Thu, 03 October 2024
Your Visitor Number :-   7228752
SuhisaverSuhisaver Suhisaver

ਵੈਨਜੂਏਲਾ ਰਾਜਪਲਟੇ ਦੇ ਯਤਨਾਂ 'ਚ ਅਮਰੀਕੀ ਹਕੂਮਤ ਦੀ ਦਖਲਅੰਦਾਜ਼ੀ -ਮਨਦੀਪ

Posted on:- 13-02-2019

ਵੈਨਜੂਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ। ਤੇਲ ਅਧਾਰਿਤ ਆਰਥਿਕਤਾ ਵਾਲਾ ਇਹ ਮੁਲਕ ਗੈਸ ਭੰਡਾਰਨ ਵਿਚ ਸੰਸਾਰ 'ਚੋਂ ਚੌਥੇ ਨੰਬਰ ਤੇ ਆਉਂਦਾ ਹੈ। ਇਸਤੋਂ ਇਲਾਵਾ ਇੱਥੇ ਸੋਨਾ, ਹੀਰੇ, ਐਲੋਮੀਨੀਅਮ, ਲੋਹਾ, ਪਾਣੀ ਅਤੇ ਕੌਲਟਨ ਦੇ ਵੀ ਬੇਥਾਹ ਭੰਡਾਰ ਹਨ। ਅਰਬ ਦੇਸ਼ਾਂ ਨਾਲੋਂ ਵੀ ਵਾਫਰ ਤੇਲ ਭੰਡਾਰ ਵਾਲਾ ਇਹ ਮੁਲਕ ਅੱਜ ਵਿਦੇਸ਼ੀ ਕਰਜ, ਭੁੱਖਮਰੀ, ਗੈਰ-ਬਰਾਬਰਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿੱਚ ਘਿਰਿਆ ਹੋਇਆ ਹੈ। ਸਾਲ 2010 ਤੋਂ ਡੂੰਘੇ ਆਰਥਿਕ ਸੰਕਟ 'ਚ ਫਸਿਆ ਵੈਨਜੂਏਲਾ ਇਸ ਸਮੇਂ ਵੱਡੇ ਸਿਆਸੀ ਸੰਕਟ ਵਿੱਚ ਘਿਰ ਗਿਆ ਹੈ। ਵੈਨਜੂਏਲਾ ਇਸ ਸਮੇਂ ਸੰਸਾਰ ਮੰਚ ਤੇ ਦੋ ਵੱਡੀਆਂ ਵਿਚਾਰਧਰਾਵਾਂ ਦੇ ਆਪਸੀ ਖਹਿਭੇੜ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ। ਇਹ ਕਤਾਰਬੰਦੀ ਮੁੱਖ ਤੌਰ ਤੇ ਭਾਵੇਂ ਖੱਬੇਪੱਖੀ ਅਤੇ ਸੱਜੇਪੱਖੀ ਵਿਚਾਰਧਾਰਾ ਦੇ ਬੁਨਿਆਦੀ ਵਖਰੇਵੇਂ ਨੂੰ ਲੈ ਕੇ ਸਾਹਮਣੇ ਆਈ ਹੈ ਪਰੰਤੂ ਇੱਥੇ ਅਮਰੀਕਾ ਦੀ ਸਿੱਧੀ ਦਖਲਅੰਦਾਜ਼ੀ ਦੇ ਨਾਲ-ਨਾਲ ਅੰਤਰ-ਸਾਮਰਾਜੀ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ।

ਵੈਨਜੂਏਲਾ 'ਚ ਪਿਛਲੇ ਦੋ ਦਹਾਕਿਆਂ ਤੋਂ ਖੱਬੇਪੱਖੀ ਸਰਕਾਰ ਸੱਤਾਸੀਨ ਹੈ। ਤਾਜਾ ਘਟਨਾਕ੍ਰਮ ਇਹ ਹੈ ਕਿ ਵੈਨਜੂਏਲਾ ਦੇ ਮੌਜੂਦਾ ਖੱਬੇਪੱਖੀ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਵੱਡੇ ਆਰਥਿਕ ਤੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਅਮਰੀਕਾ ਸਰਕਾਰ ਨੇ ਵਾਸ਼ਿੰਗਟਨ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਹੇਠ ਜਾਰੀ ਇਕ ਅਧਿਕਾਰਤ ਬਿਆਨ ਤਹਿਤ ਵੈਨਜੂਏਲਾ ਦੇ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੇ ਮੁਕਾਬਲੇ ਵਿਰੋਧੀ ਧਿਰ ਦੇ ਆਗੂ ਖੂਆਨ ਗੁਆਇਦੋ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਅਤੇ ਅੱਠ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੀ ਚੋਣ ਦੀ ਰਸਮੀ ਕਰਵਾਈ ਪੂਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਖੂਆਨ ਗੁਆਇਦੋ ਨੇ ਅਮਰੀਕੀ ਪ੍ਰਸ਼ਾਸ਼ਨ ਦੀ ਪ੍ਰਵਾਨਗੀ ਲੈ ਕੇ ਇੱਕ ਵੱਡਾ ਜਨਤਕ ਇਕੱਠ ਕਰਕੇ ਆਪਣੇ ਆਪ ਨੂੰ ਵੈਨਜੂਏਲਾ ਦਾ ਨਵਾਂ ਰਾਸ਼ਟਰਪਤੀ ਐਲਾਨ ਦਿੱਤਾ। ਇਸ ਦੌਰਾਨ ਵੈਨਜੂਏਲਾ ਦੇ ਲੋਕਾਂ ਦੀ ਰਾਇ ਅਤੇ ਕਿਸੇ ਵੀ ਤਰ੍ਹਾਂ ਦੀ ਲੋਕਤੰਤਰਿਕ ਵਿਧੀ ਨੂੰ ਅੱਖੋਂ-ਪਰੋਖੇ ਕਰਕੇ ਲੋਕਾਂ ਨੂੰ ਮਾਦੂਰੋ ਸਰਕਾਰ ਖਿਲਾਫ ਭੜਕਾ ਕੇ ਕੁਝ ਹਿੰਸਕ ਤੇ ਬਗਾਵਤੀ ਕਾਰਵਾਈਆਂ ਨੂੰ ਵੀ ਅੰਜਾਮ ਦਿੱਤਾ ਗਿਆ।ਇਸ ਪਿੱਛੇ ਮਕਸਦ ਇਹ ਸੀ ਕਿ ਸਰਕਾਰ ਅਤੇ ਹਜੂਮ ਵਿਚਕਾਰ ਟਕਰਾਅ ਪੈਦਾ ਕਰਕੇ ਸਰਕਾਰ ਖਿਲਾਫ ਆਮ ਬਗਾਵਤ ਦਾ ਮਹੌਲ ਸਿਰਜਿਆ ਜਾ ਸਕੇ ਅਤੇ ਅੰਤਰਰਾਸ਼ਟਰੀ ਮੀਡੀਆ ਅਤੇ ਸੰਸਥਾਵਾਂ-ਸੰਗਠਨਾਂ ਦੀ ਰਾਇ ਨੂੰ ਮਾਦੂਰੋ ਸਰਕਾਰ ਖਿਲਾਫ ਅਤੇ ਆਪਣੇ ਪੱਖ 'ਚ ਭੁਗਤਾਇਆ ਜਾ ਸਕੇ। ਮਾਦੂਰੋ ਸਰਕਾਰ ਵੱਲੋਂ ਹਿੰਸਕ ਭੀੜ ਨੂੰ ਦਬਾਉਣ ਲਈ ਕੀਤੀ ਗਈ ਪੁਲਿਸ ਤੇ ਫੌਜੀ ਕਾਰਵਾਈ ਵਿਚ ਕਈ ਮੌਤਾਂ ਤੇ ਗ੍ਰਿਫਤਾਰੀਆਂ ਹੋਈਆਂ। ਸਰਕਾਰ ਦੀ ਇਸ ਕਾਰਵਾਈ ਨੂੰ ਤਾਨਾਸ਼ਾਹ ਕਰਾਰ ਦੇ ਕੇ ਯੂਨਾਈਟਿਡ ਨੇਸ਼ਨ ਸਕਿਊਰਟੀ ਕੌਂਸਲ (UNSC) ਦੀ ਐਮਰਜੈਂਸੀ ਮੀਟਿੰਗ ਬੁਲਾਕੇ ਅਮਰੀਕਾ ਪੱਖੀ ਮੁਲਕਾਂ ਦੀ ਬਹੁਸੰਮਤੀ ਨੂੰ ਆਪਣੇ ਪੱਖ 'ਚ ਭੁਗਤਾ ਕੇ 9/4 ਦੇ ਫਰਕ ਨਾਲ ਵੈਨਜੂਏਲਾ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ। ਅਮਰੀਕਾ ਨੇ ਵੈਨਜੂਏਲਾ ਨੂੰ ਮਾਫੀਆ ਸਟੇਟ ਘੋਸ਼ਿਤ ਕਰਦਿਆਂ ਲਾਤੀਨੀ ਅਮਰੀਕਾ ਦੇ ਚਿੱਲੀ, ਬਰਾਜੀਲ, ਅਰਜਨਟੀਨਾ ਆਦਿ ਦੇਸ਼ਾਂ ਦੀਆਂ ਅਮਰੀਕਾ ਪੱਖੀ ਸੱਜੇਪੱਖੀ ਸਰਕਾਰਾਂ ਨੂੰ ਵੈਨਜੂਏਲਾ ਦੇ ਵਿਰੁੱਧ ਸ਼ਰੀਕ ਬਣਾਕੇ ਖੜੇ ਕਰ ਦਿੱਤਾ। ਬੈਂਕ ਆਫ ਇੰਗਲੈਂਡ ਜਿਸ ਕੋਲ ਵੈਨਜੂਏਲਾ ਦਾ 1.2 ਬਿਲੀਅਲ ਡਾਲਰ ਦਾ ਸੋਨਾ ਅਮਾਨਤ ਵਜੋਂ ਪਿਆ ਸੀ, ਨੇ ਅਮਰੀਕਾ ਦੇ ਇਸ਼ਾਰੇ ਤੇ ਉਹ ਸੋਨਾ ਮਦੂਰੋ ਸਰਕਾਰ ਨੂੰ ਵਾਪਸ ਦੇਣ ਤੋਂ ਨਾਂਹ ਕਰ ਦਿੱਤੀ। ਅਮਰੀਕਾ ਦੀ ਵੈਨਜੂਏਲਾ 'ਚ ਸਿੱਧੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੈਨਜੂਏਲਾ ਖਿਲ਼ਾਫ ਕੀਤੀ ਜਾ ਰਹੀ ਕਤਾਰਬੰਦੀ ਵੈਨਜੂਏਲਾ ਸਰਕਾਰ ਦਾ ਤਖਤਾ ਪਲਟਕੇ ਗੋਆਇਦੋ ਦੇ ਪ੍ਰਭਾਵ ਨੂੰ ਮਜਬੂਤ ਕਰਨ ਦੀਆਂ ਕਾਰਵਾਈਆਂ ਹਨ।

ਅਮਰੀਕਾ-ਵੈਨਜੂਏਲਾ ਵਿਚਕਾਰ ਦੋ ਦਹਾਕਿਆਂ ਤੋਂ ਸੁਲਗਦੇ ਆ ਰਹੇ ਸਬੰਧਾਂ ਪਿੱਛੇ ਮੁੱਖ ਕਾਰਨ ਵੈਨਜੂਏਲਾ ਦੇ ਤੇਲ ਸਰੋਤ ਹਨ। ਮੌਜੂਦਾ ਸਮੇਂ ਤੇਲ ਨੂੰ ਤੀਲੀ ਡੋਨਲਡ ਟਰੰਪ ਪ੍ਰਸ਼ਾਸ਼ਨ ਨੇ ਲਾਈ ਹੈ। ਵੈਨਜੂਏਲਾ ਅਮਰੀਕਾ ਦੇ ਸਭ ਤੋਂ ਵੱਡੇ ਦੋ ਸ਼ਰੀਕ ਰੂਸ ਅਤੇ ਚੀਨ ਨੂੰ ਤੇਲ ਨਿਰਯਾਤ ਕਰਦਾ ਹੈ। ਵੈਨਜੂਏਲਾ ਅਮਰੀਕਾ ਨੂੰ ਵੀ ਕੱਚਾ ਤੇਲ ਵੇਚਦਾ ਹੈ ਪਰੰਤੂ ਅਮਰੀਕਾ ਨੂੰ ਤੇਲ ਨਿਰਯਾਤ ਕਰਨ ਦੀਆਂ ਸੀਮਤਾਈਆਂ ਅਤੇ ਅਮਰੀਕਾ ਦੇ ਕੁਝ ਪੁਰਾਣੇ ਖਾਤੇ ਵੈਨਜੂਏਲਾ ਸਰਕਾਰ ਦੁਆਰਾ ਬਲੌਕ ਕੀਤੇ ਹੋਣ ਕਾਰਨ ਸਾਲ 2017 'ਚ ਟਰੰਪ ਪ੍ਰਸ਼ਾਸ਼ਨ ਨੇ ਵੈਨਜੂਏਲਾ ਸਰਕਾਰ ਖਿਲਾਫ ਆਰਥਿਕ ਨਾਕਾਬੰਦੀ ਦਾ ਐਲਾਨ ਕਰ ਦਿੱਤਾ। ਦੂਸਰਾ ਆਰਥਿਕ ਸੰਕਟ 'ਚ ਘਿਰੀ ਮਦੂਰੋ ਸਰਕਾਰ ਤੇ ਦਬਾਅ ਪਾਉਣ ਲਈ ਇਹ ਸ਼ਰਤ ਰੱਖ ਦਿੱਤੀ ਗਈ ਕਿ ਜੇਕਰ ਵੈਨਜੂਏਲਾ ਬਲੌਕ ਹੋਏ ਖਾਤਿਆਂ 'ਚ ਪੈਸੇ ਜਮਾ ਕਰਵਾਉਂਦਾ ਹੈ ਤਾਂ ਅੱਗੋਂ ਤੇਲ ਦੀ ਖਰੀਦ ਜਾਰੀ ਰਹੇਗੀ ਨਹੀਂ ਤਾਂ ਉਹ ਵੈਨਜੂਏਲਾ ਤੋਂ ਤੇਲ ਨਹੀਂ ਖਰੀਦਣਗੇ। ਅਜਿਹੇ 'ਚ ਮਾਦੂਰੋ ਸਰਕਾਰ ਬੁਰੀ ਤਰ੍ਹਾਂ ਘਿਰ ਗਈ। ਜੇਕਰ ਉਹ ਟਰੰਪ ਪ੍ਰਸ਼ਾਸ਼ਨ ਦੀਆਂ ਸ਼ਰਤਾਂ ਨੂੰ ਲਾਗੂ ਕਰਦੀ ਤਾਂ ਵੈਨਜੂਏਲਾ ਸਰਕਾਰ ਨੂੰ 11 ਮਿਲੀਅਨ ਡਾਲਰ ਦਾ ਨਿਰਯਾਤ ਕਰਨਾ ਪੈਣਾ ਸੀ ਅਤੇ 7 ਅਰਬ ਡਾਲਰ ਦੀ ਜਾਇਦਾਦ ਵੇਚਣੀ ਪੈਣੀ ਸੀ। ਪਰੰਤੂ ਪਹਿਲਾਂ ਹੀ 150 ਮਿਲੀਅਨ ਡਾਲਰ ਦੇ ਵਿਦੇਸ਼ੀ ਕਰਜ 'ਚ ਡੁੱਬੀ ਸਰਕਾਰ ਲਈ ਇਹ ਸ਼ਰਤਾਂ ਮੰਨਣੀਆਂ ਆਤਮਘਾਤੀ ਕਦਮ ਬਰਾਬਰ ਸੀ। ਇਸ ਲਈ ਮਾਦੂਰੋ ਸਰਕਾਰ ਨੇ ਰੂਸ ਅਤੇ ਚੀਨ ਨਾਲ ਹੋਰ ਵੱਧ ਨੇੜਤਾ ਕਰ ਲਈ। ਇਹ ਨੇੜਤਾਂ ਅਮਰੀਕਾ ਲਈ ਨਾਬਰਦਾਸਤ ਕਰਨ ਯੋਗ ਸੀ ।ਇਸ ਲਈ ਉਹ ਲਗਾਤਾਰ ਮਾਦੂਰੋ ਸਰਕਾਰ ਖਿਲਾਫ ਵੈਨਜੂਏਲਾ 'ਚ ਤਾਇਨਾਤ ਕੀਤੇ ਆਪਣੇ ਸੀਆਈਏ ਦੇ ਏਜੰਟਾਂ ਰਾਹੀਂ ਸਾਜ਼ਿਸ਼ਾਂ ਰਚ ਰਹੇ ਸਨ।ਅਮਰੀਕੀ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ 4 ਅਗਸਤ 2018 'ਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਸਮੇਂ ਨਿਕੋਲਸ ਮਾਦੂਰੋ ਉਪਰ ਵਿਸਫੋਟਕ ਡਰੋਨ ਰਾਹੀਂ ਜਾਨਲੇਵਾ ਹਮਲਾ ਕਰਵਾਇਆ ਗਿਆ ਜਿਸ ਵਿਚੋਂ ਉਹ ਵਾਲ-ਵਾਲ ਬਚੇ। ਇਸੇ ਲੜੀ ਤਹਿਤ ਚਾਲੂ ਸਾਲ ਦੇ ਜਨਵਰੀ ਮਹੀਨੇ 'ਚ ਅਮਰੀਕਾ ਨੇ ਵੈਨਜੂਏਲਾ ਦੇ ਆਰਥਿਕ ਸੰਕਟ 'ਚ ਘਿਰੇ ਹੋਣ ਦਾ ਲਾਹਾ ਲੈਂਦਿਆਂ ਆਪਣੀ ਕੱਠਪੁਤਲੀ ਸਰਕਾਰ ਰਾਹੀਂ ਰਾਜਪਲਟਾ ਕਰਵਾਉਣ ਦੀ ਕੋਸ਼ਿਸ਼ ਕੀਤੀ।

ਵੈਨਜੂਏਲਾ 'ਚ ਅਮਰੀਕਾ ਸਰਕਾਰ ਦੀ ਮੌਜੂਦਾ ਦਖਲਅੰਦਾਜ਼ੀ ਅਸਲ ਵਿਚ ਪੂਰੇ ਲਾਤੀਨੀ ਮਹਾਂਦੀਪ ਵਿਚ ਅਮਰੀਕੀ ਸਾਮਰਾਜ ਦੀ ਦਖਲਅੰਦਾਜ਼ੀ ਦੀ ਅਹਿਮ ਨੀਤੀ ਦਾ ਇਕ ਅੰਗ ਹੈ। ਅਮਰੀਕਾ ਨੇ ਹੁਣ ਤੱਕ ਲਾਤੀਨੀ ਮਹਾਂਦੀਪ ਦੇ ਵੱਖ-ਵੱਖ ਮੁਲਕਾਂ 'ਚ 56 ਵਾਰ ਸਿੱਧੀ ਫੌਜੀ ਦਖਲਅੰਦਾਜ਼ੀ ਨਾਲ ਰਾਜਪਲਟੇ, ਕੱਠਪੁੱਤਲੀ ਸਰਕਾਰਾਂ ਅਤੇ ਆਮ ਬਗਾਵਤਾਂ ਕਰਵਾਈਆਂ ਹਨ।ਅਮਰੀਕਾ ਅਤੇ ਵੈਨਜੂਏਲਾ ਦੇ ਆਪਸੀ ਸਬੰਧ ਉਸ ਸਮੇਂ ਤੋਂ ਵਿਗੜਣੇ ਸ਼ੁਰੂ ਹੋਏ ਜਦੋਂ ਵੈਨਜੂਏਲਾ ਅੰਦਰ ਹੂਗੋ ਚਾਵੇਜ ਲਾਤੀਨੀ ਅਮਰੀਕੀ ਸਿਆਸੀ ਮੰਚ ਤੇ ਇਕ ਜਾਦੂਈ ਸ਼ਖਸੀਅਤ ਬਣਕੇ ਉਭਰਣ ਲੱਗਾ। ਉਗੋ ਚਾਵੇਜ ਇਕ ਉੱਘਾ ਟਰੇਡ ਯੂਨੀਅਨ ਆਗੂ ਸੀ। ਉਹ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਘਟਾਉਣ, ਗੈਰਕਾਨੂੰਨੀ ਮਾਇਨਿੰਗ ਬੰਦ ਕਰਨ, ਅਮਰੀਕੀ ਤੇਲ ਕੰਪਨੀ ਸਟੈਡਰਡ ਆਇਲ ਕੰਪਨੀ ਨੂੰ ਦੇਸ਼ ਚੋਂ ਬਾਹਰ ਕੱਢਕੇ ਰਾਸ਼ਟਰੀ ਤੇਲ ਕੰਪਨੀ ਬਣਾਕੇ ਉਸਦਾ ਕੌਮੀਕਰਨ ਕਰਨ, ਖੇਤੀ ਸੁਧਾਰ ਲਾਗੂ ਕਰਨ, ਸਰਕਾਰੀ ਸਿੱੱਖਿਆ ਅਤੇ ਸਿਹਤ ਸਹੂਲਤਾਂ ਮੁਹੱੱਇਆ ਕਰਵਾਉਣ ਆਦਿ ਬੁਨਿਆਦੀ ਮੁੱੱਦਿਆਂ ਨੂੰ ਉਭਾਰਦਾ ਰਿਹਾ। 1999 'ਚ ਉਸਦੀ ਜਿੱਤ ਤੋਂ ਬਾਅਦ ਊਗੋ ਚਾਵੇਜ ਨੇ ਆਪਣੇ ਕਿਊਬਾ ਦੌਰੇ ਤੋਂ ਬਾਅਦ ਕਿਊਬਾ ਸਰਕਾਰ ਦੇ ਸਹਿਜੋਗ ਨਾਲ ਵੈਨਜੂਏਲਾ 'ਚ 'ਸਮਾਜਵਾਦੀ ਕਿਸਮ' ਦਾ ਮਾਡਲ ਅਮਲੀ ਤੌਰ ਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ। 2002 'ਚ ਜਾਰਜ ਬੁਸ਼ ਦੀ ਹਕੂਮਤ ਸਮੇਂ ਊਗੋ ਚਾਵੇਜ ਨੂੰ ਅੰਤਰਰਾਸ਼ਟਰੀ ਮੀਡੀਆ 'ਚ 'ਰਾਖਸ਼ਸ਼' ਦੇ ਰੂਪ 'ਚ ਪੇਸ਼ ਕਰਕੇ ਉਸਦੇ ਖਿਲਾਫ ਫੌਜੀ ਕਾਰਵਾਈ ਕਰਕੇ ਗੱਦੀ ਤੋਂ ਲਾਹ ਦਿੱਤਾ ਗਿਆ ਪ੍ਰੰਤੂ ਲੋਕਾਂ ਦੇ ਤਿੱਖੇ ਵਿਰੋਧ ਕਾਰਨ 48 ਘੰਟਿਆਂ ਦੇ ਅੰਦਰ ਹੀ ਊਗੋ ਚਾਵੇਜ ਫਿਰ ਸੱਤਾ 'ਚ ਆ ਗਿਆ। ਅਮਰੀਕਾ ਦੀ ਇਸ ਫੌਜੀ ਦਖਲਅੰਦਾਜ਼ੀ ਨੂੰ ਚਾਵੇਜ ਨੇ ਆਪਣੀ ਫੌਜੀ ਕੂਟਨੀਤੀ ਅਤੇ ਸੰਗੀ ਖੱਬੇਪੱਖੀ ਦੇਸ਼ਾਂ ਦੇ ਸਹਿਯੋਗ ਨਾਲ ਬਿਫਲ ਕਰ ਦਿੱਤਾ ਸੀ। ਵੈਨਜੂਏਲਾ ਕਿਊਬਾ ਤੋਂ ਬਾਅਦ ਦੂਜਾ ਅਜਿਹਾ ਮੁਲਕ ਸੀ ਜੋ ਅਮਰੀਕੀ ਸਾਮਰਾਜ ਨੂੰ ਤਿੱਖੀ ਚੁਣੌਤੀ ਪੇਸ਼ ਕਰ ਰਿਹਾ ਸੀ ਅਤੇ ਹੂਗੋ ਚਾਵੇਜ ਬਾਕੀ ਦੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਖੱਬੇਪੱਖੀਆਂ ਨੂੰ ਇਕਜੁੱਟ ਕਰਨ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਿਹਾ ਸੀ।

ਅਮਰੀਕਾ ਲਈ ਇਹ ਇਕ ਵੱਡੀ ਚੁਣੌਤੀ ਸੀ ਅਤੇ ਉਹ ਵੈਨਜੂਏਲਾ ਨੂੰ ਚਿੱਲੀ ਵਾਲਾ ਸਬਕ ਸਿਖਾਉਣ ਦੀ ਤਾਕ 'ਚ ਸੀ। ਇਸ ਲਈ ਆਪਣੀ ਫੌਜੀ ਕਾਰਵਾਈ ਦੀ ਨਾਕਾਮੀ ਤੋਂ ਬਾਅਦ ਅਮਰੀਕਾ ਨੇ ਵੈਨਜੂਏਲਾ ਦੀ ਆਰਥਿਕ ਨਾਕਾਬੰਦੀ ਸ਼ੁਰੂ ਕਰ ਦਿੱਤੀ। ਇਸ ਆਰਥਿਕ ਨਾਕਾਬੰਦੀ ਅਤੇ ਊਗੋ ਚਾਵੇਜ ਦੇ ਅਸਪੱਸ਼ਟ ਵਿਚਾਰਧਾਰਕ-ਸਿਅਸੀ ਪ੍ਰੋਗਰਾਮ ਦੇ ਸਿੱਟੇ ਵਜੋਂ ਵੈਨਜੂਏਲਾ ਦੀ ਆਰਥਿਕਤਾ 'ਚ ਤੇਲ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਉਸ ਦੁਆਰਾ ਹੋਰਨਾ ਖੇਤਰਾਂ 'ਚ ਕੀਤੇ ਸੁਧਾਰਾਂ ਨਾਲ ਜੋ ਵਕਤੀ ਤੇਜੀ ਆਈ ਸੀ ਜਲਦੀ ਹੀ ਉਸਦਾ ਪਤਨ ਹੋਣਾ ਸ਼ੁਰੂ ਹੋ ਗਿਆ। ਊਗੋ ਚਾਵੇਜ ਭਾਵੇਂ ਸਮਾਜਵਾਦੀ ਵਿਚਾਰਧਾਰਾ ਦਾ ਧਾਰਨੀ ਸੀ ਪ੍ਰੰਤੂ ਉਹ ਵੈਨਜੂਏਲਾ ਦੀ ਆਰਥਿਕਤਾ 'ਚ ਕੁਝ ਕੁ ਕ੍ਰਾਂਤੀਕਾਰੀ ਸੁਧਾਰ ਕਰਨ ਤੋਂ ਇਲਾਵਾ ਇੱੱਥੇ ਬੁਨਿਆਦੀ ਤੌਰ ਤੇ ਸਮਾਜਵਾਦੀ ਆਰਥਿਕਤਾ ਦਾ ਮਾਡਲ ਕਾਇਮ ਨਹੀਂ ਕਰ ਸਕਿਆ। ਉਸਨੇ ਸਮਾਜਵਾਦੀ ਰੂਸ ਅਤੇ ਚੀਨ ਵਾਂਗ ਵੈਨਜੂਏਲਾ ਅੰਦਰ ਪੈਦਾਵਰੀ ਸਾਧਨਾਂ ਅਤੇ ਪੈਦਾਵਰੀ ਸਬੰਧਾਂ ਨੂੰ ਸਮਾਜਵਾਦੀ ਲੀਹਾਂ ਉੱਤੇ ਉਸਾਰਨ ਦੀ ਕੋਈ ਬੁਨਿਆਦੀ ਜੱਦੋਜਹਿਦ ਨਹੀਂ ਕੀਤੀ। ਇਸ ਲਈ ਮੌਜੂਦਾ ਸੰਕਟ ਕੇਵਲ ਅਮਰੀਕਾ ਦੁਆਰਾ ਵੈਨਜੂਏਲਾ ਦੀ ਕੀਤੀ ਆਰਥਿਕ ਨਾਕਾਬੰਦੀ ਕਾਰਨ ਹੀ ਪੈਦਾ ਨਹੀਂ ਹੋਇਆ ਬਲਕਿ ਇਸਦੇ ਪਿੱਛੇ ਬੁਨਿਆਦੀ ਕਾਰਨ ਵੈਨਜੂਏਲਾ ਅੰਦਰ ਸਮਾਜਵਾਦ ਅਤੇ ਸ਼ੋਸ਼ਲ ਡੈਮੋਕਰੇਸੀ ਦੇ ਨਾਂ ਹੇਠ ਪੂੰਜੀਵਾਦੀ ਵਿਵਸਥਾ ਦਾ ਸਦਾ ਕਾਇਮ ਅਤੇ ਵੱਧਦੇ-ਫੁਲਦੇ ਰਹਿਣਾ ਹੈ।ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੂਰੋ, ਚਾਵੇਜ ਦਾ ਪੈਰੋਕਾਰ ਹੈ ਅਤੇ ਉਸਨੇ ਵੀ ਵੈਨਜੂਏਲਾ ਨੂੰ ਰਵਾਇਤੀ ਲੀਹਾਂ ਉੱਤੇ ਹੀ ਅੱਗੇ ਵਧਾਇਆ ਹੈ।

ਤੇਲ ਦੇ ਅਥਾਹ ਭੰਡਾਰ ਜਿੱਥੇ ਵੈਨਜੂਏਲਾ ਦੀ ਆਰਥਿਕਤਾ ਦੀ ਰੀੜ ਹਨ ਉੱਥੇ ਇਹ ਤੇਲ ਇਸ ਦੇਸ਼ ਦੀ ਬਰਬਾਦੀ ਦਾ ਵੀ ਵੱਡਾ ਕਾਰਨ ਬਣਿਆ ਹੋਇਆ ਹੈ। ਤੇਲ ਨੂੰ ਲੈ ਕੇ ਸਪੇਨੀ ਸਾਮਰਾਜ ਤੋਂ ਲੈਕੇ ਅਮਰੀਕਾ, ਚੀਨ ਅਤੇ ਰੂਸ ਦੀ ਇਸ ਖਿੱਤੇ ਉੁੱਤੇ ਲਗਾਤਾਰ ਬਾਜ ਅੱਖ ਹੈ। ਤੇਲ ਦੇ ਭੰਡਾਰ ਨੂੰ ਲੈ ਕੇ ਚੱਲਦੇ ਆ ਰਹੇ ਅੰਤਰ-ਸਾਮਰਾਜੀ ਖਹਿਭੇੜ ਚੋਂ ਅਮਰੀਕੀ ਸਾਮਰਾਜ ਇਸ ਖਿੱਤੇ ਨੂੰ ਲੈ ਕੇ ਸਭ ਤੋਂ ਵੱਧ ਉਤਾਵਲਾ ਹੈ। ਇੱਕ ਤਾਂ ਇਹ ਖਿੱਤਾ ਉਸਦੀ ਬਗਲ 'ਚ ਹੋਣ ਕਰਕੇ ਉਸਨੂੰ ਕੱਚਾ ਤੇਲ ਦਰਾਮਦ ਕਰਨ, ਸਸਤੀ ਢੋਆ-ਢੁਹਾਈ, ਰਾਸ਼ਟਰੀ ਤੇ ਅੰਤਰਰਾਸ਼ਟਰੀ ਟੈਕਸ ਅਤੇ ਬਿਨਾਂ ਜੰਗ ਲੜੇ ਹਾਸਲ ਕਰਨਾ ਬੇਹੱਦ ਸੌਖਾ ਹੈ। ਅਰਬ ਦੇ ਤੇਲ ਪ੍ਰਧਾਨ ਖਾੜੀ ਮੁਲਕਾਂ ਦੇ ਮੁਕਾਬਲੇ ਉਸਨੂੰ ਇਸ ਖਿੱਤੇ ਅੰਦਰ ਤਿੱਖੇ ਵਿਰੋਧ ਅਤੇ ਵੱਡੀਆਂ ਬਗਾਬਤਾਂ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ। ਅਮਰੀਕੀ ਪ੍ਰਸ਼ਾਸ਼ਨ ਵਾਸ਼ਿਗਟਨ ਅਤੇ ਵਾਲ ਸਟਰੀਟ ਦੇ ਪੂੰਜੀਪਤੀ ਘਰਾਣਿਆਂ ਦੇ ਹਿੱਤਾਂ ਲਈ ਵੈਨਜੂਏਲਾ ਅੰਦਰ ਕਠਪੁਤਲੀ ਸਰਕਾਰ ਸਥਾਪਿਤ ਕਰਕੇ ਤੇਲ ਬਲੌਕਾਂ ਉੱਤੇ ਕਬਜਾ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਤੇਲ ਟੈਕਸਾਂ ਵਿਚ ਕਟੌਤੀ ਕਰਕੇ ਵੈਨਜੂਏਲਾ ਨੂੰ ਖੁੱਲੀ੍ਹ ਮੰਡੀ 'ਚ ਤਬਦੀਲ ਕੀਤਾ ਜਾਵੇ। ਉੱੱਧਰ ਰੂਸ ਅਤੇ ਚੀਨ ਆਪਣੇ ਸਸਤਾ ਤੇਲ ਹਾਸਲ ਕਰਨ ਦੇ ਨਿੱਜੀ ਹਿੱਤਾਂ ਅਤੇ ਅਮਰੀਕੀ ਸਾਮਰਾਜ ਨਾਲ ਵਿਰੋਧ 'ਚੋਂ ਵੈਨਜੂਏਲਾ ਦੀ ਪੋਲੀ-ਪਤਲੀ ਪਿੱਠ ਥਾਪੜ ਰਹੇ ਹਨ। ਅਜਿਹੀ ਹਾਲਤ 'ਚ ਅਮਰੀਕਾ, ਰੂਸ ਅਤੇ ਚੀਨ ਦੇ ਹਾਕਮ ਵੈਨਜੂਏਲਾ ਦੇ ਲੋਕਾਂ ਦੇ ਸਕੇ ਨਹੀਂ ਹਨ। ਉਧਰ ਵੈਨਜੂਏਲਾ ਦੀ ਖੱਬੇਪੱਖੀ ਸਰਕਾਰ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਨਾਕਾਮ ਰਹਿ ਰਹੀ ਹੈ। ਅਜਿਹੇ 'ਚ ਅਮਰੀਕੀ ਹਕੂਮਤ ਸੰਕਟ 'ਚ ਘਿਰੇ ਵੈਨਜੂਏਲਾ ਦੇ ਲੋਕਾਂ ਦੀ ਮੱਦਦ ਦੀ ਬਜਾਏ ਸੰਕਟ ਦਾ ਲਾਹਾ ਲੈਣ ਦੀ ਤਾਕ 'ਚੋਂ ਹਾਲਤ ਨੂੰ ਹੋਰ ਵਿਗਾੜ ਰਹੀ ਹੈ ਅਤੇ ਵੈਨਜੂਏਲਾ ਦੇ ਲੋਕਾਂ ਉੱਪਰ ਪਰੌਕਸੀ ਜੰਗ ਦਾ ਪ੍ਰਯੋਗ ਕਰ ਰਹੀ ਹੈ। ਵੈਨਜੂਏਲਾ ਦੇ ਅੰਦਰੂਨੀ ਆਰਥਿਕ-ਸਿਆਸੀ ਮਾਮਲਿਆਂ 'ਚ ਅਮਰੀਕੀ ਸਾਮਰਾਜ ਦੀ ਦਖਲਅੰਦਾਜ਼ੀ ਇਕ ਗੈਰ-ਜਮਹੂਰੀ ਅਤੇ ਤਾਨਾਸ਼ਾਹ ਕਾਰਵਾਈ ਹੈ। ਵੈਨਜੂਏਲਾ ਦੀ ਕਿਸਮਤ ਦੇ ਮਾਲਕ ਵੈਨਜੂਏਲਾ ਦੇ ਲੋਕ ਹਨ, ਉਹਨਾਂ ਉਪਰ ਬਾਹਰੋਂ ਜੰਗੀ ਕਾਰਵਾਈਆਂ ਥੋਪਣਾਂ ਅਤੇ ਵੈਨਜੂਏਲਾ 'ਚ ਬੈਠੇ ਆਪਣੇ ਸੀਆਈਏ ਏਜੰਟਾਂ ਤੇ ਕੱਠਪੁੱਤਲੀ ਸ਼ਕਤੀਆਂ ਦੁਆਰਾ ਸਾਜਿਸ਼ਾਂ ਰਚਾਉਣੀਆਂ ਨਿੰਦਣਯੋਗ ਕਾਰਵਾਈ ਹੈ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ