Mon, 09 September 2024
Your Visitor Number :-   7220116
SuhisaverSuhisaver Suhisaver

ਸਮਾਂ ਬੜਾ ਬਲਵਾਨ ਹੁੰਦਾ ਬਾਬਿਓ - ਕਰਨ ਬਰਾੜ

Posted on:- 23-05-2014

suhisaver

ਸਾਡੇ ਦੇਸ਼ ਦੀ ਰਾਜਨੀਤੀ ਦੇ ਆਪਣੇ ਹੀ ਰੰਗ ਹਨ ਤੇ ਆਪਣੇ ਹੀ ਰਾਗ। ਇੱਥੋਂ ਦੀ ਰਾਜਨੀਤੀ ਵਿੱਚ ਚੰਗਾ ਮਾੜਾ ਸਭ ਕੁਝ ਜਾਇਜ਼ ਹੈ ਕੋਈ ਰਾਤੋ ਰਾਤ ਵਿਕ ਸਕਦਾ ਕੋਈ ਮਾਰ ਸਕਦਾ ਕੋਈ ਮਰਵਾ ਸਕਦਾ। ਇਹਨਾਂ ਵਿਚੋਂ ਬਹੁਤਿਆਂ ਤੋਂ ਕੋਈ ਚੰਗੀ ਉਮੀਦ ਨਹੀਂ ਹੈ। ਇਹ ਆਪਣੇ ਫ਼ਾਇਦੇ ਲਈ ਕੁਝ ਵੀ ਕਰ ਸਕਦੇ ਹਨ। ਇਥੇ ਨਾ ਕੋਈ ਕਿਸੇ ਦਾ ਬਾਪ ਹੈ ਅਤੇ ਨਾ ਕੋਈ ਧੀ ਪੁੱਤ।

ਦੇਸ਼ ਅੰਦਰ ਵੋਟਾਂ ਪਈਆਂ ਅਤੇ ਲੋਕਾਂ ਨੇ ਆਪਣਾ ਨਵਾਂ ਰਾਜਾ ਚੁਣ ਲਿਆ, ਚੁਣਨ ਵਾਲਿਆਂ ਨੂੰ ਮੁਬਾਰਕਾਂ। (ਕੋਈ ਚੰਗਾ ਹੈ ਜਾਂ ਮਾੜਾ ਸਮੇਂ ਨੇ ਦਸ ਦੇਣਾ, ਲੋਕ ਮੂਰਖ ਨਹੀਂ ਜੋ ਕਿਸੇ ਨੂੰ ਵੋਟਾਂ ਨਾਲ ਚੁਣ ਕੇ ਲਿਆਉਂਦੇ ਹਨ) ਐਤਕੀਂ ਪਰਦੇਸੀਆਂ ਨੇ ਵੋਟਾਂ ਵਿਚ ਵਿਤੋਂ ਵੱਧ ਕੇ ਜੋਰ ਲਾਇਆ ਅਤੇ ਜ਼ਿਆਦਾਤਰ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਉਨ੍ਹਾਂ ਨੂੰ ਲਗਦਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਵਿਚ ਸਾਡਾ ਵੀ ਯੋਗਦਾਨ ਹੈ। ਉਨ੍ਹਾਂ ਦੀ ਮਿਹਨਤ ਅਤੇ ਸਿਦਕ ਨੂੰ ਸਜਦਾ ਜਿਹਨਾਂ ਨੇ ਤਨ ਮਨ ਅਤੇ ਧਨ ਨਾਲ ਮਦਦ ਕੀਤੀ ਅਤੇ ਉਨ੍ਹਾਂ ਦੀ ਮਿਹਨਤ ਨੂੰ ਬੂਰ ਵੀ ਪਿਆ।



ਇਥੇ ਕਈ ਵਾਰ ਪਰਦੇਸੀਆਂ ਤੇ ਇਲਜ਼ਾਮ ਵੀ ਲਗਾਇਆ ਜਾਂਦਾ ਕਿ ਇਹਨਾਂ ਨੂੰ ਉੱਡਦੇ ਤੀਰ ਲੈਣ ਦੀ ਆਦਤ ਹੈ ਇਹਨਾਂ ਨੇ ਦਿਨ ਵਿਚ ਇੱਕ ਵਾਰ ਹਾਏ! ਪੰਜਾਬ ਹਾਏ! ਪੰਜਾਬ ਕੂਕਣਾ ਹੀ ਹੁੰਦਾ ਇਹਨਾਂ ਦੇ ਰੋਟੀ ਨੀ ਲੰਘਦੀ ਪੰਜਾਬ ਦੀ ਚਿੰਤਾ ਕਰੇ ਬਿਨਾਂ। ਪਰ ਇਥੇ ਦੱਸਣਾ ਬਣਦਾ ਇਹ ਜਦੋਂ ਵਿਦੇਸ਼ਾਂ ਦੇ ਹਾਲਾਤ ਦੇਖਦੇ ਨੇ ਤਾਂ ਇਹਨਾਂ ਨੂੰ ਸੱਚੀ ਬਾਹਲਾ ਹੇਜ਼ ਆਉਂਦਾ ਪੰਜਾਬ ਦਾ ਇਹ ਸੋਚਦੇ ਐ ਕਿ ਦੇਸ਼ ਪੰਜਾਬ ਦਾ ਇੱਥੋਂ ਵੀ ਚੰਗਾ ਹੋਜੇ ਉੱਥੋਂ ਵੀ ਚੰਗਾ ਹੋਜੇ ਹੋਰ ਇਹਨਾਂ ਨੇ ਵੜੇਵੇਂ ਲੈਣੇ ਆ ਪੰਜਾਬ ਤੋਂ। ਜੇ ਇਹ ਆਪ ਚੰਗੀ ਜ਼ਿੰਦਗੀ ਜਿਊਂਦੇ ਪਿਛਲਿਆਂ ਦਾ ਚੰਗਾ ਸੋਚਦੇ ਆ ਤਾਂ ਕਿਸੇ ਦਾ ਕੀ ਢਿੱਡ ਦੁਖਦਾ ਪਰ ਤੁਹਾਡੀ ਖ਼ੁਸ਼ੀ ਲਈ ਦਸ ਦੇਵਾਂ ਕਿ ਇਥੇ ਵੀ ਬੜੇ ਹੈਗੇ ਨੇ ਜਿਹੜੇ ਸਿਰਫ਼ ਅੰਨ ਨੂੰ ਗੰਦ ਵਿਚ ਵਟਾਉਣ ਦਾ ਕੰਮ ਹੀ ਕਰਦੇ ਨੇ ਉਨ੍ਹਾਂ ਸਿਰਫ਼ ਇਹੀ ਸੋਚਣਾ ਹੁੰਦਾ ਕਿ ਅੱਜ ਦੀ ਦਿਹਾੜੀ ਨਾਲ਼ ਇੰਡੀਆ ਦੇ ਹਿਸਾਬ ਨਾਲ ਕਿੰਨੇ ਪੈਸੇ ਬਣ ਗਏ। ਪਰ ਕੋਈ ਕੋਈ ਨਿੱਤਰਦਾ ਜੋ ਆਪਣਿਆਂ ਦਾ ਫ਼ਿਕਰ ਕਰਦਾ। ਖ਼ੈਰ ਐਤਕੀਂ ਤਾਂ ਵਾਹਵਾ ਨਿੱਤਰੇ।

ਮੈਨੂੰ ਨਿੱਜੀ ਤੌਰ ਤੇ ਦੋ ਬੰਦਿਆਂ ਦੀ ਜਿੱਤ ਦੀ ਬੇਅੰਤ ਖ਼ੁਸ਼ੀ ਹੈ ਇੱਕ ਡਾਕਟਰ ਧਰਮਵੀਰ ਗਾਂਧੀ ਤੇ ਦੂਜਾ ਪ੍ਰੋ ਸਾਧੂ ਸਿੰਘ ਇਹ ਕਿਸੇ ਵੀ ਪਾਰਟੀ ਵੱਲੋਂ ਜਿੱਤਦੇ ਮੈਨੂੰ ਇੰਨੀ ਹੀ ਖ਼ੁਸ਼ੀ ਹੋਣੀ ਸੀ, ਜਿੰਨੀ ਹੁਣ ਹੈ ਕਿਉਂਕਿ ਦੋਵੇਂ ਬਜ਼ੁਰਗ ਸ਼ਖ਼ਸੀਅਤਾਂ ਇਮਾਨਦਾਰ, ਮਿਹਨਤੀ ਅਤੇ ਆਪੋ ਆਪਣੇ ਕਿੱਤਿਆਂ ਨੂੰ ਸਮਰਪਿਤ ਹਨ। ਇੱਕ ਡਾਕਟਰ ਜਿੱਥੇ ਇਲਾਜ ਨਾਲ ਮਨੁੱਖਤਾ ਦਾ ਭਲਾ ਕਰ ਰਿਹਾ ਦੂਸਰਾ ਪ੍ਰੋ ਆਪਣੇ ਰੌਸ਼ਨ ਦਿਮਾਗ਼ ਨਾਲ ਵਿਦਿਆਰਥੀਆਂ ਵਿਚ ਗਿਆਨ ਦੀ ਰੌਸ਼ਨੀ ਵੰਡ ਰਿਹਾ। ਦੋਵੇਂ ਹੀ ਆਮ ਇਨਸਾਨ ਦੀ ਪਹੁੰਚ ਵਿਚ ਹਨ ਅਤੇ ਇਹਨਾਂ ਵਿਚ ਲੀਡਰਾਂ ਵਾਲਾ ਕੋਈ ਵਲ਼ ਫੇਰ ਵੀ ਨਹੀਂ ਹੈ। ਆਮ ਲੋਕ ਆਮ ਲੋਕਾਂ ਨਾਲ ਖੜ੍ਹਨ ਵਾਲੇ। ਇਹਨਾਂ ਦੀ ਇਮਾਨਦਾਰੀ, ਲਗਨ, ਲੋਕ ਪੱਖੀ ਭਲੇ ਦੀ ਤੜਫ਼ ਇਸੇ ਤਰ੍ਹਾਂ ਕਾਇਮ ਰਹੇ ਪ੍ਰੋ ਅਤੇ ਡਾਕਟਰ ਦੀ ਜੋੜੀ ਚੰਗੇ ਕੰਮ ਕਰਦੀ ਰਹੇ। ਦੂਸਰੀ ਵੱਡੀ ਖ਼ੁਸ਼ੀ ਹੈ ਕਿ ਪ੍ਰੋ ਸਾਧੂ ਸਿੰਘ ਦਾ ਸਾਹਿਤ ਨਾਲ ਬਹੁਤ ਨੇੜਲਾ ਸਬੰਧ ਹੈ ਉਹ ਆਪ ਵੀ ਉੱਚ ਪਾਏ ਦਾ ਸਾਹਿਤ ਰਚਦੇ ਹਨ ਉਨ੍ਹਾਂ ਦੀ ਜਿੱਤ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਲਈ ਖ਼ੁਸ਼ੀ ਦੀ ਗੱਲ ਹੈ।

ਉਹ ਪੰਜਾਬੀ ਸਾਹਿਤ ਨੂੰ ਅੱਗੇ ਲੈ ਕੇ ਜਾਣ ਵਿਚ ਭਰਪੂਰ ਸਾਥ ਦੇਣਗੇ। ਦੂਸਰਾ ਬਜ਼ੁਰਗ ਡਾਕਟਰ ਗਾਂਧੀ ਦੀ ਜਿੱਤ ਨਾਲ ਉਨ੍ਹਾਂ ਨੂੰ ਕੁੱਟਣ ਮਾਰਨ ਵਾਲੇ ਹੰਕਾਰੀ ਨੌਜਵਾਨ ਦਾ ਚਿਹਰਾ ਵੀ ਅੱਖੋਂ ਉਹਲੇ ਹੋ ਜਾਵੇਗਾ ਨਹੀਂ ਤਾਂ ਉਸਦਾ ਵਹਿਸ਼ੀ ਚਿਹਰਾ ਹੀ ਦਿਸਦਾ ਰਹਿਣਾ ਸੀ ਜਿਸਨੇ ਨਿਹੱਥੇ ਡਾਕਟਰ ਗਾਂਧੀ ਦੇ ਮੂੰਹ ਚੋਂ ਹੀ ਲਹੂ ਦੀਆਂ ਤਤੀਰ੍ਹੀਆਂ ਨਹੀਂ ਸੀ ਵਗਾਈਆਂ ਸਗੋਂ ਇੱਕ ਹਿਸਾਬ ਨਾਲ ਸਾਰੇ ਇਮਾਨਦਾਰ ਬਜ਼ੁਰਗਾਂ ਦੇ ਮੂੰਹ ਤੇ ਥੱਪੜ ਮਾਰੇ ਸੀ। ਡਾਕਟਰ ਗਾਂਧੀ ਦੇ ਲਹੂ ਵਗਦੇ ਮੂੰਹੋਂ ਬੋਲ ਨਿੱਕਲੇ ਸੀ ਕਿ ਵੇਖੋ ਲੋਕੋ ਇਮਾਨਦਾਰੀ ਦੇ ਨਤੀਜੇ ਪਰ ਸਾਰੇ ਪੰਜਾਬੀਆਂ ਨੇ ਪੰਜਾਬੀਅਤ ਦਾ ਮਾਣ ਰੱਖਦਿਆਂ ਉਨ੍ਹਾਂ ਦੀ ਇਮਾਨਦਾਰੀ ਦਾ ਵੱਡੀ ਜਿੱਤ ਦਵਾ ਕੇ ਮੁੱਲ ਮੋੜਿਆ। ਸਮਾਂ ਬੜਾ ਬਲਵਾਨ ਹੁੰਦਾ ਬਾਬਿਓ।

ਸੰਪਰਕ: +61 430 850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ