Sun, 13 October 2024
Your Visitor Number :-   7232278
SuhisaverSuhisaver Suhisaver

ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਮਾਫ਼ਕ - ਕਰਨ ਬਰਾੜ

Posted on:- 05-03-2014

ਆਪਣੇ ਪੰਜਾਬ ਦੇ ਜ਼ਿਆਦਾਤਰ ਲੋਕ ਪ੍ਰਦੇਸਾਂ ਲਈ ਤਾਂਘਦੇ ਰਹਿੰਦੇ ਹਨ। ਬਈ ਕਿਸੇ ਹਿਸਾਬ ਨਾਲ ਬਾਹਰ ਵਾਲਾ ਕੰਮ ਲੋਟ ਆਜੇ ਸਹੀ। ਇੱਕ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲੈਣ ਦਿਓ ਫਿਰ ਭਾਵੇਂ ਲੱਤਾਂ ਵੱਢ ਦਿਉ। ਦੂਜੇ ਪਾਸੇ ਕਈ ਪਰਦੇਸੀ ਅੱਡੀਆਂ ਚੱਕ ਚੱਕ ਪੰਜਾਬ ਲਈ ਝੂਰਦੇ ਰਹਿੰਦੇ ਹਨ ਬਈ ਕਿਹੜਾ ਵੇਲਾ ਆਵੇ ਉੱਡ ਕੇ ਪਹੁੰਚ ਜਾਈਏ ਆਪਣੇ ਸ਼ਹਿਰ ਆਪਣੇ ਗਰਾਂ। ਸਹੁਰੇ ਮੰਜੇ ਤੇ ਬੈਠੇ ਹੋਈਏ ਸਰ੍ਹੋਂ ਦਾ ਸਾਗ ਹੋਵੇ ਉੱਤੋਂ ਸੱਸ ਨਾ ਨਾ ਕਹਿੰਦਿਆਂ ਤੋਂ ਘਿਉ ਹੀ ਘਿਉ ਪਾਈ ਜਾਵੇ।

ਉਹ ਜੀ ਕਿਸੇ ਨੂੰ ਰਿਸ਼ਤਿਆਂ ਦਾ ਮੋਹ ਖਿੱਚਦਾ ਕਿਸੇ ਨੂੰ ਪੰਜਾਬ ਦੀਆਂ ਯਾਦਾਂ। ਜੇ ਪੰਜਾਬ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ 99% ਲੋਕਾਂ ਦਾ ਵਿਚਾਰ ਹੁੰਦਾ ਕਿ ਬਾਹਰਲੇ ਮੁਲਕ ਜਾਣਾ ਚਾਹੀਦਾ ਜਿੱਥੇ ਇੱਕ ਤੋਂ ਸੱਠ ਬਣਦੇ ਹਨ। ਇੱਥੇ ਕੁਝ ਨੀ ਪਿਆ ਦੇਸ਼ ਖਾ ਲਿਆ ਲੀਡਰਾਂ ਅਤੇ ਬੇਰੁਜ਼ਗਾਰੀ ਨੇ ਬਸ ਦੇਰ ਨਾ ਲਾਓ ਕਿਸੇ ਤਰੀਕੇ ਬਾਹਰ ਭੱਜੋ। ਜੇ ਏਧਰ ਪ੍ਰਦੇਸ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ 90% ਲੋਕਾਂ ਦਾ ਬਿਆਨ ਹੁੰਦਾ ਕਿ ਬਾਹਰ ਨੀ ਆਉਣਾ ਚਾਹੀਦਾ ਭਾਈ ਧੱਕੇ ਨੇ ਇਥੇ ਤਾਂ ਬਸ ਕੰਮ ਹੀ ਕੰਮ ਹੈ, ਨਾ ਕੋਈ ਰਿਸ਼ਤੇਦਾਰ ਨਾ ਕੋਈ ਵਿਆਹ ਸ਼ਾਦੀਆਂ ਪੈਸੇ ਦਸ ਚੱਟਣੇ ਆ। ਸੱਚੇ ਉਹ ਵੀ ਨੇ ਤੇ ਝੂਠੇ ਇਹ ਬਾਹਰਲੇ ਵੀ ਨਹੀਂ, ਪਰ ਹੁਣ ਕੀਤਾ ਕੀ ਜਾਵੇ ?

ਮੈਨੂੰ ਲੱਗਦਾ ਇੱਕ ਸਰਕਲ ਬਣਾ ਦੇਣਾ ਚਾਹੀਦਾ ਕੁਝ ਸਮੇਂ ਲਈ ਪੰਜਾਬ ਵੱਸਦੇ ਪੰਜਾਬੀ ਪ੍ਰਦੇਸ਼ ਆ ਜਾਣ ਤੇ ਪ੍ਰਦੇਸੀ ਪੰਜਾਬ ਚਲੇ ਜਾਣ। ਨਾਲ਼ੇ ਪਰਦੇਸੀਆਂ ਨੂੰ ਪਤਾ ਲੱਗਜੂ ਬਈ ਪੰਜਾਬ 'ਚ ਭਾਦੋਂ ਦੀ ਵੱਟ ਮਰੋੜ ਦੀ ਰੁੱਤੇ ਕਿਹੋ ਜਿਹੇ ਦਿਨ ਹੁੰਦੇ ਹਨ। ਪਤਾ ਲੱਗਜੂ ਜਦੋਂ ਪਾਣੀ ਲੱਗੇ ਗੋਡੇ ਗੋਡ ਝੋਨੇ ਵਿੱਚ ਰੇਹ ਖਿਲਾਰਨੀ ਪਈ। ਕਿਵੇਂ ਜੇਠ ਹਾੜ ਦੀਆਂ ਗੁੰਮ ਵੱਜਦੀਆਂ ਰਾਤਾਂ ਨੂੰ ਬਿਨਾਂ ਬਿਜਲੀ ਤੋਂ ਮੱਛਰ ਜੋਟੀਆਂ ਬਣਾ ਬਣਾ ਕੇ ਕੌਡੀ ਬਾਡੀਆਂ ਪਾਉਂਦਾ। ਪਤਾ ਤਾਂ ਉਦੋਂ ਲੱਗਣਾ ਜਦੋਂ ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਕਣਕ ਨੂੰ ਪਾਣੀ ਲਾਉਂਦਿਆਂ ਚਾਚੇ ਨੇ ਕਹਿ ਦੇਣਾ ਕਿ ਪੁੱਤਰਾ ਮੋਹਗੇ ਤੱਕ ਗੇੜਾ ਮਾਰ ਆ ਭੱਜ ਕੇ ਮੈਂ ਨੱਕੇ ਮੋੜਦਾ। ਨਾਲ਼ੇ ਉਧਰ ਪੰਜਾਬ ਵਾਲਿਆਂ ਨੂੰ ਪਤਾ ਲੱਗਜੂ ਬਈ ਪ੍ਰਦੇਸਾਂ 'ਚ ਜ਼ਿੰਦਗੀ ਵੀਕਾਂ ਵਿੱਚ ਕਿਵੇਂ ਲੰਘਦੀ ਹੈ। ਸੋਮਵਾਰ ਨੂੰ ਕਿਵੇਂ ਮੌਤ ਪੈ ਜਾਂਦੀ ਹੈ ਕੰਮ ਤੇ ਜਾਣ ਵੇਲੇ। ਜਦੋਂ 12-13 ਘੰਟਿਆਂ ਦੀ ਸ਼ਿਫ਼ਟ ਲਾਉਣ ਤੋਂ ਬਾਅਦ ਘਰ ਆਏ ਨੂੰ ਘਰਵਾਲੀ ਨੇ ਕਹਿ ਦੇਣਾ ਚੰਗਾ ਮੈਂ ਜੌਬ ਤੇ ਚੱਲੀ ਹਾਂ ਮੁੰਡਾ ਸਾਂਭ ਲਿਓ ਨਾਲ਼ੇ ਰੋਟੀ ਪਾਣੀ ਖਾ ਲਿਓ।

ਫਿਰ ਸੁਆਦ ਦੇਖੀ ਆਉਂਦਾ ਜਦੋਂ ਨਾਹਰੇ ਕਾ ਜਾਗਰ ਚਾਦਰਾ ਬੰਨ੍ਹ ਕੇ ਹੱਥਾਂ 'ਚ ਫੁੱਲਾਂ ਵਾਲਾ ਝੋਲਾ ਫੜਕੇ ਕਿਵੇਂ ਸ਼ਹਿਰ ਵਿਚ ਭਲਵਾਨੀ ਗੇੜੇ ਦਿੰਦਾ। ਗੇਬੋ ਕੀ ਪ੍ਰਸਿੰਨੀ ਫੁੱਲਾਂ ਵਾਲਾ ਸੂਟ ਪਾ ਕੇ ਉੱਤੇ ਲੈ ਕੇ ਵੈਲ ਦੀ ਚੁੰਨੀ ਗੋਦੀ ਚੱਕ ਕੇ ਜਵਾਕ ਕਿਵੇਂ ਸ਼ਾਪਿੰਗ ਮਾਲ ਦੇ ਗੇੜੇ ਕੱਢਦੀ ਆ। ਸਾਡੇ ਪਿੰਡ ਵਾਲੇ ਘੁੱਦੇ ਸਕੀਮੀ ਨੇ ਤਾਂ ਇੱਥੋਂ ਪੰਜਾਬ ਨੂੰ ਫ਼ੋਨ ਕਰ ਦਿਆ ਕਰਨਾ ਕਿ ਗੁਰਮੇਲੋ ਹੁਣ ਤਾਂ ਦਿਹਾੜੀ ਚੰਗੀ ਲੱਗਣ ਲੱਗ ਗਈ ਤੂੰ ਹੁਣ ਬੱਕਰੀ ਵੇਚ ਕੇ ਮਂਿਹ ਲੈ ਆ ਨਾਲ਼ੇ ਪਿੰਡ ਆਏ ਤੋਂ ਆਪਾਂ ਸਾਈਕਲ ਸੁੱਟ ਦੇਣਾ ਤੈਨੂੰ ਮੋਟਰਸਾਈਕਲ ਤੇ ਮੇਲੇ ਲੈ ਕੇ ਜਾਇਆ ਕਰੂ।

ਸੰਪਰਕ: +61430850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ