Mon, 11 November 2024
Your Visitor Number :-   7244642
SuhisaverSuhisaver Suhisaver

ਜਿਸ ਕਮਲਜੀਤ ਨੀਲੋਂ ਨੂੰ ਤੁਸੀਂ ਨਹੀਂ ਜਾਣਦੇ - ਬਲਜਿੰਦਰ ਮਾਨ

Posted on:- 06-06-2014

suhisaver

ਬਹੁਤੇ ਲੋਕ ਕਮਲਜੀਤ ਨੀਲੋਂ ਨੂੰ ਬੱਚਿਆਂ ਦਾ ਲੇਖਕ ਤੇ ਗਾਇਕ ਕਰਕੇ ਹੀ ਜਾਣਦੇ ਹਨ।ਇਸ ਦਾ ਕਾਰਨ ਉਸ ਦਾ ਦੂਰਦਰਸ਼ਨ ਤੇ ਬੱਚਿਆਂ ਦੇ ਗੀਤਾਂ ਦਾ ਅਕਸਰ ਆਉਂਦੇ ਰਹਿਣਾ ਹੈ।ਉਸਨੇ ਬਾਲ ਮਨਾਂ ਦੇ ਅਬੋਲ ਜਜ਼ਬਿਆ ਨੂੰ ਜ਼ੁਬਾਨ ਦਿੱਤੀ ਹੈ।ਸ਼ਾਇਦ ਕਿਸੇ ਨੇ ਸੋਚਿਆ ਈ ਨਾ ਹੋਵੇ ਕਿ ਇਕ ਛੇ ਫੁੱਟ ਉੱਚਾ ਲੰਮਾ ਗੱਭਰੂ ਬੱਚਿਆਂ ਦੇ ਲਈ ਬੱਚਿਆਂ ਦੀ ਹੀ ਬੋਲੀ ਵਿਚ ਗੀਤ ਗਾਵੇਗਾ।‘ਸੌਂ ਜਾਂ ਬੱਬੂਆ’ ਨਾਲ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਕ ਨਵਾਂ ਰਾਹ ਖੁਲ੍ਹਦਾ ਹੈ।ਕਮਲਜੀਤ ਨੇ ਇਹ ਰਾਹ ਖੋਲ੍ਹਿਆ ਹੀ ਨਹੀਂ ਸਗੋਂ ਡਟ ਕੇ ਇਸ ਤੇ ਪਹਿਰਾ ਵੀ ਦਿੱਤਾ ਹੈ।ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਉਹ ਆਪਣੇ ਰਾਹ ਤੋਂ ਥਿੜਕਿਆ ਨਹੀਂ।


ਆਪਣੇ ਸਿਰੜ ਸਦਕਾ ਹੀ ਉਸਨੇ ਦੇਸ਼ਾਂ ਵਿਦੇਸ਼ਾਂ ਵਿਚ ਬੱਚਿਆਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ।ਉਸ ਦੇ ਸਿਦਕ ਦੀ ਪ੍ਰੇਰਨਾ ਸਦਕਾ ਕਿੰਨੇ ਹੀ ਬਾਲ ਸਾਹਿਤਕਾਰਾਂ ਨੂੰ ਹੌਂਸਲਾ ਮਿਲਿਆ ਹੈ ਇਸ ਖੇਤਰ ਵਿਚ ਹੋਰ ਮਿਹਨਤ ਕਰਨ ਦਾ।ਸ਼ਾਇਦ ਇਹ ਉਸਦੇ ਸਵਰਗਵਾਸੀ ਸ਼ਾਇਰ ਪਿਤਾ ਸ.ਕੁਲਵੰਤ ਨੀਲੋਂ ਦੀ ਹੀ ਦੇਣ ਹੈ ਕਿ ਉਸ ਵਿਚ ਕਲਾਕਾਰਾਂ ਵਰਗੀ ਬੋ ਜਾਂ ਮਿਜਾਜ ਨਹੀਂ।ਉਹ ਸਾਦੇ ਜਿਹੇ ਲਿਬਾਸ ਵਿਚ ਸਟੇਜ ਤੇ ਜਾ ਕੇ ਮੁਹਰੇ ਬੈਠਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ।ਉਹ ਨਿੱਕੇ ਜਿਹੇ ਬੱਚੇ ਦੇ ਕਹਿਣ ਤੇ ਹੀ ਉਸਨੂੰ ਗੀਤ ਸੁਨਾਉਣਾ ਸ਼ੁਰੂ ਕਰ ਦਿੰਦਾ ਹੈ।ਉਹ ਆਪਣੇ ਵੱਡੇ ਸਰੋਤਿਆਂ ਦੀਆਂ ਭਾਵਨਾਵਾਂ ਦੀ ਵੀ ਪੂਰੀ ਕਦਰ ਕਰਦਾ ਹੈ।

ਪਰ ਅੱਜ ਜੋ ਮੈਂ ਗੱਲ ਕਰਨ ਲੱਗਿਆਂ ਹਾਂ ਉਸਦੇ ਬਾਲ ਗੀਤਾਂ ਜਾ ਬਾਲਾਂ ਲਈ ਗਾਇਕੀ ਦੀ ਨਹੀਂ ਸਗੋਂ ਉਨਾਂ ਗੀਤਾਂ ਦੀ ਜਿਸ ਵਿਚ ਉਸਨੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਆਪਣੇ ਗੀਤਾਂ ਵਿਚ ਬੜੀ ਸ਼ਿੱਦਤ ਨਾਲ ਸਿਰਜਿਆ ਹੈ।ਉਸ ਵਿਚੋਂ ਉਹ ਇਕ ਨਿਵੇਕਲੀ ਕਿਸਮ ਦਾ ਗੀਤਕਾਰ ਨਜ਼ਰ ਆਉਂਦਾ ਹੈ।ਉਹ ਸਾਦੇ ਜਿਹੇ ਸ਼ਬਦਾਂ ਵਿਚ ਗੱਲ ਕਹਿਣ ਦੀ ਮੁਹਾਰਤ ਰੱਖਦਾ ਹੈ।ਸਾਡੇ ਘਰਾਂ ਵਿਚ ਧੀਆਂ ਦੇ ਜੰਮਣ ਤੇ ਅਜੇ ਵੀ ਸੋਗ ਪੈ ਜਾਂਦਾ ਹੈ।ਸਾਡੇ ਲੋਕ ਗੀਤਾਂ ਵਿਚ ਇਕ ਵੀ ਲੋਰੀ ਨਹੀਂ ਮਿਲਦੀ ਜੋ ਧੀਆਂ ਲਈ ਹੋਵੇ।ਕਮਲਜੀਤ ਨੇ ਪਰੰਪਰਾ ਨੂੰ ਭੰਡਿਆ ਹੈ ਤੇ ਆਪਣੇ ਇਕ ਗੀਤ ਨਾਲ ਹੀ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।

    ਬਹੁਤੀਆਂ ਨਹੀਂ ਸੀ ਤਾਂ ਦੇ ਦੇਂਦੀ ਥੋੜ੍ਹੀਆਂ
    ਕਿਥੇ ਗਈਆਂ ਮਾਂ ਨੀ ਸਾਡੇ ਹਿੱਸੇ ਦੀਆ ਲੋਰੀਆਂ ?


ਉਸਦੇ ‘ਚਿੜੀਆਂ ਬਾਬਲਾ ਵੇ ਚਿੜੀਆਂ’ ਵਾਲੇ ਗੀਤ ਨੂੰ ਸਿਰਫ ਸਾਹਿਤਕ ਹਲਕਿਆਂ ਨੇ ਹੀ ਹੁੰਗਾਰਾ ਨਹੀਂ ਭਰਿਆ ਸਗੋਂ ਇਹ ਗੀਤ ਮੇਲਿਆਂ ਤੇ ਹਜ਼ਾਰਾਂ ਸਰੋਤਿਆਂ ਨੂੰ ਵੀ ਸੋਚਾਂ ਵਿਚ ਪਾਉਂਦਾ ਰਿਹਾ।ਉਹ ਉਸ ਰਵਾਇਤ ਅੱਗੇ ਪ੍ਰਸ਼ਨ ਚਿੰਨ ਲਾਉਂਦਾ ਹੈ ਜੋ ਕਿਸੇ ਸਥਿਤੀ ਨੂੰ ਇਕ ਭਾਣਾ ਮੰਨਣ ਲਈ ਕਹਿੰਦੀ ਹੈ।ਚਿੜੀਆਂ ਬਾਰੇ ਉਸਦੇ ਗੀਤ ਦੀਆਂ ਇਹ ਸਤ੍ਹਰਾਂ

    ਜਦੋ ਵਿਹੜੇ ਵਿਚ ਪੈਰ ਨੇ ਇਹ ਪਾਉਂਦੀਆਂ
    ਫਿਰ ਕੰਧਾਂ ਵੀ ਨੇ ਕਾਹਤੋਂ ਪਥਰਾਉਂਦੀਆਂ
    ਰੁਕ ਜਾਂਦੀਆ ਨੇ ਕਾਸਤੋਂ ਮਧਾਣੀਆਂ
    ਵਿਹੜੇ ਦੇ ਵਿਚੋਂ ਉਡ ਜਾਣੀਆ
    ਚਿੜੀਆਂ ਬਾਬਲਾ ਵੇ ਚਿੜੀਆਂ

ਇਸੇ ਗੀਤ ਦੀਆ ਹੋਰ ਸਤ੍ਹਰਾਂ

    ਪਾਉਣੇ ਇਹਨਾਂ ਨੇ ਤਾਂ ਦੂਰ ਜਾਕੇ ਆਲ੍ਹਣੇ
    ਫਿਰ ਆਲ੍ਹਣਿਆਂ ਵਿਚ ਬੋਟ ਪਾਲਣੇ
    ਸ਼ੁਰੂ ਹੋਣੀਆਂ ਨੇ ਫੇਰ ਤੋਂ ਕਹਾਣੀਆਂ
    ਵਿਹੜੇ ਦੇ ਵਿਚੋਂ ਉਡ ਜਾਣੀਆਂ। ਚਿੜੀਆਂ…


ਜਦੋਂ ਧੀਆਂ ਜੁਆਨ ਹੁੰਦੀਆਂ ਨੇ ਤਾਂ ਮਾਪਿਆ ਦੀ ਨੀਂਦ ਉਡਣੀ ਸ਼ੁਰੂ ਹੋ ਜਾਂਦੀ ਹੈ
    ਨਾਲ ਦੀਆਂ ਜੋ ਮੇਰੀਆਂ ਸਈਆਂ ਸਹੁਰੇ ਗਈਆਂ
    ਬਾਬਲ ਦੀਆਂ ਨੀਂਦਾਂ ਉਸਦੇ ਕੋਲ ਨ ਰਹੀਆਂ
    ਅੱਧੀ ਰਾਤੀਂ ਉਠ ਕੇ ਖੌਰੇ ਕੀ ਕੀ ਸੋਚੀ ਜਾਵੇ
    ਕਾਹਨੂੰ ਕਰਦਾਂ ਵੇ ਬਾਬਲਾ ਉੱਚੇ ਉੱਚੇ ਦਾਅਵੇ


ਆਰਥਿਕਤਾ ਸਾਡੇ ਰਿਸ਼ਤਿਆਂ ਨੂੰ ਕਿਸ ਕਦਰ ਪਲੀਤ ਕਰਦੀ ਹੈ ਉਸਦੀਆਂ ਇਹ ਸਤ੍ਹਰਾਂ ਬਾਖੂਬੀ ਚਿਤਰਨ ਕਰਦੀਆਂ ਨੇ
    ਅਸੀਂ ਤਾਂ ਆਈਆਂ ਏਥੇ ਪੇਕਿਆਂ ਨੂੰ ਮਿਲਣੇ
    ਖਿੜਿਆ ਨਾ ਕਿਸੇ ਦਾ ਵੀ ਮੂੰਹ
    ਵੇ ਵੀਰਿਓ ਦੁਖੜੇ ਸੁਣਾਈਏ ਕਿਸ ਨੂੰ ?


ਮਾਂ ਦੇ ਆਖਰੀ ਪਲਾਂ ਨੂੰ ਪੇਸ਼ ਕੀਤਾ ਹੈ ਇਸ ਗੀਤ ਵਿਚ:-
    ਮੰਜੇ ਉਤੇ ਮਾਂ ਬੀਮਾਰ ਪਈਏ
    ਮਰਨੇ ਦੇ ਲਈ ਤਿਆਰ ਪਈਏ
    ਉਹਦੇ ਨਾਲੋਂ ਵੱਧ ਜਿਸ ਗੱਲ ਦਾ ਹੈ
    ਸਾਰਿਆਂ ਨੂੰ ਫਿਕਰ ਪਿਆ
    ਬੇਬੇ ਦੇ ਸੰਦੂਕ ਉਤੇ ਟਿਕੀ ਹੋਈ ਆ
    ਸਭ ਦੀ ਨਿਗਾਹ


ਆਪਣੇ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਇਸ ਰਿਸ਼ਤੇ ਦੀ ਘਾਟ ਦੇ ਦਰਦ ਨੂੰ ਉਸਦੇ ਗੀਤਾਂ ਵਿਚੋਂ ਮਹਿਸੂਸ ਕੀਤਾ ਜਾ ਸਕਦਾ ਹੈ।ਉਹ ਪੇਸ਼ ਵੀ ਇਸ ਤਰ੍ਹਾਂ ਕਰਦਾ ਹੈ ਉਸ ਵਿਚਲਾ ਦਰਦ ਸਾਨੂੰ ਆਪਣਾ ਦਰਦ ਮਹਿਸੂਸ ਹੋਣ ਲਗਦਾ ਹੈ।

    ਤੀਲਾ ਤੀਲਾ ਲੱਭ ਕੇ ਲਿਆਉਂਦੇ ਨੇ
    ਫੇਰ ਆਕੇ ਆਲ੍ਹਣਾ ਬਣਾਉਂਦੇ ਨੇ
    ਮਾਪੇ
    ਜਿਨਾਂ ਬਿਨਾਂ ਸੁੰਨਾ ਸੁੰਨਾ ਘਰ ਸਾਰਾ ਜਾਪੇ

ਇਸੇ ਗੀਤ ਦੀਆ ਆਖਰੀ ਸਤ੍ਹਰਾਂ

    ਫੋਟੋਆਂ ਕੰਧਾਂ ਤੇ ਲੱਗ ਜਾਂਦੀਆਂ
    ਪਾਏ ਜਾਂਦੇ ਜਦੋਂ ਉਤੇ ਹਾਰ ਬਈ
    ਦੇਖ ਦੇਖ ਬੰਦਾ ਫੇਰ ਝੂਰਦਾ
    ਕਿਥੋਂ ਮਿਲੇ ਉਹੋ ਜਿਹਾ ਪਿਆਰ ਬਈ
    ਨੀਲੋਂ ਜਿਹੇ ਉਹਲੇ ਬਹਿ ਬਹਿ ਰੋਂਦੇ ਨੇ
    ਗਏ ਹੋਣੇ ਫੇਰ ਕਦੋਂ ਆਉਂਦੇ ਨੇ
    ਮਾਪੇ
    ਜਿੰਨਾ ਬਿਨਾਂ ਸੁੰਨਾ ਸੁੰਨਾ ਘਰ ਸਾਰਾ ਜਾਪੇ


ਰੇਲ ਗੱਡੀ ਵਾਲੇ ਗੀਤ ਵਿਚ ਉਹ ਵੱਖਰੇ ਬਿੰਬ ਸਿਰਜਦਾ ਹੈ ਜੋ ਰੇਲ ਗੱਡੀ ਨੂੰ ਦੇਖ ਦੇ ਉਸਦੇ ਮਨ ਅੰਦਰ ਬਣਦੇ ਨੇ।ਉਸ ਗੀਤ ਦੇ ਅਖੀਰ ਵਿਚ ਉਹ ਕਹਿੰਦਾ ਹੈ

    ਕਈ ਵਾਰੀ ਇੰਜਣ ਤਾਂ ਬਾਪੂ ਵਾਂਗੂ ਲਗਦਾ
    ਖਿੱਚੀ ਜਾਂਦਾ ਭਾਰ ਜਿਹੜਾ ਸਾਰੇ ਹੀ ਟੱਬਰ ਦਾ
    ਚਿਹਰੇ ਉਤੇ ਸਾਫ ਦਿਸਦੀਆਂ ਮਜ਼ਬੂਰੀਆਂ
    ਫਿਰ ਵੀ ਉਹ ਕਿਵੇਂ ਕੱਟੀ ਜਾਵੇ ਦੂਰੀਆਂ
    ਹਫ ਕੇ ਉਹ ਰੁਕੇ ਯਾਦ ਬਾਪੂ ਦੀ ਲਿਆਉਂਦੀ ਏ
    ਰੇਲ ਗੱਡੀ
    ਇਕ ਤਸਵੀਰ ਪਾਸੇ ਕਿੰਨੇ ਹੀ ਦਿਖਾਊਂਦੀ ਏ
    ਰੇਲ ਗੱਡੀ


ਮਾਪੇ ਸਚੁਮੱਚ ਹੀ ਬੱਚਿਆਂ ਲਈ ਦਿਨ ਰਾਤ ਇਕ ਕਰਦੇ ਨੇ ਪਰ ਰੁਜ਼ਗਾਰ ਦੀ ਭਾਲ਼ ਵਿਚ ਜਦੋਂ ਪਾਲੇ ਪਲੋਸੇ ਬੱਚੇ ਦੂਰ ਜਾ ਵੱਸਦੇ ਨੇ ਤਾਂ ਮਾਪਿਆਂ ਦੇ ਪੱਲੇ ਇਕ ਤੜਪ ਹੀ ਬਚ ਜਾਂਦੀ ਹੈ।ਜਿਨ੍ਹਾਂ ਬੂਟਿਆਂ ਨੂੰ ਖੂਨ ਨਾਲ ਸਿੰਜਿਆ ਹੁੰਦਾ ਹੈ ਉਨਾਂ ਦੀ ਛਾਂ ਨੂੰ ਸਾਰੀ ਉਮਰ ਉਡੀਕਦੇ ਰਹਿੰਦੇ ਨੇ।ਇਕ ਮਾਂ ਆਪਣੇ ਪੁੱਤਰ ਨੂੰ ੳਡੀਕਦੀ ਇਕ ਖਤ ਲਿਖਦੀ ਹੈ। ਉਸ ਗੀਤ ਵਿਚ ਉਸਦੀ ਸ਼ਾਇਰੀ ਦੀ ਪਰਪੱਕਤਾ ਨਜ਼ਰ ਆਉਂਦੀ ਹੈ

    ਰੱਖਾਂ ਵਿਚੀਂ ਚੰਨ ਦੇ ਵੱਲ ਨੂੰ
    ਬਾਪੂ ਤੇਰਾ ਤੱਕਦਾ ਰਹਿੰਦਾ
    ਮੇਰੇ ਨਾਲ ਉਹ ਗੱਲਾਂ ਕਰਦਾ
    ਗੱਲਾਂ ਕਰਦਾ ਮਨ ਭਰ ਲੈਂਦਾ
    ਨੀਲੋਂ ਦੇ ਬਾਪੂ ਸੋਚ ਨਾ ਏਨਾ
    ਆਖਾਂ ਮੈਂ ਬਥੇਰਾ
    ਪੁੱਤ ਪਰਦੇਸੀਆ ਕਦ ਪਾਵੇਂਗਾ ਫੇਰਾ


ਜਦੋਂ ਪਰਦੇਸੀ ਪੁੱਤਰ ਵਤਨਾਂ ਨੂੰ ਪਰਤਦੇ ਨੇ ਤਾਂ ਚੁਫੇਰਾ ਮਹਿਕ ਉਠਦਾ ਹੈ ।ਉਸਨੂੰ ੳਡੀਕਣ ਵਾਲੀ ਜਿਸ ਨੇ ਗਿਣ ਗਿਣ ਕੇ ਦਿਨ ਗੁਜ਼ਾਰੇ ਹੁੰਦੇ ਨੇ ਫੁੱਲਾਂ ਵਾਂਗ ਖਿੜ ਜਾਂਦੀ ਹੈ ।ਉਨ੍ਹਾਂ ਪਲਾਂ ਦਾ ਵਰਨਣ ਉਸਦੇ ਇਸ ਗੀਤ ਵਿਚੋਂ ਮਿਲਦਾ ਹੈ।

    ਧਰਤੀ ਉਤੇ ਮਾਰ ਲਕੀਰਾਂ ਮੈਂ ਰਾਹ ਕੱਢ ਕੱਢ ਦੇਖੇ
    ਉਸ ਚੰਦਰੇ ਦੇ ਮੈਨੂੰ ਹੁਣ ਤਕ ਪੈਂਦੇ ਆਏ ਭੁਲੇਖੇ
    ਉਠ ਦੇਖ ਤਾਂ ਪਛਾਣ ਇਕ ਵਾਰੀ ਨੀ ਤੇਰਾ ਹਮਸ਼ੀਰ ਲੱਗਦਾ
    ਔਹ ਦੇਖ ਨੀ ਨਣਾਨੇ ਕੌਣ ਆਉਂਦਾ ਮੈਂਨੂੰ ਤੇਰਾ ਵੀਰ ਲੱਗਦਾ


ਦਿਉਰ ਭਰਜਾਈ ਦੇ ਰਿਸ਼ਤੇ ਨੂੰ ਸਾਡੇ ਬਹੁਤੇ ਗੀਤਕਾਰਾਂ ਤੇ ਗਾਇਕਾਂ ਨੇ ਜਿਸ ਤਰੀਕੇ ਨਾਲ ਪੇਸ਼ ਕੀਤਾ ਉਹ ਸਨਮਾਨਜਨਕ ਨਹੀਂ।ਉਸਦੇ ਭਰਜਾਈ ਵਾਲੇ ਗੀਤ ਬਾਰੇ ਪ੍ਰੋ ਗੁਰਭਜਨ ਗਿੱਲ ਇਕ ਥਾਂ ਲਿਖਦੇ ਹਨ ‘ਪੰਜਾਬੀ ਜ਼ੁਬਾਨ ਵਿਚ ਇਸ ਪਵਿੱਤਰ ਰਿਸ਼ਤੇ ਬਾਰੇ ਮੇਰੀ ਨਜ਼ਰ ਵਿਚ ਇੰਨਾ ਭਰਪੂਰ ਗੀਤ ਅੱਜ ਤੀਕ ਨਹੀਂ ਲਿਖਿਆ ਗਿਆ।ਮੇਰੀ ਗੱਲ ਸ਼ਾਇਦ ਸ਼ਾਇਰ ਮਿੱਤਰਾਂ ਨੂੰ ਅਤਿਕਥਨੀ ਜਾਪੇ ਪਰ ਇਸ ਸਿਲਸਿਲੇ ਵਿਚ ਕੋਈ ਹੋਰ ਮਿਸਾਲ ਤਾਂ ਪੇਸ਼ ਕਰੇ’

    ਕਦੇ ਮਿਤਰ ਬਣੀ ਕਦੇ ਭੈਣ ਤੂੰ ਬਣੀ
    ਕਦੇ ਮਾਂ ਵਾਂਗੂੰ ਰੱਖਿਆ ਖਿਆਲ ਭਾਬੀਏ
    ਕਿੰਨੇ ਰਿਸ਼ਤੇ ਨਿਭਾਏ ਮੇਰੇ ਨਾਲ ਭਾਬੀਏ

ਨੀਲੋਂ ਨੇ ਪਿਆਰ ਦੇ ਵਿਸ਼ੇ ਤੇ ਕਲਮ ਅਜ਼ਮਾਈ ਹੈ।ਉਸਨੇ ਕੋਮਲ ਜਜ਼ਬਿਆਂ ਨੂੰ ਓਨੀ ਹੀ ਕੋਮਲਤਾ ਨਾਲ ਆਪਣੇ ਗੀਤਾਂ ਵਿਚ ਪਰੋਇਆ ਹੈ

    ਦਿਲ ਦੀ ਕਿਤਾਬ ਉਤੇ ਸੱਜਣਾ ਦਾ ਨਾਂ
    ਹਾਏ ਅੰਮੀਏ ਨੀ ਕਿਵੇਂ ਲਿਖਿਆ ਗਿਆ
    ਬਸ ਮੇਰੇ ਹੁੰਦਾ ਮੈਂਨੂੰ ਘੂਰਦੀ ਤੂੰ ਤਾਂ
    ਹਾਏ ਅੰਮੀਏ ਨੀ ਕਿਵੇਂ ਲਿਖਿਆ ਗਿਆ


ਉਸਨੇ ਚੜ੍ਹਦੀ ਉਮਰ ਦੇ ਹੜ ਵਰਗੇ ਜਜ਼ਬਿਆ ਨੂੰ ਛੋਹਿਆ ਹੈ ਪਰ ਇਨਾਂ ਦੀ ਅਪਣੱਤ ਨੂੰ ਬਰਕਰਾਰ ਰੱਖਿਆ ਹੈ

    ਚੰਨ ਬੱਦਲਾਂ ਦੇ ਵਿੱਚੀਂ ਦੇਖੇ
    ਮੇਰੇ ਵੱਲ ਖੜ ਖੜ ਕੇ
    ਦਿਲ ਕਰਦਾ ਅੰਮੀਏ ਨੀ
    ਉਸਨੂੰ ਤੱਕ ਲਾਂ ਮੈਂ ਜੀ ਭਰ ਕੇ

ਔਰਤ ਮਰਦ ਇਕ ਦੂਸਰੇ ਦੇ ਪੂਰਕ ਨੇ।ਜਿੰਦਗੀ ਦੇ ਇਸ ਯਥਾਰਥ ਨੂੰ ਉਹ ਆਪਣੇ ਨਿਵੇਕਲੇ ਅੰਦਾਜ਼ ਵਿਚ ਕਹਿੰਦਾ ਹੈ
    ਕੰਧ ਤੋਂ ਲਾਹ ਤਸਵੀਰ ਮੇਰੀ ਤੂੰ
    ਬਾਹਾਂ ਵਿਚ ਲੈ ਕੇ
    ਜੇ ਮੈਂ ਮਰਗੀ ਵੇ ਮਾਹੀਆ
    ਤੂੰ ਫੁੱਟ ਫੁੱਟ ਰੋਵੇਂਗਾ ਬਹਿਕੇ
    ਜਿਨ੍ਹਾਂ ਉਤੇ ਕਰਦੈ ਏਨਾ ਮਾਣ ਉਏ
    ਦੋ ਦਿਨ ਬਹਿਕੇ ਘਰੋਂ ਘਰੀ ਤੁਰ ਜਾਣ ਉਏ
    ਰੱਖ ਹੌਸਲਾ ਮੁੜ ਜਾਂਦੇ ਨੇ ਏਨੀ ਗੱਲ ਕਹਿਕੇ
    ਜੇ ਮੈਂ ਮਰਗੀ ਵੇ ਮਾਹੀਆ ਤੁੰ ਫੁੱਟ ਫੁੱਟ ਰੋਵੇਂਗਾ ਬਹਿਕੇ


ਕਮਲਜੀਤ ਦੀਆਂ ਲਿਖੀਆਂ ਬੋਲੀਆਂ ਲੋਕ ਬੋਲੀਆਂ ਦਾ ਭੁਲੇਖਾ ਪਾਉਂਦੀਆਂ ਨੇ।
    ਜੇ ਮੁੰਡਿਆਂ ਤੂੰ ਚੰਨ ਬਣ ਜਾਵੇ
    ਬਣਾਂ ਚਾਨਣੀ ਤੇਰੀ
    ਤੂੰ ਗਲ ਸੁਣ ਮੇਰੀ
    ਵੇ ਮੇਰਿਆ ਢੋਲਾ
    ਦਸ ਦਿਲਾਂ ਦੀਆਂ ਜਾਣਦਿਆ
    ਤੈਥੋਂ ਕਾਹਦਾ ਉਹਲਾ


ਸ਼ੂਖਮ ਭਾਵਾਂ ਦੀ ਪੇਸ਼ਕਾਰੀ ਇਕ ਹੋਰ ਬੋਲੀ ਵਿਚ

    ਬੱਦਲਾਂ ਦੀ ਰਾਤ ਤੇ ਚੰਨ ਮੈਂਥੋ ਦੂਰ ਸੀ
    ਉਹਦੇ ਵੱਲ ਤੱਕਦੀ ਮੈਂ ਨੈਣਾਂ ਚ ਸਰੂਰ ਸੀ
    ਫੇਰ ਇਕ ਦਮ ਪਿੱਛੇ ਬੱਦਲਾਂ ਦੇ ਬਹਿ ਗਿਆ
    ਹਾਏ ਨੀ ਅੰਮੜੀਏ ਹੋਲ ਮੇਰੇ ਪੈ ਗਿਆ।
    ਹੀਰਿਆ ਹਰਨਾਂ ਬਾਗੀ ਚਰਨਾਂ    
    ਬਾਗੀ ਬੋਲਣ ਮੋਰ ਨੀ ਭਾਬੋ
    ਵਿਆਹ ਕਰਵਾਕੇ ਵੀਰੇ
    ਕਾਹਤੋਂ ਹੋ ਜਾਂਦੇ ਹੋਰਨੀ ਭਾਬੋ


ਉਸਦੀਆਂ ਲਿਖੀਆਂ ਬੋਲੀਆਂ ਪੂਰੇ ਗੀਤ ਨੂੰ ਆਪਣੇ ਅੰਦਰ ਸਮੋਈ ਬੈਠੀਆਂ ਹਨ ਕਮਲਜੀਤ ਲਿਖਣ ਦੀ ਉਚੇਚ ਕਰਦਾ ਪ੍ਰਤੀਤ ਨਹੀ ਹੁੰਦਾ।ਉਹ ਰਿਸ਼ਤਿਆਂ ਨੂੰ ਬੇਬਾਕੀ ਨਾਲ ਪੇਸ਼ ਕਰਦਾ ਵੀ ਉਨਾਂ ਦੀ ਖੁਸ਼ਬੂ ਨੂੰ ਖੋਣ ਨ੍ਹੀਂ ਦਿੰਦਾ।
   
ਉਸਦਾ ਮਾਹਿਲਪੁਰ ਨਾਲ ਡੂੰਘਾ ਰਿਸ਼ਤਾ ਹੈ।ਬੱਚਿਆਂ ਦਾ ਮਾਹਿਲਪੁਰ ਵਿਚ ਪਹਿਲਾ ਬਾਲ ਮੇਲਾ ਉਸਦੀ ਨਿਰਦੇਸ਼ਨਾ ਵਿਚ ਹੋਇਆ ਸੀ ਜਿਸ ਵਿਚ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ।ਉਹ ਬਿਨਾਂ ਨਾਗੇ ਸ਼ੌਂਕੀ ਮੇਲੇ ਵਿਚ ਵੀ ਆਉਂਦਾ ਰਿਹਾ।ਪਿੱਛੇ ਜਿਹੇ ਉਸਦਾ ਗੇੜਾ ਬਹੁਤ ਦੇਰ ਬਾਅਦ ਲੱਗਿਆ ।ਉਸਦੀ ਇੱਛਾ ਸੀ ਕਿ ਸਾਰੇ ਮਿੱਤਰਾਂ ਦੋਸਤਾਂ ਨੂੰ ਮਿਲਿਆ ਜਾਵੇ।ਅਸੀਂ ਸਕੂਟਰ ਕੱਢ ਕੇ ਘਰੋਂ ਤੁਰ ਪਏ।ਜਿਸ ਕੋਲ ਵੀ ਗਏ ਹਰ ਇਕ ਨੇ ਉਸਦੇ ਇੰਨੀ ਦੇਰ ਬਾਅਦ ਆਉਣ ਤੇ ਰੋਸ ਜ਼ਾਹਿਰ ਕੀਤਾ।ਕਮਲਜੀਤ ਦਾ ਵੀ ਘੁੰਮਾ ਫਿਰਾ ਕੇ ਇਕੋ ਜੁਵਾਬ ਸੀ ਕਿ ਕਦੇ ਕਦੇ ਆਉਣ ਨਾਲ ਸਗੋਂ ਪਿਆਰ ਵਧਦਾ।ਅਸੀਂ ਬੱਸ ਸਟੈਂਡ ਤੇ ਆ ਗਏ।ਬੱਸ ਚੱਲਣ ਵਿਚ ਅਜੇ ਦੇਰੀ ਸੀ।ਅਸੀਂ ਗੱਲਾਂ ਬਾਤਾਂ ਵਿਚ ਫੇਰ ਰੁੱਝ ਗਏ।ਗੱਲਾਂ ਕਰਦਾ ਕਰਦਾ ਉਹ ਗੰਭੀਰ ਹੋ ਗਿਆ।ਉਸਦੀ ਇਸ ਗੰਭੀਰਤਾ ਵਿਚੋਂ ਨਿਕਲੇ ਗੀਤ ਨੇ ਮੈਨੂੰ ਸੋਚੀਂ ਪਾ ਦਿੱਤਾ

  
 ਮੇਰੇ ਆਪਣਿਆਂ ਨਾਲੋਂ ਵਧਕੇ ਵੀ
    ਜਦ ਕੋਈ ਪਿਆਰ ਜਿਤਾਉਂਦਾ ਏ
    ਦਸ ਦੇ ਮਿਤਰਾ ਮੇਰਾ ਮਨ ਕਿਉਂ
    ਭਰ ਆਉਂਦਾ ਏ?

  
ਇਹ ਲਫਜ਼ ਉਸਨੇ ਮੈਂਨੂੰ ਕਿਹੇ ਜਾਂ ਮੈਂ ਉਸਨੂੰ- ਮੈਂ ਕਿੰਨੀ ਦੇਰ ਇਨ੍ਹਾਂ ਸਤਰਾਂ ਵਿਚ ਖੋਇਆ ਰਿਹਾ।ਉਸਦੀ ਕਲਮ ਨੇ ਅਜੇ ਲੰਬਾ ਸਫਰ ਤੈਅ ਕਰਨਾ ਹੈ, ਨਵੇਂ ਦਿਸਹੱਦਿਆਂ ਨੂੰ ਛੂਹਣਾ ਹੈ।ਸਾਡੀ ਸਭ ਦੀ ਇਹੀ ਦੁਆ ਹੈ ਕਿ ਉਹ ਪੰਜਾਬੀ ਬੋਲੀ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਦਾ ਪਰਚਮ ਹਮੇਸ਼ਾਂ ਬੁਲੰਦ ਰੱਖੇ।

                    
        
ਈ-ਮੇਲ: [email protected]  
 
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ