Thu, 03 October 2024
Your Visitor Number :-   7228744
SuhisaverSuhisaver Suhisaver

ਬਾਬੂ ਮੰਗੂ ਰਾਮ ਮੁੱਗੋਵਾਲੀਆ :ਨਿਧੱੜਕ ਗਦਰੀ ਅਤੇ ਆਦਿ ਧਰਮ ਲਹਿਰ ਦੇ ਮੋਢੀ -ਸ਼ਿਵ ਕੁਮਾਰ ਬਾਵਾ

Posted on:- 15-11-2013

ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ । ਤਿੰਨ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਆਪ ਮਾਤਾ ਦੇ ਪਿਆਰ ਤੋਂ ਵਾਂਝੇ ਹੋ ਗਏ। ਸੱਤ ਸਾਲ ਦੀ ਉਮਰ ਵਿੱਚ ਆਪ ਪਿੰਡ ਵਿੱਚ ਹੀ ਇੱਕ ਸਾਧੂ ਮਹਾਂਪੁਰਸ਼ ਕੋਲ ਪੜ੍ਹਨ ਜਾਣ ਲੱਗੇ । ਆਪ 6 ਮਹੀਨਿਆਂ ਵਿੱਚ ਹੀ ਗੁਰਮੁੱਖੀ ਪੜ੍ਹਨ ਅਤੇ ਲਿਖਣ ਵਿੱਚ ਨਿਪੁਨ ਹੋ ਗਏ। ਆਪ ਆਪਣੇ ਪਿਤਾ ਨਾਲ ਦੇਹਰਾਦੂਨ ਚਲੇ ਗਏ ਜਿਥੇ ਆਪਨੂੰ ਪਿੰਡ ਚੂੜਪੁਰ ਦੇ ਇੱਕ ਨਿਜੀ ਸਕੂਲ ਵਿੱਚ ਦਾਖਿਲ ਕਰਵਾਇਆ ਗਿਆ। ਇੱਕ ਸਾਲ ਬਾਅਦ ਫਿਰ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਏ ।

ਆਪਣੀ ਪੁਸਤਕ ‘ ਮੇਰੀ ਵਿਦੇਸ਼ ਯਾਤਰਾ ਅਤੇ ਮੇਰਾ ਜੀਵਨ ਬਿਰਤਾਂਤ ’ ਵਿੱਚ ਮੰਗੂ ਰਾਮ ਜੀ ਲਿਖਦੇ ਹਨ ‘‘ ਜਦ ਮੈਂ ਤਲੀਮ ਹਾਸਿਲ ਕਰਨ ਲੱਗਾ ਤਾਂ ਭਾਰਤ ਵਿੱਚ ਉਸ ਵਕਤ ਛੂਆ ਛਾਤ ਦਾ ਪੂਰਾ ਬੋਲ ਬਾਲਾ ਸੀ। ਉਚ ਜਾਤੀ ਦੇ ਅਧਿਆਪਕ ਸਕੂਲ ਵਿੱਚ ਮੇਰੇ ਨਾਲ ਅਣਮਨੁੱਖੀ ਵਿਹਾਰ ਕਰਦੇ ਸਨ। ਮੈਂਨੂੰ ਬਾਕੀ ਵਿਦਿਆਰਥੀਆਂ ਨਾਲੋਂ ਅਲੱਗ ਰੱਖਿਆ ਜਾਂਦਾ ਅਤੇ ਅਧਿਆਪਕ ਸਾਰਾ ਦਿਨ ਮੇਰੇ ਕੋਲੋਂ ਸਕੂਲ ਦੇ ਕਮਰਿਆਂ ਦੀ ਸਫਾਈ ਅਤੇ ਬਰਤਨ ਸਾਫ ਕਰਵਾਉਂਦੇ ।

ਮੈਨੂੰ ਕਲਾਸ ਵਾਲੇ ਕਮਰੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਅਤੇ ਸਰਦੀਆਂ ਵਿੱਚ ਧੁੱਪ ਦੀ ਬਜਾਏ ਛਾਂਵੇਂ ਬੈਠਕੇ ਅਧਿਆਪਕਾਂ ਦੇ ਲੈਕਚਰ ਸੁਣਨੇ ਪੈਂਦੇ । ਗਰਮੀਆਂ ਦੇ ਦਿਨਾਂ ਵਿੱਚ ਵੀ ਕਲਾਸ ਤੋਂ ਦੂਰ ਛੱਤਰੀ ਲੈ ਕੇ ਬੈਠਣਾਂ ਪੈਂਦਾ । ਅਧਿਆਪਕ ਮੈਂਨੂੰ ਜਾਤੀ ਤੌਰ ਤੇ ਜਲੀਲ ਕਰਦੇ’’। ਮਾਹਿਲਪੁਰ ਸਕੂਲ ਵਿੱਚ ਪੜ੍ਹਦਿਆਂ ਅਧਿਆਪਕਾਂ ਦੇ ਤਸੀਹਿਆਂ ਕਾਰਨ ਆਪ ਬਹੁਤ ਨਰਾਸ਼ ਹੋ ਗਏ। ਆਪਦੇ ਪਿਤਾ ਜੀ ਆਪ ਨੂੰ ਅੰਗ੍ਰੇਜ਼ੀ ਪੜ੍ਹਾਉਣਾ ਚਾਹੁੰਦੇ ਸਨ, ਕਿਉਂਕਿ ਚਮੜੇ ਦੇ ਵਪਾਰ ਵਿੱਚ ਅੰਗਰੇਜ਼ੀ ਮਾਧਿਅਮ ਨਾਲ ਨਜਿੱਠਣਾਂ ਪੈਂਦਾ ਸੀ ।

ਇਸ ਲਈ ਆਪ ਨੂੰ ‘ ਅਮੀ ਚੰਦ ਹਾਈ ਸਕੂਲ ਬਜ਼ਵਾੜਾ’ ਵਿਖੇ ਦਾਖਿਲ ਕਰਵਾਇਆ ਗਿਆ । ਇਥੇ ਆਪਨੇ ਅੰਗਰੇਜੀ ਦੀ ਜੂਨੀਅਰ ਅਤੇ ਸੀਨੀਅਰ ਕਲਾਸ ਪੜ੍ਹੀ । ਇਸ ਸਕੂਲ ਵਿੱਚ ਵੀ ਆਪਨੂੰ ਛੌਟੀ ਜਾਤ ਦੇ ਹੋਣ ਕਰਕੇ ਬੇਹੱਦ ਤਸੀਹੇ ਝੱਲਣੇ ਪਏ। ਸਰਦੀਆਂ ਅਤੇ ਗਰਮੀਆਂ ਵਿੱਚ ਵੀ ਆਪਨੂੰ ਬਾਹਰ ਬੈਠਣ ਲਈ ਮਜ਼ਬੂਰ ਕੀਤਾ ਜਾਂਦਾਂ। ਭਾਰੀ ਬਾਰਸ਼ ਵਿੱਚ ਵੀ ਆਪਨੂੰ ਬਾਹਰ ਹੀ ਖੜ੍ਹੇ ਹੋਣਾ ਪੈਂਦਾ। ਅਧਿਆਪਕ ਸਕੂਲ ਦੇ ਕਮਰੇ ਵਿੱਚ ਵੜ੍ਹਨ ਤਾਂ ਕੀ ਕੰਧਾਂ ਨੂੰ ਵੀ ਹੱਥ ਨਾ ਲਾਉਣ ਦਿੰਦੇ।

1905 ਵਿੱਚ ਆਪਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਸਨੇ ਆਪਨੂੰ ਪੂਰੀ ਤਰ੍ਹਾਂ ਝੰਜੌੜਕੇ ਰੱਖ ਦਿੱਤਾ । ਸਕੂਲ ਵਿੱਚ ਇੱਕ ਦਿਨ ਸਖਤ ਹਨੇਰੀ ਆਈ ਜਿਸ ਨਾਲ ਆਪਦੀ ਛੱਤਰੀ ਟੂੱਟ ਗਈ । ਭਾਰੀ ਬਾਰਸ਼ ਅਤੇ ਗੜ੍ਹਿਆਂ ਨੇ ਆਪਨੂੰ ਬੁਰੀ ਤਰ੍ਹਾਂ ਭੰਨ ਸੁੱਟਿਆ। ਗੜਿਆਂ ਦੀ ਮਾਰ ਤੋਂ ਤੰਗ ਆਕੇ ਆਪ ਦੌੜਕੇ ਸਕੂਲ ਦੇ ਕਮਰੇ ਵਿੱਚ ਜਾ ਬੜੇ । ਆਪਜੀ ਦਾ ਅਧਿਆਪਕ ਪੋਲੋ ਰਾਮ ਬਰਾਮਣ ਸੀ । ਉਸਨੇ ਆਪਨੂੰ ਬਹੁਤ ਮਾਰਿਆ ਅਤੇ ਵਰ੍ਹਦੇ ਮੀਂਹ ਵਿੱਚ ਹੀ ਬਾਹਰ ਕੱਢ ਦਿੱਤਾ । ਅਧਿਆਪਕ ਵਲੋਂ ਮਾਰੀਆਂ ਗਈਆਂ ਬੈਂਤਾਂ ਦੀ ਸੱਟ ਅਤੇ ਗੜ੍ਹਿਆਂ ਦੀ ਮਾਰ ਨੇ ਆਪਨੂੰ ਬੇਹੋਸ਼ ਕਰ ਦਿੱਤਾ ।

ਬਾਬੂ ਮੰਗੂ ਰਾਮ ਮੁਤਾਬਿਕ , ‘‘ ਮੈਂ ਜਿਸਮਾਨੀ ਸੱਟਾਂ ਤਾਂ ਜ਼ਰ ਲਈਆਂ ਪਰ ਉਸ ਅਧਿਆਪਕ ਦੇ ਬੋਲ ਕਿ ਚੂੜੇ ਚੁਮਾਰ ਪੜ੍ਹਨ ਲੱਗ ਪਏ ਤਾਂ ਸਾਡੀਆਂ ਬੁੱਤੀਆਂ ਕੌਣ ਕਰੋਗਾ ’’ ਜ਼ਰੇ ਨਾ ਗਏ। ਆਪ ਸਾਰੀ ਰਾਤ ਜਿਸਮਾਨੀ ਅਤੇ ਮਾਨਸਿਕ ਸੱਟਾਂ ਬਾਰੇ। ਸੋਚਦੇ ਰਹੇ । ਦੂਸਰੇ ਦਿਨ ਆਪ ਸਕੂਲ ਗਏ ਤਾਂ ਦੇਖਿਆ ਕਿ ਸਾਰੇ ਮੇਜ਼ ਕੁਰਸੀਆਂ ਅਤੇ ਹੋਰ ਸਮਾਨ ਕਮਰੇ ਵਿੱਚੋਂ ਬਾਹਰ ਕੱਢਕੇ ਅੰਦਰ ਪਾਣੀ ਛਿੜਕਕੇ ਦੁਬਾਰਾ ਰੱਖੇ ਗਏ। ਆਪਜੀ ਨੂੰ ਦੇਖਕੇ ਅਧਿਆਪਕ ਜੋਰ ਜੋਰ ਨਾਲ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਆਪ ਆਪਣਾ ਸਮਾਨ ਚੁੱਕਕੇ ਆਪਣੇ ਪਿੰਡ ਮੁੱਗੋਵਾਲ ਨੂੰ ਆ ਗਏ। ਆਪ ਛੂਆ ਛਾਤ ਨੂੰ ਸਹਿਣ ਕਰਦੇ ਹੋਏ ਵੀ ਕਲਾਸ ਵਿੱਚੋਂ ਤੀਸਰੇ ਨੰਬਰ ਤੇ ਰਹੇ। ਆਪਨੂੰ ਪਟਵਾਰੀ ਦੀ ਨੌਕਰੀ ਮਿਲੀ ਪਰ ਪਿਤਾ ਜਾ ਦਾ ਚਮੜੇ ਦਾ ਚੰਗਾ ਕਾਰੋਬਾਰ ਹੋਣ ਕਰਕੇ ਨੌਕਰੀ ਨਹੀਂ ਕੀਤੀ। 1905 ਤੋਂ 1906 ਤੱਕ ਆਪ ਆਪਣੇ ਪਿਤਾ ਨਾਲ ਹੀ ਹੱਥ ਵਟਾਉਂਦੇ ਰਹੇ।

ਬਾਬੂ ਮੰਗੂ ਰਾਮ ਉਚੇਰੀ ਵਿਦਿਆ ਗ੍ਰਹਿਣ ਕਰਨ ਦੇ ਇਛੁੱਕ ਸਨ ਜਿਸ ਲਈ ਉਹ 1909 ਵਿੱਚ ਅਮਰੀਕਾ ਚਲੇ ਗਏ। ਉਥੇ ਆਪ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਕੇ ਪੈਸੇ ਕਮਾਉਂਣ ਅਤੇ ਪੜ੍ਹਾਈ ਕਰਨ ਲੱਗ ਪਏ। ਪੜ੍ਹਾਈ ਦੇ ਨਾਲ ਕਮਾਈ ਦਾ ਕੁੱਝ ਪੈਸੇ ਆਪਣੇ ਪਿਤਾ ਨੂੰ ਵੀ ਭੇਜਦੇ ਰਹੇ। 1913 ਵਿੱਚ ਕੈਲੇਫੋਰਨੀਆਂ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਲਾਲਾ ਹਰਦਿਆਲ ਜੀ ਦੀ ਅਗਵਾਈ ਵਿੱਚ ਗਦਰ ਪਾਰਟੀ ਦਾ ਗਠਨ ਹੋਇਆ । ਗਦਰ ਪਾਰਟੀ ਵਿੱਚ ਆਪਜੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਗਦਰ ਪਾਰਟੀ ਦੀ ਅਖਬਾਰ ਗਦਰ ਗੂੰਜ਼ ਰਾਹੀਂ ਆਪਨੇ ਆਪਣੇ ਵਿਚਾਰਾਂ ਨਾਲ ਪੂਰੇ ਸੰਸਾਰ ਵਿੱਚ ਆਪਣੀ ਪਹਿਚਾਣ ਬਣਾਈ। ਆਪਦਾ ਇਥੇ ਚੋਟੀ ਦੇ ਆਗੂਆਂ ਨਾਲ ਮੇਲ ਹੋਇਆ ਜੋ ਹਿੰਦੋਸਤਾਨ ਨੂੰ ਅੰਗਰੇਜੀ ਸਾਮਰਾਜ ਤੋਂ ਮੁਕਤ ਕਰਵਾਉਂਣ ਲਈ ਯੋਜਨਾ ਬੱਧ ਸੰਘਰਸ਼ ਕਰ ਰਹੇ ਸਨ। ਆਪਦੇ ਕਈ ਸਾਲ ਗਦਰੀਆਂ ਨਾਲ ਕੰਮ ਕੀਤਾ ਅਤੇ ਦੁੱਖ ਤਕਲੀਫਾਂ ਝੱਲੀਆਂ ।

ਦਸੰਬਰ 1925 ਵਿੱਚ ਆਪ ਅਮਰੀਕਾ ਤੋਂ ਵਾਪਿਸ ਪਿੰਡ ਮੁਗੋਵਾਲ ਆ ਗਏ ਜਿਸ ਛੂਆ ਛਾਤ ਤੋਂ ਤੰਗ ਆਕੇ ਆਪ ਵਿਦੇਸ਼ ਗਏ ਸਨ ਉਹੀ ਵਰਤਾਰਾ ਅਤੇ ਬਿਮਾਰੀ ਨੇ ਆਪਦੇ ਮਨ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਆਪਨੇ ਦਲਿਤਾਂ ਨਾਲ ਹੁੰਦੀ ਵਧੀਕੀ ਦਾ ਹਾਲ ਲਾਲਾ ਹਰਦਿਆਲ ਨੂੰ ਲਿਖਕੇ ਭੇਜਿਆ ਅਤੇ ਲਿਖਿਆ ਕਿ ਜਦੋਂ ਤੱਕ ਛੂਆ ਛਾਤ ਦੂਰ ਨਹੀਂ ਹੁੰਦੀ ਤੱਦ ਤੱ ਕ ਭਾਰਤ ਅਜ਼ਾਦ ਨਹੀਂ ਹੋ ਸਕਦਾ । ਬਾਬੂ ਮੰਗੂ ਰਾਮ ਦੇ ਉਦਮ ਨਾਲ ਭਾਰਤ ਦੀਆਂ ਅਛੂਤ ਕੌਮਾਂ ਨੂੰ ਉਭਾਰਨ ਅਤੇ ਜਾਗਿ੍ਰਤ ਕਰਨ ਲਈ 1926 ਵਿੱਚ ਅਛੂਤ ਸੁਧਾਰ ਪ੍ਰੋਗਰਾਮ ਤਿਆਰ ਕੀਤਾ ਗਿਆ ਜਿਸ ਤਹਿਤ 11 ਅਤੇ 12 ਜੂਨ 1926 ਨੂੰ ਪਹਿਲੀ ਆਦਿ ਧਰਮ ਅਛੂਤ ਕਾਨਫਰੰਸ ਪਿੰਡ ਮੁੱਗੋਵਾਲ (ਮਾਹਿਲਪੁਰ) ਵਿੱਚ ਪੰਜਾਬ ਦੀਆਂ ਸਾਰੀਆਂ ਅਛੂਤ ਬਰਾਦਰੀਆਂ ਵਲੋਂ ਕੀਤੀ ਗਈ ਜੋ ਇਤਿਹਾਸਿਕ ਕਾਨਫਰੰਸ ਹੋ ਨਿਬੜੀ । ਇਸ ਕਾਂਨਫਰੰਸ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਤਿੱਖਾਂ ਸੰਘਰਜਸ਼ ਕਰਨ ਦਾ ਪ੍ਰਣ ਲਿਆ। ਬਾਬੂ ਮੰਗੂ ਰਾਮ ਆਦਿ ਧਰਮ ਲਹਿਰ ਦੇ ਮੋਢੀ ਬਣੇ। ਆਪਨੇ ਅਛੂਤ ਜਾਤੀਆਂ ਨਾਲ ਸਬੰਧਤ 12 ਮੰਗਾਂ ਪੂਰੀਆਂ ਕਰਵਾਉਂਣ ਲਈ ਲੱਖਾਂ ਲੋਕਾਂ ਨਾਲ ਲੈ ਕੇ ਸੰਘਰਸ਼ ਕੀਤਾ ਅਤੇ 1950 ਵਿੱਚ ਪੂਰਾ ਕਰ ਦਿੱਤਾ। 1926 ਵਿੱਚ ਉਠੀ ਬਾਬੂ ਮੰਗੂ ਰਾਮ ਦੀ ਲਹਿਰ ਨੇ ਉਸ ਵੇਲੇ ਦੇ ਹਾਕਮਾਂ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ।


ਆਦਿ ਧਰਮ ਮਿਸ਼ਨ ਨੇ ਆਪਦੀ ਅਗਵਾਈ ਵਿੱਚ ਇਕ ਜਨ ਅੰਦੋਲਨ ਦਾ ਰੂਪ ਧਾਰਿਆ । ਬਾਬੂ ਮੰਗੂ ਬਾਮ ਮੁੱਗੋਵਾਲੀਆ ਅਤੇ ਉਹਨਾਂ ਦੇ ਸੰਘਰਸ਼ ਬਾਰੇ ਖੋਜ਼ ਭਰਪੂਰ ਪੁਸਤਕ ‘ ਰਿਲੀਜੀਅਸ ਰੀਬੈਲਸ ਇਨ ਪੰਜਾਬ’ 1988 ਵਿੱਚ ਮਾਰਕਸ ਜੁਅਰਜੈਨ ਸਮੇਰ ਨੇ ਲਿਖੀ। ਇਸ ਪੁਸਤਕ ਦਾ ਜਿਕਰ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੇ ਵੀ ਆਪਣੇ ਲੇਖ ‘ ਮੰਗੂ ਰਾਮ ਤੋਂ ਕਾਂਸ਼ੀ ਰਾਮ ਤੱਕ ਵਿੱਚ ਕੀਤਾ ਸੀ। ਆਦਿ ਧਰਮ ਅੰਦੋਲਨ ਦੀ ਸ਼ੁਰੂਆਤ ਦਲਿਤ ਜਾਤੀ ਨਾਲ ਸਬੰਧਤ ਤਿੰਨ ਵਿਆਕਤੀਆਂ ਸ੍ਰੀ ਬਸੰਤ ਰਾਏ, ਸ੍ਰੀ ਠਾਕੁਰ ਚੰਦ ਅਤੇ ਸੁਵਾਮੀ ਸ਼ੂਦਰਾ ਨੰਦ ਤੋਂ ਹੋਈ। ਇਹ ਸਭ ਆਰੀਆ ਸਮਾਜੀ ਸਨ ਅਤੇ ਜਲੰਧਰ ,ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਦਿਹਾਤੀ ਇਲਾਕਿਆਂ ਨਾਲ ਸਬੰਧਤ ਸਨ। ਬੇਸ਼ੱਕ ਹਿੰਦੂਆਂ ਅਤੇ ਜਗੀਰਦਾਰਾਂ ਨੇ ਅਛੂਤਾਂ ਨੂੰ ਹਿੰਦੂ ਜਾਂ ਸਿੱਖ ਧਰਮ ਲਿਖਾਉਣ ਤੋਂ ਇਲਾਵਾ ਜਾਂ ਹੋਰ ਧਰਮ ਲਿਖਾਉਣ ਲਈ ਸਮਾਜਿਕ ਬਾਈਕਾਟ ,ਜਾਨੋ ਮਾਰਨ ਅਤੇ ਆਰਥਿਕ ਪਾਬੰਦੀਆਂ ਲਾਉਂਣ ਦੀਆਂ ਪਾਬੰਦੀਆਂ ਦਿੱਤੀਆਂ ਹੋਈਆਂ ਸਨ ਫਿਰ ਵੀ ਪੰਜਾਬ ਵਿੱਚ 1931 ਦੀ ਮਰਦਮ ਸ਼ਮਾਰੀ ਵੇਲੇ 4 18 789 ਲੋਕਾਂ ਨੇ ਬਾਬੂ ਮੰਗੂ ਰਾਮ ਦੀ ਗੱਲ ਮੰਨਦਿਆਂ ਆਪਣੇ ਆਪਨੂੰ ਆਦਿ ਧਰਮੀ ਲਿਖਵਾਇਆ । ਜਦੋਂ 1930,31ਅਤੇ 32 ਦੀਆਂ ਗੋਲ ਮੇਜ ਕਾਨਫਰੰਸਾਂ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਇਹ ਸਵਾਲ ਉਠਾਇਆ ਕਿ ਡਾਕਟਰ ਅੰਬੇਡਕਰ ਸਾਹਿਬ ਅਛੂਤਾਂ ਦੇ ਆਗੂ ਨਹੀਂ ਹਨ ਤਾਂ ਉਸ ਸਮੇਂ ਬਾਬੂ ਮੰਗੂ ਰਾਮ ਨੇ ਡਾਕਟਰ ਅੰਬੇਡਕਰ ਦੇ ਹੱਕ ਵਿੱਚ ਆਦਿ ਧਰਮ ਦੀ ਹਮਾਇਤ ਦੀਆਂ ਤਾਰਾਂ ਭੇਜੀਆਂ। ਇਸ ਤੋਂ ਇਲਾਵਾ ਜਦੋਂ ਬਰਤਾਨਵੀ ਸਰਕਾਰ ਨੇ ਦਲਿਤਾਂ ਨੂੰ ਕਮਿੳੂਨਲ ਐਵਾਰਡ ਦਿੱਤਾਂ ਤਾਂ ਗਾਂਧੀ ਨੇ ਅਛੂਤਾਂ ਨੂੰ ਮਿਲੇ ਇਸ ਹੱਕ ਦੇ ਵਿਚੋਧ ਵਿੱਚ ਮਰਨ ਵਰਤ ਰੱਖ ਦਿੱਤਾ ਤਾਂ ਉਸ ਸਮੇਂ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਵੀ ਡਾਕਟਰ ਅੰਬੇਕਰ ਦੇ ਹੱਕ ਅਤੇ ਗਾਂਧੀ ਦੇ ਵਿਰੋਧ ਵਿੱਚ ਮਰਨ ਵਰਤ ਰੱਖ ਦਿੱਤਾ ਜੋ ਪੂਨਾ ਪੈਕਟ ਸਮਝੌਤੇ ਤੱਕ ਜਾਰੀ ਰਿਹਾ।

ਬਾਬੂ ਮੰਗੂ ਰਾਮ ਇਕ ਸੰਘਰਸ਼ਸ਼ੀਲ ਆਗੂ ਸਨ । ਆਪਣੇ ਸੰਘਰਸ਼ ਸਦਕਾ ਉਹ ਦੋ ਵਾਰ ਵਿਧਾਇਕ ਵੀ ਚੁਣੇ ਗਏ। ਉਸ ਵਕਤ ਵਿਧਾਇਕ ਕੋਲ ਤਿੰਨਾਂ ਜ਼ਿਲ੍ਹਿਆ ਜਿੱਡਾ ਹਲਕਾ ਹੁੰਦਾ ਸੀ। ਆਪ ਵਲੋਂ ਲਹੋਰ ਐਸੰਬਲੀ ਵਿੱਚ ਦਿੱਤਾ ਗਿਆ ਭਾਸ਼ਨ ਅੱਜ ਵੀ ਯਾਦ ਕਰਦੇ ਹਨ । ਆਪ ਵਲੋਂ ‘ ਆਦਿ ਡੰਕਾਂ ਨਾਮ ਦਾ ਇਕ ਪਾਰਟੀ ਅਖਰਾਰ ਵੀ ਕੱਢਿਆ ਗਿਆ ਜਿਸਨੇ ਸਮੇਂ ਦੇ ਹਾਕਮਾਂ ਦੀ ਬੋਲਤੀ ਬੰਦ ਕੀਤੀ ਹੋਈ ਸੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਵਲੋਂ ਦਰਸਾਏ ਰਾਹ ਤੇ ਚੱਲਦਿਆਂ ਸਮਾਜ ਵਿੱਚ ਨਫਰਤ ਅਤੇ ਅਸਮਾਨਤਾ ਫੈਲਾਉਦੀ ਸਮਾਜਿਕ ਵਿਵਸਥਾ ਨੂੰ ਬਦਲਣ ਲਈ ਹਰ ਵਰਗ ਨੂੰ ਲਾਮਬੰਦ ਹੋਣਾ ਚਾਹੀਦਾ ਹੈ।

 ਸੰਪਰਕ: +91 95929 54007

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ