Tue, 10 September 2024
Your Visitor Number :-   7220281
SuhisaverSuhisaver Suhisaver

ਹਾਏ! ਮੇਰਾ ਯਾਰਾਂ ਵਰਗਾ ਤਾਇਆ ਬੋਗੀ - ਕਰਨ ਬਰਾੜ

Posted on:- 20-11-2013

suhisaver

ਘਰਾਂ ’ਚੋਂ ਲੱਗਦਾ ਤਾਇਆ ਬੋਗੀ ਮੈਨੂੰ ਹਮੇਸ਼ਾ ਹੀ ਚੰਗਾ ਲੱਗਦਾ ਉਹ ਖ਼ਤ ਕੱਢ ਕੇ ਤਿੱਲੇ ਵਾਲੀ ਜੁੱਤੀ ਪਾ ਕੇ ਰੱਖਦਾ। ਸਵੇਰੇ ਹੀ ਮੋਟੀ ਨਾਗਨੀ ਖਾ ਕੇ ਪੂਰਾ ਟਿਚਨ ਬੀਚਾਂ ਹੋ ਕੇ ਖ਼ੁੰਬ ਵਾਂਗ ਨਿੱਖਰਿਆ ਸੱਥ ਵਿਚ ਬੈਠਾ ਲੋਕਾਂ ਨੂੰ ਨਸੀਹਤਾਂ ਦਿੰਦਾ ਰਹਿੰਦਾ। ਸਾਡੇ ਘਰ ਤਾਏ ਬੋਗੀ ਦਾ ਆਮ ਹੀ ਆਉਣਾ ਜਾਣਾ ਸੀ ਕਿਉਂਕਿ ਉਹ ਬਾਪੂ ਦਾ ਲੰਗੋਟੀਆ ਯਾਰ ਸੀ। ਮਾਂ ਮੈਨੂੰ ਦੱਸਦੀ ਹੁੰਦੀ ਹੈ ਕਿ ਜਦੋਂ ਤੂੰ  ਜੰਮਿਆ ਸੀ ਉਦੋਂ ਤੇਰਾ ਬਾਪੂ ਅਤੇ ਤੇਰਾ ਤਾਇਆ 5911 ਟੈਰਗਟਰ ਤੇ ਡੋਰੀਆਂ ਬਣ ਕੇ ਦਾਰੂ ਨਾਲ ਰੱਜੇ ਪਹਿਲੀ ਵਾਰ ਤੈਨੂੰ ਤੇਰੇ ਨਾਨਕੇ ਦੇਖਣ ਆਏ ਸੀ ਅਤੇ ਉਨ੍ਹਾਂ ਨੋਟ ਵਾਰ ਵਾਰ ਕੰਮੀਆਂ ਲਾਗੀਆਂ ਦੀਆਂ ਜੇਬਾਂ ਭਰ ਦਿੱਤੀਆਂ ਸਨ।

ਕਹਿੰਦੇ ਹਨ ਕਿ ਤਾਏ ਬੋਗੀ ਦੀ ਮਾਂ ਮੁਖਤਿਆਰੋ ਬੜੇ ਜੁੱਸੇ ਵਾਲੀ ਤੀਵੀਂ ਸੀ ਉਸ ਨੇ ਹੇਠ ਉੱਤੇ ਬਾਰਾਂ ਜਵਾਕ ਜੰਮੇ ਪੰਜ ਕੁੜੀਆਂ ਤੇ ਸੱਤ ਮੁੰਡੇ ਜਿੰਨਾ ਨੂੰ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੜੇ ਹੀ ਸਿਦਕ ਨਾਲ ਪਾਲਿਆ ਸੀ। ਕੁੜੀਆਂ ਤਾਂ ਉਸਨੇ ਜਿਵੇਂ ਕਿਵੇਂ ਸਾਰੀਆਂ ਹੀ ਚੰਗੀਆਂ ਮਾੜੀਆਂ ਵਿਆਹ ਦਿੱਤੀਆਂ ਪਰ ਸੱਤ ਮੁੰਡਿਆਂ ਨੂੰ ਕੌਣ ਡੋਲੇ ਲਈ ਬੈਠਾ ਸੀ ਅੱਠ ਘੁਮਾ ਤਾਂ ਸਾਰੀ ਜ਼ਮੀਨ ਸੀ। ਉਸਦੇ ਦੇ ਸਿਰ ਤੇ ਦੋ ਮੁੰਡੇ ਤਾਂ ਵਿਆਹੇ ਗਏ ਬਾਕੀ ਰਹਿੰਦੇ ਕੋਈ ਟਰੱਕਾਂ ਤੇ ਚਲਿਆ ਗਿਆ ਕੋਈ ਰਾਜਸਥਾਨ।

ਇਹਨਾਂ ਕੜੀ ਵਰਗੇ ਭਰਾਵਾਂ ਦੇ ਸਿਰ ਤੇ ਤਾਇਆ ਬੋਗੀ ਵੈਲੀ ਨਿਕਲ ਗਿਆ ਸਿਰੇ ਦਾ ਬਦਮਾਸ਼, ਦੱਸਦੇ ਹਨ ਕਿ ਉਨ੍ਹਾਂ ਵੇਲਿਆਂ ਵਿਚ ਤਾਇਆ ਬੋਗੀ ਡੱਬਿਆਂ ਵਾਲਾ ਚਾਦਰਾ, ਕਾਲੀਆਂ ਵਾਲਾ ਕੁੜਤਾ ਤੇ ਮਾਵਾ ਲੱਗੀ ਤਰਲੇ ਵਾਲੀ ਪੱਗ ਬੰਨ੍ਹਦਾ, ਘੋੜੀ ਅਤੇ ਬੰਦੂਕ ਪੂਰੀ ਚਮਕਾ ਕੇ ਰੱਖਦਾ। ਪਿੰਡ ਦੇ ਵੱਡੇ ਵੱਡੇ ਨਾਡੂ ਖਾਂ ਕਹਿੰਦੇ ਕਹਾਉਂਦੇ ਬੰਦੇ ਉਸਦੇ ਮੂਹਰੇ ਅੱਖ ਚੁੱਕ ਕੇ ਨਾ ਦੇਖਦੇ। ਉਸਦੇ ਘਰ ਰੋਜ ਦਾਰੂ ਚਲਦੀ ਅਤੇ ਬੱਕਰੇ ਰਿੱਝਦੇ ਤਾਂ ਉਸਦੀਆਂ ਗੱਲਾਂ ਸਾਰੇ ਪਿੰਡ ਵਿਚ ਹੁੰਦੀਆਂ। ਉਸਦੀਆਂ ਮਾਰਾਂ ਧਾੜਾਂ ਤੇ ਯਾਰ ਬੇਲੀ ਐਸ਼ਾਂ ਕਰਦੇ ਤੇ ਉਸਦੀ ਜੀ ਹਜੂਰੀ ਕਰਦੇ ਨਾ ਥੱਕਦੇ।

ਇੱਕ ਵਾਰ ਨਾਲ ਦੇ ਪਿੰਡ ਦੇ ਬਦਮਾਸ਼ਾਂ ਨੇ ਪਿੰਡ ਦੇ ਖੂਹ ਉੱਤੋਂ ਪਾਣੀ ਭਰਦੀਆਂ ਕੁੜੀਆਂ ਨਾਲ ਬਦਸਲੂਕੀ ਕੀਤੀ ਅਤੇ ਲਲਕਾਰੇ ਮਾਰਦੇ ਹੋਏ ਚਲੇ ਗਏ। ਪਿੰਡ ਦੇ ਮੋਹਤਬਰ ਬੰਦਿਆਂ ਨੇ ਸਿਰ ਜੋੜ ਕੇ ਮਸ਼ਵਰਾ ਕੀਤਾ ਕਿ ਇਸ ਤਰ੍ਹਾਂ ਸਾਰੇ ਪਿੰਡ ਦੀ ਹੇਠੀ ਹੈ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਤਾਏ ਨੇ ਭਾਰੀ ਪੰਚਾਇਤ ਵਿਚ ਬਾਂਹ ਉਲਾਰ ਕੇ ਕਿਹਾ ਕਿ ਭਾਵੇਂ ਲੱਟਾਂ ਖੋਹਾਂ ਕਰਦੇ ਇਹ ਕੰਮ ਸਾਡੇ ਤੋਂ ਵੀ ਜਾਦੇ ਹੋਣਗੇ ਪਰ ਇਹ ਪਿੰਡ ਦੀ ਇੱਜਤ ਦਾ ਸਵਾਲ ਹੈ ਇਹ ਜਿੰਮੇਵਾਰੀ ਹੁਣ ਸਾਡੀ ਹੈ। ਤਾਏ ਹੋਰਾਂ ਨੇ ਬੋਲ ਪਗਾਉਦਿਆਂ ਸ਼ਾਮ ਤੱਕ ਬਦਮਾਸ਼ਾਂ ਦੀਆਂ ਮਸ਼ਕਾਂ ਬੰਨ੍ਹ ਕੇ ਉਨ੍ਹਾਂ ਨੂੰ ਸੱਥ ਵਿਚ ਲਿਆ ਬਿਠਾਇਆ।
ਉਨ੍ਹਾਂ ਵੇਲਿਆਂ ਵਿਚ ਤਾਏ ਹੋਰੀਂ ਇੱਕ ਵਾਰ ਰਾਜਸਥਾਨ ਕਿਸੇ ਹਵੇਲੀ ਵਿਚ ਡਾਕਾ ਮਾਰਨ ਗਏ ਤਾਂ ਤਾਇਆ ਓਥੋਂ ਆਪਣੇ ਨਾਲ ਇੱਕ ਤੀਵੀਂ ਚੁੱਕ ਲਿਆਇਆ।ਜਦੋਂ ਉਸਨੂੰ ਆਪਣੇ ਟੁੱਟੇ ਜਿਹੇ ਘਰ ਵਿਚ ਲਿਆ ਬਿਠਾਇਆ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਪਈ ਉਸਦਾ ਰਾਹ ਰੋਕਣ ਦੀ। ਇਸ ਤਰ੍ਹਾਂ ਤਾਏ ਦੇ ਘਰ ਵੀ ਰੋਟੀ ਪੱਕਦੀ ਹੋ ਗਈ, ਤਾਇਆ ਤਾਈ ਦੀ ਹਰ ਰੀਝ ਪੂਰੀ ਕਰਦਾ ਅਤੇ ਉਸਦੇ ਮੂੰਹੋਂ ਨਿਕਲਿਆ ਹਰ ਬੋਲ ਪਗਉਦਾ, ਤਾਈ ਵੀ ਉਸਦੇ ਨਾਲ ਫੱਬ ਫੱਬ ਕੇ ਮੇਲਿਆਂ ਤੇ ਜਾਂਦੀ ਰਹੀ।

ਇਸ ਤਰ੍ਹਾਂ ਤਾਏ ਦੀ ਜਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਹ ਕਬੀਲਦਾਰੀ ਦੇ ਧੰਦੇ ਵਿਚ ਧਸਦਾ ਧਸਦਾ ਪੂਰੀ ਤਰ੍ਹਾਂ ਧਸ ਗਿਆ। ਖਾਊ ਯਾਰ ਵੀ ਹੌਲੀ ਹੌਲੀ ਉਸਦਾ ਸਾਥ ਛੱਡ ਗਏ ਉਹ ਇੱਕ ਆਮ ਇਨਸਾਨ ਦੀ ਜਿੰਦਗੀ ਜਿਓਣ ਲੱਗਾ। ਫੇਰ ਰੱਬ ਦੀ ਕਰਨੀ ਕਿ ਉਸਦੇ ਘਰ ਕੋਈ ਜਵਾਕ ਨਾ ਹੋਇਆ ਅਤੇ ਤਾਈ ਵੀ ਪੂਰੇ ਪੰਜ ਸਾਲ ਬਾਅਦ ਤਾਏ ਨੂੰ ਇਕੱਲਿਆਂ ਛੱਡ ਰਾਤ ਨੂੰ ਪਤਾ ਨੀ ਕਿਥੇ ਚਲੀ ਗਈ। ਤਾਏ ਦੀ ਮਸਾਂ ਵਸੀ ਦੁਨੀਆ ਜਾਣੋ ਉੱਜੜ ਹੀ ਗਈ, ਤਾਇਆ ਉਸਦੇ ਵਿਯੋਗ ਚ ਸਾਰਾ ਦਿਨ ਦਾਰੂ ਨਾਲ ਰੱਜਿਆ ਜੁਲਦਾ ਵਿੱਚ ਵੜਿਆ ਰਹਿੰਦਾ। ਤਾਏ ਦੀ ਜਵਾਨੀ ਉਸਦਾ ਰੋਹਬ, ਉਸਦੀ ਮੜਕ ਪਲਾਂ ਵਿੱਚ ਹੀ ਜਾਂਦੀ ਰਹੀ। ਉਹ ਰੋਹੀਆਂ ਵਿੱਚ ਕੁੱਤਿਆਂ ਵਾਂਗੂੰ ਮੂੰਹ ਚੁੱਕ ਚੁੱਕ ਕੇ ਰੋਂਦਾ ਰਹਿੰਦਾ। ਫਿਰ ਜਿਵੇਂ ਕਹਿੰਦੇ ਨੇ ਕੇ ਸਮਾਂ ਕਦੇ ਨੀ ਰੁਕਦਾ ਇਹ ਆਪਣੀ ਚਾਲੇ ਚਲਦਾ ਰਹਿੰਦਾ ਤਾਇਆ ਵੀ ਜਿਵੇਂ ਕਿਵੇਂ ਟਾਈਮ ਪੂਰਾ ਕਰਦਾ ਹੌਲੀ ਹੌਲੀ ਬੁੜਾ ਹੋ ਗਿਆ। ਇੱਕ ਕਿੱਲਾ ਬਚੀ ਜ਼ਮੀਨ ਭਰਾ ਨੂੰ ਹਿੱਸੇ ਤੇ ਦੇ ਛੱਡਦਾ ਖਾਣ ਜੋਗੇ ਦਾਣੇ ਘਰ ਆ  ਜਾਂਦੇ। ਰਾਜਸਥਾਨ ਚੋਂ ਲਿਆਂਦੀ ਫ਼ੀਮ ਵੇਚ ਕੇ ਖ਼ਰਚਾ ਕੱਢ ਲੈਂਦਾ ਨਾਲ਼ੇ ਖਾ ਛੱਡਦਾ।

ਬਾਪੂ ਦਾ ਤਾਏ ਨਾਲ ਖ਼ਾਸਾ ਮੋਹ ਸੀ ਦੋਨੋ ਜਿਆਦਾਤਰ ਇਕੱਠੇ ਹੀ ਰਹਿੰਦੇ ਇੱਕ ਦੂਜੇ ਦੇ ਕੰਮ ਧੰਦਿਆਂ ਵਿਚ ਸ਼ਰੀਕ ਹੁੰਦੇ। ਘਰ ਦੇ ਅਕਸਰ ਹੀ ਬਾਪੂ ਨਾਲ ਲੜਦੇ ਝਗੜਦੇ ਕਿ ਇਸ ਮਲੰਗ ਤੋਂ ਤੂੰ ਕੀ ਲੈਣਾ, ਨਾ ਕੁਝ ਲੈਣ ਨੂੰ ਨਾ ਕੁਝ ਦੇਣ ਨੂੰ ਪਰ ਬਾਪੂ ਹਮੇਸ਼ਾ ਵਾਂਗ ਉਨ੍ਹਾਂ ਦੀ ਗੱਲ ਅਨਸੁਣੀ ਕਰਕੇ ਕਦੇ ਵੀ ਤਾਏ ਤੋਂ ਪਾਸੇ ਨਾ ਹੁੰਦਾ। ਜਿਸ ਦਿਨ ਬਾਪੂ ਨੇ ਰੇਹ ਸਪਰੇਹ ਲੈਣ ਸ਼ਹਿਰ ਜਾਣਾ ਹੁੰਦਾ ਉਸ ਦਿਨ ਦੋਨਾ ਦੀ ਵੱਖਰੀ ਹੀ ਟੌਹਰ ਹੁੰਦੀ। ਸ਼ਾਮ ਨੂੰ ਮੁੜਦੀਆਂ ਇਹਨਾਂ ਦੇ ਡੱਬ ਵਿਚ ਲਾਲ ਪਰੀ ਹੱਸਦੀ ਅਤੇ ਇਹਨਾਂ ਦੇ ਬੱਲਾਂ ਤੇ ਮਸ਼ਕਰੀ ਹਾਸਾ ਹੁੰਦਾ। ਰਾਤ ਨੂੰ ਇਕੋ ਮੰਜੇ ਤੇ ਇਕੱਠੇ ਬੈਠੇ ਜਦੋਂ ਰੋਟੀ ਖਾਂਦੇ ਤਾਂ ਇਹਨਾਂ ਦੀਆਂ ਗੱਲਾਂ ਦੇਰ ਰਾਤ ਤੱਕ ਖ਼ਤਮ ਨਾ ਹੁੰਦੀਆਂ ਤੇ ਇਹ ਸ਼ਰਾਬੀ ਹੋਏ ਪਤਾ ਨੀ ਕਦੋਂ ਓਥੇ ਹੀ ਸੌਂ ਜਾਂਦੇ। ਬਾਪੂ ਕਰਕੇ ਮੇਰੀ ਵੀ ਤਾਏ ਨਾਲ ਵਾਹਵਾ ਆੜੀ ਪੈ ਗਈ। ਗਰਮੀਆਂ ਵਿਚ ਦੁਪਹਿਰੇ ਤਾਏ ਕੋਲ ਜਾ ਬਹਿਣਾ, ਅੱਗੋਂ ਉਹਨੇ ਵੀ ਟਾਹਲੀ ਥੱਲੇ ਪਾਣੀ ਛਿੜਕ ਕੇ ਪੱਖਾ ਲਾਇਆ ਹੋਣਾ ਜਾਦਿਆਂ ਹੀ ਕਹਿਣਾ ਉਹ ਆਜਾ ਆਜਾ ਭਤੀਜ ਮੈਂ ਵੀ ਤੈਨੂੰ ਹੀ ਉਡੀਕਦਾ ਸੀ।


ਤਾਏ ਨੂੰ ਕਿੱਸੇ ਪੜ੍ਹਨ ਦਾ ਬੜਾ ਸ਼ੌਕ ਸੀ ਸਾਰੇ ਪੁਰਾਣੇ ਕਿੱਸੇ ਉਸ ਕੋਲ ਮੌਜੂਦ ਸਨ। ਪਰ ਉਹ ਮਿਰਜ਼ਾ ਸਾਹਿਬਾ ਦਾ ਕਿੱਸਾ ਬੜੇ ਹੀ ਸ਼ੌਕ ਨਾਲ ਪੜ੍ਹਦਾ। ਮੈਂ ਕਹਿਣਾ ਤਾਇਆ ਜਵਾਨੀ ਵੇਲੇ ਤਾਂ ਤੂੰ ਵੀ ਮਿਰਜ਼ਾ ਹੀ ਬਣਿਆ ਫਿਰਦਾ ਰਹਿੰਦਾ ਸੀ ਤਾਂ ਉਸਨੇ ਹੌਂਕਾ ਖਿੱਚ ਕੇ ਕਿਤੇ ਗਵਾਚ ਜੇ ਜਾਣਾ। ਇੱਕ ਦਿਨ ਮੈਂ ਉਸਨੂੰ ਗੁਰਦਿਆਲ ਸਿੰਘ ਦਾ ਮੜ੍ਹੀ ਦਾ ਦੀਵਾ ਪੜ੍ਹ ਕੇ ਸੁਣਾਇਆ ਤਾਂ ਉਹ ਧਿਆਨ ਨਾਲ ਸੁਣੀ ਗਿਆ ਤੇ ਨਾਲੋ ਨਾਲ ਰੋਈ ਗਿਆ। ਰਾਤ ਨੂੰ ਦਾਰੂ ਨਾਲ ਰੱਜਿਆ ਅੱਖਾਂ ਭਰ ਕੇ ਕਹਿੰਦਾ ਭਤੀਜ ਸਾਡੀ ਮੜ੍ਹੀ ਤੇ ਵੀ ਕੋਈ ਦੀਵਾ ਰੱਖੂਗਾ। ਉਸ ਦਿਨ ਤਾਇਆ ਮੈਨੂੰ ਸਭ ਤੋਂ ਵੱਧ ਉਦਾਸ ਲੱਗਿਆ, ਨਹੀਂ ਤਾਂ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਕਿਸੇ ਦੀ ਗੱਲ ਭੁੰਜੇ ਨਾ ਡਿੱਗਣ ਦਿੰਦਾ ਸਗੋਂ ਇੱਕ ਦੀਆਂ ਦੋ ਸੁਣਾਉਂਦਾ।

ਇੱਕ ਵਾਰ ਪਤਾ ਨੀ ਕਿਥੋਂ ਮੈਨੂੰ ਘੋੜਿਆਂ ਰੱਖਣ ਦਾ ਝੱਲ ਉੱਠਿਆ। ਪਰ ਘਰ ਦੇ ਸਾਰੇ ਮੇਰੇ ਇਸ ਸ਼ੌਂਕ ਦੇ ਖ਼ਿਲਾਫ਼ ਸਨ। ਦਾਦਾ ਕਹਿੰਦਾ ਸਾਲਿਆ ਕਦੇ ਕੱਟੇ ਦੇ ਰੱਸਾ ਤਾਂ ਪਾਇਆ ਨਹੀਂ, ਭਾਲਦਾ ਘੋੜਿਆਂ ਚੱਲ ਭੱਜ ਜਾ ਇਥੋਂ, ਰੋ ਪਿੱਟ ਕੇ ਹੱਟ ਗਿਆ ਪਰ ਮੇਰੀ ਕਿਸੇ ਨੇ ਗੱਲ ਨਾ ਸੁਣੀ। ਆਖ਼ਿਰ ਨੂੰ ਮੇਰੀ ਟੇਕ ਤਾਏ ਬੋਗੀ ਤੇ ਆ ਕੇ ਟਿੱਕ ਗਈ ਅਤੇ ਜਾ ਵੜਿਆ ਤਾਏ ਦੇ ਮਹਿਲਾਂ ਵੱਲ।


ਉਸਨੂੰ ਸਾਰੀ ਗੱਲ ਦੱਸੀ ਤਾਇਆ ਕਹਿੰਦਾ ਪੁੱਤ ਤੂੰ ਘਰੇ ਚੱਲ ਮੈਂ ਹੁਣੇ ਆਇਆ। ਤਾਇਆ ਘਰੇ ਆ ਕੇ ਬਾਪੂ ਨੂੰ ਕਹਿੰਦਾ ਦੇਖ ਮੁੰਡੇ ਨੂੰ ਸ਼ੌਂਕ ਹੈ ਉਸਦਾ ਜੀਅ ਕਰਦਾ ਤੂੰ ਉਹਦੀ ਗੱਲ ਮੰਨ, ਘੋੜੀ ਲੈ ਦੇ ਇਦਾਂ ਨਾ ਕਰ, ਜੇ ਉਸਨੇ ਘੋੜੀ ਦੀ ਸੰਭਾਲ ਨਾ ਕੀਤੀ ਤਾਂ ਮੈਂ ਸਾਂਭ ਲਿਆ ਕਰੂਗਾ। ਬਾਪੂ ਨੇ ਤਾਏ ਦੀ ਗੱਲ ਮੰਨਦਿਆਂ ਘੋੜੀ ਲੈਣ ਦੀ ਹਾਮੀ ਭਰ ਦਿੱਤੀ। ਕੁਝ ਦਿਨਾਂ ਬਾਅਦ ਮੈਂ, ਬਾਪੂ ਅਤੇ ਤਾਇਆ ਮੁਕਤਸਰ ਮੇਲੇ ਤੋਂ ਇੱਕ ਡੱਬੀ ਘੋੜੀ ਖ਼ਰੀਦ ਲਿਆਏ, ਬਾਅਦ ਵਿਚ ਮੈਂ ਅਤੇ ਤਾਇਆ ਮਿਲ ਕੇ ਘੋੜੀ ਸਾਂਭਦੇ ਰਹੇ। ਉਸਦੀਆਂ ਲਗਾਮਾਂ, ਧਲਿਆਰੇ ਅਤੇ ਝਾਂਜਰਾਂ  ਸ਼ੌਂਕ ਨਾਲ ਖ਼ਰੀਦ ਖ਼ਰੀਦ ਕੇ ਪਾਉਂਦੇ ਰਹੇ। ਹਰ ਰੋਜ ਉਸਨੂੰ ਖੇਤ ਲੈ ਕੇ ਜਾਂਦੇ, ਤਾਏ ਨੂੰ ਘੋੜੀ ਤੇ ਚੜ੍ਹ ਕੇ ਅਕਸਰ ਹੀ ਪੁਰਾਣੇ ਦਿਨ ਯਾਦ ਆ ਜਾਂਦੇ, ਉਹ ਲੋਰ ਵਿਚ ਆਇਆ ਦੱਸਦਾ ਕਿ ਭਤੀਜ ਬੜੀ ਟੌਹਰ ਹੁੰਦੀ ਸੀ ਤੇਰੇ ਤਾਏ ਦੀ, ਮੇਰੀ ਘੋੜੀ ਤੋਂ ਮੱਖੀ ਤਿਲ੍ਹਕਦੀ ਸੀ ਮੇਰੇ ਜਿੰਨੀ ਸੇਵਾ ਅਤੇ ਸ਼ੌਂਕ ਨਾਲ ਨੀ ਰੱਖ ਸਕਦਾ ਕੋਈ ਘੋੜੀ ਨੂੰ, ਲਾਗੇ ਲਾਗੇ ਦੇ ਪੱਚੀ ਪਿੰਡਾਂ ਚ ਗੱਲਾਂ ਹੁੰਦੀਆਂ ਮੇਰੀਆਂ ਅਤੇ ਮੇਰੀ ਘੋੜੀ ਦੀਆਂ, ਮੇਰੀ ਵਾਅ ਕੰਨੀ ਨੀ ਕੋਈ ਝਾਕਦਾ ਸੀ।ਇਸ ਤਰਾਂ ਗੱਲਾਂ ਕਰਦਾ ਤਾਇਆ ਸਭਿਆਚਾਰ ਦਾ ਕੋਈ ਮਹਾਨ ਪਾਤਰ ਲੱਗਦਾ।

ਖ਼ੈਰ ਇੱਕ ਦਿਨ ਮੈਨੂੰ ਕਹਿੰਦਾ ਸਾਰਾ ਦਿਨ ਇਥੇ ਕੰਧਾਂ ਨਾਲ ਵੱਜਦਾ ਫਿਰਦਾ ਰਹਿੰਨਾ, ਨੌਕਰੀ ਕੋਈ ਇੱਥੇ ਮਿਲਦੀ ਨਹੀਂ, ਖੇਤਾਂ ਵਿਚ ਕੰਮ ਕੰਮ ਤੇਰੇ ਤੋਂ ਹੋਣਾ ਨਹੀਂ, ਸਾਰਾ ਮੁਲਖ ਬਾਹਰ ਤੁਰਿਆ ਜਾਂਦਾ ਤੇਰੇ ਤੋਂ ਨੀ ਜਹਾਜੇ ਚੜ੍ਹਿਆ ਜਾਂਦਾ। ਇਥੇ ਅੰਨ ਗਾਲ਼ਦਾ ਫਿਰਦਾ ਰਹਿੰਨਾ ਸਾਰੀ ਦਿਹਾੜੀ। ਕਾਫ਼ੀ ਸਮੇਂ ਬਾਅਦ ਜਦੋਂ ਤਾਏ ਨੂੰ ਜਾ ਦੱਸਿਆ ਕੇ ਅੱਜ ਮੈਂ ਸੱਚੀ ਬਾਹਰਲੇ ਮੁਲਖ ਚੱਲਿਆਂ ਤਾਂ ਤਾਇਆ ਮੇਰੇ ਗਲ ਲੱਗ ਕੇ ਭੁੱਬੀਂ ਰੋ ਪਿਆ। ਰਾਤ ਨੂੰ ਦੋ ਵਜੇ ਮੈਨੂੰ ਤੋਰਨ ਆਇਆ ਅਤੇ ਦੋ ਸੌ ਰੁਪਈਆ ਮੇਰੀ ਜੇਬ ਵਿਚ ਪਾ ਕੇ ਕਹਿੰਦਾ ਪੁੱਤ ਰਸਤੇ ਵਿਚ ਤੈਨੂੰ ਭੁੱਖ ਲੱਗੂਗੀ ਕੱਸ਼ ਖਾ ਪੀ ਲਈਂ।

ਫੇਰ ਪਰਦੇਸ ਆ ਗਏ ਅਤੇ ਫਸ ਗਏ ਇਥੇ ਕੰਮਾਂ ਕਾਰਾਂ ਦੀ ਘੁੰਮਣ ਘੇਰੀ ਵਿਚ ਪਿੱਛੇ ਦਾ ਕੋਈ ਪਤਾ ਨਹੀਂ, ਨਵੀਆਂ ਗੱਡੀਆਂ ਨਵੇਂ ਪਟੋਲੇ। ਤਕਰੀਬਨ ਤਿੰਨ ਸਾਲਾਂ ਬਾਅਦ ਇੱਕ ਦਿਨ ਅਚਾਨਕ ਪਿੰਡੋਂ ਬਾਪੂ ਦਾ ਫ਼ੋਨ ਆਇਆ ਤਾਂ ਬਾਪੂ ਕੰਬਦੀ ਆਵਾਜ਼ ਵਿਚ ਕਹਿੰਦਾ ਪੁੱਤ ਤੇਰਾ ਤਾਇਆ ਬੋਗੀ ਤਾਂ ਰਾਤ ਨੂੰ ਸੁੱਤਾ ਹੀ ਰਹਿ ਗਿਆ। ਬਸ ਸਵੇਰੇ ਮਰਿਆ ਪਿਆ ਹੀ ਦੇਖਿਆ ਤਾਂ ਇਹ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਨਿੱਕਲ ਗਈ। ਹਾਏ ਮੇਰੇ ਯਾਰਾਂ ਵਰਗਾ ਤਾਇਆ ਬੋਗੀ ਜਿਸਨੂੰ ਆਖ਼ਰੀ ਵਾਰ ਦੇਖਣਾ ਵੀ ਨਸੀਬ ਨੀ ਹੋਇਆ।

ਇਸ ਵਾਰ ਜਦੋਂ ਇੰਡੀਆ ਗਿਆ ਤਾਂ ਤਾਏ ਦੇ ਉੱਜੜੇ ਕੱਚੇ ਧੜਿਆਂ ਵੱਲ ਦੇਖਦਾ ਤਾਏ ਦੀ ਉਸੇ ਟਾਹਲੀ ਦੀ ਛਾਵੇਂ ਬੈਠਾ ਰੋਂਦਾ ਰੋਂਦਾ ਕੁਦਰਤ ਦੇ ਰੰਗਾਂ ਬਾਰੇ ਸੋਚਦਾ ਕਿਥੇ ਛਮਲੇ ਵਾਲੀ ਪੱਗ, ਡੱਬਿਆਂ ਵਾਲਾ ਚਾਦਰਾ, ਲਿਸ਼ਕਦੀ ਘੋੜੀ, ਮੋਢੇ ਬੰਦੂਕ, ਝਾਂਜਰਾਂ ਛਣਕਾਉਂਦੀ ਤਾਈ ਤੇ ਕਿਥੇ ਉਜਾੜ ਰੋਹੀ ਬੀਆਬਾਨ। ਪਤਾ ਨੀ ਉਸਦੀ ਮੜ੍ਹੀ ਤੇ ਕੋਈ ਦੀਵਾ ਧਰਦਾ ਹੋਵੇਗਾ ਕੇ ਨਹੀਂ । ਹਾਏ! ਮੇਰਾ ਯਾਰਾਂ ਵਰਗਾ ਤਾਇਆ ਬੋਗੀ।

ਸੰਪਰਕ: +6143085045

Comments

pannu

nice story manu v mera uncle yad karwa ditta same he c mere dad da friend te main hun bahar aa te us uncle de death ho gai ......

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ