Sun, 13 October 2024
Your Visitor Number :-   7232270
SuhisaverSuhisaver Suhisaver

ਸੁਪਨਿਆਂ ਦੇ ਸਿਰਜਕ ਗੁਰਸ਼ਰਨ ਭਾਅ ਜੀ - ਡਾ: ਧਰਮਵੀਰ ਗਾਂਧੀ

Posted on:- 28-09-2014

suhisaver

ਜ਼ਿੰਦਗੀ ਵਿੱਚ ਮੈਂ ਬਹੁਤ ਸਾਰਾ ਤਾਂ ਨਹੀਂ ਪਰ ਕਾਫ਼ੀ ਕੁਝ ਲਿਖਿਆ ਹੈ। ਦੇਸ਼ ਸਮਾਜ ਅਤੇ ਸਮਕਾਲੀਨ ਸਿਆਸਤ ਦੇ ਚਲੰਤ ਮਸਲਿਆਂ ਉੱਤੇ, ਸਿਆਸੀ ਅਤੇ ਭਾਵਨਾਤਮਕ ਟਿੱਪਣੀਆਂ ਤੋਂ ਲੈ ਕੇ ਕਾਲੇ ਸਮਿਆਂ ਵਿੱਚ ਅਨੇਕਾਂ ਉਤੇਜਨਾਤਮਕ ਲੇਖ ਲਿਖੇ ਹਨ ਪਰ ਪਿਛਲੇ 40 ਤੋਂ ਵੱਧ ਸਾਲਾਂ ਤੋਂ ਲਗਾਤਾਰ ਮੇਰੇ ਦਿਲ ਵਿੱਚ ਥਾਂ ਮੱਲੀ ਬੈਠੇ, ਮੇਰੇ ਅਸੀਮ ਸਤਿਕਾਰ ਤੇ ਸ਼ਰਧਾ ਦੀ ਮੂਰਤ, ਭਾਅ ਜੀ ਗੁਰਸ਼ਰਨ ਸਿੰਘ ਬਾਰੇ ਕੁਝ ਵੀ ਬੋਲਣਾ ਜਾਂ ਲਿਖਣਾ ਮੈਨੂੰ ਬੇਹੱਦ ਮੁਸ਼ਕਲ ਲੱਗਦਾ ਹੈ। ਆਪਣਿਆਂ ਬਾਰੇ ਲਿਖਣਾ ਸੱਚਮੁੱਚ ਹੀ ਮੁਸ਼ਕਲ ਕਾਰਜ ਹੈ। ਭਾਅ ਜੀ ਨੂੰ ਮੈਂ ਚਾਰ ਦਹਾਕੇ ਪਹਿਲਾਂ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਮਿਲਿਆ ਸੀ। ਸਾਲ 1971, ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਮੇਰੇ ਕੋਰਸ ਦਾ ਪਹਿਲਾ ਅਤੇ ਮੇਰੀ ਜ਼ਿੰਦਗੀ ਜਿਊਣ ਦੇ ਢੰਗ ਤੇ ਜੀਵਨ ਦਰਸ਼ਨ ਵਿੱਚ ਆਏ ਇੱਕ ਅਹਿਮ ਮੋੜ ਦਾ ਸਾਲ ਸੀ।



ਮੇਰੇ ਜੀਵਨ ਵਿੱਚ ਆਈ ਇਸ ਤਬਦੀਲੀ ਦੇ ਤਿੰਨ ਨਾਇਕ ਸਨ- ਕਾਰਲ ਮਾਰਕਸ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ। ਜਿੱਥੇ ਮਾਰਕਸਵਾਦੀ ਫ਼ਲਸਫ਼ੇ ਦੀ ਬੌਧਿਕ ਉੱਤਮਤਾ ਮੇਰੀ ਅੰਦਰੂਨੀ ਸ਼ਕਤੀ ਬਣੀ, ਉੱਥੇ ਇੱਕ ਵਡੇਰੇ ਮਕਸਦ,ਮਨੁੱਖਤਾ ਦੇ ਉੱਜਲ ਭਵਿੱਖ,ਸਮਾਜਵਾਦ ਵਾਸਤੇ ਤੁਰਨ ਲਈ ਮੇਰੇ ਪੈਰਾਂ ਨੂੰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੇ ਰਵਾਨਗੀ ਦਿੱਤੀ। ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਛੋਟੀ ਉਮਰੇ, ਇੱਕ ਗੰਭੀਰ ਚਿੰਤਕ,ਜਾਂਬਾਜ਼ ਯੋਧਾ ਬਣ ਕੇ ਇਨਕਲਾਬੀ ਨਿਸ਼ਚੇ ਤੇ ਕੁਰਬਾਨੀ  ਦੀ ਉੱਚਤਮ ਸਿਖਰ,ਫਾਂਸੀ ਦਾ ਰੱਸਾ ਚੁੰਮ ਲੈਣਾ ਮੇਰੇ ਲਈ ਅੱਜ ਤਕ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ, ਉੱਥੇ ਲਗਾਤਾਰ 60 ਸਾਲ ਅਨੇਕਾਂ ਔਕੜਾਂ-ਝੱਖੜਾਂ ਦਾ ਸਿਦਕਦਿਲੀ ਨਾਲ ਮੁਕਾਬਲਾ ਕਰਦਿਆਂ, ਜਿਸ ਲਗਾਤਾਰਤਾ ਸਪਸ਼ਟਤਾ, ਦ੍ਰਿੜ੍ਹਤਾ,ਨਿਸ਼ਚੇ ਤੇ ਜੋਸ਼ ਨਾਲ ਗੁਰਸ਼ਰਨ ਭਾਅ ਜੀ ਨੇ ਪੰਜਾਬ ਦੇ ਕੋਨੇ- ਕੋਨੇ ਵਿੱਚ ਲੋਕਪੱਖੀ ਸਿਆਸਤ ਦਾ ਪ੍ਰਚਾਰ ਕਰ ਕੇ ਇਤਿਹਾਸਕ ਤੇ ਬੇਮਿਸਾਲ ਭੂਮਿਕਾ ਨਿਭਾਈ, ਉਹ ਵੀ ਮੇਰੇ ਲਈ ਇੱਕ ਜੀਵੰਤ ਤੇ ਨਿੱਤ ਨਵਿਆਉਂਦਾ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।

ਗੁਰਸ਼ਰਨ ਭਾਅ ਜੀ ਦਾ ਨਿੱਘਾ ਅਤੇ ਮਿਲਾਪੜਾ ਸੁਭਾਅ,ਉਨ੍ਹਾਂ ਅੰਦਰਲੀ ਹਲੀਮੀ, ਹਉਮੈ ਰਹਿਤ ਵਿਹਾਰ,ਉਨ੍ਹਾਂ ਦੀ ਸਾਫ਼ਮੋਈ ਅਤੇ ਦੂਜੇ ਦੀ ਗੱਲ ਸੁਣਨ ਤੇ ਉਸ ਨੂੰ ਵਜ਼ਨ ਦੇਣ ਦੀ ਸਲਾਹੀਅਤ, ਉਨ੍ਹਾਂ ਦੀ ਸ਼ਖ਼ਸੀਅਤ ਦੇ ਨਾਯਾਬ ਗੁਣ ਸਨ। ਉਹ ਬਹੁਤ ਭੋਲੇ ਤੇ ਸਾਫ਼ ਦਿਲ ਇਨਸਾਨ ਸਨ। ਭਾਅ ਜੀ ਨੇ ਕਦੇ ਵੀ ਮਾਰਕਸਵਾਦ ਦੇ ਗੂੜ੍ਹ-ਗਿਆਤਾ ਹੋਣ ਦਾ ਭਰਮ ਨਹੀਂ ਪਾਲਿਆ ਪਰ ਆਪਣੀ ਜ਼ਿੰਦਗੀ ਦੇ ਸਮੁੱਚੇ ਅਮਲ ਰਾਹੀਂ ਉਹ ਸਾਡੇ ਸਮਿਆਂ ਦੀ ਲੋਕਪੱਖੀ ਸਿਆਸਤ ਦੇ ਆਪਣੇ ਆਖ਼ਰੀ ਸਾਹਾਂ ਤਕ ਧਰੂ ਤਾਰਾ ਬਣੇ ਰਹੇ। ਵੱਖ-ਵੱਖ ਮੌਕਿਆਂ ’ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਬਾਰੇ ਕੀਤੀਆਂ ਗਈਆਂ ਹੋਛੀਆਂ, ਆਧਾਰਹੀਣ ਤੇ ਬੇਲੋੜੀਆਂ ਅਤੇ ਗ਼ੈਰ ਜ਼ਿੰਮੇਦਾਰਾਨਾ ਟਿੱਪਣੀਆਂ ਤੋਂ ਬੇਪਰਵਾਹ ਭਾਅ ਜੀ, ਸਾਰੀ ਉਮਰ ਲੋਕ ਹਿੱਤਾਂ ਲਈ ਅਣਥੱਕ ਜੱਦੋ-ਜਹਿਦ ਕਰਦੇ ਰਹੇ ਅਤੇ ਇਸ ਮੰਤਵ ਲਈ ਲੋਕ ਲਹਿਰ ਦੀ ਇੱਕਮੁਠਤਾ ਲਈ ਯਤਨਸ਼ੀਲ ਵੀ ਰਹੇ।

ਭਾਅ ਜੀ ਨੂੰ ਮਹਿਜ਼ ਲੋਕਪੱਖੀ ਪੰਜਾਬੀ ਨਾਟ ਮੰਚ ਦੇ ਬੇਤਾਜ ਬਾਦਸ਼ਾਹ ਹੀ ਸੋਚਣਾ ਜਾਂ ਕਹਿਣਾ ਉਨ੍ਹਾਂ ਦੀ ਕੁੱਲ ਘਾਲਣਾ ਤੇ ਸੰਘਰਸ਼ ਨੂੰ ਛੁਟਿਆਉਣ ਦੇ ਤੁਲ ਹੋਵੇਗਾ। ਨਾਟ-ਸਰਗਰਮੀ ਨੂੰ ਉਨ੍ਹਾਂ ਦੇ ਲੋਕਪੱਖੀ ਜੀਵਨ ਦਾ ਇੱਕ ਅਤਿ ਮਹੱਤਵਪੂਰਨ ਪਹਿਲੂ ਜ਼ਰੂਰ ਕਿਹਾ ਜਾ ਸਕਦਾ ਹੈ ਪਰ ਉਹ ਨਾਟਕਾਂ ਤੋਂ ਕਿਤੇ ਵੱਡੇ ਸਨ। ਭਾਵੇਂ ਉਹ ਰਵਾਇਤੀ ਕਮਿਊਨਿਸਟ ਪਾਰਟੀਆਂ ਜਾਂ ਗਰੁੱਪਾਂ ਦਾ ਉਸ ਤਰ੍ਹਾਂ ਹਿੱਸਾ ਨਹੀਂ ਬਣੇ ਪਰ ਇੱਕ ਸੁਹਿਰਦ ਲੋਕਪੱਖੀ ਵਾਂਗ ਵਿਚਰਦਿਆਂ ਲੋਕ ਲਹਿਰਾਂ ਵਿੱਚ ਪਾਏ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੇ ਨਹੀਂ ਭੁੱਲਣਗੀਆਂ। ਭਾਅ ਜੀ ਦੇ ਮਾਣਮੱਤੇ, ਸਰਗਰਮੀਆਂ ਨਾਲ ਲਬਰੇਜ਼ 60 ਵਰ੍ਹੇ, ਦਹਾਕਿਆਂ ਨਾਲ ਨਹੀਂ, ਸਦੀਆਂ ਨਾਲ ਮਿਣੇ ਜਾਣਗੇ। ਪਿੰਡ-ਪਿੰਡ, ਕਸਬੇ-ਕਸਬੇ, ਸ਼ਹਿਰ-ਸ਼ਹਿਰ, ਲੋਕ ਹਿੱਤਾਂ ਦਾ ਹੋਕਾ ਦਿੰਦੀ, ਹਾਕਮਾਂ ਵਿੱਚ ਖ਼ੌਫ਼ ਤੇ ਮਜ਼ਲੂਮਾਂ ਵਿੱਚ ਜੋਸ਼ ਭਰਦੀ ਭਾਅ ਜੀ ਦੀ ਸ਼ੇਰ ਵਰਗੀ ਗਰਜਵੀਂ ਆਵਾਜ਼, ਸਾਨੂੰ ਸਦਾ ਯਾਦ ਰਹੇਗੀ। ਭਾਅ ਜੀ ਮੇਰੇ ਵਰਗੇ ਲੱਖਾਂ ਲੋਕਾਂ ਦੇ ਨਾਇਕ ਅਤੇ ਪ੍ਰੇਰਨਾ ਸਰੋਤ ਸਨ ਅਤੇ ਭਵਿੱਖ ਵਿੱਚ ਵੀ ਬਣੇ ਰਹਿਣਗੇ।

ਭਾਅ ਜੀ ਔਖੇ ਪੈਂਡਿਆਂ ਦੇ ਜੁਗਤੀ ਰਾਹ ਦਸੇਰੇ ਸਨ। ਉਹ ਕਾਲੀਆਂ ਸਿਆਹ ਰਾਤਾਂ ਵਿੱਚ ਜਗਦੀ ਮਸ਼ਾਲ ਸਨ।  ਉਹ ਨਿਰਾਸ਼ ਸਮਿਆਂ ਦੀ ਆਸ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ  ਲੋਕਪੱਖੀ ਚੇਤਨਾ ਦੀ ਜੋ ਅਲਖ ਜਗਾਈ ਉਹ ਹਮੇਸ਼ਾ ਬਰਕਰਾਰ ਰਹੇਗੀ। ਮੈਂ ਭਾਅ ਜੀ ਦੇ ਸਾਡੇ ਵਿੱਚੋਂ ਚਲੇ ਜਾਣ ਉੱਤੇ ਉਦਾਸ ਹੁੰਦਾ ਹੋਇਆ ਵੀ, ਉਨ੍ਹਾਂ ਦੀ ਸੰਗਤ ਸ਼ੋਹਬਤ ਵਿੱਚ ਗੁਜ਼ਾਰੇ ਅਣਗਿਣਤ ਸਾਲਾਂ ’ਤੇ ਮਾਣ ਮਹਿਸੂਸ ਕਰਦਾ ਹਾਂ। ਗੁਰਸ਼ਰਨ ਭਾਅ ਜੀ, ਗੁਰਸ਼ਰਨ ਭਾਅ ਜੀ ਹੀ ਸਨ। ਉਨ੍ਹਾਂ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਸ ਮਹਾਨ ਸ਼ਖ਼ਸੀਅਤ ਨੂੰ ਮੇਰਾ ਪ੍ਰਣਾਮ ਤੇ ਸਤਿਕਾਰ ਹਮੇਸ਼ਾ ਰਹੇਗਾ।

Comments

Surinder aujla

Inqulab Jindabad long live comrade Gursharn bhajis thoughts

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ