Mon, 09 September 2024
Your Visitor Number :-   7220064
SuhisaverSuhisaver Suhisaver

ਵਰਤਮਾਨ ਦਾ ਅਨੰਦ ਮਾਣੋ -ਸੰਤੋਂਖ ਸਿੰਘ ਭਾਣਾ

Posted on:- 26-02-2015

suhisaver

ਇਸ ਧਰਤੀ ਉੱਪਰ ਇਨਸਾਨ ਸਭ ਤੋਂ ਸੋਚਵਾਨ ਜੀਵ ਹੈ।ਸੰਸਾਰ ਦੇ ਸਮਸਤ ਜੀਵਾਂ ਤੋਂ ਜ਼ਿਆਦਾ ਇਹੀ ਸੋਚਦਾ ਹੈ। ਕੁਝ ਲੋਕਾਂ ਦੀਆਂ ਸੋਚਾਂ ਸਾਰਥਿਕ ਅਤੇ ਤਰੱਕੀ ਸ਼ੀਲ ਹੁੰਦੀਆਂ ਹਨ ਅਤੇ ਕਈਆਂ ਦੀਆਂ ਢਹਿੰਦੀਆਂ ਕਲਾ ਵਾਲੀਆਂ।ਬਹੁਤੇ ਲੋਕੀ ਸੁਖਦ ਅਤੀਤ ਦੀ ਤੁਲਨਾ ਵਰਤਮਾਨ ਨਾਲ ਕਰਕੇ ਪਛਤਾਵਾਂ ਅਤੇ ਵਿਰਲਾਪ ਕਰਦੇ ਰਹਿੰਦੇ ਹਨ ਅਤੇ ਵਰਤਮਾਨ ਦੇ ਜਿਨ੍ਹਾਂ ਪਲਾਂ ਨੂੰ ਅਸੀ ਜੀ ਰਹੇ ਹੁੰਦੇ ਹਾਂ, ਉਹਦੀ ਪਰਵਾਹ ਨਾ ਕਰਕੇ ਭਵਿੱਖ ਦੇ ਉਨ੍ਹਾਂ ਪਲਾਂ ਪ੍ਰਤੀ ਚਿੰਤਤ ਹੋਏ ਰਹਿੰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਆਵੇਗਾ ਵੀ ਜਾਂ ਨਹੀਂ।

ਅਤੀਤ ਲੰਘ ਚੁੱਕਿਆ ਹੈ। ਉਹਦੇ ਬਾਰੇ ਸੋਚ ਵਿਚਾਰ ਅਤੇ ਪਛਤਾਵਾ ਕਿਉਂ? ਭਵਿੱਖ ਕੌਣ ਜਾਣਦਾ ਹੈ? ਫਿਰ ਉਸਨੂੰ ਸੰਵਾਰਨ ਦੀ ਚਿੰਤਾਂ ਕਿਉਂ? ਇਹ ਵਰਤਮਾਨ, ਜੋ ਭਵਿੱਖ ਬਣਨ ਜਾ ਰਿਹਾ ਹੈ,ਇਸ ਨੂੰ ਭਰਪੂਰ ਹੁਲਾਸ ਅਤੇ ਖੁਸ਼ੀਆਂ ਨਾਲ ਜੀਓ ਅਤੇ ਸੁੰਦਰ ਬਣਾਓ ਤਾਂ ਹੀ ਵਰਤਮਾਨ,ਸੁਖਦ ਅਤੀਤ ਬਣ ਸਕੇਗਾ ਅਤੇ ਭਵਿੱਖ ਉਜਲ ਹੋਵੇਗਾ।

ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ,ਤਿਵੇਂ ਤਿਵੇਂ ਹੀ ਕਈ ਲੋਕਾਂ ਦੇ ਮਨ`ਚ ਇਹ ਸ਼ੰਕਾ ਘਰ ਕਰਦੀ ਜਾਂਦੀ ਹੈ ਕਿ ਮੌਤ ਸਿਰ `ਤੇ ਆਣ ਖੜ੍ਹੀ ਹੈ।ਇਹ ਕਦੇ ਵੀ ਆ ਸਕਦੀ ਹੈ।ਇਸੇ ਸ਼ੰਕਾ ਦੇ ਕਾਰਨ ਉਨ੍ਹਾਂ ਦੇ ਹੱਥ ਪੈਰ ਢਿੱਲੇ ਪੈਣ ਲੱਗ ਪੈਂਦੇ ਹਨ।ਰਾਤ ਨੂੰ ਸੁੱਤਿਆਂ ਹੋਇਆ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਹੁਣ ਹਮੇਸ਼ਾਂ ਲਈ ਹੀ ਸੁੱਤੇ ਰਹਿ ਜਾਣਗੇ। ਰੋਜ਼ਾਨਾ ਦੀ ਇਸ ਪ੍ਰਕਾਰ ਦੀ ਸ਼ੰਕਾ ਉਨ੍ਹਾਂ ਦੀ ਸਾਰੀ ਮਾਨਸਿਕ ਅਤੇ ਸਰੀਰਕ ਸ਼ਕਤੀ ਨੂੰ ਨਿਰਬਲ ਕਰ ਦਿੰਦੀ ਹੈ।ਇਸ ਲਈ ਉਹ ਜੋ ਕੁਝ ਕਰ ਰਹੇ ਹੁੰਦੇ ਹਨ ਜਾਂ ਕਰਨਾ ਚਾਹੁੰਦੇ ਹਨ, ਉਸਨੂੰ ਪੂਰੀ ਫੁਰਤੀ ਅਤੇ ਉਤਸ਼ਾਹ ਨਾਲ ਕਰ ਨਹੀਂ ਸਕਦੇ।

ਸ਼ੰਕਾਵਾਂ ਦਾ ਘੇਰਾ ਹਮੇਸ਼ਾਂ ਖਤਰਨਾਕ ਹੁੰਦਾ ਹੈ।ਇਹ ਆਦਮੀ ਦੇ ਉੱਦਮ ਅਤੇ ਰਫਤਾਰ ਨੂੰ ਧੀਮਾ ਕਰ ਦਿੰਦਾ ਹੈ।ਹਮੇਸ਼ਾਂ ਬੇਅਰਥ ਜਿਹੀਆਂ ਗੱਲਾਂ ਸੋਚਦੇ ਰਹਿਣ ਨਾਲ ਕਦੇ-ਕਦੇ ਇਹ ਸੱਚ-ਮੁੱਚ ਹੀ ਵਾਪਰ ਜਾਂਦੀਆਂ ਹਨ਼।ਇਨਸਾਨ ਦੇ ਸਰੀਰ `ਤੇ ਵਿਚਾਰਾਂ ਦਾ ਪ੍ਰਭਾਵ ਲਾਜ਼ਮੀ ਪੈਂਦਾ ਹੈ।

ਕਈ ਲੋਕੀ ਭਵਿੱਖ ਜਾਨਣ ਲਈ ਜੋਤਸ਼ੀਆਂ ਅਤੇ ਤਾਂਤਰਿਕਾਂ ਦੇ ਚੱਕਰ `ਚ ਪਏ ਰਹਿੰਦੇ ਹਨ।ਅਖਬਾਰਾਂ `ਚ ਆਪਣਾ ਰਾਸ਼ੀਫਲ ਵੇਖਦੇ ਹਨ।ਆਉਣ ਵਾਲੇ ਕਲ੍ਹ ਦੇ ਪ੍ਰਤੀ ਉਪਜੇ ਸ਼ੰਕੇ ਉਨ੍ਹਾਂ ਦੇ ਮਨ `ਚ ਡਰ ਪੈਂਦਾ ਕਰੀ ਰੱਖਦੇ ਹਨ।ਇਹ ਲੋਕ ਭੁੱਲ ਜਾਂਦੇ ਹਨ ਕਿ ਉੱਨ੍ਹਾਂ ਦਾ ਭਵਿੱਖ ਤਾਂ ਖੁਦ ਉਨ੍ਹਾਂ ਦੇ ਹੱਥਾਂ `ਚ ਹੈ।ਭਵਿੱਖ ਕਰਮ ਹੈ।ਜਿਹਾ ਕੰਮ ਤਿਹਾ ਭਵਿੱਖ ਬਿਨਾਂ ਮਿਹਨਤ ਕੀਤੇ,ਕੋਈ ਅਜਿਹਾ ਸਾਧਨ ਹੈ ਈ ਨਹੀਂ ਕਿ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ।ਸਾਰੀਆਂ ਕੀ,ਇੱਕ ਵੀ ਇੱਛਾ ਬਿਨਾਂ ਕੰਮ ਕੀਤਿਆਂ ਪੂਰੀ ਨਹੀਂ ਹੋ ਸਕਦੀ।ਇਸ ਲਈ ਭਵਿੱਖ ਜਾਨਣ ਦੀ ਬਜਾਏ ਸੰਘਰਸ਼ ਕਰੋ।ਆਪਾਂ ਕੋਈ ਅਲੀਬਾਬਾ ਤਾਂ ਨਹੀਂ ਹਾਂ ਕਿ `ਖੁੱਲ੍ਹ ਜਾ ਸਿਮ-ਸਿਮ` ਕਰਦਿਆਂ ਹੀ ਦੌਲਤ ਦੇ ਦਰਵਾਜੇ ਖੁੱਲ੍ਹ ਜਾਣਗੇ ਅਤੇ ਅਸੀਂ ਮਾਲਾਮਾਲ ਹੋ ਜਾਵਾਂਗੇ।

ਤੁਸੀਂ ਜੋ ਵੀ, ਜਿਹੋ ਜਿਹਾ ਵੀ ਕੁਝ ਕਰੋਗੇ, ਉਸੇ ਤਰ੍ਹਾਂ ਦਾ ਫਲ ਮਿਲੇਗਾ।ਤੁਸੀਂ ਆਪਣੇ ਹੱਥਾਂ `ਚੋਂ ਹੀ ਆਪਣਾ ਭਵਿੱਖ ਵੇਖ ਸਕਦੇ ਹੋ ਤਾਂ ਫਿਰ ਬੇ-ਅਰਧ ਏਧਰ-ਓਧਰ ਭਟਕਣ ਦੀ ਕੀ ਲੋੜ ਹੈ? ਭਵਿੱਖ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸ਼ੰਕਾਂ ਮਨ `ਚ ਲਿਆਏ ਬਿਨਾਂ ਆਪਣਾ ਟੀਚਾ ਮਿਥੋ ਕਿ ਅਸੀਂ ਕੀ ਕਰਨਾਂ ਹੈ? ਅਸੀਂ ਕੀ ਚਾਹੁੰਦੇ ਹਾਂ? ਚਿੰਤਨ ਕਰੋ ਕਿ ਕੀ ਕਰਨ ਨਾਲ ਸਾਡੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਹਨ?

ਮਨ `ਚ ਉੱਠਦੀਆਂ ਫਿਜੂਲ ਕਿਸਮ ਦੀਆਂ ਸ਼ੰਕਾਵਾਂ ਦੇ ਘੇਰੇ, ਤੁਹਾਡੀ ਤਰੱਕੀ ਦੇ ਰਾਹਾਂ `ਚ ਆਏ ਰੋੜੇ ਹਨ।ਇਹ ਤੁਹਾਡੇ ਹੌਸਲੇ ਅਤੇ ਸਿਰਜਣਾਤਮਕ ਸ਼ਕਤੀਆਂ ਨੂੰ ਖਤਮ ਕਰਦੇ ਹਨ।ਘਟੀਆਂ ਸੋਚਾਂ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ।ਇਸ ਤਰ੍ਹਾਂ ਦੀਆਂ ਨਕਾਰਾਤਮਕ ਗੱਲਾਂ ਸਾਨੂੰ ਹੌਲੀ ਹੌਲੀ ਮੌਤ ਵੱਲ ਧੱਕ ਰਹੀਆਂ ਹੁੰਦੀਆਂ ਹਨ।ਇਸ ਲਈ ਹਮੇਸ਼ਾਂ ਚੰਗੀਆਂ ਗੱਲਾਂ ਸੋਚੋ।ਸੁੰਦਰ ਕਲਪਨਾ ਕਰੋ।

ਆਦਮੀ ਇਸ ਸੰਸਾਰ ਦਾ ਸਭ ਤੋਂ ਉੱਤਮ ਪ੍ਰਾਣੀ ਹੈ।ਇਸ `ਚ ਅਸੀਮ ਸ਼ਕਤੀਆਂ ਹਨ।ਇਹ ਸਭ ਕੁਝ ਕਰ ਸਕਦਾ ਹੈ।ਪਹਾੜਾਂ `ਤੇ ਚੜ੍ਹ ਸਕਦਾ ਹੈ।ਹਵਾ `ਚ ਉੱਡ ਸਕਦਾ ਹੈ।ਸਾਗਰ ਦੀਆਂ ਗਹਿਰਾਈਆਂ ਨੂੰ ਨਾਪ ਸਕਦਾ ਹੈ।ਚੰਦ ਤਾਰਿਆਂ ਤੱਕ ਪਹੁੰਚ ਸਕਦਾ ਹੈ।ਤੁਸੀ ਆਪਣੀ `ਮਾਨਵ-ਸ਼ਕਤੀ` ਨੂੰ ਪਛਾਣੋ।ਤੁਹਾਡੇ `ਚ ਅਨੋਖੀ ਸ਼ਕਤੀ ਲੁਕੀ ਹੋਈ ਹੈ ਪਰ ਇਹ ਸੌਂ ਰਹੀ ਹੈ।ਖੁਦ ਵੀ ਜਾਗੋ ਅਤੇ ਇਸਨੂੰ ਵੀ ਜਵਾਓ।ਆਪਣੀ ਇਸ ਸ਼ਕਤੀ ਦਾ ਉਪਯੋਗ ਕਰੋ।

ਇਹ ਜ਼ਿੰਦਗੀ ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਜਿਊਣ ਲਈ ਮਿਲੀ ਹੈ।ਕਰਮ ਕਰਕੇ ਆਪਣੀਆਂ ਸਾਰੀਆਂ ਇਛਾਵਾਂ ਪੂਰੀਆਂ ਕਰੋ ਅਤੇ ਇਸ ਜ਼ਿੰਦਗੀ ਨੂੰ ਚੜ੍ਹਦੀਆਂ ਕਲਾਂ `ਚ ਰਹਿੰਦਿਆਂ ਜੀਵੋ।ਜੀਵਨ ਦਾ ਇਹੀ `ਗੁਰ-ਮੰਤਰ ` ਹੈ।ਜਿਸ ਦਿਨ ਤੁਸੀਂ ਇਸ ਸੱਚ ਨੂੰ ਸਮਝ ਲਉਗੇ, ਉਸੇ ਦਿਨ ਤੋਂ ਤੁਹਾਨੂੰ ਸੱਚਮੁੱਚ ਹੀ ਇਹ ਜ਼ਿੰਦਗੀ ਜਿਊਣ ਦਾ ਅਨੰਦ ਆ ਜਾਵੇਗਾ।
                
ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ