Mon, 09 September 2024
Your Visitor Number :-   7220026
SuhisaverSuhisaver Suhisaver

ਸ਼ੇਰੂ - ਤਰਸੇਮ ਬਸ਼ਰ

Posted on:- 28-03-2015

suhisaver

ਭੀੜ ਭਾੜ ਤੋਂ ਬਚ ਕੇ ਰਹਿਣ ਵਾਲਾ, ਮੈਂ ਉਸ ਦਿਨ ਆਪਣੀ ਜ਼ਿੰਦਗੀ ’ਚ ਵੇਖੀ ਜਾਣ ਵਾਲੀ ਸਭ ਤੋਂ ਵੱਡੀ ਭੀੜ ਦਾ ਹਿੱਸਾ ਸਾਂ । ਮੁਹਾਲੀ ’ਚ ਭਾਰਤ ਪਾਕਿਸਤਾਨ ਦਾ ਵਲਡ ਕੱਪ ਸੈਮੀਫਾਈਨਲ ਮੈਚ ਹੋ ਰਿਹਾ ਸੀ । ਮੈਂ ਜਿਸ ਮੰਡਲੀ ਦਾ ਹਿੱਸਾ ਸਾਂ ਉਹ ਸਟੇਡੀਅਮ ਦੇ ਬਾਹਰ ਹੀ ਸੀ । ਸ਼ਾਇਦ ਭਾਰਤ ਮੈਚ ਜਿੱਤਣ ਵਾਲਾ ਸੀ । ਭੀੜ ਵਿੱਚ ਹਲਚਲ ਵਧ ਗਈ ਸੀ । ਲੋਕ ਗੱਡੀਆਂ ਦੀਆਂ ਛੱਤਾਂ ਤੇ ਨੱਚ ਰਹੇ ਸਨ , ਬਿਨਾਂ ਇਸ ਪ੍ਰਵਾਹ ਤੋਂ ਕਿ ਉਹ ਚਿੱਬੀਆਂ ਹੋ ਜਾਣਗੀਆਂ । ਢੋਲੀਆਂ ਨੇ ਵੀ ਤਰਜਾਂ ਚੱਕ ਦਿੱਤੀਆਂ ਸਨ ਤੇ ਦਰਜਨਾਂ ਚੈਨਲਾਂ ਵਾਲੇ ਹੋਰ ਸਰਗਰਮ ਹੋ ਗਏ ਸਨ ਤੇ ਜਦੋਂ ਭਾਰਤ ਦੀ ਜਿੱਤ ਪੱਕੀ ਹੋ ਗਈ ਸੀ ਤਾਂ ਇਸ ਜਨੂੰਨ ਨੇ ਹੋਰ ਸਿਖਰਾਂ ਛੋਹ ਲਈਆਂ ਸਨ । ਫ਼ਿਜਾ ’ਚ ਜਿਵੇਂ ਮਦਹੋਸ਼ੀ ਘੁਲ ਗਈ ਸੀ ।

ਅਨਗਿਣਤ ਹਸਦੇ ਨੱਚਦੇ ਚਿਹਰੇ, ਢੋਲ ਢਮੱਕਾ ਤੇ ਵਾਯੁਮੰਡਲ ਵਿੱਚ ਘੁਲਿਆ ਬੇਫਿਕਰੀ ਤੇ ਖੁਸ਼ੀਆਂ ਦਾ ਰੰਗ । ਭੀੜ ਤੋਂ ਕੋਫ਼ਤ ਮੰਨਣ ਵਾਲਾ ਮੈਂ ਵੀ ਇਸ ਮਾਹੌਲ ਵਿੱਚ ਜਿਵੇਂ ਸਭ ਕੁੱਛ ਤੋਂ ਬੇਨਿਆਜ਼ ਹੋ ਗਿਆ ਸਾਂ , ਕੋਈ ਫ਼ਿਕਰ ਯਾਦ ਨਹੀਂ ਸੀ , ਕਿਸੇ ਵਿਚਾਰ ਦੀ ਆਮਦ ਨਹੀਂ ਹੋ ਰਹੀ ਸੀ । ਅਚਾਨਕ ਹੱਥ ਮਾਰਨ ਤੇ ਮੈਨੂੰ ਪਤਾ ਲੱਗਿਆ ਕਿ ਮੇਰਾ ਬਟੂਆ ਮੇਰੀ ਜੇਬ ’ਚ ਨਹੀਂ ਹੈ । ਸਰੋਦੀ ਤੇ ਕਾਲਪਨਿਕ ਜਿਹੇ ਮਾਹੌਲ ਦੇ ਰੰਗ ਵਿੱਚ ਰੰਗੇ ਨੂੰ ਦਿਮਾਗ ਨੇ ਸਚੇਤ ਹੋ ਕੇ ਜਦੋਂ ਮੈਨੂੰ ਇਸ ਮੁਸੀਬਤ ਬਾਰੇ ਦੱਸਿਆ ਸੀ ਤਾਂ ਪਹਿਲਾਂ ਤਾਂ ਮੈਨੂੰ ਰੌਣਕ ਫਿੱਕੀ ਲੱਗੀ ਤੇ ਫਿਰ ਧੁੰਦਲੀ ਪੈ ਗਈ ਸੀ । ਖੇੜੇ ਤੇ ਖੁਸ਼ੀਆਂ ਦਾ ਹਮਰਾਹੀ ਇੱਕਦਮ ਉਦਾਸੀ ’ਚ ਘਿਰ ਗਿਆ ਸੀ । ਇਹਨਾਂ ਹਾਲਾਤਾਂ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ ਮੇਰੇ ਨਾਲ ਬਹੁਤ ਬੁਰਾ ਹੋਇਆ ਪ੍ਰਮਾਤਮਾ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਨਿੱਕੀ ਜਿਹੀ ਲਾਪਰਵਾਹੀ ਨੇ ਮੈਨੂੰ ਬਦਹਾਲ ਬਣਾ ਦਿੱਤਾ ਸੀ । .ਦੇਰ ਰਾਤ ਤੱਕ ਮੈਂ ਮੰਡਲੀ ਤੇ ਭੀੜ ਦਾ ਹਿੱਸਾ ਬਣਿਆ ਰਿਹਾ, ਹਿੱਸਾ ਸਾਂ ਪਰ ਨਾਲ ਹੀ ਚਿੰਤਾਤੁਰ ਤੇ ਇਕੱਲਾ ।

ਦੂਜੇ ਦਿਨ ਜਾਗਿਆ ਤਾਂ ਜਾਗਦੇ ਸਾਰ ਹੀ ਬਟੂਏ ਦੇ ਖ਼ਿਆਲ ਨੇ ਜਿ਼ਹਨੀਅਤ ਵਿੱਚ ਬੇਚਾਰਗੀ ਭਰ ਦਿੱਤੀ ਸੀ। ਪੈਸੇ ਦੀ ਪਹਿਲਾਂ ਹੀ ਬਹੁਤ ਤੋਟ ਸੀ ਤੇ ਉੱਤੋਂ ਇਹ ਮੁਸੀਬਤ । ਮੈਂ ਮਜਬੂਰ ਸਾਂ ਤੇ ਲਾਚਾਰ ਵੀ । ਫਿਰ ਸੋਚਿਆ ਸ਼ਾਇਦ ਕੋਈ ਬਹੁੜ ਹੀ ਪਵੇ , ਪਤਾ ਤੇ ਫ਼ੋਨ ਨੰਬਰ ਤਾਂ ਹੈ ਹੀ ਪਰਸ ’ਚ, ਸ਼ਾਇਦ ਕਿਸੇ ਵਿੱਚ ਇਨਸਾਨੀਅਤ ਦੀ ਚਿਣਗ ਜਾਗੇ ਤੇ ਉਹ ਮੈਂ ਹੁੰਦਾ ਤੇ ਜ਼ਰੂਰ ਕਰਦਾ, ਜੇ ਮੈਂ ਜੇਬ ਕਤਰਾ ਵੀ ਹੁੰਦਾ ਤਾਂ ਵੀ ਇਨਸਾਨੀਅਤ ਦੇ ਨਾਤੇ ਜ਼ਰੂਰੀ ਕਾਗਜ਼ਾਤ ਜ਼ਰੂਰ ਵਾਪਸ ਕਰਦਾ ਹਾਂ, ਭਾਵੇਂ ਖਤਰਾ ਈ ਮੁੱਲ ਕਿਉਂ ਨਾ ਲੈਂਦਾ। ਪੈਸੇ ਰੱਖ ਕੇ ਸਪੱਸ਼ਟ ਕਹਿ ਦਿੰਦਾ ,‘‘ਭਾਈ ਸਾਹਿਬ, ਆਹ ! ਫੜੋ ਆਪਦੇ ਕਾਗਜਾਤ, ਇਹ ਮੇਰਾ ਧੰਦਾ ਐ , ਪਰ ਮੈਂ ਇਨਸਾਨ ਵੀ ਆਂ ,ਤੁਸੀਂ ਜੋ ਮੇਰੇ ਨਾਲ ਕਰਨਾ ਕਰੋ ਪਰ ਮੈਂ ਇਨਸਾਨੀਅਤ ਦਾ ਫ਼ਰਜ ਨਿਭਾਉਣ ਆਇਆਂ ।’’ ਤੇ ਸ਼ਾਇਦ ਅਗਲਾ ਮੈਨੂੰ ਇੱਜ਼ਤ ਵੀ ਦਿੰਦਾ ਤੇ ਕੁਝ ਇਨਾਮ ਵੀ ।

ਇਹਨਾਂ ਹੀ ਖ਼ਿਆਲਾ ’ਚ ਸ਼ਾਮ ਹੋ ਗਈ ,ਦਿਨ ਨਿੱਕਲ ਗਿਆ ਤੇ ਦੂਜਾ ਦਿਨ ਵੀ ਨਿੱਕਲ ਗਿਆ ਪਰ ਅਜਿਹਾ ਕੁਝ ਨਹੀਂ ਹੋਇਆ, ਜਿਸ ਬਾਰੇ ਮੈਂ ਸੋਚ ਰਿਹਾ ਸੀ ਨਾ ਫ਼ੋਨ ਦੀ ਘੰਟੀ ਹੀ ਵੱਜੀ ਤੇ ਨਾ ਹੀ ਪਤੇ ਤੇ ਕਿਸੇ ਨੇ ਦਸਤਕ ਦਿੱਤੀ। ਹਾਂ ! ਉਹ ਸ਼ਾਇਦ ਤੀਜਾ ਦਿਨ ਸੀ ਜਦੋਂ ਓਹੀ ਹੋਇਆ ਜਿਸ ਦੇ ਹੋਣ ਬਾਰੇ ਪਤਾ ਨਹੀਂ ਕਿਉਂ ਵਿਸ਼ਵਾਸ ਸੀ । ਜਿਵੇਂ ਮੈਂ ਕਲਪਣਾ ਕਰ ਰਿਹਾ ਸਾਂ । ਉਸੇ ਤਰ੍ਹਾਂ ਫ਼ੋਨ ਆਇਆ ਤੇ ਗੱਲ ਹੋਈ । ਫ਼ੋਨ ਕਰਨ ਵਾਲੇ ਨੇ ਮੇਰਾ ਨਾਂ ਪੁੱਛਿਆ ਸੀ ਤੇ ਬਟੂਆ ਮਿਲਣ ਦੀ ਗੱਲ ਕਹੀ ਸੀ, ਪਰ ਬਟੂਏ ਵਿੱਚ ਪੈਸੇ ਨਾ ਹੋਣ ਬਾਰੇ ਹੋਈ ਗੱਲ ਨੂੰ ਉਸ ਨੇ ਜ਼ੋਰ ਦੇ ਕੇ ਦੁਹਰਾਇਆ ਸੀ । ਮੈਂ ਉਸਦਾ ਧੰਨਵਾਦ ਕੀਤਾ ਤੇ ਅਸੀਂ ਦੁਪਹਿਰੇ ਇੱਕ ਵਜੇ ਦਸ ਫੇਸ ਦੇ ਇੱਕ ਢਾਬੇ ਤੇ ਮਿਲਣ ਦਾ ਵਾਅਦਾ ਕਰ ਲਿਆ ।
ਅੰਤਰ ਆਤਮਾ ਦੀ ਆਵਾਜ਼ ਅਨੁਸਾਰ ਹੋਏ ਇਸ ਘਟਨਾਕ੍ਰਮ ਜਿਸ ਨੂੰ ਆਮ ਭਾਸ਼ਾ ਵਿੱਚ ਮੈਂ ਸ਼ਾਇਦ ਕਲਪਣਾ ਵੀ ਕਹਿ ਸਕਾਂ, ਨੇ ਮੇਰੀ ਰੂਹ ਨੂੰ ਵੀ ਨਸਿ਼ਆ ਦਿੱਤਾ ਸੀ । ਜਿੱਥੇ ਕਾਗਜ਼ ਮਿਲਣ ਦੀ ਖੁਸ਼ੀ ਸੀ ,ਉੱਥੇ ਹੀ ਇਨਸਾਨੀਅਤ ਦੀ ਹੋਂਦ ਦੇ ਰੋਮਾਂਚਿਤ ਅਨੁਭਵ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ ਸਨ । ਮੈਂ ਹੁਣ ਉਸ ਆਦਮੀ ਨੂੰ ਨੇੜਿਓ ਤੇ ਸਾਖਸ਼ਾਤ ਦੇਖਣਾ ਚਾਹੁੰਦਾ ਸਾਂ । ਜਿਸ ਨੇ ਮੇਰੀ ਕਲਪਣਾ ਨੂੰ ਸਾਖਸ਼ਾਤ ਰੂਪ ਦਿੱਤਾ ਸੀ ਇਨਸਾਨੀਅਤ ਅਤੇ ਰੱਬ ਦੀ ਹੋਂਦ ਦੇ ਵਿਸ਼ਵਾਸ ਨੂੰ ਦ੍ਰਿੜਤਾ ਬਖ਼ਸ਼ੀ ਸੀ ।ਉਹ ਆਮ ਮਨੁੱਖ ਨਹੀਂ ਹੋ ਸਕਦਾ ।

ਦਿਨੇ ਇੱਕ ਵਜੇ ਉਹ ਸਾਖਸ਼ਾਤ ਮੇਰੇ ਸਾਹਮਣੇ ਸੀ । ਢਾਬੇ ’ਚ ਭੀੜ ਸੀ ਪਰ ਮੈ ਉਸ ਨੂੰ ਪਛਾਣ ਲਿਆ ਸੀ। ਉਹ ਸ਼ਕਲ ਤੋਂ ਹੀ ਜੇਬ ਕਤਰਾ ਲੱਗਦਾ ਸੀ ਉਮਰ ਹੋਵੇਗੀ ਚਾਲੀ ਕੁ ਸਾਲ ,ਰੰਗ ਕਾਲਾ ,ਤਿੱਖੇ ਨੈਨ ਨਕਸ਼ , ਲੰਬੇ ਭੂਰੇ ਵਾਲ ਤੇ ਚਿਹਰੇ ਤੇ ਹਲਕੀ ਦਾੜ੍ਹੀ ਤੇ ਮੁੱਛਾਂ ਤੇ ਗਲ ਵਿੱਚ ਗੁਲੂਬੰਦ, ਰਵਾਇਤੀ ਟਪੋਰੀਆਂ ਵਰਗਾ ਸੀ ਉਹ।  ਉਸਨੇ ਆਪਣਾ ਨਾਂ ਮੈਨੂੰ ਫ਼ੋਨ ਤੇ ਪਹਿਲਾਂ ਹੀ ਦੱਸ ਦਿੱਤਾ ਸੀ ‘‘ਸ਼ੇਰੂ’’ ਬਿਲਕੁਲ ਉਸਦੀ ਸਖਸ਼ੀਅਤ ਤੇ ਬਿਲਕੁਲ ਢੁਕਵਾਂ । ਉਹਦੇ ਕੋਲ ਜਾਣ ਤੋਂ ਪਹਿਲਾਂ ਮੈਂ ਸਮਝ ਚੁੱਕਿਆ ਸੀ ਕਿ ਮੇਰਾ ਬਟੂਆ ਇਸੇ ਨੇ ਹੀ ਮਾਰਿਆ ਹੈ । ਪੈਸੇ ਇਸ ਨੇ ਰੱਖ ਲਏ ਹਨ , ਸਿਰਫ ਕਾਗਜ਼ ਵਾਪਸ ਕਰ ਰਿਹਾ ਹੈ ਪਰ ਮੈਨੂੰ ਉਸ ਨਾਲ ਕੋਈ ਸਿ਼ਕਵਾ ਨਹੀਂ ਸੀ ਬਲਕਿ ਦਿਲਚਸਪੀ ਸੀ ਉਸ ਦੀ ਸਖਸ਼ੀਅਤ ਵਿੱਚ। ਉਹ ਮੈਨੂੰ ਬੜੀ ਅਪਣੱਤ ਨਾਲ ਮਿਲਿਆ ਉਸ ਦੀ ਬੋਲੀ ਵਿੱਚ ਨਿਮਰਤਾ ਤੇ ਸਿਆਣਪ ਸੀ ,ਉਸ ਦੀ ਦਿਖਣ ਵਾਲੀ ਸਖਸ਼ੀਅਤ ਤੋਂ ਬਿਲਕੁਲ ਉਲਟ । ਦੋ ਮਿੰਟ ਬਾਅਦ ਹੀ ਮੇਰਾ ਬਟੂਆ ਮੇਜ਼ ਤੇ ਧਰਦਿਆਂ ਬੋਲਿਆ ,‘‘ ਲਓ ਜੀ , ਥੋਡੀ ਅਮਾਨਤ ।’’ ਉਸ ਨੇ ਬਟੂਆ ਮੇਜ਼ ਤੇ ਰੱਖ ਦਿੱਤਾ ਸੀ । ਉਸ ਨੇ ਦੋ ਜਣਿਆ ਦੀ ਰੋੋਟੀ ਦਾ ਆਦੇਸ਼ ਪਹਿਲਾਂ ਹੀ ਦੇ ਰੱਖਿਆ ਸੀ । ਅਸੀਂ ਰੋਟੀ ਖਾਧੀ ਕੁਛ ਗੱਲਾਂ ਹੋਰ ਹੋਈਆਂ ਹਾਂ ਉਹ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਸੀ । ਉਸ ਤੋਂ ਪਤਾ ਲੱਗਿਆ ਕਿ ਨਾ ਤਾਂ ਉਸਦਾ ਪੱਕਾ ਠਿਕਾਣਾ ਹੀ ਹੈ ਤੇ ਨਾ ਹੀ ਕੋਈ ਰਿਸ਼ਤੇਦਾਰ । ਉਸਨੇ ਮੇਰੇ ਤੋਂ ਬਹੁਤ ਪਹਿਲਾਂ ਰੋਟੀ ਖਤਮ ਕਰ ਲਈ ਸੀ । ਸ਼ਾਇਦ ਉਹ ਜਾਣ ਲਈ ਬਹੁਤ ਕਾਹਲਾ ਸੀ ਪਰ ਮੈਂ ਹਾਲੇ ਉਸ ਬਾਰੇ ਬਹੁਤ ਕੁੱਝ ਜਾਣਨਾ ਚਾਹੁੰਦਾ ਸੀ । ਉਹ ਕਾਹਲੀ ਨਾਲ ਉਠਿਆ ,ਹੱਥ ਪੂੰਝੇ ,ਪੈਸੇ ਦਿੱਤੇ ਤੇ ਚਲਾ ਗਿਆ ।ਮੈਂ ਜਿਵੇਂ ਜੜ੍ਹ ਹੋ ਗਿਆ ਸੀ , ਮੈਨੂੰ ਰੋਟੀ ਖਾਣੀ ਭੁੱਲ ਗਈ ਸੀ , ਮੈਂ ਆਪਣੇ ਬਟੂਏ ਵੱਲ ਦੇਖ ਰਿਹਾ ਸੀ । ਮੈਂ ਉਦੋਂ ਸਚੇਤ ਹੋਇਆ ਜਦੋਂ ਕਿਸੇ ਨੇ ਆ ਕੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਸੀ । ਇਹ ਹੋਟਲ ਦਾ ਮਾਲਕ ਸੀ

‘‘ਬਾਉ ਜੀ , ਮਿਲ ਗਿਆ ਬਟੂਆ’’
‘ਹਾਂ ਪਰ ਥੋਨੂੰ ਕਿਵੇਂ ਪਤੈ ?’

‘‘ਹਾਂ ਜੀ ਮੈਨੂੰ ਪਤੈ ਇਹ ਬੰਦਾ ਇੱਥੇ ਇੱਕ ਦੋ ਵਾਰੀ ਆਇਆ, ਜਦੋਂ ਵੱਡੇ ਮੈਚ ਹੋਣ.. ਪਾਗਲ ਐ ਬਿਲਕੁਲ ਪਹਿਲਾਂ ਬਟੂਆ ਕੱਢ ਲੈਦੈ ਫਿਰ ਕਾਗਜ਼ ਮੋੜਣ ਦੀ ਪੈ ਜਾਂਦੀ ਐ , ਏਸ ਚੱਕਰ ‘ਚ ਪਿਛਲੀ ਵਾਰੀ ਜੁੱਤੀਆਂ ਵੀ ਖਾਧੀਆਂ ਇਸ ਨੇ’’ਉਹ ਹੋਰ ਵੀ ਕਈ ਕੁਝ ਬੋਲਦਾ ਰਿਹਾ ਹੋਣੈ ਪਰ ਉਹ ਮੈਨੂੰ ਸੁਣਾਈ ਨਹੀਂ ਦਿੱਤੀਆਂ ਸਨ । ਸ਼ੇਰੂ ਮੈਨੂੰ ਹੁਣ ਵੀ ਕਈ ਵਾਰੀ ਯਾਦ ਆਉਂਦਾ ਹੈ, ਉਦੋਂ ਜਦੋਂ ਕਿਤੇ ਮੋਹਾਲੀ ਮੈਚ ਹੁੰਦਾ ਹੈ ਤੇ ਜਾਂ ਫਿਰ ਜਦੋਂ ਬਟੂਆ ਡਿੱਗ ਪੈਂਦਾਂ ਹੈ । ਦਰਅਸਲ ਅੱਜ ਉਹ ਮੇਰੀ ਜ਼ਿੰਦਗੀ ਵਿੱਚ ਇੱਕ ਚਮਤਕਾਰ ਵਾਂਗੂੰ ਸਥਾਪਿਤ ਕਿਰਦਾਰ ਹੈ । ਸੱਚ ਹੋ ਕੇ ਵੀ ਕਾਲਪਨਿਕ ਜਿਹਾ , ਇਨਸਾਨੀਅਤ ਦੇ ਪ੍ਰਛਾਵੇਂ ਵਾਂਗ ।

ਸੰਪਰਕ: +91 99156 20944

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ