Tue, 10 September 2024
Your Visitor Number :-   7220283
SuhisaverSuhisaver Suhisaver

ਬਾਬਾ ਜੀਵਨ ਸਿੰਘ ਰੰਘਰੇਟਾ ਦੀ ਲਾਸਾਨੀ ਸ਼ਹਾਦਤ - ਗੁਰਤੇਜ ਸਿੰਘ

Posted on:- 16-08-2016

suhisaver

ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ, ਜਿੱਥੇ ਬਹਾਦਰ ਸੂਰਬੀਰਾਂ ਨੇ ਮਾਨਵਤਾ ਦੇ ਭਲੇ ਹਿਤ ਆਪਣੇ ਜੀਵਨ ਨਿਸ਼ਾਵਰ ਕੀਤੇ ਹਨ।ਪੰਜਾਬ ਦੀ ਧਰਤੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਸੰਤ ਸਿਪਾਹੀ ਪੈਦਾ ਹੋਏ ਜਿਨ੍ਹਾਂ ਨੇ ਧਰਮ ਅਤੇ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਲਈ ਭਗਤੀ ਦੇ ਨਾਲ ਨਾਲ ਜਬਰ ਵਿਰੁੱਧ ਸ਼ਸ਼ਤਰ ਵੀ ਉਠਾਏ।ਅਜਿਹੇ ਗੁਣਾਂ ਦੇ ਧਾਰਨੀ ਸਿੱਖ ਇਤਿਹਾਸ ਵਿੱਚ ਬਾਬਾ ਜੀਵਨ ਸਿੰਘ ਰੰਘਰੇਟਾ ਜੀ ਦਾ ਨਾਂਅ ਸੂਰਜ ਵਾਂਗ ਚਮਕਦਾ ਹੈ।ਖੋਖਰ ਖਾਨਦਾਨ ਦੇ ਇਸ ਮਹਾਨ ਸਪੂਤ ਦਾ ਜਨਮ 5 ਸਤੰਬਰ 1658 ਈ. ਨੂੰ ਪਿੰਡ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਜਨਮ ਸਥਾਨ ਤੇ ਸਮੇ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹਨ।ਬਾਬਾ ਜੀ ਦੇ ਪਿਤਾ ਜੀ ਦਾ ਨਾਮ ਸਦਾ ਨੰਦ ਅਤੇ ਮਾਤਾ ਦਾ ਨਾਮ ਪ੍ਰੇਮੋ ਸੀ।

ਬਚਪਨ ਵਿੱਚ ਆਪ ਜੀ ਦਾ ਨਾਮ ਭਾਈ ਜੈਤਾ ਰੱਖਿਆ ਗਿਆ ਜੋ ਬਾਅਦ ਵਿੱਚ ਦਸਮੇਸ਼ ਪਿਤਾ ਨੇ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਰੱਖ ਦਿੱਤਾ।ਆਪ ਜੀ ਦਾ ਪਰਿਵਾਰ ਗੁਰੁ ਘਰ ਦਾ ਸ਼ਰਧਾਲੂ ਸੀ ਜਿਸ ਕਰਕੇ ਗੁਰੂ ਸਾਹਿਬ ਦਾ ਬਾਬਾ ਜੀ ਦੇ ਪਰਿਵਾਰ ਨਾਲ ਅਥਾਹ ਪਿਆਰ ਸੀ।ਜਦੋਂ ਨੌਵੇਂ ਪਾਤਸ਼ਾਹ ਬਾਬਾ ਬਕਾਲਾ ‘ਚ ਸਨ ਤਾਂ ਆਪ ਜੀ ਦੇ ਪਿਤਾ ਸਦਾ ਨੰਦ ਜੀ ਉਨ੍ਹਾ ਦੀ ਸੇਵਾ ਵਿੱਚ ਹਾਜਰ ਸਨ।ਬਾਬਾ ਜੀ ਦਾ ਖਾਨਦਾਨ ਪੀੜੀ ਦਰ ਪੀੜੀ ਗੁਰੂ ਘਰ ਦੀ ਸੇਵਾ ‘ਚ ਹਾਜਰ ਰਿਹਾ।ਭਾਈ ਸਦਾ ਨੰਦ ਦੇ ਪੜਦਾਦਾ ਭਾਈ ਕਲਿਆਣਾ ਜੀ ਨੂੰ ਛੇ ਪਾਤਸ਼ਾਹੀਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮਿਆਂ ਵਿੱਚ ਉਨ੍ਹਾਂ ਦੇ ਨਾਂਅ ਦਾ ਜ਼ਿਕਰ ਮਿਲਦਾ ਹੈ।

ਬਾਬਾ ਜੀ ਦਾ ਬਚਪਨ ਪਟਨਾ ਵਿਖੇ ਬੀਤਿਆ।ਆਪ ਜੀ ਨੂੰ ਅਤੇ ਉਨ੍ਹਾਂ ਦੇ ਛੋਟੇ ਭਾਈ ਸੰਗਤੇ ਜੀ ਨੂੰ ਬਾਲ ਗੋਬਿੰਦ ਰਾਏ ਜੀ ਨਾਲ ਖੇਡਣ ਦਾ ਮਾਣ ਹਾਸਿਲ ਹੈ।ਇੱਕ ਦਿਨ ਖੇਡਦੇ ਹੋਏ ਘਰ ਜਾਣ ਵਿੱਚ ਥੋੜੀ ਦੇਰ ਹੋ ਗਈ ਤਾਂ ਬਾਬਾ ਜੀ ਨੇ ਜਲਦਬਾਜ਼ੀ ਵਿੱਚ ਗੋਬਿੰਦ ਰਾਏ ਜੀ ਦੀ ਪਗੜੀ ਆਪਣੇ ਸੀਸ ‘ਤੇ ਸਜਾ ਲਈ।ਇਹ ਦੇਖਕੇ ਗੋਬਿੰਦ ਰਾਏ ਜੀ ਨੇ ਕਿਹਾ ਜੈਤਾ ਜੀ ਅਜੇ ਇਸਦਾ ਵੇਲਾ ਨਹੀਂ ਆਇਆ ਜਦੋਂ ਸਮਾਂ ਆਵੇਗਾ ਤਾਂ ਮੈ ਆਪਣੇ ਹੱਥੀਂ ਤੁਹਾਡੇ ਸੀਸ ਉੱਪਰ ਆਪਣੀ ਪਗੜ੍ਹੀ ਸਜਾ ਦੇਵਾਗਾਂ।ਗੁਰੂ ਜੀ ਨੇ ਇਨ੍ਹਾਂ ਬਚਨਾਂ ਨੂੰ ਚਮਕੌਰ ਦੀ ਗੜ੍ਹੀ ‘ਚ ਸਾਕਾਰ ਰੂਪ ਦਿੱਤਾ ਸੀ।

ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਕਸ਼ਮੀਰੀ ਪੰਡਿਤਾਂ ਦੀ ਪੁਕਾਰ ‘ਤੇ ਨੌਵੇਂ ਪਾਤਸ਼ਾਹ ਧਰਮ ਦੀ ਰੱਖਿਆ ਲਈ ਦਿੱਲੀ 20 ਜੁਲਾਈ 1675 ਨੂੰ ਗਏ ਅਤੇ 15 ਸਤੰਬਰ 1675 ਨੂੰ ਉਨ੍ਹਾਂ ਨੂੰ ਆਗਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ।ਜੇਲ ਵਿੱਚ ਗੁਰੂ ਜੀ 57 ਸਲੋਕਾਂ ਦੀ ਰਚਨਾ ਕੀਤੀ ਸੀ।ਗੁਰੂ ਜੀ ਨੇ ਬਾਬਾ ਜੀਵਨ ਸਿੰਘ ਦੇ ਹੱਥ ਉਹ 57 ਸ਼ਲੋਕ, ਪੰਜ ਪੈਸੇ,ਨਾਰੀਅਲ,ਤਿਲਕ ਅਤੇ ਗੁਰਿਆਈ ਹੁਕਮਨਾਮਾ ਆਨੰਦਪੁਰ ਸਾਹਿਬ ਭੇਜਿਆ।ਇਨ੍ਹਾਂ ਹਾਲਾਤਾਂ ‘ਚ ਆਪਣੇ ਧਰਮ ਵਿੱਚ ਪਰਿਪੱਕ ਰਹਿਣ ਕਾਰਨ ਉਨ੍ਹਾਂ ਦੀ ਸ਼ਹੀਦੀ ਤੈਅ ਸੀ।ਬਾਲ ਗੋਬਿੰਦ ਰਾਏ ਜੀ ਨੇ ਗੁਰੂ ਪਿਤਾ ਦੇ ਪਾਵਨ ਸਰੀਰ ਦੇ ਸਸਕਾਰ ਲਈ ਸੰਗਤ ਨੂੰ ਪੁੱਛਿਆ ਤਾਂ ਬਾਬਾ ਜੀ ਨੇ ਆਪ ਉੱਠਕੇ ਇਸ ਕਾਰਜ ਦਾ ਜਿੰਮਾ ਉਠਾਇਆ।11 ਨਵੰਬਰ 1675 ਈ. ਨੂੰ ਜਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਬਾਬਾ ਜੀ ਨੇ ਮੁਗਲਾਂ ਦੇ ਸਖਤ ਪਹਿਰੇ ਅਤੇ ਮੀਹ ਝੱਖੜ ਦੇ ਬਾਵਜੂਦ ਆਪਣੇ ਜਿੰਮੇ ਕਾਰਜ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ।ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਬਾਬਾ ਜੀ ਨੇ ਨੌਵੇਂ ਗੁਰੂ ਦੇ ਸੀਸ ਅਤੇ ਧੜ ਨੂੰ ਚਾਂਦਨੀ ਚੌਂਕ ‘ਚੋਂ ਚੁੱਕਣ ਲਈ ਆਪਣੇ ਪਿਤਾ ਨਾਲ ਬਣਾਈ ਤਰਕੀਬ ਅਨੁਸਾਰ ਆਪਣੇ ਪਿਤਾ ਜੀ ਨੂੰ ਉਨ੍ਹਾਂ ਦੀ ਹੀ ਆਗਿਆ ਨਾਲ ਸ਼ਹੀਦ ਕੀਤਾ ਤੇ ਫਿਰ ਬੜੀ ਸੂਝਬੂਝ ਅਤੇ ਚਤੁਰਤਾ ਨਾਲ ਆਪਣੇ ਪਿਤਾ ਜੀ ਦੇ ਸੀਸ ਅਤੇ ਧੜ ਨਾਲ ਗੁਰੂ ਜੀ ਦਾ ਸੀਸ ਅਤੇ ਧੜ ਬਦਲੀ ਕੀਤਾ।ਗੁਰੂ ਜੀ ਦੇ ਧੜ ਦਾ ਸਸਕਾਰ ਬਾਬਾ ਜੀ ਨੇ ਭਾਈ ਕਲਿਆਣਾ ਜੀ ਦੇ ਨਾਂਅ ‘ਤੇ ਬਣੀ ਧਰਮਸ਼ਾਲਾ ਦੇ ਇੱਕ ਕਮਰੇ ਨੂੰ ਅੱਗ ਲਗਾ ਕੇ ਕੀਤਾ।ਫਿਰ ਮੀਹ ਝੱਖੜ ਅਤੇ ਬਿਖੜ ਪੈਂਡੇ ਨੂੰ ਪਾਰ ਕਰਦੇ ਹੋਏ ਦਿੱਲੀ ਤੋਂ ਨੌਵੇਂ ਪਾਤਸ਼ਾਹ ਦਾ ਸੀਸ ਲੈਕੇ ਕੀਰਤਪੁਰ ਸਾਹਿਬ ਪਹੁੰਚੇ।ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਤੋਂ ਆਕੇ ਉੱਥੇ ਸੀਸ ਪ੍ਰਾਪਤ ਕੀਤਾ ਸੀ।ਇਸ ਤਰ੍ਹਾਂ ਬਾਬਾ ਜੀ ਨੇ ਦਲੇਰੀ ਅਤੇ ਹੁਸ਼ਿਆਰੀ ਨਾਲ ਆਪਣੇ ਕੰਮ ਨੂੰ ਅੰਜਾਮ ਦਿੱਤਾ ਸੀ ਤੇ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕੀਤਾ।ਆਪ ਜੀ ਦੇ ਇਸ ਬਹਾਦਰੀ ਭਰੇ ਕਾਰਨਾਮੇ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਤੋਂ ਪ੍ਰਭਾਵਿਤ ਹੋਕੇ ਦਸਮ ਪਿਤਾ ਨੇ ਉਨ੍ਹਾਂ ਨੂੰ ਗਲ ਨਾਲ ਲਗਾਕੇ “ਰੰਘਰੇਟਾ ਗੁਰੂ ਕਾ ਬੇਟਾ” ਸਤਿਕਾਰਿਤ ਖਿਤਾਬ ਨਾਲ ਨਿਵਾਜ਼ਿਆ ਸੀ।

ਬਾਬਾ ਜੀ ਦੀ ਬਹਾਦਰੀ ਤੇ ਸੂਝਬੂਝ ਤੋਂ ਗੁਰੂ ਜੀ ਜਾਣੂ ਸਨ ਜਿਸ ਕਾਰਨ ਉਨ੍ਹਾਂ ਨੂੰ ਫੌਜ ਦਾ ਜਰਨੈਲ ਨਿਯੁਕਤ ਕੀਤਾ ਗਿਆ।ਸੁਰੱਖਿਆ ਦੇ ਮਾਮਲੇ ‘ਚ ਉਹ ਉੱਚ ਕੋਟੀ ਦੇ ਨੀਤੀਵਾਨ ਸਨ, ਯੁੱਧ ਖੇਤਰ ਦੀ ਵਿਉਂਤਬੰਦੀ ਵਿੱਚ ਉਹ ਮਾਹਿਰ ਸਨ।ਬਾਬਾ ਜੀ ਇੱਕੋ ਸਮੇ ਦੋਵੇ ਹੱਥਾਂ ਨਾਲ ਤਲਵਾਰ ਅਤੇ ਬੰਦੂਕ ਚਲਾਉਣ ਵਿੱਚ ਪ੍ਰਬੀਨ ਸਨ।ਸ਼ਸ਼ਤਰ ਵਿੱਦਿਆ ਵਿੱਚ ਕੋਈ ਵੀ ਉਂਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ।ਇਸੇ ਕਰਕੇ ਉਨ੍ਹਾਂ ਨੂੰ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਸ਼ਤਰਬਾਜੀ ਸਿਖਾਉਣ ਦਾ ਕੰਮ ਸੌਂਪਿਆ ਗਿਆ ਜਿਸ ਕਰਕੇ ਉਨ੍ਹਾਂ ਦਾ ਸਾਹਿਬਜ਼ਾਦਿਆਂ ਨਾਲ ਅਤਿਅੰਤ ਮੋਹ ਸੀ।ਇਸ ਤੋਂ ਇਲਾਵਾ ਉਹ ਉੱਚ ਕੋਟੀ ਦੇ ਲੇਖਕ ਵੀ ਸਨ ਆਪ ਜੀ ਦੁਆਰਾ ਰਚਿਤ ਸੀ੍ਰ ਗੁਰ ਕਥਾ ਅੱਵਲ ਦਰਜੇ ਦੀ ਰਚਨਾ ਹੈ।

ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਗੁਰੂ ਜੀ ਨਾਲ ਮਿਲਕੇ 15 ਲੜਾਈਆਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।ਸਰਸਾ ਨਦੀ ‘ਤੇ ਪਰਿਵਾਰ ਵਿਛੋੜੇ ਸਮੇ ਬਾਬਾ ਜੀ ਚਾਲੀ ਸਿੰਘਾਂ ਸਮੇਤ ਗੁਰੂ ਜੀ ਨਾਲ ਚਮਕੌਰ ਦੀ ਗੜ੍ਹੀ ‘ਚ ਆ ਗਏ।ਮੁਗਲ ਫੌਜ ਦਾ ਟਿੱਡੀ ਦਲ ਪਿੱਛਾ ਕਰਦਾ ਹੋਇਆ ਮਗਰ ਆ ਗਿਆ ਤੇ ਗੜ੍ਹੀ ਨੂੰ ਘੇਰਾ ਪੈ ਗਿਆ।1705 ਈ. ਦੀ ਚਮਕੌਰ ਦੀ ਗੜ੍ਹੀ ਦੀ ਜੰਗ ਦਾ ਇਤਿਹਾਸ ਵਿੱਚ ਅਹਿਮ ਸਥਾਨ ਹੈ ਕਿਉਂਕਿ ਇੱਕ ਪਾਸੇ ਭੁੱਖੇ ਪਿਆਸੇ ਚਾਲੀ ਸਿੰਘ ਦੂਜੇ ਪਾਸੇ ਭਾਰੀ ਤਾਦਾਦ ਵਿੱਚ ਮੁਗ੍ਹਲ ਫੌਜ।ਪੰਜ ਪੰਜ ਦੇ ਜਥੇ ਬਣਾ ਕੇ ਸਿੰਘ ਗੜ੍ਹੀ ‘ਚੋਂ ਬਾਹਰ ਨਿੱਕਲਦੇ ਤੇ ਮੁਗਲ ਫੌਜ ਉੱਤੇ ਬਿਜਲੀ ਵਾਂਗ ਟੁੱਟ ਪੈਦੇਂ ਤੇ ਆਖਿਰ ਸ਼ਹੀਦ ਹੋ ਜਾਦੇ।ਇੱਥੇ ਹੀ ਗੁਰੂ ਜੀ ਦੇ ਸਾਹਮਣੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ।ਬਾਕੀ ਬਚੇ ਕੁਝ ਸਿੰਘਾਂ ਦੇ ਜਿਆਦਾ ਜ਼ੋਰ ਪਾਉਣ ‘ਤੇ ਗੁਰੂ ਜੀ ਨੇ ਗੜ੍ਹੀ ਛੱਡੀ ਅਤੇ ਬਚਪਨ ਵਿੱਚ ਕੀਤੇ ਪਗੜ੍ਹੀ ਦੇਣ ਵਾਲੇ ਬਚਨ ਨੂੰ ਸਾਕਾਰ ਕਰ ਦਿਖਾਇਆ।ਗੁਰੂ ਜੀ ਨੇ ਆਪਣੀ ਪੁਸ਼ਾਕ, ਕਲਗੀ ਬਾਬਾ ਜੀ ਨੂੰ ਬਖਸ਼ੀ।ਬਾਬਾ ਜੀ ਨੂੰ ਕਲਗੀ ਬਖਸ਼ਣ ਬਾਰੇ ਗੁਰੂ ਜੀ ਦੇ ਦਰਬਾਰੀ ਕਵੀ ਕੰਕਣ ਨੇ ਇਉਂ ਬਿਆਨ ਕੀਤਾ ਹੈ “ਨਿਜ ਕਲਗੀ ਸਿਰ ਦਈ ਸਜਾਇ।ਦਈ ਪੁਸ਼ਾਕ ਅਪਨੀ ਪਹਿਰਾਇ ਜੀਵਨ ਸਿੰਘ ਕੋ ਬੁਰਜ ਬਿਠਾਇ।ਤਜ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ”॥22-23 ਦਸੰਬਰ 1705 ਦੀ ਰਾਤ ਅਤੇ ਦਿਨ ਚੜਦੇ ਤੱਕ ਬਾਬਾ ਜੀ ਆਖਰੀ ਦਮ ਤੱਕ ਦੁਸ਼ਮਣਾਂ ਨਾਲ ਲੋਹਾ ਲੈਦੇ ਰਹੇ ਤੇ ਮੁਗਲ ਫੌਜ ਨੂੰ ਇਹੀ ਭੁਲੇਖਾ ਪਾਈ ਰੱਖਿਆ ਕਿ ਗੁਰੂ ਜੀ ਗੜ੍ਹੀ ‘ਚ ਮੌਜੂਦ ਹਨ।ਆਖਿਰ ਬਾਬਾ ਜੀ ਸ਼ਹਾਦਤ ਦਾ ਜਾਮ ਪੀ ਗਏ ਮੁਗਲ ਫੌਜ ਬਾਬਾ ਜੀ ਦੇ ਸੀਸ ‘ਤੇ ਗੁਰੂ ਜੀ ਵਾਲੀ ਕਲਗੀ ਵੇਖਕੇ ਭੁਲੇਖਾ ਖਾ ਗਈ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਦ ਬਾਅਦ ‘ਚ ਪਤਾ ਲੱਗਾ ਕਿ ਇਹ ਸੀਸ ਤਾਂ ਗੁਰੂ ਜੀ ਦੇ ਮਰਜੀਵੜੇ ਸਿੱਖ ਭਾਈ ਜੀਵਨ ਸਿੰਘ ਦਾ ਹੈ ਤਾਂ ਉਹ ਦਿੱਲੀ ਦਰਬਾਰ ‘ਚ ਬਹੁਤ ਸ਼ਰਮਸਾਰ ਹੋਏ।ਬਾਬਾ ਜੀ ਦੀ ਸ਼ਹੀਦੀ ਬਾਰੇ ਕਵੀ ਕੰਕਣ ਨੇ ਲਿਖਿਆ ਹੈ “ਅੰਤ ਅਕੇਲਾ ਗੜ੍ਹੀ ਮੇ ਬੰਦੂਕੀ ਪ੍ਰਬੀਨ, ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਿਉ ਸੰਗਦੀਨ”॥

ਸੰਪਰਕ: +91 94641 72783
(ਲੇਖਕ ਮੈਡੀਕਲ ਵਿਦਿਆਰਥੀ ਹਨ)


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ