Tue, 12 November 2024
Your Visitor Number :-   7244775
SuhisaverSuhisaver Suhisaver

ਅਸੀਂ ਕਿੱਥੇ ਛੱਡ ਆਏ ਖੀਰਾਂ ਤੇ ਮਿੱਠੇ ਪੂੜੇ! - ਰਵਿੰਦਰ ਸ਼ਰਮਾ

Posted on:- 23-08-2016

suhisaver

 ਜੇਠ ਹਾੜ ਦੀਆਂ ਕਰੜੀਆਂ ਧੁੱਪਾਂ ਤੋਂ ਸੜਦੇ-ਬਲਦੇ ਲੋਕਾਂ ਲਈ ਸਾਉਣ ਮਾਹੀਨਾ ਰਾਹਤ ਲੈ ਕੇ ਆਉਂਦਾ ਹੈ। ਸਾਉਣ ਮਹੀਨਾ ਸ਼ੁਰੂ ਹੁੰਦਿਆਂ ਹੀ ਰੰਗਲੇ ਪੰਜਾਬ ਦੀ ਧਰਤੀ ਹਰਿਆਲੀ ਨਾਲ ਸ਼ਿੰਗਾਰੀ ਜਾਂਦੀ ਹੈ। ਬਰਸਾਤੀ ਮੌਸਮ ਠੰਢੀਆਂ ਫਹਾਰਾਂ ਲੈ ਕੇ ਆਉਂਦਾ ਹੈ। ਫ਼ਸਲਾਂ, ਬਨਸਪਤੀ, ਪਸ਼ੂ-ਪੰਸ਼ੀ ਵੀ ਗਰਮੀ ਦੇ ਸਾੜੇ ਤੋਂ ਬਾਅਦ ਕੁਝ ਸਮੇਂ ਲਈ ਰਾਹਤ ਪਾਉਂਦੇ ਹਨ। ਕੁਦਰਤ ਦੀ ਇਸ ਮਸਤੀ ਭਰੀ ਤੇ ਰੰਗ-ਬਿਰੰਗੀ ਬਖਸ਼ਿਸ਼ ਦੇ ਸ਼ੁਕਰਾਨੇ ਵਜੋਂ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਕੋਈ ਸਮਾਂ ਸੀ ਜਦੋਂ ਮੀਂਹ ਪੈਣ ਦੀ ਖੁਸ਼ੀ ’ਚ ਮਿੱਠੇ ਪੂੜੇ ਲੋਕ ਬੜੇ ਚਾਈਂ-ਚਾਈਂ ਖਾਂਦੇ ਸਨ। ਉਦੋਂ ਲੋਕ ਉੱਦਮੀ ਤੇ ਹੱਥੀਂ ਕਿਰਤ ਕਰਨ ਵਾਲੇ ਹੁੰਦੇ ਸਨ। ਲੋਕ ਬਲਦਾਂ ਤੇ ਊਠਾਂ ਨਾਲ ਹਲ੍ਹ ਵਾਹੁੰਦੇ ਸਨ ਇਸ ਲਈ ਖੁਰਾਕਾਂ ਵੀ ਬਹੁਤ ਹੁੰਦੀਆਂ ਸਨ।

ਉਂਝ ਤਾਂ ਦੁੱਧ-ਘਿਓ ਆਮ ਹੋਣ ਕਾਰਨ ਇਹੀ ਸਭ ਤੋਂ ਵੱਡੀ ਖੁਰਾਕ ਸੀ ਪਰ ਗਰਮੀ ਦੇ ਮਹੀਨਿਆਂ ’ਚ ਤਾਕਤ ਵਾਲੀਆਂ ਖੁਰਾਕੀ ਵਸਤੂਆਂ ਜ਼ਿਆਦਾ ਨਹੀਂ ਖਾਧੀਆਂ ਜਾਂਦੀਆਂ ਸਨ ਇਸ ਲਈ ਬਰਸਾਤੀ ਮੌਸਮ ਦੀ ਉਡੀਕ ਕੀਤੀ ਜਾਂਦੀ ਸੀ। ਬਜ਼ੁਰਗ ਦੱਸਦੇ ਹਨ ਪੂੜਿਆਂ ਦੇ ਬਹਾਨੇ ਉਦੋਂ ਤਾਕਤ ਲਈ ਗੁੜ ਕਾਫ਼ੀ ਖਾਧਾ ਜਾਂਦਾ ਸੀ।

ਬਰਸਾਤਾਂ ਸ਼ੁਰੂ ਹੁੰਦਿਆਂ ਹੀ ਖੀਰਾਂ ਤੇ ਪੂੜਿਆਂ ਦਾ ਜਿਵੇਂ ਸਭ ਨੂੰ ਚਾਅ ਹੀ ਚੜ੍ਹ ਜਾਂਦਾ ਸੀ। ਸੁਆਣੀਆਂ ਆਪਣੇ ਘਰ ਦੇ ਕਮਾਊ ਪੁਰਸ਼ਾਂ ਤੇ ਆਪਣੀ ਔਲਾਦ ਨੂੰ ਖੁਰਾਕ ਖੁਆਉਣ ਦਾ ਇਹ ਵਧੀਆ ਮੌਕਾ ਸਮਝਦੀਆਂ ਸਨ। ਚੰਗੇ ਸਰਦੇ-ਪੁੱਜਦੇ ਘਰਾਂ ਦਾ ਤਾਂ ਸਾਰਾ ਸਾਉਣ ਮਹੀਨਾ ਹੀ ਖੀਰ-ਪੂੜਿਆਂ ’ਚ ਲੰਘਦਾ ਸੀ। ਬਹੁਤੀਆਂ ਜ਼ਮੀਨਾਂ ਬਰਾਨੀ ਹੋਣ ਕਾਰਨ ਫ਼ਸਲਾਂ ਬਰਸਾਤਾਂ ’ਤੇ ਹੀ ਨਿਰਭਰ ਹੁੰਦੀਆਂ ਸਨ। ਆਰਥਿਕ ਪੱਖੋਂ ਕਮਜ਼ੋਰ ਘਰਾਂ ਦੀਆਂ ਸੁਆਣੀਆਂ ਤਾਂ ਵਿਓਂਤਾਂ ਬਣਾਉਂਦੀਆਂ ਹੀ ਰਹਿ ਜਾਂਦੀਆਂ ਤੇ ਸਾਉਣ ਮਹੀਨਾ ਬਿਨਾ ਮਿੱਠੇ ਪੂੜਿਆਂ ਤੋਂ ਹੀ ਲੰਘ ਜਾਂਦਾ। ਜਿਵੇਂ ਇਹ ਸਤਰਾਂ ਬਿਆਨ ਕਰਦੀਆਂ ਨੇ:

ਹੋਵੇ ਤੇਲ ਪਕਾਈਏ ਪੂੜੇ,
ਆਟਾ ਗੁਆਂਢੀਆਂ ਤੋਂ ਮੰਗ ਲਿਆਈਏ,
ਮਾਰੀ ਗੁੜ ਨੇ...

ਇਸੇ ਤਰ੍ਹਾਂ ਸਾਉਣ ਮਹੀਨੇ ਜਦੋਂ ਕੋਈ ਪਰਾਹੁਣਾ ਘਰ ਆਉਂਦਾ ਤਾਂ ਉਸ ਦੀ ਸੇਵਾ ’ਚ ਮਿੱਠੇ ਪੂੜੇ ਤੇ ਖੀਰ ਬਣਾਈ ਜਾਂਦੀ ਤਾਂ ਇਹ ਸੇਵਾ ਬਰਾਦਰੀ ਦੀ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਸੀ। ਇਸ ’ਤੇ ਵੀ ਇੱਕ ਕਹਾਵਤ ਬੜੀ ਮਸ਼ਹੂਰ ਹੈ:

ਆਏ ਭਾਬੋ ਦੇ ਸਕੇ,
ਘਰ ਖੀਰ ਪੂੜੇ ਪੱਕੇ
ਆਇਆ ਭਾਈਏ ਦਾ ਕੋਈ,
ਭਾਬੋ ਸੁੱਜ ਭੜੋਲਾ ਹੋਈ।
ਇਸ ਤਰ੍ਹਾਂ ਮਿੱਠੀਆਂ-ਕੌੜੀਆਂ ਕੁਝ ਅਖੌਤਾਂ ਤੇ ਟੋਟਕਿਆਂ ਨਾਲ ਘਰ ਵਿੱਚ ਮਜਾਕੀਆ ਮਾਹੌਲ ਬਣਿਆ ਰਹਿੰਦਾ ਸੀ।

ਮਿੱਠੇ ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲਿਆ ਜਾਂਦਾ। ਫਿਰ ਉਸ ਵਿੱਚ ਕਣਕ ਦਾ ਆਟਾ ਪਾ ਕੇ ਘੋਲ ਬਣਾ ਲੈਂਦੇ। ਤੂਤ ਦੀ ਛਟੀ ਦੇ ਉਂਗਲ ਜਿੰਨੇ ਮੋਟੇ ਡੱਕੇ ਦੇ ਇਕ ਸਿਰੇ ’ਤੇ ਕੱਪੜੇ ਦੀ ਥੋੜ੍ਹੀ ਜਿਹੀ ਲੀਰ ਵਲ੍ਹੇਟ ਦਿੱਤੀ ਜਾਂਦੀ ਇਸ ਲੀਰ ਲੱਗੇ ਡੱਕੇ ਨਾਲ ਪੂੜੇ ਬਣਾਉਣ ਸਮੇਂ ਤੇਲ ਤਵੇ ਉਤੇ ਲਾਇਆ ਜਾਂਦਾ। ਤਵੇ ਉੱਤੇ ਗੁੜ ਅਤੇ ਆਟੇ ਦੇ ਘੋਲ ਨੂੰ ਫੈਲਾਉਣ ਲਈ ਆਮ ਤੌਰ ’ਤੇ ਪਿੱਪਲ ਦਾ ਪੱਤਾ ਦੂਹਰਾ ਕਰਕੇ ਵਰਤਿਆ ਜਾਂਦਾ। ਇਕ ਬਾਟੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ। ਡੱਕੇ ਨਾਲ ਤਵੇ ਉਤੇ ਤੇਲ ਲਾ ਦਿੱਤਾ ਜਾਂਦਾ। ਆਟੇ ਦੇ ਬਣੇ ਘੋਲ ਵਿੱਚੋਂ ਕੌਲੀ ਨਾਲ ਪੂੜਾ ਬਣਾਉਣ ਜਿੰਨਾ ਘੋਲ ਤਵੇ ਉਤੇ ਪਾ ਕੇ ਪਿੱਪਲ ਦੇ ਪੱਤੇ ਨਾਲ ਘੋਲ ਨੂੰ ਫੈਲਾ ਕੇ ਪੂੜੇ ਦਾ ਰੂਪ ਦੇ ਦਿੱਤਾ ਜਾਂਦਾ। ਪੂੜੇ ਦਾ ਸਾਈਜ਼ ਆਮ ਤੌਰ ਤੇ 8/9 ਕੁ ਇੰਚ ਗੋਲ ਅਕਾਰ ਦਾ ਬਣ ਜਾਂਦਾ। ਪੂੜੇ ਦੇ ਆਲੇ-ਦੁਆਲੇ ਤੇ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ। ਜਦ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਤਾਂ ਪੂੜੇ ਨੂੰ ਖੁਰਚਣੇ ਨਾਲ ਚੱਕ ਕੇ ਹੇਠਲਾ ਪਾਸਾ ਉੱਪਰ ਕਰ ਦਿੱਤਾ ਜਾਂਦਾ। ਪੂੜੇ ਦੇ ਆਲੇ ਦੁਆਲੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ। ਪੱਕਿਆ ਪੂੜਾ ਤਵੇ ਤੋਂ ਲਾਹ ਲਿਆ ਜਾਂਦਾ। ਇੰਝ ਪੂੜੇ ਬਣਦੇ ਤੇ ਮਿੱਠੀ ਖੀਰ ਨਾਲ ਬੜੇ ਸੁਆਦਾਂ ਨਾਲ ਖਾਧੇ ਜਾਂਦੇ ਸਨ।

ਹੁਣ ਮਹਿੰਗਾਈ ਤੇ ਕਰਜ਼ੇ ਦੀ ਮਾਰ ਨੇ ਸਭ ਸੁਆਦ ਫਿੱਕੇ ਕਰ ਦਿੱਤੇ। ਉੱਧਰੋਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕਰਕੇ ਮੌਸਮ ਦੇ ਮਿਜਾਜ ਨੂੰ ਵੀ ਆਪ ਹੀ ਵਿਗਾੜ ਲਿਆ ਹੈ। ਹੁਣ ਬਰਸਾਤ ਦੀ ਉਡੀਕ ਤਾਂ ਕੀਤੀ ਜਾਂਦੀ ਹੈ ਪਰ ਬੇਮੌਸਮੀ ਬਰਸਾਤ ਦੁਸ਼ਮਣ ਬਣ ਕਰੋਪ ਹੋ ਕੇ ਵਰ੍ਹਦੀ ਹੈ ਤੇ ਫ਼ਸਲਾਂ ਦੀ ਮਿੱਤਰ ਮੰਨੀ ਜਾਂਦੀ ਬਰਸਾਤ ਫ਼ਸਲਾਂ ਦਾ ਨੁਕਸਾਨ ਕਰ ਜਾਂਦੀ ਹੈ। ਹੁਣ ਤਾਂ ਪੂੜੇ ਬਣਾਉਣ ਤੇ ਖਾਣ ਦੀ ਗੱਲ ਦੂਰ ਦੀ ਗੱਲ ਹੁੰਦੀ ਜਾ ਰਹੀ ਹੈ।

ਸੰਪਰਕ: +91 94683 34603

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ