Thu, 12 September 2024
Your Visitor Number :-   7220802
SuhisaverSuhisaver Suhisaver

ਯੁੱਗ ਪੁਰਸ਼ ਕਾਰਲ ਮਾਰਕਸ -ਮਨਦੀਪ

Posted on:- 05-05-2013

suhisaver

ਕਾਰਲ ਮਾਰਕਸ ਨਿਡਰ ਵਿਦਵਾਨ, ਮਹਾਨ ਖੋਜੀ ਤੇ ਇਕ ਸਿਰੜੀ ਇਨਕਲਾਬੀ ਸੀ।ਉਸਦਾ ਜੀਵਨ ਬਿਰਤਾਂਤ ਉਸਦੇ ਸਮੁੱਚੇ ਚਿੰਤਨ ਤੋਂ ਵੱਖਰਿਆਇਆ ਨਹੀਂ ਜਾ ਸਕਦਾ।ਮਾਰਕਸ ਦੀ ਜੀਵਨ ਗਾਥਾ ਉਸਦੇ ਬੇਸ਼ੁਮਾਰ ਅਧਿਐਨ, ਲੇਖਨ, ਖੋਜ ਕਾਰਜਾਂ, ਬਹਿਸਾਂ, ਅਲੋਚਨਾਵਾਂ, ਜਲਾਵਤਨੀਆਂ, ਪਰਿਵਾਰਕ ਔਕੜਾਂ ਤੇ ਕਿਰਤੀ ਜਮਾਤ ਦੀ ਸਦੀਆਂ ਦੀ ਗੁਲਾਮੀ ਤੋਂ ਮੁਕਤੀ ਦਾ ਗੁਰ ਲੱਭਣ ਵਾਲੇ ਪਹਾੜ ਜਿੱਡੇ ਕਾਰਜ ਨੂੰ ਇਕ ਔਸਤ ਮਨੁੱਖੀ ਉਮਰ ਅੰਦਰ ਪੂਰਾ ਕਰਨ ਦੇ ਬੇਮਿਸਾਲ ਸੰਘਰਸ਼ਾਂ ਨਾਲ ਭਰੀ ਪਈ ਹੈ।



ਜਵਾਨੀ ‘ਚ ਪੈਰ ਧਰਦਿਆਂ ਹੀ ਮਾਰਕਸ ਨੇ ਆਪਣੀ ਜ਼ਿੰਦਗੀ ਦਾ ਇਕ ਮਕਸਦ ਚੁਣਿਆ ਤੇ ਫਿਰ ਆਪਣੀ ਸਾਰੀ ਤਾਕਤ ਤੇ ਸਮਰੱਥਾ ਉਸੇ ਲਈ ਝੋਕ ਦਿੱਤੀ।ਆਪਣੀ ਇਸੇ ਅਥਾਹ ਸਮਰੱਥ ਨਾਲ ਉਸਨੇ ਚੜ੍ਹਦੀ ਉਮਰੇ ਹੀ ਦੁਨੀਆ ਭਰ ‘ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਮਾਰਕਸ ਦੀ ਸਮੁੱਚੀ ਜੀਵਨ ਘਾਲਣਾ ਤੇ ਚਿੰਤਨ ਨੂੰ ਦੇਖਦਿਆਂ ਲੋਕਾਈ ਦੰਗ ਰਹਿ ਜਾਂਦੀ ਹੈ ਕਿ ਇਕ ਇਨਸਾਨ ਐਨਾ ਸਮਰੱਥਾਵਾਨ ਵੀ ਹੋ ਸਕਦਾ ਹੈ।ਪਿੱਛੇ ਜਿਹੇ ਬੀ. ਬੀ. ਸੀ. ਵੱਲੋਂ ਕਰਵਾਏ ਸਰਵੇ ਅਨੁਸਾਰ ਕਾਰਲ ਮਾਰਕਸ ਨੂੰ “ਥਿੰਕਰ ਆੱਫ ਦੀ ਮਿਲੇਨੀਅਮ” (ਇਕ ਹਜ਼ਾਰ ਸਾਲ ਦਾ ਸਭ ਤੋਂ ਵੱਡਾ ਵਿਦਵਾਨ) ਦਾ ਦਿੱਤਾ ਖ਼ਿਤਾਬ ਉਸਦੀ ਮਹਾਨ ਪ੍ਰਤਿਭਾ ਦਾ ਇਕ ਮਾਤਰ ਪ੍ਰਮਾਣ ਹੈ।

ਅੱਜ ਜਦੋਂ ਮਾਰਕਸਵਾਦੀ ਸੱਚ ਸੰਸਾਰ ਪੱਧਰ ਤੇ ਹੋਰ ਵੱਧ ਪੁਖਤਾ ਹੋ ਰਿਹਾ ਹੈ ਤਾਂ ਮਾਰਕਸ ਦੀ ਰੂਹ ਮਨੁੱਖੀ ਇਤਿਹਾਸ ਦੇ ਇਸ ਦੌਰ ਅੰਦਰ ਮਿਹਨਤਕਸ਼ਾਂ ਨੂੰ ਨਵੇਂ ਸਮਾਜ  ਦੀ ਉਸਾਰੀ ਲਈ ਅਸਲੀ ਇਨਸਾਨ ਬਣਕੇ ਜਿਊਣ ਲਈ, ਸੰਘਰਸ਼ਾਂ ਲਈ, ਚਿੰਤਨ ਲਈ ਪ੍ਰੇਰ ਰਹੀ ਹੈ।

ਮਾਰਕਸ ਦਾ ਜਨਮ 5 ਮਈ 1818 ਨੂੰ ਟਰੀਅਰ (ਰ੍ਹਾਈਨ ਕੰਢੇ ਦੇ ਪਰੁਸ਼ੀਆ) ਵਿਖੇ ਹੋਇਆ।ਉਸਦੇ ਪਿਤਾ ਪ੍ਰੋਟੈਸਟੈਂਟ ਈਸਾਈ ਮੱਤ ਦੇ ਧਾਰਨੀ ਇਕ ਵਕੀਲ ਸਨ।ਟਰੀਅਰ ਦੇ ਜਿਮਨੇਜ਼ੀਅਮ ਸਕੂਲ ਤੋਂ ਬੋਨ ਤੇ ਬਰਲਿਨ ਯੂਨੀਵਰਸਿਟੀ ਤੱਕ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਮਾਰਕਸ ਦੇ ਮੁੱਖ ਤੇ ਮਨਪਸੰਦ ਵਿਸ਼ੇ ਇਤਿਹਾਸ ਤੇ ਦਰਸ਼ਨ ਸਨ।ਮਾਨਸਿਕ ਤੌਰ ਤੇ ਮਾਰਕਸ ਸ਼ੁਰੂ ਤੋਂ ਹੀ ਆਮ ਪੱਧਰ ਤੋਂ ਉੱਚੀ ਯੋਗਤਾ ਦਾ ਮਾਲਕ ਸੀ।1841 ਵਿਚ ਉਸਨੇ ਡੀ. ਐਸ. ਸੀ. ਦੀ ਡਿਗਰੀ ਲਈ ਐਪੀਕਿਊਰੀਅਸ ਦੇ ਦਰਸ਼ਨ ਸਬੰਧੀ ਖੋਜ ਪ੍ਰਬੰਧ ਪੇਸ਼ ਕੀਤਾ।ਉਸ ਵੇਲੇ ਮਾਰਕਸ ਦੇ ਵਿਚਾਰ ਹੀਗਲਵਾਦੀ ਆਦਰਸ਼ਵਾਦੀ ਸਨ।ਪੜ੍ਹਾਈ ਖਤਮ ਕਰਨ ਪਿੱਛੋਂ ਮਾਰਕਸ ਪ੍ਰੋਫੈਸਰ ਬਣਨ ਦੀ ਆਸ ਨਾਲ ਬੋਨ ਚਲਾ ਗਿਆ, ਜਿੱਥੋਂ ਦੇ ਸਿਆਸੀ ਮਹੌਲ ‘ਚ ਲੁਡਵਿਗ ਫਿਊਰਬਾਖ਼ ਦੇ ਵਿਚਾਰਾਂ ਦਾ ਕਾਫੀ ਪ੍ਰਭਾਵ ਸੀ।ਉਸਦੇ ਵਿਚਾਰਾਂ ਦੇ ਪ੍ਰਭਾਵ ਸਦਕਾ ਸਾਰੇ ਖੱਬੇਪੱਖੀ ਹੀਗਲਵਾਦੀ (ਸਮੇਤ ਮਾਰਕਸ) ਫਿਊਰਬਾਖ਼ਵਾਦੀ ਬਣ ਗਏ।ਇਸੇ ਧੜੇ ਵੱਲੋਂ ‘ਰਾਈਨੁਸ਼ ਜਾਈਟੁੰਗ’ ਨਾਂ ਦਾ ਪੱਤਰ ਸਥਾਪਤ ਕੀਤਾ ਗਿਆ ਜਿਸ ਵਿਚ ਮਾਰਕਸ ਤੇ ਬਰੂਨੋ ਬਾਵੇਰ ਮੁੱਖ ਲੇਖਕਾਂ ਵੱਜੋਂ ਲਿਖਦੇ ਰਹੇ।ਅਕਤੂਬਰ 1842 ਵਿਚ ਮਾਰਕਸ ਇਸ ਪੱਤਰ ਦਾ ਮੁੱਖ ਸੰਪਾਦਕ ਬਣ ਗਿਆ।ਪਰਚੇ ਦੇ ਇਨਕਲਾਬੀ ਜਮਹੂਰੀ ਵਿਚਾਰਾਂ ਕਾਰਨ ਹਕੂਮਤ ਦੀ ਇਸ ਉੱਪਰ ਤੀਹਰੀ ਸੈਂਸਰਸ਼ਿੱਪ ਲਾਗੂ ਹੋਣ ਤੇ ਅਖੀਰ ਜਨਵਰੀ 1843 ‘ਚ ਇਸ ਨੂੰ ਬੰਦ ਕਰਨਾ ਪਿਆ।

ਉਸਦੇ ਵਿਦਿਆਰਥੀ ਜੀਵਨ ਦੌਰਾਨ ਬਰਲਿਨ ਯੂਨੀਵਰਸਿਟੀ ‘ਚ ਵਿਦਿਆਰਥੀਆਂ ਤੇ ਚਿੰਤਕਾਂ ਦਾ ਇਕ ਕਲੱਬ ਬਣਿਆ ਹੋਇਆ ਸੀ ਜਿਸ ਵਿਚ ਵੱਖ-ਵੱਖ ਮਸਲਿਆਂ ਤੇ ਗਰਮਾ-ਗਰਮ ਬਹਿਸਾਂ ਚੱਲਦੀਆਂ ਰਹਿੰਦੀਆਂ ਸਨ।ਮਾਰਕਸ ਇਸ ਕਲੱਬ ਦਾ ਅਟੁੱਟ ਅੰਗ ਸੀ।ਇੱਥੇ ਵਿਭਿੰਨ ਸਿਧਾਂਤਾਂ ਤੇ ਦੂਜੇ ਰਾਜਸੀ ਪਹਿਲੂਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਜਾਂਦੀ।ਇਥੇ ਰਹਿੰਦਿਆਂ ਮਾਰਕਸ ਨੇ ਡਾਕਟਰ ਦੀ ਡਿਗਰੀ ਲਈ ਆਪਣਾ ਖੋਜ ਪੱਤਰ ਜੈਨਾ ਯੂਨੀਵਰਸਿਟੀ ‘ਚ ਪੇਸ਼ ਕੀਤਾ।15 ਅਪ੍ਰੈਲ 1841 ਨੂੰ ਉਸਦੀ ਗੈਰਹਾਜ਼ਰੀ ‘ਚ ਉਸਨੂੰ ‘ਫਲਸਫੇ ਦੇ ਡਾਕਟਰ’ ਦੀ ਸਨਦ ਨਾਲ ਨਿਵਾਜਿਆ ਗਿਆ।

ਵਿਦਿਆਰਥੀ ਜੀਵਨ ਸਮੇਂ ਤੋਂ ਮਾਰਕਸ ਤੇ ਜੈਨੀ ਇਕ ਦੂਜੇ ਦੇ ਸੰਪਰਕ ‘ਚ ਆਏ।1836 ਵਿਚ ਇਸ ਪ੍ਰੇਮੀ ਜੋੜੇ ਨੇ ਚੋਰੀ ਛਿਪੇ ਮੰਗਣੀ ਦਾ ਕਾਜ ਰਚਾ ਲਿਆ ਤੇ ਬਾਅਦ ਵਿਚ ਉਹ ਚਿੱਠੀ ਪੱਤਰ ਰਾਹੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਰਹੇ।ਮਾਰਕਸ ਬਹੁਤ ਜਿਆਦਾ ਰੁਝਿਆ ਹੋਣ ਕਰਕੇ ਜੈਨੀ ਨੂੰ ਜਲਦੀ ਚਿੱਠੀ ਨਾ ਲਿਖ ਪਾਉਂਦਾ, ਜਦਕਿ ਜੈਨੀ ਨੂੰ ਬੜੀ ਬੇਚੈਨੀ ਨਾਲ ਉਸਦੀਆਂ ਚਿੱਠੀਆਂ ਦੀ ਉਡੀਕ ਰਹਿੰਦੀ।ਜੈਨੀ ਬੇਹੱਦ ਸੁੰਦਰ ਸੀ।ਹਰ ਕੋਈ ਉਸ ਨੂੰ ‘ਟਰੀਆ ਦੀ ਸੁੰਦਰੀ’ ‘ਨ੍ਰਿਤ ਦੀ ਮਲਕਾ’ ਆਖਦਾ।1843 ਵਿਚ ਮਾਰਕਸ ਨੇ ਜੈਨੀ ਫਾਨ ਵੈਸਟਫਾਲਨ ਨਾਲ ਕ੍ਰਿਉਜਨਾਖ ਵਿਖੇ ਵਿਆਹ ਕਰਵਾ ਲਿਆ।ਜੈਨੀ ਪਰੁਸ਼ੀਆਈ ਰਾਠਸ਼ਾਹੀ ਪਰਿਵਾਰ ਨਾਲ ਸਬੰਧਿਤ ਹੁੰਦੀ ਹੋਈ ਵੀ ਵਿਆਹ ਤੋਂ ਬਾਅਦ ਮਾਰਕਸ ਨਾਲ ਚੰਗੇ ਸਮਾਜ ਦੀ ਉਸਾਰੀ ਲਈ ਜ਼ਿੰਦਗੀ ਭਰ ਮੁਸ਼ਕਲਾਂ ਦੇ ਫਾਕੇ ਕੱਟਦੀ ਰਹੀ।ਪਰਿਵਾਰ ਨੂੰ ਪਾਲਣ ਲਈ ਰੁਜ਼ਗਾਰ ਦੀ ਭਾਲ ਵਿਚ ਮਾਰਕਸ ਨੇ ਕੁਝ ਸਮਾਂ ਪੱਤਰਕਾਰੀ ਵੀ ਕੀਤੀ।ਜਿਸ ਤਜਰਬੇ ਨੇ ਉਸਨੂੰ ਸਿਆਸੀ ਜਰਨਲਿਸਟ ਬਣਾ ਦਿੱਤਾ ਜਿਸਦੇ ਖਿਆਲਾਤ ਅੱਗ ਭੜਕਾਊ ਸਮਝੇ ਜਾਂਦੇ ਸਨ।ਉਸਨੇ ਡੂੰਘਾਈ ਨਾਲ ਇਨਕਲਾਬੀ ਸਾਹਿਤ ਦਾ ਮੁਤਾਲਿਆ ਕਰਨਾ ਸ਼ੁਰੂ ਕੀਤਾ।ਮਾਰਕਸ ਨੇ ਫਰਾਂਸਿਸੀ ਭਾਸ਼ਾ ਸਿੱਖ ਕੇ ਪ੍ਰਸਿੱਧ ਸੋਸਲਿਸ਼ਟ ਲੇਖਕ ਫੁਰੀਏ, ਪੂਡੋ ਡੇਜ਼ਾਮੀ, ਕੋਬੇ ਅਤੇ ਲੌਰੂ ਦੀਆਂ ਕਿਰਤਾਂ ਦਾ ਅਧਿਐਨ ਕੀਤਾ।ਸਚਾਈ ਦੀ ਭਾਲ ਵਿੱਚ ਮਾਰਕਸ ਕਈ-ਕਈ ਰਾਤਾਂ ਜਾਗ ਕੇ ਕੱਟਦਾ।ਜਿੱਥੇ ਉਹ ਕਈ-ਕਈ ਰਾਤਾਂ ਗਿਆਨ ਸਮੁੰਦਰ ‘ਚ ਡੁਬਕੀਆਂ ਲਾਉਂਦਾ ਰਹਿੰਦਾ ਉੱਥੇ ਦੂਜੇ ਪਾਸੇ ਉਹ ਅਗਿਆਨਤਾ ਦੇ ਹਨੇਰੇ ਨੂੰ ਕਾਇਮ ਰੱਖਣ ‘ਚ ਲਗੇ ਹੋਏ ਹਕੂਮਤਪੱਖੀ ‘ਵਿਦਵਾਨਾਂ’ ਨਾਲ ਟੱਕਰਾਂ ਵੀ ਲੈਂਦਾ।ਹਕੂਮਤਪੱਖੀ ‘ਵਿਦਵਾਨਾਂ’ ਨੂੰ ਮਾਰਕਸ ਦੇ ਯਥਾਰਥਕ ਵਿਚਾਰ ਸੂਲਾਂ ਵਾਂਗ ਚੁਭਦੇ ਸਨ।ਮਾਰਕਸ ਦਾ ਚਿੰਤਨ ਨਿੱਜੀ ਅਨੁਭਵ ਅਤੇ ਇਤਿਹਾਸਕ ਅਧਿਐਨ ਤੇ ਅਧਾਰਿਤ ਸੀ।ਉਸਨੂੰ ਜਰਮਨ, ਨਵ-ਲਾਤੀਨੀ, ਰੂਸੀ, ਸਰਬੀਅਨ, ਫਰਾਂਸਿਸੀ ਤੇ ਸਲਾਵ ਜੁਬਾਨਾਂ ਦਾ ਗਿਆਨ ਸੀ।ਗਲਤ ਵਿਚਾਰਾਂ ਤੇ ਰੁਝਾਨਾਂ ਦੇ ਗਿਆਨਤਾ ਤੇ ਦਲੇਰੀ ਨਾਲ ਪਰਖਚੇ ਉਡਾਉਣ ਵਾਲੇ ਮਾਰਕਸ ਨੂੰ ‘ਲਾਲ ਦਹਿਸ਼ਤ ਪਸੰਦ ਡਾਕਟਰ’ ਆਖਿਆ ਜਾਂਦਾ।ਮਾਰਕਸ ਜਿੱਥੇ ਦਰਸ਼ਨ ਦੇ ਔਖੇ ਖੇਤਰ ਚੋਂ ਸਿਰਕੱਢ ਸੀ ਉੱਥੇ ਸਾਹਿਤ ਤੇ ਕਲਾ ਬਾਰੇ ਵੀ ਉਸਨੂੰ ਚੋਖੀ ਜਾਣਕਾਰੀ ਸੀ।ਉਸਨੂੰ ਨਾਵਲ ਪੜ੍ਹਨ ਦਾ ਬੜਾ ਸੌਂਕ ਸੀ।ਵਾਲਟਰ ਸਕਾਟ, ਡਿਊਮਾਂ, ਫੀਲ ਡੰਗ, ਸੋਵਾਟਿਸ ਆਦਿ ਦੇ ਕਿਰਤ ਨਾਵਲ ਉਸਨੂੰ ਚੰਗੇ ਲਗਦੇ ਸਨ।ਗਣਿਤ ਦੇ ਵਿਸ਼ੇ ਵਿਚ ਵੀ ਉਸਦੀ ਦਿਲਚਸਪੀ ਸੀ।

1844 ਵਿਚ ਏਂਗਲਜ, ਮਾਰਕਸ ਨੂੰ ਪਹਿਲੀ ਵਾਰ ਪੈਰਿਸ ਵਿਖੇ ਮਿਲਿਆ  ਜਿੱਥੇ ਦੋਵਾਂ ਦੀ ਬੌਧਿਕ ਸਾਂਝੇਦਾਰੀ ਬਣ ਗਈ।ਏਂਗਲਜ ਕੋਲ ਠੋਸ ਆਰਥਕ ਤੱਥਾਂ ਦਾ ਭੰਡਾਰ ਸੀ ਤੇ ਮਾਰਕਸ ਇਤਿਹਾਸਕ ਪੱਖੋਂ ਇਕ ਪ੍ਰਬਲ ਰੁਚੀ ਦਾ ਮਾਲਕ ਸੀ।ਦੋਵਾਂ ਦੀ ਮਿੱਤਰਤਾ ਸਮੇਂ ਮਾਰਕਸ ਦੇ ਕਲਪਿਤ ਇਤਿਹਾਸਕ ਖਾਕੇ ਵਿਚ ਆਰਥਕ ਤੱਥਾਂ ਨੇ ਥਾਂ ਮੱਲਣੀ ਸ਼ੁਰੂ ਕਰ ਦਿੱਤੀ ਅਤੇ ਏਂਗਲਜ ਇਤਿਹਾਸਕ ਪੱਖੋਂ ਆਰਥਿਕ ਤੱਥਾਂ ਨੂੰ ਨਵੀਂ ਰੌਸ਼ਨੀ ਵਿਚ ਵਿਚਾਰਨ ਲੱਗ ਪਿਆ।ਆਪਣੀ ਚਾਲੀ ਸਾਲ ਦੀ ਲੰਮੀ ਦੋਸਤੀ ਦੌਰਾਨ ਉਹ ਦੋਵੇਂ ਕਮਿਊਨਿਸਟ ਲਹਿਰ ਦੀ ਸਿਰਜਣਾ ਵਿਚ ਲੱਗੇ ਰਹੇ।ਇਸ ਨਿਰਸੁਆਰਥ ਦੋਸਤੀ ਦੇ ਕਾਰਨ ਏਂਗਲਜ ਵੱਲੋਂ ਸਮੇਂ ਸਿਰ ਕੀਤੀ ਜਾਂਦੀ ਆਰਥਿਕ ਮੱਦਦ ਨੇ ਮਾਰਕਸ ਨੂੰ ਸਰੀਰਕ ਤੌਰ ਤੇ ਹੀ ਜੀਵਤ ਨਹੀਂ ਰੱਖਿਆ ਬਲਕਿ ਉਸ ਨੂੰ ਯੁੱਗ ਪਲਟਾਊ ਕ੍ਰਿਤਾਂ ਰਚਨ ਦੇ ਕਾਰਜ ਵਿਚ ਆਸ਼ਾਪੂਰਵਕ ਜੋੜੀ ਰੱਖਿਆ।ਅੱਜ ਵੀ ਦੋਵਾਂ ਦੀ ਮਿੱਤਰਤਾ ਦੀ ਪੂਰੇ ਵਿਸ਼ਵ ਵਿਚ ਮਿਸਾਲ ਪੇਸ਼ ਕੀਤੀ ਜਾਂਦੀ ਹੈ।

ਮਾਰਕਸ ਨੂੰ ਆਪਣੇ ਜੀਵਨ ਵਿਚ ਜਲਾਵਤਨੀਆਂ ਦਾ ਦੌਰ ਵੀ ਹੰਢਾਉਣਾ ਪਿਆ।ਫਰਾਂਸ ਦੀ ਗੀਜੋ ਸਰਕਾਰ ਨੇ ਵੋਰਵਰਟਸ (ਪ੍ਰਗਤੀਸ਼ੀਲ) ਪੱਤਰ ਨਾਲ ਸਬੰਧਤ ਚਾਰ ਛਾਪਕ ਬੁਰਨਸਟਾਇਨ, ਬਰਨੇ, ਰੂਗੇ ਅਤੇ ਮਾਰਕਸ ਨੂੰ ਜਰਮਨ ਬਾਦਸ਼ਾਹ ਦੇ ਵਿਰੁੱਧ ਅੱਗ ਭੜਕਾਊ ਨਿਬੰਧ ਲਿਖਣ ਦੇ ਦੋਸ਼ੀ ਠਹਿਰਾਇਆ ਅਤੇ ਮਾਰਕਸ ਨੂੰ ਇਕ ਖਤਰਨਾਕ ਇਨਕਲਾਬੀ ਵਜੋਂ ਫਰਾਂਸ ਤੋਂ ਬਾਹਰ ਕਰ ਦਿੱਤਾ।ਮਾਰਕਸ ਨੂੰ ਛੱਡ ਕੇ ਬਾਕੀ ਤਿੰਨਾਂ ਨੇ ਸਰਕਾਰ ਨਾਲ ਮਿਲਵਰਤਨ ਵਿਖਾਇਆ ਤੇ ਫਰਾਂਸ ‘ਚ ਹੀ ਟਿਕੇ ਰਹੇ।ਮਾਰਕਸ ਬਰਸੱਲਜ ਚਲਾ ਗਿਆ ਅਤੇ ਉੱਥੇ ‘ਕਮਿਊਨਿਸਟ ਲੀਗ’ ਨਾਂ ਦੀ ਗੁਪਤ ਪ੍ਰਚਾਰ ਸਭਾ ‘ਚ ਸ਼ਾਮਲ ਹੋ ਕੇ ‘ਕਮਿਊਨਿਸਟ ਮੈਨੀਫੈਸਟੋ’ ਲਿਖਣ ‘ਚ ਰੁਝ ਗਿਆ।

1848 ਵਿਚ ਮਾਰਕਸ ਤੇ ਏਂਗਲਜ ਵੱਲੋਂ ‘ਕਮਿਊਨਿਸਟ ਮੈਨੀਫੈਸਟੋ’ ਦੇ ਰੂਪ ਵਿਚ ਕ੍ਰਾਂਤੀ ਦੀ ਜੁਬਾਨ ‘ਚ ਇਕ ਨਵਾਂ ਸੰਸਾਰ ਸੰਕਲਪ ਕਲਮਬੱਧ ਕੀਤਾ ਗਿਆ।ਇਸ ਵਿਚ ਉਸਨੇ ਵਿਕਾਸ ਦੀ ਸਭ ਤੋਂ ਅਗਾਂਹਵਧੂ ਵਿਚਾਰਧਾਰਾ ਵਜੋਂ ਦਵੰਦਵਾਦ, ਸ਼ੇ੍ਰਣੀ ਘੋਲ ਦਾ ਸਿਧਾਂਤ ਤੇ ਪ੍ਰੋਲੇਤਾਰੀ ਅਤੇ ਨਵੇਂ ਕਮਿਊਨਿਸਟ ਸਮਾਜ ਦਾ ਖਾਕਾ ਪੇਸ ਕੀਤਾ।ਦੁਨੀਆਂ ਭਰ ਦੇ ਮਿਹਨਤਕਸ਼ਾਂ ਲਈ ਮੁਕਤੀ ਦਾ ਇਹ ਇਕ ਮਜ਼ਬੂਤ ਦਸਤਾਵੇਜ ਹੈ।ਇਸਦੇ ਮੁੱਢਲੇ ਸ਼ਬਦ ਸ਼ਕਤੀਸ਼ਾਲੀ ਗਰਜਨਾਂ ਨਾਲ ਸ਼ੁਰੂ ਹੁੰਦੇ ਹਨ “ਯੂਰਪ ਨੂੰ ਇਕ ਪ੍ਰੇਤ ਡਰਾ ਰਿਹਾ ਹੈ-ਉਹ ਹੈ ਕਮਿਊਨਿਯਮ ਦਾ ਪ੍ਰੇਤ।ਇਸ ਪ੍ਰੇਤ ਨੂੰ ਭਜਾਉਣ ਲਈ ਪੋਪ ਅਤੇ ਜ਼ਾਰ, ਮੈਟਰਨਿਖ ਅਤੇ ਗੀਜ਼ੋ, ਫਰਾਂਸਿਸੀ ਅੱਤਵਾਦੀ ਅਤੇ ਜਰਮਨ ਖੁਫੀਆ ਪੁਲਿਸ ਅਤੇ ਬੁੱੱਢੇ ਯੂਰਪ ਦੀਆਂ ਸਾਰੀਆਂ ਤਾਕਤਾਂ ਨੇ “ਪਵਿੱਤਰ’ ਗੱਠਜੋੜ ਬਣਾ ਲਿਆ ਹੈ।” ਅਖੀਰ ਵਿਚ ਮੈਨੀਫੈਸਟੋ ਇਨ੍ਹਾਂ ਸ਼ਬਦਾਂ ਵਿਚ ਮਜ਼ਦੂਰ ਇਨਕਲਾਬ ਦਾ ਖੁਲ੍ਹਾ ਤਾਕਤਵਾਰ, ਪ੍ਰਤਿਭਾਸ਼ਾਲੀ ਅਤੇ ਮਾਣ ਭਰਪੂਰ ਸੱਦਾ ਦਿੰਦਾ ਹੈ:-“ਕਮਿਊਨਿਸਟ ਇਨਕਲਾਬ ਦੇ ਡਰ ਨਾਲ ਹਾਕਮ ਜਮਾਤਾਂ ਨੂੰ ਕੰਬਣ ਦਿਉ।ਮਜ਼ਦੂਰ ਕੋਲ ਗਵਾਉਣ ਲਈ ਆਪਣੀਆਂ ਜੰਜੀਰਾਂ ਤੋਂ ਬਿਨਾਂ ਕੁਝ ਨਹੀਂ ਹੈ।ਜਿੱਤਣ ਲਈ ਉਹਨਾਂ ਸਾਹਮਣੇ ਸਾਰਾ ਸੰਸਾਰ ਹੈ।ਸੰਸਾਰ ਭਰ ਦੇ ਮਜ਼ਦੂਰੋ ਇਕ ਹੋ ਜਾਉ!” ਦੁਨੀਆਂ ‘ਚ ਉਥਲ-ਪੁਥਲ ਲਿਆਉਣ ਵਾਸਤੇ ਅੱਜ ਤੱਕ ‘ਕਮਿਊਨਿਸਟ ਮੈਨੀਫੈਸਟੋ’ ਤੋਂ ਪ੍ਰਭਾਵਸ਼ਾਲੀ ਹੋਰ ਕੋਈ ਦਸਤਾਵੇਜ਼ ਨਹੀਂ ਲਿਖਿਆ ਗਿਆ।ਮੈਨੀਫੈਸਟੋ ਦੇ ਛਪਦਿਆਂ ਹੀ ਮਾਰਕਸ ਨੂੰ 24 ਘੰਟੇ ਦੇ ਅੰਦਰ ਬਰਸੱਲਜ ਛੱਡ ਜਾਣ ਵਾਸਤੇ ਹਕੂਮਤੀ ਹੁਕਮ ਜਾਰੀ ਕੀਤਾ ਗਿਆ।ਇਥੋਂ ਮਾਰਕਸ ਪੈਰਿਸ ਤੇ ਫਿਰ ਪੈਰਿਸ ਤੋਂ ਹੁੰਦਾ ਹੋਇਆ ਕਲੋਨ ਚਲਾ ਗਿਆ ਅਤੇ ਉਥੋਂ ਦੇ ਇਨਕਲਾਬੀਆਂ ਨਾਲ ਆਪਣਾ ਸੰਪਰਕ ਕਾਇਮ ਕਰਕੇ ਅਗਲੇ ਇਤਿਹਾਸਕ ਮਿਸ਼ਨ ‘ਚ ਰੁਝ ਗਿਆ।

ਆਰਥਿਕ ਤੌਰ ਤੇ ਮਾਰਕਸ ਤੇ ਉਸਦੇ ਪਰਿਵਾਰ ਲਈ ਇਹ ਸਮਾਂ ਘੋਰ ਗਰੀਬੀ ਤੇ ਕੰਗਾਲੀ ਵਾਲਾ ਰਿਹਾ।ਇਕ ਵਾਰ ਫਿਰ ਉਸਨੇ 1850 ਵਿਚ ਪੇਪਰ ‘ਨੋਏ ਰਾਈਨੁਸ਼ ਜਾਈਟੁੰਗ’ ਕੱਢਣਾ ਸ਼ੁਰੂ ਕੀਤਾ।ਉਸਦਾ ਨਿਵਾਸ ਸਥਾਨ ਲੰਡਨ ਦੀ ਸਭ ਤੋਂ ਗੰਦੀ ਤੇ ਸਸਤੀ ਬਸਤੀ ਸੀ।ਉਸਨੂੰ ਘਰ ਦਾ ਕੀਮਤੀ ਸਮਾਨ ਤੇ ਆਪਣੀ ਲਾਈਬ੍ਰੇਰੀ ਤੱਕ ਵੇਚਣੀ ਪਈ।ਮਾਲਕ ਵੱਲੋਂ ਘਰ ਦਾ ਸਾਰਾ ਸਮਾਨ ਤੇ ਵਿਲਕਦੇ ਬੱਚਿਆਂ ਦੇ ਖਿਡੌਣੇ ਤੱਕ ਜਬਤ ਕਰ ਲਏ ਗਏ।ਇਕ ਥਾਂ ਮਾਰਕਸ ਦੀ ਪਤਨੀ ਜੈਨੀ ਲਿਖਦੀ ਹੈ ਕਿ ਖਾਣਾ ਨਾ ਮਿਲਣ ਕਾਰਨ ਉਸਦੀਆਂ ਛਾਤੀਆਂ ਚੋਂ ਦੁੱਧ ਮੁਕ ਗਿਆ।ਬੱਚੇ ਦੁਆਰਾ ਰੰਜ ਕਰਨ ਤੇ ਸੁੱਕੀਆਂ ਛਾਤੀਆਂ ਵਿਚੋਂ ਅਕਸਰ ਖੂਨ ਦੀਆਂ ਬੂੰਦਾਂ ਦੁੱਧ ਚੁੰਘਣ ਵੇਲੇ ਉਸਦੇ ਮੂੰਹ ਵਿਚ ਚਲੀਆਂ ਜਾਂਦੀਆਂ।ਇਸ ਭਿਆਨਕ ਗਰੀਬੀ ਤੇ ਬਿਮਾਰੀ ਨੇ ਮਾਰਕਸ ਦੇ ਤਿੰਨ ਬੱਚਿਆਂ ਦੀ ਜਾਨ ਲੈ ਲਈ।ਇਸ ਘੋਰ ਗੁਰਬਤ ਵਾਲੀ ਹਾਲਤ ਵਿਚ ਮਾਰਕਸ ਦੀ ਪਤਨੀ ਜੈਨੀ ਤੇ ਅਜ਼ੀਜ ਮਿੱਤਰ ਏਂਗਲਜ ਦਾ ਹਰ ਪੱਖੋਂ  ਸਹਿਯੋਗ ਮਿਸਾਲੀ ਤੇ ਨਾ-ਭੁਲਾਉਣਯੋਗ ਹੈ।ਮਾਰਕਸ, ਏਂਗਲਜ ਨੂੰ ਇਕ ਚਿੱਠੀ ਰਾਹੀਂ ਆਪਣੀ ਮਾੜੀ ਮਾਇਕ ਹਾਲਤ ਬਾਰੇ ਲਿਖਦਾ ਹੈ ਕਿ “ਮੇਰਾ ਖਿਆਲ ਨਹੀਂ, ਕਿਸੇ ਨੇ ‘ਮੁਦਰਾ’ ਬਾਰੇ ਲਿਖਿਆ ਹੋਵੇ ਤੇ ਖੁਦ ਜੇਬ ਤੋਂ ਖਾਲੀ ਹੋਵੇ।ਜਿੰਨ੍ਹਾਂ ਚਿੰਤਕਾਂ ਨੇ ਇਸ ਆਰਥਿਕ ਵਿਸ਼ੇ ਬਾਰੇ ਖੋਜ ਕੀਤੀ ਹੈ, ਉਹਨਾਂ ਦਾ ‘ਮੁਦਰਾ’ ਨਾਲ ਅਟੁੱਟ ਤੇ ਗਹਿਰਾ ਸਬੰਧ ਰਿਹਾ ਹੈ।” ਮਾਰਕਸ ਇਸ ਅਤਿ ਮਾੜੇ ਦੌਰ ਅੰਦਰ ਵੀ ਆਪਣੇ ਉਦੇਸ਼ ਨੂੰ ਨਹੀਂ ਭੁਲਿਆ।ਉਸਨੇ 1859 ਵਿਚ ਇਕ ਮਿੱਤਰ ਨੂੰ ਮਿਲਦਿਆਂ ਕਿਹਾ ਕਿ “ਉਹ ਬੁਰਜੂਆ ਸਮਾਜ ਦੇ ਦਬਾਊ ਹੇਠ ਕਦੇ ਵੀ “ਪੈਸਾ ਕਮਾਊ ਮਸ਼ੀਨ” ਬਣਨਾ ਗਵਾਰਾ ਨਹੀਂ ਕਰੇਗਾ।”

ਗਲਤ ਵਿਚਾਰਾਂ ਤੇ ਰੁਝਾਨਾਂ ਦਾ ਖੰਡਨ ਨਾ ਕਰਨਾ ਮਾਨਸਿਕ ਅਚਾਰਹੀਣਤਾ ਹੁੰਦੀ ਹੈ ਜਿਸਦਾ ਹਰਜਾ ਪ੍ਰੋਲੇਤਾਰੀ ਲਹਿਰ ਨੂੰ ਝੱਲਣਾ ਪੈਂਦਾ ਹੈ।1864 ਵਿਚ ‘ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ’ ਤੇ ‘ਪਹਿਲੀ ਪ੍ਰਸਿੱਧ ਇੰਟਰਨੈਸ਼ਨਲ’ ਦੀ ਜਿੰਦ ਜਾਨ ਮਾਰਕਸ ਔਖੀਆਂ ਹਾਲਤਾਂ ਵਿਚ ਵੀ ਸਦਾ  ਨਿਕ ਬੁਰਜੂਆ ਸ਼ੋਸ਼ਲਿਜ਼ਮ ਤੇ ਗੈਰ ਪ੍ਰੋਲੇਤਾਰੀ ਸ਼ੋਸ਼ਲਿਜ਼ਮ ਦੇ ਪ੍ਰਚਲਤ ਗਲਤ ਸਿਧਾਂਤਾਂ ਤੇ ਰੁਝਾਨਾਂ ਵਿਰੁੱਧ ਬੇਕਿਰਕ ਸੰਘਰਸ਼ ਕਰਦਾ ਰਿਹਾ।

ਦਾਸ ਕੈਪੀਟਲ ਮਾਰਕਸ ਦੀ ਸਭ ਤੋਂ ਉੱਤਮ ਰਚਨਾ ਹੈ।ਦਾਸ ਕੈਪੀਟਲ ਦੀ ਰਚਨਾ ਉਹਨਾਂ ਦਿਨਾਂ ਵਿਚ ਹੋਈ, ਜਦੋਂ ਮਾਰਕਸ ਗਰੀਬੀ, ਤੰਗਦਸਤੀ, ਸਰੀਰਕ ਬਿਮਾਰੀਆਂ, ਘਰੇਲੂ ਪਰੇਸ਼ਾਨੀਆਂ ਤੇ ਔਲਾਦ ਦੀ ਜੁਦਾਈ ਦੇ ਅੱਲੇ ਜਖ਼ਮਾਂ ਦਾ ਦਿਨ ਰਾਤ ਸਾਹਮਣਾ ਕਰ ਰਿਹਾ ਸੀ।ਵਿਤੋਂ ਵੱਧ ਮਿਹਨਤ, ਖਰਾਬ ਤੇ ਘੱਟ ਖੁਰਾਕ ਕਾਰਨ ਉਹ ਪਹਿਲਾਂ 1863 ਵਿਚ ਤੇ ਫਿਰ 1866 ਵਿਚ ਬਿਮਾਰ ਪੈ ਗਿਆ।‘ਸਰਮਾਇਆ’ ਜਿਹੜੀ 1851 ਵਿਚ ਮੁਕੰਮਲ ਹੋ ਜਾਣੀ ਚਾਹੀਦੀ ਸੀ ਉਸਦੀ ਪਹਿਲੀ ਜਿਲਦ ਜਰਮਨ ਭਾਸ਼ਾ ‘ਚ 1867 ਵਿਚ ਪੂਰੀ ਹੋਈ।ਇਸ ਕਿਤਾਬ ਨੂੰ ਮਜ਼ਦੂਰ ‘ਜਮਾਤ ਦੀ ਬਾਈਬਲ’ ਕਿਹਾ ਜਾਂਦਾ ਹੈ।ਸਰਮਾਇਆ ਰਾਜਨੀਤਿਕ ਆਰਥਿਕਤਾ ਵਿਚ ਇਕ ਇਨਕਲਾਬ ਹੈ।ਇਸ ਪੁਸਤਕ ਦੀ ਤਿਆਰੀ ਲਈ ਵੀਹ ਸਾਲ ਤੋਂ ਵੱਧ ਦਾ ਸਮਾਂ ਲੱਗਿਆ।ਇਸਦੀ ਰਚਨਾ ਤੋਂ ਪਹਿਲਾਂ ਮਾਰਕਸ ਨੇ ਕਈ ਉੱਘੇ ਲੇਖਕਾਂ ਦੀਆਂ ਕਿਰਤਾਂ ਦਾ ਡੂੰਘਾ ਅਧਿਐਨ ਕੀਤਾ ਜਿਨ੍ਹਾਂ ‘ਚ ਐਡਮ ਸਮਿੱਥ, ਰਿਕਾਰਡੋ, ਮਿੱਲ, ਟਾਮਸਨ, ਹੀਗਲ, ਫਿਊਰਬਾਖ਼, ਸੀਨੀਅਰ, ਓਵਨ, ਕੁਐਜਨੇ, ਆਦਿ ਵਿਦਵਾਨ ਸ਼ਾਮਲ ਸਨ।ਮਾਰਕਸ ਨੇ ਪੈਰਿਸ, ਬਰੱਸਲਜ, ਲੰਡਨ, ਕਲੋਨ ਤੇ ਮਾਨਚੈਸਟਰ ‘ਚ ਜਲਾਵਤਨੀਆਂ ਦੌਰਾਨ ਵੀ ਅਧਿਐਨ ਦਾ ਪੱਲਾ ਘੁੱਟਕੇ ਫੜੀ ਰੱਖਿਆ।

ਮਾਰਕਸ ਦੀ ਕਿਤਾਬ ‘ਸਰਮਾਇਆ’ ਨੂੰ ਸਰਮਾਏਦਾਰ ਜਮਾਤ ਦੇ ਸਿਰ ਵਿਚ ਠੋਕਿਆ ਗਿਆ ਸਭ ਤੋਂ ਖਤਰਨਾਕ ਅਸ਼ਤਰ ਆਖਿਆ ਗਿਆ।ਇਸੇ ਲਈ ਨਵੇਂ-ਨਰੋਏ ਸਮਾਜ ਦੇ ਮੁਦੱਈ ਇਸਦੇ ਅਧਿਐਨ ਤੋਂ ਬਿਨਾਂ ਸ਼ੋਸ਼ਲਿਜਮ ਲਈ ਸੁਚੇਤ ਤੇ ਈਮਾਨਦਾਰ ਘੁਲਾਟੀਏ ਨਹੀਂ ਅਖਵਾ ਸਕਦੇ।ਇਹ ਇਕ ਵਿਗਿਆਨਕ ਪੁਸਤਕ ਦੇ ਨਾਲ-ਨਾਲ ਇਨਕਲਾਬੀ ਜਨਤਕ ਮਜ਼ਦੂਰ ਲਹਿਰ ਦਾ ਸਿਧਾਂਤਕ ਹਥਿਆਰ ਤੇ ਕਲਾਤਮਕ ਕਿਰਤ ਵੀ ਹੈ।ਏਂਗਲਜ ਅਨੁਸਾਰ “ਜਦ ਤੋਂ ਧਰਤੀ ਉਪਰ ਸਰਮਾਏਦਾਰ ਤੇ ਮਜ਼ਦੂਰ ਚੱਲੇ ਆਏ ਹਨ, ਕੋਈ ਵੀ ਹੋਰ ਪੁਸਤਕ ਨਹੀਂ ਛਪੀ ਜੋ ਮਜ਼ਦੂਰਾਂ ਲਈ ਇਸ ਪੁਸਤਕ ਤੋਂ ਵਧੇਰੇ ਮਹੱਤਵ ਰੱਖਦੀ ਹੋਵੇ” ਮਾਰਕਸ ਨੇ ਸਿੱਧ ਕੀਤਾ ਕਿ ਮਨੁੱਖੀ ਇਤਿਹਾਸ ਸ਼੍ਰੇਣੀ ਘੋਲ ਦਾ ਇਤਿਹਾਸ ਹੈ।ਇਕ ਜਮਾਤ ਦੀ ਜਿੱਤ ਦੂਜੀ ਜਮਾਤ ਦੀ ਹਾਰ ਤੇ ਟਿਕੀ ਹੋਈ ਹੈ।ਪ੍ਰੋਲੇਤਾਰੀ ਤੇ ਪੂੰਜੀਵਾਦੀ ਜਮਾਤ ਵਿਚਕਾਰ ਯੁੱਧ ਤੇ ਪ੍ਰੋਲੇਤਾਰੀ ਦੀ ਜਿੱਤ ਨਿਸ਼ਚਿਤ ਹੈ।ਭਵਿੱਖ ਦੀ ਇਤਿਹਾਸਕ ਜਮਾਤ ਪ੍ਰੋਲੇਤਾਰੀ ਹੈ।ਸਹੀ ਲੀਹ, ਪਾਰਟੀ, ਹੌਂਸਲੇ ਤੇ ਕੁਰਬਾਨੀ ਨਾਲ ਸਫਲਤਾ ਦੇ ਦਿਨ ਨੇੜੇ ਆ ਸਕਦੇ ਹਨ।

ਉਮਰ ਦੇ ਆਖਰੀ  ਪੜਾਅ ਤੇ ਮਾਰਕਸ ਨੂੰ ਆਪਣੀ ਪਿਆਰੀ ਪਤਨੀ ਤੇ ਬੱਚਿਆਂ ਦੀ ਮੌਤ ਦਾ ਬੜਾ ਸਦਮਾ ਸੀ।14 ਮਾਰਚ 1883 ਨੂੰ ਉਹ ਮਹਾਨ ਮਨੁੱਖ ਆਪਣੀ ਅਰਾਮ ਕੁਰਸੀ ਤੇ ਸਦਾ ਦੀ ਨੀਂਦ ਸੌਂ ਗਿਆ।ਉਸਨੂੰ ਆਪਣੀ ਪਤਨੀ ਦੀ ਕਬਰ ਦੇ ਨੇੜੇ ਲੰਦਨ ਦੇ ਹਾਈਗੇਟ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ।ਉਸਦੇ ਪਿਆਰੇ ਮਿੱਤਰ ਏਂਗਲਜ ਨੇ ਮਾਰਕਸ ਦੀ ਕਬਰ ਕੰਢੇ ਤਕਰੀਰ  ਕੀਤੀ “14 ਮਾਰਚ ਦੀ ਸ਼ਾਮ ਨੂੰ ਪੌਣੇ ਤਿੰਨ ਵਜੇ ਉਸ ਮਹਾਨ ਚਿੰਤਕ ਦੀ ਸੋਚਣ ਸ਼ਕਤੀ ਬੰਦ ਹੋ ਗਈ।ਉਸਨੂੰ ਅਸੀਂ ਦੋ ਮਿੰਟ ਤੋਂ ਵੀ ਘੱਟ ਸਮੇਂ ਲਈ ਛੱਡਕੇ ਗਏ ਸਾਂ ਤਾਂ ਜਦੋਂ ਵਾਪਸ ਆਏ, ਉਹ ਆਪਣੀ ਕੁਰਸੀ ਤੇ ਸ਼ਾਂਤੀ ਦੀ ਨੀਂਦ ਸੁੱਤਾ ਹੋਇਆ ਸੀ, ਹਮੇਸ਼ਾਂ ਲਈ।ਯੂਰਪ ਅਤੇ ਅਮਰੀਕਾ ਦੀ ਕਿਰਤੀ ਜਮਾਤ ਨੂੰ ਅਤੇ ਇਤਿਹਾਸਕ ਵਿਗਿਆਨ ਨੂੰ ਜਿੰਨ੍ਹਾਂ ਉਸਦੇ ਜਾਣ ਨਾਲ ਨੁਕਸਾਨ ਹੋਇਆ ਹੈ ਉਸਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ।… ਮੈਂ ਇਸ ਗੱਲ ਨੂੰ ਜੋਰਦਾਰ ਲਹਿਜੇ ਵਿਚ ਕਹਿਣਾ ਚਾਹੁੰਦਾਂ ਹਾਂ ਕਿ ਉਸਦੇ ਵਿਰੋਧੀ ਕਈ ਸਨ ਪਰ ਉਸਦਾ ਜਾਤੀ ਦੁਸ਼ਮਣ ਸ਼ਾਇਦ ਹੀ ਕੋਈ ਸੀ।ਉਸਦਾ ਨਾਂ ਸਦੀਆਂ ਤਾਈਂ ਜਿੰਦਾ ਰਹੇਗਾ, ਨਾਲੇ ਉਸਦਾ ਕੀਤਾ ਹੋਇਆ ਕੰਮ।”

ਇਸ ਤਰ੍ਹਾਂ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਅੱਜ ਦੁਨੀਆਂ ਭਰ ਵਿਚ ਉਸ ਯੁੱਗ ਪੁਰਸ਼ ਦੀ ਸ਼ਖਸ਼ੀਅਤ ਤੇ ਉਸਦੀ ਵਿਚਾਰਧਾਰਾ ਨੂੰ ਜਾਣਿਆ ਜਾਂਦਾ ਹੈ।

                                             ਸੰਪਰਕ : 98764-42052

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ