Thu, 12 September 2024
Your Visitor Number :-   7220803
SuhisaverSuhisaver Suhisaver

ਅਸੀਂ ਕਾਹਲੀ ਦੇ ਗ਼ੁਲਾਮ ਕਿਉਂ ਹਾਂ ? - ਬਲਜੀਤ ਸਿੰਘ

Posted on:- 10-12-2012

suhisaver

ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਆਲਮਗੀਰ ਨੂੰ ਲਿਖੇ ਦੂਸਰੇ ਤਵਾਰੀਖ਼ੀ ਖ਼ਤ ‘ਜ਼ਫ਼ਰਨਾਮਾ’ ਵਿਚ ਤਾਕੀਦ ਕਰਦਿਆਂ ਲਿਖਿਆ ਹੈ, ‘ਸ਼ਤਾਬੀ ਬਵਦ ਕਾਰ-ਏ-ਆਹੱਰਮਨਾ’ ਯਾਨਿ ਕਾਹਲੀ ਸ਼ੈਤਾਨ ਦਾ ਕੰਮ ਹੈ। ਅੱਜ ਦੇ ਇਸ ਅਤਿ ਆਧੁਨਿਕ ਯੁੱਗ ਦੀ ਤੇਜ਼-ਤਰਾਰ ਜੀਵਨ ਸ਼ੈਲੀ ਵਿਚ ਕਾਹਲੀ ਜਿਵੇਂ ਇਸ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਬਹੁਗਿਣਤੀ ਲੋਕ-ਮਨਾਂ ਨੂੰ ਕਾਹਲੀ ਨੇ ਆਪਣੇ ਗ਼ੁਲਾਮ ਬਣਾ ਰੱਖਿਆ ਹੈ ਤੇ ਆਏ ਦਿਨ ਹੁੰਦੇ ਦਰਦਨਾਕ ਹਾਦਸਿਆਂ ਦੇ ਰੂਪ ਵਿਚ ਇਸ ਕਾਹਲੀ ਦੇ ਦੁਖਾਂਤਕ ਨਤੀਜੇ ਸਾਡੇ ਸਾਹਮਣੇ ਹਨ। ਭਾਰਤ ਦੇ ਸੁਪ੍ਰਸਿੱਧ ਵਿਅੰਗਕਾਰ ਤੇ ਬੌਧਿਕ ਹਾਸਰਸ ਕਲਾਕਾਰ ਸ੍ਰੀ ਜਸਪਾਲ ਭੱਟੀ ਦਾ ਅਚਾਨਕ ਇਸ ਸੰਸਾਰ ਤੋਂ ਚਲੇ ਜਾਣਾ ਵੀ ਇਕ ਕਾਹਲ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ। ਜੇ ਉਹ ਰਾਤ ਨੂੰ ਬਠਿੰਡੇ ਕਿਸੇ ਹੋਟਲ ਵਿਚ ਠਹਿਰ ਜਾਂਦੇ ਤੇ ਸਵੇਰੇ ਛੇ ਵਜੇ ਜਲੰਧਰ ਲਈ ਰਵਾਨਾ ਹੁੰਦੇ ਤਾਂ ਆਰਾਮ ਨਾਲ ਗਿਆਰਾਂ ਵਜੇ ਜਲੰਧਰ ਪਹੁੰਚਿਆ ਜਾ ਸਕਦਾ ਸੀ ਤੇ ਉਹ ਬੜੀ ਆਸਾਨੀ ਨਾਲ ਬਾਰਾਂ ਵਜੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਵਿਚ ਸ਼ਿਰਕਤ ਕਰ ਸਕਦੇ ਸੀ।

ਕਈ ਦਿਨਾਂ ਦੀ ਮੁਸਲਸਲ ਬੇਆਰਾਮੀ, ਉਨੀਂਦਰਾਪਣ ਕਾਹਲੀ ਦੇ ਵੱਸ ਪੈ ਕੇ ਘਾਤਕ ਹੋ ਨਿੱਬੜਿਆ ਤੇ ਦੋ ਕੀਮਤੀ ਜਾਨਾਂ ਬੇਵਕਤ ਤੇ ਅਜਾਈਂ ਚਲੀਆਂ ਗਈਆਂ। ਇਹ ਸੱਚਾਈ ਹੈ ਕਿ ਰਾਤ ਦਾ ਕਾਰ ਜਾਂ ਹੋਰ ਕਿਸੇ ਨਿੱਜੀ ਵਾਹਨ ਰਾਹੀਂ ਕੀਤਾ ਜਾਣ ਵਾਲਾ ਸਫ਼ਰ ਕਦੇ ਵੀ ਸੁਰੱਖਿਅਤ ਨਹੀਂ ਹੁੰਦਾ ਤੇ ਇਹ ਉਦੋਂ ਹੀ ਕੀਤਾ ਜਾਣਾ ਚਾਹੀਦੈ ਜਦੋਂ ਸੱਚਮੁੱਚ ਹੀ ਕੋਈ ਆਪਾਤਕਾਲੀਨ ਸਥਿਤੀ ਹੋਵੇ। ਥੱਕੇ ਅਤੇ ਉਨੀਂਦਰੇ ਵਾਹਨ ਚਾਲਕ ਨੂੰ ਕਦੇ ਵੀ ਸਫ਼ਰ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਅਫਸੋਸ ਕਿ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਸਫ਼ਰ ਦਿਨ ਦਾ ਹੋਵੇ ਜਾਂ ਰਾਤ ਦਾ ਕਾਹਲੀ ਕੀਤੀ ਹੀ ਕਿਉਂ ਜਾਵੇ, ਪਰ ਕਈ ਲੋਕਾਂ ਦੀ ਫ਼ਿਤਰਤ ਅਜਿਹੀ ਹੈ, ਉਹ ਸੋਚਦੇ ਹਨ ਕਿ ਮਹਿੰਗੀ ਲੰਮੀ ਕਾਰ ਦਾ ਫਾਇਦਾ ਹੀ ਕੀ ਹੋਇਆ।

ਜੇ ਸਭ ਵਾਹਨਾਂ ਨੂੰ ਪਿੱਛੇ ਨਾ ਛੱਡਿਆ, ਜੋ ਲੋਕ ਇਸ ਤਰ੍ਹਾਂ ਸੋਚਦੇ ਨੇ ਉਹ ਤ੍ਰੇੜੀ ਹੋਈ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਨੇ, ਜੋ ਆਪਣੀ ਫੋਕੀ ਸ਼ਾਨ ਦੀ ਨੁਮਾਇਸ਼ ਕਰਨ ਲਈ ਆਵਾਜਾਈ ਦੇ ਹਰ ਨਿਯਮ ਨੂੰ ਛਿੱਕੇ ਟੰਗ ਦਿੰਦੇ ਨੇ। ਇਸ ਕਾਹਲੀ ਦਾ ਪ੍ਰਦਰਸ਼ਨ ਹਰ ਥਾਵੇਂ ਹੋ ਰਿਹਾ ਹੈ। ਗੱਡੀ ਦੇ ਸਟੇਸ਼ਨ ’ਤੇ ਪਹੁੰਚਣ ਤੋਂ ਪੰਦਰਾਂ-ਵੀਹ ਮਿੰਟ ਪਹਿਲਾਂ ਬਹੁਗਿਣਤੀ ਯਾਤਰੂ ਖੜ੍ਹੇ ਹੋ ਜਾਂਦੇ ਹਨ ਤੇ ਇਕ ਭਗਦੜ ਜਿਹੀ ਮਚਾ ਦਿੰਦੇ ਹਨ, ਜਦ ਕਿ ਸਭ ਨੂੰ ਇਹ ਪਤਾ ਹੁੰਦੈ ਕਿ ਗੱਡੀ ਏਨਾ ਸਮਾਂ ਜ਼ਰੂਰ ਰੁਕੇਗੀ ਕਿ ਸਾਰੇ ਯਾਤਰੂ ਉੱਤਰ ਜਾਣ। ਇਹੀ ਹਾਲ ਇਨ੍ਹਾਂ ਲੋਕਾਂ ਦਾ ਗੱਡੀ ਚੜ੍ਹਨ ਵੇਲੇ ਹੁੰਦਾ ਹੈ।

ਬੱਸ ਦੀ ਟਿਕਟ ਲੈਣੀ ਹੋਵੇ ਤਾਂ ਕੰਡਕਟਰ ਜਾਂ ਟਿਕਟ ਦੇਣ ਵਾਲਾ ਖਪ ਖਪ ਹਾਰ ਜਾਂਦਾ ਹੈ ਪਰ ਲੋਕ ਇਕ ਲਾਈਨ ਬਣਾਉਣ ਦੀ ਬਜਾਏ ਕਈ ਕਤਾਰਾਂ ਬਣਾ ਲੈਂਦੇ ਨੇ ਤੇ ਧੱਕਾ-ਮੁੱਕੀ ’ਤੇ ਉਤਾਰੂ ਹੋ ਜਾਂਦੇ ਨੇ। ਕਈ ਅਜਿਹੇ ਮੂਰਖ ਤੁਹਾਨੂੰ ਸੜਕਾਂ ਸ਼ਾਹਰਾਹਾਂ ’ਤੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਹੁੰਦੈ ਕਿ ਗੱਡੀ ਦੇ ਲੰਘਣ ਕਾਰਨ ਫਾਟਕ ਬੰਦ ਹੈ ਪਰ ਉਹ ਬੇਰੋਕ ਤੁਹਾਡੀ ਕਾਰ ਦੇ ਪਿੱਛੇ ਆਪਣੀ ਕਾਰ ਦਾ ਲਗਾਤਾਰ ਹਾਰਨ ਵਜਾਈ ਜਾਂਦੇ ਨੇ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਬਈ ਏਨੀ ਹੀ ਕਾਹਲੀ ਹੈ ਕਿ ਗੱਡੀ ਦੇ ਲੰਘ ਜਾਣ ਦੀ ਉਡੀਕ ਨਹੀਂ ਹੋ ਸਕਦੀ ਤਾਂ ਆਪਣੇ ਵਾਹਨ ਵਿੱਚ ਕੋਈ ਉੱਡਣਾ ਗੇਅਰ ਲਵਾ ਲਉ ਪਰ ਬੇਵਜ੍ਹਾ ਹਾਰਨ ਮਾਰ-ਮਾਰ ਕੇ ਬਾਕੀਆਂ ਦੇ ਤਾਂ ਸਿਰ ਦਰਦ ਨਾ ਕਰੋ। ਸਿਨੇਮਾ ਵੇਖਣ ਜਾਓ ਤਾਂ ਅਜੇ ਫਿਲਮ ਖਤਮ ਹੋਣ ’ਚ ਚੰਦ ਪਲ ਬਾਕੀ ਹੁੰਦੇ ਨੇ ਕਿ ਦਰਜਨਾਂ ਕਾਹਲੇ ਖਲੋ ਜਾਂਦੇ ਨੇ। ਪਹਿਲਾਂ ਫਿਲਮ ਵੇਖਣ ਦੀ ਕਾਹਲੀ ਹੁੰਦੀ ਹੈ ਤੇ ਫੇਰ ਸਿਨੇਮਾ ਹਾਲ ’ਚੋਂ ਨਿਕਲਣ ਦੀ ਕਾਹਲ। ਏਥੇ ਹੀ ਬੱਸ ਨਹੀਂ ਕਈ ਲੋਕ ਤਾਂ ਰੋਟੀ ਏਨੀ ਕਾਹਲੀ ’ਚ ਖਾਂਦੇ ਨੇ ਜਿਵੇਂ ਕੋਈ ਮਜਬੂਰੀ ਹੋਵੇ।

ਮਨ ਦੌੜ ਰਿਹਾ ਹੁੰਦਾ ਹੈ ਤੇ ਉਹ ਓਨੀ ਹੀ ਰਫ਼ਤਾਰ ਨਾਲ ਖਾਣਾ ਨਿਗਲ ਰਹੇ ਹੁੰਦੇ ਨੇ। ਕਈ ਤਾਂ ਮੈਂ ਇਹ ਕਹਿੰਦੇ ਵੀ ਸੁਣੇ ਨੇ ‘‘ਆ ਯਾਰ ਭੱਜ ਕੇ ਛੇਤੀ-ਛੇਤੀ ਸੈਰ ਕਰ ਆਈਏ’’ ਜਿਵੇਂ ਸੈਰ ਕੋਈ ਸਜ਼ਾ ਹੋਵੇ। ਸਿਆਸੀ ਲੋਕਾਂ ਨੂੰ ਰਾਜ-ਰਸ ਮਾਨਣ ਦੀ ਕਾਹਲੀ ਹੈ। ਜ਼ਿਆਦਾਤਰ ਲੋਕਾਈ ਨੂੰ ਦਿਨਾਂ ਵਿਚ ਹੀ ਅਮੀਰ ਬਣਨ ਦੀ ਕਾਹਲੀ ਹੈ। ਵਿਦੇਸ਼ੀ ਮੁਲਕਾਂ ਵਿਚ ਝਬਦੇ ਹੀ ਅਮੀਰ ਬਣਨ ਦੀ ਇਸ ਘਾਤਕ ਕਾਹਲ ਨੇ ਸੈਂਕੜੇ ਹੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਦਿੱਤਾ ਹੈ। ਡਰੱਗ ਦੇ ਕੁਲਹਿਣੇ ਧੰਦੇ ਵਿਚ ਪੈ ਕੇ ਇਨ੍ਹਾਂ ਆਪਣੀ ਜਾਨ ਗਵਾ ਲਈ ਹੈ। ਕੁਦਰਤ ਦਾ ਹਰ ਨਜ਼ਾਰਾ ਹਰ ਰੂਪ ਹਰ ਰਮਜ਼ ਸਾਨੂੰ ਸਹਿਜਤਾ, ਸਬਰ-ਸੰਤੋਖ ਦਾ ਲਗਾਤਾਰ ਪਾਠ ਪੜ੍ਹਾ ਰਹੇ ਹਨ ਪਰ ਸਾਡਾ ਇਸ ਅਲੌਕਿਕ ਸਬਕ ਵੱਲ ਕੋਈ ਧਿਆਨ ਹੀ ਨਹੀਂ।

ਸੂਰਜ ਨੂੰ ਚੜ੍ਹਨ-ਛਿਪਣ ਦੀ ਕੋਈ ਕਾਹਲੀ ਨਹੀਂ, ਖਿਜ਼ਾਂ ਨੂੰ ਬਹਾਰ ਦੀ ਕੋਈ ਕਾਹਲੀ ਨਹੀਂ, ਫੁੱਲਾਂ ਨੂੰ ਖਿੜਨ-ਮੁਰਝਾਉਣ ਦੀ ਕੋਈ ਕਾਹਲੀ ਨਹੀਂ, ਬਸ ਸਾਰੀ ਕਾਹਲ ਬੰਦੇ ਨੇ ਹੀ ਅਪਣਾ ਲਈ ਹੈ। ਅਮੀਰ ਮੁਲਕਾਂ ਨੂੰ ਗਰੀਬ ਮੁਲਕਾਂ ਦੇ ਕੀਮਤੀ ਜ਼ਖ਼ੀਰੇ ਤੇ ਸਰਮਾਏ ਲੁੱਟਣ ਦੀ ਕਾਹਲੀ ਹੈ ਤੇ ਇਸ ਕਾਹਲੀ ’ਚੋਂ ਜੰਗ ਉਤਪਨ ਹੁੰਦੀ ਹੈ। ਅਮਨ ਦੀ ਸਥਾਪਤੀ ਦੇ ਨਾਮ ’ਤੇ ਕੀਤੀ ਜਾ ਰਹੀ ਮਨੁੱਖੀ ਕਾਹਲ ਕਾਰਨ ਸਾਰਾ ਵਿਸ਼ਵ ਬਦਅਮਨੀ ਦਾ ਸ਼ਿਕਾਰ ਹੋ ਗਿਆ ਹੈ। ਪੌਂਟੀ ਚੱਢਾ ਤੇ ਉਸ ਦੇ ਭਰਾ ਹਰਦੀਪ ਦੀ ਮੌਤ ਵੀ ਏਸੇ ਕਾਹਲ ਦੀ ਤ੍ਰਾਸਦੀ ਹੈ। ਅਰਬਾਂ ਰੁਪਏ ਦੇ ਕਾਰੋਬਾਰੀ ਨੂੰ ਇਕ ਤਿੰਨ ਏਕੜ ਜ਼ਮੀਨ ਦੇ ਟੁਕੜੇ ਨੂੰ ਹਥਿਆਉਣ ਦੀ ਕਾਹਲ ਨੇ ਮੌਤ ਦੇ ਮੂੰਹ ’ਚ ਪਾ ਦਿੱਤਾ। ਅਮੀਰ ਬਣਨ ਦੀ ਇਸ ਕਾਹਲ ਦੀ ਔਲਾਦ ਹੀ ਭ੍ਰਿਸ਼ਟਾਚਾਰ ਅਖਵਾਉਂਦੀ ਹੈ, ਜੋ ਹੁਣ ਬਹੁਤੇ ਲੋਕਾਂ ਦਾ ਸੱਭਿਆਚਾਰ ਹੀ ਬਣ ਗਿਐ ਤੇ ਕਿਸੇ ਵੀ ਸੱਭਿਆਚਾਰ ਨੂੰ ਖਤਮ ਕਰਨਾ ਸੁਖਾਲਾ ਨਹੀਂ ਹੁੰਦਾ।

ਅੰਨਾ ਹਜ਼ਾਰੇ ਐਂਡ ਪਾਰਟੀ ਨੂੰ ਪਹਿਲਾਂ ਲੋਕਪਾਲ ਕਾਨੂੰਨ ਪਾਸ ਕਰਵਾਉਣ ਦੀ ਕਾਹਲੀ ਸੀ, ਕਾਹਲ ਕਾਹਲ ਵਿਚ ਅੰਨਾ ਨੇ ਕਈ ਜਨ-ਅੰਦੋਲਨ ਵਿੱਢੇ, ਵਰਤ, ਮਰਨ-ਵਰਤ ਰੱਖੇ ਪਰ ਇਸ ਕਾਹਲ ਵਿਚ ਉਹ ਭੁੱਲ ਹੀ ਗਏ ਕਿ ਕਾਨੂੰਨ ਬਣਾਉਣਾ ਦੇਸ਼ ਦੀ ਪਾਰਲੀਮੈਂਟ ਦਾ ਅਖ਼ਤਿਆਰ ਹੈ ਤੇ ਇਹ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਨਹੀਂ ਬਣਨਾ। ਨਤੀਜਾ ਇਹ ਹੋਇਆ ਕਿ ਹੌਲੀ-ਹੌਲੀ ਲੋਕ ਅੰਨਾ ਜੀ ਤੋਂ ਦੂਰ ਹੋ ਗਏ। ਅੰਨਾ ਜੀ ਦੇ ਕੈਂਪ ਵਿਚ ਤ੍ਰੇੜਾਂ ਆ ਗਈਆਂ ਤੇ ਕੇਜਰੀਵਾਲ ਨੇ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਲਈ ਉਦੂੰ ਵੱਧ ਕਾਹਲੀ ਕਰਨੀ ਸ਼ਰੂ ਕਰ ਦਿੱਤੀ ਹੈ। ਆਏ ਦਿਨ ਉਹ ਕਿਸੇ ਨਾ ਕਿਸੇ ਵੱਡੇ ਸਿਆਸੀ ਆਗੂ ਦੇ ਕਾਰਨਾਮਿਆਂ ਦਾ ਪਰਦਾਫਾਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪਰਦੇ ਤਾਂ ਏਨੇ ਹਨ ਕਿ ਜੇ ਕੇਜਰੀਵਾਲ ਜੀ ਸੌ ਸਾਲ ਵੀ ਲੱਗੇ ਰਹਿਣ ਤਾਂ ਇਹ ਸਾਰੇ ਫਾਸ਼ ਨਹੀਂ ਹੋਣੇ। ਜ਼ਰੂਰਤ ਲੋਕ ਮਨਾਂ ਵਿਚ ਤਬਦੀਲੀ ਲਿਆਉਣ ਦੀ ਹੈ ਜੋ ਅਨਪੜ੍ਹਤਾ, ਅਗਿਆਨਤਾ ਅਤੇ ਗੁਰਬਤ ਦੂਰ ਕਰਨ ਨਾਲ ਹੀ ਸੰਭਵ ਹੈ। ਗੁਰਬਤ, ਮੰਦਹਾਲੀ ਅਤੇ ਅਨਪੜ੍ਹਤਾ ’ਚ ਗ੍ਰਸੇ ਲੋਕਾਂ ਨੂੰ ਜਗਾਉਣਾ ਇਕ ਸਹਿਜ ਪ੍ਰਕਿਰਿਆ ਹੈ ਜੋ ਲੰਮੇ ਸੰਘਰਸ਼ ਦੀ ਮੰਗ ਕਰਦੀ ਹੈ। ਸਿਆਸੀ ਆਗੂਆਂ ਦੇ ਪਰਦੇ ਫਾਸ਼ ਕਰਨ ਦੀ ਇਹ ਮੁਹਿੰਮ ਚਾਰ ਕੁ ਦਿਨਾਂ ਦੀਆਂ ਰੌਚਕ ਖ਼ਬਰਾਂ ਤਕ ਹੀ ਸੀਮਤ ਹੁੰਦੀ ਹੈ। ਬਹੁਗਿਣਤੀ ਉਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ। ਰੋਜ਼ੀ-ਰੋਟੀ ਤੋਂ ਮੁਹਤਾਜ ਲੋਕਾਂ ਨੂੰ ਤਾਂ ਸ਼ਾਇਦ ਇਹ ਵੀ ਇਲਮ ਨਹੀਂ ਹੋਣਾ ਕਿ ਕੇਜਰੀਵਾਲ ਹੈ ਕੌਣ? ਉਹੋ ਜਿਸ ਨੂੰ ਸੱਤਾ ਪ੍ਰਾਪਤੀ ਦੀ ਸਭ ਤੋਂ ਵੱਧ  ਕਾਹਲੀ ਹੈ?

ਗਾਇਕ ਕਲਾਕਾਰਾਂ, ਸੰਗੀਤਕਾਰਾਂ ਦੀ ਕਾਹਲੀ ਉਦੂੰ ਦਿਲਚਸਪ ਹੈ। ਏਸ ਲਈ ਸੰਗੀਤਕਾਰਾਂ ਨੂੰ ਜਿੰਨੇ ਵੀ ਵੀਹ-ਪੱਚੀ ਸਾਜ਼ ਮਿਲਦੇ ਨੇ ਉਹ ਸਾਰੇ ਦੇ ਸਾਰੇ ਇਕੋ ਗੀਤ ਵਿਚ ਵਜਾ ਦਿੰਦੇ ਨੇ ਤੇ ਅਜਿਹਾ ਸ਼ੋਰ ਪੈਦਾ ਕਰਦੇ ਨੇ ਕਿ ਸੁਣ ਕੇ ਬੰਦਾ ਬੋਲਾ ਹੋ ਸਕਦੈ। ਪੰਜਾਬ ਦੇ ਵਧੇਰੇ ਗਾਇਕ ਕਲਾਕਾਰਾਂ ਨੂੰ ਫਿਲਮੀ ਹੀਰੋ ਬਣਨ ਦੀ ਕਾਹਲੀ ਹੈ ਤੇ ਉਹ ਆਪਣੀਆਂ ਘੱਗੀਆਂ ਆਵਾਜ਼ਾਂ ਨਾਲ ਆਪੋ ਆਪਣੀ ਫਿਲਮ ਦੇ ਸਾਰੇ ਗੀਤ ਗਾ ਜਾਂਦੇ ਨੇ। ਇਕ ਹੋਰ ਵਰਗ ਸਾਧੂ-ਸਾਧਣੀਆਂ ਦਾ ਹੈ। ਇਨ੍ਹਾਂ ਨੂੰ ਇਹ ਕਾਹਲੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿੰਨੀ ਛੇਤੀ ਹੋ ਸਕੇ ਭਵਸਾਗਰ ਪਾਰ ਕਰਾ ਦੇਈਏ, ਪਰ ਆਪ ਇਹ ਮਾਇਆ ਦੀ ਦਲਦਲ ਵਿਚ ਗਲ ਗਲ ਖੁੱਭੇ ਨੇ। ਲੇਖਕਾਂ, ਕਵੀਆਂ ਨੂੰ ਪੁਰਸਕਾਰ ਲੈਣ ਦੀ ਕਾਹਲੀ ਹੈ ਤੇ ਵਧੇਰੇ ਸਾਹਿਤਕਾਰ ਇਹ ਸਰਕਾਰੀ ਪੁਰਸਕਾਰ ਲੈਣ ਲਈ ਦਿਨ-ਰਾਤ ਜੁਗਾੜ ਕਰਨ ਵਿਚ ਰੁੱਝੇ ਰਹਿੰਦੇ ਨੇ। ਅਖੌਤੀ ਧਰਮੀ ਬੰਦਿਆਂ ਨੂੰ ਵੱਡੇ ਵੱਡੇ ਗੁਰਧਾਮਾਂ ਦੀਆਂ ਕਮੇਟੀਆਂ ਦੀ ਪ੍ਰਧਾਨਗੀ ਲੈਣ ਦੀ ਕਾਹਲੀ ਹੈ, ਤਲਵਾਰਾਂ ਚੱਲਦੀਆਂ ਨੇ, ਸਿਰ ਪਾਟ ਜਾਂਦੇ ਨੇ। ਹਰ ਚੋਣ ਵਿਚ ਉਮੀਦਵਾਰਾਂ ਨੂੰ ਜਿੱਤਣ ਦੀ ਕਾਹਲੀ ਹੁੰਦੀ ਐ ਤੇ ਬਹੁਗਿਣਤੀ ਵੋਟਰਾਂ ਨੂੰ ਉਮੀਦਵਾਰਾਂ ਤੋਂ ਮੁਫ਼ਤ ਨਸ਼ੇ ਲੈਣ ਦੀ ਕਾਹਲ ਹੁੰਦੀ ਹੈ। ਮੈਨੂੰ ਇਹ ਕਾਹਲੀ ਹੈ ਕਿ ਇਹ ਲੇਖ ਛੇਤੀ ਛਪ ਜਾਵੇ। ਮੈਨੂੰ ਇਹ ਵੀ ਪਤਾ ਹੈ ਕਿ ਇਸ ਨੂੰ ਪੜ੍ਹਨ ਦੀ ਕਾਹਲੀ ਸ਼ਾਇਦ ਕਿਸੇ ਨੂੰ ਘੱਟ ਹੀ ਹੋਵੇ।

ਸੰਪਰਕ: 099588-29838

Comments

Hazara Singh

Baljit singh jio, lekh likhanh di kahli tan thik pr isnu parhna kahli vich nhi chahida. kahli de mukh karn, time mismanagement, poor planning, unorganized life style and inability to priortise the things to do hun. lekh vadhia hai.

Balwinder preet

ਵੀਰ ਜੀ ਤੁਹਾਡੇ ਵਿਚਾਰ ਕਾਫੀ ਅੱਛੇ ਹਨ,,,,ਜਿਵੇਂ ਤੁਸੀਂ ਲਿਖੀਆ,, ਮੈਨੂੰ ਇਹ ਕਾਹਲੀ ਹੈ ਕਿ ਇਹ ਲੇਖ ਛੇਤੀ ਛਪ ਜਾਵੇ। ਮੈਨੂੰ ਇਹ ਵੀ ਪਤਾ ਹੈ ਕਿ ਇਸ ਨੂੰ ਪੜ੍ਹਨ ਦੀ ਕਾਹਲੀ ਸ਼ਾਇਦ ਕਿਸੇ ਨੂੰ ਘੱਟ ਹੀ ਹੋਵੇ।""ਵੀਰ ਜੀ ਕਿਸੇ ਵੀ ਲੇਖ ਨੂੰ ਪੜ੍ਹਨ ਦੀ ਕਾਹਲੀ ਕਰਨੀ ਵੀ ਨਹੀ ਚਾਹੀਦੀ,,,ਸਹਿਜ ਨਾਲ ਪੜ ਕੇ ਹੀ ਕਿਸੇ ਲੇਖ ਨੂੰ ਸਮਝਿਆ ਜਾ ਸਕਦਾ ਹੈ, ਕਾਹਲੀ ਨਾਲ ਨਹੀ,,ਇਹ ਮੇਰੇ ਵਿਚਾਰ ਹਨ |,,,,ਗੁਸਤਾਖੀ ਮਾਫ

Avtar Gill

Avtar Gill ਬਹੁਤ ਖੂਬ ਲਿਖਿਆ ਹੈ ਬਲਜੀਤ ਸਿੰਘ....ਰਾਜਸੀ ਲੋਕਾਂ ਨੂੰ ਰਾਜਭਾਗ ਛੱਡਣ ਦੀ ਕੋਈ ਕਾਹਲ ਨਹੀਂ ਹੈ, ਲੋਕਾਂ ਦੇ ਦੁਖ ਤਕਲੀਫਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਕੋਈ ਕਾਹਲ ਨਹੀਂ ਹੈ, ਆਪਣੇ ਪਰਿਵਾਰਾਂ ਦਾ ਰਾਜ ਪੱਕਾ ਕਰਨ ਦੀ ਬਹੁਤ ਕਾਹਲ ਹੈ

MALKIT SINGH GILL

ਬਲਜੀਤ ਸਿਆਣਾ ਬੰਦਾ ਹੈ ਤੇ ਉਸਨੇ ਗੱਲਾਂ ਵੀ ਸਿਆਣੀਆਂ ਲਿਖੀਆਂ ਨੇ । ਕਾਹਲੀ ਕਰਨ ਵਾਲੇ ਨੇ ਅਕਸਰ ਟੋਏ ਵਿਚ ਡਿੱਗਦੇ ਹਨ ,ਪੁਰਾਣੀ ਕਹਾਵਤ ਹੈ

sukhdev singh

Bahut wadiya ji.

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ