾ ਇਕ ਦਿਨ ਉਸਨੂੰ ਜ਼ਰੂਰ ਮਿਲਦੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਚ ਭਾਵੇਂ ਉਹ ਪੜ੍ਹੀ ਨਹੀਂ ਪ੍ਰੰਤੂ ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਵਲੋਂ ਚਲਾਏ ਜਾ ਰਹੇ ਬੀ ਐਡ ਕਾਲਜ ਵਿਚ ਉਹ ਬਤੌਰ ਕਲਾ ਸਿੱਖਿਆ ਲੈਕਚਰਾਰ ਵਜੋਂ ਨੌਕਰੀ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਡਾ ਸੁੱਚਾ ਸਿੰਘ ਧਾਲੀਵਾਲ ਉਸ ਅੰਦਰਲੀ ਕਲਾ ਨੂੰ ਹੋਰ ਨਿਖਾਰਨ ਲਈ ਪੂਰਾ ਸਹਿਯੋਗ ਦੇ ਰਹੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ